ਭੋਗ ਰਡਗ ਮਡਲਡ ਕਿ ਮੁੰਦਡਵਣੀ ੱਤੇ ? (ਕਿਸਲ਼ਤ ਦੂਜੀ)
10. ਸਮਾਂ ਬੀਤਣ ਨਾਲ ਛਾਪੇ ਵਾਲੀਆਂ ਤੇ ਹੱਥ ਲਿਖਤ ਬੀੜਾਂ ਕਈ ਪ੍ਰਕਾਰ ਦੀਆਂ ਸਿੱਖ ਸੰਗਤਾਂ ਵਿੱਚ ਪ੍ਰਚੱਲਤ ਹੋ ਗਈਆਂ। ਭੋਗ ਹਰ ਇੱਕ ਦਾ ਆਪੋ ਆਪਣੀ ਮਰਜ਼ੀ ਦਾ ਹੋਇਆ ਕਰਦਾ ਸੀ। ਕਈ ਥਾਂਵਾਂ ਤੇ ਅਪ੍ਰਵਾਨਿਤ ਰਚਨਾਵਾਂ ਪੜ੍ਹਕੇ ‘‘ਵੱਡਾ ਭੋਗ`` ਪਾਇਆ ਜਾਂਦਾ ਸੀ। ਜਿਤ ਦਰ ਲੱਖ ਮੁਹੰਮਦਾ, ਮੀਰਾਂ ਬਾਈ ਦਾ ਸ਼ਬਦ, ਸੂਰਦਾਸ ਦਾ ਸਾਰਾ ਸ਼ਬਦ, ਰੁਣਝੁੰਝਨੜਾ ਆਦਿ ਭੀ ਪੜਦੇ ਸਨ।
ਸੰਨ 1920 ਤੋਂ ਪਹਿਲਾਂ ਕਿਉਂਕਿ ਸ਼੍ਰੋ: ਗੁ: ਪ੍ਰ: ਕਮੇਟੀ ਨਹੀਂ ਸੀ, ਇਸ ਲਈ ਸਾਰੇ ਧਾਰਮਕ ਫੈਸਲੇ ਚੀਫ ਖਾਲਸਾ ਦੀਵਾਨ ਦੀ ਸਹਿਮਤੀ ਨਾਲ ਹੀ ਪ੍ਰਵਾਨ ਚੜ੍ਹਦੇ ਸਨ। ਰਾਗਮਾਲਾ ਬਾਰੇ ‘ਪੜ੍ਹਨੀ ਹੈ ਜਾਂ ਨਹੀ ਪੜ੍ਹਨੀ ਹੈ` ਦੇ ਕਾਰਨ ਬਹੁਤ ਝਗੜੇ ਹੋਏ। ਅਦਾਲਤਾਂ ਵਿੱਚ ਮੁਕੱਦਮੇ ਚੱਲੇ। ਅਦਾਲਤਾਂ ਵੱਲੋਂ ਚੀਫ ਖਾਲਸਾ ਦੀਵਾਨ ਤੋਂ ਰਾਏ ਮੰਗੀ ਜਾਂਦੀ ਸੀ। ਚੀਫ ਖਾਲਸਾ ਦੀਵਾਨ ਦੇ ਮੁਖੀ ਹਮੇਸ਼ਾ ਇਹੀ ਲਿਖਕੇ ਭੇਜਦੇ ਰਹੇ - ‘‘ਰਾਗਮਾਲਾ ਗੁਰਬਾਣੀ ਨਹੀਂ ਹੈ।``
11. ਬਾਗਬਾਨ ਪੁਰੇ ਲਾਹੌਰ ਦੀ ਸਿੰਘ ਸਭਾ ਵਿੱਚ ਵੱਡਾ ਝਗੜਾ ਹੋਇਆ। ਗੱਲ ਕਿਨਾਰੇ ਨਾ ਲਗਦੀ ਵੇਖ ਕੇ, ਦੋ ਪਰਚੀਆਂ ਤੇ ਇਹ ਅੱਖਰ ਲਿਖ ਕੇ ਪੀਹੜੇ ਹੇਠ ਰੱਖ ਦਿੱਤੀਆਂ - ਰਾਗਮਾਲਾ ਗੁਰਬਾਣੀ ਹੈ, ਰਾਗਮਾਲਾ ਗੁਰਬਾਣੀ ਨਹੀਂ ਕੱਚੀ ਬਾਣੀ ਹੈ।`` ਇੱਕ ਅਣਜਾਣ ਸੇਵਕ ਤੋਂ ਇੱਕ ਪਰਚੀ ਮੰਗਵਾਈ ਗਈ, ਜਿਸ ਤੇ ਲਿਖਿਆ ਸੀ, ਰਾਗਮਾਲਾ ਗੁਰਬਾਣੀ ਨਹੀਂ ਹੈ ਕੱਚੀ ਬਾਣੀ ਹੈ। ਅੱਗੇ ਤੋਂ ਰਾਗਮਾਲਾ ਪੜਨੀ ਬੰਦ ਕਰ ਦਿੱਤੀ ਗਈ। ਸਤੰਬਰ 5-1917 ਦੇ ਪੰਥ ਸੇਵਕ ਅਖਬਾਰ ਵਿੱਚ ਸਾਰੀ ਘਟਨਾ ਛਪੀ। ‘‘ਕਿ ਸੱਚੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਾਗਮਾਲਾ ਦਾ ਫੈਸਲਾ ਆਪ ਕਿਰਪਾ ਕਰਕੇ ਨਬੇੜ ਦਿੱਤਾ, ਸਾਰਿਆਂ ਦੀ ਦੁਬਿਧਾ ਦੂਰ ਕਰ ਦਿੱਤੀ।``
12. ਭਾਈ ਲਾਲ ਸਿੰਘ ਧਰਮ ਪ੍ਰਚਾਰਕ, ਪਹਿਲਾਂ ਲੰਮੇ ਸਮੇਂ ਤੱਕ ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ ਨਾਲ ਧਰਮਪ੍ਰਚਾਰ ਦੀ ਸੇਵਾ ਕਰਦੇ ਰਹੇ। ਉਹਨਾਂ ਦਾ ਜੋ ਬਿਆਨ ਅਖਬਾਰ ਵਿੱਚ ਛਪਿਆ ਸੀ ਉਹ ਇਸ ਤਰ੍ਹਾਂ ਹੈ - ‘‘ਰਾਗਮਾਲਾ ਦਾ ਰੌਲਾ ਇਸ ਵਕਤ ਪੰਥ ਵਿੱਚ ਪੂਰੇ ਜੋਰ ਨਾਲ ਛਿੜਿਆ ਹੋਇਆ ਹੈ। ਜਿਸ ਨੂੰ ਹਵਾ ਦੇਣ ਦਾ ਜਿੰਮੇਵਾਰ ਭਾਈ ਵੀਰ ਸਿੰਘ ਹੈ। ਮੈਂ ਉਹ ਪੰਥ ਸੇਵਕ ਪ੍ਰਚਾਰਕ ਹਾਂ ਜਿਸਨੇ ਪਿਛਲੇ ਤੀਹ ਸਾਲ ਤੋਂ ਪੂਰੇ ਦੇਸ਼ ਵਿੱਚ ਘੁੰਮ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਭਾਈ ਗੁਰਮੁੱਖ ਸਿੰਘ ਤੇ ਭਾਈ ਦਿੱਤ ਸਿੰਘ ਤੋਂ ਮੈਂ ਗੁਰਮਤ ਸਿੱਖੀ। ਮੈਂ 19 ਸਾਲ ਭਾਈ ਵੀਰ ਸਿੰਘ ਨਾਲ ਭੀ ਕੰਮ ਕੀਤਾ ਹੈ। ਮੈਂ ਸਦਾ ਰਾਗਮਾਲਾ ਦੇ ਵਿਰੁੱਧ ਬੋਲਦਾ ਰਿਹਾ ਹਾਂ, ਇਹ ਐਵੇਂ ਨਹੀਂ ਸਗੋਂ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਤੋਂ ਅਗਵਾਈ ਲੈਕੇ। ਜੋ ਵਿਅਕਤੀ ਗੁਰਬਾਣੀ ਦੇ ਬ੍ਰਾਬਰ ਰਾਗ ਮਾਲਾ ਨੂੰ ਸ਼ਾਮਿਲ ਕਰਦਾ ਹੈ, ਜਾਂ ਪੜ੍ਹਦਾ ਹੈ, ਉਹ ਗੁਰਬਾਣੀ ਦਾ ਅਪਮਾਨ ਕਰਦਾ ਹੈ। ਮੁੰਦਾਵਣੀ ਤੋਂ ਪਿਛੋਂ ਜੋ ਕੁੱਝ ਭੀ ਲਿਖਿਆ ਗਿਆ ਹੈ, ਉਹ ਭਾਈ ਬੰਨੋ ਆਦਿਕ ਲਿਖਾਰੀਆਂ ਨੇ ਰਲਾ ਪਾਇਆ ਹੈ।
(ਪੰਥ ਸੇਵਕ, ਲਾਹੌਰ, 7 ਨਵੰਬਰ 1917) (204)
13. ਰਾਗਮਾਲਾ ਬਾਰੇ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੇ ਵਿਚਾਰ
ਸਿੱਖ ਪੰਥ ਵਿੱਚ ਰਾਗਮਾਲਾ ਬਾਰੇ ਭਖਵੀਂ ਬਹਿਸ ਹੋ ਰਹੀ ਵੇਖਕੇ ਇਹਨਾਂ ਦੋਵਾਂ ਰਾਜ ਪ੍ਰਮੁੱਖ ਸਿੱਖਾਂ ਨੇ ਆਪਣੇ ਤਰੀਕੇ ਨਿਰਣੇ ਲਏ। ਪਟਿਆਲੇ ਦੇ ਰਾਜੇ ਨੇ ਬਜ਼ੁਰਗ ਇਤਿਹਾਸਕਾਰ ਗਿ: ਗਿਆਨ ਸਿੰਘ ਨੂੰ ਬੁਲਾ ਕੇ ਰਾਏ ਮੰਗੀ। ਗਿ: ਜੀ ਨੇ ਸਪੱਸ਼ਟ ਆਖ ਦਿੱਤਾ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਮੁਲਾਕਾਤ ਦਾ ਵੇਰਵਾ ਗਿ: ਗਿਆਨ ਸਿੰਘ ਨੇ ਇਉਂ ਲਿਖਿਆ ਹੈ -
ਮੁਝੇ ਬ੍ਰਿਧ ਲੇਖਕ ਇਤਿਹਾਸ। ਦਾਸ ਪੰਥ ਕਾ ਲਖਕੈ ਖਾਸ।
ਸਿੰਘ ਸਿਖ ਸਰਧਾਲੂ ਨੀਕੇ। ਅਨਕ ਪ੍ਰੇਮੀ ਖੇਮੀ ਜੀ ਕੇ।
ਮਿਲੇ ਮੋਹਿ ਪਟਿਆਲੇ ਆਇ। ਦੀਓ ਇਹੋ ਪ੍ਰਸੰਗ ਚਲਾਇ।
ਜੋ ਮੈ ਗੁਰੂ ਖਾਲਸਾ ਮਾਹਿ। ਹੈ ਲਿਖ ਰਖਿਯੋ ਅਖਯੋ ਸੁ ਵਾਹਿ।
ਮਾਨ ਗਏ ਸਭ ਸਹੀ ਯਹੀ ਹੈ। ‘‘ਰਾਗ ਮਾਲਾ ਗੁਰਵਾਕ ਨਹੀ ਹੈ।``
(ਪੰਥ ਸੇਵਕ - 10/4/1918)
14. ਇਸ ਤੋਂ ਮਗਰੋਂ ਨਾਭਾ ਪਤੀ ਰਾਜਾ ਰਿਪੁਦਮਨ ਸਿੰਘ ਨੇ ਸਰਕਾਰੀ ਤੌਰ ਤੇ ਆਖੰਡ ਪਾਠ ਦਾ ਭੋਗ ਪੁਆਇਆ। ਸਾਰੇ ਫੌਜੀ ਅਤੇ ਸਿਵਲ ਅਫ਼ਸਰ ਹਾਜ਼ਰ ਸਨ। ਛੋਟੇ ਮੁਲਾਜਮ ਭੀ ਬਹੁਤ ਸਾਰੇ ਮੌਜੂਦ ਸਨ। ਆਮ ਲੋਕਾਂ ਦਾ ਭੀ ਬਹੁਤ ਭਾਰੀ ਇਕੱਠ ਸੀ। ਖੁਦ ਮਹਾਰਾਜਾ ਸਾਹਿਬ ਦੀਵਾਨ ਵਿੱਚ ਬਿਰਾਜਮਾਨ ਸਨ। ਸਵੇਰੇ ਸਾਢੇ ਛੇ ਵਜੇ ‘‘ਮੁੰਦਾਵਣੀ ਪਰ ਭੋਗ ਪਾਇਆ ਗਿਆ।`` (ਪੰਥ ਸੇਵਕ - 3/7/1918)
15. ਭਾਰਤ ਦੀ ਤਤਕਾਲੀਨ ਰਾਜਧਾਨੀ ਕਲਕੱਤੇ ਵਿਖੇ ਸੀ। ਕਾਂਗਰਸ ਪਾਰਟੀ ਦਾ ਇੱਕ ਵੱਡਾ ਸਮਾਗਮ ਹੋਇਆ। ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ, ਅਕਾਲੀ ਕੌਰ ਸਿੰਘ ਨੇ ਮੁੰਦਾਵਣੀ ਉਪਰ ਭੋਗ ਪਾਇਆ। ਇਸ ਦੀਵਾਨ ਵਿੱਚ ਭਾਈ ਈਸ਼ਰ ਸਿੰਘ ਨੇ ਆਪਣੇ ਉਪਦੇਸ਼ ਵਿੱਚ ਸਭ ਨੂੰ ਦੱਸਿਆ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਕਿਸੇ ਆਲਮਨਾਮੀ ਕਵੀ ਦੀ ਕਵਿਤਾ ਹੈ। ਕਿਸੇ ਨੇ ਗਲਤੀ ਨਾਲ ਗੁਰੂ ਗ੍ਰੰਥ ਵਿੱਚ ਦਰਜ ਕਰ ਦਿੱਤੀ ਹੈ, ਇਸ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਇਹਨਾਂ ਗੱਲਾਂ ਦੀ ਰਿਪੋਰਟ (ਜਮੀਮਾ) ਭਾਈ ਵੀਰ ਸਿੰਘ ਦੇ ਪ੍ਰੈਸ ਵਿੱਚ ਤਿਆਰ ਹੋਇਆ ਅਤੇ ਛਪਿਆ।
