ਧਰਮ ਵਿਦਿਆ ਬੱਚਿਆਂ ਲਈ ਕਿ ਮਾਤਾ-ਪਿਤਾ ਲਈ

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਦੁਨੀਆ ਦੇ ਪ੍ਰਸਿੱਧ ਮਨੋਵਿਗਿਆਨੀ ਦਸਦੇ ਹਨ ਕਿ ਜੋ ਵਿਚਾਰ ਤੁਸੀਂ ਬੱਚੇ ਨੂੰ ਛੋਟੀ ਉਮਰ ਤੋਂ ਦੇਣੇ ਸ਼ੁਰੂ ਕਰ ਦਿਉਗੇ ਉਹਨਾਂ ਵਿਚਾਰਾਂ ਨੂੰ ਧਾਰਨ ਕਰਕੇ ਬੱਚਾ ਉਸੇ ਤਰ੍ਹਾਂ ਦਾ ਇਨਸਾਨ ਬਣ ਜਾਵੇਗਾ। ਇਹ ਨਿਰਭਰ ਕਰਦਾ ਹੈ ਸਿਖਾਉਣ-ਪੜ੍ਹਾਉਣ ਉਪਰ ਕਿ ਉਹ ਖੁਦ ਕਿਤਨਾ ਗਿਆਨਵਾਨ ਹੈ, ਆਪਣੇ ਗਿਆਨ ਨੂੰ ਬੱਚਿਆਂ ਵਿਚ ਸੰਚਾਰਤ ਕਰਨ ਦੀ ਕਿੰਨੀ ਕੁ ਯੋਗਤਾ ਰੱਖਦਾ ਹੈ। ਬੱਚਿਆਂ ਨੂੰ ਤਿਆਰ ਕਰਨ ਤੋਂ ਪਹਿਲਾਂ ਟੀਚਰਾਂ ਦੀ ਸਿੱਖਿਆ ਅਤੀ ਜ਼ਰੂਰੀ ਹੈ ਵਰਨਾ ਜਿਸ ਤਰ੍ਹਾਂ ਦੇ ਅਧਿਆਪਕ ਹੋਣਗੇ, ਬੱਚੇ ਉਹਨਾਂ ਤੋਂ ਕਿਸੇ ਤਰ੍ਹਾਂ ਭੀ ਚੰਗੇ ਨਹੀਂ ਹੋ ਸਕਣਗੇ। ਬੱਚੇ ਵਾਸਤੇ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਰੋਲ ਮਾਡਲ ਹੋਇਆ ਕਰਦੇ ਹਨ। ਜੇ ਮਾਸਟਰ ਅਗਿਆਨੀ ਹੈ, ਕ੍ਰੋਧੀ ਹੈ, ਵਿਕਾਰੀ ਹੈ, ਨਸ਼ਈ ਹੈ, ਝੂਠ ਬੋਲਦਾ ਹੈ; ਤਾਂ ਬੱਚਿਆਂ ਤੋਂ ਚੰਗੇ ਨਾਗਰਿਕ ਬਣਨ ਦੀ ਆਸ ਰੱਖਣੀ ਬੇਮਾਹਨੀ ਹੈ। ਠੀਕ ਵਕਤ ਸਿਰ ਦਿੱਤੀ ਗਈ ਯੋਗ ਸੇਧ ਅਤੇ ਉਤਸ਼ਾਹ ਵਿਦਿਆਰਥੀ ਨੂੰ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ। ਉਸਤਾਦ ਵੱਲੋਂ ਦਿੱਤੀ ਗਈ ਗਲਤ ਸਲਾਹ, ਚੰਗਾ ਕੰਮ ਕਰਨ ਵਾਲੇ ਬੱਚੇ ਨੂੰ ਨਕਾਰਦੇ-ਫਿਟਕਾਰਦੇ ਰਹਿਣਾ, ਉਸਨੂੰ ਕੁਰਾਹੇ ਪਾ ਸਕਦਾ ਹੈ। ਜਿੰLਦਗੀ ਵਿਚੋਂ ਫੇਲ ਕਰ ਸਕਦਾ ਹੈ ਤਾਂ ਤੇ ਜਿੱਥੇ ਟੀਚਰ ਗਿਆਨਵਾਨ ਹੋਵੇ ਉਥੇ ਇਹ ਭੀ ਉਤਨਾ ਹੀ ਜ਼ਰੂਰੀ ਹੈ ਕਿ ਉØੱਤਮ ਕਿਰਦਾਰ ਵਾਲਾ ਭਲਾ ਮਨੁੱਖ ਹੋਵੇ। ਸਾਡੀਆਂ ਸਰਕਾਰਾਂ ਅਤੇ ਸਕੂਲ ਚਲਾ ਰਹੀਆਂ ਸਭਾ ਸੁਸਾਇਟੀਆਂ ਨੂੰ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦੇਣਾ ਬਣਦਾ ਹੈ।

ਸਾਡੇ ਸਮਾਜ ਵਿਚ ਬੱਚੇ ਪੈਦਾ ਕਰਨ ਤੇ ਕੋਈ ਖਾਸ ਰੋਕ ਨਹੀਂ ਹੈ। ਮਾਤਾ-ਪਿਤਾ ਬਿਮਾਰ ਹੋਣ, ਅਪਾਹਜ ਹੋਣ, ਮਾਨਸਿਕ ਰੋਗੀ ਹੋਣ, ਈਰਖਾਲੂ ਕ੍ਰੋਧੀ ਵਿਕਾਰੀ ਹੋਣ, ਸਭ ਨੂੰ ਬੱਚੇ ਪੈਦਾ ਕਰਨ ਦਾ ਹੱਕ ਹੈ। ਫਿਰ ਬੱਚਿਆਂ ਦੀ ਸੰਭਾਲ ਬਾਰੇ ਮਾਤਾ-ਪਿਤਾ ਨੂੰ ਕੋਈ ਗਿਆਨ ਨਹੀਂ ਹੁੰਦਾ। ਮਾਮੂਲੀ ਅਲਾਮਤ ਤੋਂ ਵੱਡੀਆਂ ਬਿਮਾਰੀਆਂ ਬਣ ਜਾਂਦੀਆਂ ਹਨ, ਪਰ ਪਤੀ ਪਤਨੀ ਬੇਖ਼ਬਰ ਹੁੰਦੇ ਹਨ। ਕਈਆਂ ਥਾਵਾਂ ਤੇ ਪਿਤਾ ਨਸ਼ਈ ਹੁੰਦਾ ਹੈ, ਹੋਰ ਕਈ ਐਬ ਹੋ ਸਕਦੇ ਹਨ। ਆਰਥਕ ਤੰਗੀ ਵਿਚ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਸੰਭਵ ਨਹੀਂ ਹੁੰਦੀਆਂ। ਇਨ੍ਹਾਂ ਅਲਾਮਤਾਂ ਦਾ ਖਮਿਆਜਾ ਬੱਚਿਆਂ ਨੂੰ ਸਾਰੀ ਉਮਰ ਭੁਗਤਣਾ ਪੈਂਦਾ ਹੈ। ਮਾਤਾ-ਪਿਤਾ ਜਿਹੋ-ਜਿਹੀ ਅਕਲ ਅਤੇ ਕਿਰਦਾਰ ਦੇ ਮਾਲਕ ਹੁੰਦੇ ਹਨ, ਖੁਦ ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ, ਆਪਣੀਂ ਥਾਵੇਂ ਆਪਣੇ ਵਰਗੇ ਹੋਰ ਦੋ ਚਾਰ (ਬੱਚੇ) ਇਨਸਾਨ ਸਥਾਪਤ ਕਰ ਜਾਂਦੇ ਹਨ। ਇਹ ਚੱਕਰ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹਿੰਦਾ ਹੈ, ਕਦੀ ਕੋਈ ਵਿਰਲਾ ਇਸ ਘੁੰਮਣ-ਘੇਰ ਵਿਚੋਂ ਬਾਹਰ ਭਾਵੇਂ ਨਿਕਲ ਸਕੇ ਤੇ ਬਚ ਜਾਵੇ ਵਰਨਾ ਇਹ ਵਰਤਾਰਾ ਸਦੀਆਂ ਤੋਂ ਇਸੇ ਤਰ੍ਹਾਂ ਵਰਤ ਰਿਹਾ ਹੈ।

ਪਤੀ-ਪਤਨੀ ਆਪਣੇ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਇੱਕ ਮਨੋ-ਵਿਗਿਆਨੀ ਕੋਲ ਜਾ ਕੇ ਪੁੱਛਣ ਲੱਗੇ ‘‘ਜੀ ! ਕਿਰਪਾ ਕਰਕੇ ਦੱਸੋ ਅਸੀਂ ਆਪਣੇ ਬੱਚੇ ਨੂੰ ਕਿਸ ਉਮਰ ਤੋਂ ਵਿਦਿਆ ਦੇਣੀ ਸ਼ੁਰੂ ਕਰੀਏ?``।

‘‘ਜਨਮ ਤੋਂ ਇੱਕ ਸਾਲ ਪਹਿਲਾਂ ਪੜ੍ਹਾਈ ਸ਼ੁਰੂ ਕਰ ਦਿਉ।`` ਡਾਕਟਰ ਨੇ ਸੁਝਾਉ ਦਿੱਤਾ। ਪਤੀ-ਪਤਨੀ ਹੈਰਾਨ ਹੋ ਕੇ ਪੁੱਛਣ ਲੱਗੇ ‘‘ਭਲਾ ਇਹ ਕਿਵੇਂ ਸੰਭਵ ਹੈ?`` ਜਦੋਂ ਬੱਚਾ ਅਜੇ ਜਨਮਿਆ ਨਹੀਂ ਤਾਂ ਸਿੱਖਿਆ ਕਿਵੇਂ ਦੇਈਏ? ‘‘ਡਾਕਟਰ ਨੇ ਗੱਲ ਸਪੱਸ਼ਟ ਕਰਦਿਆਂ ਦੱਸਿਆ ਕਿ ਜੋ ਕੁੱਝ ਤੁਸੀਂ ਬੱਚੇ ਨੂੰ ਪੜ੍ਹਾਉਂਣਾ ਚਾਹੁੰਦੇ ਹੋ, ਪਹਿਲਾਂ ਖੁਦ ਉਸ ਬਾਰੇ ਪੜ੍ਹਾਈ ਕਰੋ। ਬੱਚੇ ਨੂੰ ਤਾਂ ਹੀ ਕੁੱਝ ਸਿਖਾ ਸਕੋਗੇ ਅਗਰ ਤੁਸੀਂ ਖੁLਦ ਸਿੱਖ ਚੁੱਕੇ ਹੋਵੋਗੇ। ਇਸ ਲਈ ਬੱਚੇ ਦੇ ਜਨਮ ਤੋਂ ਇੱਕ ਸਾਲ ਪਹਿਲਾਂ ਤੁਸੀਂ ਖੁਦ ਆਪਣੀ ਤਿਆਰੀ ਆਰੰਭ ਦਿਉ।`` ਇਸ ਅਵਸਥਾ ਨੂੰ ਵੇਖ ਕੇ ਹੀ ਸ਼ਾਇਦ ਕਿਸੇ ਸ਼ਾਇਰ ਨੇ ਇਹ ਸਤਰਾਂ ਲਿਖੀਆਂ ਹਨ:-

ਤਿਫਲ (ਬੱਚਾ) ਸੇ ਬੂ ਆਏ ਕਿਆ, ਮਾਂ ਬਾਪ ਕੇ ਕਿਰਦਾਰ ਕੀ।

ਦੂਧ ਤੋ ਡੱਬੇ ਕਾ ਹੈ, ਤਾਲੀਮ ਹੈ ਸਰਕਾਰ ਕੀ।

ਸਾਡਾ ਸਾਰਿਆਂ ਦਾ ਵੇਖਿਆ-ਪਰਖਿਆ ਜ਼ਿੰਦਗੀ ਦਾ ਤਜਰਬਾ ਦੱਸਦਾ ਹੈ ‘‘ਤੂਤ ਆਦਿ ਰੁੱਖ ਦੀਆਂ ਪਤਲੀਆਂ ਹਰੀਆਂ ਟਾਹਣੀਆਂ ਲੈ ਕੇ, ਉਸਨੂੰ ਮਨ ਇੱਛੇ ਢੰਗ ਨਾਲ ਮੋੜਿਆ ਜਾ ਸਕਦਾ ਹੈ। ਟੋਕਰੀਆਂ ਆਦਿ ਲੋੜੀਂਦੀਆਂ ਵਸਤਾਂ ਬਣਾਈਆਂ ਜਾ ਸਕਦੀਆਂ ਹਨ। ਦੂਜੇ ਪਾਸੇ ਅਗਰ ਇਹ ਪਤਲੀਆਂ ਟਾਹਣੀਆਂ ਮੋਟੀਆਂ ਹੋ ਜਾਣ ਜਾਂ ਸੁੱਕ ਜਾਣ ਤਾਂ ਇਹ ਮੁੜਨਗੀਆਂ ਨਹੀਂ ਟੁੱਟ ਭਾਵੇਂ ਜਾਣ। ਘੁਮਿਆਰ ਖੇਤਾਂ ਵਿਚੋਂ ਸੋਹਣੀ ਮਿੱਟੀ ਲਿਆ ਕੇ, ਉਸਨੂੰ ਕੁੱਟ ਕੇ ਬਰੀਕ ਕਰ ਲੈਂਦਾ ਹੈ। ਪਾਣੀ ਪਾ ਕੇ ਗੁੰਨਦਾ ਹੈ। ਪੂਰੀ ਤਿਆਰੀ ਤੋਂ ਬਾਅਦ ਚੱਕ ਨੂੰ ਜ਼ੋਰ ਨਾਲ ਘੁਮਾ ਕੇ ਪਾਣੀ ਵਾਲੇ ਹੱਥਾਂ ਵਿਚ ਉਸ ਮਿੱਟੀ ਦਾ ਢੇਲਾ ਲੈ ਕੇ, ਮਨ ਵਾਛਤ ਭਾਡੇ ਤਿਆਰ ਕਰਕੇ ਪਾਸੇ ਰੱਖੀ ਜਾਂਦਾ ਹੈ। ਬਣੇ ਭਾਂਡਿਆਂ ਨੂੰ ਸੁਕਾ ਕੇ ਰੰਗ ਕਰਕੇ ਅੱਗ ਵਿਚ ਪੱਕਣ ਲਈ ਤਰਤੀਬ ਨਾਲ ਰੱਖ ਦਿੰਦਾ ਹੈ। ਕੁੱਝ ਦਿਨਾਂ ਤੋਂ ਬਾਅਦ ਅੱਗ ਬੁੱਝ ਜਾਣ ਤੇ, ਆਵੀ ਵਿਚੋਂ ਭਾਂਡੇ ਕੱਢ ਲਏ ਜਾਂਦੇ ਹਨ। ਪਰ ਹੁਣ ਪੱਕੇ ਹੋਏ ਮਿੱਟੀ ਦੇ ਬਰਤਨਾਂ ਨੂੰ ਕੋਈ ਬਦਲਵਾਂ ਰੂਪ ਦੇਣਾ ਚਾਹੀਏ ਤਾਂ ਨਹੀਂ ਦੇ ਸਕਾਂਗੇ। ਹੁਣ ਤਾਂ ਜੇ ਮਿੱਟੀ ਦਾ ਬਰਤਨ ਟੁੱਟ ਭੀ ਗਿਆ ਤਾਂ ਠੀਕਰੀਆਂ ਤਾਂ ਬਣ ਜਾਵੇਗਾ ਦੁਬਾਰਾ ਇਸਨੂੰ ਜੋੜਨਾ ਨਾ ਮੁਮਕਿਨ ਹੈ। ਮਨ ਇੱਛਤ ਮਸ਼ੀਨਾਂ ਬਣਾਉਣੀਆਂ ਹੋਣ ਤਾਂ ਲੋਹਾ ਅੱਗ ਤੇ ਚਾਹੜ ਕੇ ਢਾਲਣਾ/ਪਿਘਲਣਾ ਪਵੇਗਾ, ਤਾਂ ਹੀ ਲੋੜੀਂਦੀ ਸ਼ਕਲ ਦਿੱਤੀ ਜਾ ਸਕਦੀ ਹੈ।``

