ਸੇਵਾ ਵੱਡੀ ਕਿ ਗੁਰੂ ਗਿਆਨ ?

  • Date: July 28, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਭਾਰਤੀ ਸਭਿਅਤਾ ਵਿੱਚ ‘‘ਧਾਰਮਕ ਮੁਖੀਆਂ`` ਨੇ ਜੋ ਉਪਦੇਸ਼ ਸਦੀਆਂ ਤੱਕ ਆਪਣੇ ਲੋਕਾਂ ਨੂੰ ਦਿੱਤਾ, ਉਸੇ ਮੁਤਾਬਕ ਲੋਕਾਂ ਦੀ ਮਾਨਸਿਕ ਘਾੜਤ ਘੜੀਂਦੀ ਚਲੀ ਗਈ। ਕਿਉਂਕਿ ਵਿੱਦਿਆ ਪ੍ਰਾਪਤ ਕਰਨ ਦਾ ਹੋਰ ਕੋਈ ਜ਼ਰੀਆ ਹੀ ਨਹੀਂ ਸੀ। ਬਸ ਧਰਮ ਆਸ਼ਰਮਾਂ ਵਿੱਚ, ਆਪਣੇ ਬੱਚਿਆਂ ਨੂੰ ਭੇਜ ਦਿਉ, ਉਥੇ ਜਿਵੇਂ ‘‘ਮਹਾਤਮਾ ਜੀ`` ਦਾ ਮਨ ਕਰੇ, ਉਸ ਤਰ੍ਹਾਂ ਦੀ ਸਿੱਖਿਆ ਆਪਣੇ ਚੇਲਿਆਂ ਨੂੰ ਦੇਵੇ। ਵਿਰਲੇ ਨੂੰ ਛੱਡਕੇ ਵਿੱਦਿਆ ਤਾਂ ਵਿਚਾਰੇ ਰਿਸ਼ੀ ਮੁਨੀ ਜੀ (ਅੱਜ ਕੱਲ੍ਹ ਸੰਤ ਜੀ) ਨੇ ਖੁਦ ਨਹੀਂ ਪੜ੍ਹੀ, ਭਲਾ ਚੇਲਿਆਂ ਨੂੰ ਕੀ ਪੜ੍ਹਾਏਗਾ ? ਹਾਂ ਡੇਰੇ ਦੀ ਸਫਾਈ, ਸਾਧਾਂ ਦੇ ਚੋਲੇ ਲੰਗੋਟੇ (ਜਾਂ ਕਛਹਿਰੇ) ਧੋਣੇ, ਸੰਤਾਂ ਦੀਆਂ ਮਾਲਸ਼ਾਂ ਕਰਨੀਆਂ, ਜਾਂ ਫਿਰ ਨੇੜੇ ਦੀ ਆਬਾਦੀ ਵਿੱਚੋਂ ਅੰਨ ਦਾਣਾ ਮੰਗ ਲਿਆਉਣਾ। ਖੁਦ ਖਾਣਾ ਤੇ ਇਹਨਾਂ ਵੇਹਲੜ ਪੁਜਾਰੀਆਂ ਨੂੰ ਖਵਾਉਣਾ। ਜਿੰਨੇ ਕੁ ‘‘ਤੀਸ ਮਾਰਖਾਂ`` ਖੁਦ ਸਾਧ ਹੁੰਦੇ ਸਨ ਉਤਨੇ ਕੁ ‘‘ਖੱਬੀਖਾਨ`` ਆਪਣੇ ਸੇਵਕਾਂ ਨੂੰ ਬਣਾ ਦਿਆ ਕਰਦੇ ਸਨ। ਧਾਰਮਕ ਸ਼ਰਧਾ ਅਧੀਨ ਜਾਂ ਆਪਣੇ ‘‘ਲਾਡਲਿਆਂ ਦੀ ਵਿੱਦਿਆ ਦੀ ਫੀਸ ਦੇ ਤੌਰ ਤੇ``, ਅੰਨ ਬਸਤਰ ਛਿਮਾਹੀ ਮਗਰੋਂ ਲੋਕੀਂ ਪੁਚਾਉਂਦੇ ਰਹਿੰਦੇ ਸਨ। ਇਉਂ ਕਹਿ ਲਈਏ ਕਿ ਭਾਰਤੀ ਸੱਭਿਅਤਾ ਅਤੇ ਭਾਰਤੀ ਧਰਮਾਂ ਦਾ ਚਲਣ ਸਦੀਆਂ ਤੱਕ ਇਸ ਸੰਚੇ ਵਿੱਚ ਢਲਦਾ, ਤੇ ਪਰਪੱਕ ਹੁੰਦਾ ਚਲਾ ਗਿਆ। ਲੰਮਾਂ ਸਮਾਂ ਬੀਤਣ ਦੇ ਨਾਲ ਹਰ ਪੀਹੜੀ ਨੂੰ ਅੱਗੇ ਤੋਂ ਅੱਗੇ ਇਹੀ ‘‘ਗਿਆਨ`` ਮਿਲਦਾ ਗਿਆ ਕਿ, ‘‘ਗ੍ਰਿਸਤੀ ਨੀਵੇਂ ਹਨ, ਤੇ ਤਿਆਗੀ ਉੱਚੇ ਹਨ``। ਇਹਨਾਂ ਜਿੰਮੇਵਾਰੀਆਂ ਤੋਂ ਭੱਜੇ ਲੋਕਾਂ ਦੀਆਂ ਧਾੜਾਂ ਵਧਦੀਆਂ ਗਈਆਂ। ਧਰਮੀ ਹੋਣ ਦਾ ਢੌਂਗ ਕਰਕੇ ਇਹ ਪਾਖੰਡੀ ਲੋਕ ਗ੍ਰਿਸਤੀਆਂ ਨੂੰ ਜੋਕਾਂ ਬਣਕੇ ਚਿੰਬੜਦੇ ਗਏ। ਸੱਭਿਅਤਾ ਹੋਰ ਕਮਜ਼ੋਰ ਹੁੰਦੀ ਚਲੀ ਗਈ, ਦੇਸ਼ ਤੇ ਮੁਸੀਬਤਾਂ ਦੇ ਪਹਾੜ ਡਿੱਗਦੇ ਗਏ।

ਪ੍ਰਚੱਲਤ ਧਾਰਮਕ ਵਰਤਾਰੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਕ੍ਰਾਂਤੀਕਾਰੀ ਨਵੀਨਤਾ ਲਿਆਂਦੀ। ਜਿਥੇ ਪਹਿਲਾਂ ਕਿਰਤੀ ਦੁਰਕਾਰਿਆ ਜਾਂਦਾ ਸੀ, ਹੁਣ ਸਵਿਕਾਰਿਆ ਜਾਣ ਲੱਗਾ। ਜੇ ਪਹਿਲਾਂ ‘‘ਤਿਆਗੀ ਸਾਧ`` ਧਰਮੀ ਹੋਣ ਦਾ ਖੁਦ ਢੰਡੋਰਾ ਪਿੱਟ ਰਹੇ ਸਨ, ਤੇ ਗ੍ਰਿਸਤੀਆਂ ਨੂੰ ਅਧਰਮੀ ਜਾਂ ਪਾਪੀ ਹੋਣਾ ਗਰਦਾਨ ਰਹੇ ਸਨ। ਤਾਂ ਸਤਿਗੁਰੂ ਜੀ ਨੇ ਵਿਹਲੜਾਂ ਨੂੰ ਫਿਟਕਾਰ ਪਾਈ ਤੇ ਹੱਥੀਂ ਕਿਰਤ ਕਰਨ ਵਾਲਿਆਂ ਦਾ ਮਾਣ ਵਧਾਇਆ। ਗੁਰੂ ਨਾਨਕ ਸਾਹਿਬ ਜੀ ਨੇ ਖੁਦ ਖੇਤੀ ਵਾਹੀ, ਨੌਕਰੀ, ਦੁਕਾਨਦਾਰੀ ਆਦਿ ਸਾਰੇ ਕੰਮ ਬਿਨਾਂ ਸੰਕੋਚ ਕੀਤੇ। ਹਰ ਮਨੁੱਖ ਮਾਤਰ ਨੂੰ ਆਪਣੇ ਜਿੰਮੇ ਲੱਗੀ, ਇਮਾਨਦਾਰੀ ਨਾਲ ‘‘ਸੇਵਾ`` ਸਮਝਕੇ ਕਰਨ ਦੀ ਹਦਾਇਤ ਕੀਤੀ। ਨਵੇਂ ਵਸਾਏ ਸਿੱਖਿਆ ਕੇਂਦਰ ਕਰਤਾਰਪੁਰ ਵਿਖੇ ਇਸ ਤਰੀਕੇ ਦੀ ਅਮਲੀ ਜੀਵਨ ਜਾਚ ਦਾ ਮਾਡਲ ਸਤਿਗੁਰੂ ਖੁਦ ਸਨ। ਬਹੁਤੇ ਲੋਕੀਂ ਪੁਰਾਤਨ ਬ੍ਰਾਹਮਣੀ ਸੋਚ ਵਿੱਚ ਢਲੇ ਹੋਣ ਕਾਰਨ ਗੁਰੂ ਨਾਨਕ ਸਾਹਿਬ ਜੀ ਨੂੰ ਭੀ ਇੱਕ ਡੇਰੇਦਾਰ ਸਾਧ ਹੀ ਸਮਝਦੇ ਸਨ। ਜਦੋਂ ਨਿੱਤ ਦੀ ਕਿਰਿਆ (ਟਾਈਮ ਟੇਬਲ) ਵੇਖਦੇ ਤਾਂ ਉਹਨਾਂ ਨੂੰ ਕੁਝ ਵਖਰੇਵਾਂ ਨਜ਼ਰ ਪੈਂਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ, ਹਰ ਕੰਮ ਸਤਿਗੁਰੂ ਜੀ ਦੀ ਨਿਗਰਾਨੀ ਅਤੇ ਇੱਛਾ ਮੁਤਾਬਕ ਹੁੰਦਾ। ਸਾਰਿਆਂ ਨੂੰ ਸਰੀਰਕ ਸਮਰੱਥਾ ਅਤੇ ਮੁਹਾਰਤ ਮੁਤਾਬਕ ਕੰਮ (ਸੇਵਾ) ਦਿੱਤੇ ਜਾਂਦੇ। ਬਿਨਾਂ ਵਿਤਕਰੇ ਤੋਂ ਰਲਕੇ ਲੰਗਰ ਬਣਾਉਂਦੇ ਤੇ ਵੰਡ ਕੇ ਛਕਦੇ। ਸਤਿਗੁਰੂ ਜੀ ਦੀ ਨਜ਼ਰ ਵਿੱਚ ਝਾੜੂ ਦੀ ਸੇਵਾ ਤੋਂ ਲੈ ਕੇ ਧਰਮ ਉਪਦੇਸ਼ ਕਰਨ ਤੱਕ, ਹਰ ਕੰਮ ਬ੍ਰਾਬਰ ਦੀ ‘‘ਸੇਵਾ`` ਸੀ। ਗੁਰੂ ਘਰ ਵਿੱਚ ਹਰ ਪ੍ਰਕਾਰ ਦੀ ਕਿਰਤ ਨੂੰ ਸਤਿਕਾਰ ਦਿੱਤਾ ਗਿਆ, ਤੇ ਕਿਰਤੀ ਮਨੁੱਖ ਨੀਵਾਂ ਨਾ ਰਹਿਕੇ, ਬ੍ਰਾਬਰ ਦਾ ਇਨਸਾਨ ਸਮਝਿਆ ਜਾਣ ਲੱਗਾ।

