ਧਰਮ ਦਾ ਵਿਸ਼ੇਸ਼ ਅੰਗ - ਕੇਸ
ਬਹੁਤ ਵਾਰੀ ਇਹ ਸਵਾਲ ਉਠਾਇਆ ਜਾਂਦਾ ਹੈ, ਕੇਸਾਂ ਦਾ ਧਰਮ ਨਾਲ ਸਬੰਧ ਕਿਵੇਂ ਹੈ ? ਕੀ ਪ੍ਰਮਾਤਮਾ ਨੂੰ ਪਾ ਲੈਣ ਵਾਸਤੇ ਕੇਸਾਧਾਰੀ ਹੋਣਾ ਜ਼ਰੂਰੀ ਹੈ ? ਜਿਨ੍ਹਾਂ ਅਣਗਿਣਤ ਲੋਕਾਂ ਨੇ ਕੇਸ ਨਹੀਂ ਰੱਖੇ ਹੋਏ (ਗੈਰ ਸਿੱਖ ਭੀ) ਕੀ ਉਹ ਪ੍ਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਣਗੇ ? ਆਦਿ। ਪ੍ਰਾਮਤਮਾ ਨਾਲ ਪਿਆਰ ਸਾਂਝ ਪਾਉਣ ਵਾਸਤੇ ਕੇਸਾਂ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਪਰ ਹਰ ਇੱਕ ਪ੍ਰਮੇਸ਼ਰ ਨੂੰ ਪਿਆਰ ਕਰਨ ਵਾਲਾ ਮਨੁੱਖ ਉਸਦੀ ਕਿਰਤ ਨੂੰ ਭੀ ਪਿਆਰ ਕਰਦਾ ਹੈ। ਵਾਹਿਗੁਰੂ ਜੀ ਨੇ ਮਨੁੱਖ ਨੂੰ ਲੰਮੇ ਕੇਸ ਤੇ ਰੋਹਬਦਾਰ ਸੁੰਦਰ ਦਾਹੜਾ ਮੁੱਛਾਂ ਦੀ ਬਖਸ਼ਿਸ਼ ਕੀਤੀ ਹੈ। ਔਰਤਾਂ ਨੂੰ ਯੋਗ ਜਾਣਕੇ ਕੇਵਲ ਸਿਰ ਤੇ ਲੰਮੇ ਕੇਸ ਦਿੱਤੇ ਹਨ, ਦਾਹੜੀ ਮੁੱਛਾਂ ਨਹੀਂ। ਜਦੋਂ ਕੋਈ ਇਨਸਾਨ ਉਚਿਤ ਤਰੀਕੇ ਕੇਸਾਂ ਦੀ ਸੰਭਾਲ ਕਰਦਾ ਹੈ, ਦਸਤਾਰ, ਦੁਪੱਟਾ ਸੀਸ ਤੇ ਸਜਾਉਂਦਾ ਹੈ ਤਾਂ ਉਸਦੀ ਸੁੰਦਰਤਾ ਵਿੱਚ ਕਈ ਗੁਣਾ ਵਾਧਾ ਹੋ ਰਿਹਾ ਹੁੰਦਾ ਹੈ। ਜੇ ਕੋਈ ਕੇਸਾਂ ਦੀ ਬੇਅਦਬੀ ਕਰ ਰਿਹਾ ਹੈ ਤਾਂ ਮਾਨੋ ਉਸਨੂੰ ਪ੍ਰਮਾਤਮਾ ਦੇ ਕੀਤੇ ਤੇ ਵਿਸ਼ਵਾਸ਼ ਨਹੀਂ ਹੈ। ਕੇਸ ਦੇ ਕੇ, ਪੈਦਾ ਕਰਕੇ ਕੀ ਰੱਬ ਜੀ ਤੋਂ ਗਲਤੀ ਹੋ ਗਈ ਹੈ ? ਸਤਿਗੁਰੂ ਸਾਹਿਬਾਨ ਨੇ ਕੇਸਾਂ ਦੀ ਸੰਭਾਲ ਕਰਨੀ ਆਖ ਕੇ ਸਿੱਖ ਨੂੰ ਕੋਈ ਸਜ਼ਾ ਨਹੀਂ ਦਿੱਤੀ, ਸਗੋਂ ਕੁਦਰਤੀ ਤਰੀਕੇ ਪ੍ਰਭੂ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿਖਾਇਆ ਹੈ। ਸਤਿਗੁਰੂ ਜੀ ਨੂੰ ਪਤਾ ਸੀ, ਕਿ ਪ੍ਰਮਾਤਮਾ ਕੋਈ ਕੰਮ ਗਲਤ ਨਹੀਂ ਕਰਦਾ। ਸ੍ਰਿਸ਼ਟੀ ਦੇ ਕਿਸੇ ਜੀਵ ਨੂੰ ਮਰਦ ਵਰਗੀ ਦਾਹੜੀ ਮੁੱਛਾਂ ਤੇ ਕੇਸ ਨਹੀਂ ਦਿੱਤੇ। ਔਰਤ ਮਰਦ ਦੀ ਸਿੱਧੀ ਪਛਾਣ ਵਾਸਤੇ, ਤੀਵੀਂ ਨੂੰ ਦਾਹੜੀ ਨਹੀਂ ਦਿੱਤੀ ਕੇਵਲ ਸਿਰ ਦੇ ਕੇਸ ਬਖਸ਼ੇ ਹਨ।
ਕੇਸਾਂ ਦੀ ਸੰਭਾਲ ਕਰਨ ਵਾਲੇ ਮਨੁੱਖ ਪ੍ਰਮਾਤਮਾ ਦੀ ਪ੍ਰਾਪਤੀ ਦਾ ਦਾਅਵਾ ਤਾਂ ਨਹੀਂ ਕਰ ਸਕਦੇ, ਪਰ ਪਿਆਰੇ ਦੀ ਦਿੱਤੀ ਦਾਤ ਨੂੰ ਪਿਆਰ ਕਰਨ ਦੀ ਗੱਲ ਤਾਂ ਕਹਿ ਹੀ ਸਕਦੇ ਹਨ। ਸਾਰੇ ਭਗਤ ਸਾਹਿਬਾਨ ਗੁਰੂ ਸਾਹਿਬਾਨ (ਗੁਰਬਾਣੀ ਦੇ ਰਚੇਤਾ) ਤੇ ਹੋਰ ਗੁਰੂ ਕੇ ਸਿੱਖ, ਕੇਸਾਧਾਰੀ ਸਨ। ਆਪਣੇ ਪਿਆਰੇ ਦੀ ਖੁਸ਼ੀ ਲੈਣ ਵਾਸਤੇ ਅਸੀਂ ਉਹ ਖਾਂਦੇ ਹਾਂ, ਜੋ ਪਿਆਰੇ ਨੂੰ ਭਾਵੇ। ਉਹ ਪਹਿਰਾਵਾ ਪਹਿਨਦੇ ਹਾਂ, ਜੋ ਪਿਆਰੇ ਨੂੰ ਚੰਗਾ ਲੱਗੇ। ਉਹ ਕੰਮ ਕਰਦੇ ਹਾਂ ਜਿਸ ਵਿੱਚ ਪਿਆਰੇ ਦੀ ਖੁਸ਼ੀ ਹੋਵੇ। ਉਹ ਮਿੱਠੇ ਬਚਨ ਬੋਲਦੇ ਹਾਂ, ਜਿਨ੍ਹਾਂ ਦੁਆਰਾ ਪਿਆਰੇ ਦਾ ਮਨ ਮੋਹ ਲਈਏ। ਪਿਆਰ ਵਿੱਚ ਭਿੱਜਕੇ ਸਾਡਾ ਪ੍ਰੇਮੀ ਸਾਨੂੰ ਕੋਈ ਤੋਹਫਾ ਦੇ ਦੇਵੇ, ਭਾਵੇਂ ਉਹ ਵੱਡੀ ਕੀਮਤ ਦਾ ਨਾ ਹੀ ਹੋਵੇ। ਪਰ ਤੋਹਫੇ ਨੂੰ ਸਦਾ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਹਾਂ। ਤੋਹਫੇ ਦੀ ਬੇਅਦਬੀ ਪ੍ਰੇਮੀ ਦਾ ਤ੍ਰਿਸਕਾਰ ਮੰਨੀ ਜਾਂਦੀ ਹੈ। ਬੱਸ ਇਸੇ ਤਰ੍ਹਾਂ ਅਕਾਲ ਪੁਰਖ ਜੀ ਵੱਲੋਂ ਦਿੱਤਾ ਗਿਆ ਇਹ ਅਮੁੱਲਾ ਤੋਹਫਾ, ਅਤੇ ਸਤਿਗੁਰੂ ਜੀ ਵੱਲੋਂ ਇਸ ਦੀ ਸੰਭਾਲ ਕਰਨ ਦਾ ਦਿੱਤਾ ਗਿਆ ਹੁਕਮ, ਸਾਡੇ ਲਈ ਸਿਰ ਮੱਥੇ ਪਰਵਾਨ ਹੋਵੇ। ਸਤਿਗੁਰੂ ਜੀ ਨੇ ਕੇਸਾਂ ਦੀ ਸੰਭਾਲ ਕਰਨ ਦਾ ਆਦੇਸ਼ ਦਿੱਤਾ ਹੈ, ਫਿਰ ਅਸੀਂ ਆਪਣੇ ਪਿਆਰੇ ਦੇ ਹੁਕਮ ਦੀ ਉਲੰਘਣਾ ਕਿਵੇਂ ਕਰ ਸਕਦੇ ਹਾਂ ?
ਜੋ ਲੋਕੀਂ ਸਿੱਖ ਪੰਥ ਨਾਲ ਸਬੰਧਿਤ ਨਹੀਂ ਹਨ, ਜਿਨ੍ਹਾਂ ਨੂੰ ਉਹਨਾਂ ਦੇ ਧਰਮ ਮੁਖੀਆਂ ਨੇ ਕੇਸ ਰੱਖਣ ਦੀ ਸਖਤ ਹਦਾਇਤ ਨਹੀਂ ਕੀਤੀ, ਉਹ ਭੀ ਆਪੋ ਆਪਣੇ ਤਰੀਕੇ ਕੇਸਾਂ ਦਾਹੜੀ ਵਿੱਚ ਕੁਝ ਤਬਦੀਲੀ ਜ਼ਰੂਰ ਕਰਦੇ ਹਨ। ਜ਼ਰਾ ਇੱਕ ਇੱਕ ਕਰਕੇ ਗੈਰ ਸਿੱਖਾਂ ਦੇ ਕੇਸਾਂ ਬਾਰੇ ਵਤੀਰੇ ਨੂੰ ਵੇਖੀਏ -
ਸਾਡੇ ਗੁਆਂਢੀ ਹਿੰਦੂ ਭਰਾ ਕਿਸੇ ਨੂੰ ਆਪਣੇ ਧਰਮ ਵਿੱਚ ਪ੍ਰਵੇਸ਼ ਕਰਾਉਣ ਲੱਗਿਆ ਜਿੱਥੇ ਜੰਜੂ ਆਦਿ ਪਾਉਂਦੇ ਹਨ, ਉੱਥੇ ਕੇਸ ਕੱਟ ਦਿੰਦੇ ਹਨ। ਸਿਰ ਦੇ ਵਿਚਕਾਰ ਕੁੱਝ ਵਾਲ ਰੱਖਦੇ ਹਨ, ਜਿਸਨੂੰ ਸਿਖਾ ਜਾਂ ਬੋਦੀ ਕਿਹਾ ਜਾਂਦਾ ਹੈ। ਹਿੰਦੂਆਂ ਵਿੱਚ ਹੀ ਕੁੱਝ ਅਰਸੇ ਤੋਂ ਬਾਅਦ, ਨਵ ਜਨਮੇ ਬੱਚੇ ਕੇ ਕੇਸ ਕੱਟਕੇ ਕਿਸੇ ਮੰਦਰ ਵਿੱਚ ਭੇਟ ਕੀਤੇ ਜਾਂਦੇ ਹਨ। ਜਦੋਂ ਹਿੰਦੂ ਪ੍ਰਵਾਰ ਵਿੱਚੋਂ ਕੋਈ ਮੈਂਬਰ ਚਲਾਣਾ (ਮਰਨਾ) ਕਰ ਜਾਵੇ ਤਾਂ ਉਸਦੇ ਨੇੜਲੇ ਰਿਸ਼ਤੇਦਾਰ ਅਫਸੋਸ ਵਿੱਚ ਪੂਰੀ ਤਰ੍ਹਾਂ ਰਗੜਵੇਂ ਢੰਗ ਦਾਹੜੀ ਕੇਸ ਕਟਵਾ ਦਿੰਦੇ ਹਨ। ਪੁਰਾਤਨ ਸਮਿਆਂ ਵਿੱਚ ਵੱਡੀ ਗਲਤੀ ਕਰਨ ਤੇ ਬੇਸ਼ਰਮੀ ਦੀ ਸਿਖਰ ਤੇ ਪੁਚਾਉਣ ਵਾਲੀ ਸਜ਼ਾ ਦਿੱਤੀ ਜਾਂਦੀ ਸੀ, ਦਾਹੜੀ ਕੇਸ ਕੱਟ ਦੇਣੇ। ਵੈਸੇ ਹਿੰਦੂਆਂ ਦੇ ਪੁਰਾਤਨ ਬਜ਼ੁਰਗ ਅਵਤਾਰ ਸਾਰੇ ਹੀ ਕੇਸਾਧਾਰੀ ਹੋਇਆ ਕਰਦੇ ਸਨ। ਇਸਤਰੀਆਂ ਦਾ ਤਾਂ ਕੇਸ ਕੱਟਣ ਦਾ ਸਵਾਲ ਹੀ ਨਹੀਂ ਸੀ। ਹਾਂ ਕੇਵਲ ਉਸ ਅਭਾਗਣ ਤੀਵੀਂ ਦੇ ਕੇਸ ਕੱਟ ਦਿੱਤੇ ਜਾਂਦੇ ਸਨ ਜੋ ਵਿਧਵਾ ਹੋ ਜਾਵੇ।
