ਫੁੱਟਬਾਲ ਦੀ ਕਿੱਕ

  • Date: December 27, 2024
  • Writer :ਨਿਰਮਲ ਸਿੰਘ ਕੰਧਾਲਵੀ

ਨਛੱਤਰ ਸਿੰਘ ਜਦੋਂ ਵੀ ਪੰਜਾਬ ਜਾਂਦਾ, ਹੋਰ ਭਾਵੇਂ ਕਿਸੇ ਨੂੰ ਉਹ ਮਿਲਣੋਂ ਉੱਕ ਜਾਵੇ ਤਾਂ ਉੱਕ ਜਾਵੇ ਪਰ ਉਹ ਆਪਣੇ ਹਾਈ ਸਕੂਲ ਦੇ ਸਮੇਂ ਦੇ ਅਧਿਆਪਕ ਪੀ. ਟੀ. ਕਰਮ ਸਿੰਘ ਨੂੰ ਜ਼ਰੂਰ ਮਿਲਦਾ। ਸ਼ਾਇਦ ਇਹ ਨਛੱਤਰ ਦੇ ਆਗਿਆਕਾਰੀ ਸੁਭਾਅ ਕਰ ਕੇ ਸੀ ਕਿ ਸਾਰੇ ਹੀ ਅਧਿਆਪਕ ਉਸ ਨੂੰ ਬੜਾ ਪਿਆਰ ਕਰਦੇ ਸਨ ਪਰ ਪੀ. ਟੀ. ਕਰਮ ਸਿੰਘ ਤਾਂ ਉਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦਾ ਸੀ। ਇਸੇ ਕਰ ਕੇ ਹੀ ਕਈ ਹਮਜਮਾਤੀ ਨਛੱਤਰ ਨਾਲ਼ ਅੰਦਰੋ ਅੰਦਰੀ ਖ਼ਾਰ ਖਾਂਦੇ ਸਨ।
ਕਰਮ ਸਿੰਘ ਦੇ ਆਪਣੇ ਦੋਨੋਂ ਲੜਕੇ ਵੀ ਇਸੇ ਸਕੂਲ ਵਿੱਚ ਪੜ੍ਹਦੇ ਸਨ। ਕਰਮ ਸਿੰਘ ਨੇ ਕੁੱਝ ਸਾਲ ਫੌਜ ਦੀ ਨੌਕਰੀ ਕੀਤੀ ਸੀ ਤੇ ਇਸ ਦੌਰਾਨ ਉਹਨੇ ਦੇਸ਼ ਦਾ ਕੋਣਾ ਕੋਣਾ ਛਾਣਿਆ ਸੀ। ਜਗਿਆਸੂ ਸੁਭਾਅ ਦਾ ਹੋਣ ਕਰ ਕੇ ਉਹਨੇ ਹਰੇਕ ਜਗ੍ਹਾ ਤੋਂ ਹੀ ਗਿਆਨ ਦੇ ਭੰਡਾਰ ਇਕੱਠੇ ਕੀਤੇ ਸਨ। ਫੌਜ ਵਿਚੋਂ ਰਿਟਾਇਰ ਹੁੰਦਿਆਂ ਸਾਰ ਹੀ ਉਹਨੂੰ ਨਾਲ਼ ਦੇ ਪਿੰਡ ਦੇ ਹਾਈ ਸਕੂਲ ਵਿੱਚ ਪੀ. ਟੀ. ਦੀ ਨੌਕਰੀ ਮਿਲ ਗਈ। ਸਕੂਲ ਦੀ ਫੁੱਟਬਾਲ ਦੀ ਟੀਮ ਵਾਸਤੇ ਇੱਕ ਕੋਚ ਦੀ ਲੋੜ ਸੀ ਅਤੇ ਕਰਮ ਸਿੰਘ ਤੋਂ ਵਧੀਆ ਹੋਰ ਵਿਅਕਤੀ ਨਹੀਂ ਸੀ ਮਿਲ ਸਕਦਾ ਕਿਉਂਕਿ ਉਹ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਫੁੱਟਬਾਲ ਦਾ ਸਿਰਕੱਢ ਖਿਲ਼ਾੜੀ ਹੁੰਦਾ ਸੀ। ਉਹਦੀ ਫੁੱਟਬਾਲ ਦੀ ਉੱਚੀ ਕਿੱਕ ਬੜੀ ਮਸ਼ਹੂਰ ਸੀ। ਆਲ਼ੇ ਦੁਆਲੇ ਦੇ ਪਿੰਡਾਂ ਵਿੱਚ ਇਹ ਗੱਲ ਬੜੀ ਮਸ਼ਹੂਰ ਸੀ ਕਿ ਇੱਕ ਵਾਰੀ ਨਾਲ਼ ਦੇ ਪਿੰਡ ਦੇ ਟੂਰਨਾਮੈਂਟ ਵਿੱਚ ਕਰਮ ਸਿੰਘ ਨੇ ਏਨੀ ਉੱਚੀ ਕਿੱਕ ਮਾਰੀ ਕਿ ਫੁੱਟਬਾਲ ਕਈ ਚਿਰ ਹੇਠਾਂ ਨਾ ਆਇਆ। ਭਜਨੇ ਅਮਲੀ ਨੇ ਪਿੰਡ ਆ ਕੇ ਇਹ ਅਫ਼ਵਾਹ ਉੜਾ ਦਿਤੀ ਕਿ ਫੁੱਟਬਾਲ ਤਾਂ ਉੱਪਰੋਂ ਮੁੜਿਆ ਹੀ ਨਹੀਂ ਸੀ, ਟੂਰਨਾਮੈਂਟ ਵਾਲਿਆਂ ਨੂੰ ਹੋਰ ਫੁੱਟਬਾਲ ਲਿਆਉਣਾ ਪਿਆ। ਜਦੋਂ ਕੋਈ ਭਜਨੇ ਨੂੰ ਕਹਿੰਦਾ ਕਿ ਇਹ ਤਾਂ ਨਿਰੋਲ ਗੱਪ ਸੀ ਤਾਂ ਉਹ ਅੱਗਿਉਂ ਕਹਿੰਦਾ, “ਬਈ ਜੇ ਭੀਮ ਦੇ ਸੁੱਟੇ ਹੋਏ ਹਾਥੀ ਅਜੇ ਤਾਈਂ ਉੱਤੇ ਈ ਘੁੰਮੀਂ ਜਾਂਦੇ ਐ ਤਾਂ ਸਾਡੇ ਕਰਮ ਸਿੰਘ ਦਾ ਫੁੱਟਬਾਲ ਨਈਂ ਉੱਤੇ ਘੁੰਮ ਸਕਦਾ”
ਫੌਜ ਵਿੱਚ ਨੌਕਰੀ ਦੌਰਾਨ ਵੀ ਉਸਨੇ ਫੁੱਟਬਾਲ ਖੇਲਣਾ ਨਹੀਂ ਸੀ ਛੱਡਿਆ ਜਿਸ ਕਰਕੇ ਹੀ ਉਸ ਨੂੰ ਪੀ. ਟੀ. ਦੀ ਨੌਕਰੀ ਮਿਲ ਗਈ ਸੀ।
ਖੇਡਾਂ ਦੇ ਨਾਲ਼ ਨਾਲ਼ ਕਰਮ ਸਿੰਘ ਬੱਚਿਆਂ ਨੂੰ ਦੇਸ਼ ਦੇ ਦੂਸਰੇ ਪ੍ਰਾਂਤਾਂ ਦੇ ਸਭਿਆਚਾਰ ਦੀਆਂ ਵਚਿੱਤਰ ਗੱਲਾਂ ਸੁਣਾਉਂਦਾ। ਬੱਚਿਆਂ ਨੂੰ ਅਜਿਹੀਆਂ ਰੌਚਕ ਗੱਲਾਂ ਪਰੀ-ਕਹਾਣੀਆਂ ਵਰਗੀਆਂ ਲਗਦੀਆਂ। ਉਹ ਸੁਣ ਸੁਣ ਕੇ ਨਾ ਅੱਕਦੇ ਨਾ ਥੱਕਦੇ। ਕਰਮ ਸਿੰਘ ਇਨ੍ਹਾਂ ਕਹਾਣੀਆਂ ਰਾਹੀਂ ਬੜੇ ਗੂੜ੍ਹ ਗਿਆਨ ਦੀਆਂ ਗੱਲਾਂ ਵੀ ਬੱਚਿਆਂ ਦੇ ਦਿਮਾਗ਼ਾਂ ਵਿੱਚ ਪਾ ਦਿੰਦਾ।
