ਸਤਿਗੁਰੂ ਅਰਜਨ ਸਾਹਿਬ ਜੀ (ਪਰਉਪਕਾਰ -ਤੇ ਸ਼ਹਾਦਤ) (ਕਿਸ਼ਤ ਦੂਜੀ)
ਗੁਰੂ ਘਰ ਦੀ ਨਿਤ ਵਧਦੀ ਲੋਕ ਪ੍ਰਿਅਤਾ ਤੋਂ ਘਬਰਾ ਕੇ ਵਿਰੋਧੀਆਂ ਨੇ ਬੜੀਆਂ ਸਾਜ਼ਿਸ਼ਾਂ ਰਚੀਆਂ। ਘਰ ਵਿੱਚੋਂ ਇਕ ਕਮਜ਼ੋਰ ਕੜੀ ਪ੍ਰਿਥੀ ਚੰਦ ਨੂੰ ਹੱਥ ਠੋਕਾ ਬਣਾਕੇ, ਗੁਰੂ ਅਰਜਨ ਸਾਹਿਬ ਜੀ ਨੂੰ ਕਮਜ਼ੋਰ ਕਰਨ ਦਾ ਜਤਨ ਕੀਤਾ ਗਿਆ। ਆ ਰਹੀ ਦਸਵੰਧ ਦੀ ਮਾਇਆ ਨੂੰ, ਪ੍ਰਿਥੀ ਚੰਦ ਆਪਣੇ ਬੰਦਿਆਂ ਰਾਹੀਂ ਪਹਿਲਾਂ ਹੀ ਕਾਬੂ ਕਰ ਲੈਂਦਾ ਤੇ ਪ੍ਰਸ਼ਾਦਾ ਛਕਣ ਸਾਂਝੇ ਲੰਗਰ ਵਿੱਚ ਭੇਜ ਦਿੰਦਾ। ਇਸ ਤਰ੍ਹਾਂ ਜੋ ਅੰਨ ਦਾਣਾ ਆਉਂਦਾ ਸੀ, ਉਹ ਘਟਦਾ ਗਿਆ। ਗੁਰੂ ਅਰਜਨ ਸਾਹਿਬ ਤੇ ਨੇੜਲੇ ਸੇਵਕ ਸਿੱਖ ਇਕ ਵਕਤ ਰੁੱਖਾ ਸੁੱਖਾ ਪਾ ਕੇ ਗੁਜਾਰਾ ਕਰਨ ਲੱਗੇ। ਇਤਨੇ ਵਿੱਚ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਆਦਿਕ ਗੁਰਸਿਖਾਂ ਨੇ ਮੌਕੇ ਦੀ ਨਜਾਕਤ ਨੂੰ ਭਾਂਪਦਿਆਂ, ਮੋਰਚੇ ਸੰਭਾਲ ਲਏ। ਇਹਨਾਂ ਬਾਹਰ ਤੋਂ ਆ ਰਹੀਆਂ ਸੰਗਤਾਂ ਨੂੰ ਅਸਲੀਅਤ ਤੋਂ ਵਾਕਫ ਕਰਾਉਣਾ ਸ਼ੁਰੂ ਕਰ ਦਿੱਤਾ। ਪ੍ਰਿਥੀ ਵਲੋਂ ਕੀਤੀ ਜਾ ਰਹੀ ਬੇਈਮਾਨੀ ਨੂੰ ਸਭ ਦੇ ਸਾਹਮਣੇ ਰੱਖਿਆ। ਇਸ ਤਰ੍ਹਾਂ ਕੁਝ ਹੀ ਸਮੇਂ ਮਗਰੋਂ ਲੰਗਰ ਦੀ ਅਵਸਥਾ ਆਮ ਵਰਗੀ ਹੋ ਗਈ ਤੇ ਪ੍ਰਿਥੀ ਸਿੱਖਾਂ ਵਲੋਂ ਪਾਸੇ ਧੱਕ ਦਿੱਤਾ ਗਿਆ। ਕਾਮਯਾਬੀ ਨਾ ਮਿਲਦੀ ਵੇਖਕੇ ਪ੍ਰਿਥੀ ਭਾਰੀ ਰਕਮ ਦੇਣੀ ਕਰਕੇ ਇਕ ਛੋਟੇ ਅਫ਼ਸਰ ਸੁਲਹੀ ਖਾਨ ਨੂੰ ਗੁਰੂ ਘਰ ਤੇ ਹਮਲਾ ਕਰਾਉਣ ਦੀ ਨੀਅਤ ਨਾਲ ਚੜ੍ਹਾ ਲਿਆਇਆ। ਪਰ ਯੋਜਨਾ ਸਿਰੇ ਨਾ ਚੜੀ, ਸੁਲਹੀ ਖਾਨ ਦਾ ਘੋੜਾ ਤ੍ਰਬਕ ਕੇ ਪ੍ਰਿਥੀ ਚੰਦ ਦੇ ਬਲ ਰਹੇ ਇੱਟਾਂ ਵਾਲੇ ਭੱਠੇ ਵਿੱਚ ਜਾ ਵੜਿਆ। ਸਵਾਰ ਸਮੇਤ ਸੜ ਕੇ ਖਾਕ ਹੋ ਗਿਆ। ਇਹ ਵਾਰ ਖਾਲੀ ਚਲਾ ਗਿਆ। ਪ੍ਰਿਥੀ ਚੰਦ ਦਾ ਬੇਟਾ ਮੇਹਰਵਾਨ, ਨਾਨਕ ਨਾਮ ਹੇਠ ਕਵਿਤਾਵਾਂ ਲਿਖਕੇ ਆਪਣੇ ਆਪ ਨੂੰ ਗੁਰੂ ਜਤਲਾਉਣ ਲਗ ਪਿਆ। ਬਾਲਕ ਹਰਿਗੋਬਿੰਦ ਜੀ ਤੇ ਪ੍ਰਿਥੀ ਨੇ ਕਈ ਜਾਨ ਲੇਵਾ ਹਮਲੇ ਕਰਵਾਏ, ਪਰ ਕਾਮਯਾਬੀ ਨਾ ਮਿਲੀ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਅਤੇ ਬਾਕੀ ਬਾਣੀ ਬਾਰੇ ਅਣਗਿਣਤ ਭਰਮ ਭੁਲੇਖੇ ਵਾਲੀਆਂ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੀ ਸਾਰੀ ਬਾਣੀ ਪੰਜਵੇਂ ਗੁਰਦੇਵ ਕੋਲ ਨਹੀਂ ਅੱਪੜੀ। ਜਿੰਨੀ ਕੁ ਅੱਪੜੀ ਹੈ, ਇਸ ਵਿੱਚ ਕਈ ਸਾਰੀਆਂ ਮਿਲਾਵਟਾ ਹੋ ਗਈਆਂ ਹਨ.....ਆਦਿ। ਇਕ ਪਾਸੇ ਜਨੂਨੀ ਬ੍ਰਾਹਮਣ ਤੇ ਦੂਜੇ ਪਾਸੇ ਕੱਟੜ ਮੌਲਾਣੇ, ਤੀਜੇ ਕਮਜ਼ੋਰ ਜਹਿਨੀਅਤ ਵਾਲਾ ਜਹਾਂਗੀਰ ਬਾਦਸ਼ਾਹ।
4. ਪੋਥੀ ਸਾਹਿਬ ਦੀ ਸੰਪਾਦਨਾ :- ਗੁਰੂ ਅਰਜਨ ਸਾਹਿਬ ਜੀ ਕੇਵਲ ਪੰਝੀ ਕੁ ਸਾਲ ਗੁਰਗੱਦੀ ਦੀ ਸੇਵਾ ਤੇ ਰਹੇ। ਇੰਨੇ ਥੋੜੇ ਸਮੇਂ ਵਿੱਚ ਇੰਨੇ ਵਡੇਰੇ ਕਾਰਜ ਕਰਨੇ, ਕਿਸੇ ਕਰਾਮਾਤ ਤੋਂ ਘੱਟ ਨਹੀਂ ਸਨ। ਮਾਨੋ ਉਹਨਾਂ ਭਾਰਤੀ ਕੌਮ ਦੀ ਨਵ ਸਿਰਜਣਾ ਕਰਨ ਦਾ ਮੁਕੰਮਲ ਬਾਨਣੂੰ ਬੰਨ ਦਿਤਾ। ਭਗਤਾਂ ਦੀ ਬਾਣੀ ਆਪਣੇ ਲੰਮੇ ਕਰਾਂਤੀਕਾਰੀ ਪ੍ਰਚਾਰ ਦੌਰਿਆਂ ਵਕਤ, ਸਤਿਗੁਰੂ ਨਾਨਕ ਸਾਹਿਬ ਜੀ ਨੇ ਖੁਦ ਇਕੱਤਰ ਕਰ ਲਈ ਸੀ। ਉਸਨੂੰ ਛਾਂਟੀ ਕਰਕੇ ਸੋਧ ਲਿਆ ਸੀ। ਆਪਣੇ ਹੱਥੀਂ, ਆਪਣੀ ਬਾਣੀ ਸਮੇਤ ਗੁਰੂ ਅੰਗਦ ਸਾਹਿਬ ਜੀ ਦੇ, ਹਵਾਲੇ ਕਰ ਦਿੱਤੀ ਸੀ। ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਤੇ ਇਸੇ ਤਰ੍ਹਾਂ ਪੰਚਵੇਂ ਸਤਿਗੁਰੂ ਕੋਲ ਸਾਰੀ ਬਾਣੀ ਪਹੁੰਚ ਗਈ। ਉਹਨਾਂ ਖੁਦ ਬਹੁਤ ਸਾਰੀ ਬਾਣੀ ਲਿਖੀ ਸਾਰੇ ਪੱਖਾਂ ਬਾਰੇ। ਸਾਰੇ ਬਾਣੀ ਨੂੰ ਸੰਪਾਦਨਾ ਤਰਤੀਬ ਲਈ ਵਿਦਵਾਨ ਪੁਰਖ, ਗੁਰਬਾਣੀ ਗਿਆਨ ਨੂੰ ਚੰਗੀ ਤਰਾਂ ਜਾਨਣ ਵਾਲੇ, ਭਾਈ ਗੁਰਦਾਸ ਜੀ ਦੇ ਸਪੁਰਦ ਕਰ ਦਿਤਾ। ਉਹਨਾਂ ਬੜੀ ਮਿਹਨਤ ਨਾਲ ਸਾਰੀ ਬਾਣੀ ਨੂੰ ਅੱਖਰ ਲਗ, ਰਾਗ ਤਰਤੀਬ ਦਾ ਖਿਆਲ ਰਖਦਿਆਂ ਸੰਪੂਰਣ ਕੀਤਾ। ਇਸਦੇ ਪ੍ਰਮਾਣ ਸਾਨੂੰ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਣਗਿਣਤ ਮਿਲ ਜਾਂਦੇ ਹਨ। ਕਿਉਂਕਿ ਜਦੋਂ ਇਹਨਾਂ ਦੀਆਂ ਵਾਰਾਂ ਜਾਂ ਕਬਿੱਤ ਪੜੀਏ ਤਾਂ ਗੁਰਬਾਣੀ ਦੇ ਜਾਣਕਾਰੀ ਖੋਜੀ, ਮਨੁੱਖ ਨੂੰ ਝੱਟ ਸਮਝ ਆ ਜਾਵੇਗੀ ਕਿ ਆਹ ਪਉੜੀ ਗੁਰਬਾਣੀ ਦੇ ਕਿਸ ਅਸੂਲ ਨੂੰ ਖੋਹਲਕੇ ਸਮਝਾ ਰਹੀ ਹੈ। ਕਈਆਂ ਥਾਵਾਂ ਤੇ ਅਪਣੀ ਰਚਨਾ ਵਿੱਚ, ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੰਗਤੀਆਂ ਹੂਬਹੂ ਵਰਤੀਆਂ ਹੋਈਆਂ ਹਨ। ਇਹਨਾਂ ਸਬੂਤਾਂ ਤੋਂ ਸਪਸ਼ਟ ਹੋਇਆ ਕਿ ਗੁਰਬਾਣੀ ਪਹਿਲਾਂ ਮੌਜੂਦ ਸੀ। ਬਾਣੀ ਨੂੰ ਭਾਈ ਜੀ ਨੇ ਮਨਬਿਰਤੀ ਇਕਾਗਰ ਕਰਕੇ ਪੜਿਆ। ਫਿਰ ਇਕ ਇਕ ਨੁਕਤਾ ਲੈ ਕੇ ਸੋਹਣੇ ਤਰੀਕੇ ਬਾਣੀ ਦੀ ਵਿਆਖਿਆ ਕੀਤੀ। ਜਿੰਨੀ ਕੁ ਬਾਣੀ ਕਿਸੇ ਇਕ ਰਾਗ ਵਿੱਚ ਸੀ ਉਸਦੇ ਅੰਦਾਜੇ ਮੁਤਾਬਕ ਕਾਗਜ ਦੀਆਂ ਦੱਥੀਆਂ ਬਣਾ ਲਈਆਂ। ਜਿਵੇਂ ਸਿਰੀ ਰਾਗ ਬਾਰੇ ਅਨੁਮਾਨ ਲਾਇਆ ਕਿ ਇਕ ਸੌ ਪੰਨਿਆਂ ਤੇ ਸਾਰਾ ਸਿਰੀ ਰਾਗੁ ਲਿਖਿਆ ਜਾ ਸਕਦਾ ਹੈ। ਫਿਰ ਭੀ ਪੰਦਰਾਂ ਕੁ ਪੰਨੇ ਵਾਧੂ ਰੱਖ ਲਏ ਗਏ। ਇਸੇ ਤਰ੍ਹਾਂ ਤੀਹ ਰਾਗਾਂ ਵਾਸਤੇ ਤੀਹ ਗੁੱਥੀਆਂ ਸੀ ਲਈਆਂ। ਵਾਧੂ ਬਾਣੀਆਂ ਲਈ ਹੋਰ ਪੰਨੇ ਰੱਖ ਲਏ। ਜਦੋਂ ਇਕ ਰਾਗ ਦੀ ਬਾਣੀ ਸੋਧ ਸੰਵਾਰ ਕੇ ਲਿਖ ਲਈ ਜਾਂਦੀ ਸੀ, ਤਾਂ ਉਸ ਗੁੱਥੀ ਨੂੰ ਸਾਂਭ ਕੇ ਰੱਖ ਲਿਆ ਜਾਂਦਾ ਸੀ, ਤੇ ਦੂਜੇ ਤੇ ਲਿਖਣਾ ਸ਼ੁਰੂ ਕਰ ਲਿਆ ਜਾਂਦਾ ਸੀ। ਤਾਂ ਕਿ ਸਾਰਾ ਗ੍ਰੰਥ ਹਰ ਰੋਜ ਚੁੱਕਣਾ ਧਰਨਾ ਨਾ ਪਵੇ। ਜਦੋਂ ਸਾਰੀ ਬਾਣੀ ਤਰਤੀਬ ਦੇ ਕੇ ਲਿਖ ਲਈ ਤਾ ਸਾਰੀਆਂ ਦੱਥੀਆਂ ਨੂੰ ਜੋੜ ਕੇ ਜਿਲਦ ਬਨਵਾ ਲਈ ਗਈ। ਇਸ ਦਾ ਨਾਮ ਹੋ ਗਿਆ ‘‘ਪੋਥੀ ਸਾਹਿਬ``। ਸਾਇਦ ਇਹ ਪੰਗਤੀ ਇਸ ਪਰਥਾਏ ਹੀ ਹੋਵੇ -
ਪੋਥੀ ਪਰਮੇਸਰ ਕਾ ਥਾਨੁ।।
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ।।(1226)
ਪੂਰੀ ਤਰ੍ਹਾਂ ਤਿਆਰੀ ਤੋਂ ਬਾਦ ‘‘ਸ਼ਬਦ ਗੁਰੂ`` ਦੀ ਮਹਾਨਤਾ ਦਰਸਾਉਣ ਲਈ, ਸਤਿਗੁਰੂ ਜੀ ਨੇ ਦੂਰੋਂ ਨੇੜਿਓਂ ਸੰਗਤਾਂ ਨੂੰ ਹੁੰਮ ਹੁੰਮਾ ਕੇ, ਪਹਿਲੀ ਸਤੰਬਰ ਸੰਨ 1604 ਨੂੰ ਵਕਤ ਸਿਰ ਪੁੱਜਣ ਲਈ ਆਖਿਆ। ਵੱਡੀ ਗਿਣਤੀ ਵਿੱਚ ਗੁਰਸਿੱਖ ਉਤਸ਼ਾਹ ਨਾਲ ਆਏ। ਇਹ ਸਾਰੇ ਕਾਫਲਾ ਬਣਾ ਕੇ ਸਤਿਗੁਰੂ ਜੀ ਦੀ ਨਿਗਰਾਨੀ ਵਿੱਚ, ਰਾਮਸਰ ਤੋਂ ਚੱਲਕੇ ਦਰਬਾਰ ਸਾਹਿਬ ਵਿਖੇ ਪਹੁੰਚ ਗਏ। ਨਵੇਂ ਬਣੇ ਸੁੰਦਰ ਦਰਬਾਰ ਵਿੱਚ ‘‘ਪੋਥੀ ਸਾਹਿਬ`` ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਗੁਰਬਾਣੀ ਗੁਰੂ ਦਾ ਪਹਿਲਾ ਪ੍ਰਕਾਸ਼ ਉਸ ਥਾਂਵੇ ਕੀਤਾ ਗਿਆ, ਜਿਥੇ ਕਿਸੇ ਗੁਰ ਵਿਅਕਤੀ ਨੇ ਸਰੀਰਕ ਜਨਮ ਨਹੀਂ ਲਿਆ ਸੀ। ਹੋ ਸਕਦਾ ਹੈ ਅਣਜਾਣ ਸਿੱਖ, ਸਰੀਰੀ ਜਾਮੇ ਵਾਲੇ ਸਥਾਨ ਨੂੰ ਜ਼ਿਆਦਾ ‘‘ਪਵਿੱਤਰ`` ਸਮਝ ਲੈਣ। ਜੀ ਨਹੀਂ! ਸਰੀਰ ਦਾ ਸਤਿਕਾਰ ਭੀ ਸ਼ਬਦ ਗਿਆਨ ਕਾਰਨ ਸੀ। ਹੁਣ ਉਹ ਸ਼ਬਦ ਗਿਆਨ ਪੋਥੀ ਵਿੱਚ ਮੌਜੂਦ ਹੈ, ਇਸ ਦਾ ਸਤਿਕਾਰ ਹੈ। ਸਤਿਗੁਰੂ ਅਰਜਨ ਸਾਹਿਬ ਜੀ ਸਰੀਰ ਕਰਕੇ ਕਿਸੇ ਇਕ ਥਾਂ ਸੰਗਤਾਂ ਨੂੰ ਉਪਦੇਸ ਦਿਆ ਕਰਦੇ ਸਨ। ਗੁਰਬਾਣੀ ਦੇ ਉਤਾਰੇ ਹੋ ਕੇ ਸੰਗਤਾਂ ਦੀ ਮੰਗ ਤੇ ਹਰ ਥਾਂ ਪੁਚਾਏ ਜਾਣ ਲਗ ਪਏ। ਗੁਰਬਾਣੀ ਹਰ ਥਾਵੇਂ ਸੰਗਤਾਂ ਨੂੰ ਇਕੋ ਜਿਹਾ ਨਿੱਗਰ ਉਪਦੇਸ਼ ਦੇ ਰਹੀ ਸੀ। ਗੁਰੂ ਘਰ ਦੇ ਵਿਰੋਧੀ ਤਾਂ ਪਹਿਲਾਂ ਹੀ ਬੜੇ ਔਖੇ ਸਨ। ਪੋਥੀ ਦਾ ਪ੍ਰਕਾਸ਼ ਤੇ ਸੰਪੂਰਣਤਾ ਤਾਂ ਉਹਨਾਂ ਲਈ ਇਕ ਵੱਡੀ ਵਦਾਣੀ ਚੋਟ ਸੀ। ਕਿਉਂਕਿ ਕਿਸੇ ਧਰਮ ਦੇ ਲੋਕਾਂ ਕੋਲ, ਜਦੋਂ ਲਿਖਤ ਰੂਪ ਵਿੱਚ ਚੰਗੇ ਅਸੂਲ ਉਪਦੇਸ ਹੋਣ ਤਾਂ ਉਹ ਧਰਮ ਮਾਨੋ ਪੱਕੇ ਪੈਰੀ ਹੋ ਗਿਆ। ਉਸਦੇ ਪੈਰੋਕਾਰ ਆਪਣੇ ਧਰਮ ਗ੍ਰੰਥ ਵਿੱਚੋਂ ਆਪਣੇ ਜੀਵਨ ਲਈ ਰਸਤਾ ਨਿਰਧਾਰਤ ਕਰਨਗੇ। ਜੇ ਕਦੀ ਪ੍ਰਚਾਰ ਦੀ ਕਮੀ ਕਾਰਨ ਸੇਵਕ ਕੁਰਾਹੇ ਪੈ ਭੀ ਜਾਣ ਤਾਂ ਠੀਕ ਅਤੇ ਗਲਤ ਦਾ ਨਿਰਣਾ ਕਰਨ ਲਈ ਧਰਮ ਗ੍ਰੰਥ ਦੀ ਅਗਵਾਈ ਸਦਾ ਮੌਜੂਦ ਹੁੰਦੀ ਹੈ, ਗਲਤੀ ਨੂੰ ਸੋਧਿਆ ਜਾ ਸਕਦਾ ਹੈ। ਇਸ ਗਲੋਂ ਪ੍ਰੇਸ਼ਾਨ ਬ੍ਰਾਹਮਣਾਂ ਅਤੇ ਮੋਲਾਣਿਆਂ ਨੇ, ਗੁਰੂ ਘਰ ਦੇ ਵਿਰੁਧ ਹਮਲੇ ਤੇਜ ਕਰ ਦਿਤੇ।
ਬ੍ਰਾਹਮਣਾਂ ਲਈ ਵੱਡੀ ਧਿਰ ਮਹੇਸਦਾਸ (ਬੀਰਬਲ) ਮਰ ਚੁਕਾ ਸੀ। ਅਕਬਰ ਉਹਨਾਂ ਦੀ ਗਲ ਸੁਣਕੇ ਕਈ ਵਾਰ ਰੱਦ ਕਰ ਚੁੱਕਾ ਸੀ। ਫਿਰ ਭੀ ਇਹ ਪਾਖੰਡੀ ਲੋਕ ਨਿੱਤ ਨਵੀਆਂ ਚਾਲਾਂ ਚਲਦੇ ਰਹਿੰਦੇ ਸਨ। ਜਿਵੇਂ ਇਹ ਗਲਾਂ ਉਭਾਰੀਆਂ ਗਈਆਂ-‘‘ਦੇਖੋ ਜੀ ਸਿੱਖ ਸਾਰੀਆਂ ਪੁਰਾਤਨ ਧਾਰਮਕ ਰਸਮਾ ਤੋੜ ਰਹੇ ਹਨ। ਭਗਵਾਨ ਦੀਆਂ ਮੂਰਤੀਆਂ ਨੂੰ ਮੱਥਾ ਨਹੀਂ ਟੇਕਦੇ। ਤੀਰਥ ਯਾਤਰਾ ਨੂੰ ਫਜੂਲ ਦਸਦੇ ਹਨ। ਬ੍ਰਾਹਮਣਾਂ ਨੂੰ ਅਪਣਾ ਗੁਰੂ ਸਵੀਕਾਰ ਨਹੀਂ ਕਰਦੇ। ਸ਼ਰਾਧ, ਵਰਤ, ਦੇਵੀ ਦੇਵਤੇ ਆਦਿ ਨੂੰ ਨਹੀਂ ਮੰਨਦੇ। ਵੇਦਾਂ ਪੁਰਾਣਾ, ਰਾਮਾਇਣ, ਮਹਾਂਭਾਰਤ ਨੂੰ ਟਿੱਚਰਾਂ ਕਰਦੇ ਹਨ। ਜਾਤ ਪਾਤੀ ਪਰਬੰਧ ਨੂੰ ਤੋੜ ਦਿਤਾ ਹੈ ਸਾਰੇ ਇਕਠੇ ਪਰਸ਼ਾਦਾ ਛਕਦੇ ਹਨ....। ਇਹਨਾਂ ਰੀਤਾਂ ਰਸਮਾਂ ਨੂੰ ਤਿਆਗਣ ਦਾ ਮਤਲਬ ਹੈ ਹਿੰਦੂ ਧਰਮ (ਵੈਦਕ ਧਰਮ ਜਾਂ ਸਨਾਤਨ ਧਰਮ) ਤੋਂ ਬਾਗੀ ਹੋਣਾ। ਇਹਨਾਂ ਬਾਗੀਆਂ ਨੂੰ ਅਸੀਂ ਬ੍ਰਦਾਸਤ ਨਹੀਂ ਕਰ ਸਕਦੇ।`` ਇਸੇ ਤਰ੍ਹਾਂ ਕੱਟੜ ਮੌਲਵੀ ਨਵਾਬਾਂ ਬਾਦਸਾਹਾਂ ਨੂੰ ਚੁੱਕਣਾ ਦੇ ਰਹੇ ਸਨ।`` ਦੇਖੋ ਹਜੂਰ! ਇਹਨਾਂ ਕਾਫਰਾਂ ਨੇ ਹੁਣ ਇਕ ‘‘ਕਿਤਾਬ`` ਭੀ ਤਿਆਰ ਕਰ ਲਈ ਹੈ। ਇਹ ਸਾਡੀਆਂ ਸਾਰੀਆਂ ਸ਼ਰ੍ਹਾਂ ਦੀਆਂ ਪਾਬੰਦੀਆਂ ਤੋੜ ਰਹੇ ਹਨ। ਇਹ ਲੋਕ ਵੱਡੀ ਤਾਕਤ ਬਣਦੇ ਜਾ ਰਹੇ ਹਨ। ਕਿਸੇ ਵੇਲੇ ਭੀ ਇਹ ਬਾਗੀ ਟੋਲਾ ਇਸਲਾਮ ਧਰਮ ਵਾਸਤੇ ਅਤੇ ਮੁਗਲ ਰਾਜ ਵਾਸਤੇ ਖਤਰਾ ਬਣ ਸਕਦੇ ਹਨ। ਹੁਣੇ ਤੋਂ ਇਹਨਾਂ ਨੂੰ ਨੱਥ ਪਾਈ ਜਾਵੇ ਵਰਨਾ ਬਹੁਤ ਦੇਰ ਹੋ ਚੁਕੀ ਹੋਵੇਗੀ।