ਦੂਜੇ ਸਾਡੇ ਗੁਆਂਢੀ ਭਰਾ ਮੁਸਲਮਾਨ ਹਨ। ਇਹਨਾਂ ਵਿੱਚ ਔਰਤਾਂ ਕੇਸ ਨਹੀਂ ਕਟਵਾਉਂਦੀਆਂ। ਮਰਦ ਸਿਰ ਦੇ ਕੇਸ ਕਟਵਾ ਦਿੰਦੇ ਹਨ। ਪਰ ਮੁੱਛਾਂ ਅਤੇ ਦਾਹੜੀ ਦੀ ਇੱਕ ਵਿਸ਼ੇਸ਼ ਬਣਤਰ ਬਣਾਉਂਦੇ ਹਨ, ਜਿਸ ਨੂੰ ‘‘ਸ਼ਰਈ ਮੁੱਛਾਂ`` ਕਿਹਾ ਜਾਂਦਾ ਹੈ। ਭਾਵ ਮੁਸਲਮਾਨਾਂ ਦੀ ਰਹਿਤ ਰਹਿਣੀ ਦੇ ਢੰਗ ਦੀਆਂ ਮੁੱਛਾਂ। ਇਹ ਨਿਅਮ ਖਾਸ ਕਰਕੇ ਧਾਰਮਕ ਮੁਖੀਆਂ `ਤੇ ਲਾਗੂ ਹੁੰਦਾ ਹੈ। ਇਸੇ ਤਰ੍ਹਾਂ ਸਾਡੇ ਜੈਨ ਧਰਮ ਨੂੰ ਮੰਨਣ ਵਾਲੇ ਭਰਾ, ਜਦੋਂ ਕਿਸੇ ਨੂੰ ਆਪਣੇ ਧਰਮ ਵਿੱਚ ਦਾਖ਼ਲ ਕਰਦੇ ਹਨ, ਤਾਂ ਮਿੱਥੇ ਹੋਏ ਦਿਨ `ਤੇ ਖਾਸ ਸਮਾਗਮ ਰਚਾਕੇ, ਦਾਖ਼ਲ ਹੋਣ ਵਾਲੇ ਵਿਅਕਤੀ (ਜਿੰਨੇ ਹੋਣ) ਦੇ ਦਾਹੜੀ ਕੇਸ, ਸੁਆਹ ਪਾ ਕੇ ਖੁਰਦਰੇ ਕਰ ਲੈਂਦੇ ਹਨ। ਉਪ੍ਰੰਤ ਇੱਕ ਇੱਕ ਕਰਕੇ ਸਾਰੇ ਵਾਲ ਜੜੋਂ ਉਖਾੜ ਦਿੰਦੇ ਹਨ। ਜੈਨੀ ਸਾਧੂਆਂ ਤੇ ਇਹ ਅਸੂਲ ਸਾਰੀ ਉਮਰ ਲਾਗੂ ਰਹਿੰਦਾ ਹੈ ਜੋ ਭੀ ਵਾਲ ਉੱਗ ਪੈਣ ਇਸੇ ਤਰ੍ਹਾਂ ਜੜੋਂ ਉਖਾੜ ਦਿੱਤੇ ਜਾਂਦੇ ਹਨ। ਇਸਾਈਆਂ ਵਿੱਚ ਭਾਵੇਂ ਕੇਸਾਂ ਬਾਰੇ ਪੱਕੀ ਰਵਾਇਤ ਤਾਂ ਕੋਈ ਨਹੀਂ ਹੈ, ਪਰ ਇਹ ਪਰਤੱਖ ਹੈ ਕਿ ਇਹਨਾਂ ਦੇ ਧਰਮ ਗੁਰੂ ਯਿਸੂ ਜੀ, ਦਾਹੜੀ ਕੇਸਾਂ ਦੀ ਸੰਭਾਲ ਕਰਦੇ ਸਨ। ਪੁਰਤਾਨ ਸਮਿਆਂ ਦੇ ਸਾਰੇ ਇਸਾਈ ਧਰਮ ਮੁਖੀ ਭੀ ਕੇਸਾਂ ਦੀ ਸੰਭਾਲ ਕਰਦੇ ਰਹੇ ਹਨ। ਜੋਗੀ ਲੋਕ ਦਾਹੜੀ ਕੇਸ ਨਹੀਂ ਕਟਵਾਉਂਦੇ ਸਗੋਂ ਕੇਸਾਂ ਵਿੱਚ ਸੁਆਹ ਪਾ ਕੇ ਜਟਾਂ ਬਣਾਕੇ, ਸਿਰ ਉੱਪਰ ਜੂੜਾ ਕਰਕੇ ਰੱਖਦੇ ਹਨ। ਇਹ ਲੋਕ ਕਿਉਂਕਿ ਪ੍ਰਵਾਰਿਕ ਜ਼ਿੰਦਗੀ ਦਾ ਤਿਆਗ ਕਰ ਦਿੰਦੇ ਸਨ। ਇਸ ਲਈ ਔਰਤਾਂ ਵਾਸਤੇ ਇਹਨਾਂ ਦਾ ਕੋਈ ਲਿਖਤੀ ਅਸੂਲ ਨਹੀਂ ਹੈ। ਹੋਰ ਵੇਖੋ! ਬਹੁ ਗਿਣਤੀ ਵਾਲੇ ਲੇਖਕ, ਫਿਲਾਸਫ਼ਰ, ਵਿਗਿਆਨੀ, ਭਜਨ ਬੰਦਗੀ ਕਰਨ ਵਾਲੇ, ਪਰਉਪਕਾਰੀ ਲੋਕ ਦਾਹੜੀ ਕੇਸ ਨਹੀਂ ਕਟਵਾਉਂਦੇ। ਉਹਨਾਂ ਅੰਦਰੋ ਚੰਚਲ ਬਿਰਤੀ ਸ਼ਾਂਤ ਹੋ ਚੁੱਕੀ ਹੁੰਦੀ ਹੈ, ਤੇ ਰੱਬੀ ਰਜ਼ਾ ਵਿੱਚ ਰਹਿੰਦੇ ਹੋਏ ਕੇਸਾਂ ਦੀ ਸੰਭਾਲ ਕਰਦੇ ਹਨ।
ਹੁਣ ਦੁਬਾਰਾ ਸਿੱਖ ਮਤ ਵਿੱਚ ਕੇਸਾਂ ਦੇ ਅਦਬ ਸਤਿਕਾਰ ਵੱਲ ਪਰਤ ਆਉਂਦੇ ਹਾਂ। ਜਦੋਂ ਸਿੱਖ ਖੰਡੇ ਦੀ ਪਾਹੁਲ ਛੱਕਦਾ ਹੈ ਤਾਂ ਪਹਿਲਾ ਪ੍ਰਮੁੱਖ ‘‘ਕਕਾਰ ਕੇਸ`` ਦੱਸਿਆ ਜਾਂਦਾ ਹੈ, ਭਾਵ ਉਸ ਦਿਨ ਤੋਂ ਬਾਅਦ ਦਾਹੜੀ ਕੇਸਾਂ ਦੀ ਸੰਭਾਲ ਕਰਨੀ ਹੈ। ਜਦੋਂ ਪਾਹੁਲ ਲੈਣ ਵਾਲਿਆਂ ਨੂੰ ਮਰਿਆਦਾ ਦੱਸੀ ਜਾਂਦੀ ਹੈ ਤਾਂ ਤਾੜਨਾ ਕੀਤੀ ਜਾਂਦੀ ਹੈ ਕਿ ਇਹਨਾਂ ਚਾਰ ਵੱਡੀਆਂ ਭੁੱਲਾਂ ਵਿੱਚੋਂ ਕੋਈ ਇੱਕ ਭੁੱਲ ਭੀ ਜੇ ਹੋ ਜਾਵੇ ਤਾਂ ਸਿੱਖੀ ਮੰਡਲ ਵਿੱਚੋਂ ਖਾਰਜ ਮੰਨਿਆ ਜਾਵੇਗਾ। ਉਹ ਹਨ-‘‘ਕੇਸ ਕਟਾਉਣੇ, ਪਰ-ਤਨ ਗਾਮੀ, ਕੁੱਠਾ ਮਾਸ ਤੇ ਤੰਬਾਕੂ ਦੀ ਵਰਤੋਂ।`` ਇਥੇ ਭੀ ਪਹਿਲੀ ਥਾਵੇਂ ਵੱਡੀ ਗਲਤੀ (ਬੱਜਰ ਕੁਰਹਿਤ) ਕੇਸਾਂ ਦੀ ਬੇ-ਅਦਬੀ ਕਿਹਾ ਗਿਆ ਹੈ। ਅੱਗੋਂ ਅਰਦਾਸ ਵਿੱਚ ਕੇਸਾਂ ਦਾ ਦੋ ਵਾਰੀ ਜ਼ਿਕਰ ਕਰਨਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਕੇਸ ਬਹੁਤ ਮਹੱਤਵਪੂਰਨ ਹਨ। ‘‘.....ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ......।`` ਅੱਗੇ ਪੜ੍ਹੋ - ‘‘ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ.....।`` ਕੀ ਅਜੇ ਭੀ ਕੋਈ ਸ਼ੱਕ ਸੁਭਾ ਬਾਕੀ ਹੈ ?
