ਟੁਕੜਿਆਂ ਵਿੱਚ ਵੰਡਿਆ ‘‘ਪੰਥ`
ਸਤਿਗੁਰੂ ਨਾਨਕ ਸਾਹਿਬ ਜੀ ਲੰਮੇ ਧਰਮ ਪ੍ਰਚਾਰ ਦੌਰਿਆਂ ਤੇ ਗਏ, ਜੱਗ ਜਾਹਰ ਹੈ। ਇਲਾਕੇ ਦੀ ਲੋੜ ਨੂੰ ਮੁੱਖ ਰੱਖਕੇ, ਸੰਗਤ ਵਿੱਚੋਂ ਕੋਈ, ਚੋਣਵਾਂ ਸੂਝਵਾਨ ਵਿਅਕਤੀ ਲੈ ਕੇ, ‘‘ਧਰਮਸਾਲ`` ਅਸਥਾਪਨ ਕਰਨ ਲਈ ਆਖਦੇ ਤੇ ਮੁਖੀ ਸਿੱਖ ਨੂੰ ਧਾਰਮਕ ਜ਼ਿੰਮੇਵਾਰੀਆਂ, ਅਤੇ ਸਮਾਜ ਸੁਧਾਰ ਦੇ ਕੰਮ ਸੰਭਾਲ ਕੇ, ਅੱਗੇ ਚਲੇ ਜਾਂਦੇ। ਉਹਨਾਂ ਥਾਪੇ ਗਏ ਵਿਅਕਤੀਆਂ ਦੀ ਕੋਈ ਪੱਕੀ ਸੂਚੀ ਪ੍ਰਾਪਤ ਨਹੀਂ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੀ ਚੋਣ ਵਿਧੀ ਤੋਂ ਇਹ ਗੱਲ ਭਲੀ ਭਾਂਤ ਸਮਝ ਆਉਂਦੀ ਹੈ, ਕਿ ਥਾਪੇ ਗਏ ਮੋਹਰੀ ਸਿੱਖ, ਵਕਤੀ ਮੁਖੀ ਹੁੰਦੇ ਸਨ, ਖਾਨਦਾਨੀ ਨਹੀਂ। ਕਿਉਂਕਿ ਗੁਰੂ ਸਾਹਿਬਾਨ ਜੀ ਨੇ ਖੁਦ ਭੀ, ਗੁਰਗੱਦੀ ਦੀ ਸੇਵਾ ਦੇਣ ਲੱਗਿਆ, ਗੁਣਾਂ ਨੂੰ ਪ੍ਰਮੁੱਖਤਾ ਦਿੱਤੀ ਹੈ, ਨਾ ਕਿ ਸੰਸਾਰਿਕ ਰਿਸ਼ਤੇ ਨੂੰ। ਸਮੇਂ ਸਮੇਂ ਲੋੜ ਅਨੁਸਾਰ, ਸਤਿਗੁਰੂ ਜੀ ਇਸ ਪ੍ਰਬੰਧ ਵਿੱਚ ਸੁਧਾਰ ਭੀ ਕਰਦੇ ਰਹਿੰਦੇ ਸਨ। ਗੁਰੂ ਨਾਨਕ ਸਾਹਿਬ ਜੀ ਵੱਲੋਂ ਥਾਪੇ ਧਰਮਸਾਲੀਏ, ਪ੍ਰਬੰਧ ਨੂੰ ਹੋਰ ਚੰਗੇਰਾ ਬਣਾਉਣ ਵਾਸਤੇ, ਤੀਸਰੇ ਨਾਨਕ ਜੀ ਨੇ ਬਾਈ ਮੰਜੀਆਂ (ਪ੍ਰਚਾਰ ਕੇਂਦਰ) ਤੇ ਬਵੰਜਾ ਪੀਹੜੇ (ਉਪ ਪ੍ਰਚਾਰ ਕੇਂਦਰ) ਦੇਸ਼ ਤੇ ਬਦੇਸ਼ ਵਿੱਚ ਸਥਾਪਤ ਕੀਤੇ। ਚੌਥੇ ਨਾਨਕ ਸਾਹਿਬ ਜੀ ਨੇ ਹੋਰ ਸੁਧਾਰ ਕਰਦਿਆਂ ਇਹਨਾਂ ਨੂੰ ਮਸੰਦ ਨਾਮ ਦਿੱਤਾ, ਤੇ ਧਰਮ ਕਾਰਜਾਂ ਲਈ ਆ ਰਹੀ ਮਾਇਆ, ਅੰਨ ਦਾਣੇ ਦਾ ਪੂਰਾ ਲਿਖਤੀ ਹਿਸਾਬ ਰੱਖਣ ਲਈ ਆਗਿਆ ਕੀਤੀ। ਇਹ ਪ੍ਰਬੰਧ ਬਹੁਤ ਲੰਮੇ ਸਮੇਂ ਤੱਕ ਚਲਦਾ ਰਿਹਾ। ਪਰ ਸਮਾਂ ਬੀਤਣ ਨਾਲ, ਇਸ ਵਿੱਚ ਵਿਗਾੜ ਪੈਦਾ ਹੁੰਦੇ ਗਏ। ਦਸਵੇਂ ਨਾਨਕ ਤੱਕ ਪੁੱਜਦਿਆਂ ਇਹਨਾਂ ਦੀਆਂ ਮੰਦ ਕਰਤੂਤਾਂ ਦੀ ਸਾਰੇ ਪਾਸੇ ਚਰਚਾ ਹੋਣ ਲੱਗੀ। ਸਤਿਗੁਰੂ ਜੀ ਨੇ ਇਹਨਾਂ ਮਸੰਦਾਂ ਬਾਰੇ ਆਪਣੇ ਵਿਸ਼ਵਾਸ਼ ਯੋਗ ਸਿੱਖਾਂ ਰਾਹੀਂ, ਹਰ ਤਰ੍ਹਾਂ ਦੀ ਪੜਤਾਲ ਕਰਵਾਈ। ਜਿਸ ਵਿੱਚ ਸੱਚਮੁੱਚ ਹੀ ਇਹ ਤਬਕਾ ਵੱਡਾ ਦੋਸ਼ੀ ਪਾਇਆ ਗਿਆ। ਜਦੋਂ ਸਤਿਗੁਰੂ ਜੀ ਨੇ ਇਹਨਾਂ ਨੂੰ ਸੁਧਰਨ ਲਈ ਚਿਤਾਵਨੀ ਦਿੱਤੀ ਤਾਂ, ਇਹ ਲੋਕ ਖਿਮਾ ਮੰਗ ਕੇ ਨੇਕ ਰਾਹ ਤੇ ਚੱਲਣ ਦੀ ਥਾਵੇਂ, ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਹੀ ਵੰਗਾਰਨ ਲੱਗ ਪਏ। ਇਹਨਾਂ ਦਾ ਹੰਕਾਰ ਤੇ ਮਨਮੁੱਖਤਾ, ਸਿਰ ਚੜ੍ਹ ਬੋਲ ਪਈ। ਆਖਣ ਲੱਗੇ- ‘‘ਸਤਿਗੁਰੂ ਜੀ! ਸਿੱਖੀ ਦਾ ਪ੍ਰਚਾਰ ਅਸੀਂ ਕਰਦੇ ਹਾਂ, ਤੁਹਾਡੀ ਤਾਕਤ ਵਧਾਉਣ ਲਈ ਨਵੀਂ ਸੰਗਤ ਜੋੜਦੇ ਹਾਂ। ਅਨੇਕ ਮੁਸਕਲਾਂ ਝੱਲਕੇ, ਦਸਵੰਧ ਦੀ ਮਾਇਆ ਤੁਹਾਡੇ ਤੱਕ ਪੁੱਜਦੀ ਕਰਦੇ ਹਾਂ। ਆਹ ਰੌਣਕਾਂ, ਲੰਗਰ ਦੀ ਸੋਭਾ, ਹਥਿਆਰ, ਘੋੜੇ, ਹਾਥੀ, ਸਭ ਅਸੀਂ ਹੀ ਤਾਂ ਭਿਜਵਾ ਰਹੇ ਹਾਂ। ਦੂਜੇ ਸਪੱਸ਼ਟ ਸ਼ਬਦਾਂ ਵਿੱਚ ਸੁਣ ਲਓ! ਤੁਸੀਂ ਗੁਰੂ ਉਤਨੀ ਦੇਰ ਹੋ, ਜਦੋਂ ਤੱਕ ਅਸੀਂ ਤੁਹਾਡੇ ਨਾਲ ਹਾਂ। ਅਸੀਂ ਕਿਸੇ ਹੋਰ ਨੂੰ ਭੀ ਗੁਰੂ ਬਣਾ ਸਕਦੇ ਹਾਂ......।`` ਸਤਿਗੁਰੂ ਜੀ ਨੇ ਡੂੰਘੀ ਸੋਚ ਵਿਚਾਰ ਤੋਂ ਬਾਅਦ, ਸਾਰਾ ਮਸੰਦ ਪ੍ਰਬੰਧਕੀ ਢਾਂਚਾ, ਰੱਦ ਕਰ ਦਿੱਤਾ। ਇਹਨਾਂ ਦੇ ਸਾਰੇ ਅਧਿਕਾਰ ਵਾਪਸ ਲੈ ਲਏ। ਸਿੱਖਾਂ ਨੂੰ ਸਿੱਧਾ ਗੁਰੂ ਨਾਲ ਸਬੰਧ ਰੱਖਣ ਦਾ ਮਾਣ ਦੇ ਦਿੱਤਾ। ‘‘ਗੁਰੂ ਕੇ ਖਾਲਸੇ`` ਬਣਾ ਦਿੱਤਾ ਗਿਆ, ਸਾਰੇ ਵਿਚੋਲੇ ਖ਼ਤਮ ਕਰ ਦਿੱਤੇ ਗਏ।
ਦਸਮ ਪਾਤਿਸ਼ਾਹ ਜੀ ਤੋਂ ਬਾਅਦ ਸਿੰਘਾਂ ਤੇ ਅਤਿਅੰਤ ਸਖ਼ਤੀ ਦਾ ਸਮਾਂ ਆ ਗਿਆ। ਉਜਾੜੇ ਸ਼ਹੀਦੀਆਂ, ਘੱਲੂਘਾਰੇ ਵਾਪਰਦੇ ਰਹੇ। ਬਚੇ ਹੋਏ ਸਿੱਖ, ਜੰਗਲੀ ਵਾਸ ਕਰਨ ਲਈ ਮਜ਼ਬੂਰ ਹੋ ਗਏ। ਇਸ ਬਿਖੜੇ ਦੌਰ ਵਿੱਚ ਫਿਰ ‘‘ਸੰਤ ਮਹੰਤ ਲਾਣਾ`` ਗੁਰਦਵਾਰਿਆਂ ਤੇ ਕਾਬਜ ਹੋ ਗਿਆ। ਹਰ ਤਰ੍ਹਾਂ ਦੀਆਂ ਬ੍ਰਾਹਮਣੀ ਰੀਤਾਂ, ਗੁਰਦਵਾਰਿਆਂ ਵਿੱਚ ਪ੍ਰਚਲਤ ਕਰ ਦਿੱਤੀਆਂ ਗਈਆਂ। ਰਣਜੀਤ ਸਿੰਘ ਦੇ ਰਾਜ ਵਿੱਚ, ਸਾਰੇ ਸਿੱਖ ਸਰਦਾਰ, ਬ੍ਰਾਹਮਣ ਨੂੰ (ਪਰਤੱਖ ਜਾਂ ਪ੍ਰੋਖ) ਅਪਣਾ ਗੁਰੂ ਸਵੀਕਾਰ ਕਰ ਚੁੱਕੇ ਸਨ। ਖੁਦ ਰਣਜੀਤ ਸਿੰਘ (ਮਹਾਰਾਜਾ) ਅਪਣੀ ਅਕਲ ਤੇ ਸਿੱਖ ਰਾਜ ਦੀ ਅਸੀਮ ਤਾਕਤ ਬ੍ਰਾਹਮਣਾਂ ਦੇ ਪੇਟੇ ਪਾ ਚੁੱਕਿਆ ਸੀ। ਬਹੁਤ ਹੀ ਖਤਰਨਾਕ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਰੀਤਾਂ ਰਸਮਾਂ, ਇਸੇ ਸਮੇਂ ਸੁਰੂ ਹੋਈਆਂ ਹਨ। ਭਾਵੇਂ ਕਿ ਲੰਮੀ ਸੋਚ ਮੁਤਾਬਕ ਬ੍ਰਾਹਮਣ ਨੇ ਕਿਤਾਬਾਂ ਪਹਿਲਾਂ ਹੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਅਮਲੀਜਾਮਾ ਰਣਜੀਤ ਸਿੰਘ ਦੇ ਰਾਜ ਵਕਤ ਤੇ ਮਗਰੋਂ ਹੀ ਪੁਆਇਆ ਜਾਂਦਾ ਰਿਹਾ ਹੈ। ਇਹਨਾਂ ਖਾਨਦਾਨੀ ਮਸੰਦਾਂ ਨੂੰ, ਗੁਰਦਵਾਰਿਆਂ ਵਿੱਚੋਂ ਬੇਦਖਲ ਵਰਨ ਵਾਸਤੇ, ਸਿੰਘਾਂ ਨੂੰ ਬਹੁਤ ਲੰਮੀ ਲੜਾਈ ਲੜਨੀ ਪਈ। ਭਿਆਨਕ ਟਕਰਾਉ ਤੋਂ ਬਾਅਦ ਭਾਵੇਂ ‘‘ਸਾਹਮਣੇ ਮੱਥੇ`` ਸਿੱਖ ਜਿੱਤ ਗਏ, ਪਰ ਇਹ ਅਧੂਰਾ ਸੱਚ ਹੈ। ਸੰਨ 1925 ਦਾ ਗੁਰਦਵਾਰਾ ਐਕਟ ਪ੍ਰਬੰਧ ਸਿੱਖਾਂ ਦੇ ਹਵਾਲੇ ਕਰਦਾ ਹੈ। ਪਰ ਸਾਰੇ ਸਿੱਖ ਪੰਥ ਦੇ ਮਨ ਮਸਤਕ ਅੰਦਰ ਜੋ ਬ੍ਰਾਹਮਣੀ ਰੀਤਾਂ ਰਸਮਾਂ ਡੂੰਘੀਆਂ ਧਸ ਚੁੱਕੀਆਂ ਸਨ, ਉਹ ਤਾਂ ਐਕਟ ਬਣਨ ਨਾਲ ਨਹੀਂ ਨਿਕਲਣ ਲੱਗੀਆਂ ਸਾਰੀ ਸਿੱਖ ਕੌਮ ਗੁਰਬਾਣੀ ਨੂੰ ਭੁਲਾ ਚੁੱਕੀ ਸੀ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਵਿਸਾਰ ਚੁੱਕੀ ਸੀ। ਸ਼ਬਦ ਤੋਂ ਅਗਵਾਈ ਪ੍ਰਾਪਤ ਕਰਨ ਦੀ ਥਾਵੇਂ, ਸਾਧਾਂ, ਬ੍ਰਾਹਮਣਾਂ, ਜੋਗੀਆਂ, ਸੰਨਿਆਸੀਆਂ, ਪੀਰਾਂ ਫਕੀਰਾਂ ਦੇ ਪੈਰਾਂ ਤੇ ਡਿੱਗ ਚੁੱਕੀ ਸੀ। ਮਾਨੋ ਸਮੁੱਚੀ ਸਿੱਖ ਵਸੋਂ ਬ੍ਰਾਹਮਣੀ ਖਾਰੇ ਸਾਗਰ ਵਿੱਚ ਠੇਲ ਦਿੱਤੀ ਗਈ ਸੀ। ਦੇਹਧਾਰੀ ਗੁਰੂਆਂ ਦੀਆਂ ਧਾੜਾਂ ਪੈਦਾ ਹੋ ਚੁੱਕੀਆਂ ਸਨ। ਗੁਰਦਵਾਰੇ ਤਾਂ ਭਾਵੇਂ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਆ ਚੁੱਕੇ ਸਨ, ਪਰ ਸਾਧਾਂ ਸੰਤਾਂ ਪ੍ਰਤੀ ਅੰਨ੍ਹੀ ਸ਼ਰਧਾ ਤਾਂ ਲੋਕ ਮਨਾਂ ਵਿੱਚੋਂ ਖਤਮ ਨਹੀਂ ਸੀ ਹੋਈ। ਇਸ ਕਮਜ਼ੋਰੀ ਨੂੰ ਭਾਂਪਦਿਆਂ, ਸਾਧਾਂ ਸੰਤਾਂ ਨੇ ਆਪਣੀ ਨਿੱਜੀ ਮਾਲਕੀ ਵਾਲੇ ਡੇਰੇ, ਟਕਸਾਲਾਂ, ਠਾਠ, ਧਾਮ, ਅਦਿਕ ਬਣਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਅੱਜ ਤੱਕ ਨਿਰੰਤਰ ਵਧਦੇ ਚਲੇ ਆ ਰਹੇ ਹਨ।
ਸਤਿਗੁਰੂ ਸਹਿਬਾਨ ਜਾਂ ਪ੍ਰਮੁੱਖ ਸਿੱਖਾਂ ਨਾਲ ਸਬੰਧਤ ਇਤਿਹਾਸਕ ਗੁਰਦਵਾਰੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਚਲੇ ਗਏ। ਅਣਗਿਣਤ ਡੇਰੇਦਾਰਾਂ ਨੂੰ ਭਵਿੱਖ ਦੀ ਚਿੰਤਾ ਵੱਢ ਵੱਢ ਖਾਣ ਲੱਗੀ। ਅਜਿਹੇ ਚਾਲਬਾਜ਼ ਲੋਕਾਂ ਨੇ, ਅੱਗੋਂ ਵਾਸਤੇ ਜ਼ਮੀਨ ਮਕਾਨ ਸਾਂਝੇ ਸੰਗਤ ਦੇ, ਨਾ ਰਹਿਣ ਦੇਣ ਦਾ ਇਰਾਦਾ ਧਾਰ ਲਿਆ। ਲਿਖਤੀ ਰਿਕਾਰਡ ਵਿੱਚੋਂ ਇਹਨਾਂ ਦਾ ਨਾਮ ਬਦਲ ਦਿੱਤਾ ਗਿਆ। ਡੇਰਾ, ਠਾਠ, ਟਕਸਾਲ, ਧਾਮ ਜਾਂ ਅਜਿਹਾ ਹੀ ਕੁਝ ਹੋਰ ਨਾਮ ਰੱਖ ਲਿਆ। ਕੁੱਝ ਇੱਕ ਨੇ ਸਾਹਮਣੇ ਮਹੱਤਵ ਪੂਰਨ ਸਥਾਨ ਤੋਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕ ਦਿੱਤਾ, ਪਿਛਲੇ ਕਮਰੇ ਜਾਂ ਭੋਰੇ ਆਦਿ ਵਿੱਚ ਲੁਕਾ ਦਿੱਤਾ ਗਿਆ। ਕਈ ਡੇਰੇਦਾਰਾਂ ਨੇ ਸਿੱਖੀ ਸਰੂਪ ਪਹਿਲਾਂ ਹੀ ਤਿਆਗਿਆ ਹੋਇਆ ਸੀ। ਕਈਆ ਨੇ ਬਾਅਦ ਵਿੱਚ ਤਿਆਗ ਦਿੱਤਾ। ਮਰਿਆਦਾ ਵਿੱਚ ਇੱਕਸਾਰਤਾ ਤਾਂ ਪਹਿਲਾਂ ਹੀ ਨਹੀਂ ਸੀ। ਪੰਥ ਵੱਲੋਂ ਤਿਆਰ ਕੀਤੀ, ਮਰਿਆਦਾ ਮੰਨਣ ਤੋਂ ਭੀ ਇਹ ਲੋਕ ਨਾਬਰ ਹੋ ਗਏ। ਆਪਣੀ ਦੁਕਾਨਦਾਰੀ (ਡੇਰੇ) ਨੂੰ ਪੱਕੇ ਪੈਰੀਂ ਕਰਨ ਵਾਸਤੇ, ਅਜਿਹੀ ਸੋਚ ਵਾਲੇ ਲੋਕਾਂ ਨੇ, ਕੁਝ ਇਤਿਹਾਸਕ ਤੌਰ ਤੇ ਨਾਮਣੇ ਵਾਲੇ ਗੁਰਸਿੱਖਾਂ ਦਾ ਨਾਮ ਭੀ ਅਪਣੀ ਜਥੇਬੰਦੀ ਲਈ ਵਰਤਣਾ ਜ਼ਰੂਰੀ ਸਮਝਿਆ। ਇਹਨਾਂ ਵਿੱਚੋਂ ਕੁਝ ਕੁ ਨਾਮ ਇਹ ਹਨ- ਭਾਈ ਬਿਧੀ ਚੰਦ ਦਾ ਨਾਮ-ਇੱਕ ਨਿਹੰਗ ਜਥੇਬੰਦੀ, ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ। ਭਾਈ ਘਨੱਈਆ ਜੀ ਦਾ ਨਾਮ-ਸੇਵਾ ਪੰਥੀ ਜਥੇਬੰਦੀ, ਜਿਨ੍ਹਾਂ ਦੀ ਪ੍ਰਮੁੱਖ ਬ੍ਰਾਂਚ ਗੋਨਿਆਣਾ ਮੰਡੀ, ਜ਼ਿਲ੍ਹਾ ਬਠਿੰਡਾ ਵਿਖੇ ਹੈ। ਦਮਦਮੀ ਟਕਸਾਲ ਵਾਲੇ-ਪਹਿਲਾਂ (1970 ਤੱਕ) ਇਹ ਲੋਕ ਆਪਣੀ ਜਥੇਬੰਦੀ ਭਾਈ ਮਨੀ ਸਿੰਘ ਜੀ ਤੋਂ ਚੱਲੀ ਲਿਖਦੇ ਪ੍ਰਚਾਰਦੇ ਰਹੇ। ਸੰਨ ਸੱਤਰ ਤੋਂ ਬਾਅਦ ਬਾਬਾ ਦੀਪ ਸਿੰਘ ਨੂੰ ਅਪਣਾ ਮੁਖੀ ਗਰਦਾਨਣ ਲੱਗ ਪਏ। ਇੱਕ ਹੋਰ ਜਥੇਬੰਦੀ (ਡੇਰਾ) ‘‘ਨਾਨਕਸਰੀਏ`` ਹੋਣ ਦਾ ਦਮ ਭਰਨ ਲੱਗੇ। ਫਿਰ ਤਾਂ ਇੱਕ ਬਿਮਾਰੀ ਇੱਕ ਵਬਾ ਬਣ ਕੇ ਉਭਰੀ, ਜੋ ਵਧਦੀ ਹੀ ਚਲੀ ਗਈ। ਸੋਢੀ ਤੇ ਬੇਦੀ ਉੱਠ ਖਲੋਤੇ-ਅਖੇ ਅਸੀਂ ਸਤਿਗੁਰੂ ਜੀ ਦੇ ਖਾਨਦਾਨ ਵਿੱਚੋਂ ਹਾਂ, ਸਾਡਾ ਇਸੇ ਕਾਰਣ ਵਿਸ਼ੇਸ਼ ਸਨਮਾਨ ਹੋਣਾ ਚਾਹੀਦਾ ਹੈ। ਕੀ ਇਹ ਨਹੀਂ ਜਾਣਦੇ ਪਈ ਪਿਰਥੀ ਚੰਦ, ਧੀਰਮਲ, ਰਾਮ ਰਾਏ, ਸਿਰੀ ਚੰਦ ਆਦਿਕ ਸਾਰੇ ਹੀ ਸੋਢੀ ਬੇਦੀ ਸਨ। ਪਰ ਸਤਿਗੁਰੂ ਜੀ ਨੇ ਖੂਨ ਦੇ ਰਿਸ਼ਤੇ ਨੂੰ ਕੋਈ ਮਹੱਤਵ ਨਹੀਂ ਦਿੱਤਾ, ਗੁਣਾਂ ਨੂੰ ਪ੍ਰਮੁੱਖਤਾ ਦਿੱਤੀ ਹੈ। ਇਸ ਤੋਂ ਮਗਰੋਂ ਤਾਂ ਮਾਨੋ ਇਹ ਮੁਕਾਬਲਾ ਹੀ ਚਲ ਪਿਆ। ਸਾਰੇ ਭਗਤਾਂ ਦੇ ਨਾਮ ਤੇ ਆਪੋ ਆਪਣੇ, ਅਲੱਗ ਗੁਰਦਵਾਰੇ ਉੱਸਰ ਗਏ। ਭਾਈ ਮਰਦਾਨਾ ਜੀ ਦੇ ਖਾਨਦਾਨ ਦਾ ਹੋਕਾ ਦੇ ਰਿਹਾ ਲਾਣਾ, ਦਾਹੜੀ ਕੇਸ ਕਟਵਾ ਕੇ, ਤੰਬਾਕੂ ਦੀ ਵਰਤੋਂ ਕਰਕੇ, ਇਸਲਾਮ ਧਰਮ ਦੇ ਅਸੂਲਾਂ ਨੂੰ ਦਿਲੋਂ ਮਨੋ ਸਵੀਕਾਰਦਿਆਂ, ਅਜੇ ਭੀ ਗੁਰੂ ਨਾਨਕ ਸਾਹਿਬ ਜੀ ਦੇ ਖਾਸ ਨਿਕਟਵਰਤੀ ਸਿੱਖ ਹੋਣ ਦਾ ਐਲਾਨ ਕਰਦਾ ਆ ਰਿਹਾ ਹੈ। ਸਾਈਂ ਮੀਆਂ ਮੀਰ ਦੇ ਖਾਨਦਾਨ ਨਾਲ ਸਬੰਧਤ, ਲੋਕ ਭੀ ਸਿੱਖਾਂ ਤੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਸਤੇ ਤਰਲੋ ਮੱਛੀ ਹੋਏ ਫਿਰਦੇ ਹਨ। ਇੱਕ ਮਾਲਾ ਵਿਖਾਕੇ, ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ‘‘ਸੁਗਾਤ`` ਸਾਈਂ ਮੀਆਂ ਮੀਰ ਜੀ ਨੂੰ, ਖੁਦ ਪੰਜਵੇਂ ਨਾਨਕ ਜੀ ਨੇ ਬਖਸ਼ਿਸ਼ ਕੀਤੀ ਸੀ। ਲੱਗਦੇ ਹੱਥ ਇੱਕ ਕੀਮਤੀ ਹਾਰ, ਮਾਤਾ ਗੰਗਾ ਜੀ ਨੇ ਭੀ ਪੀਰ ਜੀ ਨੂੰ ਨਜ਼ਰ`` ਕੀਤਾ ਸੀ। ਗੁਰਬਾਣੀ ਵਿੱਚ ਮਾਲਾ ਦਾ ਸਖ਼ਤ ਨਿਖੇਧ ਹੈ, ਮਾਤਾਵਾਂ ਸਾਦਾ ਜੀਵਨ ਬਤੀਤ ਕਰਦੀਆਂ ਸਨ। ਪਰ ਇਹ ਸਾਰਾ ਕੁਝ ‘‘ਇਤਿਹਾਸਕ`` ਬਣਾ ਦਿੱਤਾ ਗਿਆ ਹੈ।