`` ਇਸ ਪਰਥਾਏ ਸ਼ੇਖ ਅਹਿਮਦ ਸਰਹੰਦੀ ਮੁਜੱਦਦ ਅਲਫਸਾਨੀ ਦੀ ਲਿਖਤ, ‘‘ਮਕਤੂਬਾਤ ਇਮਾਮ-ਏ-ਰੱਬਾਨੀ ਸਬੂਤ ਵਾਸਤੇ ਵੇਖੀ ਪੜੀ ਜਾ ਸਕਦੀ ਹੈ। ਪਹਿਲਾਂ ਉਹ ਜਹਾਂਗੀਰ ਨੂੰ ਇਸ ਪਰਥਾਏ ਖਤ ਲਿਖਦਾ ਹੈ ਕਿ ‘‘ਕਿਸੇ ਭੀ ਬਹਾਨੇ`` ਸਿੱਖਾਂ ਦੇ ਗੁਰੂ ਨੂੰ ਮਾਰ ਦਿਤਾ ਜਾਵੇ। ਮੁੜ ਇਹਨਾਂ ਕਾਫਰ ਸਿੱਖਾਂ ਨੂੰ ਜਥੇਬੰਦ ਨਾ ਹੋਣ ਦਿਤਾ ਜਾਵੇ। ਜਦੋਂ ਉਸ ਦੀ ਇੱਛਾ ਪੂਰੀ ਹੋ ਗਈ ਤਾਂ ਉਸਨੇ ਅਥਾਹ ਖੁਸ਼ੀ ਮਨਾਈ। ਵਧਾਈ ਵਾਲੀਆਂ ਚਿੱਠੀਆਂ ਆਪਣੇ ਦੋਸਤਾਂ ਮਿੱਤਰਾਂ ਨੂੰ ਭੀ ਲਿਖੀਆਂ ਤੇ ਜਹਾਂਗੀਰ ਨੂੰ ਭੀ ਲਿਖੀਆਂ। (ਵੇਰਵੇ ਲਈ ਵੇਖੋ ਸਾਚੀ ਸਾਖੀ - ਸ੍ਰ: ਕਪੂਰ ਸਿੰਘ, ਸਿੱਖ ਇਤਿਹਾਸ - ਡਾ. ਗੰਡਾ ਸਿੰਘ)
ਵਿਰੋਧੀਆਂ ਵਲੋਂ ਗੁਰਬਾਣੀ ਬਾਰੇ ਬੇਸਿਰ ਪੈਰ ਦੀਆਂ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਜਿਵੇਂ ਬਹੁਤ ਸਾਰੀ ‘‘ਅਸਲੀ ਬਾਣੀ`` ਪੋਥੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਈ ਹੈ। ਜਾਂ ਫਿਰ ਕੋਈ ਕੱਚੀਆਂ ਪਿਲੀਆਂ ਬਾਣੀਆਂ ਪੋਥੀ ਵਿੱਚ ਸ਼ਾਮਲ ਹੋ ਗਈਆਂ ਹਨ। ਜਿਵੇਂ ਇਹ ਪੰਥ ਦੋਖੀ ਟੋਲਾ ਕਹਿਣਾ ਚਾਹੁੰਦਾ ਸੀ ਪਈ ਗੁਰੂ ਸਾਹਿਬਾਨ ਤਾਂ ਬਿਲਕੁਲ ਅਨਾੜੀ ਅਗਿਆਨੀ ਸਨ। ਪੋਥੀ ਦੀ ਤਿਆਰੀ ਵਿੱਚ ਸੈਕੜੇ ਗਲਤੀਆਂ ਉਹਨਾਂ ਤੋਂ ਹੋ ਗਈਆਂ ਹਨ। ਇਹਨਾਂ ਦਾ ਮਕਸਦ ਸੀ ਗੁਰਬਾਣੀ ਤੋਂ ਸਿੱਖਾਂ ਦਾ ਵਿਸ਼ਵਾਸ ਡੋਲ ਜਾਵੇ। ਸਤਿਗੁਰੂ ਸੱਚੇ ਪਾਤਿਸ਼ਾਹ ਅਡੋਲ ਆਪਣੀ ਮੰਜਿਲ ਵਲ ਅੱਗੇ ਵਧਦੇ ਗਏ। ਗੁਰੂ ਘਰ ਦੇ ਵਿਰੋਧੀਆਂ ਦੇ ਹਮਲੇ ਤੇਜ ਹੁੰਦੇ ਗਏ, ਤੇ ਪੰਜਵੇਂ ਗੁਰਦੇਵ ਜੀ ਵਕਤ, ਪੋਥੀ ਸਾਹਿਬ ਦੀ ਸੰਪੂਰਣਤਾ ਤੋਂ ਮਗਰੋਂ ਇਹ ਜਨੂਨ, ਸਿਖਰਾਂ ਤੇ ਪੁੱਜ ਗਿਆ। ਵਿਰੋਧੀਆਂ ਨੇ ਸਤਿਗੁਰੂ ਜੀ ਨੂੰ ਬੇਓੜਕ ਪ੍ਰੇਸਾਨ ਕੀਤਾ, ਕਦਮ ਕਦਮ ਤੇ ਰੁਕਾਵਟਾਂ ਪਾਈਆਂ। ਸਤਿਗੁਰੂ ਜੀ ਕੁਲ ਮਨੁਖ ਮਾਤਰ ਦਾ ਭਲਾ ਕਰਨਾ ਲੋਚਦੇ ਸਨ। ਖੁਦਗਰਜ ਲੋਕਾਂ ਨੂੰ ਇਹ ਨਹੀਂ ਭਾਉਂਦੀ ਸੀ। ਜਿਥੇ ਪਰਉਪਕਾਰ ਦੇ ਹੋਰ ਅਣਗਿਣਤ ਕਾਰਜ ਪੰਚਮ ਗੁਰਦੇਵ ਜੀ ਨੇ ਕੀਤੇ, ਉਥੇ ਉਹਨਾਂ ਦਾ ਮਹਾਨ ਕਾਰਜ ਸੀ ਬਗੈਰ ਮਿਲਾਵਟ ਤੋਂ, ਸਦਾ ਲਈ ਅਗਵਾਈ ਦਾ ਸੋਮਾ, ਪੋਥੀ ਸਾਹਿਬ ਨੂੰ ਤਿਆਰ ਕਰਕੇ, ਆਪਣੀ ਨਿਰਮਲ ਵਿੱਚਾਰਧਾਰਾ ਨੂੰ ਮਲੀਨ ਹੋਣ ਤੋਂ ਬਚਾ ਲੈਣਾ। ਸ਼ਬਦ ਗੁਰੂ ਦੇ ਅਸੂਲ ਨੂੰ ਪੱਕੇ ਪੈਰੀ ਸੰਸਾਰ ਸਨਮੁਖ ਰੱਖ ਦੇਣਾ।
ਲੰਮੇ ਸਮੇਂ ਤਕ ਅਨੇਕ ਸਾਜਿਸਾਂ ਰਚਦਿਆਂ ਅੰਤ ਨੂੰ ਇਹ ਜਨੂਨੀ ਲੋਕ, ਸਤਿਗੁਰੂ ਜੀ ਵਿਰੁਧ ਹਕੂਮਤ ਨੂੰ ਭੜਕਾਉਣ ਵਿੱਚ ਕਾਮਯਾਬ ਹੋ ਗਏ। ਪੰਜਵੇਂ ਪਾਤਿਸ਼ਾਹ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲਹੌਰ ਲਿਜਾ ਦੇ ਤਸੀਹੇ ਦਿਤੇ ਜਾਣ ਲੱਗੇ। ਇਕ ਵੱਡੀ ਰਕਮ ਜੁਰਮਾਨੇ ਦੇ ਰੂਪ ਵਿੱਚ ਅਦਾ ਕਰਨ ਲਈ ਕਿਹਾ ਗਿਆ। ਨਾਂਹ ਕਰਨ ਤੇ ਇਸਲਾਮ ਕਬੂਲ ਕਰਨ ਲਈ ਦਬਾਉ ਪਾਇਆ ਗਿਆ। ਸਤਿਗੁਰੂ ਜੀ ਵਲੋਂ ਇਨਕਾਰ ਕਰਨ ਤੇ ‘‘ਫਤਵਾ`` (ਕੁਰਾਨ ਦੀ ਆੜ ਲੈ ਕੇ ਜਾਰੀ ਕੀਤਾ ਗਿਆ ਧਾਰਮਕ ਹੁਕਮ) ਜਾਰੀ ਕਰ ਦਿਤਾ ਗਿਆ। ਕਾਨੂੰਨ ਲਾਗੂ ਕੀਤੇ ਗਏ ‘‘ਯਾਸਾ ਅਤੇ ਸਿਆਸਤ``। ਇਹਨਾਂ ਚੰਗੇਜੀ ਸਜਾਵਾਂ ਵਿੱਚ ਇਹ ਜਾਲਮਪੁਣਾ ਲਾਗੂ ਕੀਤਾ ਹੁੰਦਾ ਹੈ ਕਿ ਸਜਾ ਯਾਫਤਾ ਵਿਅਕਤੀ ਨੂੰ, ਅੱਗ ਵਿੱਚ ਸਾੜਕੇ, ਪਾਣੀ ਵਿੱਚ ਉਬਾਲਕੇ, ਧਰਤੀ ਵਿੱਚ ਜਿਉਂਦਿਆਂ ਦਬਾ ਕੇ, ਜਾਂ ਪਾਣੀ ਵਿੱਚ ਡੋਬ ਕੇ ਮਾਰਿਆ ਜਾਵੇ। ਇਹਨਾਂ ਸਾਰੀਆਂ ਸਜਾਵਾਂ ਨਾਲ ਸਰੀਰ ਵਿੱਚੋਂ ਖੂਨ ਦਾ ਕਤਰਾ ਬਾਹਰ ਨਹੀਂ ਨਿਕਲਦਾ, ਪਰ ਤੜਫਦਿਆਂ ਇਨਸਾਨ ਦੀ ਮੌਤ ਹੋ ਜਾਂਦੀ ਹੈ। ਚੌਧਵੀਂ ਸਦੀ ਵਿੱਚ ਰਾਜ ਅਤੇ ਇਸਲਾਮ ਧਰਮ ਵਿਰੋਧੀਆਂ ਨੂੰ ਸਬਕ ਸਿਖਾਉਣ ਵਾਸਤੇ ਚੰਗੇਜ ਖਾਨੀ ਸਲਾਹਕਾਰਾਂ ਬਾਦਸ਼ਾਹ ਨੂੰ ਇਹ ਭਰਮ ਪਾਇਆ ਸੀ ਕਿ ‘‘ਇਹਨਾਂ ਕਾਫਰ ਲੋਕਾਂ ਦਾ ਜੇ ਧਰਤੀ `ਤੇ ਖੂਨ ਡੁੱਲ ਜਾਵੇ ਤਾਂ ਉਸ ਥਾਂ (ਅਤੇ ਆਲੇ ਦੁਆਲੇ) ਕਾਲ ਪੈ ਜਾਵੇਗਾ। ਧਰਤੀ ਬੰਜਰ ਹੋ ਜਾਵੇਗੀ। ਇਸੇ ਕਾਰਨ ਭਿਆਨਕ ਤਸੀਹੇ ਤਾਂ ਦਿਓ, ਪਰ ਕਤਰਾ ਖੂਨ ਨ ਡੁੱਲਣ ਦਿਓ।`` ਇਹੀ ਵਹਿਸ਼ੀਆਨਾ ਧਾਰਾ ਸਤਿਗੁਰੂ ਜੀ ਤੇ ਲਾਗੂ ਕੀਤੀ ਗਈ। ਪਹਿਲੇ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ। ਸਰੀਰ ਛਲਣੀ ਛਲਣੀ ਹੋ ਗਿਆ ਪਰ ਜਾਲਮਾਂ ਨੂੰ ਰਤਾ ਤਰਸ ਨਾ ਆਇਆ। ਰਾਤ ਨੂੰ ਕਾਲ ਕੋਠੜੀ ਵਿੱਚ ਬੰਦ ਕੀਤਾ ਗਿਆ। ਸਾਰੀ ਰਾਤ ਅਤੀ ਪੀੜਾ ਵਿੱਚ ਗੁਜਰੀ। ਸਵੇਰ ਨੂੰ ਮੁਰਤਜਾਖਾਨ ਅਤੇ ਸਾਈ ਮੀਆਂ ਮੀਰ ਆਏ। ਮੀਆਂ ਮੀਰ ਨੇ ਹਕੂਮਤ ਪ੍ਰਤੀ ਘੋਰ ਗੁੱਸਾ ਪ੍ਰਗਟ ਕੀਤਾ, ਪਰ ਆਪਣੇ ਆਪ ਨੂੰ ਬੇਬਸ ਪਾਇਆ। ਕਿਉਂਕਿ ਜਨੂਨੀ ਲੋਕ ਜਹਾਂਗੀਰ ਤੋਂ ਇਹ ਪਾਪ ਕਾਰਾ ਕਰਵਾ ਚੁਕੇ ਸਨ। ਲਿਖਤੀ ਹੁਕਮ ਪ੍ਰਾਪਤ ਕਰ ਚੁਕੇ ਸਨ। ਜਹਾਂਗੀਰ ਠੰਡੀਆਂ ਹਵਾਵਾਂ ਦਾ ਸੁਖ ਮਾਨਣ, ਕਸ਼ਮੀਰ ਨੂੰ ਜਾ ਚੁੱਕਿਆ ਸੀ। ਜਹਾਂਗੀਰ ਤੋਂ ਬਗੈਰ ਹੋਰ ਕੋਈ ਇਸ ਹੁਕਮ ਨੂੰ ਪਲਟ ਨਹੀਂ ਸਕਦਾ ਸੀ। ਮੁਰਤਜਾ ਖਾਨ ਨੇ ਫਿਰ ਇਸਲਾਮ ਧਾਰਨ ਕਰ ਲੈਣ ਤੇ ਜਾਨ ਬਚਾ ਲੈਣ ਦੀ ਗਲ ਕੀਤੀ। ਸਤਿਗੁਰੂ ਜੀ ਨੇ ਪੂਰੀ ਦ੍ਰਿੜਤਾ ਨਾਲ ਜਾਨ ਬਖਸੀ ਦੀ ਪੇਸ਼ਕਸ਼ ਠੁਕਰਾ ਦਿਤੀ। ਕਿਸੇ ਸਿਆਣੇ ਦਾ ਕਥਨ ਹੈ ਕਿ ‘‘ਹਰ ਮੌਤ ਮਨੁਖ ਦੀ ਇਛਾ ਤੋਂ ਵਿਰੁਧ ਆਉਂਦੀ ਹੈ, ਪਰ ਸ਼ਹੀਦ ਆਪਣੀ ਮੌਤ ਖੁਦ ਚੁਣਦਾ ਹੈ।`` ਇਕ ਸਾਇਰ ਲਿਖਦਾ ਹੈ - ‘‘ਇਸ ਜਾਂ ਕੀ ਤੋ ਕੋਈ ਬਾਤ ਨਹੀ, ਯਿਹ ਜਾਂ ਤੋ ਆਨੀ ਜਾਨੀ ਹੈ। ਜਿਸ ਧਜ ਸੇ ਕੋਈ ਮਕਤਲ ਮੇਂ ਗਿਆ ਵੋਹ ਸ਼ਾਨ ਸਲਾਮਤ ਰਹਿਤੀ ਹੈ।`` ਗੁਰੂ ਅਰਜਨ ਸਾਹਿਬ ਜੀ ਦੇ ਆਪਣੇ ਬਚਨ ਹਨ -
‘‘ਸੋ ਕਤ ਡਰੈ ਜਿ ਖਸਮੁ ਸਮਾਰੈ।।
ਡਰਿ ਡਰਿ ਪਚੇ ਮਨਮੁਖ ਵੇਚਾਰੇ।।`` (ਮ.5-644)
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ।।
ਡਰੁ ਚੂਕਾ ਦੇਖਿਆ ਭਰਪੂਰਿ।। (ਮ.5-186)
ਭੈ ਭੰਜਨ ਪ੍ਰਭ ਮਨਿ ਨ ਬਸਾਹੀ।।
ਡਰਪਤ ਡਰਪਤ ਜਨਮ ਬਹੁਤ ਜਾਹੀ।। (ਮ.5-197)