ਸਮਾਂ ਆਪਣੀ ਚਾਲੇ ਚਲਦਾ ਗਿਆ। ਆਮ ਲੋਕਾਂ ਵਿੱਚ ਸਿਰੇ ਦੀ ਅਣਪੜ੍ਹਤਾ ਅਤੇ ਅਗਿਆਨਤਾ ਸੀ। ਡੂੰਘੇ ਗਿਆਨ ਸਾਗਰ (ਗੁਰਬਾਣੀ) ਵਿੱਚ ਉਤਰਨਾ ਹਾਰੀਸਾਰੀ ਦੇ ਵਸ ਵਿੱਚ ਨਹੀਂ ਸੀ। ਗੁਰੂ ਦੀ ਨਜ਼ਰ ਵਿੱਚ ਪ੍ਰਵਾਣ ਹੋਣ ਦਾ ਸਾਦਾ ਜਿਹਾ ਤਰੀਕਾ ਸੀ, ਹੱਥੀਂ ਕਿਰਤ ਵੱਧ ਤੋਂ ਵੱਧ ਸੇਵਾ ਕਰਨੀ। ਸਮਾਂ ਬੀਤਣ ਨਾਲ ‘‘ਗਿਆਨ`` ਵਾਲਾ ਪੱਖ ਕਮਜ਼ੋਰ ਪੈਂਦਾ ਗਿਆ, ‘‘ਸੇਵਾ`` ਭਾਰੂ ਹੁੰਦੀ ਚਲੀ ਗਈ। ਭਾਵੇਂ ਇਹ ਭੀ ਸੌ ਪ੍ਰਤੀਸ਼ਤ ਠੀਕ ਹੈ ਕਿ ਗਿਆਨਵਾਨ ਮਨੁੱਖ ਅਕਲ ਦੀ ਵਰਤੋਂ ਰਾਹੀਂ ਸਗੋਂ ਹੋਰ ਚੰਗੇਰੀ ‘‘ਸੇਵਾ`` ਕਰ ਸਕਦਾ ਹੈ। ਸੇਵਾ ਦਾ ਅਸਲ ਮੰਤਵ ਹੀ ਗਿਆਨ ਰਾਹੀਂ ਸਮਝ ਆਉਂਦਾ ਹੈ। ਭਾਈ ਲਹਿਣਾ ਜੀ ਕਰਤਾਰਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਣ ਢੁੱਕੇ। ਜਿਵੇਂ ਦੀ ਸੇਵਾ ਸੌਂਪੀ ਗਈ ਉਹ ਪੂਰੀ ਸਿਦਕ ਦਿਲੀ ਨਾਲ ਕਰਦੇ ਗਏ। ਜਿੱਥੇ ਕਿਤੇ ਮਨ ਵਿੱਚ ਕੋਈ ਸਵਾਲ ਉਤਪਨ ਹੁੰਦਾ ਸੀ, ਭਾਈ ਲਹਿਣਾ ਜੀ ਸਤਿਗੁਰੂ ਤੋਂ ਪੁੱਛ ਲੈਂਦੇ। ਇਹ ਭੀ ਪੂਰੀ ਤਰ੍ਹਾਂ ਸੰਭਵ ਹੈ ਕਿ ਗੁਰੂ ਨਾਨਕ ਸਾਹਿਬ ਕਿਸੇ ਪੁੱਛ ਦੇ ਉੱਤਰ ਵਿੱਚ ਆਖ ਦਿੰਦੇ ਹੋਣ; ਭਾਈ ਜੀ ਜੋ ਸਵਾਲ ਤੁਸੀਂ ਕੀਤਾ ਹੈ, ਮੈਂ ਆਪਣੀ ਲਿਖੀ ਬਾਣੀ ਵਿੱਚ ਇਸਦਾ ਵਿਸਥਾਰ ਸਹਿਤ ਜੁਆਬ ਦੇ ਚੁੱਕਿਆ ਹਾਂ। ਬਾਣੀ ਨੂੰ ਧਿਆਨ ਨਾਲ ਪੜੋ, ਵਿਚਾਰੋ, ਆਪਣੇ ਆਪ ਜੁਆਬ ਮਿਲ ਜਾਵੇਗਾ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਭਾਈ ਲਿਹਣਾ ਜੀ ਹੱਥੀਂ ਸੇਵਾ ਭੀ ਕਰਦੇ ਰਹਿੰਦੇ, ਅਤੇ ਨਾਲ ਹੀ ਗੁਰੂ ਗਿਆਨ (ਗੁਰਬਾਣੀ) ਦਾ ਇਕਾਗਰ ਚਿੱਤ ਹੋ ਕੇ ਅਧਿਐਨ ਭੀ ਕਰਦੇ। ਇਸ ਤਰ੍ਹਾਂ ਉਹਨਾਂ ਦਾ ਮਾਨਸਿਕ ਮੰਡਲ ਵਿਸ਼ਾਲ ਹੁੰਦਾ ਚਲਾ ਗਿਆ। ਇਸ ਸਰਵਪੱਖੀ ਘਾਲ ਤੋਂ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਨਿਰਮਲ ਪੰਥ ਦੀ ਵਾਗ ਡੋਰ ਸੌਂਪ ਦਿੱਤੀ। ਅੱਜ ਤੱਕ ਦੀਆਂ ਪ੍ਰਾਪਤ ਲਿਖਤਾਂ ਵਿੱਚ, ਭਾਈ ਲਹਿਣਾ ਜੀ ਦੀ ਕੀਤੀ ‘‘ਸੇਵਾ`` ਦਾ ਉਘੜਵਾਂ ਸਥਾਨ ਹੈ। ਉਹਨਾਂ ਦਾ ‘‘ਗਿਆਨ`` ਕਿੰਨਾ ਕੁ ਸੀ ? ਸਭ ਲਿਖਤਾਂ ਚੁੱਪ ਹਨ। ਭਾਈ ਲਹਿਣਾ ਜੀ ਨੇ ‘‘ਚਿੱਕੜ ਭਰੇ ਘਾਹ ਦੀ ਪੰਡ ਚੁੱਕੀ। ਸੰਗਤ ਵਿੱਚੋਂ ਮਰੀ ਚੂਹੀ ਚੁੱਕ ਕੇ ਬਾਹਰ ਸੁੱਟੀ। ਰਾਤ ਸਮੇਂ ਡਿੱਗੀ ਕੰਧ ਉਸਾਰਨੀ। ਰਾਤ ਨੂੰ ਹੀ ਕਪੜੇ ਧੋ ਲਿਆਉਣੇ। ਗੰਦੇ ਨਾਲੇ ਵਿੱਚੋਂ ਲੋਟਾ ਕੱਢ ਲਿਆਉਣਾ। ਜੰਡ ਤੇ ਚੜ੍ਹਕੇ ‘‘ਜਲੇਬੀਆਂ`` ਲਾਹ ਲੈਣੀਆਂ। ਜਾਂ ਮੁਰਦਾ ਖਾਣ ਲਈ ਤਿਆਰ ਹੋ ਪੈਣਾ.....।`` ਸੱਤ ਸਾਲ ਤੋਂ ਵੱਧ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਹਜੂਰੀ ਵਿੱਚ ਰਹਿ ਕੇ, ਭਾਈ ਲਹਿਣਾ ਜੀ ਨੇ ਕੇਵਲ ‘‘ਸੇਵਾ`` ਕੀਤੀ ? ਗੁਰੂ ਨਾਨਕ ਵਿਚਾਰਧਾਰਾ, ਭਗਤ ਬਾਣੀ, ਗੁਰੂ ਨਾਨਕ ਜੀ ਦੀਆਂ ਲੰਮੀਆਂ ਯਾਤਰਾਵਾਂ ਦਾ ਤਜਰਬਾ, ਗੁਰਮਤ ਸੰਗੀਤ ਕਲਾ, ਵਿਚਾਰ ਚਰਚਾ......ਕਿਵੇਂ ਤੇ ਕਦੋਂ ਸਿੱਖੀ ? ਇਸਦਾ ਕੋਈ ਲਿਖਤੀ ਜ਼ਿਕਰ ਨਹੀਂ ਮਿਲਦਾ। ਕੀ ਇਹ ਮੰਨ ਲਈਏ ਕਿ ਗੁਰੂ ਅੰਗਦ ਸਾਹਿਬ ਜੀ ਨੇ ਗੁਰਬਾਣੀ ਦਾ ਮੁਤਾਲਿਆ ਕੀਤਾ ਹੀ ਨਹੀਂ ? ਅਗਰ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਜੀ ਦੇ ਉਪਦੇਸ਼ ਨੂੰ, ਨਾ ਸਮਝਦੇ, ਤਦ ਉਹਨਾਂ ਦੇ ਵਿਚਾਰ ਗੁਰੂ ਨਾਨਕ ਸਾਹਿਬ ਜੀ ਨਾਲੋਂ ਵਖਰੇਵੇਂ ਵਾਲੇ ਹੋਣੇ ਸੁਭਾਵਕ ਸਨ। ਸਗੋਂ ਦੂਜੇ ਨਾਨਕ ਦੀ ਬਾਣੀ ਇੰਨ ਬਿੰਨ ਪਹਿਲੇ ਨਾਨਕ ਦੀ ਬਾਣੀ ਦੀ ਵਿਆਖਿਆ ਹੀ ਕਰ ਰਹੀ ਹੈ। ਜੇਕਰ ਗੁਰੂ ਅੰਗਦ ਹੀ ਨਾਨਕ ਰੂਪ ਸਨ ਤਾਂ ਸਰੀਰ ਕਰਕੇ ਨਹੀਂ, ਸਗੋਂ ਗਿਆਨ ਕਰਕੇ। ਕਿਉਂਕਿ ਮਹਲਾ (ਸਰੀਰ) ਤਾਂ ਦੂਜਾ ਸੀ ਪਰ ਗਿਆਨ (ਜੋਤ) ਉਹੀ ਸੀ।

