ਗੁਰੂ ਗ੍ਰੰਥ ਸਾਹਿਬ - ਸਮਾਜ ਨਵ ਸਿਰਜਣਾ ਦਾ ਆਧਾਰ
ਮੁੱਢਲੇ ਰੂਪ ਵਿੱਚ ਮਨੁੱਖ ਸਮਾਜਕ ਪ੍ਰਾਣੀ ਹੈ, ਇਸ ਨੂੰ ਦੂਸਰਿਆਂ ਦੇ ਸਾਥ ਦੀ ਲੋੜ ਹੈ। ਇਕੱਲ ਵਿੱਚ ਜ਼ਿੰਦਗੀ ਨੀਰਸ ਅਤੇ ਅਕੇਵੇਂ ਭਰੀ ਹੋ ਜਾਂਦੀ ਹੈ ਪਰ ਜ਼ਿੰਦਗੀ ਬਤੀਤ ਕਿਵੇਂ ਕੀਤੀ ਜਾਵੇ ? ਰਿਸ਼ਤੇ ਨਾਤੇ ਕਿਵੇਂ ਨਿਭਾਏ ਜਾਣ ? ਮਨੁੱਖ ਨੂੰ ਇਹ ਕਿਵੇਂ ਪਤਾ ਲੱਗੇ ਕਿ ਜੋ ਮੈਂ ਕਰ ਰਿਹਾ ਹਾਂ ਇਹ ਸਹੀ ਹੈ ਕਿ ਗਲਤ, ਮੇਰੇ ਜੀਵਨ ਢੰਗ ਨਾਲ ਮੈਨੂੰ ਖੁਦ ਨੂੰ ਕੀ ਲਾਭ ਹੈ ? ਪਰਵਾਰ ਨੂੰ ਕੀ ਫਾਇਦਾ ਹੈ, ਜਾਂ ਫਿਰ ਮੈਂ ਸਮਾਜ ਨੂੰ ਕੀ ਦੇ ਰਿਹਾ ਹਾਂ? ਉØੱਪਰ ਵਰਣਿਤ ਸਵਾਲਾਂ ਨੂੰ ਹਰ ਇਨਸਾਨ ਖੁਦ ਹੱਲ ਨਹੀਂ ਕਰ ਸਕਦਾ। ਮਨੁੱਖੀ ਮਨ ਦੀ ਬਹੁਤੀ ਘਾੜਤ, ਪ੍ਰਵਾਰ, ਅਧਿਆਪਕ ਅਤੇ ਸਮਾਜ ਵੱਲੋਂ ਸਹਿਜ ਕਿਰਿਆ ਨਾਲ ਘੜੀ ਜਾਂਦੀ ਹੈ। ਸੰਪੂਰਣ ਸਮਾਜ ਦੀ ਜੀਵਨ ਸ਼ੈਲੀ ਨੂੰ ਜੇ ਕੋਈ ਸਭ ਤੋਂ ਜ਼ਿਆਦਾ ਪਰਭਾਵਤ ਕਰਨ ਦੇ ਸਮਰੱਥ ਹੈ, ਤਾਂ ਉਹ ਹੈ ‘‘ਧਰਮ``। ਧਰਮ ਦੀ ਸਿੱਖਿਆ ਮਾਤਾ ਪਿਤਾ, ਵਿਦਿਅਕ ਅਦਾਰੇ, ਧਰਮ ਮੰਦਰ ਅਤੇ ਸਮਾਜ ਦੇ ਤਜ਼ਰਬੇਕਾਰ ਵਿਅਕਤੀਆਂ ਰਾਹੀਂ ਅਚੇਤ ਜਾਂ ਚੇਤਨ ਰੂਪ ਵਿੱਚ ਪ੍ਰਾਪਤ ਕੀਤੀ ਜਾ ਰਹੀ ਹੁੰਦੀ ਹੈ। ਜਿਨ੍ਹਾਂ ਧਾਰਮਕ ਮੁਖੀਆਂ ਨੇ ਸਮਾਜ ਕਲਿਆਣ ਹਿੱਤ ਪਰਉਪਕਾਰ ਕੀਤੇ, ਦੁੱਖ ਤਸੀਹੇ ਝੱਲੇ, ਬੇਖੋਫ਼ ਹੋ ਕੇ ਜਬਰ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ, ਉਹਨਾਂ ਦੇ ਉਪਦੇਸ਼ ਤੇ ਜੀਵਨ, ਲੋਕਾਂ ਲਈ ਦੰਦ ਕਥਾਵਾਂ ਬਣ ਜਾਇਆ ਕਰਦੇ ਹਨ। ਧਰਮ ਅਤੇ ਪ੍ਰਮਾਤਮਾ ਇਨਸਾਨੀ ਭਾਈਚਾਰੇ ਲਈ, ਰੂਹ ਦੀ ਸੰਤੁਸ਼ਟੀ ਦੇ ਨਾਲ-ਨਾਲ ਆਤਮ ਅਡੋਲਤਾ ਬਖ਼ਸ਼ਦੇ ਹਨ। ਧਾਰਮਕ ਮਹਾਂਪੁਰਸ਼ ਜਨ ਸਮੂੰਹ ਲਈ ਚਾਨਣ ਦਾ ਮਿਨਾਰ ਜਾਂ ਜ਼ਿੰਦਗੀ ਦਾ ਮਾਡਲ ਬਣ ਕੇ ਸਦਾ ਪ੍ਰੇਰਨਾ ਦਿੰਦੇ ਰਹਿੰਦੇ ਹਨ।
ਜੇ ਧਰਮ ਇਨਸਾਨੀਅਤ ਨੂੰ ਜੀਵਨ ਜਾਚ, ਮਨੁੱਖੀ ਭਾਈਚਾਰਾ, ਹੌਂਸਲਾ, ਦ੍ਰਿੜਤਾ, ਪਰਉਪਕਾਰ ਆਦਿਕ ਦੀ ਨੇਕ ਸਿੱਖਿਆ ਨਹੀਂ ਦਿੰਦਾ ਤਾਂ ਉਹ ਧਰਮ ਕਦਾਚਿਤ ਨਹੀਂ ਹੋ ਸਕਦਾ, ਹੋਰ ਜੋ ਮਰਜ਼ੀ ਪਿਆ ਹੋਵੇ। ਇਸ ਭਾਰਤੀ ਖਿੱਤੇ ਦੇ ਲੋਕ ਕੁਝ ਅਜਿਹੀਆਂ ਰਸਮਾਂ ਰੀਤਾਂ, ਵਹਿਮਾਂ ਭਰਮਾਂ ਅਤੇ ਪੂਜਾ ਅਰਚਣਾ ਨੂੰ ਹੀ ਧਰਮ ਸਮਝ ਲੈਣ ਤੇ ਭੁਲੇਖੇ ਦਾ ਸ਼ਿਕਾਰ ਹੋ ਚੁੱਕੇ ਸਨ। ਕਾਲਪਨਿਕ ਦੇਵੀ ਦੇਵਤਿਆਂ ਵੱਲੋਂ ਧਰਤੀ ਤੇ ਆ ਕੇ ਹਰ ਤਰ੍ਹਾਂ ਦੇ ਕਸ਼ਟ ਹਰ ਲੈਣ ਦਾ ਭਰਮ ਧੁਰ ਅੰਤਿਸ਼ ਕਰਣ ਵਿੱਚ ਧਸਿਆ ਹੋਇਆ ਸੀ। ਜਿਸ ਕਾਰਨ ਸਮੁੱਚਾ ਤਾਣਾ ਬਾਣਾ ਚਰਮਰਾ ਚੁੱਕਿਆ ਸੀ। ਇਥੋਂ ਦੇ ਪੜ੍ਹੇ ਲਿਖੇ ਕੇਵਲ ‘‘ਪੁਜਾਰੀ`` ਬਣ ਚੁੱਕੇ ਸਨ, ਦੂਜਿਆਂ ਦੀ ਕਿਰਤ ਤੇ ਪਲਣ ਵਾਲੇ, ਹਰ ਤਰੀਕੇ ਭੋਲੇ ਲੋਕਾਂ ਨੂੰ ਲੁੱਟ ਕੇ ਖਾਣ ਵਾਲੇ ਇਹ ਸਨ ਬ੍ਰਾਹਮਣ। ਦੂਜੇ ਜੋਗੀ ਅਤੇ ਹੋਰ ਸਨਿਆਸੀ ਸਾਧੂ ਤਿਆਗੀ ਬੈਰਾਗੀ। ਇਹ ਘਰ ਪ੍ਰਵਾਰ ਰੱਬ ਆਸਰੇ ਛੱਡ ਕੇ, ਜੰਗਲਾਂ ਪਹਾੜਾਂ ਗੁਫਾਵਾਂ ਵਿੱਚ ਜਾ ਬੈਠੇ। ਇਹ ਸੰਸਾਰ ਮਾਇਆ ਹੈ ਦੁੱਖਾਂ ਦਾ ਘਰ ਹੇ, ਪ੍ਰਲੋਕ ਸੰਵਾਰਨ ਦੀ ਕੂੜੀ ਆਸ ਨਾਲ, ਜ਼ਿੰਮੇਵਾਰੀ ਤੋਂ ਭੱਜ ਉੱਠੇ ਸਨ। ਤੀਸਰੇ ਸੀ ਖੱਤਰੀ ਲੋਕ ਜਿਨ੍ਹਾਂ ਆਪਣੇ ਜ਼ਿੰਮੇ ਲੱਗੇ ‘‘ਧਰਮ`` ਨੂੰ ਨਿਭਾਉਂਦਿਆਂ ਹਥਿਆਰਬੰਦ ਹੋ ਕੇ ਦੇਸ਼ ਦੀ ਰਾਖੀ ਕਰਨੀ ਸੀ, ਇਹ ਵੀ ਫਰਜ਼ਾਂ ਤੋਂ ਮੂੰਹ ਮੋੜ ਬੈਠੇ। ਸਮੇਂ ਦੇ ਬਾਦਸ਼ਾਹ ਜ਼ਾਲਮ ਬਣ ਚੁੱਕੇ ਸਨ, ਤੇ ਉਹਨਾਂ ਦੇ ਅਹਿਲਕਾਰ ਰੱਤ ਪੀਣੇ ਦਰਿੰਦੇ। ਇਨਸਾਫ ਦੀ ਕੁਰਸੀ ਤੇ ਬਿਰਾਜਮਾਨ ਕਾਜ਼ੀ (ਜੱਜ) ਰਿਸ਼ਵਤਖੋਰ ਹੋ ਚੁੱਕੇ ਸਨ। ਇਹ ਸਾਰੇ ਆਪੋ ਆਪਣੀ ਥਾਵੇਂ ਸਮਾਜ ਨੂੰ ਉਜਾੜ ਰਹੇ ਤੇ ਕੁਰਾਹੇ ਪਾ ਰਹੇ ਸਨ ਪਾਵਨ ਬਚਨ ਹਨ :-
ਕਾਦੀ ਕੂੜੁ ਬੋਲਿ ਮਲੁ ਖਾਇ।। ਬਾਹਮਣ ਨਾਵੈ ਜੀਆਂ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧ।। ਤੀਨੇ ਉਜਾੜੇ ਕਾ ਬੰਧੁ।। (662)
ਅਤੇ
ਖਤ੍ਰੀਆ ਤਾ ਧਰਮ ਛੋਡਿਆ ਮਲੇਛ ਭਾਖਿਆ ਰਾਹੀ।।
ਸ੍ਰਿਸਟਿ ਸਭ ਇੱਕ ਵਰਣ ਹੋਈ ਧਰਮ ਕੀ ਗਤਿ ਗਹੀ।। (662)
ਮਨੁੱਖੀ ਭਾਈਚਾਰੇ ਨੂੰ ਇੱਕ ਬੰਝਵੇਜ਼, ਸੁਲਝੇ ਹੋਏ ਤਰੀਕੇ ਨਾਲ ਜਿਊਣ ਵਾਸਤੇ ਸਤਿਗੁਰੂ ਸਾਹਿਬਾਨ ਨੇ ਜੋ ਮਾਰਗ ਦਰਸ਼ਨ ਗੁਰਬਾਣੀ ਰਾਹੀਂ ਸਾਨੂੰ ਸੁਝਾਇਆ ਹੈ, ਉਸ ਬਾਰੇ ਗੁਰਬਾਣੀ ਦੇ ਚਾਨਣ ਵਿੱਚੋਂ ਕੁਝ ਵਿਚਾਰ ਇਸ ਤਰ੍ਹਾਂ ਹਨ :-
1. ੴ - ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਰੱਬੀ ਸੰਕਲਪ ਤੇ ਉਸਦਾ ਸਰੂਪ ਸਪੱਸ਼ਟ ਕੀਤਾ। ਕਿ ਐ ਮੇਰੇ ਬੱਚਿਓ! ਪ੍ਰਮਾਤਮਾ ਲਾ ਸ਼ਰੀਕ ਇੱਕ ਵਾਹਿਦ ਹਸਤੀ ਹੈ। ਉਸਦੇ ਮੁਕਾਬਲੇ ਹੋਰ ਕੋਈ ਨਾ ਹੈ ਨਾ ਹੋ ਸਕੇਗਾ। ਬੱਸ ਇੱਕ ਉਸੇ ਨੂੰ ਮੰਨੋ ਧਿਆਓ ਤੇ ਉਸ ਦੇ ਮਹਾਨ ਗੁਣਾਂ ਨੂੰ ਧਾਰਨ ਕਰੋ। ਪਸ਼ੂਆਂ ਪੰਛੀਆਂ ਦੀ ਪੂਜਾ ਬੰਦ ਕਰ ਦਿਓ। ਰੁੱਖਾਂ, ਬਿਰਖਾਂ ਨੂੰ ਪੂਜਣਾ ਮੂਰਖਤਾ ਹੈ, ਪੱਥਰਾਂ ਮੂਰਤੀਆਂ ਨੂੰ ਰੱਬ ਆਖਣਾ ਤੇ ਮੰਨਣਾ ਕੁਫ਼ਰ ਹੈ। ਰੱਬੀ ਸ਼ਕਤੀਆਂ ਸਾਡੀ ਸੇਵਾ ਵਿੱਚ ਹਾਜ਼ਰ ਹੋ ਕੇ ਸੁਖ ਦੇ ਰਹੀਆ ਹਨ, ਫਿਰ ਇਹਨਾਂ ਦੀ ਪੂਜਾ ਕਿਉਂ ਕਰਨੀ ਹੋਈ ? ਮਨੁੱਖ ਭੀ ਸਾਰੇ ਪੰਜ ਤੱਤਾਂ ਦੇ ਬਣੇ ਹੋਏ ਹਨ, ਇਹਨਾਂ ਵਿੱਚੋਂ ਕੋਈ ਪੂਜਣ ਜੋਗੀ ਵਸਤੂ ਨਹੀਂ ਹੈ। ਇੱਕੋ ਪ੍ਰਮਾਤਮਾ ਦੇ ਸਾਰੇ ਪੈਦਾ ਕੀਤੇ ਹੋਏ ਹਨ, ਇਸ ਲਈ ਕੋਈ ਵਿਸ਼ੇਸ਼ ਤੌਰ ਤੇ ਪੂਜਣ ਯੋਗ ਨਹੀਂ ਹੈ।
ਨ ਦੇਵ ਦਾਨਵਾ ਨਰਾ।। ਨ ਸਿਧ ਸਾਧਿਕਾਂ ਧਰਾ।।
ਅਸਤਿ ਏਕ ਦਿਗਰਿ ਕੁਈ।। ਏਕ ਤੁਈ ਏਕ ਤੁਈ।।
ਨ ਸੂਰ ਸਸਿ ਮੰਡਲੋ।। ਨ ਸਪਤ ਦੀਪ ਲਹ ਜਲੋ।।
ਅੰਨ ਪਾਉਣ ਥਿਰੁ ਨ ਕੁਈ।। ਏਕ ਤੁਈ ਏਕ ਤੁਈ।। (144)
2. ਮਨੁੱਖਾ ਜੀਵਨ- ਇਨਸਾਨ ਦੀ ਸਦਾ ਇਹ ਜਾਨਣ ਦੀ ਇੱਛਾ ਰਹੀ ਹੈ ਕਿ ਮੇਰਾ ਜਨਮ ਕਿਸ ਕਾਰਣ ਹੋਇਆ, ਇਸ ਜੀਵਨ ਦਾ ਮਨੋਰਥ ਕੀ ਹੈ। ਆਪਣੀ ਅਲਪ ਬੁੱਧੀ ਕਾਰਨ ਅਣਗਿਣਤ ਲੋਕਾਂ ਇਸ ਅਮੁੱਲੇ ਜੀਵਨ ਤੋਂ ਉਚਿਤ ਲਾਭ ਨਹੀਂ ਲਿਆ। ਖਾਣ ਪੀਣ ਪਹਿਨਣ ਤੱਕ ਸੀਮਤ ਹੋ ਕੇ, ਉਮਰ ਬਿਤਾ ਦਿੱਤੀ। ਜਦੋਂ ਤੱਕ ਕੁਝ ਸਮਝ ਪੈਂਦੀ ਹੈ, ਤਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਲੰਘਿਆ ਵੇਲਾ ਕਦੀ ਵਾਪਸ ਹੱਥ ਨਹੀਂ ਆਉਂਦਾ। ਜਿਵੇਂ ਸਮਝਦਾਰ ਮਾਤਾ ਪਿਤਾ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਵਾਸਤੇ ਖਾਣ ਪਹਿਨਣ ਤੋਂ ਬਾਅਦ ਉਹਨਾਂ ਦੀ ਚੰਗੀ ਵਿੱਦਿਆ ਦਾ ਪ੍ਰਬੰਧ ਕਰਦੇ ਹਨ ਤਾਂ ਕਿ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ, ਆਪਣੇ ਲਈ ਤੇ ਪ੍ਰਵਾਰ ਦੀਆਂ ਲੋੜਾਂ ਲਈ ਕੋਈ ਚੰਗਾ ਕਾਰੋਬਾਰ ਕਰ ਸਕਣ। ਪਰ ਸਤਿਗੁਰੂ ਜੀ ਕੇਵਲ ਜ਼ਿੰਦਗੀ ਦਾ ਇੱਕ ਪੱਖ ਨਹੀਂ ਸੰਵਾਰਦੇ। ਸਗੋਂ ਉਹ ਤਾਂ ਸੰਪੂਰਣ ਮਨੁੱਖਾ ਜੀਵਨ ਦੀ ਸੁੰਦਰ ਘਾੜਤ ਘੜਕੇ, ਇੱਕ ਨਮੂਨੇ ਦਾ ਇਨਸਾਨ- ‘‘ਗੁਰਮੁੱਖ`` ਬਣਾਉਣਾ ਚਾਹੁੰਦੇ ਹਨ। ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਨੇ ਮਨੁੱਖ ਨੂੰ ਬਾਰ ਬਾਰ ਤਾੜਨਾ ਕੀਤੀ ਹੈ ਕਿ ਐ ਵੀਰ! ਇਹ ਜੀਵਨ ਕਿਤੇ ਮਸੀਂ ਨਸੀਬ ਹੁੰਦਾ ਹੈ, ਇਸ ਤੋਂ ਬਹੁਤਾ ਫਾਇਦਾ ਲਵੀਂ। ਅਪਣਾ ਭੀ ਸੰਵਾਰੀਂ ਤੇ ਸਮਾਜ ਦਾ ਭੀ ਕੁਝ ਸੰਵਾਰੀਂ। ਇਸ ਸਰੀਰ ਨੂੰ ਘੋੜੇ ਦੀ ਨਿਆਈ ਵਰਤੀਂ। ਸੇਵਾ ਤੇ ਲਾਈਂ ਪਰਉਪਕਾਰ ਕਰੀਂ, ਜੇ ਪਰਉਪਕਾਰ ਤਹਿਤ ਇਹ ਸਰੀਰ ਲੇਖੇ ਲੱਗ ਜਾਵੇ ਤਾਂ ਵੱਡੇ ਭਾਗ ਜਾਣੀਂ। ਸਮਝ ਲਵੀਂ ਧਰਤੀ ਤੇ ਆਉਣਾ ਸਫ਼ਲ ਹੋ ਗਿਆ ਹੈ। ਗੁਰਵਾਕ ਹਨ :-