ਦੂਜੇ ਦਿਨ ਸਤਿਗੁਰੂ ਜੀ ਨੂੰ ਧੁੱਪੇ ਤਪਦੇ ਰੇਤ ਉਪਰ ਬਿਠਾਇਆ ਲਿਟਾਇਆ ਗਿਆ। ਨਾਲ ਹੀ ਸਰੀਰ ਉਪਰ ਗਰਮ ਰੇਤ ਲਗਾਤਾਰ ਪਾਇਆ ਗਿਆ। ਅੱਧਾ ਦਿਨ ਇਹੀ ਪਾਪ ਕਰਮ ਚਲਦਾ ਰਿਹਾ। ਸਤਿਗੁਰੂ ਜੀ ਬੇਹੋਸ ਹੋ ਗਏ, ਤਾਂ ਕਿਤੇ ਤਸੀਹੇ ਦਿੱਤੇ ਜਾਣੇ ਬੰਦ ਹੋਏ। ਉਸੇ ਤਰ੍ਹਾਂ ਰਾਤ ਲਈ ਫਿਰ ਕਾਲ ਕੋਠੜੀ ਵਿੱਚ ਬੰਦ ਕਰ ਦਿਤੇ ਗਏ। ਇਹੀ ਪਾਪ ਕਰਮ ਬੜੀ ਨਿਰਦੈਤਾ ਨਾਲ ਪੰਜ ਦਿਨਾਂ ਤਕ ਚਲਦਾ ਰਿਹਾ। ਜਦੋਂ ਹਾਕਮ ਜੁੰਡਲੀ ਤਸੀਹੇ ਦੇ ਕੇ ਸਤਿਗੁਰੂ ਜੀ ਨੂੰ ਝੁਕਾਉਣ ਤੋਂ ਅਸਮਰਥ ਹੋ ਗਈ ਤਾਂ ਫੈਸਲਾ ਹੋਇਆ ਕਿ ਰਾਵੀ ਦੇ ਕਿਨਾਰੇ ਲਿਜਾਇਆ ਜਾਵੇ। ਆਮ ਲੋਕਾਂ ਵਿੱਚ ਇਹ ਪਰਚਾਰਿਆ ਗਿਆ ਕਿ ਸਤਿਗੁਰੂ ਜੀ ਨੇ ਰਾਵੀ ਵਿੱਚ ਇਸ਼ਨਾਨ ਦੀ ਇੱਛਾ ਪ੍ਰਗਟ ਕੀਤੀ ਹੈ। ਰਾਵੀ ਦੇ ਤੱਤੇ ਰੇਤ ਉਪਰ ਬਸਤਰ ਉਤਾਰਕੇ ਫਿਰ ਲਿਟਾਇਆ ਗਿਆ। ਜਨੂਨੀ ਸਿਪਾਹੀਆਂ ਨੂੰ ਵੱਟੇ ਮਾਰਨ ਲਈ ਆਖਿਆ ਗਿਆ। ਕਾਫੀ ਦੇਰ ਤਕ ਛਾਲੇ ਛਾਲੇ ਹੋਏ ਸਰੀਰ ਤੇ ਵੱਟੇ ਵਜਦੇ ਰਹੇ। ਸਤਿਗੁਰੂ ਜੀ ਇਸ ਅਸਹਿ ਦੁਖ ਨੂੰ ਬਰਦਾਸਤ ਕਰਦੇ ਰਹੇ। ਇਕ ਸਿਪਾਹੀ ਵਲੋਂ ਮਾਰਿਆ ਗਿਆ ਰੋੜਾ ਸਤਿਗੁਰੂ ਜੀ ਦੇ ਮੱਥੇ ਵਿੱਚ ਆਣ ਵੱਜਾ। ਉਸੇ ਥਾਂ ਤੋਂ ਲਹੂ ਸਿੰਮਣ ਲਗ ਪਿਆ। ਪੰਜ ਦਿਨਾਂ ਦੇ ਅਣਮਨੁਖੀ ਅਤਿਆਚਾਰਾਂ ਨਾਲ ਸਰੀਰ ਵਿੱਚੋਂ ਖੂਨ ਤਾਂ ਵੈਸੇ ਹੀ ਖਤਮ ਹੋਣ ਵਰਗਾ ਸੀ। ਨਿਢਾਲ ਸਰੀਰ ਹੋਰ ਤਸੀਹੇ ਹੋਰ ਮਾਰ ਹੋਰ ਜਖਮ......। ਜਦੋਂ ਮੱਥੇ ਦੇ ਜ਼ਖ਼ਮ ਵਿੱਚੋਂ ਲਹੂ ਬਾਹਰ ਸਿੰਮ ਪਿਆ, ਉਸ ਵਕਤ ਇਸ ਪਾਪ ਕਾਰੇ ਦੇ ਮੁਖੀ ਨੇ ਹੁਕਮ ਦਿਤਾ ਕਿ ‘‘ਸਰੀਰ ਨਾਲ ਭਾਰੇ ਜਿਹੇ ਪੱਥਰ ਬੰਨ੍ਹ ਕੇ ਦਰਿਆ ਵਿੱਚ ਰੋਹੜ ਦਿਉ। ਹੁਣ ਬਹੁਤ ਤਸੀਹੇ ਦਿਤੇ ਜਾ ਚੁਕੇ ਹਨ। ਸਾਡੀ ਇਕ ਭੀ ਸ਼ਰਤ ਇਹਨਾਂ ਵਲੋਂ ਪਰਵਾਨ ਨਹੀਂ ਕੀਤੀ ਗਈ। ਗਲ ਖਤਮ ਕਰ ਦਿਓ।`` ਇਸੇ ਤਰ੍ਹਾਂ ਕੀਤਾ ਗਿਆ। ਸਰੀਰ ਨਾਲ ਪੱਥਰ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋਹੜ ਦਿਤੇ ਗਏ। ਇਸ ਤਰ੍ਹਾਂ ਲੰਮਾ ਸਮਾਂ ਤਸੀਹੇ ਝੱਲ ਕੇ ਅਸੂਲਾਂ ਤੇ ਅਡੋਲ ਰਹਿਕੇ ਸਤਿਗੁਰੂ ਜੀ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਗਏ। ਹਕੂਮਤ ਵਲੋਂ ਇਹ ਝੁਠਾ ਪਰਚਾਰ ਕੀਤਾ ਗਿਆ ਕਿ ਸਤਿਗੁਰੂ ਜੀ ਇਸ਼ਨਾਨ ਕਰ ਗਏ ਸੀ ਵਾਪਸ ਪਰਤਕੇ ਨਹੀਂ ਆਏ। ਨਾ ਸਮਝ ਸਿੱਖ ਇਸ ਝੁਠ ਨੂੰ ਅੱਜ ਤਕ ਸੱਚ ਮੰਨੀ ਜਾ ਰਹੇ ਹਨ। ਅਖੇ ਜੀ ‘‘ਗੁਰੂ ਅਰਜਨ ਸਾਹਿਬ ਸਰੀਰ ਸਮੇਤ ਸੱਚਖੰਡ ਚਲੇ ਗਏ।`` ਅੇ ਲਕੀਰ ਦੇ ਫਕੀਰੋ! ਜੇ ਸਤਿਗੁਰੂ ਜੀ ਨੇ ਕਰਾਮਾਤੀ ਢੰਗ ਨਾਲ ‘‘ਸੱਚਖੰਡ`` ਜਾਣਾ ਸੀ ਤਾਂ ਪੰਜ ਦਿਨਾਂ ਤਕ ਘੋਰ ਤਸੀਹੇ ਝੱਲਣ ਦੀ ਕੀ ਲੋੜ ਸੀ ? ਦੁਖ ਭੋਗਣੇ ਕੋਈ ਸ਼ੌਂਕ ਸੀ ਉਹਨਾਂ ਦਾ ? ਜੇ ਕਰਾਮਾਤ ਕਰਨੀ ਹੀ ਸੀ ਤਾਂ ਜਾਲਮ ਹਾਕਮਾਂ ਨੂੰ ਬਣਦੀ ਸਜਾ ਦੇ ਦਿੰਦੇ। ਜਾਂ ਕਰਾਮਾਤ ਨਾਲ ਉਹਨਾਂ ਦਾ ਮਨ ਹੀ ਬਦਲ ਦਿੰਦੇ। ਅਗਰ ਅਜੇਹੀਆਂ ਕਰਾਮਾਤਾਂ ਨਾਲ ਕੁਝ ਸੰਵਰਨਾ ਹੁੰਦਾ ਤਾਂ ਦੁਖ ਭੋਗਣ ਤਸੀਹੇ ਝੱਲਣ ਜੰਗ ਲੜਨ ਦੀ ਫਿਰ ਕੀ ਲੋੜ ਸੀ ? ਸਤਿਗੁਰੂ ਨੇ ਸ਼ਹਾਦਤ ਦੇ ਨਵੇਂ ਪੂਰਨੇ ਪਾਏ। ਐ ਸੰਸਾਰ ਦੇ ਲੋਕੋ! ਜੇ ਗੁਰੂ ਘਰ ਨੇ ਜੀਵਨ ਜਾਚ ਦੱਸੀ ਹੈ, ਤਾਂ ਮਰਨ ਦੀ ਜਾਚ ਭੀ ਦਸ ਰਿਹਾ ਹੈ। ਮੈਂ ਮੋਹਰੀ ਹੋ ਕੇ (ਗੁਰੂ ਅਰਜਨ ਸਾਹਿਬ) ਮੌਤ ਨੂੰ ਕਬੂਲ ਕਰ ਰਿਹਾ ਹਾਂ। ਜ਼ਿੰਦਗੀ ਨਾਲੋਂ ਅਸੂਲ ਜ਼ਿਆਦਾ ਵੱਡਾ ਹੈ, ਜ਼ਿੰਦਗੀ ਵੱਡੀ ਨਹੀਂ ਹੈ।
ਜੀਵਨੁ ਮਰਣੁ ਜਨਮੁ ਪਰਵਾਣੁ।।
ਜਾ ਕੈ ਰਿਦੈ ਵਸੈ ਭਗਵਾਨੁ।। (ਮ.5-195)
ਸੇਵਕ ਕੀ ਓੜਕ ਨਿਭ ਹੀ ਪ੍ਰੀਤਿ।।
ਜੀਵਤ ਸਾਹਿਬ ਸੇਵਿਓ ਅਪੁਨਾ ਚਲਤੇ ਰਾਖਿਓ ਚੀਤਿ।।
