ਧਰਮ ਤੇ ਰਾਜਨੀਤੀ - ਇੱਕ ਸਾਜ਼ਿਸੀ ਗੱਠਜੋੜ

  • Date: July 28, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਜਦੋਂ ਦੀ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਸਿੱਖਾਂ ਦਾ ‘ਧਰਮ ਤੇ ਰਾਜਨੀਤੀ` ਇਕੱਠਾ ਹੈ, ਸੁਣਦਾ ਆ ਰਿਹਾ ਸੀ। ਸਮਾਂ ਬੀਤਣ ਨਾਲ ਸਾਹਿਤ ਇਤਿਹਾਸ ਅਤੇ ਗੁਰਬਾਣੀ ਦਾ ਸਮਰੱਥਾ ਮੁਤਾਬਕ ਅਧਿਐਨ ਕੀਤਾ। ਹੌਲੀ-ਹੌਲੀ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਕਿ ਗੁਰਬਾਣੀ ਮੁਤਾਬਕ ਧਰਮ ਕੀ ਹੈ ਤੇ ਰਾਜਨੀਤੀ ਕੀ ਹੈ। ਇਹ ਭੀ ਪ੍ਰਚਾਰਿਆ ਗਿਆ ਕਿ ਸਿੱਖਾਂ ਦਾ, ਧਰਮ ਤੇ ਰਾਜਨੀਤੀ ਦਾ ਸੁਮੇਲ, ਛੇਵੇਂ ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਆਰੰਭ ਹੋਇਆ। ਜਦੋਂ ਪਵਿੱਤਰ ਗੁਰਬਾਣੀ ਤੋਂ ਸਵਾਲ ਕਰੀਏ, ਤਾਂ ਜੁਆਬ ਮਿਲਦਾ ਹੈ ਕਿ ਧਰਮ ਤੇ ਰਾਜਨੀਤੀ, ਭਗਤੀ ਤੇ ਸ਼ਕਤੀ, ਰਾਜ ਤੇ ਜੋਗ, ਮੀਰੀ ਤੇ ਪੀਰੀ, ਆਦਿ ਗੁਰੂ, ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਈਆਂ ਸਨ। ਜੋ ਉਪਦੇਸ਼ ਜਾਂ ਅਸੂਲ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਣ ਕੀਤੇ, ਉਹਨਾਂ ਦੇ ਉੱਤਰਅਧਿਕਾਰੀ, ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਹੀ ਅੱਗੇ ਪ੍ਰਚਾਰਿਆ, ਵਿਸਥਾਰਿਆ। ਗੁਰੂ ਗ੍ਰੰਥ ਸਾਹਿਬ ਵਿੱਚੋਂ ਰਾਜ ਜੋਗ ਦੇ ਸੁਮੇਲ ਦੇ ਦਰਸ਼ਨ ਕਰੋ:-

ਗੁਰੂ ਨਾਨਕ ਜੀ ਬਾਰੇ -

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਉ।। (1389)

ਗੁਰੂ ਅੰਗਦ ਜੀ ਬਾਰੇ - ਰਾਜੁ ਜੋਗੁ ਲਹਣਾ ਕਰੈ।। (1392)

ਗੁਰੂ ਰਾਮਦਾਸ ਜੀ ਬਾਰੇ -

ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ।।

ਗੁਰ ਰਾਮਦਾਸ ਸਚੁ ਸਲੁ ਭਣਿ ਤੂ ਅਟਲ ਰਾਜਿ ਅਭਗੁ ਦਲਿ।। (1406)

ਗੁਰੂ ਅਰਜਨ ਜੀ ਬਾਰੇ -

ਗੁਰ ਅਰਜੁਨ ਕਲਚਰੈ ਤੈ ਰਾਜ ਜੋਗ ਰਸੁ ਜਾਣਿਆਉ।। (1407)

ਹਰ ਇੱਕ ਸਿੱਖ ਸਦਾ ਚੇਤੇ ਵਿੱਚ ਰੱਖੇ ਕਿ ਦਸ ਪਾਤਸ਼ਾਹੀਆਂ (ਦਸ ਗੁਰੂ) ਇੱਕ ਜੋਤ, ਇੱਕ ਗਿਆਨ, ਇੱਕੋ ਸਰੂਪ ਦੇ ਮਾਲਕ ਸਨ। ਛੇਵੇਂ ਸਤਿਗੁਰਾਂ ਕੋਈ ਕੰਮ ਅਜਿਹਾ ਨਹੀਂ ਕੀਤਾ, ਜੋ ਗੁਰੂ ਨਾਨਕ ਸਾਹਿਬ ਦੀ ਸੁੱਚੀ ਵਿਚਾਰਧਾਰਾ ਨੂੰ ਵੱਖਰੀ ਕਰਦਾ ਹੋਵੇ। ਫਿਰ ਭਗਤੀ ਤੇ ਸ਼ਕਤੀ ਛੇਵੇਂ ਸਤਿਗੁਰੂ ਹੀ ਜਾਰੀ ਨਹੀਂ ਕੀਤੀ, ਇਹ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਪਰਵਾਹਿਤ ਹੋ ਰਹੀ ਸੀ। ਕਿਸੇ ਕਵੀ ਦੀ ਕੱਚੀ ਰਚਨਾ ਦਾ ਸਹਾਰਾ ਲੈ ਕੇ (ਗੁਰ ਬਿਲਾਸ ਪਾ: ਛੇਵੀਂ) ਪਹਿਲਾਂ ਛੇਵੇਂ ਸਤਿਗੁਰੂ ਨੂੰ ਜਨਮ ਵਕਤ ਬਾਬਾ ਬੁੱਢਾ ਜੀ ਦੇ ‘ਵਰ` ਨਾਲ ਜਨਮੇ ਲਿਖਿਆ। ਫਿਰ ਵਿਸ਼ਨੂੰ ਦੇ ਅਵਤਾਰ ਬਣਾ ਧਰਿਆ। ਜਿਨ੍ਹਾਂ ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਗੁਰਬਾਣੀ ਨਗਾਰੇ ਦੀ ਚੋਟ ਨਾਲ ਨਕਾਰ ਰਹੀ ਹੈ, ਉਹੀ ਵਿਸ਼ਨੂੰ ਛੇਵੇਂ ਪਾਤਸ਼ਾਹ ਵਿੱਚ ਦਾਖਲ ਕਰ ਦਿੱਤਾ ਗਿਆ। ਪੜ੍ਹੋ ਗੁਰਬਾਣੀ ਫੁਰਮਾਣ:-

ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧਰਮਸਾਲ।।

ਕੋਟਿ ਮਹੇਸ ਉਪਾਏ ਖਪਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਏ।। (1156)

ਜੰਗਾਂ ਯੁੱਧਾਂ ਵਿੱਚ ਇੱਕ ਤਲਵਾਰ, ਇੱਕ ਢਾਲ ਤੇ ਆਮ ਵਰਤੀਂਦੀ ਹੈ, ਆਹ ਦੋ ਤਲਵਾਰਾਂ ਵਾਲਾ ਅਜੀਬ ਭਾਣਾ ਵਰਤਾ ਦਿੱਤਾ। ਵਿਸ਼ਨੂੰ ਨੇ ਆਖਿਆ ਸੀ ਪਈ ਇੱਕ ਮੇਰੀ ਤਲਵਾਰ ਲੜਾਈ ਵਿੱਚ ਨਹੀਂ ਵਰਤਣੀ, ਜੋ ਭਗਤੀ ਵਾਲੀ ਹੈ। ਹੈ ਨਾ ਅਜੀਬ ਕਹਾਣੀ? ਕਦੀ ਤਲਵਾਰ ਭੀ ਭਗਤੀ ਅਤੇ ਸ਼ਕਤੀ ਦੀ ਅੱਡੋ ਅੱਡ ਹੋਇਆ ਕਰਦੀ ਹੈ? ਤਲਵਾਰ ਕਿਸੇ ਤਰ੍ਹਾਂ ਦੀ ਹੋਵੇ, ਵਾਰ ਕਰਨ ਤੇ ਉਹਨੇ ਸਰੀਰ ਵਿੱਚ ਧਸ ਹੀ ਜਾਣਾ ਹੈ। ਫਿਰ ਹੋਰ ਕਹਾਣੀ ਘੜ ਲਈ ਕਿ ਅਕਾਲ ਤਖਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਲੱਗੇ, ਭਗਤੀ ਤੇ ਸ਼ਕਤੀ ਦੇ ਪ੍ਰਤੀਕ ਹਨ। ਅੱਖਾਂ ਖੋਹਲ ਕੇ ਵੇਖਣ ਤੇ ਉਥੇ ਹੀ ਲਿਖਿਆ ਪੜ੍ਹ ਲਈਦਾ ਹੈ, ਕਿ ਇੱਥੇ ਪਹਿਲਾਂ ਲੱਗਾ ਹੋਇਆ ਨਿਸ਼ਾਨ ਪੁਰਾਣਾ ਹੋ ਕੇ ਡਿੱਗ ਪਿਆ ਸੀ। ਸੰਨ 1843 ਵਿੱਚ ਮ: ਸ਼ੇਰ ਸਿੰਘ ਨੂੰ ਭਰਮ ਪਾ ਦਿੱਤਾ ਗਿਆ ਕਿ ਨਿਸ਼ਾਨ ਡਿੱਗਣਾ, ਸਿੱਖ ਰਾਜ ਲਈ ‘ਅਸ਼ੁੱਭ` ਹੈ। ਉਸ ਨੇ ਸਿੱਖ ਰਾਜ ਦੀਆਂ ‘ਜੜ੍ਹਾਂ` ਪੱਕੀਆਂ ਕਰਨ ਦੇ ਵਿਚਾਰ ਨਾਲ ਦੋ ਮਜ਼ਬੂਤ ਨਿਸ਼ਾਨ ਗਡਵਾ ਦਿੱਤੇ। ਬਈ ਅੱਗੋਂ ਨਾ ਕਦੀ ਨਿਸ਼ਾਨ ਡਿੱਗਣ ਤੇ ਨਾ ਸਿੱਖ ਰਾਜ ਡੋਲੇ। ਅਫਸੋਸ ਕਿ ਨਿਸ਼ਾਨ ਦੋਵੇਂ ਖਲੋਤੇ ਹੋਏ ਹਨ, ਰਾਜ ਦਾ ਤਦੋਂ (1849) ਹੀ ਭੋਗ ਪੈ ਗਿਆ ਸੀ। ਇੱਥੇ ਕੇਵਲ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿੱਚ, ਭਗਤੀ ਤੇ ਸ਼ਕਤੀ ਮੀਰੀ ਤੇ ਪੀਰੀ ਦਾ ਖੂਬ ਸ਼ੋਰ ਪਾਇਆ ਜਾਂਦਾ ਹੈ। ਬਾਕੀ ਧਰਮ ਅਸਥਾਨਾਂ ਵਿੱਚ ਜ਼ਰਾ ਘੱਟ ਹੈ। ਭਗਤੀ ਤੇ ਸ਼ਕਤੀ ਜੇ ਇਕੱਠੀ ਸਵੀਕਾਰ ਕਰਨੀ ਹੀ ਹੋਵੇ ਤਾਂ ਇਹ ਸਿੱਖਾਂ ਦੇ ਆਦਿ ਗੁਰੂ, ਗੁਰੂ ਨਾਨਕ ਸਾਹਿਬ ਤੋਂ ਸਵੀਕਾਰ ਕਰਨਾ ਹੀ ਗੁਰਮਤ ਹੈ।