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ।।
ਮਿਲਿ ਸਤਿਗੁਰ ਜੀ ਮੰਗਲ ਗਾਇਆ ਰਾਮ।। (576)
ਸਾਧੋ ਗੋਬਿੰਦ ਕੇ ਗੁਨ ਗਾਵਉ।।
ਮਾਨਸ ਜਨਮ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ।। (219)
3. ਮਾਤਾ ਪਿਤਾ ਦੇ ਫਰਜ਼ - ਮਾਤਾ ਪਿਤਾ ਅਪਣੀ ਔਲਾਦ ਨੂੰ ਜਿੱਥੇ ਸੰਸਾਰੀ ਵਿੱਦਿਆ ਦੇਣ ਲਈ ਵਿਸ਼ੇਸ਼ ਜਤਨ ਕਰਦੇ ਹਨ, ਉਥੇ ਧਰਮ ਵਿੱਦਿਆ ਦੇਣ ਵੱਲੋਂ ਅਵੇਸਲੇ ਹੋ ਜਾਂਦੇ ਹਨ। ਧਰਮ ਦਾ ਪਿਆਰ ਸਤਿਕਾਰ ਹੀ ਹੈ, ਜੋ ਬੱਚਿਆਂ ਨੂੰ ਇੱਕ ਖਾਸ ਬੰਧਨ ਵਿੱਚ ਬੰਨ੍ਹ ਕੇ ਰੱਖ ਸਕਦਾ ਹੈ। ਜਿਥੇ ਦੁਨੀਆ ਦੀ ਵਿੱਦਿਆ ਚਤੁਰਾਈਆਂ ਸਿਖਾਉਂਦੀ ਹੈ ਤਾਂ ਧਰਮ ਵਿੱਦਿਆ ਸਿਆਣਪ ਸਿਖਾਉਂਦੀ ਹੇ। ਸੰਸਾਰੀ ਪੜ੍ਹਾਈ ਲੁੱਟ ਖੋਹ, ਦੂਜੇ ਦਾ ਹੱਕ ਮਾਰਨਾ ਧੋਖਾ ਫਰੇਬ ਸਿਖਾਉਂਦੀ ਹੈ, ਤਾਂ ਨਿਰੰਕਾਰੀ ਗਿਆਨ, ਦੂਜਿਆਂ ਨੂੰ ਭੀ ਅਪਣੇ ਜਿਹੇ ਇਨਸਾਨ ਮੰਨਣਾ ਸਿਖਾਉਂਦਾ ਹੈ। ਹੱਕ ਸੱਚ ਨੇਕੀ ਪਰਉਪਕਾਰ ਦਇਆ ਖਿਮਾ ਅਤੇ ਸੰਜਮ ਵਰਗੇ ਉੱਤਮ ਗੁਣ, ਧਰਮ ਦੁਆਰਾ ਹੀ ਮਨੁੱਖ ਅੰਦਰ ਸੰਚਾਰਤ ਹੁੰਦੇ ਹਨ। ਜੇ ਅੱਜ ਆਲੇ-ਦੁਆਲੇ ‘‘ਧਰਮ ਵਰਤਦਾ`` ਅਸੀਂ ਪੜ੍ਹ ਸੁਣ ਵੇਖ ਰਹੇ ਹਾਂ, ਗੁਰਦਵਾਰਿਆਂ ਵਿੱਚ, ਪਾਠ, ਕੀਰਤਨ ਹੁੰਦੇ, ਸੁਣ, ਵੇਖ ਰਹੇ ਹਾਂ, ਇਹ ਧਰਮ ਨਹੀਂ ਹੈ। ਇਹ ਤਾਂ ਕੇਵਲ ‘‘ਰੋਟੀਆਂ ਕਾਰਣ ਪੂਰਹਿ ਤਾਲ`` ਵਾਲੀ ਹਾਲਤ ਹੈ। ਜੇ ਇਹੀ ਧਰਮ ਹੋਵੇ ਤਾ ਫਿਰ ਬੁਰਾਈ ਕਦੇ ਦੀ ਖ਼ਤਮ ਹੋ ਚੁੱਕੀ ਹੋਣੀ ਸੀ। ਜਿਵੇਂ ਪਾਣੀ ਨੂੰ ਬੰਨ੍ਹ ਮਾਰ ਕੇ ਦਰਿਆ ਵਿੱਚ ਅਜਾਈਂ ਜਾ ਰਿਹਾ ਬਰਬਾਦੀ ਕਰ ਰਿਹਾ ਪਾਣੀ, ਨਹਿਰਾਂ ਰਾਹੀਂ ਖੇਤਾਂ ਨੂੰ ਹਰੇ ਭਰੇ ਕਰਦਾ ਹੈ। ਇਸੇ ਪਾਣੀ ਤੇ ਡੈਮ ਉਸਾਰ ਦੇ ਬਿਜਲੀ ਤਿਆਰ ਕਰ ਲਈ ਜਾਂਦੀ ਹੈ। ਇਸੇ ਤਰ੍ਹਾਂ ਨੌਜਵਾਨਾ ਨੂੰ ਆਪ ਮੁਹਾਰੇ ਹੋ ਕੇ ਕੁਰਾਹੇ ਪੈਣ ਤੋਂ ਰੋਕਿਆ ਜਾਵੇ। ਉਹਨਾਂ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਉਸਾਰੀ ਦੇ ਕੰਮਾਂ ਵਿੱਚ ਲਾਇਆ ਜਾਵੇ। ਇੱਕ ਸਮਝਦਾਰ ਰਿੰਗ ਮਾਸਟਰ ਖੂੰਖਾਰ ਜਾਨਵਰਾਂ ਤੋਂ ਭੀ ਕੰਮ ਲੈ ਲੈਂਦਾ ਹੈ। ਕੀ ਅਸੀਂ ਸਿਆਣਪ ਨਾਲ ਬੱਚਿਆਂ ਨੂੰ ਧਰਮ ਵਿੱਦਿਆ ਦੇ ਕੇ ਨੇਕੀ ਦੇ ਰਾਹ ਨਹੀਂ ਤੋਰ ਸਕਦੇ ? ਕੀ ਮਾਤਾ ਪਿਤਾ ਨੇ ਕਦੀ ਇਸ ਪਾਸੇ ਧਿਆਨ ਦਿੱਤਾ ਹੈ ?
ਮੇਰੇ ਰਾਮ, ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ।।
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ,
ਜਿਨਿ ਹਰਿ ਉਪਦੇਸ਼ ਦੇ ਕੀਏ ਸਿਆਣੇ।। (168)
ਪੂਤਾ, ਮਾਤਾ ਕੀ ਆਸੀਸ।।
ਨਿਮੁਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ਼।। (496)
4. ਪਤੀ ਪਤਨੀ ਦਾ ਰਿਸ਼ਤਾ - ਇੱਕ ਪਾਸੇ ਹਾਕਮ ਧਿਰ (ਮੁਸਲਮਾਨ ਤੇ ਹਿੰਦੂ) ਸੁੰਦਰ ਜਵਾਨ ਲੜਕੀਆਂ ਨੂੰ ਆਪਣੇ ਹਰਮਾਂ (ਜਨਾਨਖਾਨਾ) ਵਿੱਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੇ ਸਨ। ਦੂਜੇ ਬੰਨੇ ਹਿੰਦੂ ਲੋਕ ਘਰ ਪ੍ਰਵਾਰ ਛੱਡ ਕੇ ਜੰਗਲਾਂ ਗੁਫਾਵਾਂ ਵਿੱਚ ਬ੍ਰਹਮਚਾਰੀ-ਜਤੀ ਸਤੀ ਹੋਣ ਦਾ ਖੇਖਣ ਕਰ ਰਹੇ ਸਨ। ਦੋਵੇਂ ਧਿਰਾਂ ਵੱਲੋਂ ਜ਼ੁਲਮ ਜਬਰ ਕੀਤਾ ਜਾ ਰਿਹਾ ਸੀ, ਬੇਬਸ ਔਰਤ ਤੇ ਜੇ ਪਤੀ ਭਰਾ ਪੁੱਤਰ ਜਾਂ ਪਿਤਾ ਛੱਡ ਕੇ ‘‘ਭਗਤੀ`` ਵਿੱਚ ਲੀਨ ਹੋ ਗਿਆ, ਤਾਂ ਭੀ ਦੁੱਖਾਂ ਦਾ ਪਹਾੜ। ਜੇ ਉਧਾਲੀ ਗਈ, ਜੋਰ ਜਬਰੀ ਦੀ ਸ਼ਿਕਾਰ ਹੋ ਗਈ, ਤਾਂ ਭੀ ਜ਼ਿੰਦਗੀ ਤਬਾਹ। ਇਸ ਦਰਦਨਾਕ ਪੱਖ ਵੱਲ ਸਤਿਗਰੂ ਸਾਹਿਬ ਜੀ ਨੇ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਪਤੀ ਪਤਨੀ ਦੇ ਜੀਵਨ ਸਾਥ ਨੂੰ ਮਾਣ ਦਿੱਤਾ। ਗ੍ਰਿਸਤ ਧਰਮ ਵਿੱਚ ਰਹਿੰਦਿਆਂ, ਨੇਕ ਕਮਾਈ ਕਰਦਿਆਂ, ਸਭ ਜਿੰਮੇਵਾਰੀਆਂ ਨਿਭਾਉਂਦਿਆਂ ਹੀ ਧਰਮੀ ਬਣਨ ਦਾ ਉਪਦੇਸ਼ ਕੀਤਾ। ਭਗਤੀ ਤਪੱਸਿਆ ਜਾਂ ਮੋਕਸ਼ ਜੰਗਲਾਂ ਗੁਫਾਵਾਂ ਤੀਰਥਾਂ ਤੇ ਭਟਕਣ ਨਾਲ ਪ੍ਰਾਪਤ ਨਹੀਂ ਹੋਵੇਗੀ। ਸਗੋਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰੋ ਨੇਕ ਇਨਸਾਨ ਬਣਾਓ। ਬਸ ਆਪਣੇ ਆਪ ਨੂੰ ਬੁਰਾਈਆਂ ਵਿਕਾਰਾਂ ਤੋਂ ਬਚਾ ਕੇ ਰੱਖੋ। ਇਹੀ ਸੱਚਾ ਧਰਮ ਹੈ :-
ਸਤੁ ਸੰਤੋਖੁ ਸਦਾ ਸਚੁ ਪਲੈ ਸਚ ਬੋਲੈ ਪਿਰ ਭਾਏ।।
ਨਾਨਕ ਵਿਛੁੜਿ ਨਾ ਦੁਖ ਪਾਏ ਗੁਰਮਤਿ ਅੰਕਿ ਸਮਾਏ।। (764)
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੇ ਜੁਗਤਿ।।
ਹਸੰਦਿਆ ਖੇਲੰਦਿਆਂ ਪੈਨੰਦਿਆ ਖਾਵੰਦਿਆਂ ਵਿੱਚੇ ਹੋਵੈ ਮੁਕਤਿ।। (522)