ਫਿਰ ਰਾਏ ਕੱਲੇ ਦਾ ਖਾਨਦਾਨ ਕਿਉਂ ਕਿਸੇ ਤੋਂ ਪਿੱਛੇ ਰਹੇ ? ਘੜੀ ਗਈ ਕਹਾਣੀ ਬੜੀ ਨਾਯਾਬ ਚੀਜ਼ ਹੈ; ਅਖੇ ਦਸਵੇਂ ਨਾਨਕ ਨੇ ਰਾਏਕੋਟ ਦੇ ਜੰਗਲ ਵਿੱਚ, ਮੱਝਾਂ ਚਾਰਨ ਵਾਲੇ ਪਾਲੀ ਤੋਂ, ਪੀਣ ਲਈ ਦੁੱਧ ਮੰਗਿਆ। ਉਸਨੇ ਮਜਾਕ ਕਰਦਿਆਂ, ਆਖਿਆ-‘‘ਮਹਾਰਾਜ! ਤੁਸੀਂ ਤਾਂ ਵੈਸੇ ਜਾਣੀ ਜਾਣ ਹੋ, ਪਰ ਇਹਨਾਂ ਮੱਝਾਂ ਵਿੱਚ ਇੱਕੋ ਇੱਕ ਝੋਟੀ (ਅਉਸਰ-ਫੰਡਰ) ਹੈ। ਬੜੀ ਖੱਟਰ ਹੈ ਨੇੜੇ ਨਹੀਂ ਕਿਸੇ ਨੂੰ ਫਟਕਣ ਦਿੰਦੀ। ਚੋ ਸਕਦੇ ਹੋ ਤਾਂ ਦੁੱਧ ਚੋ ਲਓ।`` ਇਹ ਝੋਟੀ ਅੱਜ ਤੱਕ ਗਰਭਵਤੀ ਨਹੀਂ ਹੋਈ ਸੀ। ਕਿਸੇ ਬੱਚੇ ਨੂੰ ਜਨਮ ਦੇਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਸਤਿਗੁਰੂ ਜੀ ਨੇ ‘‘ਸੈਂਕੜੇ ਸੁਰਾਖ਼ਾਂ ਵਾਲਾ ਲੋਟਾ ਲਿਆ, ਫੰਡਰ ਮੱਝ ਨੂੰ ਪਲੋਸ ਕੇ, ਹੇਠਾਂ ਬੈਠ ਗਏ। ਫੰਡਰ ਮੱਝ ਨੇ ਦੁੱਧ ਦੀਆਂ ਲਹਿਰਾਂ ਲਾ ਦਿੱਤੀਆਂ। ਛੇਕਾਂ ਵਾਲਾ ਲੋਟਾ, ਨੱਕਾਨੱਕ ਭਰ ਗਿਆ। ਸਤਿਗੁਰੂ ਜੀ ਨੇ ਖੁਦ ਦੁੱਧ ਪੀਤਾ ਤੇ ਸਾਰਿਆਂ ਨੂੰ ਪ੍ਰਸ਼ਾਦ ਰੂਪ ਪਿਲਾਇਆ। ਛੇਕਾਂ ਵਿੱਚੋਂ ਦੁੱਧ ਡੁਲਿ੍ਹਆ ਹੀ ਨਹੀਂ।`` ਇਸ ‘‘ਕਰਾਮਾਤੀ ਲੋਟੇ`` ਦੀ ਬਦੌਲਤ, ਰਾਏ ਕੱਲੇ ਦੇ ਪੜਪੋਤਰੇ ਨੇ, ਕਰੋੜਾਂ ਰੁਪੈ ਕਮਾ ਲਏ ਹਨ, ਤੇ ਅਜੇ ਭੀ ਇਹ ‘‘ਲੋਟਾ-ਲੁੱਟ`` ਨਿਰਬਿਘਨ ਜਾਰੀ ਹੈ। ਇਸ ਸ਼ਰਮਨਾਕ ਝੂਠ ਨੂੰ ਵਧਾਉਣ ਫੈਲਾਉਣ ਵਿੱਚ ‘‘ਕਹਿੰਦੇ ਕਹਾਉਂਦੇ ਨਾਮੀ ਰਾਗੀ, ਢਾਡੀ ਤੇ ਪ੍ਰਚਾਰਕ ਤਾਂ ਸ਼ਾਮਿਲ ਹੈਨ ਹੀ, ਸਗੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਭੀ, 400 ਸਾਲਾਂ ਗੁਰੂ ਗ੍ਰੰਥ ਸਾਹਿਬ (ਅਸਲ ਵਿੱਚ ਪੋਥੀ) ਦੇ ਪਹਿਲੇ ਪ੍ਰਕਾਸ਼ ਨੂੰ ‘‘ਧੂਮ ਧਾਮ ਨਾਲ ਮਨਾਉਂਦਿਆਂ`` ਗੁਰਦਵਾਰਿਆਂ ਵਿੱਚ ਸੰਗਤਾਂ ਨੂੰ ਵਿਸ਼ੇਸ਼ ਸ਼ਾਨ ਨਾਲ, ‘‘ਲੋਟਾ ਸਾਹਿਬ`` ਦੇ ‘‘ਦਰਸ਼ਨ ਦੀਦਾਰੇ`` ਕਰਵਾ ਰਹੀ ਸੀ।
ਗੁਰੂ ਨਾਨਕ ਸਾਹਿਬ ਜੀ ਨੇ ਟੁਕੜਿਆਂ ਵਿੱਚ ਵੰਡੀ ਮਨੁੱਖਤਾ, ਨਫ਼ਰਤ ਦੀ ਅੱਗ ਵਿੱਚ ਸੜ ਰਹੀ ਲੋਕਾਈ ਨੂੰ, ‘‘ੴ`` ਦੇ ਲੜ ਲਾ ਕੇ, ਇੱਕੋ ਅਕਾਲ ਪੁਰਖ ਦੇ ਪੈਦਾ ਕੀਤੇ ਹੋਣ ਦਾ ਅਹਿਸਾਸ ਕਰਾਇਆ। ਖੱਤਰੀ ਬ੍ਰਾਹਮਣ ਸੂਦ ਵੈਸ਼ ਦਾ ਭਿੰਨ ਭੇਦ ਮਿਟਾ ਕੇ, ਇਨਸਾਨ ਹੋਣ ਦਾ ਹੋਕਾ ਦਿੱਤਾ। ਨਿੱਕੀਆਂ ਵੱਡੀਆਂ ਜਥੇਬੰਦੀਆਂ ਵਿੱਚ ਵੰਡੇ, ਜੋਗੀ ਬ੍ਰਾਹਮਣ ਈਰਖਾ ਦੀ ਤਪਸ਼ ਵਿੱਚ ਭੀ ਸੜ ਰਹੇ ਸਨ, ਅਤੇ ਸਦੀਆਂ ਤੋਂ ਗੁਲਾਮੀ ਦਾ ਦੁੱਖ ਭੀ ਸਹਿ ਰਹੇ ਸਨ। ਇਹਨਾਂ ਭਵਿੱਖ ਮੁਖੀ ਲਾਸਾਨੀ ਕਾਰਜਾਂ ਨੂੰ, ਗੁਰੂ ਜੀ ਨੇ ਖੁਦ ਸਮਝਿਆ, ਤੇ ਸਭ ਨੂੰ ਸਮਝਾਇਆ। ਹਰ ਪੱਖੋਂ ਟੁੱਟ ਚੁੱਕੇ ਕਮਜ਼ੋਰ ਲੋਕ ਸਤਿਗੁਰੂ ਜੀ ਦੀ ਸ਼ਰਣ ਵਿੱਚ ਇਕੱਠੇ ਹੋਣ ਲੱਗੇ। ਜਿਉਂ ਜਿਉਂ ਸਿਆਣਪ ਵਾਲੀ ਅਗਵਾਈ ਵਿੱਚ ਲੋਕ ਜੁੜਦੇ ਗਏ, ਤਿਵੇਂ ਤਿਵੇਂ ਬਹੁਪੱਖੀ ਫਤਿਹਯਾਬੀ ਵੱਲ ਵਧਦੇ ਗਏ। ਗਿਣਤੀ ਵਿੱਚ ਸਭ ਤੋਂ ਘੱਟ ਹੋਣ ਦੇ ਬਾਵਜੂਦ ਸਿੱਖ ਧਰਮ ਸਭ ਲੋਕਾਂ ਨੂੰ ਮਾਤ ਪਾ ਗਿਆ। ਸਿੱਖੀ ਜੀਵਨ ਇੱਕ ਮਾਡਲ ਰੂਪ ਵਿੱਚ ਸਤਕਾਰਿਆ ਜਾਣ ਲੱਗਿਆ। ਹੋਰ ਅੱਗੇ ਵਧਦਿਆਂ ਹਰ, ਫਿਰਕੇ ਤਬਕੇ ਦੇ ਲੋਕ, ਅਤਿ ਦੀ ਸਖ਼ਤੀ ਦੇ ਬਾਵਜੂਦ, ਆਪਣੇ ਪੁੱਤਰਾਂ ਨੂੰ ਬੇਖੌਫ ਹੋ ਕੇ, ਸਿੰਘ ਸਜਾ ਰਹੇ ਸਨ। ਇਸ ਬਹਾਦਰੀ ਅਤੇ ਨੇਕੀ ਦੀ ਬਦੌਲਤ (ਸਤਿਗੁਰੂ ਜੀ ਦੀ ਦਿੱਤੀ ਸੋਝੀ) ਸਿੱਖ, ਜ਼ਾਲਮ ਹਕੂਮਤ ਦੀਆਂ ਜੜਾਂ ਪੁੱਟਣ ਵਿੱਚ ਕਾਮਯਾਬ ਹੋਏ। ਬਦੇਸ਼ੀ ਲੁਟੇਰਿਆਂ ਨੂੰ ਭੱਜਣ ਵਾਸਤੇ ਮਜ਼ਬੂਰ ਕਰ ਦਿੱਤਾ। ਸ਼ਾਨਾਮੱਤੇ ਸਿੱਖ ਰਾਜ ਦੇ ਝੰਡੇ ਝੁਲਾ ਦਿੱਤੇ, ਡੰਕੇ ਵੱਜ ਗਏ। ਸਿੱਖ ਸਮਾਜ, ਚੋਰਾਂ ਡਾਕੂਆਂ ਲੁਟੇਰਿਆਂ ਦੇ ਬਦਨਾਮ ਗਰੋਹ ਤੋਂ ਬਦਲਕੇ, ਪਰਉਪਕਾਰੀ, ਬਹਾਦਰਾਂ, ਜਾਂਬਾਜ਼ ਰਾਖਿਆਂ ਦੇ ਰੂਪ ਵਿੱਚ ਸਵੀਕਾਰਿਆ ਗਿਆ। ਸੰਸਾਰ ਭਰ ਵਿੱਚ, ਗੁਰੂ ਕਿਰਪਾ ਸਦਕਾ, ਸਿੱਖਾਂ ਦੀ ਕੀਰਤੀ ਫੈਲ ਗਈ। ਸਿੱਖਾਂ ਨਾਲ ਦੋਸਤੀ ਪਾਉਣੀ, ਮਾਣ ਦਾ ਪ੍ਰਤੀਕ ਬਣ ਗਈ।
ਸਮੇਂ ਨੇ ਕਰਵਟ ਬਦਲੀ, ਰਾਜਨੀਤਕ ਆਗੂ ਐਸ਼ਪ੍ਰਸਤ ਹੋ ਗਏ। ਧਾਰਮਕ ਆਗੂ ਭਟਕ ਗਏ, ਧਰਮ ਤੋਂ ਦੂਰ ਹੋ ਗਏ। ਡੇਰੇਦਾਰੀ ਦਾ ਫਨੀਅਰ ਨਾਗ, ਸਾਰੇ ਸਿੱਖ ਪੰਥ ਨੂੰ ਆਪਣੀ ਜੋਰਦਾਰ ਜਕੜ ਵਿੱਚ ਨਪੀੜਦਾ ਚਲਾ ਗਿਆ। ਜਿਸ ਬੁਜ਼ਦਿਲ ਬਿਰਤੀ ਵਾਲੇ ਸਾਧਾਂ ਸੰਤਾਂ ਨੂੰ, ਸਤਿਗੁਰੂ ਜੀ ਨੇ ਦੁਰਕਾਰਿਆ ਫਿਟਕਾਰਿਆ ਸੀ, ਉਹੀ ਖਾਸੀਅਤਾਂ ਅਤੇ ਖੁਦਗਰਜ਼ੀ ਲੈ ਕੇ, ਭਾਂਤ ਸੁਭਾਂਤੇ ਡੇਰੇਦਾਰ, ਮੁੜ ਤੋਂ ਬਰਸਾਤ ਦੇ ਡੱਡੂਆਂ ਵਾਂਗ ‘‘ਟਰੈਂ ਟਰੈਂ`` ਕਰਦੇ ਸੁਣਾਈ ਦੇਣ ਲੱਗੇ। ਜਦੋਂ ਇਹਨਾਂ ਵੇਖਿਆ ਕਿ ‘‘ਹਿੰਗ ਲੱਗੇ ਨਾ ਫਟਕੜੀ, ਪੂਜਾ ਪੈਸਾ ਵਾਧੂ।`` ਤਾਂ ਇਹਨਾਂ ਲੋਕਾਂ ਨੇ ਰੰਗ ਬਰੰਗੇ ਨਾਮ ਰਖਕੇ, ਜੀਵਨ ਵਾਲੇ, ਸਿਰ ਕੱਢਵੇਂ ਗੁਰ ਸਿੱਖਾਂ ਦੇ ਨਾਮ ਦੀ ਵਰਤੋਂ ਕਰਕੇ, ਆਪਣੇ ਡੇਰੇ ਸਥਾਪਤ ਕਰ ਲਏ। ਗੁਰੂ ਸਾਹਿਬ ਜੀ ਨੇ ‘‘ਵਣ ਵਣ ਦੀ ਲਕੜੀ`` ਨੂੰ ਇੱਕੋ ਪ੍ਰੇਮ ਸੂਤਰ ਵਿੱਚ ਪਰੋਇਆ ਸੀ। ਇਹਨਾਂ ਡੇਰੇਦਾਰਾਂ ਮੁੜ ਸਮੁੱਚੇ ਪੰਥ ਨੂੰ ਖੇਰੂੰ ਖੇਰੁੰ ਕਰ ਦਿੱਤਾ ਹੈ। ਬਿਨਾਂ ਕਿਸੇ ਇਤਿਹਾਸਕ ਸਬੂਤ ਤੋਂ ਭਾਈ ਮਰਦਾਨਾ ਜੀ ਦੇ ਖਾਨਦਾਨ ਵਾਲੇ, ਮਰਦਾਨਾ ਜੀ ਵਾਲਾ ਰੁਤਬਾ ਪ੍ਰਾਪਤ ਕਰਨ ਲਈ ਕਾਹਲੇ ਹਨ। ਸਾਈਂ ਮੀਆਂ ਮੀਰ ਦਾ ਖਾਨਦਾਨ ਇਹਨਾਂ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ, ਅਖੇ ‘‘ਸਾਡੇ ਕੋਲ ਪੰਜਵੇਂ ਨਾਨਕ ਦੀ ਮਾਲਾ ਜੂ ਹੈ।`` ਗੁਰੂ ਨਾਨਕ ਸਾਹਿਬ ਜੀ ਦੀ ‘‘ਸਤਾਹਰਵੀਂ ਕੁਲ`` ਵਿੱਚੋਂ ਊਨੇ ਵਾਲੇ ਡੇਰੇਦਾਰ, ਸਰਬਜੋਤ ਸਿੰਘ (ਬੇਦੀ) ਆਪਣੇ ਆਪ ਨੂੰ ਸਤਿਗੁਰੂ ਜੀ ਦਾ ਅਸਲੀ ਬਿੰਦੀ ਪੁੱਤਰ ਦਸ ਰਿਹਾ ਹੈ। ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਿੰਦੀ ਪੁੱਤਰਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਪਿੰਡ ਸੁਰ ਸਿੰਘ, ਜ਼ਿਲ੍ਹਾ ਅੰਮ੍ਰਿਤਸਰ ਵਿਖੇ, ਬਾਬਾ ਦਇਆ ਸਿੰਘ ਦਾ ਪ੍ਰਵਾਰ ਕਰੋੜਾਂ ਨਹੀਂ ਅਰਬਾਂ ਪਤੀ ਬਣ ਚੁੱਕਿਆ ਹੈ। ਕਿਉਂਕਿ ਉਹ ਛੇਵੇਂ ਨਾਨਕ ਦੇ ਬਹਾਦਰ ਸਿੱਖ ਭਾਈ ਬਿਧੀ ਚੰਦ ਦੇ ਨਾਮ ਨੂੰ ਆਪਣੇ ਡੇਰੇ ਨਾਲ ਨੱਥੀ ਕਰ ਚੁੱਕੇ ਹਨ। ਇਸੇ ਬਾਬਾ ਦਇਆ ਸਿੰਘ ਨੇ ਸੰਨ 2000 ਵਿੱਚ ਆਪਣੇ ਬਦੇਸ਼ਾਂ ਵਿੱਚ ਡੇਰੇ ਦੇ ਪੈਸੇ ਨਾਲ ਗੁਲਛਰਰੇ ਉਡਾ ਰਹੇ ਲਾਡਲੇ ਸਪੁੱਤਰ ਦਾ ‘‘ਸਾਦਾ ਜਿਹਾ ਵਿਆਹ`` ਕੀਤਾ ਸੀ। ‘‘ਸਤਿਗੁਰੂ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਗੁਰੂ ਕੀ ਗੋਲਕ ਵਿੱਚੋਂ, ਤਿਲ ਫੁਲ ਲੈ ਕੇ, ਪੁੱਤਰ ਦੇ ਵਿਆਹ ਤੇ ਸਿਰਫ ਚੌਦਾਂ ਕਰੋੜ ਰੁਪਿਆ ਖਰਚ ਕੀਤਾ ਸੀ।`` ਧੰਨ ਸਿੱਖੀ......। ਧੰਨ ਸੰਤਗੀਰੀ।
ਭਾਈ ਘਨੱਈਆ ਜੀ ਨੇ ਆਪਣੇ ਜੀਵਨ ਕਾਲ ਵਿੱਚ ਕੋਈ ਸੰਸਥਾ ਜਾਂ ਡੇਰੇਦਾਰੀ ਨਹੀਂ ਚਲਾਈ। ਨਾ ਹੀ ਗੁਰੂ ਘਰ ਵਿੱਚ ਠੇਕੇਦਾਰੀ ਨੂੰ ਕੋਈ ਮਾਨਤਾ ਹੈ। ਪਰ ਅੱਜ ਉਹਨਾਂ ਦੇ ਨਾਮ ਤੇ ਖੂਬ ਡੇਰੇ ਚੱਲ ਰਹੇ ਹਨ। ਪੰਥ ਨਾਲੋਂ ਵਖਰੇਵਾਂ (ਪਾੜਾ) ਪਾਉਣ ਦਾ ਟੁਕੜਿਆਂ ਵਿੱਚ ਵੰਡਣ ਦੀ ‘‘ਸੇਵਾ`` ਕਮਾ ਰਹੇ ਹਨ। ਭਿੰਡਰਾਂ ਟਕਸਾਲ (ਮਹਿਤੇ ਚੌਂਕ) ਵਾਲੇ ਅਪਣੀ ਡੇਰੇਦਾਰੀ ਨੂੰ, ਦਸਮੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ ਧਿਙਾਣੇ ਦੇ ਜ਼ੋਰ ਨੱਥੀ ਕਰ ਰਹੇ ਹਨ। ਅਖੇ ਸਾਡੀ ‘‘ਦਮਦਮੀ ਟਕਸਾਲ`` ਦਮਦਮਾ ਵਿਖੇ ਸ਼ੁਰੂ ਹੋਈ। ਸੰਨ 1970 ਤੱਕ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ, ਸੰਘ ਪਾੜ ਪਾੜ ਕੇ ਬੋਲਦੇ ਰਹੇ, ਕਿ ਗੁਰੂ ਦਸਮ ਪਾਤਿਸ਼ਾਹ ਤੋਂ ਬਾਅਦ ਗੱਦੀ ਮਿਲੀ ਭਾਈ ਮਨੀ ਸਿੰਘ ਜੀ ਨੂੰ। ਧਿਆਨ ਰਹੇ ਇਹੀ ਕੂੜ ਪ੍ਰਚਾਰ ਸੱਤੋਵਾਲੀ ਗਲੀ (ਅੰਮ੍ਰਿਤਸਰ) ਵਾਲੇ, ਅਮੀਰ ਭੰਡਾਰ ਵਾਲੇ ਬਾਬੇ, ਮੱਖਣ ਸਿੰਘ ਭੀ ਬੋਲ ਰਹੇ ਹਨ। ਇਹੀ ਧੋਖਾ ਭਿੰਡਰਾਂ ਪਿੰਡ ਵਿੱਚ ਰਹਿ ਰਹੇ ਗਿ: ਮੋਹਣ ਸਿੰਘ ਭੀ (ਟਕਸਾਲੀਏ) ਕਰ ਰਹੇ ਹਨ। ਸੰਨ ਸੱਤਰ ਤੋਂ ਬਾਅਦ ਜਥਾ ਮਹਿਤਾ ਚੌਕ ਵਾਲਿਆਂ (ਟਕਸਾਲੀਏ) ਅਚਨਚੇਤੀ ਧੋਬੀ ਪਟਕਾ ਮਾਰਦਿਆਂ, ਝੂਠ ਬੋਲਣ ਦੇ ਸਾਰੇ ਰਿਕਾਰਡ ਤੋੜ ਦਿੱਤੇ। ਹਿੱਕ ਦੇ ਤਾਣ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਬੇਖੌਫ ਹੋ ਕੇ ਕੁਫਰ ਤੋਲਣਾ ਸ਼ੁਰੂ ਕੀਤਾ।`` ਸਾਡੀ ਮਹਾਨ ਜਥੇਬੰਦੀ ਸੀਸ ਤਲੀ ਤੇ ਰੱਖ, ਲੜਨ ਵਾਲੇ ਲਾਸਾਨੀ ਯੋਧੇ, ਸ਼ਹੀਦ ਬਾਬਾ ਦੀਪ ਸਿੰਘ ਤੋਂ ਚੱਲੀ ਹੈ।`` ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਪਸੰਦ ਨਾ ਆਈ ? ਬਾਹਵਾਂ ਉਲਾਰ ਉਲਾਰ ਕੇ, ਹਜ਼ਾਰਾਂ ਦੇ ਇਕੱਠਾਂ ਵਿੱਚ, ਪੈਂਤੀ ਸਾਲ ਤੋਂ ਬੇ ਸ਼ਰਮੀ ਨਾਲ, ਅਖੌਤੀ ਬ੍ਰਹਮ ਗਿਆਨੀ ਝੂਠ ਬੋਲਦੇ ਆ ਰਹੇ ਹਨ। ਜੋ ਅਜੇ ਭੀ ਨਿਰ ਬਿਘਨ ਜਾਰੀ ਹੈ। ਤਵਾਰੀਖੀ ਕਿਤਾਬਾਂ, ਜਿਵੇਂ ਪ੍ਰਾਚੀਨ ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਸ੍ਰੀ ਗੁਰਸੋਭਾ, ਗਿ; ਗਿਆਨ ਸਿੰਘ, ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ, ਆਦਿ ਕਿਸੇ ਭੀ ਕਿਤਾਬ ਵਿੱਚ ਇਹਨਾਂ ਦੀ ਟਕਸਾਲ ਦਾ ਨਾਮੋ ਨਿਸ਼ਾਨ ਨਹੀਂ ਹੈ। ਫਿਰ ਭੀ ਆਪਣੇ ਆਪ ਨੂੰ ਦਸਮੇ ਸਤਿਗੁਰੂ ਦੇ ਵਾਰਿਸ ਗਰਦਾਨ ਰਹੇ ਹਨ। ਅਜਿਹੇ ਲੋਕਾਂ, ਡੇਰਿਆਂ ਕਾਰਨ, ਪੰਥ ਖੱਖੜੀਆਂ ਕਰੇਲੇ ਹੋਇਆ ਹੈ। ਦੇਹਧਾਰੀ ਗੁਰੂਆਂ, ਸਾਧਾਂ ਦੀ ਮਾਨਤਾ ਪ੍ਰਫੁਲੱਤ ਹੋਈ ਹੈ। ਅਜਿਹੇ ਝੂਠੇ ਡੇਰੇਦਾਰਾਂ ਤੋਂ ਸਾਵਧਾਨ! ਬਚੋ!! ਗੁਰਵਾਕ ਹਨ -
ਸਤੀ ਪਹਰੀ ਸਤ ਭਲਾ ਬਹੀਐ ਪੜਿਆ ਪਾਸਿ।।
ਉਥੈ ਪਾਪ ਪੁੰਨ ਬੀਚਾਰੀਐ ਕੂੜੇ ਘਟੇ ਰਾਸਿ।। (146)
ਇਹਨਾਂ ਟੁਕੜਿਆਂ ਵਿੱਚੋਂ ਲੱਭਣ ਦੀ ਖੇਚਲ ਕਰੋ ਜੀ ਕਿ ‘‘ਖਾਲਸਾ ਪੰਥ`` ਕਿੱਥੇ ਹੈ ? ਜਾਂ ਇਹ ਸਾਰੇ ਹੀ ‘‘ਪੰਥ`` ਹਨ ?
ਇਹਨਾਂ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹੇ-ਸ਼ਹਿਰ ਵਿਚੋਂ ਸਤਨ 2000 ‘‘ਸੇਵਕ`` ਜਥੇਬੰਦੀਆਂ ਤੇ ਅਕਾਲੀ ਦਲ ਹਨ। ਗੁਰਦਵਾਰਾ ਕਮੇਟੀਆਂ ਹੋਰ ਅਣਗਿਣਤ। ਜਿਸ ‘ਖਾਲਸਾ ਪੰਥ ਜਾਂ ਗੁਰੂ ਪੰਥ` ਦਾ ਊਚਾ ਢੋਲ ਵਜਾਇਆ ਜਾ ਰਿਹਾ ਹੈ, ਕਿਥੇ ਹੈ ਉਹ ਅਸਲੀ ਪੰਥ ? ਇਹ ਤਾਂ ਸਾਰੇ ਇੱਕ ਦੂਜੇ ਦੇ ਦੁਸ਼ਮਣ ਬਣੇ ਨਜ਼ਰ ਆਉਂਦੇ ਹਨ। ਫਿਰ ਵਿੱਚੇ ਸ਼ਰਾਬੀ, ਵਿਭਚਾਰੀ, ਗੋਲਕ ਚੋਰ, ਰਿਸ਼ਵਤਖੋਰ, ਪੰਥ ਨੂੰ ਅੰਦਰੋਂ ਬਾਹਰੋਂ, ਵੇਚ ਵੱਟ ਕੇ ਡਕਾਰ ਜਾਣ ਵਾਲੇ ਭੀ ‘‘ਅਸਲੀ ਪੰਥ ਹੀ ਹਨ``? ਹਰ ਇਕ ਦੀ ‘‘ਢਾਈ ਪਾ ਖਿਚੜੀ`` ਵੱਖੋ ਵੱਖਰੇ ਚੁਲ੍ਹੇ ਤੇ ਰਿੱਝ ਰਹੀ ਹੈ। ਗੁਰੂ ਪਿਆਰ ਵਾਲੇ ਗੁਰਸਿੱਖੋ! ਹੋਸ਼ ਕਰੋ!! ਪੰਥ ਦੀ ਚੜ੍ਹਦੀ ਕਲਾ ਦਾ ਕੋਈ ਪ੍ਰੋਗਰਾਮ ਉਲਕੋ!!! ਵਰਨਾ ਸਾਡਾ ਬੇੜਾ ਤਾਂ ਗਰਕਿਆ ਹੀ ਹੋਇਆ ਹੈ। ਗੁਰਵਾਕ ਹਨ -
ਰੇ ਮੂੜੇ! ਅਨਕਾਹੇ ਕਤ ਜਾਈ ?
ਸੰਗਿ ਮਨੋਹਰ ਅੰਮ੍ਰਿਤ ਹੈ ਰੇ ਭੂਲਿ ਭੂਲਿ ਬਿਖੁ ਖਾਈ।। (1212)