ਆਪਣੇ ਜ਼ਮਾਨੇ ਦੇ ਰਾਜ ਜੋਗ ਦੇ ਧਾਰਨੀ, ਯਿਸ਼ੂ ਮਸੀਹ ਭੀ ਸਨ। ਉਹਨਾਂ ਸਮੇਂ ਦੀ ਜ਼ਾਲਮ ਹਕੂਮਤ ਅਤੇ ਪਾਖੰਡੀ ਧਾਰਮਕ ਆਗੂਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਇਸੇ ਕਾਰਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ, ਮੁਸਲਮਾਨਾਂ ਦੇ ਧਾਰਮਕ ਮੁਖੀ ਭੀ ਸਨ, ਅਤੇ ਰਾਜਸੀ ਮੁਖੀ ਭੀ ਸਨ। ਕਈ ਜੰਗਾਂ ਵਿੱਚ ਉਹਨਾਂ ਮੋਹਰੀ ਹੋ ਕੇ ਕਿਰਪਾਨ ਵਾਹੀ। ਗੁਰੂ ਨਾਨਕ ਸਾਹਿਬ ਜੀ ਬਾਰੇ, ਭਾਵੇਂ ਇਤਿਹਾਸ ਖਾਮੋਸ਼ ਹੈ, ਪਰ ਉਹਨਾਂ ਦੀ ਨਿਧੜਕ ਸ਼ਖ਼ਸੀਅਤ ਤੋਂ ਸਹਿਜੇ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ, ਕਿ ਸਤਿਗੁਰੂ ਜੀ ਕਿਰਪਾਨ ਗਾਤਰੇ ਜ਼ਰੂਰ ਹੀ ਰੱਖਦੇ ਸਨ ਅਤੇ ਤਦੋਂ ਸਮੇਂ ਦੀ ਪ੍ਰਥਮ ਲੋੜ ਸੀ, ਹਥਿਆਰਬੰਦ ਹੋਣਾ। ਪਹਿਲੇ ਪੰਜਾਂ ਸਤਿਗੁਰੂਆਂ ਬਾਬਤ ਗੁਰਬਾਣੀ ਵਿੱਚ ਰਾਜ ਜੋਗ ਸਪੱਸ਼ਟ ਲਿਖਤਾਂ ਆ ਚੁੱਕੀਆ ਹਨ। ਫਿਰ ਕੇਵਲ ਛੇਵੇਂ ਸਤਿਗੁਰਾਂ ਨਾਲ ਹੀ ਘਟਨਾਵਾਂ ਜੋੜਨ ਦਾ ਕੁਚੇਸ਼ਟਾ ਭਰਿਆ ਮਕਸਦ ਸਪੱਸ਼ਟ ਨਜ਼ਰ ਆ ਜਾਂਦਾ ਹੈ। ਗੁਰੂ ਹਰਿ ਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਵਿਚਾਰਧਾਰਾ ਤੋਂ, ਅਛੋਪਲੇ ਜਿਹੇ ਢੰਗ ਨਾਲ, ਅਲੱਗ ਕਰਨਾ ਤੇ ਵਿਸ਼ਨੂੰ ਨਾਲ ਚਿਪਕਾ ਦੇਣਾ ਕਿਉਂਕਿ ਗੋਬਿੰਦ ਨਾਮ ਵਿਸ਼ਨੂੰ ਦਾ ਹੈ, ਇੱਧਰ ਭੀ ਹਰਿਗੋਬਿੰਦ ਹੈ। ਇਸੇ ਤਰ੍ਹਾਂ ਦੀ ਦਸਮ ਪਾਤਿਸ਼ਾਹ ਨੂੰ ਗੁਰੂ ਨਾਨਕ ਲੜੀ ਤੋਂ ਵੱਖ ਕਰ ਦਿੱਤਾ ਗਿਆ ਹੈ। ਜਿੱਥੇ ਹਿਮਾਲਾ ਪਰਬਤ ਦੀ ਚੋਟੀ ਤੇ ਵਿਸ਼ਨੂੰ ਨਿਵਾਸ ਕਰਦਾ ਕਲਪਿਆ ਗਿਆ ਹੈ, ਉਥੇ ਹੀ ਦਸਮ ਪਾਤਿਸ਼ਾਹ ਹਜ਼ੂਰ ਨੂੰ ਪਿਛਲੇ ਜਨਮ ਵਿੱਚ ਤਪੱਸਿਆ ਕਰਦਿਆਂ ਦਸਮ ਗ੍ਰੰਥ ਵਿੱਚ ਲਿਖ ਮਾਰਿਆ। ਨਾਮ ਵੀ ਗੋਬਿੰਦ, ਵਿਸ਼ਨੂੰ ਤੇ ਗੁਰੂ ਗੋਬਿੰਦ ਸਿੰਘ। ਬਸ ਵਿਸ਼ਨੂੰ ਨਾਲ ਭਾਵੇਂ ਪਿਛਲੇ ਜਨਮ ਵਿੱਚ ਹੀ ਸਹੀ, ਪਰ ਨੱਥੀ ਜ਼ਰੂਰ ਕਰ ਦਿੱਤਾ ਗਿਆ।

ਰਹੀ ਗੱਲ ਭਗਤੀ ਤੇ ਸ਼ਕਤੀ ਦੀ, ਸਾਰੇ ਹੀ ਗੁਰੂ ਸਾਹਿਬਾਨ ਭਗਤੀ ਤੇ ਸ਼ਕਤੀ ਦੇ ਮਾਲਕ ਸਨ। ਵਿਸ਼ੇਸ਼ ਹਾਲਾਤ ਕਾਰਨ ਸਰੀਰਕ ਬਲ ਦਾ ਪ੍ਰਯੋਗ ਕਰਨ ਦੀ ਭਾਵੇਂ ਕੁਝ ਸਮਾਂ ਜ਼ਰੂਰਤ ਨਹੀਂ ਪਈ। ਭਗਤੀ ਤੇ ਸ਼ਕਤੀ ਗਈ ਕਿਤੇ ਨਹੀਂ। ਕੀ ਗੁਰੂ ਨਾਨਕ ਸਾਹਿਬ ਜੀ ਦੀ ਦਲੇਰੀ ਤੋਂ ਇਨਕਾਰ ਕੀਤਾ ਜਾ ਸਕਦਾ ਹੈ? ਉਹ ਹਰ ਖਤਰਨਾਕ ਵਿਅਕਤੀ ਕੋਲ ਗਏ। ਨਿਡਰਤਾ ਨਾਲ ਆਪਣੇ ਵਿਚਾਰ ਰੱਖੇ। ਬਾਬਰ ਨੂੰ ਲਲਕਾਰਿਆ। ‘ਪਾਪ ਕੀ ਜੰਞ` ਆਖ ਲਾਹਣਤਾਂ ਪਾਈਆਂ। ‘ਖੂਨ ਦੇ ਸੋਹਿਲੇ` ਗਾਏ। ਦੂਸਰੇ ਪਾਤਿਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਵਾਪਸ ਮੁੜ ਰਹੇ ਹਿਮਾਯੂੰ ਨੂੰ, ਵਕਤ ਸਿਰ ਖਰੀਆਂ ਕਹਿ ਸੁਣਾਈਆਂ। ਗੁਰੂ ਅਮਰਦਾਸ ਸਾਹਿਬ, ਅਕਬਰ ਨਾਲ ਨਿਡਰਤਾ ਨਾਲ ਪੇਸ਼ ਆਏ। ਗੁਰੂ ਰਾਮਦਾਸ ਜੀ ਨੂੰ ਦੋ ਵਾਰ ਅਕਬਰ ਦੇ ਦਰਬਾਰ ਵਿੱਚ, ਸਿੱਖ ਸਿਧਾਤਾਂ ਨੂੰ ਬੇ-ਖੌਫ ਪੇਸ਼ ਕਰਦਿਆਂ ਵੇਖਿਆ ਜਾ ਸਕਦਾ ਹੈ। ਪੰਜਵੇਂ ਸਤਿਗੁਰੂ ਜੀ ਤਾਂ ਅਸੂਲਾਂ ਤੇ ਪਹਿਰਾ ਦਿੰਦਿਆਂ, ਸ਼ਹੀਦੀ ਤੱਕ ਪਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਹਮਣੇ ਮੱਥੇ ਚਾਰ ਜੰਗ ਲੜਨੇ ਪਏ ਤਾਂ ਜਾਲਮ ਹਾਕਮਾਂ ਦੀ ਨੀਂਦ ਉØੱਡ ਗਈ। ਨੌਵੇਂ ਸਤਿਗੁਰੂ ਜੀ ਨੇ ਮਜ਼ਲੂਮ ਦਾ ਪੱਖ ਪੂਰਿਆ, ਔਰੰਗਜ਼ੇਬ ਦੀ ਕੱਟੜਤਾ ਅੱਗੇ ਨਾ ਝੁਕੇ। ਅੰਤ ਤਿੰਨ ਸਿੱਖਾਂ ਸਮੇਤ, ਚਾਂਦਨੀ ਚੌਂਕ, ਦਿੱਲੀ ਵਿਖੇ ਸ਼ਹੀਦੀ ਪਾ ਗਏ। ਦਸਮ ਪਾਤਸ਼ਾਹ ਜੀ ਦਾ ਸਾਰਾ ਜੀਵਨ ਸੰਘਰਸ਼ ਅਤੇ ਦਲੇਰੀ ਦੀ ਅਨੋਖੀ ਮਿਸਾਲ ਹੈ। ਦਸੇ ਪਾਤਸ਼ਾਹੀਆਂ ਭਗਤੀ ਅਤੇ ਸ਼ਕਤੀ ਨੂੰ ਕਿਵੇਂ ਪ੍ਰਯੋਗ ਵਿੱਚ ਲਿਆਉਣਾ ਹੈ, ਮਨੁੱਖਤਾ ਦੇ ਭਲੇ ਹਿੱਤ, ਕਿਸ ਵਕਤ ਕਿਹੜੀ ਰਣਨੀਤੀ ਅਖਤਿਅਰ ਕੀਤੀ ਜਾਵੇ, ਚੰਗੀ ਤਰ੍ਹਾਂ ਜਾਣਦੇ ਸਨ। ਸਤਿਗੁਰੂ ਸਾਹਿਬਾਨ ਜੀ ਦੇ ਗਗਨ ਚੁੰਭੀ ਸੋਚ ਮੰਡਲ ਅਤੇ ਬੇਓੜਕ ਸਰੀਰਕ ਸਮਰੱਥਾ ਨੂੰ ਬਾਰ ਬਾਰ ਨਮਸਕਾਰ ਹੈ। ਉਹ ਤਾਂ ਇੱਕ ਨਿਮਾਣੇ ਸੇਵਕ ਭੀ ਸਨ ਤੇ ਤਖਤ ਦੇ ਸ਼ਹਿਨਸ਼ਾਹ ਭੀ। ਉਹ ਇੱਕ ਸਾਧਾਰਣ ਸਿਪਾਹੀ ਵੀ ਸਨ ਅਤੇ ਆਪਣੀਆਂ ਸਿੱਖ ਫੌਜਾਂ ਦੇ ਕਮਾਂਡਰ ਇਨ ਚੀਫ਼ (ਜਰਨੈਲ) ਭੀ ਸਨ। ਉਹਨਾਂ ਕੋਲ ਹਰ ਕਾਰਜ ਨੂੰ ਨੇਪਰੇ ਚਾੜ੍ਹ ਦੇਣ ਦੀ ਸਮਰੱਥਾ ਲਾਜੁਆਬ ਸੀ।

ਹੁਣ ਵੇਖਣਾ ਇਹ ਹੈ ਕਿ ਕੀ ਸਾਰੇ ਸਿੱਖਾਂ ਕੋਲ ਇਹ ਸੂਝ ਸਮਰੱਥਾ ਹੈ? ਕੀ ਅੱਜ ਦਾ ਸਿੱਖ, ਭਗਤੀ ਤੇ ਸ਼ਕਤੀ ਦਾ ਸੰਤੁਲਨ ਬਰਕਰਾਰ ਰੱਖਣ ਦੇ ਯੋਗ ਹੈ? ਕੀ ਅੱਜ ਦੇ ਸਿੱਖ ਕੋਲ ਭਗਤੀ (ਧਾਰਮਕ ਜੀਵਨ) ਦੇ ਗੁਣ ਮੌਜੂਦ ਹਨ? ਕੀ ਸਿੱਖ ਸ਼ਕਤੀ ਵਿਹੂਣਾ ਹੋਇਆ ਕੇਵਲ ਹੰਝੂ ਕੇਰ ਰਿਹਾ ਹੈ, ਚੀਕਾਂ ਮਾਰ ਰਿਹਾ ਹੈ ਕਿ ਸੱਚਮੁੱਚ ਉਸ ਨੂੰ ਸ਼ਕਤੀ ਵਿਹੂਣਾ ਹੋਣ ਦਾ ਉਦਰੇਵਾਂ ਹੈ? ਇਹ ਵਿਚਾਰ ਕਰਨੀ ਨਿਹਾਇਤ ਜ਼ਰੂਰੀ ਹੈ ਕਿ ਭਗਤੀ (ਧਰਮ) ਅਤੇ ਸ਼ਕਤੀ (ਰਾਜ) ਦੀ ਮੁੜ ਪ੍ਰਾਪਤੀ ਵਾਸਤੇ ਸਿੱਖ ਆਗੂ ਸੁਹਿਰਦ ਸੂਝਵਾਨ ਤੇ ਦਲੇਰੀ ਰੱਖਦੇ ਹਨ? ਜਿਨ੍ਹਾਂ ਦੇ ਹਿਰਦੇ ਵਿੱਚ ਧਰਮ ਹੀ ਨਾ ਹੋਵੇ, ਉਹਨਾਂ ਤੋਂ ਕਿਸੇ ਨੇਕ ਕੰਮ ਦੀ ਆਸ ਕੀਤੀ ਜਾ ਸਕਦੀ ਹੈ? ਆਓ ਇਹਨਾਂ ਨੁਕਤਿਆਂ ਨੂੰ ਇੱਕ-ਇੱਕ ਕਰਕੇ ਵਿਚਾਰੀਏ:-

ਹਿੰਦੂ ਸਮਾਜ ਵਿੱਚ ਰਾਮ ਚੰਦਰ (ਦਸ਼ਰਥ ਪੁੱਤਰ) ਦਾ ਬੜਾ ਮਾਣ ਕੀਤਾ ਜਾਂਦਾ ਹੈ। ਉਹ ਆਪਣੇ ਇਲਾਕੇ ਅਯੁੱਧਿਆ ਦਾ ਰਾਜ ਮੁਖੀ ਭੀ ਸੀ। ਬਾਲੀ ਤੇ ਰਾਵਣ ਨਾਲ ਜੰਗ ਲੜਦਾ ਹੈ, ਹਥਿਆਰਾਂ ਦੀ ਖੂਬ ਵਰਤੋਂ ਕਰਦਾ ਹੈ। ਵਿਸ਼ਨੂੰ (ਅਖੌਤੀ) ਦਾ ਅਵਤਾਰ ਹੋਣ ਕਰਕੇ ਧਰਮ ਮੁਖੀ ਭੀ ਸੀ। ਦੁਆਪੁਰ ਦੇ ਇੱਕ ਰਾਜੇ ਕ੍ਰਿਸ਼ਨ ਜੀ ਨੂੰ, ਵਿਸ਼ਨੂੰ ਦਾ ਅਵਤਾਰ ਹੋਣ ਦਾ ਮਾਣ ਪ੍ਰਾਪਤ ਹੈ। ਦੂਜੇ ਬੰਨੇ ਉਹੀ ਕ੍ਰਿਸ਼ਨ ਜੰਗਾਂ ਯੁੱਧਾਂ ਵਿੱਚ ਮੋਹਰੀ ਹੋ ਕੇ ਲੜਦਾ ਹੈ, ਧਰਮ ਮੁਖੀ ਹੈ। ਹਜਰਤ ਮੁਹੰਮਦ ਸਾਹਿਬ ਮੁਸਲਮਾਨਾਂ ਦੇ ਧਰਮ ਮੁਖੀ ਸਨ, ਜਦੋਂ ਜੰਗ ਲੜਨੀ ਹੁੰਦੀ ਤਦੋਂ ਖੁਦ ਜੰਗੀ ਜਰਨੈਲ ਭੀ ਹੁੰਦੇ, ਮੋਹਰੀ ਹੋ ਕੇ ਦੁਸ਼ਮਣ ਦੇ ਆਹੂ ਲਾਹੁੰਦੇ। ਉਹਨਾਂ ਸਭਨਾਂ ਨੇ ਆਪਣੇ ਜ਼ਿੰਮੇ ਲੱਗੀ ਸੇਵਾ ਬਾ-ਖੂਬੀ ਨਿਭਾਈ। ਸਤਿਗੁਰੂ ਸਾਹਿਬਾਨ ਭਗਤੀ ਤੇ ਸ਼ਕਤੀ ਦਾ ਤਰਾਜੂ ਸਾਵਾਂ ਰੱਖਣ ਦੇ ਸਮਰੱਥ ਹਨ। ਬਾਅਦ ਵਿੱਚ ਮਿਸਲਾਂ ਦੇ ਸਮੇਂ ਭੀ ਸਿੱਖ ਮੁਖੀਆਂ ਨੇ ਯੋਗ ਢੰਗ ਨਾਲ, ਆਪਣੇ ਫਰਜ਼ਾਂ ਨੂੰ ਨਿਭਾਇਆ। ਪਰ ਅੱਜ ਕਿੱਥੇ ਹੈ ਸਿੱਖਾਂ ਦੀ ਭਗਤੀ ਤੇ ਸ਼ਕਤੀ? ਜ਼ਮੀਨ ਦੇ ਇੱਕ ਇੰਚ ਟੁੱਕੜੇ ਤੇ ਸਿੱਖਾਂ ਦਾ ਕਬਜ਼ਾ ਨਹੀਂ ਹੈ, ਜਿਸ ਨੂੰ ਇਹ ਆਪਣਾ ਕਹਿ ਸਕਣ। ਫਿਰ ਕਿਸ ਰਾਜ ਜਾਂ ਸ਼ਕਤੀ ਦੀ ਗੱਲ ਕੀਤੀ ਜਾ ਰਹੀ ਹੈ? ਇਉਂ ਕਹਿ ਲਈਏ ਕਿ ਗੁਰਦਵਾਰਾ ਕਮੇਟੀ ਦਾ ਕੋਈ ਅਹੁਦੇਦਾਰ ਬਣ ਜਾਣਾ, ਗੋਲਕ ਤੇ ਕਬਜ਼ਾ ਜਮਾ ਲੈਣਾ... ਕਿਤੇ ਇਹੀ ਤਾਂ ਨਹੀਂ ਹੈ ਸਿੱਖਾਂ ਦੀ ਸ਼ਕਤੀ? ਸਵੇਰ ਸ਼ਾਮ (ਮਸ਼ੀਨੀ ਢੰਗ) ਕੁਝ ਬਾਣੀ ਦਾ ਪਾਠ ਕਰ ਲੈਣਾ। ਗੁਰਦਵਾਰਿਆਂ ਵਿੱਚ ਬਿਨਾਂ ਸੰਗਤ ਤੋਂ ਸਪੀਕਰਾਂ ਦੀ ਉØੱਚੀ ਅਵਾਜ਼ ਨਾਲ ਘਰੋਂ ਘਰੀਂ ਬਾਣੀ ਪੁੱਜਦੀ ਕਰ ਦੇਣੀ। ਕੁਝ ਸਹਿਜ ਪਾਠ, ਅਖੰਡ ਪਾਠ, ਸੰਪਟ ਪਾਠ, ਪਾਠਾਂ ਦੀਆਂ ਲੜੀਆਂ, ਕੀਰਤਨ ਦਰਬਾਰ, ਖਾਲਸਾ ਮਾਰਚ, ਨਗਰ ਕੀਰਤਨ, ਲੰਗਰ ਅਰਦਾਸ... ਕਿਤੇ ਇਹੀ ਤਾਂ ਨਹੀਂ ਹੈ ਸਿੱਖ ਸਮਾਜ ਦਾ ਮੰਨਿਆ ਜਾ ਰਿਹਾ ਧਰਮ? ਗੁਰਬਾਣੀ ਦੇ ਗੋਹਜ ਭਾਵ, ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਸੂਰਮਗਤੀ ਦੀ ਗਾਥਾ ਵਾਲਾ ਇਤਿਹਾਸ, ਕਿਤੇ ਪੜ੍ਹਿਆ ਪੜ੍ਹਾਇਆ ਜਾ ਰਿਹਾ ਹੈ ਕਿ ਨਹੀਂ? ਸਕੂਲਾਂ, ਕਾਲਜਾਂ, ਗੁਰਦਵਾਰਿਆਂ, ਘਰਾਂ ਵਿੱਚੋਂ ‘ਸਮੇਂ ਦਾ ਹਾਣੀ` ਖਜ਼ਾਨਾ ਨਹੀਂ ਮਿਲਦਾ। ਨਸ਼ੇ ਪਤਿਤਪੁਣਾ, ਕਰਮਕਾਂਡ ਸਿਖਰਾਂ ਛੋਹ ਰਹੇ ਹਨ। ਲੀਡਰ ਲੋਕ ਭਗਤੀ ਤੇ ਸ਼ਕਤੀ ਦੀਆਂ ਫੜ੍ਹਾਂ ਮਾਰ ਰਹੇ ਹਨ। ਉਸ ਦਰਦਨਾਕ ਅਵਸਥਾ ਨੂੰ ਵੇਖ/ਮਹਿਸੂਸ ਕਰਕੇ ਹੰਝੂਆਂ ਦੀ ਧਾਰਾ ਵਹਿ ਟੁਰਦੀ ਹੈ। ਮਨ ਕੁਰਲਾਉਂਦਾ ਹੈ, ਆਤਮਾ ਵਿਲਕਦੀ ਹੈ, ਜਦੋਂ ਬਦੇਸ਼ਾਂ ਵਿਚਲੇ ‘ਖਾਲਿਸਤਾਨੀ` ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ, (ਸੁਖ ਆਸਣ ਸਮੇਂ) ਢੋਲਕੀਆਂ ਛੈਣਿਆਂ ਨਾਲ ਸ਼ਬਦ ਭੀ ਪੜ੍ਹਦੇ ਹਨ ਤੇ ‘ਸੁਖ ਆਸਣ ਸਥਾਨ` ਅੱਗੇ ਖਲੋ ਕੇ, ਆਪਣੇ ਡੇਢ ਸੌ ਸਾਲ ਪਹਿਲਾਂ ਖੁੱਸ ਗਏ ਰਾਜ ਨੂੰ ਵਾਜਾਂ ਮਾਰਦੇ ਹਨ। ਬਿਲਕੁਲ ਉਸ ਯਤੀਮ ਤੇ ਅਨਭੋਲ ਬੱਚੇ ਵਾਂਗ, ਜਿਸਦਾ ਦੁਨੀਆਂ ਵਿੱਚ ਕੋਈ ਸਹਾਰਾ ਨਹੀਂ। ਬਾਹਰ ਦੁਸ਼ਮਣਾਂ ਦੀਆਂ ਵਾਹਰਾਂ ਹਨ। ਘਰ ਵਿੱਚ ਖਾਣ ਲਈ ਗੁਜਾਰੇ ਲਾਇਕ ਕੁੱਝ ਨਹੀਂ ਹੈ। ਨਾ ਇਹ ਸਮਝ ਹੈ ਕਿ ਅੱਗੋਂ ਕੀ ਕੀਤਾ ਜਾਣਾ ਚਾਹੀਦੈ? ਇਹ ਦੁਖਦਾਈ ਅਵਸਥਾ ਹੈ ਸਾਡੇ ‘ਖਾਲਿਸਤਾਨ ਜ਼ਿੰਦਾਬਾਅਦ` ਦੇ ਅੰਦਰ ਵੜਕੇ ਜੈਕਾਰੇ ਲਾਉਣ ਵਾਲਿਆਂ ਦੀ। ਜਦੋਂ ਭਵਿੱਖ ਬਾਰੇ ਅਨਿਸ਼ਚਤਾ ਹੋਵੇ, ਰੂਪ ਰੇਖਾ ਉਲੀਕਣ ਦੀ ਯੋਗਤਾ ਨਾ ਹੋਵੇ, ਧਰਮ ਬਾਰੇ ਡੂੰਘਾ ਗਿਆਨ ਨਾ ਹੋਵੇ। ਸੰਸਾਰ ਸਾਹਿਤ ਵਿੱਚੋਂ ਇਨਕਲਾਬੀ ਲਹਿਰਾਂ ਤੋਂ ਰਾਜਸੀ ਦਾਉ ਪੇਚ ਨਾ ਪੜ੍ਹੇ ਅਪਣਾਏ ਹੋਣ। ਫਿਰ ਅਜਿਹੀ ਅਵਸਥਾ ਵਿੱਚ ਇਨਸਾਨ, ਮਮਿਆ ਸਕਦਾ ਹੈ, ਡਡਿਆ ਸਕਦਾ ਹੈ ਹੰਝੂ ਕੇਰ ਸਕਦਾ ਹੈ, ਤੇ ਸਮਾਂ ਪਾ ਕੇ ਗੁਲਾਮੀ ਨਾਲ ਸਮਝੌਤਾ ਕਰ ਲੈਂਦਾ ਹੈ।