(ਹਰਨਾਮ ਸਿੰਘ ਸਕੱਤਰ, ਖਾਲਸਾ ਦੀਵਾਨ ਕਲਕੱਤਾ, ਪੰਥ ਸੇਵਕ - 13/2/1918)
16. ਫਰਵਰੀ 10-1918 ਨੂੰ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਭਾਈ ਜੋਧ ਸਿੰਘ ਜੀ ਨੇ ਆਪਣੇ ਘਰ ਅਖੰਡ ਪਾਠ ਦੇ ਭੋਗ ਪੁਆਏ। ਰਾਗਮਾਲਾ ਨਹੀਂ ਪੜ੍ਹੀ ਗਈ, ਭੋਗ ਮੁੰਦਾਵਣੀ ਤੇ ਪਾਏ ਗਏ। ਇਸੇ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਜੈਤੋ ਦੇ ਮੋਰਚੇ ਦੀ ਸਮਾਪਤੀ ਤੇ 6/8/1925 ਨੂੰ ਦਸ ਅਖੰਡਪਾਠਾਂ ਦੇ ਭੋਗ ਪਾਏ ਗਏ। ਪੰਥ ਦੇ ਮੰਨੇ ਪ੍ਰਮੰਨੇ ਵਿਦਵਾਨ ਤੇ ਲੀਡਰ ਮੌਜੂਦ ਸਨ। ਇਹਨਾਂ ਵਿੱਚ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਭੀ ਸਮਾਲ ਸਨ। ਤਦੋਂ ਭੋਗ ਮੁੰਦਾਵਣੀ ਤੇ ਹੀ ਪਾਇਆ ਗਿਆ। ਇਹੀ ਰਿਪੋਰਟ ਮੁੜ ਗੁਰਦੁਆਰਾ ਗਜਟ 1965 ਦੇ ਪੰਨਾ 119 ਤੇ ਛਪੀ।
17. ਭਾਈ ਜੋਧ ਸਿੰਘ ਦੇ ਲਿਖਤੀ ਬੇਨਤੀ ਕਰਨ ਤੇ, 7/1/1945 ਨੂੰ, ਧਾਰਮਕ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਇਕਤੱਰਤਾ ਬੁਲਾਈ ਗਈ। ਭਾਈ ਜੋਧ ਸਿੰਘ ਨੇ ਆਪਣਾ ਪਿਛਲਾ ਰਾਗਮਾਲਾ ਵਿਰੋਧੀ ਪੈਂਤੜਾ ਬਦਲਕੇ, ਰਾਗਮਾਲਾ ਨੂੰ ਗੁਰਬਾਣੀ ਮੰਨ ਲੈਣ ਤੇ ਜ਼ੋਰ ਦਿੱਤਾ। ਪਰ ਇਸ ਇਕੱਤਰਤਾ ਵਿੱਚ ਹੋਰ ਭੀ ਨਾਮੀ ਸਿੱਖ ਵਿਦਵਾਨ ਪੁੱਜੇ ਹੋਏ ਸਨ। ਇਸ ਲਈ ਭਾਈ ਜੋਧ ਸਿੰਘ ਦੀ ਕੋਈ ਪੇਸ਼ ਨਾ ਗਈ। ਇਸ ਇਕੱਠ ਵਿੱਚ 16 ਮਤੇ ਪਾਸ ਕੀਤੇ ਗਏ। ਇਸ ਵਿੱਚ ਮਤਾ ਨੰ: ਪੰਜ ਰਾਗਮਾਲਾ ਸਿਰਲੇਖ ਹੇਠ ਲਿਖਿਆ ਗਿਆ। ਮਤਾ ਪੰਜ, ਪਰਵਾਨ ਹੋਇਆ ਕਿ ਧਾਰਮਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ, ਰਾਗਮਾਲਾ ਨਹੀਂ ਪੜ੍ਹਨੀ।``
18. ਇਸ ਤੋਂ ਮਗਰੋਂ ਕੁੱਝ ਲੇਖ ਰਾਗਮਾਲਾ ਬਾਰੇ ਖਾਲਸਾ ਸਮਾਚਾਰ ਵਿੱਚ ਛਪੇ। ਜਿਨ੍ਹਾਂ ਦਾ ਸਾਰ ਇਹ ਸੀ ਕਿ ਰਾਗਮਾਲਾ ਆਲਮ ਕਵੀ ਦੀ ਆਪਣੀ ਲਿਖੀ ਹੋਈ ਨਹੀਂ ਹੈ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਰੀ ਕੀਤੀ ਹੈ। ਦੁਬਾਰਾ ਫਿਰ ਧਾਰਮਿਕ ਸਲਾਹਕਾਰ ਕਮੇਟੀ ਦਾ ਇਕੱਠ 13/5/1945 ਨੂੰ ਬੁਲਾਇਆ ਗਿਆ। ਭਾਈ ਜੋਧ ਸਿੰਘ ਰਾਗਮਾਲਾ ਦੇ ਹੱਕ ਵਿੱਚ ਬੋਲੇ। ਸਾਰਿਆਂ ਦੇ ਵਿਰੋਧ ਦਾ ਸਾਹਮਣਾ ਨਾ ਸਹਾਰਦੇ ਹੋਏ ਛਿੱਥੇ ਪੈ ਕੇ ਵਾਕ ਆਊਟ ਕਰ ਗਏ।