ਪ੍ਰਚੱਲਤ ਇਤਿਹਾਸ ਮੁਤਾਬਕ ਬਾਬਾ ਅਮਰਦਾਸ ਜੀ ਸੱਠ ਬਾਹਠ ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ। ਲੰਮਾ ਸਮਾਂ ਨਿਰਬਿਘਨ ਅਥੱਕ ਸੇਵਾ ਕੀਤੀ। ‘‘ਪਾਣੀ ਢੋਣਾ, ਗੁਰੂ ਅੰਗਦ ਸਾਹਿਬ ਜੀ ਦਾ ਹਰ ਰੋਜ਼ ਇਸ਼ਨਾਨ ਕਰਾਉਣਾ, ਝਾੜੂ ਦੇਣਾ, ਲੰਗਰ ਤਿਆਰ ਕਰਨਾ, ਜੂਠੇ ਬਰਤਣ ਮਾਂਜਣੇ, ਪੱਖਾ ਝੱਲਣਾ.....।`` ਇਹਨਾਂ ਬਾਰਾਂ ਤੇਰਾਂ ਸਾਲਾਂ ਦੌਰਾਨ ਬਾਬਾ ਅਮਰਦਾਸ ਨੇ ਸਿਖਰਲੀ ਹੱਦ ਤੱਕ ‘‘ਸੇਵਾ`` ਕੀਤੀ। ਠੋਹਕਰਾਂ ਖਾਧੀਆਂ, ਤਾਹਨੇ ਸਹੇ, ਸਿਰ ਵਿੱਚ ਮੋਟੀਆਂ ਜੂੰਆਂ ਪੈ ਗਈਆਂ। ਕੇਸ ਉੱਖੜ ਗਏ ਤਾਲੂਏ ਤੇ ਜਖ਼ਮ ਹੋ ਗਏ। ਗੁਰੂ ਅੰਗਦ ਸਾਹਿਬ ਜੀ (ਸਤਿਗੁਰੂ ਮੁਆਫ ਕਰਨਾ, ਪ੍ਰਚਲਤ ਕਹਾਣੀਆਂ ਦਾ ਜ਼ਿਕਰ ਕਰ ਰਿਹਾ ਹਾਂ) ਨੂੰ ਕੋਹੜ ਲੱਗਿਆ ਹੋਇਆ ਸੀ। ਪੀੜ ਨਾਲ ਤੜਫਦੇ ਵੇਖ ਕੇ, ਬਾਬਾ ਅਮਰਦਾਸ, ਦੂਜੇ ਨਾਨਕ ਦੇ ਪੀਕ ਭਰੇ ਜਖਮਾਂ ਨੂੰ ਮੂੰਹ ਨਾਲ ਚੂਸਦੇ, ਮੈਲਾ ਖੂਨ ਬਾਹਰ ਕੱਢਦੇ। ਮਹਲੇ ਦੂਜੇ ਦੇ ਬਸਤਰ ਗੰਦੇ ਖੂਨ ਨਾਲ ਲਿੱਬੜ ਜਾਂਦੇ ਸਨ। ਬਾਬਾ ਅਮਰੂ (ਅਮਰਦਾਸ) ਫਿਰ ਮੂੰਹ ਨਾਲ ਚੱਟ ਚੂਸ ਕੇ, ਮੈਲਾ ਸਾਫ ਕਰਦੇ। ਇਹਨਾਂ ‘‘ਸੇਵਾਵਾਂ`` ਤੋਂ ਤਰੁੱਠ ਕੇ, ਬਾਬਾ ਅਮਰ ਦਾਸ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਸੀ। ਪਾਠਕ ਜਨੋ! ਜਰਾ ਗਹਿਰਾਈ ਨਾਲ ਸੋਚੋ!! ਇਹਨਾਂ ਸਾਰੀਆਂ ਪ੍ਰਚੱਲਤ ਕੀਤੀਆਂ ਕਥਾ ਕਹਾਣੀਆਂ ਵਿੱਚ, ਸਤਿਕਾਰਯੋਗ ਉਚ ਸ਼ਖ਼ਸੀਅਤ ਬਾਬਾ ਅਮਰਦਾਸ (ਨਾਲ ਹੀ ਗੁਰੂ ਅੰਗਦ ਸਾਹਿਬ) ਦੀ, ਨੀਚਤਾ ਦੀਆਂ ਸਭ ਹੱਦਾਂ ਪਾਰ ਕਰਕੇ ਤੌਹੀਨ ਕੀਤੀ ਗਈ ਹੈ। ਬਾਬਾ ਜੀ ਨੂੰ ਉਜੱਡ, ਮੂੜ੍ਹ, ਗੰਦਾ ਗਲੀਚ, ਜੂੰਆਂ ਨਾਲ ਭਰਿਆ, ਕੋਹੜ ਵਾਲੀ ਗੰਦੀ ਪੀਕ ਚੂਸਦਿਆਂ ਵਿਖਾਇਆ ਗਿਆ ਹੈ। ਕੀ ਗੁਰੂ ਘਰ ਵਿੱਚ ਇਸ ਤਰ੍ਹਾਂ ਦੀ ‘‘ਸੇਵਾ`` ਸਿਖਾਈ ਜਾਂਦੀ ਸੀ ? ਦੂਸਰੇ ਨਾਨਕ ਨੇ ਕਦੀ ਨਾ ਆਖਿਆ, ‘‘ਪੁਰਖਾ! ਤੇਰੇ ਵਿੱਚੋਂ ਤਾਂ ਬਦਬੋ ਆਉਂਦੀ ਹੈ। ਕਿਰਮ (ਜੂੰਆਂ) ਪੈ ਗਏ ਹਨ, ਜਖਮਾਂ ਨਾਲ ਤੇਰਾ ਸਰੀਰ ਭਰ ਗਿਆ ਹੈ। ਜਾਹ ਪਹਿਲਾਂ ਇਲਾਜ ਕਰਵਾ, ਸਾਫ ਸੁਥਰਾ ਹੋ ਕੇ ਆਵੀਂ, ਫਿਰ ਸੇਵਾ ਕਰੀਂ.....।`` ਗੁਰੂ ਅੰਗਦ ਕਿਉਂ ਆਖਣ, ਪਹਿਲਾਂ ਉਹਨਾਂ ਤੋਂ ਭੀ ਤਾਂ ਸਾਖੀਕਾਰਾਂ ਨੇ ਇਸੇ ਤਰ੍ਹਾਂ ਦੀ ‘‘ਸੇਵਾ`` ਕਰਵਾਈ ਸੀ। ਗੁਰਗੱਦੀ ਤਾਂ ਭਾਵੇਂ ਮਿਲ ਗਈ ਪਰ ਗੁਰੂ ਨਾਨਕ ਦੇ ‘‘ਹੋਣਹਾਰ ਸਪੁੱਤਰ ਸ੍ਰੀ ਚੰਦ ਦੇ ਸਰਾਪ ਕਾਰਨ ਕੋਹੜ ਭੀ ਤੋਹਫੇ ਵਿੱਚ ਮਿਲਿਆ।`` ਇਸ ਕੋਹੜ ਦਾ ਸਰਾਪ ਗੁਰੂ ਰਾਮਦਾਸ ਸਾਹਿਬ ਜੀ ਨੇ, ਸ੍ਰੀ ਚੰਦ ਦੇ ਪੈਰੀਂ ਡਿੱਗ ਕੇ, ਦਾਹੜੀ ਨਾਲ ਚਰਨ ਪੂੰਝ ਕੇ, ਹਜ਼ਾਰ ਤਰਲੇ ਕਰਕੇ, ਕਿਤੇ ਮਸੀਂ ਮੁਆਫ ਕਰਵਾਇਆ ਸੀ।``

ਤੀਸਰੇ ਨਾਨਕ ਦੀ ਪਾਵਨ ਬਾਣੀ ਸਤਾਰਾਂ ਰਾਗਾਂ ਵਿੱਚ ਉਚਾਰਣ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ। ਉਹਨਾਂ ਨੇ ਇਹ ਰਾਗ ਵਿੱਦਿਆ ਕਿਥੋਂ ਸਿੱਖ ਲਈ ? ਆਪਣੀ ਲੰਘ ਚੁੱਕੀ ਉਮਰ ਦੌਰਾਨ, ਬਾਬਾ ਅਮਰਦਾਸ ਜੀ ਨੇ ਕਦੀ ਕਵਿਤਾ ਦੀ ਇੱਕ ਪੰਕਤੀ ਤੱਕ ਨਹੀਂ ਲਿਖੀ ਸੀ। ਆਹ ਇਤਨੀ ਸਾਰੀ ਬਾਣੀ ਲਿਖਣ ਦੀ ਸੋਝੀ ਉਹਨਾਂ ਨੂੰ ਕਿੱਥੋਂ ਪ੍ਰਾਪਤ ਹੋਈ ? ਅਨੰਦ ਸਾਹਿਬ ਵਰਗੀ ‘‘ਸ਼ਾਹਕਾਰ`` ਬਾਣੀ ਕਿਵੇਂ ਅਚਨਚੇਤੀ ਲਿਖ ਦਿੱਤੀ ? ਅਣਗਿਣਤ ਬੁਰਾਈਆਂ ਦੇ ਵਿਰੁੱਧ ਕਿਵੇਂ ਜ਼ੋਰਦਾਰ ਆਵਾਜ ਬੁਲੰਦ ਕਰਦੇ ਰਹੇ ? ਗੁਰੂ ਨਾਨਕ ਵਿਚਾਰਧਾਰਾ ਤੋਂ ਰਾਈ ਮਾਤਰ ਫਰਕ ਨਹੀਂ ਲੱਭੇਗਾ, ਇਕਸਾਰਤਾ ਕਿਵੇਂ ਬਣ ਆਈ ? ਕਿਉਂਕਿ ਸਾਰੇ ਪ੍ਰਚੱਲਤ ਇਤਿਹਾਸ ਵਿੱਚੋਂ, ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਬਾਬਾ ਅਮਰਦਾਸ ਨੂੰ, ਪਾਵਨ ਗੁਰਬਾਣੀ ਪੜ੍ਹਦਾ ਕਿਤੇ ਲਿਖਿਆ ਨਹੀਂ ਮਿਲੇਗਾ। ਗੁਰੂ ਅੰਗਦ ਸਾਹਿਬ ਜੀ ਤੋਂ ‘‘ਸਿੱਖੀ ਦੀ ਸਿੱਖਿਆ`` ਲੈਂਦੇ ਨਜ਼ਰ ਨਹੀਂ ਆਵੇਗਾ। ਕੀ ਗੁਰਬਾਣੀ ਪੜ੍ਹਨੀ ਵਿਚਾਰਨੀ, ਉਸ ਮੁਤਾਬਕ ਜੀਵਨ ਚਲਨ ਬਣਾਉਣਾ, ‘‘ਸੇਵਾ`` ਵਿੱਚ ਸ਼ਾਮਲ ਨਹੀਂ ਹੈ ? ਗੁਰਬਾਣੀ ਵਿੱਚੋਂ ‘‘ਸੇਵਾ`` ਦੀ ਜਾਚ ਸਿੱਖਕੇ ਹਰ ਪ੍ਰਾਣੀ ਮਾਤਰ ਦੀ, ਸਮਰੱਥਾ ਅਤੇ ਲੋੜ ਮੁਤਾਬਕ ਸਹਾਇਤਾ ਕਰਨੀ ‘‘ਸੇਵਾ`` ਨਹੀਂ ਹੈ ? ਕੇਵਲ ਟੋਕਰੀ ਢੋਅ ਕੇ, ਸਿਰਫ ਪਾਣੀ ਪਿਲਾ ਕੇ, ਜਾਂ ਝਾੜੂ ਦੇਕੇ, ਜੋੜੇ ਸਾਫ ਕਰਕੇ ‘‘ਗੁਰਮਤ`` ਦੀ ਸਮਝ ਆ ਸਕਦੀ ਹੈ ?

ਚੌਥੇ ਨਾਨਕ ਬਾਰੇ ਭੀ ਲਗਪਗ ਇਸੇ ਤਰ੍ਹਾਂ ਦਾ ‘‘ਇਤਿਹਾਸ`` ਪੜ੍ਹਨ ਨੂੰ ਮਿਲਦਾ ਹੈ। ਬਾਲਕ ਜੇਠਾ ਜੀ ਛੋਟੀ ਉਮਰੇ ਯਤੀਮ ਹੋ ਗਏ ਮੰਨ ਸਕਦੇ ਹਾਂ। ਗਰੀਬੀ ਕਾਰਨ ਨਾਨੀ ਜੀ ਨਾਲ ਰਲਕੇ ਮਿਹਨਤ ਮਜ਼ਦੂਰੀ ਕਰਦੇ ਹੋਣ, ਵਾਜਬ ਹੈ। ਮਨ ਤਦੋਂ ਕੁਰਲਾ ਉਠਦਾ ਹੈ ਜਦੋਂ ਸਤਿਗੁਰੂ ਅਮਰਦਾਸ ਜੀ ਦੀ ਉੱਤਮ ਨਿਗਰਾਨੀ ਵਿੱਚ ਰਹਿਕੇ ਭੀ, ਕੇਵਲ ‘‘ਟੋਕਰੀ ਢੋਂਦੇ`` ਹੀ ਦਿਸਦੇ ਹਨ। ਲੰਗਰ ਝਾੜੂ, ਲੱਕੜਾਂ ਥੜ੍ਹੇ,....ਆਦਿ ਦੀ ‘‘ਸੇਵਾ`` ਵਿੱਚ ਤੀਹ ਸਾਲ ਤੋਂ ਵੱਧ ਬਿਤਾ ਦਿੱਤੇ। ਗੁਰਬਾਣੀ ਕਦੋਂ ਸਿੱਖੀ, ਗੁਰੂ ਨਾਨਕ ਧਾਰਾ ਨੂੰ ਕਦੋਂ ਸਮਝਿਆ, ਤੀਹ ਰਾਗਾਂ ਦੀ ਕਠਨ ਸਿਖਲਾਈ ਕਿੱਥੋਂ ਪ੍ਰਾਪਤ ਕੀਤੀ ? ਕੋਈ ਨਹੀਂ ਦੱਸਦਾ, ਕਿਉਂ ? ਗੁਰੂ ਅਮਰਦਾਸ ਜੀ ਦੇ ਲਾਇਕ ਗੁਰਸਿੱਖ, ਹੋਣਹਾਰ ਬੇਟੀ ਭਾਨੀ ਜੀ ਦੇ ਪਤੀ, ਸਤਿਗੁਰੂ ਜੀ ਦੇ ਦਾਮਾਦ, ਰੂਪ ਵਿੱਚ (ਸੰਨ 1554 ਤੋਂ 1574 ਤੱਕ) ਵੀਹ ਸਾਲ ਵਿਚਰੇ। ਤਿੰਨ ਪੁੱਤਰਾਂ ਦੇ ਪਿਤਾ ਬਣ ਗਏ। ਲਾਹੌਰ ਵਿਖੇ ਅਕਬਰ ਨਾਲ ਵਿਚਾਰ ਚਰਚਾ ਭੀ ਕਰ ਆਏ। ਦਿੱਤੀਆਂ ਸੇਧਾਂ ਮੁਤਾਬਕ ਅੰਮ੍ਰਿਤਸਰ (ਤਦੋਂ ਚੱਕ ਰਾਮਦਾਸ) ਨਗਰ ਬਸਾਉਂਦੇ ਰਹੇ। ਬਾਬਾ ਸ੍ਰੀ ਚੰਦ ਦੇ ਚਰਨ ਝਾੜਦੇ ਰਹੇ। ਬਸ ਲਗਾਤਾਰ ‘‘ਸੇਵਾ`` ਕਰਦੇ ਰਹੇ। ਗਿਆਨ ਹਾਸਲ ਕਦੋਂ ਕੀਤਾ, ਕੋਈ ਜ਼ਿਕਰ ਨਹੀਂ ਮਿਲੇਗਾ। ਹਾਂ ਜਾਦੂਈ ਢੰਗ ਨਾਲ ਜਦੋਂ ਤੀਸਰੇ ਨਾਨਕ ਨੇ, ‘‘ਗੁਰੂ ਨਾਨਕ ਜੋਤ`` ਜੇਠਾ ਜੀ ਵਿੱਚ ਟਿਕਾ ਦਿੱਤੀ ਤਾਂ ਉਸੇ ਵਕਤ ਉਹ, ਅੱਖ ਦੇ ਫੋਰ ਵਿੱਚ ‘‘ਨਾਨਕ ਰੂਪ ਹੋ ਗਏ।``

ਉਪਰ ਵਰਣਿਤ ਘਟਨਾਵਾਂ ਵਾਂਗ ਹੀ ਪੰਜਵੇਂ ਨਾਨਕ ਜੀ ਦਾ ਜੀਵਨ ਇਤਿਹਾਸ ਪੜਨ ਨੂੰ ਮਿਲਦਾ ਹੈ। ਪਿਤਾ ਗੁਰੂ ਜੀ ਦੀ ਆਗਿਆ ਮੰਨ ਕੇ ਲਹੌਰ ਚਲੇ ਗਏ। ਵਿਆਕੁਲਤਾ ਦੀਆਂ ਚਿੱਠੀਆਂ (?) ਮੇਰਾ ਮਨੁ ਲੋਚੈ....) ਲਿਖਦੇ ਰਹੇ। ਪਿਰਥੀ ਚੰਦ ਦੀਆਂ ਜਿਆਦਤੀਆਂ ਸ਼ਾਂਤ ਚਿੱਤ ਬਰਦਾਸ਼ਤ ਕਰਦੇ ਰਹੇ। ਬਸ ਗੁਰਗੱਦੀ ਦੇ ਹੱਕਦਾਰ ਬਣ ਗਏ। ਨਾਨਾ ਗੁਰੂ ਅਮਰਦਾਸ ਜੀ ਤੋਂ ਗੁਰਮਤ ਕਿਉਂ ਨਾ ਪੜ੍ਹੀ ? ਪਿਤਾ ਗੁਰੂ ਰਾਮਦਾਸ ਤੋਂ ਗੁਰਮਤ ਗਿਆਨ ਕਿਉਂ ਪ੍ਰਾਪਤ ਨਾ ਕੀਤਾ ? ਸਾਰੀਆਂ ਪੁਸਤਕਾਂ ਖਾਮੋਸ਼ ਹਨ, ਕਿਉਂ ? ਪੱਕੇ ਸਬੂਤ ਹੋਣ ਕਾਰਨ ਭਾਵੇਂ ‘‘ਇਤਿਹਾਸਕਾਰਾਂ`` ਨੂੰ ਇਹ ਲਿਖਣ ਲਈ ਤਾਂ ਮਜ਼ਬੂਰ ਹੋਣਾ ਪਿਆ ਹੈ ਕਿ ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਦੀ ਸੰਪਾਦਨਾ ਕਰਕੇ, ਪੋਥੀ ਸਾਹਿਬ ਤਿਆਰ ਕੀਤੀ। ਬਾਣੀ ਲਿਖਣ ਬਾਰੇ ਸੈਂਕੜੇ ਸ਼ੰਕੇ ਖੜ੍ਹੇ ਕਰ ਦਿੱਤੇ। ਕਦੀ ‘‘ਕਮਲੇ ਮੋਹਣ`` ਦੇ ਲਿਆ ਪੈਰੀਂ ਪਾਇਆ। ਅਖੇ ਉਹਦੇ ਕੋਲ ਗੁਰਬਾਣੀ ਦੀਆਂ ਪੋਥੀਆਂ ਲੈਣ ਗਏ ਸਨ। ਪੰਜਾਹ ਕਿਲੋ ਮੀਟਰ ਨੰਗੇ ਪੈਰੀL, ਪੰਜਵੇ ਨਾਨਕ ਨੂੰ ਟੋਰ ਕੇ ਗੋਇੰਦਵਾਲ ਵਿਖੇ ਉਸ ਚੁਬਾਰੇ ਲਾਗੇ ਜ਼ਮੀਨ ਤੇ ਬੈਠ ਕੇ ਸ਼ਬਦ ਗਾਇਆ-‘‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ।।`` ਇਸਦਾ ਮਤਲਬ ਇਹ ਹੋਇਆ ਕਿ ਪੰਜਵੇਂ ਨਾਨਕ ਕੋਲ ਗੁਰਬਾਣੀ ਦਾ ਖਜ਼ਾਨਾ ਨਹੀਂ ਸੀ। ਉਹਨਾਂ ਤੋਂ ਪਹਿਲੇ ਗੁਰਵਿਅਕਤੀਆਂ ਨੇ ਅਜਿਹੀ ਕੋਈ ਗਲਤੀ ਕੀਤੀ ਕਿ ਗੁਰਬਾਣੀ ਮੋਹਣ ਵਰਗੇ ਗਲਤ ਬੰਦਿਆਂ ਦੇ ਕਬਜ਼ੇ ਵਿੱਚ ਚਲੀ ਗਈ। ਜਿਸ ਕਾਰਨ ਪੰਜਵੇਂ ਨਾਨਕ ਨੂੰ ‘‘ਕਮਲੇ ਸਾਧ`` (ਮੋਹਣ) ਦੇ ਤਰਲੇ ਕਰਨੇ ਪਏ। ਫਿਰ ਪੰਜਵੇਂ ਸਤਿਗੁਰਾਂ ‘‘ਬਾਣੀ ਇਕੱਤਰ ਕੀਤੀ`` ਬਾਰ ਬਾਰ ਲਿਖਿਆ ਜਾ ਰਿਹਾ ਹੈ। ਪਹਿਲੋਂ ਬਾਣੀ ਕਿੱਥੇ ਖਿਲਰੀ ਪਈ ਸੀ ? ਸਾਰੇ ਗੁਰ ਵਿਅਕਤੀਆਂ ਨੂੰ ‘‘ਸਿੱਧੜ`` ਜਿਹੇ ਸੇਵਾਦਾਰ ਬਣਾਕੇ ਤਾ ਖੂਬ ਪੇਸ਼ ਕੀਤਾ ਜਾ ਰਿਹਾ ਹੈ। ਗਿਆਨਵਾਨ, ਦੂਰਅੰਦੇਸ਼, ਸਮੇਂ ਦੀ ਚਾਲ ਨੂੰ ਪਛਾਨਣ ਵਾਲੇ, ਇੱਕ ਨਵੇਂ ਧਰਮ, ਨਵੀਂ ਕੌਮ, ਨਵੀਂ ਸਭਿਅਤਾ ਦੀ ਉਸਾਰੀ ਕਰਨ ਵਾਲੇ, ਹਰਗਿਜ਼ ਪੇਸ਼ ਨਹੀਂ ਕੀਤਾ ਗਿਆ।

ਛੇਵੇਂ ਨਾਨਕ ਦੀ ਸਿੱਖਿਆ ਬਾਰੇ ਕੋਈ ਵਿਸਥਾਰ ਨਹੀਂ ਮਿਲਦਾ। ਸੱਤਵੇਂ ਅੱਠਵੇਂ ਨਾਨਕ ਬਾਰੇ ਇਤਿਹਾਸ ਖਾਮੋਸ਼ ਹੈ। ਨੌਵੇਂ ਨਾਨਕ ਨਾਲ ਖੂਬ ਧ੍ਰੋਹ ਕਮਾਇਆ ਗਿਆ ਹੈ। ਅਖੇ ਜੀ ‘‘ਬਾਬਾ ਤੇਗਾ`` ਛੱਬੀ ਸਾਲ ਤੋਂ ਭੋਰੇ ਵਿੱਚ ਵੜ ਕੇ ਤਪੱਸਿਆ ਕਰ ਰਿਹਾ ਹੈ।`` ਭਲਾ ਹੋਵੇ ਨੇਕ ਗੁਰਸਿੱਖ ਭਾਈ ਮੱਖਣ ਸ਼ਾਹ ਜੀ ਦਾ, ਜਿਸਨੇ ‘‘ਯੁਕਤੀ`` ਵਰਤ ਕੇ ਗੁਰੂ ਦੀ ਪਛਾਣ ਕਰ ਲਈ। ਜੇ ਕਿਤੇ ਉਹ ਗੁਰੂ ਲੱਭਕੇ ਨਾਂ ਲਿਆਉਂਦਾ ਸਿੱਖੀ ਦਾ ਤਾਂ ਸਮਝੋ ਭੋਗ ਹੀ ਪੈ ਗਿਆ ਸੀ। ਗੁਰੂ ਹਰਿਕ੍ਰਿਸ਼ਨ ਜੀ ਭੀ ਗਲਤੀ ਕਰ ਗਏ, ਜਦੋਂ ਉਹਨਾਂ, ਸਿੱਖਾਂ ਨੂੰ ਸਪੱਸ਼ਟ ਨਾ ਦੱਸਿਆ ਕਿ ਅੱਗੋਂ ਗੁਰੂ ਕੌਣ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਬਾਬਾ ਤੇਗ ਬਹਾਦਰ 21-3-1664 ਨੂੰ ਖੁਦ ਦਿੱਲੀ ਵਿੱਚ ਅੱਠਵੇਂ ਨਾਨਕ ਨੂੰ ਮਿਲੇ ਸਨ। ਉਥੇ ਹੀ ਸਾਰੀਆਂ ਸੰਗਤਾਂ ਦੇ ਸਾਹਮਣੇ ਗੁਰਗੱਦੀ ਦਾ ਫੈਸਲਾ ਸੁਣਾ ਦਿੱਤਾ ਗਿਆ ਸੀ।