ਧਰਮ ਦੇ ਅਸੂਲ ਮਨੁੱਖਤਾ ਦੇ ਭਲੇ ਵਾਸਤੇ ਹੋਇਆ ਕਰਦੇ ਹਨ। ਆਮ ਵੇਖਣ ਵਿੱਚ ਇਹੀ ਆਇਆ ਹੈ ਕਿ ਧਰਮ ਨੂੰ ਮਨੁੱਖਤਾ ਦਾ ਘਾਣ ਕਰਨ ਵਾਸਤੇ ਭੀ ਬਹੁਤ ਵਾਰੀ ਵਰਤਿਆ ਗਿਆ ਹੈ। ਹਿੰਦੂਆਂ ਦੇ ਅਖੌਤੀ ਧਾਰਮਕ ਗ੍ਰੰਥ, ਮਨੁੱਖਤਾ ਉØੱਤੇ ਢਾਹੇ ਗਏ ਕਹਿਰ, ਕੀਤੇ ਗਏ ਜ਼ੁਲਮਾਂ ਦਾ ਮੂੰਹ ਬੋਲਦਾ ਪੱਕਾ ਸਬੂਤ ਹਨ। ਜੋ ਭਵਿੱਖ ਵਿੱਚ ਭੀ ਇਸੇ ਤਰ੍ਹਾਂ ਕੀਤੇ ਗਏ ਅਣਮਨੁੱਖੀ ਜੁਲਮਾਂ ਨੂੰ ‘ਧਰਮ ਦਾ ਜ਼ਰੂਰੀ ਅੰਗ` ਗਰਦਾਨਦੇ ਰਹਿਣਗੇ। ਮੁਸਲਮਾਨ ਹਾਕਮਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ, ਤਾਂ ਕੁਰਆਨ ਨੂੰ ਢਾਲ ਵਜੋਂ ਵਰਤਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨ ਸਿੱਖਾਂ ਨੂੰ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਸ ਵਕਤ ਧਰਮ ਪੁਸਤਕ ਕੁਰਆਨ ਵਿੱਚੋਂ ਹਵਾਲਾ ਦੇ ਕੇ ਸਜ਼ਾ ਤਜ਼ਵੀਜ ਕੀਤੀ ਗਈ। ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਕਤ, ਕੁਰਆਨ ਤੇ ਕਾਜ਼ੀ ਸ਼ਾਮਲ ਸਨ। ਇਸ ਤੋਂ ਬਾਅਦ ਵੀ ਜਦੋਂ ਜਦੋਂ ਸਿੱਖਾਂ ਨੂੰ ਘੋਰ ਤਸੀਹੇ ਦਿੱਤੇ ਗਏ, ਕਤਲ ਕੀਤਾ ਗਿਆ, ਤਾਂ ਹਮੇਸ਼ਾਂ ਧਰਮ ਦੀ ਚਾਦਰ ਉੱਪਰ ਤਾਣ ਲਈ ਗਈ। ਆਮ ਮੁਸਲਮਾਨ ਨੂੰ, ਜੰਗ ਵਿੱਚ ਸ਼ਾਮਲ ਹੋ ਕੇ ਵਿਰੋਧੀਆਂ ਨੂੰ ਖ਼ਤਮ ਕਰਨ ਵਾਸਤੇ ਜਦੋਂ ਭੀ ਉਕਸਾਇਆ ਗਿਆ ਤਾਂ ‘ਜਹਾਦ ਦਾ` (ਧਰਮਯੁੱਧ) ਨਾਹਰਾ ਬੁਲੰਦ ਕੀਤਾ ਗਿਆ।

ਅਣਗਿਣਤ ਪਾਪ ਕਰਮਾਂ ਵਿੱਚ ਡੁੱਬੇ ਰਾਜਸੀ ਲੋਕ, ਆਪਣੇ ਗਿਰਦ, ਗੁਲਾਮ ਜਹਿਨੀਅਤ ਵਾਲੇ ਧਰਮ ਦੇ ਚੋਲੇ ਪਾਈ ਬੈਠੇ, ਵਿਕਣ ਲਈ ਤਿਆਰ ਅਖੌਤੀ (ਅਸਲ ਵਿੱਚ ਧਰਮ ਦੇ ਦੁਸ਼ਮਣ) ਧਾਰਮਕ ਟੁੱਕੜ ਬੋਚਾਂ ਨੂੰ, ਪਾਲ ਲੈਂਦੇ ਹਨ। ਇਹ ‘ਧਰਮੀ` ਰਾਜਸੀ ਗੁੰਡਿਆਂ ਦੀ ਪ੍ਰਸ਼ੰਸਾ ਦੇ ਸੰਘ ਪਾੜ ਕੇ ਬੇਸੁਰੇ ਗੀਤ ਗਾਉਂਦੇ ਹਨ। ਇਹਨਾਂ ਨੂੰ ਨਿਹਕਲੰਕ ਦੱਸਦੇ ਹਨ, ਪਿਛਲੇ ਕੀਤੇ ਜਾਪ, ਦਾਨ ਪੁੰਨ ਦੀ ਬਦੌਲਤ ਰਾਜ ਸੁਖ ਭੋਗਣ ਦਾ, ਰਾਗ ਅਲਾਪਦੇ ਹਨ। ਇਹਨਾਂ ਤੋਂ ਮੋਟੀਆਂ ਰਕਮਾਂ ਪ੍ਰਾਪਤ ਕਰਕੇ, ਕੀਤੇ ਗਏ ਪਾਪਾਂ ਦੀ ਨਵਿਰਤੀ ਲਈ ‘ਮੰਤਰ` ਪੜ੍ਹਦੇ ਹਨ, ਪਾਠ ਜਾਪ ਕਰਦੇ ਹਨ। ਨੇਤਾ ਜੀ ਇਹਨਾਂ ਦੇ ਜਾਹਰਾ ਤੌਰ ਤੇ ਚਰਨ ਛੂੰਹਦਾ ਹੈ। ਇਹ ‘ਕਮੀਣੇ ਧਰਮੀ` ਅੰਦਰਖਾਤੇ, ਨੇਤਾ ਜੀ ਦੇ ਚਰਨਾਂ ਤੇ ਸਿਰ ਰੱਖ ਦਿੰਦੇ ਹਨ। ਇਸੇ ਲਈ ਰਾਜ ਦਰਬਾਰਾਂ ਵਿੱਚ ਸ਼ਾਹੀ ਕਾਜੀ, ਸ਼ਾਹੀ ਇਮਾਮ, ਰਾਜ ਪ੍ਰੋਹਿਤ, ਰਾਜ ਗੁਰੂ ਤੇ ਰਾਜ ਕਵੀ ਆਦਿ ਦੀਆਂ ਉਪਾਧੀਆਂ ਨਾਲ ਨਵਾਜਿਆ ਜਾਂਦਾ ਹੈ। ਭਾਰਤ ਦੇ ਇੱਕ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਧਰਮੀ ਹੋਣ ਦਾ ਖੇਖਣ ਕਰਦਿਆਂ ਰਾਸ਼ਟਰਪਤੀ ਭਵਨ ਵਿੱਚ ਗਿਆਰਾਂ ਬ੍ਰਾਹਮਣਾਂ ਨੂੰ ਸੱਦ ਕੇ, ਤਿਨ੍ਹਾਂ ਦੇ ਪੈਰ ਧੋ ਕੇ ਖੁਦ ‘ਚਰਨ-ਅੰਮ੍ਰਿਤ` ਪੀਤਾ। ਅਕਲ ਦੇ ਅੰਨ੍ਹੇ ਲੋਕਾਂ ਨੇ ਰਾਸ਼ਟਰਪਤੀ ਨੂੰ ਵੱਡਾ ਧਰਮੀ ਪੁਰਖ ਮੰਨ ਲਿਆ। ਅਖਬਾਰਾਂ ਨੇ ਸੋਹਿਲੇ ਗਾਏ। ਵਾਹ ਰਾਜਨੀਤੀ ਤੇਰੇ ਰੂਪ ਹਜ਼ਾਰ। ਅਣਗਿਣਤ ਬੱਜਰ ਪਾਪ ਕਰਨ ਵਾਲੇ, ਪਾਖੰਡੀ ਰਾਜਨੀਤਿਕ ਵਿਅਕਤੀ, ਕਰਮ ਚੰਦ ਗਾਂਧੀ ਨੂੰ ‘ਧਰਮੀ ਪੁਰਖ` ਪੇਸ਼ ਕਰਨ ਵਾਸਤੇ ਅਣਗਿਣਤ ਪਾਪੜ ਵੇਲੇ। ਲੱਖਾਂ ਰੁਪੈ ਖਰਚਣੇ ਪਏ, ਲੰਗੋਟੀ ਧਾਰਨੀ ਪਈ, ਪੂਜਾ ਅਰਚਣਾ, ਤੀਰਥ ਯਾਤਰਾ ਆਦਿ ਕਰਨੀ ਪਈ, ਫਿਰ ਕਿਤੇ ਉਸਨੂੰ ‘ਮਹਾਤਮਾ` ਬਣਾਇਆ ਜਾ ਸਕਿਆ।

ਗਰੀਬਾਂ ਦਾ ਖੂਨ ਨਿਚੋੜ ਕੇ, ਉਹਨਾਂ ਦਾ ਹੱਕ ਖੋਹ ਕੇ, ਗੁਲਛਰਰੇ ਉਡਾਉਣ ਵਾਲੇ ਰਾਜਸੀ ਲੋਕ, ਧਰਮ ਅਸਥਾਨਾਂ ਨੂੰ ਮਾਇਆ ਦੇ ਖੁੱਲੇ ਗੱਫੇ ‘ਦਾਨ` ਕਰਦੇ ਹਨ। ਬਦਲੇ ਵਿੱਚ ਧਾਰਮਕ ਲੋਕ, ਇਹਨਾਂ ਦੀ ਲੋਕ ਪਰਲੋਕ ਵਿੱਚ ਜੈ ਜੈ ਕਾਰ ਹੋਣ ਦੀ ਲੁਭਾਵਣੀ ਅਰਦਾਸ ਕਰਦੇ ਹਨ। ਰਾਜਸੀ ਗੱਦੀਆਂ ਪ੍ਰਾਪਤ ਕਰਨ ਵਾਸਤੇ, ਭਾਵੇਂ ਮੰਦਰ ਮਸਜਿਦ ਦੇ ਪੁਰਾਣੇ ਮੁਰਦੇ ਪੁੱਟਣੇ ਪੈਣ, ਭਾਵੇਂ ਕਲਪਿਤ ਅਰਜਣ ਦਾ ਮਖੌਟਾ ਪਹਿਨ ਕੇ ਰਥ ਯਾਤਰਾ ਕਰਨੀ ਪਵੇ। ਬੇਸ਼ੱਕ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਤੇ ਫੌਜਾਂ ਨਾਲ ਮਾਰੂ ਹੱਲਾ ਬੋਲਣਾ ਪਵੇ। ਭਾਵੇਂ ‘ਖਾਲਸਾ ਮਾਰਚ` ਕੱਢਣੇ ਪੈਣ ਜਾਂ ਫਿਰ ‘ਪਵਿੱਤਰ ਸ੍ਰੋਵਰ ਦੀ ਕਾਰ ਸੇਵਾ` ਕਰਨੀ ਪਵੇ। ਅੱਜ ਸਿੱਖਾਂ ਦੀ ਦਸ਼ਾ ਏਨੀ ਨਿੱਘਰ ਗਈ ਹੈ ਕੋਈ ਵਿਅਕਤੀ ਗੁਰਦੁਆਰੇ ਆ ਕੇ ਸੌ ਰੁਪੈ ਰੱਖ ਦੇਵੇ ਤਾਂ ਝੱਟ ਪੱਟ ਉਸਨੂੰ ‘ਸਿਰੋਪਾਉ` ਬਖਸ਼ ਦਿੱਤਾ ਜਾਂਦਾ ਹੈ। ਕਿਸੇ ਨੇ ਸਹਿਜ ਪਾਠ, ਕਿਸੇ ਅਖੰਡ ਪਾਠ ਕਰਵਾਇਆ ਲਉ ਜੀ ਸਿਰੋਪਾ। ਜੋੜੇ ਸਾਂਭਣ, ਲੰਗਰ, ਕੀਰਤਨ, ਕਥਾ ਵਾਲਿਆਂ ਨੂੰ.... ਸਿਰੋਪੇ ਥੋਕ ਵਿੱਚ ਵੰਡੇ ਜਾ ਰਹੇ ਹਨ। ਹੁਣ ਤੇ ਪੰਥ ਦੋਖੀਆਂ ਨੂੰ ਭੀ ਸਿਰੋਪੇ ਕਿਰਪਾਨਾਂ ਘਰੀ ਜਾ ਕੇ ਦਿੱਤੇ ਜਾ ਰਹੇ ਹਨ, ਉਹ ਭੀ ਵੱਡੇ ਜਥੇਦਾਰਾਂ ਵੱਲੋਂ। ਸਤਿਗੁਰੂ ਸੁਮੱਤ ਬਖਸ਼ ਦੇਣ। ਪਾਵਨ ਫੁਰਮਾਨ ਹੈ:-

ਜੀਅ ਬਧਹੁ ਸੁ ਧਰਮ ਕਰਿ ਥਾਪਹੁ ਅਧਰਮ ਕਹਹੁ ਕਤ ਭਾਈ।।

ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ। (1102)

ਕਵੀਆਂ ਸਾਹਿਤਕਾਰਾਂ ਨੂੰ ਸਨਮਾਨ ਅਤੇ ਸਹੂਲਤਾਂ ਦੇਣ ਦਾ ਮਕਸਦ ਅਸਲ ਵਿੱਚ ਇਹੀ ਹੈ, ਕਿ ਇਹ ਲੇਖਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਚੁੱਪ ਚਾਪ ਅੰਮ੍ਰਿਤ ਦਾ ਘੁੱਟ ਸਮਝਕੇ ਪੀ ਲੈਣਗੇ। ਹਰ ਚੀਜ਼ ਨੂੰ ਸਨਮਾਨ ਵਾਲੇ ਰੰਗੀਨ ਚਸ਼ਮੇ (ਐਨਕ) ਵਿੱਚੋਂ ਦੀ ਵੇਖਣਗੇ। ਅਖਬਾਰਾਂ ਟੀ.ਵੀ. ਚੈਨਲਾਂ ਦੀ ਆਪਣੀ ਕੀਮਤ ਹੈ। ਕਿਸੇ ਦੀ ਘੱਟ ਕਿਸੇ ਦੀ ਵੱਧ। ਜੇ, ਐਮ.ਐਲ.ਏ. ਤੇ ਐਮ.ਪੀ. ਲੋੜ ਵਕਤ ਵੱਡੀ ਕੀਮਤ ਤਾਰ ਕੇ ਖਰੀਦੇ ਜਾ ਸਕਦੇ ਹਨ ਤਾਂ ਗੁਰਦੁਆਰਾ ਕਮੇਟੀਆਂ ਦੇ ਮੈਂਬਰ (ਸਮੇਤ ਐਸ.ਜੀ.ਪੀ.ਸੀ.) ਵਿਕਣ ਤੋਂ ਕਿਵੇਂ ਇਨਕਾਰ ਕਰ ਸਕਦੇ ਹਨ? ਉਹ ਤਾਂ ਵਿਚਾਰੇ ਬਹੁਤੇ ਹੀ ਸ਼ੁਸੀਲ ਹਨ, ‘ਧਾਰਮਕ ਵਿਅਕਤੀ` ਜੁ ਹੋਇ।

ਖਰੀਦ ਵੇਚ ਦਾ ਇਹ ਧੰਦਾ ਇਤਨੇ ਸਹਿਜ ਨਾਲ ਚੱਲ ਰਿਹਾ ਹੈ, ਆਮ ਵਿਅਕਤੀ ਸ਼ੱਕ ਤੱਕ ਨਹੀਂ ਕਰ ਸਕਦਾ। ਇੱਕ ਬਹੁਤ ਵੱਡੇ ਵਿਅਕਤੀ ਨੂੰ... ਸੰਤ ਜੀ ਨੇ ਮੁਲਾਕਾਤ ਲਈ ਸੱਦਿਆ। ‘ਡੂੰਘੀਆਂ ਪੰਥਕ ਵਿਚਾਰਾਂ ਬੰਦ ਕਮਰੇ ਵਿੱਚ ਹੋਈਆਂ।` ਤੁਸੀਂ ਹਰ ਸੰਗਰਾਂਦ ਵਾਲੇ ਦਿਨ ਦੋ ਘੰਟੇ ਸਾਡੇ ਡੇਰੇ ਆਇਆ ਕਰੋ, ਸੰਤ ਜੀ ਨੇ ਕਿਹਾ। ‘ਪਰ ਮੇਰੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੈ, ਮੇਰੇ ਲਈ ਆਉਣਾ ਮੁਸ਼ਕਲ ਹੈ,` ਵੱਡੇ ਬੰਦੇ ਨੇ ਜੁਆਬ ਦਿੱਤਾ। ਤੁਹਾਡੇ ਦੋ ਘੰਟੇ ਕਿੰਨੇ ਕੁ ਕੀਮਤੀ ਹਨ? ਦੋ ਘੰਟਿਆਂ ਦੇ ਵੀਹ ਹਜ਼ਾਰ ਰੁਪੈ। ਠੀਕ ਹੈ ਮੈਨੂੰ ਪਰਵਾਨ ਹੈ, ਤੁਸੀਂ ਸੰਗਰਾਂਦ ਵਾਲੇ ਦਿਨ ਗੁਰਬਾਣੀ ਸੁਣੋ ਜੀਵਨ ਸਫਲਾ ਕਰੋ...। ਸੌਦਾ ਤੈਹ ਹੋ ਗਿਆ, ਤੇ ਸੰਤ ਜੀ ਦੇ ਗਾਹਕਾਂ ਵਿੱਚ ਢੇਰ ਸਾਰਾ ਵਾਧਾ ਹੋ ਗਿਆ ਕਿਉਂਕਿ ਇੱਕ ਚੋਟੀ ਦਾ ਵੱਡਾ ਵਿਅਕਤੀ ਬਾਬਾ ਜੀ ਨੂੰ ਨਮਸਕਾਰ ਕਰਨ ਆਉਂਦਾ ਹੈ, ਲੋਕਾਂ ਦੀਆਂ ਵਹੀਰਾਂ ਕਿਉਂ ਨਾ ਆਉਣ? ਦੋਵੇਂ ਫਾਇਦੇ ਵਿੱਚ, ਯਾਰੀ ਪੱਕੀ।

ਇੱਕ ਹੋਰ ਸਰਦਾਰ ਜੀ ਦੇ ਚਾਰ ਇੱਟਾਂ ਦੇ ਭੱਠੇ ਹਨ, ਦਸ ਕੁ ਟਰੱਕ ਭੀ ਇੱਟਾਂ ਪੁਚਾਣ ਲਈ ਰੱਖੇ ਹਨ। ਬੜੇ ਪੱਕੇ ਗੁਰਸਿੱਖ ਹਨ, ਕਿਸੇ ਸਾਧ ਅੱਗੇ ਨਹੀਂ ਝੁਕਦੇ।... ਬਾਬਾ ਜੀ ਨੇ ਮਿਲਣ ਦੀ ਇੱਛਾ ਪ੍ਰਗਟ ਕੀਤੀ। ਕਈ ਵਾਰ ਫੋਨ ਕਰਨ ਤੋਂ ਬਾਅਦ ਸਰਦਾਰ ਜੀ ਆ ਗਏ, ਕੰਮ ਪੁੱਛਿਆ। ਸੰਤ ਜੀ ਬੋਲੇ ‘ਗੁਰਮੁਖ ਪਿਆਰੇ ਜੀਓ, ਅਸੀਂ ਗੁਰਦਵਾਰੇ ਦੀ ਨਵੀਂ ਇਮਾਰਤ ਤਿਆਰ ਕਰ ਰਹੇ ਹਾਂ, ਦੋ ਟਰੱਕ ਇੱਟਾਂ ਦੀ ਸੇਵਾ ਕਰੋ।` ‘ਦੋ ਟਰੱਕ ਤਾਂ ਕੀ ਮੈਂ ਗਿਣਤੀ ਦੀਆਂ ਦੋ ਇੱਟਾਂ ਭੀ ਕਿਸੇ ਸਾਧ ਨੂੰ ਨਹੀਂ ਦਿਆਂਗਾ`। ਮੈਂ ਜਾਣਦਾ ਹਾਂ ਤੁਹਾਡੇ ਸੁਭਾਅ ਨੂੰ। ਦੋ ਟਰੱਕ ਇੱਟਾਂ ਦੀ ਕੀਮਤ ਕਿੰਨੀ ਬਣਦੀ ਹੈ? ਇਹੀ ਕੋਈ ਪੰਦਰਾਂ ਕੁ ਹਜ਼ਾਰ? ਮੈਂ ਤੁਹਾਨੂੰ ਦੋ ਟਰੱਕ ਇੱਟਾਂ ਦਾ ਤੀਹ ਹਜ਼ਾਰ ਰੁਪਿਆ ਦਿਆਂਗਾ, ਤੇ ਨਾਲ ਤੁਹਾਡੀ ਸੇਵਾ ਦੀ ਪਰਸੰਸਾ ਕਰਾਂਗਾ। ਭਰੇ ਦੀਵਾਨ ਵਿੱਚ ਸਰੋਪਾ ਦੇ ਕੇ ਐਲਾਨ ਕਰਾਂਗਾ ਸ੍ਰ. ਜੀ ਨੇ ਗੁਰੂ ਘਰ ਵਾਸਤੇ ਦੋ ਟਰੱਕ ਸੇਵਾ ਕਰਾਈ ਹੈ, ਬੋਲੇ ਸੋ ਨਿਹਾਲ....। ਸਾਧ ਸੰਗਤ ਤੁਸੀਂ ਭੀ ਖੁੱਲੇ ਦਿਲ ਸੇਵਾ ਕਰੋ। ਸੇਵਾਦਾਰਾਂ ਦਾ ਤਾਂਤਾ ਸ਼ੁਰੂ ਹੋ ਗਿਆ, ਇੱਕ ਦੀ ਪ੍ਰਸੰਸਾ ਦੂਜੇ ਦੀ ਆਮਦਨੀ

ਤੁਮ ਪਵਿਤ ਪਾਵਨ ਪੁਰਖ ਪ੍ਰਭ ਸੁਆਮੀ, ਹਮ ਕਿਉਂ ਕਰਿ ਮਿਲਹਿ ਜੂਠਾਰੀ।।

ਹਮਰੈ ਜੀਇ ਹੋਰੁ ਮੁਖਿ ਹੋਰ ਹੋਤ ਹੈ, ਹਮ ਕਰਮਹੀਣ ਕੂੜਿਆਰੀ।।

ਹਮਰੀ ਮੁਦ੍ਰ ਨਾਮੁ ਹਰਿ ਸੁਆਮੀ, ਰਿਦ ਅੰਤਰਿ ਦੁਸਟੁ ਦੁਸਟਾਰੀ।। (528)

ਲੰਮੇਂ ਸਮੇਂ ਤੋਂ ਭੋਲੀ ਜਿਹੀ ਸਾਧ ਸੰਗਤ ਨੂੰ ਅਨੇਕ ਢੰਗ ਤਰੀਕੇ ਵਰਤ ਕੇ ਖੂਬ ਲੁੱਟਿਆ ਹੈ। ਗੁਰਮਤ ਦਾ ਗਿਆਨ ਤਾਂ ਉØੱਕਾ ਹੀ ਨਹੀਂ ਦਿੱਤਾ ਗਿਆ। ਜ਼ਰਾ ਸੋਚੋ! ਅਗਰ ਦਾਨ ਪੁੰਨ ਨਾਲ ਸਮਾਜ ਦਾ ਕੁਝ ਸੰਵਰਨਾ ਹੰਦਾ, ਤਾਂ ਸਦੀਆਂ ਤੋਂ ਦਾਨ ਪੁੰਨ ਹੁੰਦਾ ਆ ਰਿਹਾ ਹੈ। ਹੁਣ ਤੱਕ ਤਾਂ ਸਭ ਪ੍ਰਕਾਰ ਦੀਆਂ ਬੁਰਾਈਆਂ ਵਿਕਾਰ ਖ਼ਤਮ ਹੋ ਜਾਣੇ ਚਾਹੀਦੇ ਸੀ। ਹਾਂ ਪੁਜਾਰੀਆਂ ਦਾ ਬਹੁਤ ਕੁਝ ਬਣ ਸੰਵਰ ਗਿਆ ਹੈ। ਡੱਕਾ ਦੂਹਰਾ ਕਰਨ ਤੋਂ ਬਿਨਾਂ, ਜਿੰLਦਗੀ ਦੀਆਂ ਸਭ ਸਹੂਲਤਾਂ ਭੋਗ ਰਹੇ ਹਨ। ਆਮ ਇਨਸਾਨ ਨੂੰ ਸਖ਼ਤ ਮਿਹਨਤ ਤੋਂ ਬਾਅਦ ਮਸੀਂ ਰੱਜਵੀਂ ਰੋਟੀ ਨਸੀਬ ਹੁੰਦੀ ਹੈ। ਵਿਹਲੜ ਪੁਜਾਰੀ ਟੋਲੇ, ਦੁੱਧ ਮਲਾਈਆਂ, ਗਿਰੀਆਂ ਬਦਾਮ ਛਕ ਰਹੇ ਹਨ। ਇਹ ਪੁਜਾਰੀ ਤੇ ਧਰਮ ਅਸਥਾਨ ਰਾਜਸੀ ਗੁੰਡਿਆਂ ਦੇ ਕਬਜ਼ੇ ਵਿੱਚ ਹਨ। ਇਹ ਇੱਕ ਬਹੁਤ ਵਿਸ਼ਾਲ ਤਾਣਾ ਬਾਣਾ ਹੈ, ਕਿਸ ਨੇ ਕਿੱਥੇ ‘ਸ਼ਿਕਾਰ` ਦੀ ਉਡੀਕ ਵਿੱਚ ਫੰਦਾ ਲਾ ਕੇ ਬੈਠਣਾ ਹੈ, ਪਹਿਲਾਂ ਹੀ ਨਿਸ਼ਚਿਤ ਹੋਇਆ ਹੁੰਦਾ ਹੈ। ਪਰਸਿੱਧ ਕਵੀ ਇਕਬਾਲ ਦਾ ਇਰਸ਼ਾਦ ਹੈ:-

ਹਵਸ ਕੇ ਬੰਦੇ ਵਫਾ ਕੋ ਬੇਚ ਦੇਤੇ ਹੈਂ।

ਖੁਦਾ ਕੇ ਘਰ ਕੀ ਕਿਆ ਕਹੀਏ, ਯਿਹ ਖੁਦਾ ਕੋ ਬੇਚ ਦੇਤੇ ਹੈਂ।

ਗੁਰੂ ਨਾਨਕ ਸਾਹਿਬ ਜੀ ਨੇ ਸੈਂਕੜੇ ਸਾਲਾਂ ਦਾ ਪਲਾਨ ਤਿਆਰ ਕਰਕੇ, ਆਪਣਾ ਕੰਮ ਸ਼ੁਰੂ ਕੀਤਾ ਸੀ। ਲੰਮੀ ਘਾਲਣਾ ਤੋਂ ਬਾਅਦ ਕਿਤੇ ਸਮਾਜ ਦਾ ਮੂੰਹ ਮੱਥਾ ਸੰਵਰਿਆ ਸੀ। ਸਤਿਗੁਰੂ ਜੀ ਦੇ ਇੱਕ ਇਸ਼ਾਰੇ ਤੇ ਸਭ ਕੁਝ ਵਾਰ ਦੇਣ ਵਾਲਿਆਂ ਦਾ ਕਾਫਲਾ ਮੰਜ਼ਲ ਵੱਲ ਚੱਲ ਪਿਆ ਸੀ। ਸਿਰਾਂ ਦੀ ਬਾਜ਼ੀ ਲਾ ਕੇ ਜ਼ੁਲਮ ਦਾ ਖਾਤਮਾ ਕੀਤਾ ਸੀ। ਅੱਜ ਦੁੱਧ ਪੀਣੇ ਮਜਨੂੰ, ਏ.ਸੀ. ਦੀਆਂ ਹਵਾਵਾਂ ਵਿੱਚ ਸਵਰਗ ਦੇ ਮਿੱਠੇ ਸੁਪਨੇ ਲੈਣ ਵਾਲੇ, ਗੁਰਮਤ ਦੀ ਹਰ ਪ੍ਰੀਖਿਆ ਵਿੱਚੋਂ ਫੇਲ ਲੋਕੀਂ, ਹੱਥੀਂ ਠੂਠੇ ਫੜੀਂ, ਦੀਨ ਈਮਾਨ ਵੇਚ ਕੇ ਕੁਰਸੀਆਂ ਲਈ ਲਾਲ੍ਹਾਂ ਸੁੱਟਦੇ, ਸਾਫ਼ ਨਜ਼ਰ ਆ ਰਹੇ ਹਨ। ਪੁਰਾਤਨ ਸਮਿਆਂ ਵਿੱਚ ‘ਮੈਂ ਪਹਿਲਾਂ ਸੀਸ ਵਾਰ ਦਿਆਂ` ਦੀ ਪਵਿੱਤਰ ਸੋਚ ਸੀ। ਅੱਜ ‘ਮੈਂ ਪਹਿਲਾਂ ਕੁਰਸੀ ਤੇ ਬੈਠਾਂ`, ਇਹੀ ਨਿੱਘਰਿਆ ਹੋਇਆ ਰਾਗ ਸੁਣਾਈ ਦੇ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਧਰਤੀ ਦੇ ਟੁੱਕੜੇ ਤੇ ਰਾਜ ਨਹੀਂ ਕੀਤਾ, ਪਰ ਕਰੋੜਾਂ ਲੋਕਾਂ ਦੇ ਦਿਲਾਂ ਤੇ ਸਦੀਵੀਂ ਰਾਜ ਕੀਤਾ ਹੈ। ਅੱਜ ਸਿੱਖ ਲੀਡਰ ਧਰਤੀ ਦੇ ਟੁੱਕੜੇ ਤੇ ਰਾਜ ਕਰਨ ਲਈ ਤਰਲੋਮੱਛੀ ਦਿੱਸਦੇ ਹਨ। ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ੇ ਉੱਤਮ ਗੁਣਾਂ ਤੋਂ ਖਾਲੀ ਸੱਖਣੇ। ਅਗਰ ਧਰਮ ਬਚ ਗਿਆ, ਹਿਰਦੇ ਵਿੱਚ ਟਿਕ ਗਿਆ, ਤਾਂ ਰਾਜ ਦੀ ਆਸ ਕੀਤੀ ਜਾ ਸਕਦੀ ਹੈ। ਧਰਮ ਹੀ ਨਾ ਰਿਹਾ ਤੇ ਰਾਜ ਕੈਸਾ ਤੇ ਕਿਵੇਂ ਆਵੇਗਾ? ਧਰਮ ਵਿਹੂਣਾ? ਧਰਮ ਤੇ ਰਾਜਨੀਤੀ ਇਕੱਠੀ ਦੀ ਡੌਂਡੀ ਪਿੱਟਣ ਵਾਲੇ, ਧਰਮ ਨੂੰ ਬਦਨਾਮ ਕਰ ਰਹੇ ਹਨ, ਰਾਜ ਇਹਨਾਂ ਕੋਲ ਆਉਣਾ ਕੋਈ ਨਹੀਂ। ਕੇਵਲ ਧਰਮ ਨੂੰ ਕੁਚੇਸ਼ਟਾ ਭਰੇ ਢੰਗ ਨਾਲ ਵਰਤਤਿਆ ਜਾ ਰਿਹਾ ਹੈ। ਪਾਵਨ ਬਾਣੀ ਦਾ ਬੋਧ ਹੋਣਾ ਤਾਂ ਦੂਰ ਦੀ ਗੱਲ, ਇੱਥੇ ਤਾਂ ਸਿੱਖਾਂ ਦੇ ਮੁਖੀਆਂ ਨੇ ਸਿੱਖ ਹੋਣ ਦੀ ਪਹਿਲੀ ਸ਼ਰਤ - ਖੰਡੇ ਦੀ ਪਾਹੁਲ ਭੀ ਪੂਰੀ ਨਹੀਂ ਕੀਤੀ। ਜਿਨ੍ਹਾਂ ਅਣਸਰਦੇ ਨੂੰ ਗਲ ਕਿਰਪਾਨ ਲਟਕਾਈ ਹੈ, ਉਹ ਭੀ ਪਾਖੰਡੀ ਗੁਰੂਆਂ, ਡੇਰਿਆਂ ਤੇ ਨੱਕ ਰਗੜਦੇ ਵੇਖੇ ਜਾ ਸਕਦੇ ਹਨ। ਤਿਲਕ, ਮੁਕਟ, ਹਵਨ, ਗਲ ਲਾਲ ਚੁੰਨੀਆਂ ਪਾਈ, ਬੇਸ਼ਰਮੀ ਨਾਲ ਘੁੰਮ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ‘ਰਾਮ ਜੀ ਕੀ ਫਤੇ`, ਬੁਲਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰ ਰਹੇ ਹਨ। ਹੈ ਕੋਈ ਰੋਕਣ ਵਾਲਾ? ਗੁਰਵਾਕ ਹਨ:-

ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣ ਨਾਵੈ ਜੀਆ ਘਾਇ।।

ਜੋਗੀ ਜੁਗਤਿ ਨਾ ਜਾਣੈ ਅੰਧੁ।। ਤੀਨੇ ਉਜਾੜੇ ਕਾ ਬੰਧੁ।। (662)

ਅਸਲ ਗੱਲ ਤਾਂ ਇਹ ਸੀ ਕਿ ਰਾਜਨੀਤੀ ਅਤੇ ਧਰਮ, ਦੋਵੇਂ ਹੀ ਲੋਕਾਈ ਦੇ ਭਲੇ ਹਿੱਤ ਹੋਣੇ ਚਾਹੀਦੇ ਹਨ। ਹਾਲਾਤ ਦੀ ਮਜ਼ਬੂਰੀ ਕਾਰਨ ਸਵੀਕਾਰ ਕਰ ਲੈਂਦੇ ਹਾਂ ਕਿ ਰਾਜਸੀ ਲੋਕਾਂ ਤੋਂ ਹੱਕ ਸੱਚ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਹਨਾਂ ਰਾਜਸੀ ਗੁੰਡਿਆਂ ਨੂੰ ਧਰਮ ਅਸਥਾਨਾਂ ਦੀ ਦੁਰਵਰਤੋਂ ਕਰਨੋਂ ਤਾਂ ਰੋਕਿਆ ਜਾ ਸਕਦਾ ਹੈ। ਪਰ ਜਦੋਂ ਚੋਰ ਤੇ ਕੁੱਤੀ ਅੰਦਰ ਖਾਤੇ ਇੱਕ ਹੋਣ ਤਾਂ ਘਰ ਸੁਰੱਖਿਅਤ ਕਿਵੇਂ ਰਹਿ ਸਕਦਾ ਹੈ? ਅਖੌਤੀ ਧਰਮ ਮੁਖੀ ਲੋਕ ਭੀ ਤਾਂ ਵਿਚਾਰੇ ਇਸੇ ਸਮਾਜ ਵਿੱਚ ਜੰਮੇ ਪਲੇ, ਤੇ ਪਰਵਾਨ ਚੜ੍ਹੇ ਹਨ। ਫਿਰ ਸਮਾਜ ਵਿੱਚ ਵਰਤ ਰਹੇ ਵਰਤਾਰੇ ਤੋਂ, ਉਹ ਕਿਵੇਂ ਅਭਿੱਜ ਰਹਿ ਸਕਦੇ ਹਨ?