19. ਇਸ ਮਗਰੋਂ 27/5/45 ਨੂੰ ਫਿਰ ਹੋਈ ਇਕਤੱਰਤਾ ਵਿੱਚ ਧਾਰਮਕ ਸਲਾਹਕਾਰ ਕਮੇਟੀ ਨੇ ਸਿਰ ਤੇ ਆਣ ਢੁੱਕੀਆਂ ਸ੍ਰੋ: ਕ: ਚੋਣਾਂ ਤੇ ਅਸੈਂਬਲੀ ਚੋਣਾਂ ਦੇ ਮੱਦੇ ਨਜ਼ਰ, ‘‘ਹਾਲਾਤ ਜਿਉਂ ਦੇ ਤਿਉਂ`` (ਸਟੇਟਸ ਕੋ) ਰਹਿਣ ਬਾਰੇ ਨਿਰਣਾ ਕਰ ਲਿਆ। ਇਸ ਲਈ ਅਕਾਲ ਤਖਤ ਤੇ ਭੋਗ ਮੁੰਦਾਵਣੀ ਤੇ ਪੈਂਦੇ ਰਹੇ। ਅਕਤੂਬਰ 26-1945 ਨੂੰ ਸ੍ਰੋ: ਕਮੇਟੀ ਦਾ ਸਾਲਾਨਾ ਇਕੱਠ ਹੋਇਆ।
(ਵਿਸਥਾਰ ਲਈ ਵੇਖੋ-ਸ੍ਰੋ: ਗੁ: ਪ੍ਰ: ਕ: ਦਾ ਪੰਜਾਹ ਸਾਲਾ ਇਤਿਹਾਸ-ਅਸ਼ੋਕ, ਪੰਨਾ 228)
20. ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਕਤ, ਬਹੁਤ ਵਿਦਵਾਨ ਗੁਰਸਿੱਖ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸਨ। ਇਸੇ ਕਾਰਨ ਰਹਿਤ ਮਰਿਆਦਾ ਵਿੱਚ ਰਾਗਮਾਲਾ ਬਾਰੇ ਵੱਖਰੀ ਸਥਿਤੀ ਮੌਜੂਦ ਹੈ। ਕਿ ‘‘ਭੋਗ ਚਲਦੀ ਸਥਾਨਕ ਰੀਤੀ ਮੁਤਾਬਕ ਪਾਇਆ ਜਾਵੇ``। ਰਾਗਮਾਲਾ ਬਾਰੇ ਹਾਲੀ ਪੰਥ ਵਿੱਚ ਮਤਭੇਦ ਹੈ।``
21. ਭਾਈ ਕਾਹਨ ਸਿੰਘ ਨਾਭਾ ਤੇ ਗਿ: ਸ਼ੇਰ ਸਿੰਘ ਉੱਚ ਕੋਟੀ ਦੇ ਵਿਦਵਾਨ, ਜਦੋਂ ਚਲਾਣਾ ਕਰ ਗਏ ਤਾਂ ਰਾਗਮਾਲਾ ਦੇ ਹੱਕ ਵਿੱਚ, ਚੱਲਣ ਵਾਲਿਆਂ ਨੂੰ ਵੱਡਾ ਹੌਸਲਾ ਮਿਲ ਗਿਆ। ਭਾਈ ਜੋਧ ਸਿੰਘ ਦੀ ਬੇਨਤੀ ਤੇ ਭਾਈ ਮੋਹਨ ਸਿੰਘ ਨਾਗੋਕੇ (ਪ੍ਰਧਾਨ Sਘਫਛ ਤੇ ਜਥੇਦਾਰ ਅਕਾਲ ਤਖਤ-ਦੋਵੇਂ ਅਹੁਦੇ ਇੱਕੋ ਵਿਅਕਤੀ ਕੋਲ ਸਨ) ਨੇ 13/12/1946 ਨੂੰ ਰਾਗਮਾਲਾ ਬਾਰੇ ਵਿਚਾਰ ਕਰਨ ਲਈ ਵਿਸ਼ੇਸ਼ ਮੀਟਿੰਗ ਸੱਦ ਲਈ। ਉਦੋਂ ਤੱਕ ਰਾਗਮਾਲਾ ਮੰਡਨ ਅਤੇ ਖੰਡਨ ਦੋ ਸਭਾਵਾਂ ਬਣ ਚੁੱਕੀਆਂ ਸਨ। ਖੰਡਨ ਸਭਾ ਦੇ ਪ੍ਰਧਾਨ ਭਾਈ ਕਰਤਾਰ ਸਿੰਘ ਦਾਖਾ ਸਨ। ਤੇ ਮੰਡਨ ਸਭਾ ਦੇ ਪ੍ਰਧਾਨ ਸਨ ਸੰਤ ਨਿਸਚਲ ਸਿੰਘ। ਮੰਡਨ ਸਭਾ ਦੇ ਬੁਲਾਰੇ ਭਾਈ ਜੋਧ ਸਿੰਘ ਸਨ, ਤੇ ਖੰਡਨ ਵਾਲਿਆਂ ਦੇ ਕਰਤਾਰ ਸਿੰਘ ਦਾਖਾ ਬੁਲਾਰੇ ਸਨ। ਇਸ ਗੱਲ ਦੀ ਹੈਰਾਨੀ ਪ੍ਰਧਾਨ Sਘਫਛ ਮੋਹਣ ਸਿੰਘ ਨਾਗੋਕੇ ਨੇ ਭੀ ਪ੍ਰਗਟ ਕੀਤੀ ਕਿ ਸੱਦਾ ਪੱਤਰ ਭੇਜੇ ਜਾਣ ਦੇ ਬਾਵਜੂਦ, ਧਾਰਮਕ ਸਲਾਹਕਾਰ ਕਮੇਟੀ ਦੀ ਮੈਂਬਰ ਮੀਟਿੰਗ ਵਿੱਚ ਨਹੀਂ ਆਏ।
ਦਾਖਾ (ਕਰਤਾਰ ਸਿੰਘ) - ਜੋਧ ਸਿੰਘ ਜੀ ਤੁਹਾਡਾ ਪੱਖ ਕਿਹੜਾ ਹੈ ਖੰਡਨ ਕਿ ਮੰਡਨ ?
ਜੋਧ ਸਿੰਘ - ਮੈਂ ਇਸ ਵਕਤ ਰਾਗਮਾਲਾ ਦੇ ਹੱਕ ਵਿੱਚ ਹਾਂ।
ਦਾਖਾ - ਪਰ ਤੁਸੀਂ ਤਾਂ ਸਾਰੀ ਉਮਰ ਰਾਗਮਾਲਾ ਦੇ ਵਿਰੋਧੀ ਰਹੇ ਹੋ, ਆਪਣੇ ਘਰ ਤੁਸੀਂ ਮੁੰਦਾਵਣੀ ਤੇ ਭੋਗ ਪਾਏ ਸੀ, ਮੈਂ ਖੁਦ ਉਸ ਵਕਤ ਹਾਜ਼ਰ ਸਾਂ।
ਜੋਧ ਸਿੰਘ - ਹੁਣ ਮੈਂ ਆਪਣੀ ਰਾਏ ਬਦਲ ਲਈ ਹੈ।
ਦਾਖਾ - ਰਾਏ ਬਦਲਣ ਦਾ ਕਾਰਨ ਕੀ ਹੈ, ਅਗੋਂ ਫਿਰ ਕਦੋਂ ਰਾਏ ਬਦਲੋਗੇ ?