ਉਹਨੇ ਆਪਣੇ ਦੋਨੋਂ ਲੜਕੇ ਪੜ੍ਹਾ ਲਿਖ਼ਾ ਕੇ ਮਾਸਟਰ ਬਣਾ ਦਿੱਤੇ ਸਨ ਅਤੇ ਉਹਨਾਂ ਦੇ ਵਿਆਹ ਵੀ ਮਾਸਟਰਨੀਆਂ ਨਾਲ਼ ਹੀ ਕੀਤੇ ਸਨ।
ਉਸ ਦੀ ਘਰ ਵਾਲ਼ੀ ਕੁੱਝ ਵਰ੍ਹੇ ਹੋਏ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪ੍ਰਲੋਕ ਸਿਧਾਰ ਗਈ ਸੀ। ਹੁਣ ਕੁੱਝ ਸਮੇਂ ਤੋਂ ਉਹ ਆਪ ਵੀ ਬਿਮਾਰ ਚਲਿਆ ਆ ਰਿਹਾ ਸੀ।
ਐਤਕੀਂ ਜਦੋਂ ਨਛੱਤਰ ਸਿੰਘ ਪਿੰਡ ਗਿਆ ਤਾਂ ਉਹਨੂੰ ਪਤਾ ਲੱਗਿਆ ਕਿ ਕਰਮ ਸਿੰਘ ਨੂੰ ਲਕਵੇ ਦਾ ਗੰਭੀਰ ਦੌਰਾ ਪਿਆ ਸੀ ਤੇ ਉਹ ਮੰਜੇ ਜੋਗਾ ਹੀ ਹੋ ਕੇ ਰਹਿ ਗਿਆ ਸੀ। ਨਛੱਤਰ ਨੂੰ ਆਪਣੇ ਘਰੋਂ ਪਤਾ ਲੱਗ ਗਿਆ ਸੀ ਕਿ ਕਰਮ ਸਿੰਘ ਦੇ ਮੁੰਡੇ, ਵਹੁਟੀਆਂ ਤੇ ਬੱਚੇ ਸਭ ਉਹਦੀ ਦੇਖ ਭਾਲ਼ ਕਰਨ ਤੋਂ ਕੰਨੀਂ ਕਤਰਾਉਂਦੇ ਸਨ। ਦੋਹਾਂ ਭਰਾਵਾਂ ਨੇ ਸਮਝੌਤਾ ਕੀਤਾ ਹੋਇਆ ਸੀ ਕਿ ਕਰਮ ਸਿੰਘ ਨੂੰ ਤਿੰਨ ਤਿੰਨ ਮਹੀਨੇ ਵਾਰੀ ਵਾਰੀ ਆਪਣੇ ਕੋਲ਼ ਰੱਖਿਆ ਕਰਨ ਗੇ।
ਮੁੰਡਿਆਂ ਨੇ ਸਾਰੀ ਜਾਇਦਾਦ ਅੱਧੋ ਅੱਧ ਵੰਡ ਲਈ ਸੀ।
ਨਛੱਤਰ ਸਿੰਘ ਜਦੋਂ ਕਰਮ ਸਿੰਘ ਹੋਰਾਂ ਦੇ ਪਿੰਡ ਅੰਦਰਲੇ ਘਰ ਨੂੰ ਜਾਣ ਲੱਗਾ ਤਾਂ ਉਹਦੀ ਬੇਬੇ ਕਹਿਣ ਲੱਗੀ, “ਪੁੱਤ, ਕਰਮ ਸਿੰਘ ਅੰਦਰਲੇ ਘਰੇ ਨਹੀਂ, ਹਵੇਲੀ ਐ ਮੰਜਾ ਉਹਦਾ”।
ਉਹ ਜਦੋਂ ਉਹਨਾਂ ਦੀ ਹਵੇਲੀ ਪਹੁੰਚਾ ਤਾਂ ਉਹਨੇ ਦੇਖਿਆ ਕਿ ਤੂਤ ਦੇ ਰੁੰਡ-ਮਰੁੰਡ ਜਿਹੇ ਦਰਖ਼ਤ ਹੇਠਾਂ ਇੱਕ ਟੁੱਟੀ ਜਿਹੀ ਮੰਜੀ ਉੱਪਰ ਕੜੀ ਵਰਗਾ ਜੁਆਨ ਹੱਡੀਆਂ ਦੀ ਮੁੱਠ ਬਣਿਆ ਪਿਆ ਸੀ। ਨਛੱਤਰ ਨੇ ਕਰਮ ਸਿੰਘ ਦੇ ਪੈਰੀਂ ਹੱਥ ਲਾਇਆ। ਲਕਵੇ ਮਾਰਿਆ ਹੱਥ ਥੋੜ੍ਹਾ ਜਿਹਾ ਉੱਪਰ ਉੱਠਿਆ ਪਰ ਨਛੱਤਰ ਦੇ ਸਿਰ `ਤੇ ਪਿਆਰ ਨਾ ਦੇ ਸਕਿਆ। ਨਛੱਤਰ ਨੇ ਹਾਲ-ਚਾਲ ਪੁੱਛਿਆ ਤਾਂ ਕਰਮ ਸਿੰਘ ਦੀਆਂ ਅੱਖਾਂ ਖਾਰੇ ਪਾਣੀ ਨਾਲ਼ ਭਰ ਗਈਆਂ। ਉਹਨੇ ਆਪਣੀ ਸਾਰੀ ਸ਼ਕਤੀ ਇਕੱਠੀ ਕੀਤੀ ਅਤੇ ਥਥਲਦੀ ਜ਼ੁਬਾਨ ਨਾਲ਼ ਉਹ ਏਨਾ ਹੀ ਕਹਿ ਸਕਿਆ, “ਪੁੱਤ ਨਛੱਤਰਾ, ਕੀ ਪੁੱਛਦੈਂ, ਮੈਂ ਸਾਰੀ ਉਮਰ ਫੁੱਟਬਾਲ ਨੂੰ ਕਿੱਕਾਂ ਮਾਰੀਆਂ ਤੇ ਹੁਣ ਮੇਰੇ ਆਪਣੇ ਹੀ ਪੁੱਤਰਾਂ ਨੇ ਮੇਰਾ ਈ ਫੁੱਟਬਾਲ ਬਣਾ ‘ਤਾ, ਤਿੰਨ ਤਿੰਨ ਮਹੀਨੇ ਦੀ ਕਿੱਕ ਮਾਰਦੇ ਆ”
ਇਸ ਤੋਂ ਬਾਅਦ ਉਸ ਕੋਲੋਂ ਬੋਲ ਨਾ ਹੋਇਆ ਤੇ ਉਸ ਨੇ ਅੱਖਾਂ ਮੀਟ ਲਈਆਂ। ਖਾਰਾ ਪਾਣੀ ਉਸ ਦੀਆਂ ਅੱਖਾਂ `ਚੋਂ ਵਗ ਕੇ ਚਿੱਟੀ ਦਾਹੜੀ ਵਿੱਚ ਜਜ਼ਬ ਹੋ ਰਿਹਾ ਸੀ।
ਨਛੱਤਰ ਇੱਕ ਟੱਕ ਕਰਮ ਸਿੰਘ ਵਲ ਦੇਖੀ ਜਾ ਰਿਹਾ ਸੀ ਜਿਵੇਂ ਉਹਦੇ ਚਿਹਰੇ ਤੋਂ ਅਣਕਹੀਆਂ ਗੱਲਾਂ ਪੜ੍ਹ ਰਿਹਾ ਹੋਵੇ।

ਨਿਰਮਲ ਸਿੰਘ ਕੰਧਾਲਵੀ

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75