ਫਰਜ਼ ਕਰੋ ਇੱਕ ਸਿੱਖ ਡਾਕਟਰ ਹੈ, ਉਹ ਵਕਾਲਤ ਨਹੀਂ ਕਰ ਸਕਦਾ, ਭਵਨ ਨਿਰਮਾਣ ਜਾਂ ਹੋਰ ਅਜਿਹੇ ਕੰਮ ਨਹੀਂ ਕਰ ਸਕਦਾ, ਜਿਸਦੀ ਉਸਨੇ ਸਿੱਖਿਆ ਨਾ ਲਈ ਹੋਵੇ। ਕਰੇਗਾ ਤਾਂ ਗਲਤ ਕਰੇਗਾ। ਵਕੀਲ ਕਿਸੇ ਮਰੀਜ਼ ਦਾ ਇਲਾਜ ਨਹੀਂ ਕਰ ਸਕਦਾ, ਕਿਉਂਕਿ ਉਸ ਦੀ ਸਿੱਖਿਆ ਅਲੱਗ ਕਿਸਮ ਦੀ ਹੈ। ਅਣਗਿਣਤ ਕਿੱਤਿਆਂ ਵਿੱਚ ਮਾਹਰ ਸਿੱਖ ਮਿਲਣਗੇ, ਪਰ ਸਿੱਖਿਆ ਕਾਰਨ ਕੰਮ ਅੱਡੋ ਅੱਡ ਹੋਣਗੇ। ਇਸੇ ਤਰ੍ਹਾਂ ਸਾਡੇ ਪੁਰਾਣੇ ਸਮੇਂ ਦੇ ਬਜ਼ੁਰਗਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਾਈ ਸੀ। ਧਰਮ ਪ੍ਰਚਾਰ ਲਈ ਨੌਜਵਾਨ ਤਿਆਰ ਕਰਨੇ, ਸਿੱਖ ਸਾਹਿਤ ਛਾਪ ਕੇ ਵੰਡਣਾ, ਦੇਸ਼ ਵਿਦੇਸ਼ ਦੇ ਸਿੱਖਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿੱਚ ਸਹਾਇਤਾ ਕਰਨੀ। ਅਖਬਾਰ ਰਸਾਲੇ ਚਾਲੂ ਕਰਨੇ, ਸਿੱਖਾਂ ਨੂੰ ਇੱਕ ਕੇਂਦਰ, ਇੱਕੋ ਵਿਚਾਰਧਾਰਾ ਵਿੱਚ ਪਰੋ ਕੇ ਰੱਖਣਾ ਆਦਿ। ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਸੀ, ਕਿ ਸਿੱਖਾਂ ਦੇ ਰਾਜਸੀ ਹੱਕਾਂ ਵਾਸਤੇ ਜਤਨਸ਼ੀਲ ਰਹਿਣਾ। ਜੇ ਕਦੀ ਮੌਕਾ ਮਿਲੇ ਤਾਂ ਪੰਜਾਬ ਵਿੱਚ ਅਕਾਲੀ ਸਰਕਾਰ ਬਣਾਉਣੀ। ਹੈ ਤਾਂ ਦੋਵੇਂ ਧਿਰਾਂ ਸਿੱਖ ਸਨ, ਪਰ ਕਾਰਜ ਖੇਤਰ ਦੀ ਵੰਡ ਕੀਤੀ ਗਈ ਸੀ। ਸਮੇਂ ਨੇ ਕਰਵਟ ਬਦਲੀ ਕਿ ਦੋਵੇਂ ਘਿਉ ਖਿਚੜੀ ਹੋ ਗਏ। ਗੁਰੂ ਘਰਾਂ ਵਿੱਚ ਸ਼ਰਧਾ ਨਾਲ ਅਰਪਣ ਕੀਤਾ ਪੈਸਾ, ਰਾਜਸੀ ਕੰਮਾਂ ਤੇ ਫੂਕਿਆ ਜਾਣ ਲੱਗਾ। ਸ਼੍ਰੋ: ਕਮੇਟੀ ਮੈਂਬਰ ਐਮ.ਐਲ.ਏ. ਤੇ ਐਮ.ਪੀ. ਬਣਨ ਲੱਗੇ। ਖੁਦ ਗੁਰਚਰਨ ਸਿੰਘ ਟੌਹੜਾ, ਆਖਰੀ ਸੁਆਸਾਂ ਨਾਲ, ‘ਧਰਮ ਤੇ ਰਾਜਨੀਤੀ ਇਕੱਠੀ ਨਿਭੇ` ਤੇ ਪੂਰਾ ਉਤਰਿਆ। ਜੋ ਦੁਰਦਸ਼ਾ ਧਰਮ ਤੇ ਉੱਤਮ ਅਸੂਲਾਂ ਦੀ, ਬੇਈਮਾਨ ਰਾਜਸੀ ਲੋਕਾਂ ਨੇ ਕੀਤੀ ਹੈ, ਉਸ ਤੋਂ ਹੁਣ ਕੋਈ ਅਣਜਾਣ ਨਹੀਂ ਹੈ। ਇਹਨਾਂ ਖੁਦਗਰਜ਼ ਲੋਕਾਂ ਨੇ, ਜਿੱਥੇ ਰਾਜਨੀਤੀ ਨੂੰ ਇੱਕ ਜੂਆ ਬਣਾ ਧਰਿਆ ਹੈ ਤਾਂ ਧਰਮ ਨੂੰ ਘੋੜਾ। ਇੱਕ ਮਹਾਨ ਫਿਲਾਸਫਰ ਖਲੀਲ ਜ਼ਿਬਰਾਨ ਦੇ ਬਚਨ ਸੁਣੋ - ‘ਮੈਂ ਦੁਨੀਆਂ ਵੇਖੀ, ਜੰਗਲਾਂ ਤੋਂ ਸ਼ਹਿਰਾਂ ਵੱਲ, ਝੁੱਗੀਆਂ ਤੋਂ ਮਹਿਲਾਂ ਵੱਲ, ਵਧਦਿਆਂ ਵੇਖਿਆ। ਮੈਂ ਰਾਜ ਭਵਨਾਂ ਕਾਲਜਾਂ, ਮੰਦਰਾਂ ਬਲੀਬੇਦੀਆਂ (ਕਤਲਗਾਹਾਂ) ਤੇ ਗਿਆ। ਮੈਂ ਵੇਖਿਆ ਮਜ਼ਦੂਰ ਅਮੀਰ ਦਾ ਗੁਲਾਮ ਹੈ। ਅਮੀਰ ਸਿਪਾਹੀ ਦਾ ਗੁਲਾਮ ਹੈ। ਸਿਪਾਹੀ ਜਰਨੈਲ ਦਾ ਗੁਲਾਮ, ਜਰਨੈਲ ਰਾਜੇ ਦਾ ਗੁਲਾਮ। ਰਾਜਾ ਪਾਦਰੀ ਦਾ ਗੁਲਾਮ ਹੈ। ਪਾਦਰੀ ਇੱਕ ਮੂਰਤੀ ਦਾ ਗੁਲਾਮ ਹੈ। ਜੋ ਮਿੱਟੀ ਦੀ ਬਣੀ ਹੋਈ ਹੈ, ਜਿਸ ਨੂੰ ਸ਼ੈਤਾਨ ਨੇ ਖੂਨ ਵਿੱਚ ਗੁੰਨ ਕੇ, ਮੁਰਦਾ ਖੋਪੜੀਆਂ ਦੇ ਢੇਰ ਉੱਤੇ, ਟਿਕਾਇਆ ਹੋਇਆ ਹੈ। ਬੁਰਾਈ ਤੇ ਪਾਪ ਦਾ ਬਦਬੂਦਾਰ ਗੰਦਾ ਬੀਜ, ਕੌਮਾਂ ਅੱਗੇ ਤੋਂ ਅੱਗੇ ਔਲਾਦ ਦੇ ਨਾਮ, ਵਸੀਅਤ ਕਰ ਦਿੰਦੀਆਂ ਹਨ। ਕੋਈ ਆਦਮੀ ਖਾਨਦਾਨੀ ਪਤਵੰਤਾ ਨਹੀਂ ਹੁੰਦਾ, ਬੇਅੰਤ ਲੋਕ ਹਨ, ਜੋ ਕਾਤਿਲਾਂ ਦੇ ਉØੱਤਰ ਅਧਿਕਾਰੀ ਹਨ। ਜੋ ਵਿਅਕਤੀ ਅੱਜ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਹੈ, ਜ਼ਰੂਰੀ ਨਹੀਂ ਉਹ ਅਪਰਾਧੀ ਹੋਵੇ। ਕਈ ਵਾਰੀ ਇਹ ਜੰਜ਼ੀਰਾਂ ਸੋਨੇ ਦੇ ਹਾਰਾਂ ਨਾਲੋਂ ਬਹੁਤ ਕੀਮਤੀ ਹੋਇਆ ਕਰਦੀਆਂ ਹਨ। ‘ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਧਰਮੀ ਲਿਬਾਸ ਵਾਲਾ, ਅੰਦਰੋਂ ਭੀ ਧਰਮੀ ਹੋਵੇ। ਧਰਮ ਦੀਆਂ ਟਾਹਰਾਂ ਮਾਰਨ ਵਾਲਾ ਧਰਮ ਅਸਥਾਨਾਂ ਤੋਂ ਦੂਰ ਰਹੇ, ਜਾਂ ਫਿਰ ਨੇਕ ਰਾਹ ਤੇ ਚੱਲ ਪਵੇ।`

ਸਚਾ ਧਰਮੁ ਪੁੰਨੁ ਭਲਾ ਕਰਾਏ।। ਦੀਨ ਕੈ ਤੋਸੈ ਦੁਨੀ ਨ ਜਾਏ।।

ਦੀਨੁ ਛਡਾਏ ਦੁਨੀ ਜੋ ਲਾਏ।। ਦੁਹੀ ਸਰਾਈ ਖੁਨਾਮੀ ਕਹਾਏ।। (743)

ਅੱਜ ਸਿੱਖਾਂ ਕੋਲ ਧਰਮ ਦੇ ਨਾਮ ਹੇਠ ਬਹੁਤ ਸਾਰੇ ਕਰਮਕਾਂਡ ਹਨ, ਰਸਮਾਂ ਰੀਤਾਂ ਹਨ। ਵਹਿਮ ਭਰਮ ਹਨ, ਜ਼ਿੰਦਗੀ ਸੱਚੇ ਧਰਮ ਵੱਲੋਂ ਸੱਖਣੀ ਪ੍ਰਤੀਤ ਹੋ ਰਹੀ ਹੈ। ਪੈਸੇ ਦੀ ਅੰਨ੍ਹੀ ਦੌੜ ਨੇ ਧਰਮ ਅਸਥਾਨਾਂ ਅਤੇ ਧਰਮ ਗ੍ਰੰਥ ਨੂੰ ਕਮਾਈ ਦੇ ਸਾਧਨ ਵਜੋਂ ਵਰਤਣਾ ਸ਼ੁਰੂ ਕਰ ਲਿਆ ਹੈ। ਗੁਰਬਾਣੀ ਵੱਲੋਂ ਪ੍ਰਚਾਰਿਆ ਸੱਚ ਮਾਨੋਂ ਖੰਭ ਲਾ ਕੇ ਉØੱਡ ਗਿਆ ਹੈ। ਦੂਜੇ ਪਾਸੇ ਦੋ ਚਾਰ ਪ੍ਰਾਣੀ ਉੱਠਦੇ ਹਨ, ਅਨੇਕ ਹਰਬੇ ਵਰਤਦੇ ਹਨ, ਤੇ ਨਵੀਂ ਰਾਜਸੀ ਪਾਰਟੀ ਨੂੰ ਜਨਮ ਦੇ ਦਿੰਦੇ ਹਨ। ਪੰਥ ਦੇ ਨਾਮ ਤੇ, ਪੰਥ ਦੀ ਪਿੱਠ ਵਿੱਚ ਛੁਰਾ ਖੋਭਣ ਵਾਲੇ ਵੋਟ ਤੇ ਨੋਟ ਦੀ ਮੰਗ ਕਰਦੇ ਕਦੀ ਨਹੀਂ ਸ਼ਰਮਾਉਂਦੇ। ਐ ਸਤਿਗੁਰੂ ਜੀਓ! ਤੁਸੀਂ ਸਮਰੱਥ ਸੀਗੇ, ਧਰਮ ਤੇ ਰਾਜਨੀਤੀ ਨੂੰ ਤੁਸੀਂ ਮਨੁੱਖਤਾ ਦੇ ਕਲਿਆਣ ਹਿੱਤ ਬਾਖੂਬੀ ਵਰਤਿਆ ਨਿਭਾਇਆ। ਆਪਣੇ ਸਿੱਖਾਂ ਨੂੰ ਆਦੇਸ਼ ਦਿਓ! ਇਹ ਆਪਣਾ ਧਰਮ ਤੇ ਆਪਣੀ ਰਾਜਨੀਤੀ ਅਲੱਗ ਅਲੱਗ ਕਰ ਲੈਣ। ਵਰਨਾ ਨਾ ਧਰਮ ਪੱਲੇ ਰਹਿਣਾ ਹੈ, ਤੇ ਨਾ ਹੀ ਰਾਜ ਮਿਲਣਾ ਹੈ।

ਦੁਬਧਾ ਮੇ ਦੋਨੋਂ ਗਏ, ਨਾ ਮਾਇਆ ਮਿਲੀ, ਨਾ ਰਾਮ।

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75