ਜਿਸ ਦੂਰ ਅੰਦੇਸ਼ ਕਿਸਾਨ ਨੇ ਫਸਲ ਤੋਂ ਚੰਗਾ ਝਾੜ ਤੇ ਮੁਨਾਫਾ ਲੈਣਾ ਹੋਵੇ, ਉਹ ਲੰਮੀ ਸੋਚ ਵਿਚਾਰ ਤੋਂ ਬਾਅਦ, ਖੇਤੀ ਮਾਹਿਰਾਂ ਦੀ ਰਾਏ ਲੈ ਕੇ, ਸਾਰੇ ਲੋੜੀਂਦੇ ਪ੍ਰਬੰਧ ਕਰਕੇ ਕੰਮ ਸ਼ੁਰੂ ਕਰਦਾ ਹੈ। ਕਿਸੇ ਮਨੁੱਖ ਨੇ ਬਾਗ਼ ਲਾਉਣਾ ਹੋਵੇ ਤਾਂ ਪਹਿਲਾਂ ਜ਼ਮੀਨ ਦੀ ਪਰਖ ਕਰਵਾਏਗਾ, ਪਾਣੀ ਖਾਦ ਬਾਰੇ ਸੋਚੇਗਾ। ਫਲਾਂ ਲਈ ਮੰਡੀਕਰਣ ਧਿਆਨ ਵਿਚ ਰੱਖੇਗਾ। ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ ਜੇ ਬਾਗ਼ ਲਾਵੇਗਾ ਮੁਨਾਫਾ ਕਮਾ ਸਕੇਗਾ। ਇਸੇ ਤਰ੍ਹਾਂ ਖੇਡਾਂ ਵਿਚ ਨੌਜਵਾਨਾਂ ਨੂੰ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਲੰਮੀ ਤਿਆਰੀ ਦੀ ਜ਼ਰੂਰਤ ਹੋਇਆ ਕਰਦੀ ਹੈ। ਜਿਵੇਂ ਚੰਗੀ ਪੌਸ਼ਟਿਕ ਖੁਰਾਕ, ਤੰਦਰੁਸਤ ਸਰੀਰ, ਸਵੱਛ ਵਾਤਾਵਰਣ, ਖੁੱਲ੍ਹੇ ਖੇਡ ਗਰਾਊਂਡ ਅਤੇ ਮਾਹਿਰ ਖੇਡ ਕੋਚ ਤਾਂ ਕਿਤੇ ਕਾਮਯਾਬੀ ਦੀ ਉਮੀਦ ਕੀਤੀ ਜਾ ਸਕਦੀ ਹੈ। ਖ਼ਾਨਦਾਨੀ ਤੌਰ ਤੇ ਕਈ ਇੱਕ ਸੰਗੀਤ ਘਰਾਣੇ ਪ੍ਰਸਿੱਧ ਹਨ। ਉਹਨਾਂ ਵਿਚ ਸੰਗੀਤ ਬਾਰੇ ਇਨਾ ਗਿਆਨ ਇਕੋ ਦਿਨ ਨਹੀਂ ਆ ਗਿਆ। ਕਿਸੇ ਪੁਰਾਣੇ ਬਜ਼ੁਰਗ ਨੇ ਜੀਅ ਜਾਨ ਲਾ ਕੇ ਕਠਨ ਮਿਹਨਤ ਕੀਤੀ। ਬਸ ਉਸ ਤੋਂ ਮਗਰੋਂ ਮਾਹੌਲ ਤਿਆਰ ਹੋ ਗਿਆ। ਬੱਚਿਆਂ ਨੂੰ ਨਿੱਕੀ ਉਮਰੇ ਸਾਜ ਸੰਗੀਤ ਨਾਲ ਵਾਹ ਵਾਸਤਾ ਪੈਣ ਲੱਗਾ ਤੇ ਸਿਖਲਾਈ ਘਰੋਂ ਸਹਿਜੇ ਹੀ ਪ੍ਰਾਪਤ ਸੀ। ਇਸ ਤਰ੍ਹਾਂ ਅੱਗੇ ਤੋਂ ਅੱਗੇ ਚੰਗੇ ਸੰਗੀਤ ਘਰਾਣੇ ਸਥਾਪਤ ਹੋ ਗਏ। ਜ਼ਿੰਦਗੀ ਦੇ ਹਰ ਖੇਤਰ ਵਿਚ ਇਹੀ ਸਿਲਸਲਾ ਚੱਲਿਆ ਆ ਰਿਹਾ ਹੈ। ਹੁਣ ਜ਼ਰਾ ਕੁ ਇਤਿਹਾਸ ਵੱਲ ਤਰਦੀ ਨਜ਼ਰ ਮਾਰ ਲਈਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿਚ ਹੋਰ ਅਣਗਿਣਤ ਜਗਿਆਸੂ ਆਏ ਜੀਵਨ ਸੇਧ ਲੈਂਦੇ ਰਹੇ। ਪਰ ਬੂੜਾ ਨਾਮੀ ਬਾਲਕ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਵਿਚ ਅਜਿਹਾ ਲੀਨ ਹੋਇਆ। ਵਿਦਵਾਨ ਪੁਰਖ ਬਣਿਆ ਕਿ ਸਿੱਖ ਸਮਾਜ ਬਾਬਾ ਬੁੱਢਾ ਸਾਹਿਬ ਜੀ ਆਖਕੇ ਸਤਿਕਾਰ ਦੇਣ ਲੱਗ ਪਿਆ। ਇਸ ਬਾਬਾ ਜੀ ਨੂੰ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਅੰਗਦ ਸਾਹਿਬ ਜੀ ਖਡੂਰ ਵਿਖੇ ਛੋਟੇ ਬਾਲਕਾਂ ਨੂੰ ਗੁਰਬਾਣੀ ਪੜ੍ਹਾਉਣ ਲਈ ਉਚੇਚਾ ਧਿਆਨ ਦਿੰਦੇ ਸਨ। ਖੁਦ ਲੱਕੜੀ ਦੀ ਤਖਤੀ ਤੇ, ਪਹਿਲੇ ਪੰਜ ਗੁਰਮੁਖੀ ਅੱਖਰ ਲਿਖ ਬੱਚਿਆਂ ਨੂੰ ਲਿਖਣ ਲਈ ਉਤਸ਼ਾਹਤ ਕਰਦੇ ਸਨ। ਇਹੀ ਤਰੀਕਾ ਤੀਸਰੇ ਸਤਿਗੁਰੂ ਜੀ ਸਮੇਂ ਭੀ ਚਲਦਾ ਰਿਹਾ। ਗੁਰੂ ਅਰਜਨ ਸਾਹਿਬ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਨੇ ਸਾਰੀ ਵਿਦਿਆ ਨਾਨਾ ਸਤਿਗੁਰੂ ਜੀ ਤੋਂ ਹੀ ਪੜ੍ਹੀ ਸੀ। ਨਾਨੀ ਜੀ ਆਪਣੇ ਨਾਲ ਬਾਸਰਕੇ ਲੈ ਆਏ। ਇਥੇ ਹੀ ਗੁਰੂ ਅਮਰਦਾਸ ਜੀ ਦਾ ਮਿਹਰ ਭਰਿਆ ਹੱਥ ਬਾਲਕ ਜੇਠਾ ਜੀ ਦੇ ਸਿਰ ਤੇ ਟਿਕਿਆ ਤੇ ਸਤਿਗੁਰੂ ਉਸਨੂੰ ਆਪਣੇ ਨਾਲ ਗੋਇੰਦਵਾਲ ਲੈ ਗਏ। ਖੁਦ ਗੁਰਬਾਣੀ ਗੁਰਮੁਖੀ ਪੜ੍ਹਾਈ, ਸੰਗੀਤ ਦੀ ਵਿਦਿਆ ਦਿੱਤੀ, ਸੇਵਾ ਲਈ ਉਤਸ਼ਾਹ ਭਰਿਆ। ਸਾਰੇ ਪੱਖਾਂ ਤੋL ਮੁਕੰਮਲ ਹੋਣ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਠਾ, ਜਿੰLਮੇਵਾਰੀ ਸੌਂਪ ਦਿੱਤੀ।

ਤਿੰਨਾਂ ਭਰਾਵਾਂ ਵਿਚੋਂ ਬਾਲਕ (ਗੁਰੂ) ਅਰਜਨ ਸਾਹਿਬ ਵਧੇਰੇ ਹੋਣਹਾਰ ਨਿਕਲਿਆ। ਕੇਵਲ ਅਠਾਰਾਂ ਸਾਲ ਦੇ ਮੁੱਛ-ਫੁੱਟ ਗੱਭਰੂ ਸਨ ਕਿ ਸਤਿਗੁਰੂ ਰਾਮਦਾਸ ਜੀ ਨੇ ਇਨ੍ਹਾਂ ਨੂੰ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਬਖ਼ਸ਼ ਦਿੱਤੀ। ਸਮੇਂ ਦੀ ਫਿਰਕੂ ਸਰਕਾਰ ਵੱਲੋਂ ਜਨੂਨੀ ਬ੍ਰਾਹਮਣਾਂ ਵੱਲੋਂ, ਅਤੇ ਵੱਡੇ ਭਰਾ ਪ੍ਰਿਥੀ ਚੰਦ ਵੱਲੋਂ ਬਹੁਤ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ, ਪਰ ਅਡੋਲ ਰਹਿ ਕੇ ਸਾਰੇ ਕਾਰਜ ਕਰਦੇ ਰਹੇ। ਇਨ੍ਹਾਂ ਦੀ ਸ਼ਹੀਦੀ ਵਕਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ ਕੇਵਲ ਗਿਆਰਾਂ ਕੁ ਸਾਲ ਸੀ। ਗੁਰੂ ਪਿਤਾ ਦੀ ਆਗਿਆ ਮੁਤਾਬਕ ਹਥਿਆਰ ਧਾਰਨ ਕੀਤੇ, ਫੌਜਾਂ ਭਰਤੀ ਕੀਤੀਆਂ, ਅਕਾਲ ਤਖ਼ਤ ਦੀ ਸਿਰਜਣਾ ਕੀਤੀ, ਜੰਗ ਜੁਧ ਕੀਤੇ। ਇੰਨੀ ਛੋਟੀ ਉਮਰੇ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਗੁਰਮਤਿ ਦੀ ਸਿੱਖਿਆ ਚੱਲਦੀ ਰਹੀ, ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜ਼ਮਾਨ ਕਰ ਦਿੱਤਾ, ਤਦੋਂ ਹਰਿ ਰਾਇ ਸਾਹਿਬ ਦੀ ਉਮਰ ਕੇਵਲ ਚੋਦਾਂ ਕੁ ਸਾਲ ਦੀ ਸੀ। ਅੱਗੋਂ ਤਾਂ ਹੋਰ ਭੀ ਹੈਰਾਨੀਜਨਕ ਕਾਰਨਾਮੇ ਹੋਏ ਬਾਲਕ (ਗੁਰੂ) ਹਰਿ ਕਿਸ਼ਨ ਜੀ ਸਾਢੇ ਕੁ ਪੰਜ ਸਾਲ ਦੀ ਉਮਰ ਵਿਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਸਨ। ਜਿਤਨਾ ਸਮਾਂ ਅਕਾਲ ਪੁਰਖ ਵੱਲੋਂ ਮਿਲਿਆ, ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਰਹੇ। ਅੰਤ ਸਿਆਣਪ ਭਰੀ ਚੋਣ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ, ਜੋਤੀ-ਜੋਤਿ ਸਮਾ ਗਏ। ਦਸਮ ਪਾਤਸ਼ਾਹ ਜੀ ਨੂੰ ਪੂਰੀ ਤਰ੍ਹਾਂ ਯੋਗ ਜਾਣਕੇ ਪਰਖ ਕਰਕੇ ਨੌਵੇਂ ਸਤਿਗੁਰਾਂ, ਗੁਰਗੱਦੀ ਦੇਣ ਦਾ ਐਲਾਨ ਕਰ ਦਿੱਤਾ ਤੇ ਖੁਦ ਅੋਰੰਗਜ਼ੇਬ ਦੇ ਸੱਦੇ ਤੇ ਦਿੱਲੀ ਵੱਲ ਚੱਲ ਪਏ। ਤਦੋਂ ਗੁਰੂ ਗੋਬਿੰਦ ਰਾਏ ਜੀ ਦੀ ਸਰੀਰਕ ਉਮਰ ਕਰੀਬ ਸਾਢੇ ਨੌਂ ਕੁ ਸਾਲ ਸੀ। ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਦੇ ਠੀਕ ਵਾਰਿਸ ਸਿੱਧ ਹੋਏ। ਚਾਰੇ ਸਾਹਿਬਜ਼ਾਦੇ ਬਹੁਤ ਛੋਟੀ ਉਮਰ ਵਿਚ ਹੀ ਸੰਸਾਰ ਸਾਹਮਣੇ ਨਵੇਂ ਕੀਰਤੀਮਾਨ ਸਥਾਪਤ ਕਰ ਗਏ। ਅਜੀਤ ਸਿੰਘ ਉØੱਨੀ ਸਾਲ ਤੇ ਜੁਝਾਰ ਸਿੰਘ ਪੰਦਰਾਂ ਕੁ ਸਾਲ ਦੇ ਸਨ ਜਦੋਂ ਅਣਗਿਣਤ ਜ਼ਾਲਮਾਂ ਨੂੰ ਪਾਰ ਬੁਲਾਉਂਦਿਆਂ ਸ਼ਹੀਦੀ ਨੂੰ ਪ੍ਰਾਪਤ ਹੋ ਗਏ। ਜ਼ੋਰਾਵਰ ਸਿੰਘ ਨੌ ਸਾਲ ਤੇ ਫ਼ਤਿਹ ਸਿੰਘ ਸੱਤ ਕੁ ਸਾਲ ਦੇ ਸਨ ਜਦੋਂ ਉਹਨਾਂ ਅਜਿਹਾ ਸਾਕਾ ਵਰਤਾਇਆ ਜਿਸਦੇ ਨਾਲ ਹੀ ਦੁਨੀਆ ਵਿਚ ਮਿਸਾਲ ਨਹੀਂ ਮਿਲਦੀ। ‘‘ਨਿੱਕੀਆਂ ਜਿੰਦਾਂ ਵੱਡਾ ਸਾਕਾ``। ਇਹ ਦੱਸਣ ਤੋਂ ਮੁਰਾਦ ਇਹੋ ਹੈ ਕਿ ਬੱਚਿਆਂ ਨੂੰ ਠੀਕ ਸਮੇਂ ਤੇ ਉਚਿਤ ਸਿੱਖਿਆ ਮਿਲੀ। ਨਿੱਕੀਆਂ ਉਮਰਾਂ ਵਿਚ ਹੀ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਬਣ ਗਏ। ਇਸ ਸਾਰੇ ਸਮਂ ਵਿਚ ਇਨ੍ਹਾਂ ਉਮਰਾਂ ਵਾਲੇ ਕਿਸੇ ਬਾਲਕ ਨੇ ਸਾਰੇ ਹਿੰਦੋਸਤਾਨ ਕੀ ਦੁਨੀਆ ਵਿਚ ਅਜਿਹੇ ਬੇਜੋੜ ਸਿਆਣਪ ਅਤੇ ਸੂਰਮਗਤੀ ਦੇ ਕਾਰਨਾਮੇ ਨਹੀਂ ਕੀਤੇ। ਇਹ ਕੇਵਲ ਗੁਰੂ ਘਰ ਦੇ ਹੀ ਹਿੱਸੇ ਆਇਆ ਸੀ।

ਭਾਈ ਤਾਰੂ ਸਿੰਘ ਜੀ ਨੂੰ ਬਚਪਨ ਵਿਚ ਹੀ ਸਿਆਣੀ ਮਾਂ ਤੋਂ ਗੁਰਮਤਿ ਦੀ ਸੋਝੀ ਪਰਾਪਤ ਹੋਈ। ਗੁਰਬਾਣੀ ਦਾ ਗਿਆਨ ਦ੍ਰਿੜ ਹੋ ਗਿਆ, ਜਾਲਮਾਂ ਨੇ ਝੂਠੇ ਇਲਜਾਮ ਲਾ ਕੇ ਭਾਵੇਂ ਬੇਅੰਤ ਤਸੀਹੇ ਦਿੱਤੇ, ਖੋਪਰੀ ਤੱਕ ਉਤਾਰ ਦਿੱਤੀ, ਪਰ ਭਾਈ ਤਾਰੂ ਸਿੰਘ ਜੀ ਕਿਸੇ ਮੁਸੀਬਤ ਨੂੰ ਵੇਖ ਕੇ ਡੋਲੇ ਨਹੀਂ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾ ਗਏ। ਭਾਈ ਹਕੀਕਤ ਰਾਏ ਨੇ ਹਾਲੀ ਖੰਡੇ ਦੀ ਪਾਹੁਲ ਨਹੀਂ ਲਈ ਸੀ। ਮਾਤਾ ਪਿਤਾ ਗੁਰੂ ਪਿਆਰ ਵਾਲੇ ਸਨ। ਸਹੁਰਾ ਪਰਿਵਾਰ ਸਿੱਖੀ ਵਿਚ ਪ੍ਰਪੱਕ ਸੀ। ਹਕੀਕਤ ਰਾਏ ਤੇ ਝੂਠਾ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਗਿਆ, ਤਸੀਹੇ ਦਿੱਤੇ ਗਏ ਕੇਵਲ ਤੇਰਾਂ ਕੁ ਸਾਲ ਦਾ ਅੱਲੜ ਲੂਆਂ ਬਾਲਕ, ਸਿੱਖੀ ਤੇ ਦ੍ਰਿੜ ਰਿਹਾ। ਸ਼ਹੀਦੀ ਤਾਂ ਪਾ ਗਿਆ ਪਰ ਧਰਮ ਤੋਂ ਨਾ ਡੋਲਿਆ। ਭਾਈ ਸੁਬੇਗ ਸਿੰਘ ਦਾ ਨਾਬਾਲਗ ਨਿਆਣਾ ਪੁੱਤਰ ਸ਼ਾਹਬਾਜ ਸਿੰਘ ਸਿਰਫ 18 ਕੁ ਸਾਲ ਦਾ ਸੀ ਜਦੋਂ ਜਾਲਮਾਂ ਨੇ ਅਨੇਕ ਤਸੀਹੇ ਦਿੱਤੇ, ਅਡੋਲ ਰਿਹਾ। ਅੰਤ ਪਿਤਾ ਦੀਆਂ ਅੱਖਾਂ ਦੇ ਤਾਰੇ ਨੂੰ ਪਿਤਾ ਦੇ ਸਨਮੁਖ ਹੀ ਚਰਖੜੀ ਤੇ ਚੂਰਾ-ਚੂਰਾ ਕਰ ਦਿੱਤਾ। ਪਰ ਆਖਰੀ ਸੁਆਸ ਤੱਕ ਸਿੱਖੀ ਸਿਦਕ ਤੋਂ ਨਾ ਡੋਲਿਆ। ਬਾਅਦ ਵਿਚ ਪਿਤਾ ਸ. ਸੁਬੇਗ ਸਿੰਘ ਨੂੰ ਭੀ ਪੁੱਤਰ ਦੇ ਪਿਛੇ ਟੋਰ ਦਿੱਤਾ ਗਿਆ। ਦੋਵੇਂ ਪਿਉ-ਪੁੱਤਰ ‘‘ਚਰਖੀਆਂ ਤੇ ਚੜ੍ਹੇ`` ਸ਼ਹੀਦੀ ਪਾ ਕੇ ਆਪਣੇ ਨਾਮ ਨੂੰ ਅਰਦਾਸ ਵਿਚ ਸ਼ਾਮਲ ਕਰਵਾ ਗਏ। ਨਿੱਕੇ ਬੱਚਿਆਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿਚ ਹਾਰ ਪਾਏ ਗਏ, ਆਂਦਰਾਂ ਕੱਢਕੇ ਮਾਤਾਵਾਂ ਦੀਆਂ ਝੋਲੀਆਂ ਵਿਚ ਰੱਖ ਦਿੱਤੀਆਂ ਗਈਆਂ, ਨੇਜ਼ਿਆਂ ਵਿਚ ਮਾਸੂਮ ਜਿੰਦਾਂ ਨੂੰ ਪਰੋ ਦਿੱਤਾ ਗਿਆ, ਪਰ ਸਿੱਖੀ ਸਿਦਕ ਕਿਸੇ ਨੇ ਨਹੀਂ ਹਾਰਿਆ। ਇਹ ਸਾਰੇ ਕੌਤਕ ਕਿਵੇਂ ਵਰਤਦੇ ਰਹੇ? ਕਿਉਂਕਿ ਘਰ ਵਿਚ ਸਿੱਖੀ ਦੀ ਸਿੱਖਿਆ ਦੀ ਸਿੱਖਿਆ ਬਚਪਨ ਤੋਂ ਹੀ ਦਿੱਤੀ ਗਈ। ਮਾਤਾ ਪਿਤਾ ਨਿਮਾਣੀ ਜ਼ਿੰਦਗੀ ਨਾਲੋਂ ਸਤਿਗੁਰੂ ਦੀ ਸਿੱਖੀ ਨੂੰ ਜ਼ਿਆਦਾ ਪਿਆਰ ਕਰਦੇ ਸਨ। ਹਰ ਤਰ੍ਹਾਂ ਦੇ ਦੁੱਖ ਦਰਦ ਉਹਨਾਂ ਗੁਰਮਤ ਤੋਂ ਕੁਰਬਾਨ ਕਰ ਦਿਤੇ।