ਆਗਿਆ ਮਹਿ ਭੂਖ ਸੋਈ ਕਰਿ ਸੂਖਾ, ਸੋਗ ਹਰਖ ਨਹੀ ਜਾਨਿਓ।।
ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ।। (ਮ.5-1000)
ਦਰਿਆ ਵਿੱਚ ਡੋਬ ਕੇ ਮਾਰ ਦੇਣ ਬਾਰੇ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਦੇ ਹਨ - ‘‘ਕਿ ਗੁਰੂ ਅਰਜਨ ਦਰਿਆਏ ਰਾਵੀ ਨਾ ਬੋੜਿਓ ? ਕਿ ਗੁਰੂ ਤੇਗ ਬਹਾਦਰ ਸੀਸ ਨਾ ਤੋੜਿਓ ?`` ਭਾਵ - ਕੀ ਗੁਰੂ ਅਰਜਨ ਸਾਹਿਬ ਜੀ ਨੂੰ ਦਰਿਆ ਰਾਵੀ ਵਿੱਚ ਡੋਬ ਕੇ ਨਹੀ ਮਾਰਿਆ ਗਿਆ ? ਕੀ ਗੁਰੂ ਤੇਗ ਬਹਾਦਰ ਜੀ ਨੂੰ, ਦਿੱਲੀ ਵਿੱਚ, ਸਿਰ ਕੱਟ ਕੇ ਨਹੀਂ ਮਾਰਿਆ ਗਿਆ ?
ਨਤੀਜੇ - ਪੰਜਵੇ ਨਾਨਕ ਦੀ ਸ਼ਹੀਦੀ ਨੇ, ਸਾਰੇ ਪੰਜਾਬ ਨੂੰ ਰੋਹ ਵਿੱਚ ਭਰ ਦਿਤਾ। ਗੁੱਸੇ ਨਾਲ ਲੋਕੀ ਭੜਕ ਉਠੇ। ਖੁਦਾ ਦੇ ਕਹਿਰ ਤੋਂ ਡਰਨ ਵਾਲੇ ਮੁਸਲਮਾਨ ਭੀ, ਪਛਤਾਵੇ ਦੇ ਹੰਝੁ ਕੇਰਦੇ ਵੇਖੇ ਗਏ। ਸਿੱਖਾਂ ਦੀ ਗਿਣਤੀ ਬਹੁਤ ਵਧ ਚੁਕੀ ਸੀ, ਇਸ ਲਈ ਉਹ ਕਿਸੇ ਭੀ ਹੱਦ ਤਕ ਜਾਣ ਲਈ ਤਿਆਰ ਸਨ। ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਬਾਬਾ ਬੁੱਢਾ ਜੀ, ਤੇ ਭਾਈ ਗੁਰਦਾਸ ਜੀ ਨੇ, ਸਾਰੇ ਹਾਲਾਤ ਨੂੰ ਕੰਟਰੋਲ ਕੀਤਾ। ਸਾਰਿਆਂ ਨੂੰ ਧੀਰਜ ਵਿੱਚ ਰਹਿਣ ਲਈ ਪ੍ਰੇਰਿਆ ਗਿਆ। ਸਮਾਂ ਆਉਣ ਤੇ ਸੋਚ ਵਿਚਾਰ ਕਰਕੇ, ਅਗਲੇਰੀ ਕਾਰਵਾਈ ਕਰਨ ਬਾਰੇ ਵਿਸ਼ਵਾਸ਼ ਦਵਾਇਆ ਗਿਆ। ਕੁਝ ਹੀ ਸਮੇਂ ਅੰਦਰ ਛੇਵੇਂ ਪਾਤਿਸ਼ਾਹ ਦੀ ਸਰਪਰਸਤੀ ਵਿੱਚ, ਇਕ ਤਕੜੀ ਫੌਜ ਜੁੜ ਗਈ। ਲੋੜੀਂਦੇ ਹਥਿਆਰਾਂ ਦਾ ਬੰਦੋਬਸਤ ਕੀਤਾ ਜਾਣ ਲੱਗਾ। ਘੋੜੇ ਪਹਿਲਾਂ ਭੀ ਮੌਜੂਦ ਸਨ, ਤੇ ਲੋੜ ਮੁਤਾਬਕ ਹੋਰ ਖ੍ਰੀਦੇ ਗਏ। ਨੌਜਵਾਨਾ ਦੀ ਫੌਜੀ ਸਿਖਿਆ ਦਾ, ਬਾਹੂਬਲ ਵਧਾਉਣ ਦਾ, ਯੋਗ ਪ੍ਰਬੰਧ ਕੀਤਾ ਗਿਆ। ਹਕੂਮਤ ਨੇ ਪੰਜਵੇਂ ਸਤਿਗੁਰੂ ਜੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਸੋਚ ਲਿਆ ਸੀ ਕਿ ਸਿੱਖ ਧਰਮ ਮਰਮੁੱਕ ਜਾਵੇਗਾ। ਡਰਦੇ ਮਾਰੇ ਅਗੋਂ ਕੋਈ ਸਿੱਖ ਨਹੀਂ ਬਣੇਗਾ। ਪਰ ਇਧਰ ਛੇਵੇਂ ਨਾਨਕ ਜੀ ਨੇ ਧਰਮ ਤਾਂ ਬਚਾਇਆ ਹੀ ਸੀ, ਸਗੋਂ ਦਰਬਾਰ ਸਾਹਿਬ ਦੇ ਸਾਹਮਣੇ ‘‘ਅਕਾਲ ਤਖਤ`` ਦੀ ਉਸਾਰੀ ਕਰਕੇ, ਡੰਕੇ ਦੀ ਚੋਟ ਨਾਲ ਐਲਾਨ ਕਰ ਦਿਤਾ ਕਿ ਅਸੀਂ ਹੁਣ ਰਾਜ ਪ੍ਰਾਪਤ ਭੀ ਕਰਨਾ ਹੈ। ਤਖਤ ਤਾਜ ਬਾਜ, ਸੰਤ ਸਿਪਾਹੀ ਇਹ ਸਿੱਖੀ ਦਾ ਅਟੁੱਟ ਅੰਗ ਹੋਣਗੇ। ਮਾਯੂਸੀ ਬੇਦਿਲੀ ਡਰ ਆਦਿ ਤੋਂ ਸਤਿਗੁਰੂ ਜੀ ਨੇ ਬੀਰਤਾ ਸਵੈਮਾਣ ਤੇ ਸਵੈ ਰੱਖਿਆ ਵਾਲੇ ਪਾਸੇ ਸਿੱਖਾਂ ਦੀਆਂ ਮੁਹਾਣਾ ਮੋੜ ਦਿਤੀਆਂ।
ਸ਼ਹੀਦੀ ਪੁਰਬ ਤੇ ਛਬੀਲਾਂ
ਅਤਿ ਦੀ ਗਰਮੀ ਵਿੱਚ ਗੁਰਦਵਾਰੇ ਹਾਜਰੀ ਭਰਨ ਆਈਆਂ ਸੰਗਤਾਂ ਲਈ, ਪਾਣੀ ਦਾ ਬੰਦੋਬਸਤ ਕਰਨਾ ਹੋਰ ਗਲ ਹੈ। ਗੁਰਦਵਾਰਿਆਂ ਦੀ ਹੱਦ ਅੰਦਰ ਠੰਢੇ ਮਿੱਠੇ ਸਰਬਤ ਦੀਆਂ ਛਬੀਲਾਂ ਤਾਂ ਇਕ ਮੇਲੇ ਵਰਗਾ ਪਰਭਾਵ ਦਿੰਦੀਆਂ ਹਨ। ਫਿਰ ਇਸ ਇਕੋ ਦਿਨ ਪੰਜਾਬ ਵਿੱਚ ਖਾਸ ਕਰਕੇ, ਬਾਕੀਆਂ ਥਾਵਾਂ ਤੇ ਆਮ ਕਰਕੇ, ਹਰ ਥਾਂ ਮਿੱਠਾ ਪਾਣੀ ਸਰਬਤ...। ਇਕੋ ਦਿਨ ਵਿੱਚ ਕਿੰਨਾ ਕੁ ਪਾਣੀ ਕੋਈ ਪੀ ਲਵੇਗਾ ? ਟ੍ਰੈਫਕ ਵਿੱਚ ਰੁਕਾਵਕ, ਕੰਮਾਕਾਰਾਂ ਤੋਂ ਦੇਰੀ, ਸ਼ੂਗਰ ਦੇ ਮਰੀਜਾਂ ਨੂੰ ਜਬਰੀ ਮਿੱਠਾ ਪਾਣੀ ਪਿਲਾਣਾ, ਕੀ ਇਹ ਸ਼ਰਧਾ ਹੈ ਜਾ ਅਗਿਆਨਤਾ ਹੈ ? ਇਸ ਸ਼ਹੀਦੀ ਵਾਲੇ ਦਿਨ, ਜੋ ਪੈਸਾ ਛਬੀਲਾਂ ਰਾਹੀਂ ਰੁੜ ਜਾਂਦਾ ਹੈ, ਉਹ ਬਚਾਕੇ, ਅਗਰ ਚੰਗਾ ਸਾਹਿਤ ਛਾਪ ਕੇ, ਪੰਚਮ ਗੁਰਦੇਵ ਜੀ ਦੇ ਉਪਕਾਰ ਦੱਸੇ ਜਾਣ ਤਾਂ ਕਿੰਨਾ ਚੰਗਾ ਹੋਵੇ। ਛਬੀਲਾਂ ਦੀ ਸੇਵਾ ਕਰਨ ਵਾਲੇ ਨੌਜਵਾਨ ਗੁਰਬਾਣੀ ਅਤੇ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ ਹੁੰਦੇ। ਕਿੰਨੇ ਕੁ ਜਾਣਦੇ ਹਨ ਕਿ ਇਸ ਲੂੰ ਕੰਡੇ ਕਰਨ ਵਾਲੀ ਸ਼ਹੀਦੀ ਕਿਉਂ ਹੋਈ ? ਇਸ ਦਾ ਪਿਛੋਕੜ ਤੇ ਕਾਰਨ ਕੀ ਸਨ ? ਅੱਜ ਇਸ ਸ਼ਹੀਦੀ ਤੋਂ ਸਾਨੂੰ ਕੀ ਸਿਖਿਆ ਜਾਂ ਸੇਧ ਮਿਲ ਰਹੀ ਹੈ ? ਜੇ ਛਬੀਲਾਂ ਲਾਉਣ ਵਾਲਿਆਂ ਸੇਵਾ ਕਰਨ ਵਾਲਿਆਂ ਨੂੰ ਖੁਦ ਹੀ ਗਿਆਨ ਨਹੀਂ ਹੈ ਫਿਰ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ ?
ਗੁਰੂ ਪਿਆਰ ਵਾਲਿਓ! ਛਬੀਲਾਂ ਤਾਂ ਲਾਉ ਜ਼ਰੂਰ ਕਿ ਅਤਿ ਦੀ ਗਰਮੀ ਵਿੱਚ ਸੰਗਤਾਂ ਨੂੰ ਸੀਤਲ ਜਲ ਸੌਖਾ ਪ੍ਰਾਪਤ ਹੋ ਸਕੇ। ਇਹ ਛਬੀਲਾਂ ਸਾਦੇ ਪਾਣੀ ਦੀਆਂ ਹੀ ਹੋਣ, ਕੋਈ ਹਰਜ ਨਹੀਂ। ਅਸਲੀ ਛਬੀਲਾਂ ਲਾਉਣ ਦਾ ਚੇਤਾ ਹੀ ਭੁੱਲ ਗਿਆ, ਉਹ ਹਨ ਗੁਰਮਤ ਸਾਹਿਤ ਦੀਆਂ ਛਬੀਲਾਂ। ਮੁਸਲਮਾਨ ਤੇ ਇਸਾਈ ਧਾਰਮਕ ਲਿਟਰੇਚਰ ਮੁਫਤ, ਘਰੋ ਘਰੀ ਪੁਚਾ ਰਹੇ ਹਨ। ਸਾਡੇ ਮੁਖੀਆਂ ਨੇ ਤਾਂ ਕਦੀ ਇਸ ਪਾਸੇ ਸੋਚਣ ਦਾ ਕਸਟ ਹੀ ਨਹੀਂ ਕੀਤਾ। ਸੈਂਕੜੇ ਬੋਲੀਆਂ ਵਿੱਚ ਉਹਨਾਂ ਦਾ ਸਾਹਿਤ ਛਪਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਰਿਹਾ ਹੈ। ਇਕ ਸਿੱਖ ਪ੍ਰਬੰਧਕ ਹਨ ਕਿ ਸਿੱਖਾਂ ਤਕ ਹੀ ਚੰਗਾ ਸਾਹਿਤ ਨਹੀਂ ਪੁਚਾ ਰਹੇ। ਫਿਰ ਸਿੱਖੀ ਕਿਵੇਂ ਵਧੇ ਫੁਲੇਗੀ ? ਜੇ ਕਿਸੇ ਭੈਣ ਭਰਾ ਆਮ ਸਿੱਖ ਨੂੰ, ਅਤੇ ਗੁਰਦਵਾਰਾ ਕਮੇਟੀਆਂ ਨੂੰ ਥੋੜਾ ਜਿੰਨਾ ਭੀ ਸਿੱਖੀ ਪ੍ਰਤੀ ਪਿਆਰ ਹੈ, ਤਾਂ ਚੰਗਾ, ਮਿਆਰੀ ਧਾਰਮਕ ਸਾਹਿਤ ਛਪਵਾ ਕੇ, ਹਰ ਘਰ ਤੇ ਹਰ ਪ੍ਰਾਣੀ ਤਕ ਲਗਾਤਾਰ ਪੁਜਦਾ ਕੀਤਾ ਜਾਇਆ ਕਰੇ। ਪੇਟ ਪੂਰਤੀ ਵਾਲੇ ਲੰਗਰਾਂ ਤੇ ਬਹੁਤ ਪੈਸਾ ਚਲਾ ਗਿਆ, ਪਰ ਸਿਖੀ ਦੀ ਚੜਦੀ ਕਲਾ ਨਹੀਂ ਹੋਈ। ਨਗਰ ਕੀਰਤਨਾ, ਕੀਰਤਨ ਦਰਬਾਰਾ, ਖਾਲਸਾ ਮਾਰਚਾਂ ਤੇ ਬੜਾ ਪੈਸਾ ਰੁੜ ਗਿਆ ਹੈ ਕੁਝ ਨਹੀਂ ਬਣਿਆ। ਆਓ ਇਹਨਾਂ ਵਾਧੂ ਜਾ ਰਹੇ ਰੁਪਿਆਂ ਨੂੰ ਚੰਗੇ ਸਾਹਿਤ ਵਾਲੇ ਪਾਸੇ ਖਰਚਣ ਦਾ ਸੁਭਾ ਬਣਾਈਏ। ਸਿੱਖੀ ਦੀ ਚੜਦੀ ਕਲਾ ਕਰਨ ਵਿੱਚ ਬਣਦਾ ਸਰਦਾ ਯੋਗਦਾਨ ਪਾਈਏ।
ਰੇ ਮੂੜੇ! ਅਨਕਾਹੇ ਕਤ ਜਾਈ ?
ਸੰਗਿ ਮਨੋਹਰੁ ਅੰਮ੍ਰਿਤ ਹੈ ਰੇ ਭੂਲਿ ਭੂਲਿ ਬਿਖੁ ਖਾਈ।। (1212)
ਰਸਿ ਚੂਗਹਿ ਮਨਮੁਖ ਗਾਵਾਰਿ।।
ਫਾਥੀ ਛੂਟਹਿ ਗੁਣ ਗਿਆਨ ਬੀਚਾਰਿ।। (1276)
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ।।
ਹਰਿ ਨਾਮ ਨ ਪਾਇਆ, ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰਿ ਕਰੇ ਖੁਆਰ।।(508)
ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ।।
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ।।
ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ।। (28)