ਜਦੋਂ ਅਸੀਂ ਸਾਡਾ ਸ਼ਾਨਾ ਮੱਤਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਅੱਗੇ ਸ਼ਰਤ ਹੋਇਆ ਕਰਦੀ ਸੀ, ‘‘ਕੇਸ ਕਟਵਾ ਦਿਓ, ਜਾਨ ਬਖ਼ਸ ਦਿੱਤੀ ਜਾਵੇਗੀ।`` ਭਾਵੇਂ ਭਾਈ ਤਾਰੂ ਸਿੰਘ ਨੇ ਖੋਪਰੀ ਉਤਰਵਾ ਲਈ, ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾ ਲਏ, ਮਾਵਾਂ ਬੱਚਿਆਂ ਦੇ ਟੁਕੜੇ ਕਰਵਾ ਕੇ ਝੋਲੀਆਂ ਵਿੱਚ ਪਵਾ ਲਏ। ਹੋਰ ਅਸਿਹ ਤੇ ਅਕਿਹ ਤਸੀਹੇ ਦੇ ਕੇ ਜਾਲਮ ਹਕੂਮਤਾਂ ਵੱਲੋਂ ਸਿੱਖਾਂ ਨੂੰ ਮਾਰਿਆ ਗਿਆ। ਪਰ ਸਿੱਖਾਂ ਨੇ ਕੇਸ ਕਟਵਾਕੇ ਜਾਨ ਬਚਾ ਲੈਣੀ ਪ੍ਰਵਾਨ ਨਾ ਕੀਤੀ। ਆਪਣੀ ਜਾਨ ਤੋਂ ਵੱਧ ਕੇਸ ਪਿਆਰੇ ਸਨ। ਭਾਵੇਂ ਕੇਸ ਕਟਾਉਣ ਤੋਂ ਬਾਅਦ ਫਿਰ ਉੱਗ ਪੈਂਦੇ ਹਨ, ਜਾਨ ਚਲੀ ਜਾਵੇ ਵਾਪਸ ਨਹੀਂ ਆਉਂਦੀ। ਪਰ ਸਿੱਖਾਂ ਇਸ ਤਰ੍ਹਾਂ ਬੇਇਜਤੀ ਵਾਲਾ ਸਮਝੌਤਾ ਕਦੀ ਨਾ ਕੀਤਾ। ਉਹਨਾਂ ਜਾਨ ਤੋਂ ਵੱਧ ਕੇਸਾਂ ਨੂੰ ਸਤਿਕਾਰ ਦਿੱਤਾ।
ਹੋਰ ਮੰਗਾਂ ਮਨਾਉਣ ਦੇ ਨਾਲ ਸਿੱਖਾਂ ਨੇ ਦੁਨੀਆਂ ਦੀਆਂ ਸਰਕਾਰਾਂ ਤੋਂ ਆਪਣੀਆਂ ਧਾਰਮਕ ਮੰਗਾਂ ਭੀ ਮਨਵਾ ਲਈਆਂ ਹਨ। ਅਮ੍ਰੀਕਾ, ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿੱਚ, ਸਰਕਾਰਾਂ ਵੱਲੋਂ ਸਿੱਖਾਂ ਤੇ ਕੋਈ ਪਾਬੰਦੀ ਨਹੀਂ ਹੈ। ਦਾੜ੍ਹੀ ਕੇਸ ਜਿਵੇਂ ਚਾਹੁਣ ਰੱਖ ਸਕਦੇ ਹਨ, ਕਿਰਪਾਨ, ਕੜਾ, ਦਸਤਾਰ ਸਜਾ ਸਕਦੇ ਹਨ। ਪੁਲਿਸ ਅਤੇ ਫੌਜ ਵਿੱਚ ਭੀ ਸਾਬਤ ਸੂਰਤ ਸਿੱਖਾਂ ਨੂੰ ਭਰਤੀ ਹੋਣ ਦੀ ਕਾਨੂੰਨੀ ਪ੍ਰਵਾਨਗੀ ਮਿਲੀ ਹੋਈ ਹੈ। ਬਸ ਕਮਜ਼ੋਰੀ ਹੈ ਤਾਂ ਸਾਡੀ ਆਪਣੀ ਹੈ। ਫੈਕਟਰੀਆਂ ਵਿੱਚ, ਸਕੂਲਾਂ ਕਾਲਜਾਂ ਅੰਦਰ ਤੇ ਆਮ ਜਨ-ਜੀਵਨ ਵਿੱਚ ਸਿੱਖੀ ਚਿੰਨ੍ਹਾਂ ਕਕਾਰਾਂ ਤੇ ਕੋਈ ਪਾਬੰਦੀ ਨਹੀਂ ਹੈ। ਜੇ ਰੋਕ ਹੈ ਤਾਂ ਸਾਡੇ ਆਪਣੇ ਕਮਜ਼ੋਰ ਮਨ ਦੀ, ਇਹਨਾਂ ਸਰਕਾਰਾਂ ਵੱਲੋਂ ਕੋਈ ਰੋਕ ਨਹੀਂ ਹੈ। ਬੀਬੀਆਂ ਨੇ ਜਿਥੇ ਆਪਣੇ ਕੇਸਾਂ ਦੀ ਸੰਭਾਲ ਕਰਨੀ ਹੈ, ਉਥੇ ਨਾਲ ਹੀ ਕੁੱਝ ਸਮਾਂ ਬੱਚਿਆਂ ਦੇ ਕੇਸਾਂ ਦੀ ਸੰਭਾਲ ਵਾਸਤੇ ਭੀ ਕੱਢਣਾ ਹੈ। ‘‘ਆਪੇ ਵੱਡੇ ਹੋ ਕੇ ਕੇਸ ਰੱਖ ਲੈਣਗੇ`` ਆਖਕੇ ਕੰਮ ਨਹੀਂ ਸਰਨਾ। ਜੇ ਪੈਸਾ ਆ ਗਿਆ, ਘਰ ਵਿੱਚ ਸਿੱਖੀ ਨਾ ਰਹੀ, ਖੁਸ਼ੀ ਨਾ ਰਹੀ ਫਿਰ ਪੈਸਾ ਕੀ ਕੰਮ , ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਵਾਸਤੇ ਅਤੀ ਜ਼ਰੂਰੀ ਹੈ ਕਿ ਉਹਨਾਂ ਨੂੰ ਗੁਰਬਾਣੀ, ਇਤਿਹਾਸ ਤੇ ਸਿੱਖ ਮਰਿਆਦਾ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ। ਉਹਨਾਂ ਵਾਸਤੇ ਸਮਾਂ ਕੱਢਿਆ ਜਾਵੇ, ਕੇਸਾਧਾਰੀ ਬਣਨ ਲਈ ਅਗਵਾਈ ਦਿੱਤੀ ਜਾਵੇ। ਆਪਣੇ ਘਰਾਂ/ਗੁਰਦਵਾਰਿਆਂ ਵਿੱਚ ਬੱਚਿਆਂ ਦੀ ਸਮਝ ਅਤੇ ਮਾਨਸਿਕ ਪੱਧਰ ਮੁਤਾਬਕ ਲਿਟਰੇਚਰ ਰੱਖਿਆ ਜਾਵੇ। ਬੱਚਿਆਂ ਨੂੰ ਗੁਰਬਾਣੀ ਅਤੇ ਪੰਜਾਬੀ ਪੜ੍ਹਾਉਣ ਵਾਸਤੇ ਉØੱਚ ਵਿਦਿਅਕ ਯੋਗਤਾ ਵਾਲੇ ਅਧਿਆਪਕ ਨਿਯੁਕਤ ਕੀਤੇ ਜਾਣ। ਘਰਾਂ ਦੇ ਮਾਹੌਲ ਨੂੰ ਗੁਰਮਤਿ ਵਾਲਾ ਬਣਾਇਆ ਜਾਵੇ। ਗੁਰਦਵਾਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਬਣਾਉਣ ਤੇ ਪੈਸਾ ਨਾ ਖਰਚਿਆ ਜਾਵੇ ਸਗੋਂ ਬੱਚਿਆਂ ਤੱਕ ਸਿੱਖੀ ਦਾ ਸੰਚਾਰ ਕਰਨ ਦੇ ਵੱਡੇ ਉਪਰਾਲੇ ਕੀਤੇ ਜਾਣ। ਵਰਨਾ ਆਉਣ ਵਾਲੇ ਵੀਹ ਤੀਹ ਸਾਲਾਂ ਤੱਕ ਗੁਰਦਵਾਰੇ ਖਾਲੀ ਹੋਇਆ ਕਰਨਗੇ। ਗੁਰਦਵਾਰਿਆਂ ਦੇ ਨਾਲ ਬੱਚਿਆਂ, ਨੌਜਵਾਨਾਂ, ਲੜਕੀਆਂ ਦੀ ਦਿਲਚਸਪੀ ਅਤੇ ਉਮਰ ਮੁਤਾਬਕ ਆਧੁਨਿਕ ਜ਼ਮਾਨੇ ਵਾਲੇ ਕਾਰਜ ਉਲੀਕੇ ਜਾਣ। ਸ਼ਰਧਾ ਸਤਿਕਾਰ ਸਹਿਤ ਗੁਰੂ ਘਰ ਦਿੱਤਾ ਗਿਆ ਧਨ, ਕੌਮੀ ਉਸਾਰੀ ਲਈ ਸਿਆਣਪ ਅਤੇ ਦੂਰਅੰਦੇਸ਼ੀ ਨਾਲ ਵਰਤਿਆ ਜਾਵੇ। ਇਸੇ ਵਿੱਚ ਪੰਥ ਦੀ ਚੜ੍ਹਦੀ ਕਲਾ ਹੋਵੇਗੀ, ਅਤੇ ਗੁਰੂ ਕੀਆਂ ਖੁਸ਼ੀਆਂ ਦੇ ਪਾਤਰ ਬਣ ਸਕਾਂਗੇ। ਇਸ ਸਰਦਾਰੀ ਚਿੰਨ੍ਹ ਕੇਸਾਂ ਬਾਰੇ ਪੁਰਾਤਨ ਵਿਦਵਾਨਾਂ ਦੇ ਵਿਚਾਰ ਪੜੋ -
ਇਨਹੀ ਸੇ ਪੰਡਿਤ ਉਪਜਾਊਂ।। ਕਥਾ ਕਰਨ ਕੀ ਰੀਤ ਸਿਖਾਊਂ।।
ਇਨਹੀ ਸੇ ਰਾਜੇ ਉਪਜਾਊਂ।। ਰਾਜ ਕਰਨ ਕੀ ਕਲਾ ਸਿਖਾਊਂ।।
ਇਨਹੀ ਕੋ ‘‘ਸਿਰਦਾਰ`` ਬਨਾਉਂ।। ਤਬੈ ਗੋਬਿੰਦ ਸਿੰਘ ਨਾਮ ਕਹਾਊਂ।। (ਗਿ: ਗਿਆਨ ਸਿੰਘ)
ਯਿਹ ਵੋਹ ਜਾ ਹੈ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਖਿਤਾਬੇ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ।
ਦਿਲਾਈ ਪੰਥ ਕੋ ਸਰਬਾਜੀਓਂ ਸੇ ‘‘ਸਿਰਦਾਰੀ``,
ਬਰਾਇ ਕੌਮ ਯਿਹ ਰੁਤਬੇ ਲਹੂ ਬਹਾਕੇ ਲੀਏ। (ਕਵੀ ਅੱਲਾ ਯਾਰਖਾਂ ਯੋਗੀ)
ਰਹਿਤ ਬਾਰੇ ਗੁਰਬਾਣੀ ਉਪਦੇਸ -
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ।। ਸਾਚੀ ਰਹਤ ਸਾਚਾ ਮਨਿ ਸੋਈ।।
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ।। ਨਾਵਹੁ ਭੂਲੇ ਥਾਉ ਨ ਕੋਈ।। (831)