ਮਹਾਨ ਜੋਧੇ ਸ. ਚੜ੍ਹਤ ਸਿੰਘ ਦਾ ਪੋਤਰਾ, ਸ. ਮਹਾਂ ਸਿੰਘ ਦਾ ਪੁੱਤਰ ਹਾਲੀ ਗਿਆਰਾ ਕੁ ਸਾਲ ਦੀ ਉਮਰ ਵਿਚ ਸੀ ਕਿ ਪਿਤਾ ਸ. ਮਹਾਂ ਸਿੰਘ ਇੱਕ ਜੰਗ ਵਿਚ ਲੇਖੇ ਲੱਗ ਗਏ। ਸ਼ੁੱਕਰਚੱਕੀਆ ਮਿਸਲ ਦੀ ਵੱਡੀ ਜ਼ਿੰਮੇਵਾਰੀ ਬਾਲਕ ਦੇ ਸਿਰ ਆ ਗਈ। ਕਨ੍ਹਈਆਂ ਮਿਸਲ ਦੀ ਦੂਰ-ਅੰਦੇਸ਼ ਸਰਦਾਰਨੀ ਸਦਾ ਕੌਰ ਨੇ ਸਾਰੇ ਵੈਰ ਭੁਲਾ ਕੇ ਰਣਜੀਤ ਸਿੰਘ ਨਾਲ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਦੋ ਮਿਸਲਾਂ ਇੱਕ ਹੋ ਗਈਆਂ, ਪਿਤਾ ਵਰਗੀ ਬਹਾਦਰ, ਖਾਲਸਾ ਪੰਥ ਦੀ ਬੇਜੋੜ ਸਖਸ਼ੀਅਤ ਸਰਦਾਰਨੀ ਸਦਾ ਕੌਰ ਨੇ ਬਾਲਕ ਰਣਜੀਤ ਸਿੰਘ ਨੂੰ ਹੌਂਸਲਾ ਦਿੱਤਾ, ਅਗਵਾਈ ਦਿੱਤੀ। ਸਿਖਲਾਈ ਦਿੱਤੀ। ਖੁਦ ਹਥਿਆਰ ਬੰਨ੍ਹ ਕੇ ਘੋੜੇ ਤੇ ਸਵਾਰ ਹੋ ਕੇ ਜੰਗ ਵਿਚ ਜਾ ਭੜਥੂ ਪਾਉਂਦੀ। ਦੁਸ਼ਮਣਾਂ ਨੂੰ ਦੌੜਦਿਆਂ ਰਾਹ ਨਾ ਲੱਭਦਾ। ਸਾਰੇ ਬੰਨੇ ਖਾਲਸਾ ਰਾਜ ਲਈ ਜਿੱਤ ਦੇ ਝੰਡੇ ਗੱਡਦੀ ਰਹੀ। ਰਣਜੀਤ ਸਿੰਘ ਨੇ ਜਿਥੇ ਪਿਤਾ ਮਹਾਂ ਸਿੰਘ ਤੋਂ ਯੁੱਧ ਵਿਦਿਆ ਸਿੱਖੀ, ਉਥੇ ਆਪਣੀ ਸੱਸ ਮਾਂ ਸਦਾ ਕੌਰ ਤੋਂ ਹਿੰਮਤ ਹੌਸਲਾ ਜੰਗੀ ਦਾਅ ਪੇਚ ਸਿੱਖਕੇ ਇਹ ਬਾਲਕ ਬਹਾਦਰਾਂ ਦੀ ਪ੍ਰਥਮ ਸ਼ਰੇਣੀ ਵਿਚ ਸੁਮਾਰ ਹੋ ਗਿਆ।

ਇੱਕ ਦਿਨ ਇਹ ਤੇਰਾਂ ਕੁ ਸਾਲ ਦਾ ਅੱਲੜ ਉਮਰ ਨੌਜਵਾਨ ਰਣਜੀਤ ਸਿੰਘ ਕੁਝ ਸਾਥੀਆਂ ਸਮੇਤ ਸ਼ਿਕਾਰ ਖੇਡਦਾ, ਆਪਣੇ ਦੁਸ਼ਮਣ ‘ਹਸਮਤ ਚੱਠੇ` ਦੇ ਇਲਾਕੇ ਵਿਚ ਦਾਖ਼ਲ ਹੋ ਗਿਆ। ਅਚਨਚੇਤੀ ਚੱਠਾ ਸਰਦਾਰ ਭੀ ਇਸੇ ਜੰਗਲ ਵਿਚ ਸ਼ਿਕਾਰ ਕਰਦਾ ਆਣ ਪੁੱਜਿਆ। ਸ. ਚੜ੍ਹਤ ਸਿੰਘ ਅਤੇ ਮਹਾਂ ਸਿੰਘ ਨੇ ਚੱਠੇ ਸਰਦਾਰਾਂ ਦਾ ਬਹੁਤ ਵੱਡਾ ਇਲਾਕਾ ਖੋਹਕੇ ਆਪਣੇ ਰਾਜ ਵਿਚ ਸ਼ਾਮਲ ਕਰ ਲਿਆ ਸੀ। ਉਹ ਵੈਰ ਇਸ ਦੇ ਅੰਦਰ ਕੰਡੇ ਵਾਂਗ ਚੁਭ ਰਿਹਾ ਸੀ। ਚੱਠੇ ਸਰਦਾਰ ਨੇ ਇਸ ਹੱਥ ਆਏ ਮੌਕੇ ਤੋਂ ਪੂਰਾ ਫਾਇਦਾ ਉਠਾਉਣ ਦੀ ਠਾਣ ਲਈ ਤੇ ਚੌਦਾਂ ਕੁ ਸਾਲਾ ਅੱਲੜ ਉਮਰ ਦੇ ਬਾਲਕ ਨੂੰ ਵੰਗਾਰ ਪਾਈ ‘‘ਰਣਜੀਤ ਸਿੰਘਾਂ ਜਿਸ ਮੌਕੇ ਦੀ ਮੈਂ ਤਲਾਸ਼ ਵਿਚ ਸਾਂ ਉਹ ਆਣ ਢੁੱਕਿਆ ਹੈ। ਜੇ ਹਿੰਮਤ ਹੈ ਤਾਂ ਨੱਸ ਭੱਜ ਕਰ ਵੇਖ। ਸ਼ੇਰ ਦੀ ਦਾੜ੍ਹ ਵਿਚੋਂ ਬਟੇਰਾ ਬਚ ਕੇ ਨਹੀਂ ਜਾ ਸਕੇਗਾ। ਲੈ ਕਰ ਲੈ ਰੱਬ ਨੂੰ ਯਾਦ ਮਾਰ ਅਵਾਜ਼ ਆਪਣੇ ਵਡੇਰਿਆਂ ਨੂੰ....``।

ਰਣਜੀਤ ਸਿੰਘ ਸੰਭਲਿਆ, ਚਾਰੇ ਬੰਨੇ ਤੇਜੀ ਨਾਲ ਨਿਗਾਹ ਦੁੜਾਈ ਨੱਸ ਜਾਣਾਂ ਅਸੰਭਵ ਸੀ। ਉਸਨੇ ਆਖਰੀ ਢੰਗ ਵਰਤਿਆਂ ਪੂਰੇ ਰੋਹਬ ਨਾਲ ਚੱਠੇ ਸਰਦਾਰ ਨੂੰ ਮੁਖਾਤਬ ਹੁੰਦਿਆਂ ਕਿਹਾ - ‘‘ਓਏ ਵੱਡਿਆ ਸੂਰਮਿਆਂ ਇੱਕ ਬਾਲਕ ਨੂੰ ਮਾਰਨ ਵਾਸਤੇ ਆਹ ਬਘਿਆੜਾ ਦੀ ਪੂਰੀ ਧਾੜ ਲੈ ਕੇ ਡੀਗਾਂ ਮਾਰ ਰਿਹਾ ਹੈਂ। ਜੇ ਬਹਾਦਰੀ ਦਾ ਰਤਾ ਮਾਸਾ ਤੇਰੇ ਅੰਦਰ ਕਣ ਹੈ, ਤੇਰੇ ਵੱਡਿਆਂ ਦਾ ਖੂਨ ਤੇਰੀਆਂ ਨਾੜਾਂ ਵਿਚ ਵਗ ਰਿਹਾ ਹੈ, ਜੇ ਤੈਨੂੰ ਆਪਣੇ ਹਥਿਆਰਾਂ ਅਤੇ ਡੋਲਿਆਂ ਤੇ ਮਾਣ ਹੈ ਤਾਂ ਇਨ੍ਹਾਂ ਟੁੱਕੜ ਬੋਚਾਂ ਨੂੰ ਪਾਸੇਕਰਕੇ ਆ ਚੜ੍ਹਤ ਸਿੰਘ ਦੇ ਪੋਤਰੇ, ਨਿੱਕੇ ਜਿਹੇ ਬਾਲਕ ਨਾਲ ਤੂੰ ਸਿੱਧੇ ਮੱਥੇ ਦੋ ਹੱਥ ਕਰ ਵੇਖ !`` ਹੈ ਹਿੰਮਤ? ਹਸਮਤਖਾਨ ਆਪਣੇ ਸਾਥੀਆਂ ਸਾਹਮਣੇ ਸ਼ਰਮਿੰਦਗੀ ਨਹੀਂ ਉਠਾਉਣਾ ਚਾਹੁੰਦਾ ਸੀ। ਉਸਨੂੰ ਇਹ ਭੀ ਮਾਣ ਸੀ ਕਿ ਕੱਲ੍ਹ ਦਾ ਬਾਲਕ ਮੇਰੇ ਵਰਗੇ ਤਜਰਬੇਕਾਰ ਸੂਰਮੇ ਅੱਗੇ, ਕਿੰਨੀ ਕੁ ਦੇਰ ਅੜ ਸਕੇਗਾ। ਉਸਨੇ ਰਣਜੀਤ ਸਿੰਘ ਦੀ ਲਲਕਾਰ ਸਵੀਕਾਰ ਕਰ ਲਈ। ਆਪਣੇ ਸਾਥੀਆਂ ਨੂੰ ਪਾਸੇ ਖਲ੍ਹਾਰ ਦਿੱਤਾ, ਇਧਰੋਂ ਰਣਜੀਤ ਸਿੰਘ ਜੈਕਾਰਾ ਗਜਾਕੇ ਅੱਗੇ ਵਧਿਆ। ਦੋਵੇਂ ਸੂਰਮੇ ਹਥਿਆਰ ਸੂਤੀ ਗੁੱਸੇ ਵਿਚ ਡੋਲ਼ੇ ਫਰਕਦੇ ਘੋੜਿਆਂ ਤੇ ਸਵਾਰ ਹੋ ਆਹਮੋ-ਸਾਹਮਣੇ ਟੱਕਰ ਪਏ। ਇੱਕ ਘੜੀ ਖੂਬ ਲੋਹੇ ਤੇ ਲੋਹਾ ਖੜਕਿਆ। ਘੋੜੇ ਹੰਭ ਗਏ ਸੂਰਮਿਆਂ ਨੂੰ ਛੋਟੇ-ਮੋਟੇ ਜਖ਼ਮ ਭੀ ਲੱਗ ਚੁੱਕੇ ਸਨ ਪਸੀਨੇ ਵਿਚ ਗੜੁੱਚ, ਇੱਕ ਦੂਜੇ ਦੇ ਖੂਨ ਦੇ ਪਿਆਸੇ। ਚੱਠੇ ਸਰਦਾਰ ਨੇ ਸਾਰੀ ਤਾਕਤ ਇਕੱਠੀ ਕਰਕੇ, ਇੱਕ ਹੋਰ ਜੋLਰਦਾਰ ਹੱਲਾ ਬੋਲਿਆ। ਉਸ ਵੱਲੋਂ ਕੀਤੇ ਭਰਵੇਂ ਵਾਰ ਨੂੰ ਰਣਜੀਤ ਸਿੰਘ ਨੇ ਚੁਸਤੀ ਵਰਤ ਕੇ ਨਕਾਰਾ ਕਰ ਦਿੱਤਾ, ਤੇ ਪੈਂਦੀ ਸੱਟੇ ਅੱਖ ਦੇ ਪਲਕਾਰੇ ਜਿੰਨੇ ਸਮੇਂ ਅੰਦਰ, ਅਜਿਹਾ ਕਾਰੀ ਵਾਰ ਕੀਤਾ ਕਿ ਹਸਮਤ ਖਾਨ ਇਸ ਮੌਤ ਦੇ ਫਰਿਸ਼ਤੇ ਨੂੰ ਰੋਕ ਨਾ ਸਕਿਆ, ਤੇ ਉਸਦਾ ਸਿਰ ਕੱਦੂ ਵਾਂਗ ਕੱਟ ਕੇ ਜ਼ਮੀਨ ਤੇ ਜਾ ਡਿੱਗਾ। ਬਿਜਲੀ ਜਿਹੀ ਫੁਰਤੀ ਨਾਲ ਰਣਜੀਤ ਸਿੰਘ ਨੇ ਕੱਟੇ ਸਿਰ ਨੂੰ ਤੁਰੰਤ ਨੇਜੇ ਪਰੋਲਿਆ ਤੇ ਆਪਣੇ ਘੋੜੇ ਨੂੰ ਅੱਡੀ ਲਾ ਦਿੱਤੀ। ਬਾਕੀ ਚੱਠਿਆਂ ਦੇ ਸੰਭਲਣ ਤੋਂ ਪਹਿਲਾਂ-ਪਹਿਲਾਂ ਇਹ ਗੁਰੂ ਕਾ ਵਰੋਸਾਇਆ, ਖਾਲਸਾ ਪੰਥ ਦੀ ਆਨ ਸ਼ਾਨ, ਅੱਖਾਂ ਤੋਂ ਉਹਲੇ ਹੋ ਚੁੱਕਿਆ ਸੀ। ਰਾਣੀ ਮਾਂ ਸਦਾ ਕੌਰ ਦੇ ਚਰਨਾਂ ਤੇ, ਹਸਮਤ ਦਾ ਸਿਰ ਜਾ ਸੁੱਟਿਆ। ‘‘ਵੇਖ ਮਾਂ ਤੇਰੇ ਹੋਣ ਹਾਰ ਦੁਲਾਰੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਇਕੱਲਿਆਂ ਹੀ ਆਦਮਖੋਰ ਬੱਬਰਸ਼ੇਰ ਨੂੰ ਪਾਰ ਬੁਲਾ ਦਿੱਤਾ ਹੈ। ਹੁਣ ਸਾਰੇ ਰਾਜ ਦੀਆਂ ਹੱਦਾਂ ਹੋਰ ਮੋਕਲੀਆਂ ਹੋ ਜਾਣਗੀਆਂ।`` ਦੋਵੇਂ ਮਾਤਾਵਾਂ ਨੇ ਰਣਜੀਤ ਸਿੰਘ ਦਾ ਮੱਥਾ ਚੁੰਮਿਆ, ਗਲਵੱਕੜੀ ਵਿਚ ਲੈ, ਅਸੀਸਾਂ ਦੀ ਝੜੀ ਲਾ ਦਿੱਤੀ। ਅਕਾਲ ਪੁਰਖ ਦਾ ਲੱਖ-ਲੱਖ ਸ਼ੁਕਰ ਕੀਤਾ।

ਪਾਠਕ ਜਨੋ ! ਇੱਕ ਵਾਰੀ ਇਸ ਘਟਨਾ ਵੱਲ ਮੁੜ ਝਾਤੀ ਮਾਰੋ ਪਰਖੋ। ਕੇਵਲ ਚੌਦਾਂ ਸਾਲ ਉਮਰ ਦਾ ਰਣਜੀਤ ਸਿੰਘ, ਘੋੜੇ ਦਾ ਸ਼ਾਹ ਸਵਾਰ ਹੈ। ਢਾਲ-ਤਲਵਾਰ, ਤੀਰ, ਨੇਜ਼ਾ ਆਦਿਕ ਸਾਰੇ ਹਥਿਆਰਾਂ ਦੀ ਵਰਤੋਂ ਕਰਨ ਦਾ ਉਸਤਾਦ ਹੈ। ਛੋਟੀ ਉਮਰੇ ਸਰੀਰ ਨੂੰ ਫੋਲਾਦ ਵਾਂਗ ਮਜਬੂਤ ਕਰ ਚੁੱਕਿਆ ਹੈ। ਹੌਸਲੇ ਵਿਚ ਅਡੋਲ ਹੈ, ਤੁਰੰਤ ਫੈਸਲਾ ਕਰ ਲੈਣ ਦੀ ਅਥਾਹ ਅਕਲ ਦਾ ਕੋਟ ਹੈ। ਹੰਢੇ ਵਰਤੇ ਜੋਧੇ ਨੂੰ ਸਰੀਰਕ ਅਤੇ ਮਾਨਸਿਕ ਬਲ ਨਾਲ ਮੈਦਾਨ ਵਿਚ ਹਰਾ ਕੇ, ਆਪਣੀ ਸੂਰਮਗਤੀ ਦੇ ਝੰਡੇ ਗੱਡ ਗਿਆ ਹੈ। ਇਸ ਦੇ ਆਪਣੇ ਸਾਥੀ ਅਤੇ ਸਿਰ ਕਟਵਾ ਚੁੱਕੇ ਹਸਮਤਖਾਨ ਦੇ ਸਾਥੀ ਬਿੱਟ-ਬਿੱਟ ਹੈਰਾਨ ਹੋਏ ਵੇਖਦੇ ਹੀ ਰਹਿ ਗਏ, ਜਦੋਂ ਇਹ ਕਾਰਾ ਵਾਪਰ ਗਿਆ...। ਜਰਾ ਸੋਚੋ ! ਰਣਜੀਤ ਸਿੰਘ ਦੀ ਸਿਖਲਾਈ ਕਿੰਨੀ ਉਮਰ ਤੋਂ ਸ਼ੁਰੂ ਹੋਈ ਹੋਵੇਗੀ? ਕੋਈ ਸ਼ੱਕ ਨਹੀਂ ਕਿ ਅਕਾਲ ਪੁਰਖ ਦਾ ਇਸ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਸੀ। ਪਰ ਇਹ ਸਾਰਾ ਵਾਕਿਆ ਕਰਾਮਾਤ ਨਹੀਂ ਸੀ, ਕਰਾਮਾਤ ਵਰਗਾ ਜ਼ਰੂਰ ਪ੍ਰਤੀਤ ਹੋ ਰਿਹਾ ਸੀ। ਪੰਜ ਕੁ ਸਾਲ ਦੀ ਉਮਰ ਤੋਂ ਹੀ ਰਣਜੀਤ ਸਿੰਘ ਦੀ ਸਰੀਰਕ ਅਤੇ ਮਾਨਸਿਕ ਤਿਆਰੀ ਵਾਸਤੇ ਸਿਆਣੇ ਉਸਤਾਦਾ ਨੂੰ ਤਾਇਨਾਤ ਕਰ ਦਿੱਤਾ ਗਿਆ ਸੀ। ਸਾਰੇ ਉਚਿਤ ਢੰਗ ਵਰਤੇ ਤੇ ਕਈ-ਕਈ ਘੰਟੇ, ਸ਼ਸ਼ਤਰ ਵਿਦਿਆ ਸਿਖਾਈ ਜਾਂਦੀ ਸੀ। ਖੁਰਾਕ ਦੇ ਨਾਲ-ਨਾਲ ਸਰੀਰਕ ਅਭਿਆਸ ਵਰਜਿਸ਼ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਹਮ ਉਮਰ ਮੁੰਡਿਆਂ ਦੀਆਂ ਟੋਲੀਆਂ ਬਣਾ ਕੇ ਫਰਜੀ ਮੁਕਾਬਲੇ ਕਰਵਾਏ ਜਾਂਦੇ ਸਨ। ਜਰਾ ਕੁ ਵੱਡਾ ਹੋਣ ਤੇ, ਪਿਤਾ ਸ. ਮਹਾਂ ਸਿੰਘ ਸਚਮੁਚ ਬੰਦੇ ਫੱਟੜ ਹੁੰਦੇ, ਮਰਦੇ ਡਿੱਗਦੇ, ਹਥਿਆਰ ਭਿੜਦੇ ਵਿਖਾਉਣ ਲਈ ਜੰਗ ਦੇ ਮੈਦਾਨ ਵਿਚ ਆਪਣੇ ਨਾਲ ਲਿਜਾਣ ਲੱਗ ਪਿਆ ਸੀ। ਬਹੁਤ ਛੋਟੀ ਉਮਰ ਤੋਂ ਸਰਬਪੱਖੀ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਗਈ, ਤਾਂ ਕਿਤੇ ਜਾ ਕੇ ਸ਼ਾਹ ਮੁਹੰਮਦ ਵਰਗੇ ਕਵੀਆਂ ਲਿਖਿਆ -

‘‘ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ।

ਕੁਲੂ ਕਾਂਗੜਾ ਕਾਬਲ ਤੇ ਚੀਨ ਤਾਈਂ ਸਿੱਕਾ ਆਪਣੇ ਨਾਮ ਚਲਾਇ ਗਿਆ।``

ਰਣਜੀਤ ਸਿੰਘ ਸਤਾਰਾਂ ਕੁ ਸਾਲ ਦਾ ਗੱਭਰੂ ਸੀ ਜਦੋਂ ਲਾਹੌਰ ਵਿਖੇ ਸੰਮਣ ਬੁਰਜ ਦੇ ਐਨ ਸਾਹਮਣੇ ਹੇਠਾਂ ਪੁੱਜਕੇ ਅਕਾਲ-ਅਕਾਲ ਦੇ ਜੈਕਾਰਾਂ ਲਾਉਣ ਬਾਅਦ, ਸ਼ੇਰ ਗਰਜ ਨਾਲ ਇਹ ਆਖਿਆ ਸੀ ‘‘ਓਏ ਅਬਦਾਲੀ (ਅਹਿਮਦਸ਼ਾਹ) ਦੇ ਪੋਤਰੇ, ਜੇ ਸੂਰਮਾ ਹੈ ਤਾਂ ਬਾਹਰ ਨਿਕਲ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਦੋ ਹੱਥ ਕਰਨ ਲਈ ਵੰਗਾਰ ਪਾ ਰਿਹਾ ਹੈ।`` ਸ਼ਾਹ ਜਮਾਨ ਡਰਦਾ ਬਾਹਰ ਨਾ ਆਇਆ ਤੇ ਰਾਤ ਦੇ ਹਨੇਰੇ ਵਿਚ ਛੁਪਕੇ ਦੌੜ ਗਿਆ, ਕਾਬਲ ਜਾ ਕੇ ਸਾਹ ਲਿਆ। ਉਨੀ ਸਾਲ ਦੀ ਉਮਰ ਵਿਚ ਰਣਜੀਤ ਸਿੰਘ ਨੇ ਲਾਹੌਰ ਜਿੱਤ ਕੇ ਖਾਲਸੇ ਦਾ ਕੇਸਰੀ ਝੰਡਾ ਝੁਲਾ ਦਿੱਤਾ ਸੀ।

ਰਣਜੀਤ ਸਿੰਘ ਛੇਵੇਂ ਮਹੀਨੇ ਦਿਵਾਲੀ-ਵਿਸਾਖੀ ਨੂੰ ਖੁੱਲ੍ਹੇ ਮੇਲਿਆਂ ਵਿਚੋਂ ਯੋਗਤਾ ਵੇਖ ਕੇ ਆਪਣੀ ਫੌਜ ਲਈ ਨੌਜਵਾਨਾਂ ਦੀ ਚੋਣ ਕਰਿਆ ਕਰਦਾ ਸੀ। ਇਸ ਵਾਰੀ ਭੀ ਪਹਿਲਾਂ ਵਾਂਗ ਰਣਜੀਤ ਸਿੰਘ ਉØੱਚੇ ਥਾਂ ਤੇ ਬਿਰਾਜਮਾਨ ਹੋ ਕੇ, ਗੱਭਰੂਆਂ ਦੇ ਜੰਗੀ ਕਰਤਬ ਵੇਖ ਰਿਹਾ ਸੀ ਕਿ ਵਾਰੀ ਆਉਣ ਤੇ ਇੱਕ ਅਤੀ ਫੁਰਤੀਲਾ ਗੱਭਰੂ ਘੋੜੇ ਨੂੰ ਸਰਪਟ ਦੋੜਾਂਦਿਆਂ ਬਿਜਲੀ ਦੀ ਤੇਜੀ ਵਾਂਗ ਮੈਦਾਨ ਵਿਚ ਆਇਆ। ਪਹਿਲਾਂ ਕੀਤੀ ਤਿਆਰੀ ਮੁਤਾਬਕ ਆਪਦੇ ਨੇਜੇ ਨਾਲ ਜ਼ਮੀਨ ਵਿਚ ਗੱਡਿਆ ਕਿਲਾ ਪੁੱਟਿਆ ਤੇ ਸਰਪੱਟ ਅੱਗੇ ਲੰਘ ਗਿਆ। ਸਾਰਿਆਂ ਤਾੜੀਆਂ ਮਾਰਕੇ ਉਸਦੀ ਹੌਂਸਲਾ ਅਫਜਾਈ ਕੀਤੀ। ਫਿਰ ਉਸਨੇ ਤਲਵਾਰਬਾਜੀ ਦੇ ਹੈਰਾਨੀ ਜਨਕ ਕਰਤਬ ਵਿਖਾਏ, ਖੂਬ ਵਾਹਵਾ ਖੱਟੀ। ਤੀਰ ਦਾ ਨਿਸ਼ਾਨਾ ਫੁੰਡਣਾ ਤੇ ਮੁਗਦਰ ਚੁੱਕਣਾ ਭੀ ਉਸਦੇ ਸ਼ੌਕ ਦਾ ਅੰਗ ਸਨ। ਮਹਾਰਾਜੇ ਦਾ ਉਸ ਵੱਲ ਵਿਸ਼ੇLਸ਼ ਧਿਆਨ ਗਿਆ, ਕਿਉਂਕਿ ਇਹ ਗੱਭਰੂ ਜਿਥੇ ਅਤਿ ਫੁਰਤੀਲਾ, ਤੇਗ, ਤੀਰ ਦਾ ਧਨੀ ਸੀ, ਉਥੇ ਉਮਰ ਪੱਖੋਂ ਹਾਲੀ ਅਨਦਾੜ੍ਹੀਆ ਬਾਲਕ ਹੀ ਨਜ਼ਰ ਆਉਂਦਾ ਸੀ। ਰਣਜੀਤ ਸਿੰਘ ਨੇ ਇਸਨੂੰ ਕੋਲ ਸੱਦਕੇ ਸਾਬਾਸ਼ ਦਿੱਤੀ, ਇੱਕ ਸੌ ਰੁਪਇਆ ਨਗਦ ਇਨਾਮ ਦੇ ਕੇ ਪੁੱਛਿਆ, ‘‘ਨੌਜਵਾਨਾਂ ! ਤੇਰੇ ਕਰਤਬਾਂ ਤੋੋਂ ਬਹੁਤ ਖੁਸ਼ ਹਾਂ ਕੀ ਨਾਮ ਹੈ ਤੇਰਾ?`` ਜੀ ਸਰਕਾਰ ! ਮੈਨੂੰ ਹਰੀ ਸਿੰਘ ਕਹਿੰਦੇ ਨੇ। ਪਰ ਹਜ਼ੂਰ ਅਜੇ ਮੇਰੇ ਕੁੱਝ ਕਰਤਬ ਵਿਖਾਉਣੇ ਬਾਕੀ ਹਨ, ਕਿਰਪਾ ਕਰਕੇ ਮੈਨੂੰ ਇਸ ਵੱਡੇ ਅਖਾੜੇ ਵਿਚ ਕੁਸਤੀ ਲੜਨ ਦਾ ਮੌਕਾ ਦਿੱਤਾ ਜਾਵੇ, ਆਪਣਾ ਕੋਈ ਭੀ ਨਾਮੀ ਪਹਿਲਵਾਨ ਕੱਢੋ।

ਹਾਂ-ਹਾਂ ਕਿਉਂ ਨਹੀਂ ਆਉ ਬਈ ਮੇਰੇ ਮੱਖਣਾ ਦੇ ਪਾਲਿਓ, ਇੱਕ ਯੋਧਾ ਆਉ ਤੇ ਵਿਖਾਉ ਆਪਣੀ ਤਾਕਤ। ਨਾਮੀ ਪਹਿਲਵਾਨਾਂ ਵਿਚੋਂ ਇੱਕ ਅੱਗੇ ਵਧਿਆ ਕੱਪੜੇ ਉਤਾਰੇ ਨਿਰਾ ਸਾਹਨ ਪ੍ਰਤੀਤ ਹੋ ਰਿਹਾ ਸੀ। ਇਧਰ ਹਰੀ ਸਿੰਘ ਨੇ ਜਦੋਂ ਕੱਪੜੇ ਲਾਹੇ ਵੇਖਣ ਵਾਲੇ ਕਮਾਏ ਹੋਏ ਮਜਬੂਤ ਜੱਸੇ ਨੂੰ ਵੇਖਦੇ ਹੀ ਰਹਿ ਗਏ। ਮੁੰਡਿਆ ਕਿਉ ਹੱਡੀਆਂ ਭਨਾਉਣ ਲੱਗਾ ਹੈਂ ਦੌੜ ਜਾਹ ਮੇਰੇ ਸਾਹਮਣਿਓ, ਪਰ ਅੰਦਰੋਂ ਇਸ ਹੋਣਹਾਰ ਗੱਭਰੂ ਦੇ ਡੌਲੇ ਤੇ ਛਾਤੀ ਵੱਲ ਤੱਕ ਭੈ ਭੀਤ ਹੋ ਰਿਹਾ ਸੀ। ਇਸ਼ਾਰਾ ਹੋਇਆ, ਦੋਵੇਂ ਗੁੱਥਮ-ਗੁੱਥਾ ਹੋਏ, ਪਤਾ ਭੀ ਨਾ ਲੱਗਾ ਕਿ ਕਦੋਂ ਹਰੀ ਸਿੰਘ ਉਸ ਭਲਵਾਨ ਨੂੰ ਚਿਤ ਕਰਕੇ ਛਾਤੀ ਤੇ ਚੜ੍ਹ ਬੈਠਾ ਸੀ। ਸਾਰਿਆਂ ਹਰੀ ਸਿੰਘ ਨੂੰ ਦਾਦ ਦਿੱਤੀ ਤੇ ਮੋਟਾ ਪਹਿਲਵਾਨ ਨੀਵੀਂ ਪਾਈ ਪੈਰ ਘਸੀਟਦਾ ਅਖਾੜੇ ਤੋਂ ਪਰੇ ਜਾ ਬੈਠਾ। ਹਰੀ ਸਿੰਘ ਗਰਜਵੀਂ ਅਵਾਜ਼ ਵਿਚ ਬੋਲਿਆ ‘‘ਇਕੱਲਾ ਭਲਵਾਨ ਮੇਰੇ ਅੱਗੇ ਕੋਈ ਨਹੀਂ ਅੜ ਸਕੇਗਾ, ਇਸ ਲਈ ਕੋਈ ਦੋ ਭਲਵਾਨ ਇਕੱਠੇ ਆਉ ਜਿਨ੍ਹਾਂ ਬੂਰੀਆਂ ਦਾ ਦੁੱਧ ਪੀਤਾ...।`` ਕੁੱਝ ਘੁਸਰ-ਮੁਸਰ ਹੋਈ, ਮਹਾਰਾਜੇ ਨੇ ਇਸ਼ਾਰਾ ਕੀਤਾ, ਹਾਥੀਆਂ ਵਰਗੀ ਡੀਲ ਡੌਲ ਵਾਲੇ ਦੋ ਭਲਵਾਨ ਹਰੀ ਸਿੰਘ ਨਾ ਭਿੜ ਪਏ। ਇਹ ਅਲੂਆਂ ਗੱਭਰੂ ਤਾਂ ਨਿਰਾ ਤਾਕਤ ਦਾ ਤੂਫਾਨ ਸੀ ਜਿਸ ਵੱਲ ਧਾਈ ਕਰਕੇ ਪੈਂਦਾ ਉਸਦੇ ਪੈਰ ਉਖੜ ਜਾਂਦੇ ਤੇ ਝੱਟ ਦੂਜੇ ਨੂੰ ਆ ਦਬੋਚਦਾ। ਲੋਕੀ ਮੂੰਹ ਵਿਚ ਉਗਲਾਂ ਪਾ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਹੈਰਾਨ ਹੋਇਆ ਇੱਕ ਟੱਕ ਵੇਖੀ ਜਾ ਰਿਹਾ ਸੀ। ਕਿਸੇ ਨੇ ਭੀੜ ਵਿਚੋਂ ਜੈਕਾਰਾ ਛੱਡਿਆ ਬੋਲੇ ਸੋ ਨਿਹਾਲ.. ਅੋਹ ਵੇਖੋ ਦੋਵੇਂ ਭਲਵਾਨ ਅਖਾੜਾ ਛੱਡਕੇ ਦੌੜ ਰਹੇ ਹਨ, ਓਏ ਹਰੀ ਸਿੰਘ ਜਿੱਤ ਗਿਆ, ਇਕੱਲਾ ਦੋ ਨੂੰ ਹਰਾ ਗਿਆ, ਬਈ ਇਹ ਮੁੰਡਾ ਹੈ ਕੋਈ ਬਲਾ ਹੈ? ਹਰੀ ਸਿੰਘ ਆ ਗੱਭਰੂਆ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ! ਮਹਾਰਾਜੇ ਨੇ ਹੌਸਲਾ ਅਫਜਾਈ ਕੀਤੀ। ‘‘ਸਰਕਾਰ ਅਜੇ ਮੇਰੀ ਤਸੱਲੀ ਨਹੀਂ ਹੋਈ, ਤੁਸੀਂ ਪਹਿਲਾਂ ਲੱਸੀ ਪੀਣੇ ਭੜੋਲੇ ਜਿਹੇ ਮੇਰੇ ਸਾਹਮਣੇ ਭੇਜ ਦਿੱਤੇ। ਹਜ਼ੂਰ ਹੁਣ ਪੰਜ ਜਾਣਿਆ ਨੂੰ ਇਕੋ ਵਾਰੀ ਕੱਢੋ ਸਾਹਵੇ ਮੱਥੇ, ਜਿਨ੍ਹਾਂ ਮਾਂ ਦਾ ਦੁੱਧ ਪੀਤਾ ਹੋਵੇ। ਹਰੀ ਸਿੰਘ ਪੁੱਤਰਾ! ਹੰਕਾਰ ਨਹੀਂ ਕਰੀਦਾ ਹੁੰਦਾ ਸੱਚ-ਮੁੱਚ ਮੈਂ ਤੇਰੀ ਤਾਕਤ ਅਤੇ ਫੁਰਤੀ ਤੋਂ ਬਹੁਤ ਖੁਸ਼ ਹਾਂ ਹੁਣ ਰਹਿਣ ਦੇ। ਮਹਾਰਾਜੇ ਨੇ ਸਲਾਹ ਦਿੱਤੀ। ਨਹੀਂ ਸਰਕਾਰ! ਹੰਕਾਰ ਕੋਈ ਨਹੀਂ, ਗੁਰੂ ਤੇ ਭਰੋਸਾ ਤੇ ਆਪਣੀ ਤਾਕਤ ਤੇ ਵਿਸ਼ਵਾਸ ਹੈ, ਤੁਸੀਂ ਦੇਰ ਨਾ ਕਰੋ, ਮੇਰੇ ਅਰਮਾਨ ਪੂਰੇ ਕਰ ਦਿਉ। ਛੇਤੀ ਭੇਜੋ ਆਪਣੇ ਪੰਜ ਭਲਵਾਨ...।``

ਸਾਰਾ ਮੇਲਾ ਇਸੇ ਥਾਂ ਤਮਾਸ਼ਾ ਵੇਖਣ ਲਈ ਸਾਹ ਰੋਕੀ ਬਿੱਟ-ਬਿੱਟ ਇਸ ਅਸੀਮ ਤਾਕਤ ਦੇ ਮਾਲਕ ਹਰੀ ਸਿੰਘ ਵੱਲ ਵੇਖ ਰਿਹਾ ਸੀ। ਇਤਨੇ ਵਿਚ ਪਰਲੇ ਕੋਨੇ ਤੋਂ ਪੰਜ ਗੱਭਰੂ ਇੱਕ-ਇੱਕ ਕਰਕੇ ਅੱਗੇ ਵਧੇ। ਕੱਪੜੇ ਉਤਾਰਦਿਆਂ ਵੇਖਣ ਵਾਲੇ ਉਦਾਸੀਨਤਾ ਵਿਚ ਗੱਲਾਂ ਕਰਨ ਲੱਗੇ - ‘‘ਲਓ ਬਈ ਹਰੀ ਸਿੰਘ ਹੁਣ ਨਹੀਂ ਬਚਣ ਲੱਗਾ, ਕਿੱਥੇ ਇਕੱਲੀ ਜਿੰਦ ਕਿਥੇ ਪੰਜ ਸੂਰਮੇ ਕਾਹਦਾ ਮੁਕਾਬਲਾ ਹੈ। ਸਰਕਾਰ ਨੂੰ ਚਾਹੀਦਾ ਹੈ ਇਹ ਕੁਸ਼ਤੀ ਨਾ ਹੋਣ ਦੇਵੇ। ਨਹੀਂ ਹਰੀ ਸਿੰਘ ਦੀ ਹੱਡੀ ਪੱਸਲੀ ਇੱਕ ਹੋ ਜਾਵੇਗੀ।`` ਇਤਨੇ ਵਿਚ ਹਰੀ ਸਿੰਘ ਮੁੜ ਤੋਂ ਤਾਜਾਦਮ ਹੋ ਚੁੱਕਿਆ ਸੀ, ਮਨ ਅੰਦਰ ਲੜਨ ਦੇ ਦਾਉਪੇਚ ਸੋਚ ਚੁੱਕਿਆ ਸੀ। ਉਹਨਾਂ ਪੰਜਾਂ ਵਿਚੋਂ ਇੱਕ ਅੱਗੇ ਵਧਦਿਆਂ ਗੁੱਸੇ ਵਿਚ ਭਬਕਿਆ - ਬੱਚੂ ! ਮੰਜਾ ਮੰਗਵਾ ਲੈ ਅੱਜ ਟੁਰ ਕੇ ਅਖਾੜੇ ਵਿਚੋਂ ਬਾਹਰ ਨਹੀਂ ਜਾ ਸਕੇਂਗਾ।`` ਉਸਦੀ ਜ਼ੁਬਾਨ ਵਿਚੋਂ ਇਹ ਬੋਲ ਨਿਕਲਦਿਆਂ ਹੀ ਹਰੀ ਸਿੰਘ ਚੀਤੇ ਵਾਂਗ ਛਾਲ ਮਾਰ ਕੇ ਉਸਦੀ ਗਰਦਨ ਤੇ ਅਜਿਹਾ ਪਿਆ ਕਿ ਉਸਦੇ ਹੋਸ਼ ਗੁੰਮ ਹੋ ਗਏ। ਹੋਰ ਦੋ ਜਣੇ ਅੱਗੇ ਵੱਧੇ ਤਾਂ ਹਰੀ ਸਿੰਘ ਝਕਾਨੀ ਦੇ ਕੇ ਇੱਕ ਵੱਲ ਉੱਚਾ ਉਛਲ ਕੇ ਛਾਤੀ ਵਿਚ ਦੁਲੱਤੀ ਕੱਢ ਮਾਰੀ ਤੇ ਉਹ ਚੌਫਾਲ ਜਾ ਡਿੱਗਾ। ਤੀਜੇ ਨੂੰ ਲੱਕੋਂ ਫੜਕੇ ਅਜਿਹੀ ਭੁਆਟਣੀ ਦਿੱਤੀ ਕਿ ਪਰੇ ਵਗਾਹ ਮਾਰਿਆ। ਰਹਿੰਦੇ ਦੋ ਅੱਗੇ ਤਾਂ ਵਧ ਰਹੇ ਸਨ, ਪਰ ਅੰਦਰੋਂ ਕੰਬ ਗਏ। ਹਰੀ ਸਿੰਘ ਨੇ ਇੱਕ ਨੂੰ ਬਿਜਲੀ ਦੀ ਤੇਜੀ ਨਾਲ ਅਜਿਹਾ ਧੋਬੀ ਪਟਕਾ ਮਾਰਿਆ ਕਿ ਉਹ ਮੁੜ ਉਠਣ ਜੋਗਾ ਨਾ ਰਿਹਾ। ਪੰਜਵਾਂ ਹਰੀ ਸਿੰਘ ਨੂੰ ਆਪਣੇ ਵੱਲ ਤੇਜੀ ਨਾਲ ਆਉਂਦਿਆਂ ਵੇਖਕੇ ਪਹਿਲਾਂ ਹੀ ਮੇਮਣੇ ਵਾਂਗ ਮਿਆਂਕਦਾ ਹੋਇਆ ਜਾਨ ਬਚਾ ਕੇ ਅਜਿਹਾ ਨੱਸਿਆ ਕਿ ਕੱਪੜੇ ਚੁੱਕਣ ਭੀ ਨਾ ਆਇਆ ਹਰੀ ਸਿੰਘ ਪਸੀਨੇ ਵਿਚ ਨੁੱਚੜ ਰਿਹਾ ਸੀ, ਸਰੀਰ ਵਿਚੋਂ ਚੰਗਿਆੜੇ ਨਿਕਲ ਰਹੇ ਸਨ, ਡੌਲੇ ਫਰਕ ਰਹੇ ਸਨ। ਆਲੇ-ਦੁਆਲੇ ਵੇਖਿਆ ਸਾਰੀ ਭੀੜ ਡੌਰ-ਭੋਰ ਹੋਈ ਪੱਥਰ ਵਾਂਗ ਅਹਿਲ ਵੇਖ ਰਹੀ ਸੀ। ਹਰੀ ਸਿੰਘ ਬੱਬਰ ਸ਼ੇਰ ਵਾਂਗ ਗਰਜਿਆ ! ਹੈ ਕੋਈ ਮਾਈ ਦਾ ਲਾਲ! ਹਿੰਮਤ ਹੈ ਕਿਸੇ ਵਿਚ ਦੋ ਹੱਥ ਕਰਨ ਦੀ...? ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਰਾ ਮੇਲਾ ਗੂੰਜ ਉØੱਠਿਆ ਵੇਖਣ ਵਾਲਿਆਂ ਹਰੀ ਸਿੰਘ ਤੋਂ ਰੁਪਿਆਂ ਦੀ ਬਾਰਸ਼ ਕਰ ਦਿੱਤੀ। ਜਿਸ ਕੋਲ ਬੋਝ ਵਿਚ ਜੋ ਕੁੱਝ ਸੀ ਉਹੀ ਹਰੀ ਸਿੰਘ ਅੱਗੇ ਸੁੱਟ ਦਿੱਤਾ। ਮਹਾਰਾਜਾ ਰਣਜੀਤ ਸਿੰਘ ਆਪਣੇ ਟਿਕਾਣੇ ਤੋਂ ਉਤਰਿਆ।ਲੋਕੀਂ ਪਿਛਾਂਹ ਹਟਦੇ ਗਏ, ਮਿੱਟੀ ਨਾਲ ਲੱਥ-ਪੱਥ ਹਰੀ ਸਿੰਘ ਨੂੰ ਸਰਕਾਰ ਨੇ ਘੁੱਟਕੇ ਕਲਾਵੇ ਵਿਚ ਲੈ ਲਿਆ। ਮੱਥਾ ਚੁੰਮਿਆ ਪਿਆਰ ਅਸੀਸ ਦਿੱਤੀ, ਵੀਹ ਹਜ਼ਾਰ ਰੁਪਏ ਦਾ ਹੀਰੇ ਜੜਿਆ ਹਾਰ, ਆਪਣੇ ਗਲੋਂ ਵਿਚੋਂ ਉਤਾਰ ਕੇ, ਹਰੀ ਸਿੰਘ ਦੇ ਗਲ ਵਿਚ ਪਾ ਦਿੱਤਾ। ਪੁੱਤਰਾ ! ਮੈਂ ਬਹੁਤ ਖੁਸ਼ ਹਾਂ ਤੇਰੀ ਸੂਰਮਗਤੀ ਤੋਂ, ਅੱਜ ਤੋਂ ਤੂੰ ਮੇਰਾ ਨਿੱਜੀ ਪਹਿਰੇਦਾਰ ਹੋਵੇਾਂਗਾ ਤੇਰੀ ਨੌਕਰੀ ਅੱਜ ਤੋਂ ਪੱਕੀ। ਜਾਹ ਆਪਣੀ ਮਾਂ ਨੂੰ, ਪਿਉ ਨੂੰ ਖੁਸ-ਖ਼ਬਰੀ ਦੇਹ, ਨਾਲੇ ਮੇਰੇ ਵਲੋਂ ਉਹਨਾਂ ਨੂੰ ਗੁਰ ਫ਼ਤਿਹ ਬੁਲਾਈ, ਧੰਨ ਹਨ ਉਹ ਜਿਹਨਾਂ ਦਾ ਅਜਿਹਾ ਹੋਣਹਾਰ ਸੂਰਮਾ ਪੁੱਤਰ ਹੈ।