ਜੋਧ ਸਿੰਘ - ਕਰਤਾਰਪੁਰ ਵਾਲੀ ਬੀੜ ਵਿੱਚ ਉਸੇ ਕਲਮ ਤੋਂ ਰਾਗਮਾਲਾ ਲਿਖੀ ਹੋਈ ਹੈ ਜਿਸ ਤੋਂ ਬੀੜ ਲਿਖੀ ਹੋਈ ਹੈ। ਭਾਈ ਕਰਤਾਰ ਸਿੰਘ ਦਾਖਾ ਜੀ ਲਗਾਤਾਰ ਕਾਟਵੇਂ ਸੁਆਲ ਕਰਦੇ ਗਏ ਤੇ ਭਾਈ ਜੋਧ ਸਿੰਘ ਥਿੜਕਵੇਂ ਲਹਿਜੇ ਵਿੱਚ ਰਾਗਮਾਲਾ ਦਾ ਪੱਖ ਪੂਰਦੇ ਰਹੇ। ਦਾਖਾ ਜੀ ਵੱਲੋਂ ਸਵਾਲਾਂ ਦੀ ਬੁਛਾੜ ਜਾਰੀ ਰਹੀ ਤੇ ਦੂਜੇ ਬੰਨਿਓ ਸੰਤ ਮਹੰਤ, ਕਦੀ ਕਦੀ ਭਾਈ ਜੋਧ ਸਿੰਘ ਦੀ ਮਦਦ ਕਰਦੇ ਰਹੇ। ਇਸ ਦੇ ਨਾਲ ਹੀ ਡੇਰੇਦਾਰ ਧੂਫ, ਜੋਤ, ਨਾਰੀਅਲ ਆਦਿ ਦਾ ਮਸਲਾ ਭੀ ਵਿੱਚ ਘਸੀਟ ਲਿਆਏ। ਜੋਧ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਸਾਧਾਂ ਦੀਆਂ ਸਾਰੀਆਂ ਵਿਚਾਰਾਂ ਨਾਲ ਸਹਿਮਤ ਹੋ ? ਆਖਣ ਲਗੇ ਕਿ ਮੈਂ ਸਿਰਫ ਰਾਗਮਾਲਾ ਦੇ ਹੱਕ ਵਿੱਚ ਹਾਂ, ਇਹਨਾਂ ਦੀਆਂ ਹੋਰ ਵਿਚਾਰਾਂ ਨਾਲ ਸਹਿਮਤ ਨਹੀਂ। ਅੱਗੇ ਚੱਲਕੇ ਗਿ: ਗੁਰਦਿੱਤ ਸਿੰਘ ਨੇ ਬੋਲਦਿਆਂ ਕਿਹਾ - ਜੋ ਕੁਝ ਕਰਤਾਰਪੁਰੀ ਬੀੜ ਵਿੱਚ ਮਿਲਾਵਟ ਕਰ ਦਿੱਤੀ ਗਈ ਹੈ, ਉਸ ਬਾਰੇ ਜੋਧ ਸਿੰਘ ਜੀ, ਜਾਣਦੇ ਹੋਏ, ਅਣਜਾਣ ਬਣ ਰਹੇ ਹਨ। ਜੇ ਉਸ ਬੀੜ ਨੂੰ ਅੱਖਰ ਅੱਖਰ ਸਵੀਕਾਰ ਕਰ ਲਈਏ ਤਾਂ ‘‘ਕਰਵਤ ਭਲਾ ਨ ਕਰਵਟ ਤੇਰੀ`` ਆਸਾ ਰਾਗ ਵਿੱਚ ਕਬੀਰ ਜੀ ਦੇ 36ਵੇਂ ਸ਼ਬਦ ਤੋਂ ਪਹਿਲਾਂ 35ਵਾਂ ਪਦਾ ਪਾਇਆ ਗਿਆ ਹੈ ਉਸ ਵੱਲ ਗੌਰ ਫੁਰਮਾਉ -
ਦੇਖੋ ਲੋਗਾ ਹਰਿ ਕੀ ਸਗਾਈ। ਮਾਂ ਧਰੀ ਪੂਤ ਧੀਆ ਸੰਗ ਜਾਈ।
ਹਮ ਹੈਂ ਬਾਪ ਰਾਮ ਪੂਤ ਹਮਾਰਾ। ਮੈਂ ਬਹਿਨੋਈ ਰਾਮ ਮੇਰਾ ਸਾਲਾ।
ਅਬ ਮੇਰੇ ਰਾਮ ਕਹੇਗੀ ਬਲਈਆ। ਰਾਮ ਮੇਰੋ ਸਸੁਰ ਮੈ ਰਾਮ ਜਵਈਆ।
ਕਹੈ ਕਬੀਰ ਸੁਨੋ ਰੇ ਪੂਤਾ। ਰਾਮ ਜਪਹਿ ਤੇਈ ਨਰ ਕੂਤਾ।।35।।
ਕੀ ਇਸ ਪਦੇ ਨੂੰ ਕਬੀਰ ਦਾ ਸਵੀਕਾਰ ਕਰੋਗੇ, ਕਿਉਂਕਿ ਇਹ ਕਰਤਾਰਪੁਰੀ ਬੀੜ ਵਿੱਚ ਹੈ ?
ਇਸ ਤੋਂ ਬਾਅਦ ਹੋਰ ਸਬੂਤ ਭੀ ਦਿੱਤੇ ਗਏ, ਉਹ ਫੋਟੋਆਂ ਭੀ ਪੇਸ਼ ਕੀਤੀਆਂ ਗਈਆਂ ਜੋ ਰਾਗਮਾਲਾ ਤੋਂ ਬਗੈਰ ਬੀੜਾਂ ਤੋਂ ਲਈਆਂ ਸਨ। ਇਸ ਤੇ ਕਾਫੀ ਹੰਗਾਮਾ ਹੋਇਆ ਤੇ ਭਾਈ ਜੋਧ ਸਿੰਘ ਸਾਥੀਆਂ ਸਮੇਤ ਮੀਟਿੰਗ ਵਿੱਚੋਂ ਰੋਸ ਪ੍ਰਗਟ ਕਰਦੇ, ਬਾਹਰ ਚਲੇ ਗਏ। (ਗਿ: ਗੁਰਦਿਤ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਲਗਪਗ ਪੰਜਾਹ ਫੋਟੋਆਂ ਆਪਣੀ ਕਿਤਾਬ ਵਿੱਚ ਉਹਨਾਂ ਬੀੜਾਂ ਦੀਆਂ ਦਿੱਤੀਆਂ ਹਨ। ਜਿਨ੍ਹਾਂ ਵਿੱਚ ਰਾਗਮਾਲਾ ਨਹੀਂ ਹੈ। ਸਗੋਂ ਸਾਫ ਲਿਖਿਆ ਭੀ ਮਿਲਦਾ ਹੈ ਕਿ ਭੋਗ ਮੁੰਦਾਵਣੀ ਤੇ ਪਾਉਣਾ।)
22. ਪੁਰਾਣੇ ਸਮਿਆਂ ਵਿੱਚ ਬਹੁਤ ਸਾਰੇ ਪ੍ਰੇਮ ਪ੍ਰਸੰਗ ਲਿਖੇ ਗਏ। ਪਰਯੋਜਨ ਇੱਕੋ ਹੋਇਆ ਕਰਦਾ ਸੀ ਕਿ ਵਾਸਨਾ ਭਰਪੂਰ ਬਣਾ ਕੇ, ਰਾਜਿਆਂ ਨਵਾਬਾਂ ਦਾ ਦਿਲ ਬਹਿਲਾਇਆ ਜਾਵੇ, ਅਤੇ ਵੱਟੇ ਵਿੱਚ ਮਾਨ ਸਨਮਾਨ ਪ੍ਰਾਪਤ ਕੀਤੇ ਜਾਣ। ਅਜਿਹੇ ਕਵੀਆਂ ਦੀ ਲੰਮੀ ਫਰਿਸਤ ਪ੍ਰੋ: ਪਿਆਰਾ ਸਿੰਘ ਪਦਮ ਨੇ, ਦਸਮੇਸ਼ ਜੀ ਦੇ ‘‘ਦਰਬਾਰੀ ਕਵੀ ਵਿੱਚ ਦਿੱਤੀ ਹੋਈ ਹੈ। ਕੁੱਝ ਇੱਕ ਨਾਮ ਇਹ ਹਨ - ਨਾਇਕਾ ਭੇਦ-ਸੰਭੂ ਨਾਥ, ਸਿੰਗਾਰ ਮੰਜਾਰੀ-ਚਿੰਤਾਮਣੀ, ਰਲ ਕਲੋਲ-ਤੁਲਸੀ ਦਾਸ, ਸਿੰਗਾਰ ਰਸ ਮਾਧੁਰੀ-ਕ੍ਰਿਸਣ ਭੱਟ, ਸਿੰਗਾਰ ਰਸ ਦਰਪਣ-ਆਜਮ, ਸਿੰਗਾਰ ਬਿਲਾਸ-ਸੋਮ ਨਾਥ ਆਦਿ। ਇਹ ਕਵੀ ਆਲਮ ਵੱਲੋਂ ਲਿਖੀ ਮਾਧਵਾ ਨਲ ਅਤੇ ਕਾਮ ਕੰਦਲਾ ਪਾਤਰ ਪੇਸ਼ ਕਰਕੇ ਕਾਮੁਕਤਾ ਪ੍ਰਭਾਵੀ ਕਵਿਤਾ ਹੈ।
‘‘ਰਾਗਮਾਲਾ`` - ਇਸ ਪੁਸਤਕ ਦੇ 353 ਛੰਦ ਹਨ। ਜੋ ਹਿੱਸਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਉਹ 63ਵੇਂ ਛੰਦ ਤੋਂ ਲੈ ਕੇ 72 ਛੰਦ ਤੱਕ ਹੈ। (ਮੈਕਾਲਫ)
ਕਾਮ ਕੰਦਲਾ ਮਾਧਵਾਨ ਕਹਾਣੀ ਦਾ ਸੰਖੇਪ ਸਾਰ -
23. ਕਵੀ ਆਲਮ ਨੇ ਇੱਕ ਬ੍ਰਾਹਮਣ ਪਾਤਰ-ਮਾਧਵਾ ਨਲ-ਦਾ ਅਜਿਹਾ ਦਿਲਕਸ਼ ਚਿੱਤਰ ਉਲੀਕਿਆ ਹੈ ਕਿ ਉਹ ਜਦੋਂ ਮਧੁਰ ਸੁਰਾਂ ਵਿੱਚ ਬੰਸਰੀ ਬਜਾਉਂਦਾ ਸੀ ਤਾਂ ਸ਼ਹਿਰ ਦੀਆਂ ਇਸਤਰੀਆਂ ਭਾਂਡੇ ਸੁੱਟ ਕੇ ਬਾਹਰ ਗਲੀਆਂ ਵਿੱਚ ਆ ਕੇ, ਉਸ ਦੁਆਲੇ ਝੁਰਮਟ ਪਾ ਲੈਂਦੀਆਂ ਸਨ। ਸ਼ਕਾਇਤ ਹੋਣ ਤੇ ਮਾਧਵ ਨੂੰ ਰਾਜੇ ਨੇ ਰਾਜ ਵਿੱਚੋਂ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ। ਅੱਗੇ ਜਾਂਦਾ ਹੋਇਆ ਉਹ ਕਾਮਸੈਨ ਨਗਰ ਦੇ ਦਰਵਾਜ਼ੇ ਅੱਗੋਂ ਦੀ ਲੰਘਿਆ। ਅੰਦਰ ਦੇ ਨਿਰਤ ਨਾਟ ਛਣਕਾਟੇ ਨੇ ਉਸ ਨੂੰ ਖਿੱਚ ਪਾਈ। ਮਾਧਵ ਨੇ ਅੰਦਰ ਜਾਣਾ ਚਾਹਿਆ, ਤੇ ਸੰਤਰੀ ਨੇ ਕਿਹਾ - ਅੰਦਰ ਵੱਡੇ ਗੁਣੀ ਲੋਕ ਬੈਠੇ ਹਨ, ਤੇਰੇ ਵਰਗੇ ਮਾਮੂਲੀ ਮਨੁੱਖ ਦਾ ਉਥੇ ਕੀ ਕੰਮ ? ਤਾਂ ਮਾਧਵ ਨੇ ਕਿਹਾ, ਨਹੀਂ ਅੰਦਰ ਮੂਰਖਾਂ ਦੀ ਸਭਾ ਹੈ, ਇਹਨਾਂ ਨੂੰ ਰਾਗ ਤਾਲ ਦੀ ਕੋਈ ਸੋਝੀ ਨਹੀਂ। ਕਿਉਂਕਿ ਤਬਲਾ ਵਾਦਕ ਦਾ ਅੰਗੂਠਾ ਮੋਮ ਦਾ ਹੈ। ਦਰਬਾਨ ਨੇ ਰਾਜੇ ਨੂੰ ਦੱਸਿਆ, ਗੱਲ ਸੱਚ ਨਿਕਲੀ। ਮਾਧਵ ਨੂੰ ਅੰਦਰ ਸੱਦ ਕੇ, ਆਪਣੇ ਕੋਲ ਬਿਠਾ ਲਿਆ। ਮਾਧਵ ਨੂੰ ਮਹਾਨ ਸੰਗੀਤਕਾਰ ਜਾਣ ਕੇ ਨਰਤਕੀ ਕਾਮਕੰਦਲਾ ਨੇ ਆਪਣੀ ਸਾਰੀ ਕਲਾ ਦਾਅ ਤੇ ਲਾ ਦਿੱਤੀ। ਉਸਨੇ ਆਪਣੀ ਛਾਤੀ ਤੇ ਸੁਗੰਧੀ ਲਾਈ, ਇੱਕ ਘੜਾ ਸਿਰ ਉੱਤੇ ਰੱਖਿਆ, ਤੇ ਸ਼ਾਨ ਨਾਲ ਨੱਚਣ ਲੱਗੀ। ਇੱਕ ਭੌਰਾ ਸੁਗੰਧਤ ਛਾਤੀ ਤੇ ਆਣ ਬੈਠਾ, ਜੇ ਉਡਾਉਂਦੀ ਹੈ ਤਾਂ ਤਾਲ ਵਿੱਚ ਵਿਘਨ ਪੈਂਦਾ ਹੈ, ਸਿਰ ਤੋਂ ਘੜਾ ਡਿਗਦਾ ਹੈ। (ਆਲਮ ਕਵੀ ਨੇ ਕਲਪਣਾ ਦੇ ਘੋੜੇ ਦੌੜਾਏ) ਕਾਮਕੰਦਲਾ ਨੇ ਆਪਣੇ ਸੁਆਸ ਰੋਕੇ, ਇੱਕ ਖਾਸ ਵਿਧੀ ਵਰਤਕੇ, ਫਰਾਟੇ ਨਾਲ ਆਪਣੀ ਛਾਤੀ ਵਿੱਚੋਂ ਹਵਾ ਕੱਢੀ, ਤੇ ਭੌਰਾ ਉਡਾ ਦਿੱਤਾ। ਮਾਧਵ ਨੂੰ ਅੰਦਰ ਆਉਣ ਵਕਤ ਰਾਜੇ ਨੇ ਜੋ ਕੀਮਤੀ ਹਾਰ ਦਿੱਤਾ ਸੀ। ਉਹ ਨਰਤਕੀ ਦੀ ਕਲਾ ਤੇ ਮੋਹਿਤ ਹੋਕੇ ਉਸ ਦੇ ਗਲ ਵਿੱਚ ਪਾ ਦਿੱਤਾ। ਕਿਉਂਕਿ ਸਭਾ ਵਿੱਚ ਹੋਰ ਕਿਸੇ ਨੂੰ ਕਾਮਕੰਦਲਾ ਦੀ ਇਸ ਨਵੇਕਲੀ ਅਦਾ ਦੀ ਸਮਝ ਨਹੀਂ ਪਈ। ਇਸ ਲਈ ਰਾਜਾ ਮਾਧਵ ਨਾਲ ਗੁੱਸੇ ਹੋ ਗਿਆ। ਮਾਧਵ ਨਾਲ ਕਾਮ ਕੰਦਲਾ ਦਾ ਪਿਆਰ ਹੋਣ ਤੇ ਹੋਰ ਨਾਰਾਜ਼ਗੀ ਵਧ ਗਈ। ਇਸ ਲਈ ਇਥੋਂ ਭੀ ਮਾਧਵ ਨੂੰ ਦੇਸ਼ ਨਿਕਾਲਾ ਮਿਲ ਗਿਆ। ਬ੍ਰਾਹਮਣ ਹੋਣ ਕਰਕੇ ਕੋਈ ਮਾਰ ਨਹੀਂ ਸਕਦਾ ਸੀ। ਉਹ ਵਿਕਰਮਾਜੀਤ ਰਾਜੇ ਦੇ ਰਾਜ ਵਿੱਚ ਜਾਂ ਪਹੁੰਚਿਆ। ਪਤਾ ਕੀਤਾ, ਜਿਸ ਮੰਦਰ ਵਿੱਚ ਰਾਜਾ ਪੂਜਾ ਕਰਨ ਆਉਂਦਾ ਸੀ ਉਥੇ ਕੰਧ ਤੇ ਦੋਹਾ ਲਿਖ ਦਿੱਤਾ। ‘‘ਕਹਾ ਕਰੂੰ ਕਤ ਜਾਊਂ ਰਾਮ ਰਾਜ ਨਾ ਆਹਿ। ਤ੍ਰਿਆ ਸੰਤਾਪ ਵਿਜੋਗ ਦੁਖ ਰਾਘੋ ਜਾਨਤ ਨਾਹਿ।`` ਰਾਜੇ ਨੇ ਮਾਧਵ ਨੂੰ ਸੱਦਿਆ ਵਿਥਿਆ ਸੁਣੀ। ਆਪਣੇ ਬੰਦੇ ਕਾਮ ਕੰਦਲਾ ਕੋਲ ਭੇਜੇ। ਪਰ ਪਤਾ ਲੱਗਾ ਕਿ ਉਹ ਤਾਂ ਉਦੋਂ ਤੋਂ ਹੀ ਬੇਹੋਸ਼ ਪਈ ਹੈ, ਜਦੋਂ ਤੋਂ ਮਾਧਵ ਵਿਛੜਿਆ ਹੈ। ਰਾਜੇ ਨੇ ਮੂਰਛਿਤ ਕਾਮ ਕੰਦਲਾ ਦੀ ਛਾਤੀ ਤੇ ਪੈਰ ਰੱਖਕੇ ਪਰਖਣਾ ਚਾਹਿਆ ਜੀਵਤ ਹੈ ਕਿ ਮਰ ਗਈ। ਨਰਤਕੀ ਨੇ ਬੇਹੋਸ਼ੀ ਵਿੱਚੋਂ ਹੀ ਕਿਹਾ, ‘‘ਰਾਜਾ ਛਾਤੀ ਤੇ ਪੈਰ ਨਾ ਰੱਖ, ਇਥੇ ਇੱਕ ਬ੍ਰਾਹਮਣ ਦਾ ਨਿਵਾਸ ਹੈ, ਉਸਦੀ ਬੇਪਤੀ ਹੋਵੇਗੀ ਤੈਨੂੰ ਪਾਪ ਲੱਗੇਗਾ।`` ਇਤਨੇ ਵਿੱਚ ਦੋਵਾਂ ਫੌਜਾਂ ਦਾ ਘੋਰ ਜੁੱਧ ਹੋਇਆ, ਬੇਅੰਤ ਸਿਪਾਹੀ ਮਰੇ। ਜਦੋਂ ਮਾਧਵ ਨੂੰ ਦੱਸਿਆ ਕਿ ਤੇਰੀ ਪ੍ਰੇਮਿਕਾ ਤਾਂ ਬੇਹੋਸ਼ ਪਈ ਹੈ, ਤਾਂ ਉਹ ਭੀ ਗਸ਼ ਖਾ ਕੇ ਡਿੱਗ ਪਿਆ, ਬੇਹੋਸ਼ ਹੋ ਗਿਆ। ਫਿਰ ਪਰੀ ਕਹਾਣੀਆਂ ਵਾਂਗ ਸੁਰਗ ਵਿੱਚੋਂ ਇੱਕ ਦੇਵਤਾ ਅੰਮ੍ਰਿਤ ਲੈ ਕੇ ਆਇਆ। ਸੱਚੇ ਪ੍ਰੇਮੀ ਜਾਣਕੇ ਦੋਵਾਂ ਨੂੰ ਜੀਵਤ ਕੀਤਾ। ਬਿਕਰਮਾਜੀਤ ਰਾਜਾ ਇਹਨਾਂ ਨੂੰ ਆਪਣੇ ਨਾਲ ਲੈ ਗਿਆ, ਇੱਕ ਸੁੰਦਰ ਮਹਿਲ ਬਣਵਾਕੇ ਦਿੱਤਾ, ਇਹਨਾਂ ਬਾਕੀ ਜ਼ਿੰਦਗੀ ਖੁਸ਼ੀਆਂ ਭਰੀ ਗੁਜਾਰੀ। ਕਵੀ ਆਲਮ ਇਸਦਾ ਅਖੀਰ ਵਿੱਚ ਮਹਾਤਮ ਭੀ ਦਸਦਾ ਹੈ -
ਕਾਮੀ ਰਸਿਕ ਪੁਰਖ ਜੋ ਸੁਨਹੀ। ਤੋਂ ਯਹਿ ਕਥਾ ਰੈਨ ਦਿਨ ਸੁਨਹੀ।
ਇਹ ਕਹਾਣੀ ਦਸਮ ਗ੍ਰੰਥ ਦੇ ਚ੍ਰਿਤਰੋ ਪਾਖਿਆਨ ਵਿੱਚ 91 ਚਿੱਤਰ ਵਿੱਚ ਭੀ ਮਿਲਦੀ ਹੈ। ਉਥੇ ਉਹ ਅਲੱਗ ਰੰਗ ਬਖੇਰਦੀ ਹੈ।
24. ਬਹੁਤ ਸਾਰੀਆਂ ਬੀੜਾਂ ਦੇ ਚਿੱਤਰ ਇਸ ਪੁਸਤਕ ਵਿੱਚ ਗਿ: ਗੁਰਦਿੱਤ ਸਿੰਘ ਜੀ ਨੇ ਮਿਹਨਤ ਨਾਲ ਸ਼ਾਮਲ ਕੀਤੇ ਹਨ। ਕੁੱਝ ਪੁਰਾਤਨ ਬੀੜਾਂ ਵਿੱਚ ਇਹ ਸੂਚਨਾ ਭੀ ਨਾਲ ਹੀ ਦਿੱਤੀ ਹੋਈ ਮਿਲਦੀ ਹੈ -
‘‘ਏਹ ਭੋਗ ਸ੍ਰੀ ਆਦ ਗ੍ਰੰਥ ਜੀ ਹੈ``, ਰਾਗ ਮਾਲਾ ਇਸ ਸੂਚਨਾ ਤੋਂ ਬਾਅਦ ਕਿਸੇ ਲਿਖ ਦਿੱਤੀ।
ਚੀਫ ਖਾਲਸਾ ਦੀਵਾਨ ਤੇ ਹੋਰ ਵਿਦਵਾਨ ਗੁਰਸਿੱਖ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸੀ। ਸਿਰਫ ਡੇਰੇਦਾਰ ਸਾਧ ਲਾਣਾ ਤੇ ਉਹਨਾਂ ਦੇ ਚੇਲੇ ਹੀ ਹਿੱਕ ਦੇ ਤਾਣ ਇਸ ਨੂੰ ਗੁਰਬਾਣੀ ਗਰਦਾਨਦੇ ਰਹੇ। ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ - ਏਸ ਵਿੱਚ ਕਿਸੇ ਮਹਲੇ ਦਾ ਨਾਮ ਨਹੀਂ ਹੈ।
ਨਾਨਕ ਨਾਮ ਮੋਹਰ ਛਾਪ ਨਹੀਂ ਹੈ।
ਗੁਰੂ ਗ੍ਰੰਥ ਦੀ ਕਾਵਿਕ ਸ਼ੈਲੀ ਨਾਲ ਇਹ ਮੇਲ ਨਹੀਂ ਖਾਂਦੀ।
ਗੁਰੂ ਗ੍ਰੰਥ ਜੀ ਦੇ ਸਾਰੇ ਰਾਗ ਇਸ ਵਿੱਚ ਨਹੀਂ, ਇਸ ਵਿਚਲੇ ਰਾਗ ਗੁਰੂ ਗ੍ਰੰਥ ਵਿੱਚ ਨਹੀਂ ਹਨ।
ਈਸ਼ਵਰ ਦੇ ਨਾਮ ਦੀ, ਗੁਰਾਂ ਦੀ ਮਹਿਮਾਂ ਦੀ ਜਾਂ ਸਤਸੰਗ ਦੀ ਇਸ ਵਿੱਚ ਮਹਿਮਾਂ ਨਹੀਂ ਹੈ।
ਇਸ ਵਿੱਚ ਕੋਈ ਭੀ ਉਪਦੇਸ਼ ਨਹੀਂ ਹੈ। ਕੇਵਲ ਰਾਗ ਰਾਗਣੀਆਂ ਦੇ ਨਾਮ ਹਨ।
ਮਾਧਵਨਲ ਨੇ ਪੋਥੀ ਸਾਹਿਬ ਦੀ ਸੰਪਾਦਨਾ ਤੋਂ ਇੱਕੀ ਵਰ੍ਹੇ ਪਹਿਲਾਂ ਰਾਗਮਾਲਾ ਲਿਖੀ ਸੀ, ਇਸਨੂੰ ਅਕਾਲ ਤਖਤ ਵੱਲੋਂ ਅੱਜ ਤੱਕ ਭੀ ਪ੍ਰਵਾਨ ਨਹੀਂ ਕੀਤਾ ਗਿਆ। ਸਿੱਖ ਰਹਿਤ ਮਰਿਆਦਾ ਵਿੱਚ ਅਜੇ ਭੀ ਮੱਤਭੇਦ ਚੱਲਿਆ ਆ ਰਿਹਾ ਹੈ। ਸੋ ਇਸ ਨੂੰ ਤੁਰੰਤ ਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। (283)
(ਇਹ ਪੇਪਰ 25/7/04 ਨੂੰ ਖਾਲਸਾ ਪੰਚਾਇਤ ਦੇ ਕਨਵੀਨਰ ਸ੍ਰ: ਰਾਜਿੰਦਰ ਸਿੰਘ ਵੱਲੋਂ, ਚੰਡੀਗੜ੍ਹ ਵਿੱਚ ਬੁਲਾਈ ਗਈ ਵਿਚਾਰ ਗੋਸ਼ਟੀ ਲਈ ਤਿਆਰ ਕੀਤਾ ਗਿਆ ਸੀ। ਅਣਸੁਖਾਵੇਂ ਕਾਰਨਾਂ ਕਰਕੇ ਇਹ ਵਿਚਾਰ ਗੋਸ਼ਟੀ ਮੁਲਤਵੀ ਕਰਨੀ ਪਈ। ਗਿਆਨੀ ਗੁਰਦਿੱਤ ਸਿੰਘ ਵੱਲੋਂ ‘‘ਮੁੰਦਾਵਣੀ`` ਨਾਮ ਦੀ ਲਿਖੀ ਪੁਸਤਕ ਬਾਰੇ ਇਹ ਗੋਸ਼ਟੀ ਹੋਣੀ ਸੀ।
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।। ਸਤਿਗੁਰ ਭੇਟੇ ਮੋਖ ਦੁਆਰ।।
ਤਤੁ ਨ ਚੀਨੈ ਮਨਮੁਖੁ ਜਲਿ ਜਾਇ।। ਦੁਰਮਤਿ ਵਿਛੁੜਿ ਚੋਟਾਂ ਖਾਇ।।
ਮਾਨੈ ਹੁਕਮੁ ਸਭੇ ਗੁਣ ਗਿਆਨੁ।। ਨਾਨਕ ਦਰਗਹ ਪਾਵੈ ਮਾਨੁ।। (944)