ਬਾਲਕ ਗੋਬਿੰਦ ਰਾਏ ਦੀ ਸਿੱਖਿਆ ਦੀ ਕੋਈ ਟੋਹ ਨਹੀਂ ਮਿਲਦੀ। ਗੁਰਬਾਣੀ, ਅਰਬੀ, ਫਾਰਸੀ, ਸੰਸਕ੍ਰਿਤ, ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ਾ ਬੰਦੂਕ ਤੇਗ ਤਲਵਾਰ ਕਦੋਂ ਸਿੱਖੇ, ਕੋਈ ਜ਼ਿਕਰ ਨਹੀਂ। ਸਭ ਕੁਝ ਸਿੱਖਣ ਵਕਤ, ਜੋ ਕੁਝ ਉਹ ਕਰਦੇ ਦਰਸਾਏ ਗਏ ਹਨ, ਉਹ ਹੈ ਨੌਜਵਾਨ ਲੜਕੀਆਂ ਦੇ ਘੜੇ ਭੰਨਣ ਦਾ ਸ਼ੁਗਲ। ਮਾਤਾ ਗੁਜਰੀ ਜੀ ਕੋਲ ਇਸ ‘‘ਬਦਮਾਸ਼ੀ`` ਦੀ ਸ਼ਕਾਇਤ ਹੋਣ ਤੇ ਮਾਤਾ ਜੀ ਨੇ ਆਪਣੇ ‘‘ਕਾਕੇ`` ਨੂੰ ਸਮਝਾਉਣ ਦੀ ਥਾਂਵੇ, ਬੇਬਸ ਕੁੜੀਆਂ ਨੂੰ ਲੋਹੇ ਦੀਆਂ ਗਾਗਰਾਂ ਖ੍ਰੀਦ ਦਿੱਤੀਆਂ। ਅਖੇ ਇਹਨਾਂ ਤੇ ਗੁਲੇਲਾਂ ਮਾਰ ਨਹੀਂ ਕਰ ਸਕਣਗੀਆਂ। ‘‘ਕੁਰਾਹੇ`` ਪਏ ਬਾਲਕ ਗੋਬਿੰਦ ਰਾਏ ਨੇ ਤੀਰ ਕਮਾਨ ਲੈ ਕੇ ਗਾਗਰਾਂ ਵਿੰਨਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹਨਾਂ ਬੀਬੀਆਂ ਨੇ ਕੀ ਕੀਤਾ ? ‘‘ਇਤਿਹਾਸ`` ਮੋਨਧਾਰੀ ਹੈ। ਸ਼ਰਮ ਦੀਆਂ ਮਾਰੀਆਂ ਸ਼ਾਇਦ ਬਾਹਰ ਹੀ ਨਿਕਲਣੋਂ ਹਟ ਗਈਆਂ ਹੋਣ। ਹਾਂ ਮਾਤਾ ਗੁਜਰੀ ਜੀ ਨੇ ਖੂਹ ਦਾ ਪਾਣੀ ਖਾਰਾ ਹੋਣ ਦਾ ‘‘ਸਰਾਪ`` ਦੇ ਦਿੱਤਾ ਸੀ। ਲੜਕੀਆਂ ਪਾਣੀ ਲੈਣ ਆਉਣੋ ਹੀ ਹਟ ਗਈਆਂ। ਪਰ ਗੋਬਿੰਦ ਰਾਏ ਨਾ ਹਟੇ.....। ਅਚਨਚੇਤੀ ਗੋਬਿੰਦ ਰਾਏ ਜੀ ਨੂੰ ਗੱਦੀ ਸੰਭਾਲ ਕੇ ਨੌਵੇਂ ਨਾਨਕ ‘‘ਸ਼ਹੀਦੀ ਦੇਣ ਲਈ`` (?) ਦਿੱਲੀ ਨੂੰ ਚਲੇ ਗਏ। ਇਸ ਸਾਰੇ ‘‘ਇਤਿਹਾਸ`` ਵਿੱਚ ਕੇਵਲ ‘‘ਸੇਵਾ`` ਜਾਂ ‘‘ਖਰਮਸਤੀਆਂ`` ਦਾ ਬੜਾ ਜ਼ਿਕਰ ਹੈ। ਗੁਰਗੱਦੀ ਤੇ ਬਿਰਾਜਮਾਨ ਗੁਰਵਿਅਕਤੀ ਅਪਣੇ ਉੱਤਰ ਅਧਿਕਾਰੀ ਦੀ ਤਿਆਰੀ ਵਾਸਤੇ ਕੋਈ ਉਚੇਚੇ ਜਤਨ ਨਹੀਂ ਕਰਦੇ ਸਨ ? ਕੇਵਲ ਬਰਤਣ ਸਾਫ ਕਰਨ ਨਾਲ, ਝਾੜੂ ਪੋਚਾ ਦੇਣ ਨਾਲ, ਲੰਗਰ ਪਕਾਉਣ ਨਾਲ..... ਇਤਨੀ ਆਤਮਕ ਉੱਚਤਾ ਹੋ ਸਕਦੀ ਹੈ ਕਿ ਸੇਵਾ ਤੋਂ ਤਰੁੱਠ ਕੇ ਗੁਰੂ ਨਾਨਕ ਪਾਤਿਸ਼ਾਹ ਦੀ ਰੱਬੀ ਬਖਸ਼ਿਸ਼ (ਗੁਰਗੱਦੀ) ਸਿੱਖ ਪੰਥ ਦੀ ਵਾਗ ਡੋਰ ਸੌਂਪੀ ਜਾ ਸਕੇ ? ਇੱਕ ਸਾਧਾਰਣ ਵਿਅਕਤੀ ਹਲ ਵਾਹ ਲਵੇ, ਮੱਝਾਂ ਸਾਂਭ ਲਵੇ, ਲੰਗਰ ਬਣਾ ਕੇ ਛਕਾ ਲਵੇ, ਜੰਗ ਯੁੱਧ ਵਿੱਚ ਤੇਗ ਵਾਹ ਸਕੇ......। ਪਰ ਇਹਨਾਂ ਕੰਮਾਂ ਕਰਕੇ ਉਹ ਇੰਨਾ ਮਹਾਨ ਹੋ ਸਕਦਾ ਹੈ, ਸਰਬ ਪੱਖੀ ਪ੍ਰਿਤਬਾ ਦਾ ਮਾਲਕ ਹੋ ਸਕਦਾ ਹੈ ? ਵੱਡੇ ਵੱਡੇ ਧਾਰਮਕ ਅਸਥਾਨਾਂ ਦੇ ਮੁਖੀਆਂ ਨਾਲ ਵਿਚਾਰ ਚਰਚਾ ਕਰਨੀ, ਆਪਣੇ ਧਰਮ ਦੇ ਅਸੂਲਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਜਿਆਂ ਨੂੰ ਸਮਝਾਉਣਾ ਕੀ ਛੋਟੀ ਜਿਹੀ ਗੱਲ ਹੈ ? ਸਮਾਜ ਦੇ ਤਰ੍ਹਾਂ ਤਰ੍ਹਾਂ ਦੇ ਸੁਭਾਅ ਵਾਲੇ ਲੋਕਾਂ ਨੂੰ ਸੰਤੁਸ਼ਟ ਕਰਕੇ, ਆਪਣੇ ਨਾਲ ਸਹਿਮਤ ਕਰ ਲੈਣਾ ਕੀ ਮਾਮੂਲੀ ਜਿਹੀ ਗੱਲ ਹੈ ? ਰਾਜੇ ਰਜਵਾੜਿਆਂ ਸਨਮੁੱਖ ਨਵਾਬਾਂ ਚੌਧਰੀਆਂ ਸਾਹਮਣੇ, ਬੇਬਾਕੀ ਨਾਲ ਵਿਚਾਰ ਚਰਚਾ ਕਰਨੀ, ਆਪਣੇ ਧਰਮ ਬਾਰੇ ਦੱਸਣਾ, ਸਮਾਜ ਤੇ ਹੋ ਰਹੇ ਜ਼ੁਲਮ ਨੂੰ ਹਾਕਮ ਸਨਮੁੱਖ ਰੱਖਣਾ......ਕੀ ਇਹ ਮਾਮੂਲੀ ਗੱਲਾਂ ਹਨ ? ਅਜਿਹੇ ਉੱਚੇ ਦਿਮਾਗ, ਸੁੱਚੇ ਜੀਵਨ ਵਾਲੇ ਵਿਅਕਤੀ ਕੇਵਲ ‘‘ਸੇਵਾ`` ਦੀ ਬਦੌਲਤ ਤਿਆਰ ਕੀਤੇ ਜਾ ਸਕਦੇ ਹਨ ? ਨਵੇਂ ਨਵੇਕਲੇ ਅਗਾਂਹ ਵਧੂ, ਸੂਰਮੇ ਪਰਉਪਕਾਰੀ (ਸੰਤ ਸਿਪਾਹੀ ਜਾਂ ਗੁਰਮੁਖ) ਸ਼ਾਂਤੀ ਦੇ ਪੁੰਜ, ਚਰਖੜੀਆਂ ਤੇ ਚੜ੍ਹਨ ਵਾਲੇ, ਕਾਬਲ ਕੰਧਾਰ ਦੇ ਤਖ਼ਤਾਂ ਤਾਜਾਂ ਨੂੰ ਕਾਂਬਾ ਛੇੜ ਦੇਣ ਵਾਲੇ, ਇਨਸਾਨੀਅਤ ਦੇ ‘‘ਮਾਡਲ`` ਸਿਰਫ ਕੁਝ ਕੁ ਸੇਵਾ ਕਰਕੇ ਪ੍ਰਵਾਨ ਚੜ੍ਹ ਸਕਦੇ ਹਨ ? ਜੀ ਨਹੀਂ! ਇਸ ਵੱਡੀ ਪਲਾਨਿੰਗ (ਰੂਪ ਰੇਖਾ) ਲਈ ਹਜ਼ਾਰਾਂ ਮਨੁੱਖਾਂ ਨੂੰ ਬਹੁਪੱਖੀ ਸਿਖਲਾਈ ਦਿੱਤੀ ਗਈ। ਸਮੇਂ ਸਮੇਂ ਤੇ ਅਣਗਿਣਤ ਇਮਤਿਆਨ ਲਏ ਜਾਂਦੇ ਰਹੇ। ਸਾਰੇ ਵਿਸ਼ਿਆਂ ਵਿੱਚੋਂ ਸ਼੍ਰੋਮਣੀ ਦਰਜਾ ਹਾਸਲ ਕਰਨ ਵਾਲਾ (ਟਾਪ ਜਾਂ ਗੋਲਡ ਮੈਡਲਿਸਟ) ਗੁਰਮੁਖ ਜਨ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਥਾਪਿਆ ਗਿਆ। ਕੁੱਝ ‘‘ਘੱਟ ਨੰਬਰ ਲੈਣ ਵਾਲਿਆਂ ਨੂੰ ਦੇਸ਼ ਵਿਦੇਸ਼ ਵਿੱਚ, ਧਰਮ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਬਖ਼ਸ਼ੀ ਜਾਂਦੀ ਸੀ। ਗੁਰੂ ਨਾਨਕ ਪਰਉਪਕਾਰੀ ਜੀ ਨੇ ਜੋ ਮਨੁੱਖਤਾ ਲਈ ਲਾਸਾਨੀ ਕਾਰਜ ਕੀਤੇ ਕੀ ਉਹ ‘‘ਸੇਵਾ`` ਨਹੀਂ ਸੀ ? ਹੱਥੀਂ ਸੇਵਾ ਕਰਨੀ ਜ਼ਿੰਦਗੀ ਦਾ ਇੱਕ ਪਹਿਲੂ ਹੈ, ਸਭ ਕੁੱਝ ਹੀ ਨਹੀਂ ਹੈ। ਸਦੀਆਂ ਤੋਂ ਵਿੱਦਿਆ ਵੱਲੋਂ ਸੱਖਣੇ, ਗਿਆਨਵਾਨ ਬਣਾਉਣਾ ਕੀ ‘‘ਸੇਵਾ`` ਨਹੀਂ ਹੈ ? ਪਸ਼ੂਆਂ ਵਰਗਾ ਗੁਲਾਮੀ ਵਾਲਾ, ਗੈਰਤਹੀਣ ਜੀਵਨ ਬਤੀਤ ਕਰਨ ਵਾਲੇ, ਅਤੀ ਪਛੜੇ ਸਮਾਜ ਨੂੰ, ਧਰਮੀ ਪੁਰਸ਼ ਪਰਉਪਕਾਰੀ, ਸੂਰਮੇ, ਅਣਖ ਸਵੈਮਾਣ ਬਦਲੇ ਹੱਸ ਹੱਸ ਜਾਨਾਂ ਕੁਰਬਾਨ ਕਰਨ ਵਾਲੇ, ਸੰਚੇ ਵਿੱਚ ਤਬਦੀਲ ਕਰ ਦੇਣਾ ਕੀ ‘‘ਮਹਾਨ ਸੇਵਾ`` ਨਹੀਂ ਹੈ ?