ਇਸ ਵਾਰੀ ਸਾਰੇ ਮੇਲੇ ਵਿਚ ਹਰੀ ਸਿੰਘ ਦੀਆਂ ਧੁੰਮਾਂ ਸਨ, ਸਾਰਿਆਂ ਦੀ ਨਜ਼ਰ ਦਾ ਤਾਰਾ ਬਣ ਗਿਆ ਸੀ। ਘਰ ਘਰ ਜਾ ਕੇ ਸਾਰਿਆਂ ਖੁੰਢਾਂ ਤੇ ਇਕੱਠਾਂ ਵਿਚ ਹਰੀ ਸਿੰਘ ਦੀ ਸੂਰਮਗਤੀ ਦੇ ਸੋਹਿਲੇ ਗਾਏ। ਕੋਈ ਆਖੇ ‘‘ਉਸ ਵਿਚ ਸ਼ੇਰ ਵਰਗੀ ਫੁਰਤੀ ਹੈ ਤੇ ਦੂਜਾ ਆਖੇ ਪਰ ਤਾਕਤ ਉਸ ਵਿਚ ਹਾਥੀ ਜਿੰਨੀ ਹੈ। ਉਇ ਭੋਲਿਓ ਇੱਕ ਹਾਥੀ ਜਿੰਨੀ ਨਹੀਂ, ਲੱਗਦੈ ਉਹ ਤਾਂ ਕਈ ਸਾਰੇ ਹਾਥੀਆਂ ਦੀ ਤਾਕਤ ਸੰਭਾਲੀ ਫਿਰਦੈ``। ਤੇ ਹਰੀ ਸਿੰਘ ਨੇ ਆਪਣੇ ਘਰ ਜਾ ਮਾਂ ਨੂੰ ਘੁੱਟ ਗੱਲਵੱਕੜੀ ਪਾਈ ਤੇ ਚੁੱਕਕੇ ਕਈ ਭੁਆਟਣੀਆਂ ਦੇ ਦਿੱਤੀਆਂ ‘‘ਵੇ ਪੁੱਤ ! ਐਵੇਂ ਨਾ ਮੇਰੀਆਂ ਹੱਡੀਆਂ ਕੜਕਾ ਦੇਵੀਂ, ਬੱਸ ਕਰ ਮੇਰਾ ਬੱਚਾ। ਮਾਂ ਨੂੰ ਸਾਹਮਣੇ ਖਲਾਰ ਕੇ ਇਨਾਮ ਵਿਚ ਮਿਲਿਆ ਹਾਰ ਆਪਣੇ ਗਲੋਂ ਉਤਾਰਕੇ ਮਾਂ ਦੇ ਗਲ ਵਿਚ ਪਾ ਦਿੱਤਾ।`` ਹੈਂ ਐਨਾ ਸੋਹਣਾ ਹਾਰ? ਦੱਸ ਪੁੱਤ ਕਿਥੋਂ ਚੁੱਕ ਲਿਆਇਆ ਹੈਂ ਇਹ ਕੀਮਤੀ ਹਾਰ? ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਰਕਾਰ ਨੂੰ ਖ਼ਬਰ ਹੋ ਗਈ...? ਓ ਮੇਰੀ ਪਿਆਰੀ ਮਾਂ ਇਸ ਹਾਰ ਦਾ ਸਾਰੀ ਦੁਨੀਆ ਨੂੰ ਪਤਾ ਹੈ, ਸਰਕਾਰ ਨੂੰ ਭੀ ਪਤਾ ਹੈ। ਇਹ ਹਾਰ ਤਾਂ ਮੈਨੂੰ ਖੁਦ ਸਰਕਾਰ ਨੇ ਇਨਾਮ ਵਿਚ ਦਿੱਤਾ ਹੈ। ਮੈਂ ਉਥੇ ਪੰਜ-ਪੰਜ ਭਲਵਾਨਾਂ ਨੂੰ ਚਿੱਤ ਕਰ ਦਿੱਤਾ। ਸਰਕਾਰ ਨੇ ਖੁਸ਼ ਹੋ ਕੇ ਇਹ ਹਾਰ ਭੀ ਦਿੱਤਾ ਹੈ ਤੇ ਮੈਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ ਹੈ। ਹਰੀ ਸਿੰਘ ਇਕੋ ਸਾਹੇ ਕਹਿ ਗਿਆ। ਸੱਚ ! ਮੈਂ ਸੱਦਕੇ ਮੇਰੇ ਲਾਡਲੇ, ਮੈਂ ਵਾਰੀ ਸਤਿਗੁਰੂ ਤੈਨੂੰ ਲੰਮੀ ਉਮਰ ਦੇਵੇ ਜੁਗ-ਜੁਗ ਜੀਵੇਂ। ਲਿਆ ਨੀ ਕੁੜੀਏ ਮੇਰੇ ਲਾਲ ਦਾ ਮੂੰਹ ਮਿੱਠਾ ਕਰਾਉ। ਸਰੀਕੇ ਵਿਚ ਖ਼ਬਰ ਕਰ ਦਿਉ, ਰਾਤੀ ਸਾਰੇ ਰਲ ਕੇ ਖ਼ੁਸ਼ੀਆਂ ਮਨਾਵਾਂਗੇ। ਹਫ਼ਤੇ ਭਰ ਚਾਅ ਮਲਾਰ ਪੂਰੇ ਕਰਕੇ ਇਹ ਗੱਭਰੂ ਮਹਾਰਾਜੇ ਦੀ ਫੌਜ ਦਾ ਸਿਪਾਹੀ ਬਣ ਗਿਆ। ਚੜ੍ਹਦੀ ਜਵਾਨੀ ਮਜ਼ਬੂਤ ਭਰਵਾਂ ਜੁੱਸਾ ਸਾਢੇ ਛੇ ਫੁੱਟ ਕੱਦ ਦਰਸ਼ਨੀ ਗੱਭਰੂ ਨੂੰ ਵੇਖ ਕੇ ਭੁੱਖ ਲਹਿੰਦੀ। ਕੁੱਝ ਦਿਨਾਂ ਦੀ ਸਿੱਖਿਆ ਤੋਂ ਬਾਅਦ ਮਹਾਰਾਜੇ ਦੀ ਨਿੱਜੀ ਟੁਕੜੀ ਦਾ ਮੈਂਬਰ ਬਣਾ ਦਿੱਤਾ ਗਿਆ। ਮਹਾਰਾਜਾ ਸ਼ਿਕਾਰ ਨੂੰ ਜਾਂਦਾ ਘੋੜੇ ਤੇ ਸਵਾਰ ਹੁੰਦਾ ਸੰਗੀ ਅਫ਼ਸਰ ਭੀ ਘੋੜਿਆਂ ਤੇ ਹੁੰਦੇ, ਪਰ ਇਹਨਾਂ ਨਵੇਂ ਭਰਤੀ ਹੋਏ ਸਿਪਾਹੀਆਂ ਨੂੰ ਸਾਰਾ ਦਿਨ ਘੋੜਿਆਂ ਬਰਾਬਰ ਪੈਦਲ ਦੌੜਨਾ ਹੁੰਦਾ ਸੀ। ਮਹੀਨਿਆਂ ਤੇ ਸਾਲਾ ਬੱਧੀ ਇਹ ਅਭਿਆਸ ਜਾਰੀ ਰਹਿੰਦਾ। ਇੱਕ ਦਿਨ ਜੰਗਲ ਵਿਚ ਰਣਜੀਤ ਸਿੰਘ ਸ਼ਿਕਾਰ ਲਈ ਗਿਆ। ਸੰਘਣੇ ਜੰਗਲ ਵਿਚੋਂ ਸ਼ੇਰ ਦੀ ਭਬਕ ਸੁਣਾਈ ਦਿੱਤੀ ਸੀ ਉਧਰ ਨੂੰ ਅੱਗੇ ਵਧਦਾ ਗਿਆ। ਕੁੱਝ ਝਾੜੀਆਂ ਪਾਰ ਕਰਕੇ ਲੰਘਿਆਂ ਤਾਂ ਅੱਗੇ ਬੱਬਰ ਸ਼ੇਰ ਬੜਕਾਂ ਮਾਰ ਰਿਹਾ ਸੀ। ਸ਼ੇਰ ਨੇ ਵੰਗਾਰ ਪਾਈ ਤੇ ਇਧਰੋਂ ਹਰੀ ਸਿੰਘ ਭਬਕਿਆ। ਦੋਵੇਂ ਇੱਕ ਦੂਜੇ ਦੀ ਤਾਕਤ ਤੇ ਇਰਾਦੇ ਦਾ ਜਾਇਜਾ ਲੈਣ ਲੱਗੇ। ਸ਼ੇਰ ਨੇ ਜ਼ੋਰਦਾਰ ਦਹਾੜ ਮਾਰੀ, ਜੰਗਲ ਗੂੰਜ ਉੱਠਿਆ, ਪਸ਼ੂ-ਪੰਛੀ ਨੱਸੇ। ਹਰੀ ਸਿੰਘ ਬੇ ਖੌਫ਼ ਅੱਗ ਵਧ ਰਿਹਾ ਸੀ, ਸ਼ੇਰ ਆਪਣੇ ਦਾਅ ਦੀ ਉਡੀਕ ਵਿਚ ਸੀ। ਰਣਜੀਤ ਸਿੰਘ ਨੇ ਸਾਰੇ ਸਾਥੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਖ਼ੁਦ ਇਤਨਾ ਨੇੜੇ ਆ ਕੇ ਰੁਕ ਗਿਆ ਕਿ ਸਾਰਾ ਦ੍ਰਿਸ਼ ਚੰਗੀ ਤਰ੍ਹਾਂ ਵੇਖ ਸਕੇ। ਸ਼ੇਰ ਭਬਕਿਆ ਪੰਜੇ ਛੰਡੇ ਤੇ ਹਰੀ ਸਿੰਘ ਤੇ ਧਾਵਾ ਬੋਲ ਦਿੱਤਾ। ਇਸ ਯੋਧੇ ਨੇ ਅਜਿਹਾ ਦਾਅ ਖੇਢਿਆਂ ਕਿ ਸ਼ੇਰ ਦੇ ਝਪਟਣ ਤੇ ਉਸ ਦੇ ਦੋਵੇਂ ਅਗਲੇ ਪੰਜੇ ਅਜਿਹੇ ਮਜਬੂਤੀ ਨਲ ਪਕੜਕੇ ਮਰੋੜਾ ਦਿੱਤਾ ਕਿ ਸ਼ੇਰ ਉਲਟਕੇ ਥੱਲੇ ਜਾ ਪਿਆ। ਇਹ ਸੂਰਮਾ ਸਿੱਧਾ ਸ਼ੇਰ ਦੀ ਹਿੱਕ ਤੇ ਜਾ ਬੈਠਾ ਹਥੌੜਿਆਂ ਵਰਗੇ ਘਸੁੰਨਾ ਦੇ ਵਾਰ ਕਰਦਿਆਂ ਉਸਦੀਆਂ ਹੱਡੀਆਂ ਕੜਕਾ ਦਿੱਤੀਆਂ। ਸ਼ੇਰ ਨੇ ਸਾਰੀ ਤਾਕਤ ਜੁਟਾਕੇ ਭਿਆਨਕਤਾ ਭਰਿਆ ਜਬਾੜਾ ਖੋਲਿ੍ਹਆ। ਹਰੀ ਸਿੰਘ ਦੀ ਗਰਦਨ ਨੂੰ ਪਕੜ ਲੈਣ ਲੱਗਾ ਸੀ ਕਿ ਬਹਾਦਰ ਨੇ ਉਪਰੋ-ਹੇਠੋਂ ਦੋਵੇਂ ਹੱਥਾਂ ਨਾਲ ਦੋਵੇਂ ਜਬਾੜੇ ਸਕੰਜੇ ਵਾਂਗ ਜਕੜ ਲਏ। ਇੱਕ ਪੈਰ ਨਾਲ ਉਸਦੀ ਕਮਰ ਨੂੰ ਨੱਪਿਆ। ਦੋਵੇਂ ਡੋਲਿਆਂ ਦੀ ਹਾਥੀ ਜਿਹੀ ਤਾਕਤ ਨਾਲ ਬੱਬਰ ਸ਼ੇਰ ਦੇ ਜਬਾੜੇ ਅਜਿਹੇ ਖਿੱਚੇ ਕਿ ਪਲਾਂ ਵਿਚ ਹੀ ਸ਼ੇਰ ਦੀ ਘਿਗ ਬੁੱਝ ਗਈ। ਹਰੀ ਸਿੰਘ ਨੇ ਅਜਿਹਾ ਜ਼ੋਰਦਾਰ ਝਟਕਾ ਮਾਰਿਆ ਕਿ ਸ਼ੇਰ ਦੇ ਜਬਾੜੇ ਖੱਦਰ ਦੇ ਕੱਪੜੇ ਵਾਂਗ ਲੀਰੋ-ਲੀਰ ਕਰ ਦਿੱਤੇ। ਧਰਤੀ ਪੱਟੀ ਗਈ ਗੁਬਾਰ ਉਡਿਆ ਪਸੀਨੇ ਅਤੇ ਖ਼ੂਨ ਨਾਲ ਲੱਥ-ਪੱਥ ਸੂਰਮਾ ਸ਼ੇਰ ਨੂੰ ਆਖਰੀ ਸਾਹ ਲੈਂਦੇ ਵੇਖ ਰਿਹਾ ਸੀ। ਰਣਜੀਤ ਸਿੰਘ ਅੱਗੇ ਵਧਿਆ ਘੋੜੇ ਤੋਂ ਉਤਰਿਆ, ਇਸ ਕੌਮ ਦੇ ਅਨਮੋਲ ਹੀਰੇ ਨੂੰ ਧਾਅ ਕੇ ਗਲਵੱਕੜੀ ਵਿਚ ਲੈ ਲਿਆ। ਜਿੱਤ ਦਾ ਆਕਾਸ਼ ਗੂੰਜਾਊ ਜੈਕਾਰਾ ਲਾਇਆ ਬਹੁਤ ਕੀਮਤੀ ਹਾਰ ਆਪਣੇ ਗਲ ਵਿਚ ਉਤਾਰ ਕੇ ਹਰੀ ਸਿੰਘ ਦੇ ਗਲ ਵਿਚ ਸਜਾ ਦਿੱਤਾ। ਐਲਾਨ ਕੀਤਾ ਗਿਆ ਕਿ ਅੱਜ ਤੋਂ ਹਰੀ ਸਿੰਘ ਸਿਪਾਹੀ ਨਹੀਂ ਸਰਦਾਰ (ਕਮਾਂਡਰ) ਹੋਵੇਗਾ। ਇਸਦੇ ਨਾਮ ਨਾਲ ‘‘ਨਲਵਾ`` ਲਿਖਿਆ ਬੋਲਿਆ ਜਾਵੇਗਾ। ਪੁਰਾਣਕ ਕਥਾ ਮੁਤਾਬਕ ਇੱਕ ਰਾਜੇ ਨੇ ਸ਼ੇਰ ਮਾਰਿਆ ਸੀ, ਉਸਨੂੰ ਨੱਲ ਕਿਹਾ ਗਿਆ। ਲਾਹੌਰ ਵਿਚ ਪੁੱਜਣ ਤੇ ਸਰਦਾਰ ਦਾ ਸਨਮਾਨ ਕੀਤਾ ਗਿਆ, ਸ਼ਹਿਰ ਵਾਸੀਆਂ ਨੂੰ ਬੱਬਰ ਸ਼ੇਰ ਵਿਖਾਇਆ ਗਿਆ ਤੇ ਸਾਰੀ ਹੋਈ ਬੀਤੀ ਸੁਣਾਈ ਗਈ। ਜਿਸ ਨੇ ਸੁਣਿਆ ਅਸ਼-ਅਸ਼ ਕਰ ਉਠਿਆ। ਘਰ-ਘਰ ਹਰੀ ਸਿੰਘ ਦੀਆਂ ਗੱਲਾਂ ਹੋਣ ਲੱਗੀਆਂ। ਇਸ ਵਕਤ ਹਰੀ ਸਿੰਘ ਕੇਵਲ 18 ਕੁ ਸਾਲ ਦਾ ਮੁੱਛ-ਫੁੱਟ ਗੱਭਰੂ ਸੀ।

ਪਾਠਕ ਜਨੋ ! ਜਰਾ ਇਸ ਬਹਾਦਰੀ ਦੀ ਸ਼ਾਨਦਾਰ ਗਾਥਾ ਨੂੰ ਮੁੜ ਤੋਂ ਸੋਚੋ ਵਿਚਾਰੋ। ਹਾਥੀ ਵਰਗਾ ਤਾਕਤਵਰ, ਸ਼ੇਰ ਵਰਗਾ ਫੁਰਤੀਲਾ, ਅਨੇਕ ਹਥਿਆਰਾਂ ਨੂੰ ਸਿਖਰਲੀ ਹੱਦ ਤੱਕ ਵਰਤਣ ਦਾ ਮਾਹਿਰ, ਪੰਜ-ਪੰਜ ਭਲਵਾਨਾਂ ਨੂੰ ਪਲਾਂ ਵਿਚ ਮਿੱਟੀ ਘੱਟੇ ਰੋਲ ਦੇਣ ਵਾਲਾ, ਬੱਬਰ ਸ਼ੇਰ ਨੂੰ ਬਿਨਾਂ ਹਥਿਆਰ ਤੋਂ ਜਬਾੜੇ ਤੋਂ ਦੋਫਾੜ ਕਰ ਦੇਣ ਵਾਲਾ, ਇਹ ਮਾਂ ਦਾ ਲਾਡਲਾ ਕਿਸ ਮਿੱਟੀ ਦਾ ਬਣਿਆ ਹੋਇਆ ਸੀ? ਕਿਸ ਉਮਰ ਤੋਂ ਇਸਦੀ ਸਿਖਲਾਈ ਸ਼ੁਰੂ ਕੀਤੀ ਗਈ ਸੀ। ਠੀਕ ਹੈ ਕਈ ਬਖਸ਼ਿਸ਼ਾਂ ਅਕਾਲ ਪੁਰਖ ਵਲੋਂ ਭੀ ਹੁੰਦੀਆਂ ਹਨ। ਪਰ ਉੱਚ ਪਾਏ ਦੀ ਸਮੇਂ ਸਿਰ ਦਿੱਤੀ ਗਈ ਸਿਖਲਾਈ ਦਾ ਆਪਣਾ ਵਿਸ਼ੇLਸ਼ ਯੋਗਦਾਨ ਹੋਇਆ ਕਰਦਾ ਹੈ। ਹਰੀ ਸਿੰਘ ਦੀ ਸਿੱਖਿਆ ਪੰਜ ਛੇ ਸਾਲ ਦੀ ਉਮਰ ਤੋਂ ਹੀ ਆਰੰਭ ਕਰਵਾ ਦਿੱਤੀ ਗਈ ਸੀ। ਸਿਆਣੇ ਮਾਤਾ-ਪਤਾ ਜਾਣਦੇ ਹਨ ਕਿ ਬੱਚੇ ਨੂੰ ਕਿਹੋ ਜਿਹੀ ਖ਼ੁਰਾਕ ਅਤੇ ਵਾਤਾਵਰਣ ਪ੍ਰਦਾਨ ਕੀਤਾ ਜਾਵੇ। ਸਿਆਣੇ ਉਸਤਾਦ ਯੋਗ ਸਮੇਂ ਤੇ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਹੀ ਸ. ਹਰੀ ਸਿੰਘ ਵਰਗੇ ਇਤਿਹਾਸ ਦੇ ਹੀਰੇ ਪੈਦਾ ਹੋਇਆ ਕਰਦੇ ਹਨ। ਜਿਹਨਾਂ ਦੀ ਅੱਜ ਤੱਕ ਪਠਾਣੀਆਂ ਦੇ ਮਨਾਂ ਤੇ ਦਹਿਸ਼ਤ ਹੈ ‘‘ਚੁਪ ਸ਼ਾ ਹਰੀਆ ਰਾਂਗਲੇ`` ਬੱਚਾ ਚੁੱਪ ਕਰ, ਹਰੀ ਸਿੰਘ ਨਲਵਾ ਆ ਜਾਵੇਗਾ।

ਭਾਰਤ ਦੇ ਦੱਖਣੀ ਸੂਬਿਆਂ ਵਿਚ ਨਾਚ ਕਲਾ ਨੂੰ ਬਹੁਤ ਉਚਾ ਅਸਥਾਨ ਪ੍ਰਾਪਤ ਹੈ। ਹਰ ਮਾਤਾ-ਪਿਤਾ ਬਾਲੜੀ ਉਮਰੇ ਬੇਟੀਆਂ ਨੂੰ ਨਾਚ ਸਿੱਖਣ ਵਾਸਤੇ ਚੰਗੇ ਸਕੂਲਾਂ ਵਿਚ ਦਾਖ਼ਲ ਕਰਾਉਂਦਾ ਹੈ। ਜੁਆਨੀ ਵਿਚ ਪੁੱਜਣ ਤੋਂ ਪਹਿਲਾਂ ਹੀ ਲੜਕੀਆਂ ਅੱਛੀਆਂ ਖ਼ਾਸੀਆਂ ਨਰਤਕੀਆਂ ਬਣ ਚੁੱਕੀਆਂ ਹੁੰਦੀਆਂ ਹਨ। ਲੜਕੀ ਦੀ ਮੰਗਣੀ ਵਕਤ ਲੜਕੇ ਵਾਲੇ ਇਹ ਜ਼ਰੂਰ ਪੁੱਛਦੇ ਹਨ ਕਿ ਲੜਕੀ ਨਿਰਤ ਕਲਾ ਵਿਚ ਕਿੰਨੀ ਕੁ ਮਾਹਰ ਹੈ? ਜੇ ਗਾਉਣ ਜਾਂ ਸਾਜ ਵਜਾਉਣ ਭੀ ਜਾਣਦੀ ਹੋਵੇ ਤਾਂ ਸੋਨੇ ਤੇ ਸੁਹਾਗਾ। ਇਸੇ ਬਚਪਨ ਦੀ ਸਿੱਖਿਆ ਕਾਰਨ ਸਾਰੀ ਫਿਲਮ ਇੰਡਸਟਰੀਜ ਵਿਚ ਦੱਖਣੀ ਬੀਬੀਆਂ ਮੋਹਰੀ ਰੋਲ ਅਦਾ ਕਰ ਰਹੀਆਂ ਹਨ। ਬੱਚਿਆਂ ਨੂੰ ਯੋਗ ਸਮੇਂ ਤੇ ਬਣਦੇ ਰੁਝੇਵੇਂ ਵਿਚ ਨਾ ਪਾਇਆ ਜਾਵੇ ਤਾਂ ਜੁਆਨੀ ਵਿਚ ਅਵੱਸ਼ ਭਟਕ ਜਾਵੇਗਾ। ਕੁਰਾਹੇ ਪਿਆ ਜੁਆਨ ਤਬਕਾ ਜਿਥੇ ਖੁਦ ਬਰਬਾਦ ਹੁੰਦਾ ਹੈ ਉਥੇ ਸਮਾਜ ਨੂੰ ਭੀ ਵੱਡਾ ਘਾਟਾ ਹੁੰਦਾ ਹੈ। ਜਿਵੇਂ ਹੜ੍ਹ ਦਾ ਪਾਣੀ ਅਥਾਹ ਤਬਾਹੀ ਕਰ ਦਿਆ ਕਰਦਾ ਹੈ। ਪਰ ਇਸ ਬੇਕਾਬੂ ਹੋ ਕੇ ਵਗ ਰਹੇ ਪਾਣੀ ਨੂੰ ਸਿਆਣਪ ਨਾਲ ਬੰਨ ਮਾਰ ਲਿਆ ਜਾਵੇ, ਨਹਿਰਾਂ ਕੱਢੀਆਂ ਜਾਣ, ਡੈਮ ਬਣਾਏ ਜਾਣ, ਤਾਂ ਇਹੀ ਪਾਣੀ ਤੇ ਬਿਜਲੀ ਮਨੁੱਖਤਾ ਲਈ ਅਣਗਿਣਤ ਕਾਜ ਸੰਵਾਰਦਾ ਹੈ। ਖੇਤਾਂ ਵਿਚ ਫਸਲਾਂ ਲਹਿਰਾਉਂਦੀਆਂ ਹਨ। ਕਾਰਖਾਨੇ ਚੱਲਦੇ ਹਨ, ਘਰ ਰੌਸ਼ਨ ਹੁੰਦੇ ਹਨ। ਬਰਬਾਦੀ ਤੋਂ ਬਚੀਦਾ ਹੈ ਅਬਾਦੀ ਦਾ ਬਹੁਤ ਫਾਇਦਾ ਹੁੰਦਾ ਹੈ। ਨੌਜਵਾਨ ਸਿੱਖਣਾ ਚਾਹੁੰਦੇ ਹਨ, ਪਰ ਸਾਡੇ ਪ੍ਰਬੰਧਕ ਅਤੇ ਮੁਖੀ ਉਨ੍ਹਾਂ ਵਾਸਤੇ ਕੋਈ ਸਾਰਥਕ ਕਾਰਜ ਆਰੰਭ ਹੀ ਨਹੀਂ ਕਰ ਸਕੇ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਰਬਾਂ ਰੁਪਏ ਦੇ ਬੱਜਟ ਵਿਚੋਂ ਧਰਮ ਪ੍ਰਚਾਰ ਵਾਸਤੇ ਭੀ ਕੋਈ ਵਿਸ਼ੇLਸ਼ ਯੋਗਦਾਨ ਨਹੀਂ ਪਾ ਸਕੀਆਂ। ਧਰਮ ਕਾਰਜਾਂ ਦਾ ਪੈਸਾ ਰਾਜਨੀਤੀ ਦੇ ਚਿੱਕੜ ਵਿਚ ਰੋੜ੍ਹਿਆਂ ਜਾ ਰਿਹਾ ਹੈ। ਧਰਮ ਪ੍ਰਚਾਰਕ ਤਿਆਰ ਕਰਨ ਵਾਸਤੇ ਕੋਈ ਸਕੂਲ ਕਾਲਜ ਨਹੀਂ ਜਿਥੋਂ ਚੰਗੀ ਦੁਨਿਆਵੀ ਵਿਦਿਆ ਸੌਖਿਆਂ ਹੀ ਮਿਲ ਸਕੇ। ਖੇਡਾਂ ਵੱਲ ਬੱਚਿਆਂ ਨੂੰ ਉਤਸ਼ਾਹਤ/ਟ੍ਰੇਨਿੰਗ ਵਾਸਤੇ ਕੋਈ ਪ੍ਰਬੰਧ ਨਹੀਂ, ਇਸੇ ਲਈ ਕਦੀ ਮੋਹਰੀ ਹੁੰਦਾ ਪੰਜਾਬ ਖੇਡਾਂ ਵਿਚ ਪੂਰੀ ਤਰ੍ਹਾਂ ਪਛੜ ਗਿਆ ਹੈ। ਜਿਹੜੇ ਸਿੱਖ ਬੱਚੇ ਖੇਡਾਂ ਵਿਚ ਜਾਂਦੇ ਭੀ ਹਨ, ਉਹ ਉਚਿਤ ਸੰਭਾਲ ਨਾ ਹੋਣ ਕਾਰਨ ਪਤਿੱਤ ਹੋ ਜਾਂਦੇ ਹਨ। ਆਂਧਰਾ ਪ੍ਰਦੇਸ਼ ਕੰਪਿਊਟਰ ਸਿੱਖਿਆ ਵਿਚ ਦੁਨੀਆ ਦਾ ਰਾਹ ਦਸੇਰਾ ਬਣਿਆ ਹੈ। ਸਾਡੇ ਚੌਧਰੀਆਂ ਇਧਰ ਘੇਸਲਵੱਟ ਕੇ ਵਕਤ ਗੁਜ਼ਾਰ ਦਿੱਤਾ। ਪੰਜਾਬ ਵਿਚ ਬੇਰੁਜ਼ਗਾਰੀ ਹੈ, ਨਸ਼ੇ ਹਨ, ਭਰੂਣ ਹੱਤਿਆ ਹੈ। ਪਰ ਪੰਜਾਬ ਦੇ ਮੁੱਦਈ ਅਖਵਾਣ ਵਾਲੇ ਗਫਲਤ ਦੀ ਨੀਂਦ ਵਿਚ ਸੁੱਤੇ ਹੋਏ ਹਨ।

ਹੋਰ ਕੋਈ ਚਾਰਾ ਨਹੀਂ ਰਿਹਾ, ਆਖਰੀ ਤਰਲਾ ਹੈ ਕਿ ਆਪਣੇ ਅੱਖੀਆਂ ਦੇ ਤਾਰੇ ਹੋਣਹਾਰ ਪੁੱਤਰਾਂ/ਧੀਆਂ ਦੀ ਖੁਦ ਸੰਭਾਲ ਸਿੱਖਿਆ ਦਾ ਪ੍ਰਬੰਧ ਕਰੋ। ਇਹਦੇ ਵਾਸਤੇ ਮਾਤਾ-ਪਿਤਾ ਨੂੰ ਕੁੱਝ ਸਿਆਣਪ ਕੁੱਝ ਤਿਆਗ ਕਰਨਾ ਪਵੇਗਾ। ਆਪ ਖੁਦ ਨਸ਼ਿਆਂ ਤੋਂ ਪ੍ਰੇਹਜਗਾਰੀ ਕਰਨੀ ਹੋਵੇਗੀ। ਸਵੇਰੇ ਸ਼ਾਮ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਬਾਣੀ ਦਾ ਪਾਠ ਕਰਨਾ ਪਵੇਗਾ। ਘੱਟੋ-ਘੱਟ ਐਤਵਾਰ ਵਾਲੇ ਦਿਨ ਪਰਿਵਾਰ ਸਮੇਤ ਜਿਸ ਗੁਰੂ ਘਰ ਵਿਚ ਕਥਾ ਕੀਰਤਨ ਹੁੰਦਾ ਹੋਵੇ ਉਥੇ ਦਰਸ਼ਨਾਂ ਨੂੰ ਜਾਣਾ ਹੋਵੇਗਾ। ਸਾਲ ਛੇ ਮਹੀਨੇ ਪਿਛੋਂ ਗੁਰਦੁਆਰਿਆਂ ਦੀ ਪਰਿਵਾਰ ਸਮੇਤ ਯਾਤਰਾ ਦਾ ਕੋਈ ਸਮਾਂ ਕੱਢਣਾ ਪਵੇਗਾ। ਘਰ ਵਿਚ ਧਾਰਮਿਕ ਪੁਸਤਕਾਂ-ਪੋਥੀਆਂ ਦੀ ਲਾਇਬ੍ਰੇਰੀ ਹੋਣੀ ਅਤੀ ਜ਼ਰੂਰੀ ਹੈ। ਇਤਿਹਾਸ ਬਾਰੇ ਚੰਗੀਆਂ ਕਿਤਾਬਾਂ ਬੱਚਿਆਂ ਦੇ ਮਾਨਸਿਕ ਪੱਧਰ ਦੀਆਂ ਆਡੀਓ-ਵੀਡੀਓ ਕੈਸਟਾਂ ਤੇ ਪੁਸਤਕਾਂ ਭੀ ਜ਼ਰੂਰੀ ਹੋਣ। ਮਾਵਾਂ ਨੂੰ ਬਿਊਟੀ ਪਾਰਲਰਾਂ ਤੇ ਕਿੱਟੀ ਪਾਰਟੀਆਂ ਤੋਂ ਆਪਦੇ ਆਪ ਨੂੰ ਰੋਕ ਕੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਹੋਵੇਗਾ। ਰਾਤ ਸਮੇਂ ਸਾਰਾ ਪਰਿਵਾਰ ਕੋਸ਼ਿਸ਼ ਕਰਕੇ ਖਾਣਾ ਇਕੱਠਿਆਂ ਖਾਵੇ। ਕੁੱਝ ਸਮਾਂ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਵੇ। ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ। ਜੇ ਬੱਚੇ ਦੇਰ ਨਾਲ ਘਰ ਆਉਂਦੇ ਹਨ ਤਾਂ ਕਾਰਨਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇ। ਨਿਮਰਤਾ ਨਾਲ ਬੱਚੇ ਨੂੰ ਵਿਸ਼ਵਾਸ ਵਿਚ ਲੈ ਕੇ ਤਕਲੀਫ਼ ਜਾਂ ਘਰ ਦੇਰੀ ਨਾਲ ਆਉਣ ਦਾ ਕਾਰਨ ਲੱਭਿਆ ਜਾਵੇ। ਸਭ ਤੋਂ ਚੰਗੇ ਰਹਿਬਰ ਬੱਚੇ ਲਈ ਮਾਤਾ-ਪਿਤਾ ਹੋਇਆ ਕਰਦੇ ਹਨ। ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਆਮ ਮਾਤਾ-ਪਿਤਾ ਦੇ ਕੈਂਪ ਲਾਏ ਜਾਣ ਸਿੱਖਿਆ ਦਿੱਤੀ ਜਾਵੇ। ਚੰਗਾ ਉਸਤਾਦ ਤਾਂ ਪਸ਼ੂ ਪੰਛੀਆਂ ਨੁੰ ਸਿੱਖਿਆ ਦੇ ਕੇ ਹੈਰਾਨ ਕਰ ਦੇਣ ਵਾਲੇ ਕੰਮ ਕਰਵਾ ਲੈਂਦਾ ਹੈ। ਸਰਕਸ ਵਿਚ ਕਰੀਬ ਸਭ ਨੇ ਵੇਖਿਆ ਹੋਵੇਗਾ ਕਿ ਭਾਰੀ ਭਰਕਮ ਤਾਕਤ ਦਾ ਪਹਾੜ ਹਾਥੀ ਸਿੱਖਿਆ ਪ੍ਰਾਪਤ ਕਰਕੇ ਕਿਵੇਂ ਕਰਤੱਬ ਵਿਖਾਉਂਦਾ ਹੈ। ਰਿਕਸਾ ਚਲਾਉਂਦਿਆਂ ਭੀ ਵੇਖਿਆ ਜਾ ਸਕਦਾ ਹੈ ਹਾਥੀ ਨੂੰ। ਰਿੰਗ ਮਾਸਟਰ ਦੇ ਇਸ਼ਾਰਿਆਂ ਤੇ ਨੱਚਦਾ ਹੋਇਆ ਸੇLਰ ਕਿੰਨੇ ਸਾਰੇ ਖੇਡ ਵਿਖਾ ਦਿੰਦਾ ਹੈ। ਕੁੱਤੇ ਘੋੜੇ ਰਿੱਛ ਤੋਤੇ ਬੱਕਰੇ ਚੂਹੇ ਬਿੱਲੀਆਂ ਤੱਕ ਭੀ ਸਿਖਾਏ ਤੋਂ ਸਿੱਖ ਜਾਂਦੇ ਹਨ। ਭਰੇ ਇਕੱਠਾਂ ਵਿਚ ਆਪਣੀ ਕਲਾ ਪ੍ਰਦਰਸ਼ਨੀ ਕਰਦੇ ਹਨ। ਕਿਵੇਂ ਭਲਾ? ਠੀਕ ਸਮੇਂ ਸੁਲਝੇ ਹੋਏ ਰਿੰਗ ਮਾਸਟਰ ਨੇ ਸਿਖਲਾਈ ਦਿੱਤੀ ਤੇ ਪਸ਼ੂ ਪੰਛੀ ਭੀ ਕਲਾਕਾਰ ਬਣ ਗਏ। ਸਤਿਗੁਰੂ ਸਾਹਿਬਾਨ ਨੇ ਇਸ ਸਮਾਜ ਵਿਚ ਅਨੇਕ ਪ੍ਰਕਾਰ ਕੋਸ਼ਿਸ਼ਾਂ ਕਰਕੇ ਸੁਧਾਰ ਲਿਆਂਦੇ, ਕੁਰਾਹੇ ਪਏ ਲੋਕਾਂ ਨੂੰ ਠੀਕ ਰਾਹੇ ਪਾਇਆ। ਅਖੌਤੀ ਜੋਗੀਆਂ, ਸਾਧਾਂ-ਸੰਨਿਆਸੀਆਂ, ਪੰਡਿਤਾਂ, ਮੌਲਾਣਿਆਂ, ਕਿਰਤੀਆਂ, ਦੁਕਾਨਦਾਰਾਂ ਵਿਚੋਂ ਚੁਣ ਕੇ ਘੜ ਤਰਾਸਕੇ, ਨਵੇਂ ਸਮਾਜ (ਸਿੱਖ ਮਤ) ਦੀ ਸਿਰਜਣਾ ਕੀਤੀ। ਮਾਨੋ ਕੂੜੇ ਦੇ ਢੇਰ ਵਿਚੋਂ ਢੱਠੇ-ਖੰਡਰਾਂ ਉਪਰ ਨਵੀਂ ਸੋਹਣੀ ਇਮਾਰਤ ਬਣਾ ਕੇ ਰਹਿਣ ਜੋਗੀ ਬਣਾ ਦਿੱਤੀ। ਇਸ ਵਿਗੜੇ ਸਮਾਜ ਵਿਚੋਂ ਹੀ ਪਰਉਪਕਾਰ, ਵੰਡ ਛਕਣ, ਤਿਆਗੀ, ਹਠੀ, ਤਪੀ, ਸੂਰਮੇ ਤੇ ਸ਼ਹੀਦ ਪੈਦਾ ਕੀਤੇ। ਵਿਦਵਾਨਾਂ ਦੇ ਕਾਫਲੇ ਪੈਦਾ ਹੋ ਗਏ, ਇਹ ਕਿਵੇਂ ਸੰਭਵ ਹੋ ਗਿਆ? ਸਤਿਗੁਰੂ ਜੀ ਦੀ ਸੂਝ-ਬੂਝ ਵਾਲੀ ਯੋਗ ਸਿੱਖਿਆ ਕਾਰਨ।

ਮਾਂ ਦੀ ਮਮਤਾ ਤੇ ਪਿਤਾ ਦੀ ਸਿਆਣਪ ਬੱਚਿਆਂ ਦੀ ਜ਼ਿੰਦਗੀ ਵਿਚ ਕਰਾਮਾਤੀ ਸ਼ਕਤੀਆਂ ਭਰ ਸਕਦੇ ਹਨ। ਇਸ਼ਕ ਮਜਾਜੀ ਦੀਆਂ ਕਹਾਣੀਆਂ ਵਿਚ ਜ਼ਿਕਰ ਹੈ ਕਿ ਰਾਂਝਾ ਹੀਰ ਨੂੰ ਪ੍ਰਾਪਤ ਕਰਨ ਖਾਤਰ, ਉਸਦੇ ਪਿਤਾ ਦੀਆਂ ਦਸ ਬਾਰਾਂ ਸਾਲ ਮੱਝਾਂ-ਗਾਵਾਂ ਸੰਭਾਲਦਾ ਰਿਹਾ। ਮਜਨੂੰ ਲੰਮੇ ਸਮੇਂ ਤੱਕ ਖੂਹ ਗੇੜਦਾ ਰਿਹਾ ਕਿਉਂਕਿ ਮਾਸ਼ੂਕਾ ਨੇ ਆਖਿਆ ਸੀ ਖੂਹ ਗੇੜ ਪਾਣੀ ਪੀਣਾਂ ਹੈ। ਉਹ ਪਾਣੀ ਦੀਆਂ ਦੋ ਘੁੱਟਾਂ ਪੀਕੇ ਚਲੀ ਗਈ ਸਾਲਾਂ ਬੱਧੀ ਵਾਪਸ ਨਾ ਪਰਤੀ। ਮਜਨੂੰ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਖੂਹ ਗੇੜਦਾ ਰਿਹਾ ਸ਼ਾਇਦ ਕਦੀ ਫਿਰ ‘ਉਹ` ਆ ਜਾਵੇ। ਸੱਸੀ ਥਲਾਂ ਵਿਚ ਸੜ ਮੋਈ। ਫਰਹਾਦ ਸੀਰੀ ਲਈ ਪੰਦਰਾਂ ਸਾਲ ਪਹਾੜ ਕੱਟਕੇ ਨਹਿਰ ਬਣਾਉਂਦਾ ਰਿਹਾ, ਮਿਰਜਾ ਸਾਹਿਬਾਂ ਅੱਧਵਾਟੇ ਰਾਹ ਵਿਚ ਕਤਲ ਕਰ ਦਿੱਤੇ ਗਏ...। ਇਹ ਇੱਕ ਜਨੂਨ ਸੀ ਇਹਨਾਂ ਨੌਜਵਾਨਾਂ ਦੇ ਸਿਰ ਨੂੰ ਚੜ੍ਹਿਆ ਹੋਇਆ। ਇੱਕ ਨਿੱਜੀ ਸਾਧਾਰਣ ਦੁਨਿਆਵੀ ਪਿਆਰ। ਇਸ ਵਿਚ ਦੇਸ਼ ਕੌਮ, ਧਰਮ ਜਾਂ ਮਨੁੱਖਤਾ ਦਾ ਕੋਈ ਹਿੱਤ ਨਹੀਂ ਸੀ। ਅਜਿਹਾ ਇਸ਼ਕ ਦਾ ਭੂਤ ਚਾਰ ਦਿਨਾਂ ਲਈ ਜਵਾਨੀ ਤੇ ਹਾਵੀ ਹੋ ਜਾਇਆ ਕਰਦਾ ਹੈ ਸਮੇਤ ਭੇਡ ਦੇ। ਇਸ ਤੋਂ ਅਗਲੇਰਾ ਉੱਚਾ ਮਹਾਨ ਟੀਚਾ ਜੇ ਨੌਜਵਾਨਾਂ ਦੇ ਸਨਮੁੱਖ ਰੱਖਿਆ ਹੀ ਨਾ ਜਾਵੇ, ਜ਼ਿੰਦਗੀ ਦੀ ਕੀਮਤ ਗੱਭਰੂਆਂ-ਮੁਟਿਆਰਾਂ ਨੂੰ ਸਮਝਾਈ ਹੀ ਨਾ ਜਾਵੇ, ਉਹਨਾਂ ਵਲੋਂ ਕੀਤੇ ਜਾਣ ਵਾਲੇ ਬਕਾਇਆ ਪਏ ਕੰਮਾਂ ਬਾਰੇ ਉਤਸ਼ਾਹ ਹੀ ਨਾ ਕੀਤਾ ਜਾਵੇ, ਫਿਰ ਕੁਰਾਹੇ ਨਹੀਂ ਪੈਣਗੇ ਤਾਂ ਹੋਰ ਕੀ ਕਰਨਗੇ? ਮਾਤਾ-ਪਿਤਾ ਦਾ ਕੇਵਲ ਬੱਚੇ ਜੰਮਣਾ ਹੀ ਕਾਫੀ ਨਹੀਂ ਹੈ। ਇਹ ਤਾਂ ਪਸ਼ੂ-ਪੰਛੀ ਭੀ ਜੰਮਦੇ ਆ ਰਹੇ ਹਨ। ਵੇਖਣਾ ਇਹ ਹੈ ਕਿ ਮਾਤਾ-ਪਿਤਾ ਬੱਚਿਆਂ ਨੂੰ ਕਿਹੋ ਜਿਹੇ ਸੰਚੇ ਵਿਚ ਢਾਲਦੇ ਹਨ, ਕਿਸ ਤਰ੍ਹਾਂ ਦੀ ਘਾੜਤ ਘੜ੍ਹਕੇ ਕਿੰਨੇ ਨੇਕ ਇਨਸਾਨ ਬਣਾਉਂਦੇ ਹਨ। ਸਿੱਖ ਇਤਿਹਾਸ ਦੀ ਇੱਕ ਬਹੁਤ ਕਰੁਣਾਮਈ ਗਾਥਾ ਮਹਾਰਾਣੀ ਜਿੰਦ ਕੌਰ (ਸਪੁਤਨੀ ਮਹਾਰਾਜਾ ਰਣਜੀਤ ਸਿੰਘ) ਤੇ ਬਾਲਕ ਮਹਾਰਾਜਾ ਦਲੀਪ ਸਿੰਘ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਹੈ। ਕਿਵੇਂ ਇੱਕ ਮਾਂ ਦੀ ਧੁਰ ਆਤਮਾਂ ਵਿਚੋਂ ਨਿਕਲੀ ਹੂਕ ਆਪਣੇ ਕੁਰਾਹੇ ਪਏ ਹੋਏ ਪੁੱਤਰ ਦਲੀਪ ਸਿੰਘ ਨੂੰ ਵਾਪਸ ਮੋੜ ਲਿਆਉਂਦੀ ਹੈ।

ਮਾਰਚ 30-1849 ਵਿਚ ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਦਲੀਪ ਸਿੰਘ ਜੋ ਇਸ ਵਕਤ ਦਸ ਸਾਲ ਕੁੱਝ ਮਹੀਨਿਆਂ ਦਾ ਹੀ ਸੀ। ਰਸਮੀ ਜਿਹੀ ਰਾਜਗੱਦੀ ਤੋਂ ਉਤਾਰ ਦਿੱਤਾ। ਮਹਾਰਾਣੀ ਜਿੰਦ ਕੌਰ ਨੁੰ ਅਲੱਗ ਯੂ.ਪੀ. ਵਿਚ ਚੁਨਾਰ ਦੀ ਸਖ਼ਤ ਕੈਦ ਵਿਚ ਬੰਦ ਕਰ ਦਿੱਤਾ। ਦਲੀਪ ਸਿੰਘ ਨੂੰ ਅੰਗਰੇਜ਼ ਔਰਤਾਂ ਦੀ ਸਰਪ੍ਰਸਤੀ ਅਧੀਨ ਇੰਗਲੈਂਡ ਲਿਜਾਇਆ ਗਿਆ। ਕਈ ਸਾਲ ਦੀ ਭੈੜੀ ਸਿੱਖਿਆ ਤੋਂ ਬਾਅਦ ਦਲੀਪ ਸਿੰਘ ਦੇ ਕੇਸ ਕਤਲ ਕਰ ਦਿੱਤੇ ਗਏ, ਉਸਨੂੰ ਇਸਾਈ ਬਣਾ ਲਿਆ। ਕੁੱਝ ਸਮੇਂ ਬਾਅਦ ਗੋਰੀ ਲੜਕੀ ਨਾਲ ਹੀ ਉਸਦਾ ਵਿਆਹ ਕਰ ਦਿੱਤਾ ਗਿਆ। ਹਰ ਸਾਜਿਸ਼ ਵਰਤ ਕੇ ਉਸਨੂੰ ਪੰਜਾਬ ਵੱਲੋਂ ਬੇਖ਼ਬਰ ਰੱਖਿਆ ਗਿਆ, ਗੁਰਮਤਿ ਤੋਂ ਤੋੜਿਆ ਗਿਆ। ਆਪਣੇ ਮਾਲਕਾਂ ਦੇ ਕਰੜੇ ਹੁਕਮਾਂ ਕਾਰਨ ਦਲੀਪ ਸਿੰਘ ਨੂੰ ਤੜਪਦਿਆਂ-ਵਿਲਪਕਦਿਆਂ ਦਿਲ ਤੇ ਪੱਥਰ ਰੱਖਕੇ ਆਪਣੇ ਸੋਹਣੇ ਗਜ ਗਜ ਲੰਮੇ ਕੇਸ ਮਹਾਰਾਣੀ ਵਿਕਟੋਰੀਆ ਨੂੰ ਭੇਟ ਕਰਨੇ ਪਏ। ਉਹ ਅੰਦਰੋਂ ਟੁੱਟ ਗਿਆ/ਹਿੱਲ ਗਿਆ, ਜ਼ਿੰLਦਗੀ ਨੂੰ ਧੱਕਾ ਦਿੰਦਾ ਰਿਹਾ। ਅੰਗਰੇਜ਼ਾਂ ਦੇ ਰਹਿਮ ਅਤੇ ਪੈਨਸ਼ਨ ਤੇ ਜਿਉਂਦਾ ਰਿਹਾ। ਇਧਰ ਮਹਾਰਾਣੀ ਜ਼ਿੰਦ ਕੌਰ ਭੇਸ ਵਟਾ ਕੇ ਚੁਨਾਰ ਦੇ ਕਿਲ੍ਹੇ ਵਿਚੋਂ ਨੱਸ ਗਈ। ਕਈ ਦਿਨਾਂ ਦੇ ਜੰਗਲੀ ਰਾਹਾਂ ਨੂੰ ਚੀਰਦੀ, ਭੁੱਖਣ ਭਾਣੀ, ਹਾਲੋਂ ਬੇਹਾਲ ਫਟੇ ਕੱਪੜੇ, ਪੈਰ ਤੇ ਸਰੀਰ ਕੰਡਿਆਂ ਝਾੜੀਆਂ ਨਾਲ ਲਹੂ ਲੁਹਾਨ ਹੋ ਚੁੱਕੇ ਸਨ। ਰੋਂਦੀ ਨੂੰ ਕੋਈ ਧਰਵਾਸ ਦੇਣ ਵਾਲਾ ਭੀ ਨਹੀਂ ਸੀ। ਕਈ ਦਿਨਾਂ ਦੇ ਦੁਖਦਾਈ ਸਫ਼ਰ ਤੋਂ ਬਾਅਦ ਨੇਪਾਲ ਦੇ ਰਾਜੇ ਨੂੰ ਜਾ ਬੇਨਤੀ ਕੀਤੀ। ਆਪਣੀ ਤੇ ਸਿੱਖ ਰਾਜ ਦੀ ਹੋਈ ਬਤੀਤੀ ਦੱਸੀ, ਪੁੱਤਰ ਨੂੰ ਮਿਲਣ ਦੀ ਲਾਲਸਾ ਜਤਾਈ ਤੇ ਮੱਦਦ ਕਰਨ ਲਈ ਆਖਿਆ। ਨਿਪਾਲ ਦੇ ਰਾਜੇ ਨੇ ਗੁਜ਼ਾਰੇ ਲਾਇਕ ਰਕਮ ਪਰਵਾਨ ਕਰ ਦਿੱਤੀ, ਇੱਕ ਚੰਗਾ ਮਕਾਨ ਦੇ ਦਿੱਤਾ ਪੰਜ ਚਾਰ ਨੌਕਰ-ਨੌਕਰਾਣੀਆਂ ਦਾ ਪ੍ਰਬੰਧ ਕਰ ਦਿੱਤਾ। ਇਸ ਵਕਤ ਜਿੰਦਾਂ ਦੀ ਜ਼ਿੰਦਗੀ ਦਾ ਇਕੋ ਮੱਕਸਦ ਬਾਕੀ ਰਹਿ ਗਿਆ ਸੀ ਪੁੱਤਰ ਦਲੀਪ ਨੂੰ ਮਿਲਣਾ। ਉਹ ਕਿਨ੍ਹਾਂ-ਕਿਨ੍ਹਾਂ ਦੁੱਖਾਂ ਦੇ ਦਰਿਆ ਪਾਰ ਕਰਦੀ ਰਹੀ ਜਾਂ ਹੰਝੂਆਂ ਦੇ ਦਰਿਆ ਵਹਾਉਂਦੀ ਰਹੀ। ਸੁੱਕ ਕੇ ਪਿੰਜ਼ਰ ਬਣ ਗਈ, ਦਿਨ-ਰਾਤ ਰੋਂਦੀ ਦੀਆਂ ਅੱਖਾਂ ਜਾਂਦੀਆਂ ਰਹੀਆਂ, ਪਰ ਅਜੇ ਭੀ ਦਲੀਪ ਨੂੰ ਮਿਲਣ ਦੀ ਆਸ ਬਾਕੀ ਸੀ। ਕਰੀਬ ਦਸ ਸਾਲ ਬੀਤ ਗਏ, ਅੰਗਾਰਾਂ ਤੇ ਟੁਰਦਿਆਂ, ਖ਼ੂਨ ਦੇ ਅੱਥਰੂ ਵਹਾਉਂਦਿਆਂ, ਫਿਰ ਕਿਤੇ ਦਲੀਪ ਸਿੰਘ ਨੂੰ ਖ਼ਬਰ ਮਿਲੀ ਕਿ ਮਾਂ ਅਜੇ ਜੀਵਤ ਹੈ। ਉਸਨੇ ਭਾਰਤ ਆਉਣ ਦੀ ਆਗਿਆ ਮੰਗੀ। ਸਖ਼ਤ ਪਹਿਰੇ ਹੇਠ ਸਮੁੰਦਰੀ ਜਹਾਜ ਵਿਚ ਸਵਾਰ ਹੋ, ਕਈ ਦਿਨਾਂ ਦੇ ਸਫ਼ਰ ਮਗਰੋਂ ਕਲਕੱਤੇ ਆਇਆ। ਇਥੇ ਪੁੱਜਕੇ ਮਾਂ ਵੱਲ ਚਿੱਠੀ ਲਿਖੀ, ਸੇਵਾਦਾਰ ਭੇਜੇ, ਕਿ ਮਾਂ ਨੂੰ ਕੱਲਕਤੇ ਲੈ ਆਉ। ਸੇਵਕ ਨੇਪਾਲ ਜਾ ਪੁਜਿਆ, ਮਹਾਰਾਣੀ ਜਿੰਦ ਕੌਰ ਨੂੰ ਦਸ ਸਾਲ ਤੋਂ ਵੱਧ ਸਮੇਂ ਦੇ ਬਾਅਦ ਇੱਕ ਠੰਡੀ ਪਾਉਣ ਦਾ ਬੁੱਲਾ ਆਇਆ ਪ੍ਰਤੀਤ ਹੋਇਆ। ਨੇਪਾਲ ਦੇ ਰਾਜੇ ਦੀ ਆਗਿਆ ਤੋਂ ਬਿਨਾਂ ਬਾਹਰ ਜਾਣ ਤੇ ਪਾਬੰਦੀ ਸੀ।ਆਗਿਆ ਲਈ ਪੱਤਰ ਲਿਖਿਆ, ਖੁਦ ਜਾ ਹਾਜ਼ਰ ਹੋਈ। ਨੇਪਾਲੀ ਰਾਜੇ ਨੂੰ ਖਰਚਾ ਦਿੰਦਿਆਂ ਬੜੀ ਔਖ ਮਹਿਸੂਸ ਹੋ ਰਹੀ ਸੀ, ਉਸ ਨੇ ਤੁਰੰਤ ਜਾਣ ਦੀ ਮਨਜ਼ੂਰੀ ਤਾਂ ਦੇ ਦਿੱਤੀ ਪਰ ਨਾਲ ਹੀ ਇਹ ਭੀ ਆਖ ਦਿੱਤਾ ਕਿ ਵਾਪਸ ਨੇਪਾਲ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ। ਦੁਬਾਰਾ ਕੋਈ ਖਰਚੇ ਨਹੀਂ ਦਿੱਤੇ ਜਾਣਗੇ। ਸਾਰੀਆਂ ਸ਼ਰਤਾਂ ਦਾ ਕੌੜਾਂ ਘੁੱਟ ਭਰਕੇ, ਡੰਗੋਰੀ ਹੱਥ ਵਿਚ ਲੈ ਕੇ, ਆਏ ਸੇਵਕ ਦੇ ਨਾਲ ਨੇਪਾਲ ਨੂੰ ਆਖਰੀ ਅਲਵਿਦਾ ਆਖ ਕੇ ਟੁਰ ਪਈ। ਮੰਜਲਾਂ ਤੈਹ ਕਰਦੀ ਕਲਕੱਤੇ ਉਸ ਹੋਟਲ ਵਿਚ ਡਿਗਦੀ-ਢਹਿੰਦੀ ਪੁੱਜ ਗਈ ਜਿਥੇ ਦਲੀਪ ਸਿੰਘ ਠਹਿਰਿਆ ਹੋਇਆ ਸੀ। ਸੋਚਾਂ-ਸੋਚ ਰਹੀ ਹੈ ਕਿ ਮੇਰਾ ਲਾਡਲਾ ਦਲੀਪ ਪਤਾ ਨਹੀਂ ਕਿੰਨਾ ਕੁ ਉਚਾ ਲੰਮਾ ਜਵਾਨ ਹੋ ਗਿਆ ਹੋਵੇਗਾ। ਕਿਹੋ ਜਿਹੀ ਸ਼ਕਲ-ਸੂਰਤ, ਡੀਲ-ਡੌਲ ਹੋਵੇਗੀ। ਮੈਂ ਤਾਂ ਨਿਮਾਣੀ ਅੱਖਾਂ ਨਾਲ ਵੇਖ ਭੀ ਨਹੀਂ ਸਕਾਂਗੀ, ਕਿਵੇਂ ਪਤਾ ਲੱਗੇਗਾ ਕਿਹੋ ਜਿਹਾ ਹੈ? ਸੋਚਾਂ ਸੋਚਦੀ ਦਲੀਪ ਸਿੰਘ ਦੇ ਕਮਰੇ ਵਿਚ ਪੁਚਾ ਦਿੱਤੀ ਗਈ। ਅੱਗੋਂ ਦਲੀਪ ਸਿੰਘ ਧਾਅ ਕੇ ਗਲ ਨੂੰ ਚਿੰਬੜ ਗਿਆ। ਮਾਂ-ਮਾਂ ਮੇਰੀ ਪਿਆਰੀ ਮਾਂ...। ਅੱਗੋਂ ਜ਼ਬਾਨ ਨੇ ਸਾਥ ਨਾ ਦਿੱਤਾ, ਦੋਵੇਂ ਮਾਂ-ਪੁੱਤ ਕਿੰਨੀ ਦੇਰ ਤੱਕ ਜਾਰੋ ਜਾਰ ਰੋਂਦੇ ਰਹੇ। ਕੋਈ ਚੁੱਪ ਕਰਾਉਣ ਵਾਲਾ ਭੀ ਨਹੀਂ ਸੀ। ਅੱਖਾਂ ਵਿਚੋਂ ਹੰਝੂਆਂ ਦੀ ਝੜੀ ਮੁਕਣ ਦਾ ਨਾਂ ਨਹੀਂ ਲੈ ਰਹੀ ਸੀ। ਕਾਫੀ ਦੇਰ ਬੀਤਣ ਤੋਂ ਬਾਅਦ ਮਾਂ ਜਿੰਦ ਕੌਰ ਨੇ ਹੌਲੀ-ਹੌਲੀ ਦਲੀਪ ਦੀ ਪਿੱਠ ਤੇ ਹੱਥ ਫੇਰਿਆ। ਉਹਦਾ ਭਰਵਾਂ ਜੁੱਸਾ ਟੋਹਣ ਦੀ ਕੋਸ਼ਿਸ਼ ਕੀਤੀ। ਫਿਰ ਕੰਬਦੇ ਹੱਥਾਂ ਨੂੰ ਉØੱਪਰ ਉਠਾਉਣਾ ਚਾਹਿਆ ਤਾਂ ਕਿ ਵੇਖ ਸਕੇ ਦਾਹੜੀ-ਕੇਸ ਹੈਗੇ ਕੇ ਨਹੀਂ, ਘਬਰਾ ਕੇ ਫਿਰ ਹੱਥ ਹੇਠਾਂ ਕਰ ਲੈਂਦੀ, ਮਨਾ ! ਜੇ ਕੇਸ ਨਾ ਹੋਏ ਫਿਰ ਕਿਵੇਂ ਬਚਾਂਗੀ। ਵੇਖ ਤਾਂ ਸਕਦੀ ਨਹੀਂ ਟੋਹਣਾ ਹੀ ਪਵੇਗਾ। ਦਿਲ ਤਕੜਾ ਕਰਕੇ ਮੂੰਹ ਤੱਕ ਹੱਥ ਲੈ ਗਈ ਚਿਹਰੇ ਤੇ ਦਾਹੜੀ ਨਹੀਂ ਸੀ। ਮਨ ਡੋਲਿਆ ਸਿਰ ਤੱਕ ਹੱਥ ਪੁੱਜਿਆ, ਕੰਬਦੀਆਂ ਉਗਲਾਂ ਮਸੀਂ ਉਪਰ ਗਈਆਂ। ਲੰਮੇ ਕੇਸ ਜੂੜਾ ਦਸਤਾਰ ਕੁਝ ਭੀ ਨਾ ਹੱਥ ਲੱਗਿਆ। ਘਬਰਾਈ ਦਿਲ ਡੋਲਿਆ। ਧਾਅ ਮਾਰਕੇ ਜ਼ਮੀਨ ਤੇ ਬੈਠ ਗਈ। ਵਿਲਕਦੀ ਹੋਈ ਸਾਰੀ ਤਾਕਤ ਇਕੱਠੀ ਕਰਕੇ ਬੋਲੀ ‘‘ਵੇ ਲੋਕੋ! ਮੈਂ ਅੰਨ੍ਹੀ ਤੀਵੀਂ ਨਾਲ ਕਿਉਂ ਠੱਠਾ ਕਰਨ ਲੱਗੇ ਹੋ, ਤੁਹਾਨੂੰ ਰੱਬ ਦੀ ਮਾਰ ਪਵੇ, ਇਹ ਮੇਰਾ ਪੁੱਤਰ ਦਲੀਪ ਨਹੀਂ ਹੈ। ਕਿਉਂ ਧੋਖਾ ਕਰ ਰਹੇ ਹੋ, ਮੇਰੇ ਕੋਲ ਕੋਈ ਧੰਨ ਪਦਾਰਥ ਨਹੀਂ ਹੈ ਕੀ ਲੁੱਟੋਗੇ ਮੈਥੋਂ।``