5. ਸਮਾਜ ਪ੍ਰਤੀ ਵਚਨ ਬੱਧਤਾ - ਸਤਿਗੁਰੂ ਜੀ ਮਹਾਨ ਉਪਕਾਰ ਕਰਦਿਆਂ ਹਰ ਇਨਸਾਨ ਨੂੰ ਆਪੋ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਤਾਕੀਦ ਕਰਦੇ ਹਨ। ਉਦੋਂ ਤੋਂ ਲੈ ਕੇ ਅੱਜ ਤੱਕ ਸਾਰੇ ਬੰਨੇ ਹਫੜਾ ਦਫੜੀ, ਬੇਈਮਾਨੀ, ਰਿਸ਼ਵਤਖੋਰੀ ਦਾ ਬਾਜ਼ਾਰ ਗਰਮ ਨਜ਼ਰ ਆ ਰਿਹਾ ਹੈ। ਹੇਠਲੇ ਛੋਟੇ ਮੁਲਾਜ਼ਮ ਤੋਂ ਲੈ ਕੇ ਉੱਪਰ ਸਿਰੇ ਤੱਕ ਹਰ ਕੋਈ ਰਿਸ਼ਵਤਖੋਰੀ ਵਿੱਚ ਗਰਕਿਆ ਨਜ਼ਰ ਆਵੇਗਾ। ਆਪਣੇ ਹੀ ਭੈਣ ਭਰਾਵਾਂ ਦਾ ਖੂਨ ਬੜੀ ਬੇਰਹਿਮੀ ਨਾਲ, ਡੀਕਾਂ ਲਾ ਕੇ ਪੀਤਾ ਜਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ, ਇੱਕ ਗਰੀਬੜੇ ਸਿੱਖ ਨੂੰ ਛਾਤੀ ਨਾਲ ਲਾਇਆ ਸੀ। ਮਲਕ ਭਾਗੋ ਦੇ ਸੁਆਦਲੇ ਪਦਾਰਥਾਂ ਵਿੱਚੋਂ ਸਤਿਗੁਰੂ ਜੀ ਨੂੰ ਗ੍ਰੀਬਾਂ ਦੇ ਹਉਕੇ, ਹੰਝੂ ਤੇ ਉਹਨਾਂ ਦਾ ਖੂਨ ਨਜ਼ਰ ਆਇਆ ਸੀ। ਵੱਡੇ ਇਕੱਠ ਵਿੱਚ ਬੇਇਮਾਨੀ ਵਾਲੇ ਖੀਰ ਪੂੜਿਆਂ ਦਾ ਭਿਆਨਕ ਪਿਛੋਕੜ, ਸਭ ਦੇ ਸਾਹਮਣੇ ਬੇਪਰਦ ਕੀਤਾ ਸੀ। ਸਤਿਗੁਰੂ ਜੀ ਨੇ ਗਰਜ਼ਵੀਂ ਆਵਾਜ਼ ਵਿੱਚ ਸਾਰਿਆਂ ਨੂੰ ਸਾਵਧਾਨ ਕੀਤਾ ਸੀ........
‘‘ਹਕੁ ਪਰਾਇਆ ਨਾਨਕਾ ਉਸ ਸੂਅਰ ਉਸੁ ਗਾਇ।।
ਗੁਰੂ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਇ।।
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।।
ਮਾਰਣ ਖਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ।।
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ।।`` (141)
6. ਕੰਮ ਪ੍ਰਤੀ ਵਫਾਦਾਰੀ - ਪੁਰਾਤਨ ਸਮਿਆਂ ਤੋਂ ਚੱਲ ਕੇ ਅੱਜ ਤਾਈਂ ਸਮਾਜ ਜਾਂ ਰਾਜ ਵਿੱਚ ਚੁਣੇ ਹੋਏ ਵਿਸ਼ੇਸ਼ ਵਿਅਕਤੀਆਂ ਨੂੰ ਜ਼ਿੰਮੇਵਾਰੀ ਵਾਲੇ ਬਹੁਤ ਹੀ ਮਹੱਤਵਪੂਰਨ ਅਹੁਦਿਆਂ ਤੇ ਲਾਉਣ ਵਕਤ ਕੁਝ ਇੱਕ ਪ੍ਰਣ ਕਰਵਾਏ ਜਾਂਦੇ ਸਨ। ਸਮੇਂ ਦੇ ਫੇਰ ਨਾਲ ਪ੍ਰਣ ਭੁਲਾ ਦਿੱਤੇ ਗਏ, ਕੁਝ ਰਸਮਾਂ ਰੀਤਾਂ ਰਹਿ ਗਈਆਂ। ਅੱਜ ਭੀ ਵੱਡੇ ਅਹੁਦੇ ਹਾਸਲ ਕਰਨ ਵਕਤ ਰਸਮੀ ਤੌਰ ਤੇ ਦੇਸ਼ ਤੇ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਕਸਮ ਚੁਕਾਈ ਜਾਂਦੀ ਹੈ, ਪ੍ਰਣ ਕਰਵਾਇਆ ਜਾਂਦਾ ਹੈ। ਕਈ ਵਾਰੀ ਹੱਥ ਵਿੱਚ ਪਾਦੀ ਪਾ ਕੇ ਵੱਡੇ ਇਕੱਠ ਸਾਹਵੇਂ, ਕੁੱਝ ਮੰਤਰ ਪੜ੍ਹ ਕੇ, ਰਸਮ ਪੂਰਤੀ ਕੀਤੀ ਜਾਂਦੀ ਸੀ। ਸਤਿਗੁਰੂ ਜੀ ਇਹਨਾਂ ਰਸਮਾਂ ਰੀਤਾਂ ਦੀ ਥਾਵੇਂ, ਪ੍ਰਮਾਤਮਾ ਦਾ ਨਿਰਮਲ ਭਉ ਦੇ ਕੇ, ਅਪਣੇ ਜ਼ਿੰਮੇ ਲੱਗੀ ਸੇਵਾ ਨੂੰ ਨੇਕ ਨੀਤੀ ਨਾਲ ਨਿਭਾਉਣ ਦੀ ਹਦਾਇਤ ਕਰਦੇ ਹਨ - ਧਰਮੀ ਮਨੁੱਖ ਅੰਧ ਵਿਸ਼ਵਾਸ਼ੀ ਨਾ ਹੋਵੇ, ਗਿਆਨ ਨਾਲ ਭਰਪੂਰ ਹੋਵੇ। ਪਤੀ ਪਤਨੀ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣ। ਇਹੀ ਉਹਨਾਂ ਦਾ ਜਤੀ ਹੋਣਾ ਪ੍ਰਵਾਨ ਹੈ। ਬ੍ਰਾਹਮਣ ਸੰਤੋਖੀ ਹੋਵੇ ਲੋਕਾਂ ਦੇ ਘਰ ਲੁੱਟਣ ਵਾਲਾ ਨਾ ਹੋਵੇ। ਗ੍ਰਿਸਤੀ ਮਨੁੱਖ ਅਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਰੂਪ ਵਿੱਚ, ਲੋੜਵੰਦਾਂ ਦੀ ਲੋੜ ਪੂਰੀ ਕਰੇ। ਦੇਸ਼ ਦਾ ਰਾਜਾ (ਅਤੇ ਉਸਦੇ ਕਰਿੰਦੇ ਅਫਸਰ ਜੱਜ) ਸਹੀ ਮਾਹਿਨਿਆਂ ਵਿੱਚ ਪਰਜਾ ਨੂੰ ਇਨਸਾਫ ਦੇਣ। ਉਹਨਾਂ ਦੇ ਦੁੱਖ ਦੂਰ ਕਰਨ ਤੇ ਲੋਕਾਂ ਨੂੰ ਅਪਣੀ ਔਲਾਦ ਵਾਂਗ ਸਮਝਣ। ਪੜ੍ਹਿਆ ਮਨੁੱਖ, ਰੁੱਖਾ ਗਿਆਨ ਨਾ ਚੁੱਕੀ ਫਿਰੇ, ਨਿਰੀ ਹੰਕਾਰ ਦੀ ਪੰਡ ਹੀ ਨਾ ਬਣ ਜਾਵੇ। ਵਿੱਦਿਆ ਨੂੰ ਹੱਕ ਸੱਚ ਦਾ ਪਹਿਰੇਦਾਰ ਬਣਾਵੇ, ਸਮਾਜ ਨੂੰ ਚੰਗੀ ਮੱਤ ਦੇਵੇ। ਇਸ ਤਰ੍ਹਾਂ ਤੁਹਾਡਾ ਪ੍ਰਣ ਪੂਰਾ ਹੋਇਆ ਮੰਨਿਆ ਜਾਵੇਗਾ ਤੇ ਸਮਾਜ ਦਾ ਮੁਹਾਂਦਰਾ ਸੰਵਰ ਜਾਵੇਗਾ। ਵਾਕ ਇਉਂ ਹਨ -
ਨਾਨਕ ਚੁਲੀਆਂ ਸੁਚੀਆਂ, ਜੇ ਭਰਿ ਜਾਣੈ ਕੋਇ।।
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ।।
ਬ੍ਰਾਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤੁ ਦਾਨੁ।।
ਰਾਜੇ ਚੁਲੀ ਨਿਆਵ ਕੀ, ਪੜਿਆ ਸਚੁ ਧਿਆਨੁ।।
ਪਾਣੀ ਚਿਤੁ ਨ ਧੋਪਈ, ਮੁਖਿ ਪੀਤੈ ਤਿਖ ਜਾਇ।।
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭ ਖਾਇ।। (1240)
ਸਤਿਗੁਰੂ ਜੀ ਨੇ ਉਜਾੜ ਥਾਂ ਵਿੱਚ ਕਰਤਾਰਪੁਰ ‘‘ਵਸਾਇਆ``। ਖਡੂਰ ਤੇ ਗੋਇੰਦਵਾਲ ਉੱਜੜ ਚੁੱਕੇ ਥਾਵਾਂ ਤੇ ਮੁੜ ‘‘ਵਸਾਏ``। ਅੰਮ੍ਰਿਤਸਰ ਘਣੀ ਆਬਾਦੀ ਵਾਲਾ ਵਪਾਰ ਦਾ ਕੇਂਦਰ, ਧਰਮ ਦਾ ਕੇਂਦਰ, ਸਿੱਖਾਂ ਦੀ ਰਾਜਨੀਤੀ ਦਾ ਧੁਰਾ, ਸਤਿਗੁਰੂ ਜੀ ਨੇ ‘‘ਵਸਾਇਆ``। ਅੱਗੇ ਤਰਨ ਤਾਰਨ, ਹਰਿਗੋਬਿੰਦਪੁਰ, ਕੀਰਤਪੁਰ, ਅਨੰਦਪੁਰ, ਸਤਿਗੁਰੂ ਜੀ ਨੇ ਵਸਾਏ। ਨਿੱਤ ਉੱਜੜ ਰਿਹਾ ਹਿੰਦੋਸਤਾਨ ਸਤਿਗੁਰੂ ਜੀ ਨੇ ਮੁੜ ਵਸਾਇਆ। ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਇੱਕ ਨਵਾਂ ਇਨਕਲਾਬ ਉੱਠਿਆ। ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਇੱਕ ਨਵੇਂ ਮਨੁੱਖ ਦੀ ਘਾੜ੍ਹਤ ਘੜ੍ਹੀ ਗਈ। ਪਾਵਨ ਬਾਣੀ ਵਿੱਚੋਂ ਨਵੀਂ ਸਭਿਅਤਾ ਅੰਗੜਾਈਆਂ ਲੈਣ ਲੱਗੀ। ਹਜ਼ਾਰ ਸਾਲ ਤੋਂ ਨਮੋਸ਼ੀ, ਕਾਇਰਤਾ, ਬਰਬਾਦੀ, ਲੁੱਟ ਕਤਲੋ ਗਾਰਤ ਤੋਂ ਬਾਅਦ, ਇਸ ਧਰਤੀ ਤੇ ਨਵਾਂ ਸੂਰਜ ਚੜ੍ਹਿਆ। ਅਗਿਆਨਤਾ ਦੀ ਲੰਮੀ ਕਾਲੀ ਬੋਲੀ ਰਾਤ ਵਿੱਚੋਂ, ਨਵੀਂ ਸਵੇਰ ਉØੱਗ ਪਈ। ਜਾਤ-ਪਾਤ ਦੇ ਸੰਗਲ ਟੁੱਟ ਗਏ, ਵਹਿਮਾਂ ਭਰਮਾਂ ਨੂੰ ਭਾਜੜਾਂ ਪੈ ਗਈਆਂ। ਸੀਸ ਵਾਰਨ ਵਾਲੇ ਸੂਰਮੇ, ਸਾਹਵੇਂ ਮੱਥੇ, ਹਿੱਕਾਂ ਡਾਹ ਕੇ ਜੰਗ ਦੇ ਜੌਹਰ ਵਿਖਾਣ ਲੱਗੇ। ਪੰਜਾਬੀ ਬੋਲੀ ਨੂੰ ਪਹਿਲੀ ਵਾਰ ਗੁਰਬਾਣੀ ਰਾਹੀਂ ਵਡੇਰਾ ਮਾਣ ਮਿਲਿਆ। ਨਵੀਂ ਸ਼ਕਲੋ ਸੂਰਤ ਵਾਲੇ, ਵੱਖਰੇ ਸੁਭਾਅ ਵਾਲੇ, ਮਨੁੱਖ ਭੀ ਗੁਰਬਾਣੀ ਦੇ ਚਾਨਣ ਵਿੱਚੋਂ ਪ੍ਰਗਟ ਹੋਏ। ਪੁਰਾਤਨ ਸਮਿਆਂ ਵਿੱਚ ਜੇ ਗੁਰਬਾਣੀ ਪੜ੍ਹਨ ਵਿਚਾਰਨ ਵਾਲਿਆਂ ਨੇ, ਬਹਾਦਰੀ ਅਤੇ ਪਰਉਪਕਾਰ ਦੇ ਲਾਸਾਨੀ ਕੀਰਤੀਮਾਨ ਸਥਾਪਤ ਕੀਤੇ ਹਨ, ਤਾਂ ਭਵਿੱਖ ਵਿੱਚ ਅਸੀਂ ਨਿਰਾਸਤਾ ਕਿਉਂ ਵਿਖਾਈਏ। ਕਮਰਕਸੇ ਕਰਕੇ ਜ਼ੋਰਦਾਰ ਹੰਭਲਾ ਮਾਰਨ ਦੀ ਲੋੜ ਹੈ, ਘਰ ਘਰ ਗੁਰਬਾਣੀ ਦਾ ਚਾਨਣ ਪੁਚਾਉਣ ਦੀ ਜ਼ਰੂਰਤ ਹੈ, ਫਿਰ ਇੱਕ ਨਵੀਂ ਸਵੇਰ ਦਾ ਆਗਮਨ ਹੋਵੇਗਾ।
ਸਤਿਗੁਰੂ ਜੀ ਹਰ ਇੱਕ ਬੋਲੀ ਨੂੰ ਹਰ ਇੱਕ ਸੂਬੇ ਨੂੰ ਹਰੇਕ ਦੇਸ਼ ਨੂੰ ਹਰੇਕ ਧਰਮ ਨੂੰ ਅਤੇ ਸਾਰੇ ਧਰਮੀ ਲੋਕਾਂ ਨੂੰ ਪਿਆਰ ਕਰਦੇ ਹਨ। ਇਸ ਗੱਲ ਦੇ ਗੁਰਬਾਣੀ ਵਿੱਚ ਸਬੂਤ ਮੌਜੂਦ ਹਨ। ਜਦੋਂ ਬਹੁਤ ਸਾਰੀਆਂ ਬੋਲੀਆਂ, ਖਿੱਤਿਆਂ, ਭਗਤਾਂ ਨੂੰ ਇਸ ਵਿੱਚ ਸਨਮਾਨ ਪ੍ਰਾਪਤ ਹੈ। ਪਰ ਹਾਂ! ਸਤਿਗੁਰੂ ਜੀ ਨੂੰ ਵਿਖਾਵਾ ਤੇ ਪਾਖੰਡ ਉØੱਕਾ ਪਸੰਦ ਨਹੀਂ ਹੈ। ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਧਰਮ ਬਾਰੇ, ਸਮਾਜ ਬਾਰੇ, ਰਾਜਨੀਤੀ ਬਾਰੇ, ਫਰਜ਼ਾਂ ਦੀ ਪਛਾਣ ਬਾਰੇ, ਮਨੁੱਖੀ ਭਾਈਚਾਰੇ ਬਾਰੇ, ਭਾਸ਼ਾਵਾਂ ਬਾਰੇ, ਕਵਿਤਾ ਬਾਰੇ, ਰਾਗਾਂ ਬਾਰੇ, ਅਨੇਕ ਪਰਕਾਰ ਦੀ ਅਗਵਾਈ ਲੈ ਸਕਦੇ ਹਾਂ। ਇਸ ‘‘400 ਸਾਲਾ`` ਦੌਰਾਨ ਇੱਕ ਵਾਰੀ, ਅਰਥਾਂ ਸਮੇਤ ਪਾਵਨ ਗੁਰਬਾਣੀ ਦਾ ਪਾਠ ਖੁਦ ਕਰਕੇ ਵੇਖੀਏ, ਅਨੰਦ ਹੀ ਵੱਖਰਾ ਹੋਵੇਗਾ। ਬਹੁਤ ਕਰਾ ਲਏ ਮੁੱਲ ਦੇ ਪਾਠ, ਹੁਣ ਖੁਦ ਸਤਿਗੁਰੂ ਜੀ ਦੇ ਦਰਸ਼ਨ ਕਰਕੇ, ਜਨਮ ਸਫਲਾ ਕਰੀਏ।
ਪੋਥੀ ਪਰਮੇਸ਼ਰ ਕਾ ਥਾਨੁ।।
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ।। (1226)
ਸਾਚੀ ਬਾਣੀ ਮੀਠੀ ਅੰਮ੍ਰਿਤਧਾਰ।। ਜਿਨਿ ਪੀਤੀ ਤਿਸ ਮੋਖ ਦੁਆਰ।।(1275)
‘‘ਪੰਜਾਬ ਜੀਵਦਾ ਗੁਰਾਂ ਦੇ ਨਾਮ ਤੇ`` (ਪੂਰਨ ਸਿੰਘ)