ਲੰਮਾ ਸਮਾਂ ਅਣਪੜ੍ਹ ਤੇ ਡਰਪੋਕ ਕਿਸਮ ਦੀ ਬਿਰਤੀ ਵਾਲੇ ਸਾਧਾਂ ਸੰਤਾਂ ਦਾ ਧਰਮ ਅਸਥਾਨਾਂ ਤੇ ਗਲਬਾ ਰਿਹਾ। ਉਹਨਾਂ ਜਿੱਥੇ ਹਿੰਦੂ ਪੌਰਾਣਕ ਕਥਾਵਾਂ ਦਾ ਕੂੜ੍ਹ ਕਬਾੜ ਵੱਡੇ ਪੱਧਰ ਤੇ ਗੁਰਮਤ ਵਿੱਚ ਦਾਖਲ ਕੀਤਾ, ਉਥੇ ‘‘ਸੇਵਾ`` ਦਾ ਸੰਕਲਪ ਹੀ ਘੱਟੇ ਰੋਲ ਦਿੱਤਾ। ਕੁੱਝ ਮਾਇਆ ਜਾਂ ਅੰਨ ਬਸਤਰ ਗੁਰਦਵਾਰੇ ਅਰਪਣ ਕਰਨੇ, ਜਾਂ ਲੰਗਰ ਆਦਿ ਦੀ ਤਿਆਰੀ ਵਿੱਚ ਯੋਗਦਾਨ ਪਉਣਾ ਹੀ ‘‘ਸੇਵਾ`` ਐਲਾਨੀ ਗਈ। ਜੇ ਕਿਸੇ ਦੋ ਕਦਮ ਅਗਾਂਹ ਪੁੱਟੇ ਤਾਂ ਸੰਤ ਬਾਬੇ ਦੀਆਂ ਲੱਤਾਂ ਬਾਹਵਾਂ ਘੁੱਟਣੀਆਂ, ਇਸ਼ਨਾਨ ਕਰਾਉਣਾ ਜਾਂ ਮਾਲਸ਼ਾਂ ਕਰਨੀਆਂ, ਤੱਕ ਪੁੱਜ ਗਏ। ਬਾਬਾ ਜੀ ਦੇ ਬਸਤਰ ਧੋ ਦੇਣੇ, ਮੰਜਾ ਬਿਸਤਰਾ ਸੈੱਟ ਕਰ ਦੇਣਾ, ਵਧੀਆ ਪਕਵਾਨ ਛਕਾ ਦੇਣੇ, ਵਾਲੀ ‘‘ਸੇਵਾ`` ਪ੍ਰਮੁੱਖਤਾ ਧਾਰਨ ਕਰਦੀ ਗਈ। ਗੁਰਬਾਣੀ ਪੜ੍ਹਨੀ ਵਿਚਾਰਨੀ, ਗੁਣਾਂ ਭਰਪੂਰ ਜੀਵਨ ਬਣਾਉਣਾ ਸੇਵਾ ਵਾਲੇ ਖਾਨੇ ਵਿੱਚੋਂ ਅਲੋਪ ਹੁੰਦਾ ਚਲਾ ਗਿਆ। ਇਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਦਾ ਸਿੱਖ ਮਾਈ ਭਾਈ ਲੰਗਰ ਵਿੱਚ ਪਸੀਨੋ ਪਸੀਨੀ ਹੋਇਆ ਮਿਲ ਜਾਵੇਗਾ। ਸਾਈਕਲ ਸਕੂਟਰ ਸਾਂਭਣੇ ਜੋੜੇ ਪਾਲਿਸ਼ ਕਰਨੇ, ਪਾਣੀ ਪਿਲਾਣਾ, ਝਾੜੂ ਫੇਰਨਾ ਆਦਿ ਦੀ ‘‘ਪਵਿੱਤਰ ਸੇਵਾ`` ਕਰਦਾ ਤਾਂ ਥੋਕ ਵਿੱਚ ਮਿਲ ਜਾਵੇਗਾ। ਗੁਰਬਾਣੀ ਨੂੰ ਸਮਝਣ ਸਮਝਾਉਣ ਵਾਲਾ, ਸਿੱਖ ਸਿੱਧਾਂਤਾਂ ਦੀ ਸਹੀ ਤਰਜਮਾਨੀ ਕਰਨ ਵਾਲਾ ਕੋਈ ਵਿਰਲਾ ਜਨ ਲੱਭੇਗਾ। ਇਸੇ ਲਈ ਗਿਆਨਵਾਨ ਬਹਾਦਰਾਂ ਦੀ ਸਿੱਖ ਕੌਮ, ਅੱਜ ਮੂੜ੍ਹਤਾ ਵਿੱਚ ਗਰਕ ਹੋਈ, ਕਾਇਰਤਾ ਵਿੱਚ ਡੁੱਬੀ, ਸੰਸਾਰ ਸਾਹਮਣੇ ਤਰਸ ਦੀ ਪਾਤਰ ਬਣੀ ਵੇਖੀ ਜਾ ਸਕਦੀ ਹੈ। ਜੋ ਸਿੱਖ ਪੰਥ ਗਿਆਨ ਤੇ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਾ ਰਿਹਾ ਸੀ, ਅੱਜ ਉਹੀ ‘‘ਦੂਲਾ ਪੰਥ`` ਮੜ੍ਹੀਆਂ ਕਬਰਾਂ ਦਾ ਪੁਜਾਰੀ, ਜਾਂ ਅੱਖਾਂ ਮੀਟੀ ਭੇਡਾਂ ਵਾਂਗ ਸਿਰ ਸੁੱਟੀ ਸਾਧਾਂ ਦੇ ਡੇਰਿਆ ਵੱਲ ਵਹੀਰਾਂ ਬੰਨ੍ਹੀ ਜਾ ਰਿਹਾ ਹੈ। ਧਾਗੇ ਤਵੀਤ ਜਾਦੂ ਮੰਤਰ, ਭੂਤ ਪ੍ਰੇਤ ਨਰਕ ਸੁਰਗ, ਤੀਰਥ ਵਰਤ, ਸ਼੍ਰਾਧ, ਮੱਸਿਆ ਪੁੰਨਿਆ, ਪਸ਼ੂਆਂ ਪੰਛੀਆਂ ਰੁੱਖਾਂ ਤੋਂ ਲੈ ਕੇ, ਬੰਦਿਆਂ ਤੱਕ ਸਭ ਦੀ ਪੂਜਾ ਕਰਦੇ ‘‘ਮੂੜ ਸਿੱਖ`` ਆਮ ਵੇਖੇ ਜਾ ਸਕਦੇ ਹਨ। ਅਜਿਹੀ ਸੁਰਤੀ ਬਿਰਤੀ ਵਾਲੇ ‘‘ਸੇਵਕ`` ਨੂੰ ਕਿਸੇ ਖੂਹ ਵਿੱਚ ਧੱਕਾ ਦੇ ਦਿਉ, ਉਹ ਕੋਈ ਉੱਜਰ ਨਹੀਂ ਕਰੇਗਾ। ਕਿਉਂਕਿ ਉਸਦੇ ਅੰਦਰੋਂ ਵਿਵੇਕਸ਼ੀਲਤਾ ਖ਼ਤਮ ਹੋ ਗਈ ਹੈ। ਅਣਖ ਗੈਰਤ ਮਰ ਚੁੱਕੀ ਹੈ, ਇਨਸਾਨੀਅਤ (ਗੁਰਸਿੱਖੀ) ਨੇੜੇ ਤੇੜੇ ਭੀ ਨਹੀਂ ਹੈ, ਇਸ ਲਈ ਉਸ ਨੂੰ ਜਿਸ ਖੁਰਲੀ ਤੇ ਬੰਨ ਕੇ ਪੱਠੇ ਪਾ ਦਿਉ, ਉਥੇ ਹੀ ਸੁਸ਼ੀਲ ਬਣਿਆ ਖਲੋਤਾ ਰਹੇਗਾ।