ਦਲੀਪ ਸਿੰਘ ਡਡਿਆ ਪਿਆ, ਬੁੱਕੀਂ ਰੋਂਦਾ ਮਾਂ ਦੇ ਗਲ ਨੂੰ ਚਿੰਬੜ ਗਿਆ ਤੇ ਬੋਲਿਆ, ‘‘ਮੈਂ ਤੇਰਾ ਦਲੀਪ ਹਾਂ ਮੇਰੀ ਮਾਂ ਮੈਂ ਤੇਰਾ ਪੁੱਤਰ ਦਲੀਪ, ਯਕੀਨ ਕਰ ਮੇਰੇ ਤੇ। ਮੈਨੂੰ ਗੁਰੂ ਦੀ ਕਸਮ, ਮੈਂ ਝੂਠ ਨਹੀਂ ਬੋਲਦਾ ਮੈਂ ਹੀ ਤੇਰਾ ਬੇਟਾ ਹਾਂ``।

ਮਹਾਰਾਣੀ ਜਿੰਦਾ ਬੋਲੀ, ਰਾਜ ਭਾਗ ਖੁੱਸਾ, ਤਖ਼ਤ ਤਾਜ ਖੁੱਸਾ, ਤੇ ਸੁਹਾਗ ਖੁੱਸਾ, ਜਿੰਦ ਜਾਨ ਖੁੱਸੀ।

ਸ਼ੇਰ, ਖੜਕ ਖੁੱਸਾ, ਨੌਨਹਿਲ ਖੁੱਸਾ, ਤੇ ਪ੍ਰਤਾਪ ਖੁੱਸਾ, ਅਣਖ ਆਨ ਖੁੱਸੀ।

ਸ਼ਾਹੀ ਤੇਜ ਖੁੱਸਾ, ਰੋਹਬ ਦਾਅਬ ਖੁੱਸਾ, ਬੇਸ਼ੱਕ ਇੱਜ਼ਤ ਵੀ ਮੇਰੀ ਨਾਦਾਨ ਖੁੱਸੀ।

ਜੇਕਰ ਗਿਲਾ ਆਇਆ ਤਾਂ ਮੈਨੂੰ ਅੱਜ ਆਇਆ, ਜਦੋਂ ਵੇਖੀ ਦਸ਼ਮੇਸ਼ ਦੀ ਸ਼ਾਨ ਖੁੱਸੀ।

ਫਿਰ ਕੀ ਸ਼ਕਲ ਬਣਾ ਲਈ ਹੈ ਤੂੰ? ਕਿੱਥੇ ਨੇ ਤੇਰੇ ਸੋਹਣੇ ਲੰਮੇ ਰੇਸ਼ਮੀ ਕੇਸ, ਕਿਥੇ ਹੈ ਤੇਰੀ ਸ਼ਾਹੀ ਦਸਤਾਰ? ਕਿਥੇ ਗਵਾ ਲਿਆ ਸਾਰਾ ਸਰੂਪ?

ਜਿਵੇਂ ਤੂੰ ਅਣਗਿਣਤ ਦੁੱਖਾਂ ਦੇ ਸਮੁੰਦਰਾਂ ਵਿਚ ਗੋਤੇ ਖਾਂਦੀ ਰਹੀ ਮੈਨੂੰ ਭੀ ਸੁੱਖ ਦਾ ਸਾਹ ਨਹੀਂ ਆਇਆ। ਮੇਰੇ ਤੇ ਬੇਅੰਤ ਦਬਾਉ ਪਾਏ ਗਏ। ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ। ਮੈਂ ਕਿੱਡਾ ਕੁ ਸਾਂ ਜਦੋਂ ਤੈਥੋਂ ਵਿਛੋੜ ਦਿੱਤਾ ਗਿਆ ਸੀ। ਯਾਦ ਕਰ ਮਾਂ ਸਿਰਫ ਸਾਢੇ ਦਸ ਸਾਲ ਦਾ ਅੰਞਾਣਾ ਬਾਲ ਸਾਂ। ਮੈਂ ਇਨ੍ਹਾਂ ਗੋਰੇ ਲੋਕਾਂ ਦੇ ਰਹਿਮੋ ਕਰਮ ਤੇ ਹੀ ਦਿਨ ਬਿਤਾਏ ਨੇ। ਇਨ੍ਹਾਂ ਮੇਰੇ ਕੇਸ ਕਟਵਾਏ ਹੀ ਨਹੀਂ ਸਗੋਂ ਕੱਟੇ ਹੋਏ ਕੇਸ ਰਾਣੀ ਵਿਕਟੋਰੀਆਂ ਨੂੰ ਤੋਹਫੇ ਦੇ ਤੌਰ ਤੇ ਭੇਟ ਕਰਵਾਏ ਗਏ। ਮਾਂ ਮੈਨੂੰ ਬਾਲਪਣ ਵਿਚ ਹੀ ਇਸਾਈ ਬਣਾ ਲਿਆ ਗਿਆ। ਮੈਂ ਬੇਬੱਸ ਸਾਂ।

ਪੁੱਤ ਦਲੀਪ ਮੇਰਾ ਸਾਰਾ ਕੁੱਝ ਰੁੜ ਗਿਆ, ਰਾਜ ਗਿਆ ਤਖ਼ਤ ਤਾਜ ਗਿਆ, ਸ਼ਾਹੀ ਠਾਠ ਗਿਆ, ਕਿਲ੍ਹੇ, ਫੌਜਾਂ ਗਈਆਂ। ਮੇਰਾ ਪੰਜਾਬ ਗਿਆ, ਕੋਹੇਨੂਰ ਗਿਆ। ਵੇ ਪੁੱਤਰ ਮੇਰੀ ਇੱਜ਼ਤ ਆਬਰੂ ਗਈ, ਅੱਖਾਂ ਦੀ ਜੋਤ ਭੀ ਚਲੀ ਗਈ। ਕੀ ਇਸੇ ਪਹਾੜ ਵਰਗੇ ਦੁੱਖ ਨੂੰ ਦੇਖਣ ਵਾਸਤੇ ਹੀ ਅਜੇ ਤੱਕ ਜੀਵਤ ਸਾਂ ਕਿ ਆਪਣੇ ਦਲੀਪ ਨੂੰ ਇਸ ਤਰ੍ਹਾਂ ਵੇਖਾਂਗੀ। ਹਾਏ ਸਤਿਗੁਰੂ ਜੀਓ! ਹੁਣ ਮੈਂ ਹਾਰ ਗਈ, ਮੈਨੂੰ ਆਪਣੇ ਚਰਨਾਂ ਵਿਚ ਸਮਾਂ ਲੈ।

ਮਾਤਾ ਦੀ ਜੁਬਾਨ ਰੁਕ ਗਈ, ਦਲੀਪ ਸਿੰਘ ਨੇ ਹਿਲਾਈ ਪਾਣੀ ਮੂੰਹ ਨੂੰ ਲਾਇਆ, ਜਦੋਂ ਜਰਾ ਵੱਲ ਸਿਰ ਹੋਈ ਤਾਂ ਬੋਲਿਆ ‘‘ਮੇਰੀ ਪਿਆਰੀ ਮਾਂ ਮੈਨੂੰ ਬਖ਼ਸ ਦੇ! ਮੈਂ ਸਤਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਤੇਰੇ ਚਰਨਾਂ ਵਿਚ ਹਾਜ਼ਰ ਹੋ ਕੇ ਪ੍ਰਣ ਕਰਦਾ ਹਾਂ ਕਿ ਮੈਂ ਤੇਰਾ ਗੁਆਚਾ ਤਖ਼ਤ ਤਾਜ, ਸੋਹਣਾ ਰਾਜ ਤੇ ਕੋਹਿਨੂਰ ਤਾਂ ਵਾਪਸ ਨਹੀਂ ਲਿਆ ਸਕਦਾ, ਪਰ ਸਤਿਗੁਰੂ ਜੀ ਦੀ ਬਖਸ਼ਿਸ਼ ‘‘ਸਿੱਖੀ`` ਜ਼ਰੂਰ ਧਾਰਨ ਕਰ ਲਵਾਂਗਾ। ਜਿੰਨੀ ਛੇਤੀ ਹੋ ਸਕਿਆ ‘‘ਖੰਡੇ ਕੀ ਪਾਹੁਲ`` ਪ੍ਰਾਪਤ ਕਰ ਲਵਾਂਗਾ। ‘‘ਮਾਂ ਨੂੰ ਕੁੱਝ ਧਰਵਾਸ ਮਿਲਿਆ, ਪਿਆਰ ਨਾਲ ਮੱਥਾ ਚੁੰਮਿਆ, ਮੁੱੜ ਛਾਤੀ ਨਾਲ ਲਾਇਆ। ‘‘ਜੁਗ-ਜੁਗ ਜੀਵੇਂ ਪੁੱਤਰ ਮਾਂ ਦੀ ਆਖਰੀ ਸੱਧਰ ਛੇਤੀ ਪੂਰੀ ਕਰੀਂ, ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਤੈਨੂੰ ਜ਼ਰੂਰ ਸਿੰਘ ਰੂਪ ਵਿਚ ਵੇਖਣਾ ਚਾਹੁੰਦੀ ਹਾਂ। ਕਿ ਜਿਵੇਂ ਮੇਰੇ ਘਰ ਸਿੱਖੀ ਆ ਰਹੀ ਹੈ ਮੇਰੀ ਅੱਖਾਂ ਦੀ ਜੋਤ ਭੀ ਪਰਤ ਆਵੇਗੀ।?``

ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਦੇ ਨਾਲ ਹੀ ਇੰਗਲੈਂਡ ਪੁੱਜ ਗਈ। ਪਰ ਜਾਲਮ ਗੋਰੀ ਸਰਕਾਰ ਨੇ ਦੋਵਾਂ ਨੂੰ ਇਕੱਠੇ ਨਾ ਰਹਿਣ ਦਿੱਤਾ। ਪੰਦਰਾਂ ਦਿਨਾਂ ਮਗਰੋਂ ਇੱਕ ਦਿਨ ਮਿਲਣ ਦੀ ਆਗਿਆ ਦਿੱਤੀ ਗਈ। ਕੁੱਝ ਹੀ ਸਮੇਂ ਬਾਅਦ ਜਿੰਦ ਕੌਰ ਨੂੰ ਆਖਰੀ ਸੱਦਾ ਆ ਗਿਆ। ਇਹ ਆਖਕੇ ਸੰਸਾਰ ਤੋਂ ਵਿਦਾ ਹੋ ਗਈ ਕਿ ਪੁੱਤਰ ਮੇਰੇ ਸਰੀਰ ਨੂੰ ਇਸ ਜਾਲਮ ਦੇਸ਼ ਵਿਚ ਲੇਖੇ ਨਾ ਲਾਵੀਂ। ਜੇ ਹੋ ਸਕੇ ਤਾਂ ਮੇਰੇ ਸਿਰ ਦੇ ਸਾਈਂ, ਤੇਰੇ ਪਿਤਾ ‘‘ਸ਼ੇਰ-ਏ-ਪੰਜਾਬ`` ਦੀ ਮੜ੍ਹੀ ਕੋਲ ਮੇਰਾ ਸਸਕਾਰ ਕਰੀਂ। ਗੋਰਿਆਂ ਦਲੀਪ ਸਿੰਘ ਨੂੰ ਪੰਜਾਬ ਜਾਣ ਦੀ ਇਜ਼ਾਜ਼ਤ ਨਾ ਦਿੱਤੀ। ਉਹ ਮਾਂ ਦੀ ਲਾਸ਼ ਲੈ ਕੇ ਬੰਬਈ ਆਇਆ, ਇਥੋਂ ਨਾਸਿਕ ਪੁੱਜਿਆ। ਇਥੇ ਨਾਸਿਕ ਵਿਖੇ ਹੀ ਗੋਦਾਵਰੀ ਦੇ ਕੰਢੇ ਮਾਂ ਦਾ ਸਸਕਾਰ ਕਰਕੇ ਵਾਪਸ ਇੰਗਲੈਂਡ ