ਧਰਮ ਵਿਦਿਆ ਜਰੂਰੀ ਕਿਉਂ ?
ਇਹ ਸਵਾਲ ਬਹੁਤ ਵਾਰ ਉਠਾਇਆ ਜਾਂਦਾ ਹੈ ਕਿ ਇਨਸਾਨ ਲਈ ਧਰਮ (ਧਰਮ ਦਾ ਗਿਆਨ) ਕਿਉਂ ਜ਼ਰੂਰੀ ਹੈ। ਇਸ ਜ਼ਰੂਰੀ ਸਵਾਲ ਨੂੰ ਕਈ ਵਾਰ ‘ਢੁੱਚਰ ਜਾਂ ਹੁੱਜਤ` ਆਖ ਕੇ ਟਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਿ ਸਰਾਸਰ ਗਲਤ ਹੈ। ਜੇ ਖੁਦ ਨੂੰ ਪਤਾ ਨਾ ਹੋਵੇ ਤਾਂ ਸਪੱਸ਼ਟ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਸ ਡੂੰਘੇ ਸਵਾਲ ਦਾ ਜੁਆਬ ਦੇਣ ਤੋਂ ਅਸਮਰੱਥ ਹਾਂ। ਜਿਵੇਂ ਮੌਸਮ ਮੁਤਾਬਕ ਕੱਪੜੇ ਪਾਈਦੇ ਹਨ। ਜਿਵੇਂ ਕੰਮ ਦੀ ਕਿਸਮ ਅਨੁਸਾਰ ਪਹਿਰਾਵਾ ਪਹਿਨੀਦਾ ਹੈ। ਜਿਵੇਂ ਦੇਸ-ਕਾਲ-ਸਭਿਅਤਾ ਮੁਤਾਬਕ ਪਹਿਰਾਵੇ ਦੀ ਜ਼ਰੂਰਤ ਪੈਂਦੀ ਹੈ। ਦੂਜੇ ਨੰਬਰ `ਤੇ ਅਸੀਂ ਸਰੀਰ ਨੂੰ ਚਲਦਾ ਰੱਖਣ ਲਈ ਪੌਸ਼ਟਿਕ ਆਹਾਰ ਕਰਦੇ ਹਾਂ। ਖਾਣਾ ਪਹਿਨਣਾ ਸਰੀਰ ਦੀ ਲੋੜ ਹੈ। ਇਹ ਲੋੜ ਸਮੇਂ-ਸਮੇਂ ਬਦਲਦੀ ਰਹਿੰਦੀ ਹੈ। ਇਸੇ ਤਰ੍ਹਾਂ ਮਨ ਜਾਂ ਆਤਮਾ ਦੀਆਂ ਆਪਣੀਆਂ ਕੁਝ ਲੋੜਾਂ ਹਨ। ਦੁਨਿਆਵੀਂ ਤੌਰ ਤੇ ਕਾਮਯਾਬੀ ਪ੍ਰਾਪਤ ਕਰਨ ਲਈ ਲੰਮੇ ਸਮੇਂ ਤੱਕ ਵਿਦਿਆ ਪੜ੍ਹਨੀ ਪੈਂਦੀ ਹੈ। ਜ਼ਿੰਦਗੀ ਦੇ ਅਨੇਕਾਂ ਹੋਰ ਤਜਰਬੇ ਹਾਸਲ ਕਰਨੇ ਪੈਂਦੇ ਹਨ। ਇਹ ਸਾਰੇ ਕੰਮ ਕਰਦਿਆਂ ਮਾਤਾ ਪਿਤਾ ਬੱਚਿਆ ਦੀ ਧਰਮ ਵਿਦਿਆ ਵਲੋਂ ਅਵੇਸਲੇ ਹੋ ਜਾਂਦੇ ਹਨ। ਹਰ ਕਾਰਜ ਦਾ ਜੇ ਠੀਕ ਸਮਾਂ ਨਿਸ਼ਚਿਤ ਨਾ ਕੀਤਾ ਜਾਵੇ ਤਾਂ ਹੱਥ ਪੱਲੇ ਕਾਮਯਾਬੀ ਨਹੀਂ ਲਗੇਗੀ। ਸੁਲਝੇ ਹੋਏ ਗੁਣਾਂ ਨਾਲ ਭਰਪੂਰ, ਮਿਠਬੋਲੜੇ ਪਰਉਪਕਾਰੀ, ਗੁਰਮੁਖੀ ਸੂਰਤ ਅਤੇ ਸੀਰਤ ਵਾਲੇ ਇਨਸਾਨ ਬਨਾਉਣ ਵਿੱਚ ਧਰਮ ਵਿਦਿਆ ਦਾ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ। ਇੱਕ ਤਾ ਆਮ ਸਿੱਖ ਮਾਤਾ ਪਿਤਾ, ਧਰਮ ਤੋਂ ਖੁਦ ਅਣਜਾਣ ਹਨ। ਉਨ੍ਹਾਂ ਦੇ ਭਾਣੇ ਥੋੜ੍ਹੀ ਜਿੰਨੀ ਕਦੀ-ਕਦੀ (ਬਿਨਾਂ ਸਮਝੇ ਹੀ) ਗੁਰਬਾਣੀ ਪੜ੍ਹ ਲਈ, ਕਦੀ ਸਮਾਂ ਲੱਗਿਆ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਦੇਗ ਕਰਾਈ, ਲੰਗਰ ਛਕਿਆ ਤੇ ਵਾਪਸ ਆ ਗਏ, ਹੋ ਗਿਆ ਧਰਮ ਪੂਰਾ। ਕਿਸੇ ਵਿਆਹ ਸ਼ਾਦੀ ਜਾਂ ਹੋਰ ਦੁੱਖ ਸੁੱਖ ਦੇ ਸਮੇਂ ਪਾਠ ਕਰਵਾ ਦਿੱਤਾ। ਕੁਝ ਸਮਾਂ ਕੀਰਤਨ ਹੋ ਗਿਆ। ਅਰਦਾਸ, ਹੁਕਮਨਾਮਾ, ਲੰਗਰ ਤੇ ਸਮਾਪਤੀ, ਬੱਸ ਹੋ ਗਿਆ ਧਰਮ ਚੱਕਰ ਪੂਰਾ। ਇਸ ਸਾਰੇ ਵਰਤਾਰੇ ਨੂੰ ਸ਼ਰਧਾ ਦਾ ਇੱਕ ਹਿੱਸਾ ਤਾਂ ਮੰਨਿਆ ਜਾ ਸਕਦਾ ਹੈ ਪਰ ਇਹ ਧਰਮ ਕਦਾਚਿਤ ਨਹੀਂ ਹੈ। ਮਾਤਾ ਪਿਤਾ ਕੇਵਲ ਸ਼ਰਧਾਵਾਨ ਹਨ ਪਰ ਉਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੈ। ਨੌਜਵਾਨ ਤਬਕਾ (ਬੱਚੇ) ਗਿਆਨਵਾਨ ਹਨ ਪਰ ਧਰਮ ਪੱਖੋਂ ਸੱਖਣੇ ਹਨ। ਉਨ੍ਹਾਂ ਨੂੰ ਧਰਮ ਦਾ ਗਿਆਨ ਨਹੀਂ ਹੈ, ਸੰਸਾਰੀ ਗਿਆਨ ਹੈ ਤੇ ਸ਼ਰਧਾ ਵੀ ਨਾਂਹ ਦੇ ਬਰਾਬਰ ਹੈ। ਸਾਡਾ ਆਮ ਧਰਮ ਪ੍ਰਚਾਰਕ ਅੰਗਰੇਜ਼ੀ ਆਦਿ ਵਿੱਚ ਗੁਰਮਤਿ ਦੀ ਵਿਆਖਿਆ ਕਰਨੋ ਅਸਮਰੱਥ ਹੈ। ਜੇ ਉਹ ਪੰਜਾਬੀ ਵਿੱਚ ਕੁਝ ਵਿਖਿਆਨ ਕਰਦਾ ਵੀ ਹੈ ਤਾਂ ਕਿਸੇ ਲੜੀਵਾਰ ਤਰਤੀਬ ਵਿੱਚ ਨਹੀਂ। ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ, ‘ਸਿੱਖ ਰਹਿਤ ਮਰਿਯਾਦਾ` ਦੇ ਦਾਇਰੇ ਵਿੱਚ ਰਹਿ ਕੇ, ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸਗੋਂ ਅਨੇਕ ਪ੍ਰਕਾਰ ਦੀ ਡੇਰੇਦਾਰੀ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਆਪੋ-ਆਪਣੇ ਸੰਤਾਂ ਦੀ ਮਰਿਆਦਾ ਹੈ, ਉਨ੍ਹਾਂ ਦੀਆਂ ਬਰਸੀਆਂ, ਉਨ੍ਹਾਂ ਦੀਆਂ ਨਿੱਜੀ ਕਿਸਮ ਦੀਆਂ ਕਹਾਣੀਆਂ ਨੂੰ ਹੀ ਗੁਰਮਤਿ ਮੰਨਣ ਦੀ ਜਿੱਦ ਪੁਗਾਈ ਜਾ ਰਹੀ ਹੈ। ਬਹੁਗਿਣਤੀ ਪ੍ਰਬੰਧਕਾਂ ਨੂੰ ਧਰਮ ਦਾ ਕੋਈ ਗਿਆਨ ਨਹੀਂ ਤੇ ਬਹੁਤਿਆਂ ਨੂੰ ਧਰਮ ਨਾਲ ਪਿਆਰ ਵੀ ਕੋਈ ਨਹੀਂ। ਗੁਰੂ ਦੀ ਗੋਲਕ ਨੂੰ ਨਕੋ ਨੱਕ ਕਿਵੇਂ ਭਰਨਾ ਹੈ, ਬੱਸ ਇਹੀ ਇੱਕ ਟੀਚਾ ਮੁੱਖ ਹੈ। ਨਵੀਂ ਇਮਾਰਤ, ਲੰਗਰ, ਸ਼ਹੀਦੀ ਫੰਡ, ਪੰਜਾਬ ਵਿੱਚ (ਜਾਂ ਕਿਤੇ ਵੀ) ਚੱਲ ਰਹੇ ਸਕੂਲ, ਕਾਲਜ, ਹਸਪਤਾਲਾਂ ਦੇ ਨਾਵਾਂ ਤੇ ਅਥਾਹ ਧਨ ਇਕੱਠਾ ਕੀਤਾ ਗਿਆ ਹੈ ਪਰ ਬਹੁਤ ਪੈਸਾ ਸਹੀ ਥਾਵਾਂ ਤੇ ਨਹੀਂ ਪੁੱਜਿਆ। ਬਦੇਸਾਂ ਵਿੱਚ ਗੁਰਦੁਆਰਾ ਕਮੇਟੀਆਂ ਦੇ ਮੁਖੀ ਪੰਥ ਦੀ ਚੜ੍ਹਦੀਕਲਾ ਵਾਸਤੇ ਕੋਈ ਸਾਂਝਾ ਸਾਰਥਕ ਕਦਮ ਨਹੀਂ ਚੁੱਕ ਸਕੇ। ਨਿਜੀ ਸੁਖ ਸਹੂਲਤਾਂ ਭਾਵੇਂ ਕਈਆਂ ਨੇ ਗੁਰੂ ਘਰਾਂ ਦੀ ਸਹਾਇਤਾ ਨਾਲ ਪ੍ਰਾਪਤ ਕਰ ਲਈਆਂ ਹੋਣ। ਇਧਰ ਪੜ੍ਹੀ ਤੇ ਪ੍ਰਵਾਨ ਚੜ੍ਹੀ ਸਿੱਖ ਪਨੀਰੀ ਉਪਰ ਵਰਣਤ ਕੰਮਾਂ ਤੋਂ ਕਦਾਚਿਤ ਸੰਤੁਸ਼ਟ ਨਹੀਂ ਹੈ। ਜਦੋਂ ਕਦੀ ਇਨ੍ਹਾਂ ਬੱਚਿਆਂ-ਜਵਾਨਾਂ ਨੂੰ ਪੁੱਛ ਲਈਦਾ ਹੈ ਕਿ ਤੁਹਾਨੂੰ ਗੁਰਦੁਆਰੇ ਸਭ ਤੋਂ ਵਧੀਆ ਕਿਹੜੀ ਗੱਲ ਲਗਦੀ ਹੈ ਤਾਂ ਜਵਾਬ ਹੁੰਦਾ ਹੈ ‘ਜੀ ਲੰਗਰ` ਕਿਉਂਕਿ ਕੀਰਤਨ ਜਾਂ ਕਥਾ ਪਾਠ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ। ਸਕੂਲ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੱਕ ਹਰ ਜਮਾਤ ਦਾ ਵਿਸ਼ਾ ਅਲੱਗ ਹੁੰਦਾ ਹੈ, ਮਾਸਟਰ ਅਲੱਗ ਹੁੰਦਾ ਹੈ। ਹਰ ਬੱਚੇ ਦੀ ਦਿਲਚਸਪੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਲਗਭਗ ਸਾਰੇ ਗੁਰਦੁਆਰਿਆਂ ਵਿੱਚ ਨਵ ਜਨਮੇ ਬੱਚੇ ਤੋਂ ਲੈ ਕੇ ਸੌ ਸਾਲ ਦੇ ਬਜ਼ੁਰਗ ਤੱਕ ਸਾਰਿਆਂ ਦਾ ਪਾਠ-ਕਰਮ ਇਕੋ ਹੀ ਹੁੰਦਾ ਹੈ। ਇਨ੍ਹਾਂ ਸਾਰਿਆਂ ਦਾ ਜਦੋਂ ਮਾਨਸਿਕ ਪੱਧਰ ਇਕੋ ਜਿਹਾ ਨਹੀਂ ਤਾਂ ਸਲੇਬਸ ਇਕੋ ਜਿਹਾ ਕਿਵੇਂ ਕੀਤਾ ਜਾ ਸਕਦਾ ਹੈ? ਨਵ ਜਨਮੇ ਬੱਚੇ ਨੂੰ ਲੈ ਕੇ ਪਤੀ ਪਤਨੀ ਡਾਕਟਰ ਕੋਲ ਪੁੱਛਣ ਚਲੇ ਗਏ - ‘ਜੀ ਅਸੀਂ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਕਿਸ ਉਮਰ ਤੋਂ ਸ਼ੁਰੂ ਕਰੀਏ? ` ‘ਜਨਮ ਤੋਂ ਇੱਕ ਸਾਲ ਪਹਿਲਾਂ।` ਡਾਕਟਰ ਦਾ ਜੁਆਬ ਸੀ। ਭਾਵ ਕਿ ਜੋ ਕੁਝ ਬੱਚੇ ਨੂੰ ਸਿਖਾਉਣਾ ਪੜ੍ਹਾਉਣਾ ਚਾਹੁੰਦੇ ਹੋ, ਇੱਕ ਸਾਲ ਪਹਿਲਾਂ ਖੁਦ ਪੜ੍ਹੋ, ਤਿਆਰੀ ਕਰੋ, ਫਿਰ ਬੱਚੇ ਨੂੰ ਪੜ੍ਹਾ ਸਕੋਗੇ। ਸਮੇਂ ਸਿਰ ਦਿੱਤੀ ਸਹੀ ਸਿੱਖਆ ਦੁਆਰਾ ਹਾਥੀ ਘੋੜੇ ਸ਼ੇਰ ਆਦਿ ਵੀ ਉਤਮ ਦਰਜੇ ਦੇ ਕਰਤੱਵ ਵਿਖਾਉਣ ਜੋਗ ਹੋ ਜਾਂਦੇ ਹਨ। ਸਰਕਸ ਵਿੱਚ ਸਾਰਿਆਂ ਵੇਖਿਆ ਹੈ ਕਿ ਇੱਕ ਸਿਆਣਾ ਰਿੰਗ ਮਾਸਟਰ ਕਿਵੇਂ ਖਤਰਨਾਕ ਜਾਨਵਰਾਂ ਤੋਂ ਵੀ ਬੰਦਿਆਂ ਵਰਗੇ ਕੰਮ ਕਰਵਾ ਲੈਂਦਾ ਹੈ। ਫਿਰ ਚੰਗੇ ਉਸਤਾਦ ਸਾਡੇ ਨੌਜਵਾਨਾਂ ਤੋਂ ਚੰਗੇ ਕੰਮ ਕਿਉਂ ਨਹੀਂ ਕਰਵਾ ਸਕਦੇ? ਨੌਜਵਾਨਾਂ ਵਿੱਚ ਠਾਠਾਂ ਮਾਰਦਾ ਅਥਾਹ ਜੋਸ਼ ਅਤੇ ਅੰਨੀ ਤਾਕਤ ਹੁੰਦੀ ਹੈ। ਜੇ ਉਸ ਸ਼ਕਤੀ ਨੂੰ ਸਹੀ ਮੋੜ ਨਾ ਦਿੱਤਾ ਜਾਵੇ ਤਾਂ ਓਹੀ ਤਾਕਤ ਕੁਰਾਹੇ ਪੈ ਕੇ ਬਰਬਾਦੀ ਦਾ ਕਾਰਨ ਵੀ ਬਣ ਜਾਇਆ ਕਰਦੀ ਹੈ। ਬਰਸਾਤ ਦਾ ਪਾਣੀ ਹੜ੍ਹ ਦਾ ਰੂਪ ਧਾਰ ਕੇ ਤਬਾਹੀ ਮਚਾ ਦਿਆ ਕਰਦਾ ਹੈ। ਉਸੇ ਪਾਣੀ ਨੂੰ ਬੰਨ ਮਾਰ ਕੇ ਨਹਿਰਾਂ ਰਾਹੀਂ ਜ਼ਰੂਰਤ ਵਾਲੀਆਂ ਥਾਵਾਂ ਤੇ ਪਹੁੰਚਾਇਆ ਜਾ ਸਕਦਾ ਹੈ। ਇਥੋਂ ਹੀ ਡੈਮ ਉਸਾਰ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜੋ ਅਨੇਕ ਕੰਮ ਸੁਆਰਦੀ ਹੈ। ਜੇ ਇੱਕ ਚੰਗੇ ਕਿਸਾਨ ਨੇ ਖੇਤੀ ਕਰਨੀ ਹੋਵੇ ਤਾਂ ਉਸ ਨੂੰ ਜ਼ਰੂਰੀ ਤੌਰ ਤੇ ਵੀਹ ਸਾਲਾਂ ਵਾਸਤੇ ਸਕੀਮ ਤਿਆਰ ਕਰਨੀ ਪਵੇਗੀ ਤਾਂ ਕਿ ਖੇਤੀ ਤੋਂ ਵੱਧ ਮੁਨਾਫਾ ਲਿਆ ਜਾ ਸਕੇ। ਜੇ ਬਾਗ ਲਾਉਣਾ ਹੋਵੇ ਤਾਂ ਪੰਜਾਹ ਸਾਲਾ ਸਕੀਮ ਤਿਆਰ ਕਰਨੀ ਹੋਵੇਗੀ ਤਾਂ ਕਿ ਵਧ ਤੋਂ ਵੱਧ ਕਮਾਈ ਕੀਤੀ ਜਾ ਸਕੇ। ਇਸੇ ਤਰ੍ਹਾਂ ਜੇ ਕੌਮ ਦਾ ਭਵਿੱਖ, ਮੂੰਹ ਮੁਹਾਂਦਰਾ ਸਵਾਰਨ ਦਾ ਸੱਚੇ ਦਿਲੋਂ ਦਰਦ ਹੈ ਤਾਂ ਘੱਟੋ ਘੱਟ ਸੌ ਸਾਲਾ ਸਕੀਮ ਤਿਆਰ ਕਰਨੀ ਪਵੇਗੀ ਕਿ ਕਿਨ੍ਹਾਂ ਢੰਗਾਂ ਤਰੀਕਿਆਂ, ਸਾਧਨਾਂ ਦੁਆਰਾ ਨੌਜਵਾਨਾਂ ਨੂੰ ਆਪਣੇ ਧਰਮ ਜਾਂ ਵਿਰਸੇ ਨਾਲ ਜੋੜਿਆ ਜਾ ਸਕੇ, ਨਵੇਂ ਜਮਾਨੇ ਦੀਆਂ ਲੋੜਾਂ ਮੁਤਾਬਕ, ਨਵੇਂ ਜਮਾਨੇ ਦੇ ਸਾਧਨ ਵਰਤ ਕੇ, ਵਿਗਿਆਨਕ ਲੀਹਾਂ ਤੇ ਚਲਦਿਆਂ ਧਰਮ ਦੇ ਉਤਮ ਅਸੂਲਾਂ ਨੂੰ ਬੱਚਿਆਂ ਤੱਕ ਪੁੱਜਦਾ ਕੀਤਾ ਜਾਵੇ। ਵਰਨਾ ਬਹੁਤ ਦੇਰ ਹੋ ਚੁੱਕੀ ਹੋਵੇਗੀ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਦੋਸ਼ ਨਹੀਂ ਦਿੱਤਾ, ਕਿਸੇ ਦੀ ਉਡੀਕ ਨਹੀਂ ਕੀਤੀ। ਬਸ ਲੰਮੇ ਧਰਮ ਪ੍ਰਚਾਰ ਦੌਰੇ ਤੋਂ ਬਾਅਦ ਕਰਤਾਰਪੁਰ ਵਸਾ ਕੇ ਤੁਰੰਤ ਅਮਲੀ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਇਹ ਬਹਾਨਾ ਨਹੀਂ ਲਇਆ ਕਿ ਹਕੂਮਤ ਬੜੀ ਜ਼ਾਲਮ ਹੈ, ਬਿਨਾ ਪੁੱਛਿਆਂ ਕਿਸੇ ਨੂੰ ਵੀ ਕਤਲ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਢੁੱਚਰ ਵੀ ਨਹੀਂ ਡਾਹੀ ਕਿ ਆਲੇ ਦੁਆਲੇ ਪਾਖੰਡੀ ਧਰਮੀਆਂ ਦੇ ਬਹੁਤ ਟੋਲੇ ਧਰਮ ਅਸਥਾਨਾਂ `ਤੇ ਕਾਬਜ ਹਨ। ਪਾਖੰਡ ਵਿਰੁੱਧ ਆਵਾਜ਼ ਬੁਲੰਦ ਕਰਨ `ਤੇ ਉਹ ਮੇਰਾ ਕੋਈ ਵੀ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਇਹ ਸ਼ਿਕਵਾ ਵੀ ਨਾ ਕੀਤਾ ਕਿ ਆਮ ਲੋਕੀ ਬੜੇ ਨਾਸਮਝ ਹਨ। ਗਿਆਨ ਦੀ ਡੂੰਘੀ ਵਿਚਾਰ ਇਨ੍ਹਾਂ ਦੇ ਸਮਝ ਵਿੱਚ ਹੀ ਨਹੀਂ ਪੈਂਦੀ। ਇਹ ਲਾਚਾਰ ਲੋਕ ਸਰਕਾਰ ਵਲੋਂ ਦਹਿਸ਼ਤਜਦਾ ਹਨ। ਧਰਮ ਦੇ ਠੇਕੇਦਾਰਾਂ ਵਲੋਂ ਭੈਅ-ਭੀਤ ਕੀਤੇ ਗਏ ਹਨ। ਆਰਥਕ ਪੱਖੋਂ ਕੰਗਾਲ ਹੋ ਚੁੱਕੇ ਹਨ। ਸ਼ਰ੍ਹੇਬਜ਼ਾਰ ਇਨ੍ਹਾਂ ਦੀਆਂ ਇੱਜ਼ਤਾਂ ਰੋਲੀਆ ਜਾ ਰਹੀਆਂ ਹਨ, ਫਿਰ ਵੀ ਇਨ੍ਹਾਂ ਵਿੱਚ ਉØੱਚਾ ਸਾਹ ਲੈਣ ਦੀ ਜੁਅਰੱਤ ਨਹੀਂ ਜਾਗੀ। ਅਜਿਹੇ ਬਿਖੜੇ ਹਾਲਾਤ ਵਿੱਚ ਮੈਂ ਕਿਵੇਂ ਸਫਲਤਾ ਹਾਸਲ ਕਰ ਸਕਾਂਗਾ? ਪਰ ਉਨ੍ਹਾਂ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ, ਲੰਮੀ ਯੋਜਨਾ ਤਿਆਰ ਕਰਕੇ, ਕਰਤਾਰਪੁਰ ਸਾਹਿਬ ਵਿਖੇ, ਨਵੇਂ ਸਮਾਜ, ਨਵੇਂ ਇਨਸਾਨ, ਨਵੀਂ ਕੌਮ ਦੀ ਉਸਾਰੀ ਆਰੰਭ ਦਿੱਤੀ। ਇਤਿਹਾਸ ਗਵਾਹ ਹੈ ਕਿ ਸਮਾਂ ਭਾਵੇਂ ਬਹੁਤ ਲੱਗਾ, ਔਕੜਾਂ ਵੀ ਬਹੁਤ ਆਈਆਂ। ਪਰ ਉਨ੍ਹਾਂ ਨੇ ਮਨੁੱਖਤਾ ਨੂੰ ਸਪੂੰਰਨਤਾ ਦੀਆਂ ਬੁਲੰਦੀਆਂ ਤੇ ਪੁਚਾ ਦਿੱਤਾ। ਸਿਰ ਸੁੱਟ ਕੇ ਮੁਰਦਾ ਜਿਹੀ ਜ਼ਿੰਦਗੀ ਜਿਉਣ ਵਾਲੇ ਲੋਕ, ਸਿਰ ਉØੱਚੇ ਕਰਕੇ ਹਿੱਕਾਂ ਤਾਣ ਕੇ ਖਲ੍ਹੋ ਗਏ। ਜਾਲਮ ਹਕੂਮਤ ਦਾ ਤਖਤਾ ਪਲਟ ਦਿੱਤਾ। ਪਾਖੰਡੀ ਧਰਮੀਆਂ ਦਾ ਜੂਲਾ ਗਲੋਂ ਲਾਹ ਦਿੱਤਾ। ਅਨਪੜ੍ਹਤਾ ਕਾਇਰਤਾ, ਅਗਿਆਨਤਾ ਪਰ੍ਹੇ ਵਗਾਹ ਮਾਰੀ...। ਕੀ ਅੱਜ ਅਸੀਂ ਧਰਮ ਪ੍ਰਚਾਰਕ ਜਾਂ ਧਰਮ ਅਸਥਾਨਾਂ ਦੇ ਮੁਖੀ ਬੀਤੇ ਦੀਆਂ ਇਨ੍ਹਾਂ ਉਤਮ ਸਿਖਿਆਵਾਂ ਤੋਂ ਕੋਈ ਸਾਰਥਕ ਸੇਧ ਲੈ ਕੇ ਕਾਰਜ ਆਰੰਭ ਕਰ ਸਕਾਂਗੇ? ਕਿਸਾਨ ਦਾ ਬੇਟਾ ਬਿਨਾ ਬਹੁਤੀ ਸਿਖਲਾਈ ਤੋਂ ਖੇਤੀ ਕਰਨੀ ਸਿੱਖ ਜਾਂਦਾ ਹੈ। ਬਾਣੀਏ ਦਾ ਪੁੱਤਰ ਬਿਨਾ ਖਾਸ ਖੇਚਲ ਤੋਂ ਦੁਕਾਨਦਾਰੀ ਸਿੱਖ ਜਾਂਦਾ ਹੈ। ਵਕੀਲ ਦੀ ਔਲਾਦ ਬਹੁਤ ਕੁਝ ਪਿਤਾ ਤੋਂ ਸਿੱਖ ਲੈਂਦੀ ਹੈ। ਨੂੰਹਾਂ ਧੀਆਂ, ਮਾਵਾਂ ਸੱਸਾਂ ਤੋਂ ਬਿਨਾਂ ਮੁਸ਼ਕਲ ਦੇ ਬਹੁਤ ਸਾਰੇ ਕੰਮ ਸਿੱਖ ਲੈਂਦੀਆਂ ਹਨ। ਚੰਗੇ ਵੀ ਤੇ ਬੁਰੇ ਵੀ। ਫਿਰ ਇੱਕ ਸਿੱਖ ਦਾ ਪੁੱਤਰ ਧੀ ਸਿੱਖ ਕਿਉਂ ਨਹੀਂ ਬਣ ਸਕਦਾ? ਕੀ ਸਿੱਖ ਬਣਨਾ ਕੋਈ ਬੁਰਾ ਕੰਮ ਹੈ ਜਾਂ ਬਹੁਤ ਹੀ ਜੋਖਮ ਭਰਿਆ ਕੰਮ ਹੈ? ਨਾ ਬਹੁਤਾ ਔਖਾ ਹੈ ਤੇ ਨਾ ਹੀ ਬੁਰਾ ਹੈ? ਬਸ ਪਹਿਲਾਂ ਮਾਤਾ ਪਿਤਾ ਨੂੰ ਆਪ ਗੁਰਮਤਿ ਦੇ ਧਾਰਨੀ ਬਣਨਾ ਪਵੇਗਾ, ਪਾਖੰਡ-ਧਰਮੀ ਨਹੀਂ। ਗੁਰਮਤਿ ਦੇ ਗਿਆਤਾ ਬਣਨਾ ਪਵੇਗਾ, ਅਗਿਆਨੀ ਜਾਂ ਅੰਧਵਿਸ਼ਵਾਸੀ ਨਹੀਂ। ਆਪਣੇ ਘਰ ਨੂੰ ਧਰਮਸਾਲ ਦਾ ਰੂਪ ਦੇਣਾ ਪਵੇਗਾ, ਕਲਹਾ-ਕਲੇਸ ਦਾ ਅੱਡਾ ਨਹੀਂ। ਗੁਰਮੁਖਾਂ ਵਾਲੀ ਕਿਰਤ, ਗੁਰਮੁਖਾਂ ਵਾਲਾ ਆਚਾਰ ਵਿਹਾਰ ਧਾਰਨ ਕਰਨਾ ਪਵੇਗਾ ਤਾਂ ਹੀ ਬੱਚਿਆਂ ਤੇ ਅਸਰ ਪੈ ਸਕੇਗਾ। ਸਾਡੇ ਨਿਤ ਦੇ ਬੁਰੇ ਕਿਰਦਾਰ ਤੇ ਵਿਹਾਰ ਨੂੰ ਵੇਖ ਕੇ ਬੱਚੇ ਸਿੱਖੀ ਮੰਡਲ ਵਿੱਚ ਨਹੀਂ ਆ ਸਕਣਗੇ। ਸਤਿਗੁਰੂ ਸਾਹਿਬਾਨ ਦਾ ਨਿਜੀ ਜੀਵਨ ਲਾਮਿਸਾਲ ਸੀ। ਜਿੰLਦਗੀ ਦੇ ਹਰ ਖੇਤਰ ਵਿੱਚ ਉਨ੍ਹਾਂ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਉਨ੍ਹਾਂ ਦੇ ਉਤਮ ਉਪਦੇਸ਼ ਅਤੇ ਪਰਉਪਕਾਰੀ ਜੀਵਨ ਵੇਖ ਕੇ ਲੋਕੀ ਭੌਰਿਆਂ ਪਤੰਗਿਆਂ ਦੀ ਤਰ੍ਹਾਂ ਉਨ੍ਹਾਂ ਦੁਆਲੇ ਆ ਜੁੜਦੇ ਸਨ। ਉਨ੍ਹਾਂ ਵਰਗੇ ਤਾਂ ਅਸੀਂ ਨਹੀਂ ਬਣ ਸਕਾਂਗੇ ਪਰ ਉਨ੍ਹਾਂ ਦੇ ਸਿੱਖਾਂ ਵਰਗੇ ਸਿੱਖ ਤਾਂ ਬਣ ਜਾਈਏ। ਫਿਰ ਸਾਡੇ ਬੱਚੇ ਸਾਡਾ ਜੀਵਨ ਤੇ ਸਾਡਾ ਉਪਦੇਸ਼ ਸੁਣ ਵੇਖ ਕੇ ਜ਼ਰੂਰ ਹੀ ਸਿੱਖੀ ਧਾਰਨ ਕਰਨਗੇ ਤੇ ਅਗੋਂ ਹੋਰਨਾਂ ਲਈ ਨਮੂਨਾ ਬਣ ਜਾਣਗੇ। ਸਤਿਗੁਰੂ ਜੀ ਪਾਵਨ ਬਾਣੀ ਵਿੱਚ ਧਰਮ ਵਿਦਿਆ ਬਾਰੇ ਕੁਝ ਇਉਂ ਉਪਦੇਸ਼ ਕਰਦੇ ਹਨ:- 1. ਮੇਰੇ ਰਾਮ, ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ।। ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ, ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ।। (168) 2. ਆਪੇ ਚਾਟਸਾਲ ਆਪਿ ਹੈ ਪਾਧਾ, ਆਪੇ ਚਾਟੜੇ ਪੜਨ ਕਉ ਆਣੇ।। ਆਪੇ ਪਿਤਾ ਮਾਤਾ ਹੈ ਆਪੇ, ਆਪੇ ਬਾਲਕ ਕਰੇ ਸਿਆਣੇ।। (552) 3. ਸਤਿ ਸੰਗਤਿ ਸਤਿਗੁਰ ਚਟਸਾਲ ਹੈ ਜਿਤ ਹਰਿ ਗੁਣ ਸਿਖਾ।। ਧੰਨ ਸੁ ਰਸਨਾ, ਧੰਨ ਕਰ, ਧੰਨ ਸੁ ਪਾਧਾ ਸਤਿਗੁਰੂ ਜਿਤ ਮਿਲਿ ਹਰਿ ਲੇਖਾ ਲਿਖਾ।। (1316)