ਸਮਾਂ ਬੀਤਣ ਨਾਲ ਗਿਆਨ ਤੋਂ ਖਾਲੀ ‘‘ਸੇਵਾਦਾਰ`` ਸ਼ੂਦਰ (ਨੀਚ) ਬਣ ਗਿਆ। ਵਿਹਲੜ ਬੰਦਾ ਸੇਵਾ ਕਰਵਾਉਣ ਵਾਲਾ, ਚਾਲਾਕ ਪੁਜਾਰੀ (ਸਾਧ ਸੰਤ) ਉੱਚਾ ਬਣ ਬੈਠਾ। ਨਾ ਸਮਝ ਸੇਵਕਾਂ ਦੀ ਕਿਰਤ ਕਮਾਈ, ਚਾਲਾਕ ਪੁਜਾਰੀਆਂ ਦੇ ਢਿੱਡੀ ਪੈਂਦੀ ਚਲੀ ਗਈ। ਨਾ ਸਮਝ ਸੇਵਕਾਂ ਦੇ ਬੱਚੇ ਭੁੱਖੇ ਵਿਲਕਣ ਲੱਗੇ ਤੇ ਸ਼ਾਤਰ ਸਾਧ ਲਾਣੇ ਦੀਆਂ ਸੱਤੇ ਖੈਰਾਂ। ਕਿਰਤੀਆ ਦੀ ਸਾਰੀ ਕਮਾਈ ਲੁੱਟ ਕੇ, ਬਾਬਿਆਂ ਨੇ ਉਸਨੂੰ ਅਗਲੇ ਜਨਮ ਦੇ ਸੁੱਖਾਂ ਦਾ ਪਰਵਾਨਾ ਦੇ ਦਿੱਤਾ। ਖੁਦ ਸੰਤ ਜੀ, ਇਸੇ ਜਨਮ ਵਿੱਚ ਬਿਨਾਂ ਡੱਕਾ ਦੋਹਰਾ ਕੀਤੇ, ਸਵਰਗਾਂ ਵਰਗਾ ਸੁੱਖ ਇਸੇ ਧਰਤੀ ਤੇ ਮਾਨਣ ਲੱਗੇ। ਜੇ ਸੇਵਾ ਬਹੁਤ ਚੰਗੀ ਹੈ ਤੇ ਸਾਧ ਸੰਤ ਤਾਂ ਸਰੀਰ ਨੂੰ ਤੱਤੀ ਹਵਾ ਨਹੀਂ ਲਗਣ ਦੇ ਰਹੇ। ਇਹ ਸਰੀਰਕ ਸੇਵਾ ਉਹਨਾਂ ਵਿਹਲੜਾ ਵਾਸਤੇ ਜ਼ਰੂਰੀ ਨਹੀਂ ਸੀ ? ਸੇਵਾ ਬਾਰੇ ਸਤਿਗੁਰੂ ਜੀ ਨੇ ਬਹੁਤ ਕੁੱਝ ਲਿਖਿਆ ਹੈ। ਕੁਝ ਪਰਮਾਣ ਹਾਜ਼ਰ ਹਨ -

ਸੇਵ ਕੀਤੀ ਸੰਤੋਖਈ ਜਿਨੀ ਸਚੋ ਸਚੁ ਧਿਆਇਆ।।

ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ।।

ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ।।...... (467)

ਸਤਿਗੁਰੂ ਜੀ ਸਮਝਾ ਰਹੇ ਹਨ; ਸੇਵਕ ਸੰਤੋਖੀ ਜੀਵਨ ਧਾਰਨ ਕਰੇ ਤੇ ਸੱਚ ਦੇ ਮਾਰਗ ਤੇ ਚੱਲੇ। ਸੇਵਕ ਦੁਨੀਆਂ ਦੇ ਗਲਤ ਬੰਧਨਾਂ ਰੁਕਾਵਟਾਂ ਨੂੰ ਤੋੜ ਦੇਵੇ, ਸੋਚਣੀ ਆਜਾਦ ਕਰ ਲਵੇ, ਸਰੀਰਕ ਸੁਆਦਾਂ ਪਿੱਛੇ ਹੀ ਨਾ ਪਿਆ ਰਹੇ। ਜ਼ਿੰਦਗੀ ਨੂੰ ਮੰਦੇ ਰਾਹ ਚੱਲ ਕੇ ਬਰਬਾਦ ਨਾ ਕਰ ਲਵੇ, ਇੱਕ ਕਦਮ ਭੀ ਗਲਤ ਪਾਸੇ ਨਾ ਟੁਰੇ। ਸੇਵਕ ਉਹ ਹੈ ਜੋ ਸੁਕ੍ਰਿਤ, ਨੇਕ ਕਮਾਈ ਕਰਦਿਆਂ ਆਪਣੇ ਪ੍ਰਵਾਰ ਦੀ ਸੰਭਾਲ ਕਰਦਾ ਹੈ। ਇਸ ਨੇਕੀ ਵਾਲੇ ਰਾਹ ਤੇ ਚਲਣ ਵਾਲਾ ਪੂਰੀ ਤਰ੍ਹਾਂ ਧਰਮੀ ਇਨਸਾਨ ਮੰਨਿਆ ਜਾਵੇਗਾ।

ਹੋਰ ਫੁਰਮਾਨ ਹੈ :-

ਸੋਈ ਸੇਵਕ ਜੋ ਸਤਿਗੁਰੁ ਸੇਵੇ ਚਲੈ ਸਤਿਗੁਰੂ ਭਾਏ।।

ਸਚਾ ਸਬਦ ਸਿਫਤ ਹੈ ਸਚੀ ਸਚਾ ਮੰਨਿਆ ਵਸਾਏ।। (753)

ਅਸਲੀ ਸੇਵਕ ਉਹ ਹੈ ਜੋ ਸਤਿਗੁਰੂ ਦੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ। ਇਸੇ ਲਈ ਉਹ ਸਤਿਗੁਰੂ ਜੀ ਦੀ ਦੱਸੀ ਬਿਧੀ ਮੁਤਾਬਕ ਜ਼ਿੰਦਗੀ ਜਿਉਂਦਾ ਹੈ। ਗੁਰੂ ਦਾ ਉਪਦੇਸ਼ ਸੱਚਾ ਹੈ ਉਹ ਸਿੱਖ ਨੂੰ ਕੁਰਾਹੇ ਨਹੀਂ ਪਾਉਂਦਾ, ਇਹੀ ਸਤਿਗੁਰੂ ਦੀ ਸੱਚੀ ਵਡਿਆਈ ਹੈ। ਫਿਰ ਸੱਚਾ ਅਕਾਲ ਪੁਰਖ ਸਦਾ ਵਾਸਤੇ ਸੇਵਕ ਸਿੱਖ ਦੇ ਹਿਰਦੇ ਵਿੱਚ ਬਸ ਜਾਂਦਾ ਹੈ। ਸੇਵਕ ਥਿੜਕਦਾ ਨਹੀਂ ਹੈ, ਜ਼ਿੰਦਗੀ ਸਫਲੀ ਕਰ ਲੈਂਦਾ ਹੈ।

ਹੋਰ-

ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ।।

ਸਤਿਗੁਰੁ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਬਿਕਾਰੁ।। (65)

ਹੇ ਭਾਈ ਉਹ ਮਨੁੱਖ ਸੱਚੇ ਹਨ ਵਿਕਾਰਾਂ ਦੀ ਮੈਲ ਤੋਂ ਰਹਿਤ ਹਨ, ਜਿਨ੍ਹਾਂ ਨੂੰ ਸਤਿਗੁਰੂ ਨਾਲ ਦਿਲੀ ਪਿਆਰ ਹੈ। ਕਿਉਂਕਿ ਉਹ ਸਤਿਗੁਰੂ ਦਾ ਹੁਕਮ ਮੰਨਕੇ ਜ਼ਿੰਦਗੀ ਬਤੀਤ ਕਰਦੇ ਹਨ। ਵਿਕਾਰਾਂ ਵਾਲਾ ਜ਼ਹਿਰ ਭਰਿਆ ਜੀਵਨ ਤਿਆਗ ਦਿੰਦੇ ਹਨ। ਹੋਰ ਵੇਖੋ -

ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ।।

ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ।। (649)

ਸਤਿਗੁਰੂ ਵੱਲੋਂ ਬਖਸ਼ੀ ਜੀਵਨ ਸੇਧ ਬਹੁਤ ਔਖੀ ਹੈ, ਆਪਣੀ ਮੱਤ, ਆਪਣਾ ਆਪਾ ਪੂਰੀ ਤਰ੍ਹਾਂ ਛੱਡਣਾ ਪੈਂਦਾ ਹੈ। ਗੁਰੂ ਦੇ ਹੁਕਮ ਨੂੰ ਮੰਨ ਕੇ ਵਿਕਾਰਾਂ ਵੱਲੋਂ ਮਨ ਨੂੰ ਮਾਰ ਲੈਣ, ਫਿਰ ਉਹਨਾਂ ਦੀ ਆਤਮਕ ਮੌਤ ਨਹੀਂ ਹੋਵੇਗੀ। ਅਜਿਹੇ ਗੁਰਸਿੱਖਾਂ ਦੀ ਸੇਵਾ ਫਿਰ ਪਰਵਾਨ ਹੋਈ ਮੰਨੀ ਜਾਵੇਗੀ। ਭਾਈ ਗੁਰਦਾਸ ਜੀ ਦਾ ਵਾਕ -

ਜਗ ਭੋਗ ਨਈਵੇਦ ਲਖ, ਗੁਰਮੁਖਿ ਮੁਖਿ ਇਕੁ ਦਾਣਾ ਪਾਇਆ।।

ਗੁਰ ਭਾਈ ਸੰਤੁਸਟ ਕਰਿ, ਗੁਰਮੁਖਿ ਸੁਖ ਫਲੁ ਪਿਰਮ ਰਖਾਇਆ।।(7-13)

ਭਾਈ ਸਾਹਿਬ ਜੀ ਦੱਸ ਰਹੇ ਹਨ; ਕਿ ਲੋਕੀ ਜੱਗ ਕਰਦੇ ਹਨ, ਦੇਵਤਿਆਂ ਨਮਿਤ, ਮੂਰਤੀਆਂ ਨੂੰ, ਪੁਜਾਰੀਆਂ ਨੂੰ, ਭੋਗ ਲਵਾਉਂਦੇ ਹਨ। ਅਜਿਹੇ ਲੱਖਾਂ ਭਰਮ ਰੂਪ ਕੰਮ ਕਰਦੇ ਹਨ। ਮਨੁੱਖਤਾ ਲਈ ਆਪਾ ਵਾਰਨ ਵਾਲੇ, ਪਰਉਪਕਾਰੀ ਗੁਰਸਿੱਖ ਨੂੰ, ਇੱਕ ਦਾਣਾ (ਭਾਵ ਥੋੜਾ ਜਿੰਨਾ) ਛਕਾਇਆ, ਹੋਰ ਸਭ ਕਰਮਾਂ ਤੋਂ ਉੱਤਮ ਹੈ। ਆਪਣੇ ਆਲੇ ਦੁਆਲੇ ਰਹਿ ਰਹੇ ਗੁਰਸਿੱਖਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਜਾਵੇ। ਲੋੜਵੰਦਾਂ ਦੀ ਕੀਤੀ ਗਈ ਨਿਸ਼ਕਾਮ ਸੇਵਾ, ਪ੍ਰਭੂ ਪ੍ਰਮਾਤਮਾ ਦੀ ਹੀ ਸੇਵਾ ਹੈ। ਇਹੀ ਸੇਵਾ ਹੈ ਜੋ ਪਰਮ ਸੁਖ ਦਿੰਦੀ ਹੈ।

ਅਨੇਕਾਂ ਡੇਰਿਆ ਤੇ ਗਿਆਨ ਰਹਿਤ ਸ਼ਰਧਾਲੂ ਮਹੀਨਿਆਂ ਬੱਧੀ, ਸਾਲਾਂ ਬੱਧੀ, ਕਈ ਵਾਰੀ ਉਮਰ ਭਰ ‘‘ਕਾਰ ਸੇਵਾ`` ਤੇ ਜੀਵਨ ਵਿਅਰਥ ਗਵਾਉਂਦੇ ਵੇਖੇ ਜਾ ਸਕਦੇ ਹਨ। ਜ਼ਮੀਨਾ, ਕੋਠੀਆਂ, ਬਾਗ, ਸਾਧਾਂ ਦੀ ਨਿੱਜੀ ਮਾਲਕੀ ਹੁੰਦੇ ਹਨ। ‘‘ਲਕੀਰ ਦੇ ਫਕੀਰ ਸ਼ਰਧਾਲੂ, ਦਿਨ ਰਾਤ ਮਿੱਟੀ ਨਾਲ ਮਿੱਟੀ ਹੋਕੇ ‘‘ਸੇਵਾ ਕਰਦਿਆਂ ਜਨਮ ਸਫਲਾ`` ਕਰ ਰਹੇ ਹੁੰਦੇ ਹਨ। ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਸ਼ਰਧਾਵਾਨ ਬੀਬੀਆਂ ‘‘ਪੁੱਤਰ ਦੀ ਦਾਤ`` ਪ੍ਰਾਪਤ ਕਰਨ ਵਾਸਤੇ ਆਪਣੀਆਂ ਭੋਲੀਆਂ ਨੂੰਹਾਂ, ਧੀਆਂ ਨੂੰ ਡੇਰੇਦਾਰਾਂ ਦੀ ‘‘ਸੇਵਾ`` ਵਿੱਚ ਜਾ ਹਾਜ਼ਰ ਕਰਦੀਆਂ ਹਨ। ਦਿਨ ਰਾਤ ਲੰਮਾ ਸਮਾਂ ਡੇਰੇਦਾਰ ਸਾਧ (ਅਸਲ ਵਿੱਚ ਸਾਨ੍ਹ) ਦੀ ‘‘ਪਵਿੱਤਰ ਸੇਵਾ ਕਰਦਿਆਂ, ਪੁੱਤਰ ਦੀ ਪ੍ਰਾਪਤੀ ਕਰ, ਖੁਸ਼ੀ ਨਾਲ ਝੋਲੀ ਭਰ ਲੈਦੀਆਂ ਹਨ।`` ਅਜਿਹੀ ‘‘ਸੇਵਾ`` ਵਿੱਚ ਗਰਕ ਹੋਏ, ਵੱਡੇ ਵੱਡੇ ਧਰਮੀ ਮੁਖੌਟਿਆਂ ਵਾਲੇ, ਸਰਕਾਰੇ ਦਰਬਾਰੇ ਅਸਰ ਰਸੂਖ ਰੱਖਣ ਵਾਲੇ, ਵੱਡੇ ਧਨ ਕੁਬੇਰ ਮੱਠਾਧਾਰੀ ਡੇਰੇਦਾਰ`` ਅੰਨ੍ਹੇ ਸ਼ਰਧਾਲੂਆਂ ਦੀ ਹਰ ਪ੍ਰਕਾਰ, ਬੇਦਰਦੀ ਨਾਲ ਲੁੱਟ ਕਰਦੇ ਹਨ। ਸਤਿਗੁਰੂ ਜੀ ਤਾਂ ਗੁਰ ਉਪਦੇਸ਼ ਮੁਤਾਬਕ ਜ਼ਿੰਦਗੀ ਬਤੀਤ ਕਰਨ ਨੂੰ ਹੀ ਸਰਬੋਤਮ ਐਲਾਨਦੇ ਹਨ। ਸ਼ਬਦ ਪੜ੍ਹੋ -

ਕੋਟਿ ਮਜਨ ਜਾਕੈ ਸੁਣਿ ਨਾਮ।। ਕੋਟਿ ਪੂਜਾ ਜਾਕੈ ਹੈ ਧਿਆਨ।।

ਕੋਟਿ ਪੁੰਨੁ ਸੁਣਿ ਹਰਿ ਕੀ ਬਾਣੀ।। ਕੋਟਿ ਫਲਾ ਗੁਰ ਤੇ ਬਿਧਿ ਜਾਣੀ।।

ਮਨੁ ਅਪੁਨੇ ਮਹਿ ਫਿਰਿ ਫਿਰਿ ਚੇਤ।। ਬਿਨਸਿ ਜਾਹਿ ਮਾਇਆ ਕੇ ਹੇਤ।।(238)

ਪਾਤਿਸ਼ਾਹ ਸਮਝਾ ਰਹੇ ਹਨ - ਕਰੋੜਾਂ ਤੀਰਥਾਂ ਦਾ ਪੁੰਨ ਸਤਿਗੁਰੂ ਦੇ ਗਿਆਨ ਵਿੱਚ ਹੈ। ਕਰੋੜਾਂ ਪ੍ਰਕਾਰ ਦੀ ਪੂਜਾ ਅਰਚਣਾ ਗੁਰ ਉਪਦੇਸ਼ ਨੂੰ ਧਿਆਨ ਨਾਲ ਸੁਣਨ ਵਿੱਚ ਹੈ। ਕਰੋੜਾਂ ਹੀ ਪੁੰਨ ਦਾਨ ਨਾਲੋਂ ਜ਼ਿਆਦਾ ਮਹਾਤਮ ਹਰੀ ਜਸ (ਗੁਰਉਪਦੇਸ਼) ਸੁਣ ਲੈਣ ਵਿੱਚ ਹੀ ਹੈ। ਕਰੋੜਾਂ ਹੀ ਫਲਾਂ ਦੀ ਪ੍ਰਾਪਤੀ ਸਤਿਗੁਰੂ ਜੀ ਤੋਂ, ਜੀਵਨ ਜਿਉਣ ਦੀ ਜਾਚ ਸਿੱਖ ਲੈਣ ਵਿੱਚ ਹੈ। ਹੇ ਮਨੁੱਖ ਮੁੜ ਮੁੜ ਆਪਣੇ ਅੰਦਰ ਝਾਤੀ ਮਾਰ, ਕਿ ਤੂੰ ਕੀ ਕਰ ਰਿਹਾ ਹੈਂ। ਜਦੋਂ ਤੈਨੂੰ ਆਪਣੇ ਕੀਤੇ ਗਲਤ ਕੰਮਾਂ ਦੀ ਸਮਝ ਆ ਜਾਵੇਗੀ, ਫਿਰ ਤੂੰ ਸੱਚਾ ਰਾਹ ਅਖਤਿਆਰ ਕਰ ਲਵੇਂਗਾ। ਅਗਿਆਨਤਾ ਵਿੱਚ ‘‘ਧਰਮ ਕਰਮ`` ਜਾਣਕੇ ਜੋ ਕੁੱਝ ਤੂੰ ਕਰਦਾ ਆ ਰਿਹਾ ਹੈਂ ਇਹ ਸਹੀ ਨਹੀਂ ਹੈ। ਮੁੜ ਮੁੜ ਗਲਤੀ ਨਾ ਕਰ, ਗੁਰੂ ਦੀ ਬਾਣੀ, ਪੜ੍ਹ ਵਿਚਾਰ ਕੇ ਗਿਆਨਵਾਨ ਬਣ। ਜਿਸ ਨੂੰ ਤੂੰ ਸੇਵਾ ਮੰਨੀ ਬੈਠਾ ਹੈ, ਇਹ ਅਸਲੀ ਸੇਵਾ ਨਹੀਂ ਹੈ। ਵੱਡੇ ਵੱਡੇ ਸਈਆਦ (ਸ਼ਿਕਾਰੀ) ਥਾਂ ਥਾਂ ਜਾਲ ਲਾਈ, ਚੋਗ ਖਿਲਾਰ ਕੇ ਭੋਲੇ ਜੀਵ ਵਾਂਗ ਤੇਰੀ ਉਡੀਕ ਕਰ ਰਹੇ ਹਨ। ਤੈਨੂੰ ਪਤਾ ਭੀ ਨਹੀਂ ਲਗਦਾ ਕਿ ਤੂੰ ਸਾਰੇ ਪਾਸਿਆਂ ਤੋਂ ਜਕੜਿਆ ਜਾ ਚੁੱਕਾ ਹੈ।

ਆਖਰੀ ਨਿਚੋੜ -

ਗੁਰਸਿੱਖਾਂ ਅੰਦਰ ਸਤਿਗੁਰੁ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ।।

ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ,

ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ।।

ਜਿ ਠਗੀ ਆਵੈ, ਠਗੀ ਉਠਿ ਜਾਇ, ਤਿਸੁ ਨੇੜੇ ਗੁਰਸਿਖੁ ਮੂਲਿ ਨ ਆਵੈ।। (317)

ਸਤਿਗੁਰੂ ਜੀ ਸਿਰੇ ਦੀ ਵਿਚਾਰ ਬਖਸ਼ਦਿਆਂ ਸੋਝੀ ਦੇ ਰਹੇ ਹਨ, ਕਿ ਭਾਈ ਸਤਿਗੁਰੂ ਦੀ ਇੱਛਾ ਤੋਂ ਬਿਨਾਂ, ਜੇ ਕੋਈ ਚਾਲਾਕ ਆਦਮੀ ਸ਼ਰਧਾਵਾਨ ਸਿੱਖਾਂ ਤੋਂ ਵਗਾਰ ਕਰਾਵੇ, ਆਪਣੇ ਨਿੱਜੀ ਫਾਇਦੇ ਵਾਲੇ ਕੰਮ ਕਰਾਵੇ, ਉਸ ਆਦਮੀ ਤੋਂ ਸੁਚੇਤ ਰਹੋ, ਬਚੋ। ਅਜਿਹੇ ਠੱਗ ਲੋਕ ਤਰ੍ਹਾਂ ਤਰ੍ਹਾਂ ਦੇ ਧਾਰਮਕ ਭੇਖ ਬਣਾਕੇ ਭੋਲੇ ਸਿੱਖਾਂ ਨੂੰ ਬੇਰਹਿਮੀ ਨਾਲ ਲੁੱਟ ਰਹੇ ਹਨ, ਇਹਨਾਂ ਦੇ ਨੇੜੇ ਨਾ ਜਾਇਓ। ਜੋ ਪਰਉਪਕਾਰ ਦੀ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਖੁਦ ਕਰਦਾ ਹੈ, ਤੇ ਪਿਆਰ ਨਾਲ ਦੂਜਿਆਂ ਨੂੰ ਸੇਵਾ ਲਈ ਪ੍ਰੇਰਦਾ ਹੈ, ਉਹ ਨੇਕ ਇਨਸਾਨ ਹੈ। ਉਸਤੇ ਸਤਿਗੁਰੂ ਖੁਸ਼ੀ ਪ੍ਰਗਟ ਕਰਦਾ ਹੈ। ਜੋ ਸਿੱਖਾਂ ਨੂੰ ਪਿਆਰ ਕਰੇਗਾ, ਸਤਿਗੁਰੂ ਉਸੇ ਨੂੰ ਪਿਆਰ ਕਰੇਗਾ, ਇਹ ਆਖਰੀ ਫ਼ੈਸਲਾ ਹੈ।

ਸੇਵਾ ਬਾਰੇ ਇਕ ਹੋਰ ਸ਼ਬਦ ਲਿਖ ਕੇ ਸਮਾਪਤ ਕਰਦੇ ਹਾਂ। ਪੜ੍ਹੋ -

ਸਾ ਸੇਵਾ ਕੀਤੀ ਸਫਲ ਹੈ, ਜਿਤੁ ਸਤਿਗੁਰ ਕਾ ਮਨੁ ਮੰਨੇ।।

ਜਾ ਸਤਿਗੁਰ ਕਾ ਮਨ ਮੰਨਿਆ, ਤਾ ਪਾਪ ਕਸੰਮਲ ਭੰਨੇ।।

ਉਪਦੇਸੁ ਜਿ ਦਿਤਾ ਸਤਿਗੁਰੂ, ਸੋ ਸੁਣਿਆ ਸਿਖੀ ਕੰਨੇ।।

ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣਿ ਵੰਨੇ।।

ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣਿ ਮਨੁ ਮੰਨੇ।। (314)

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75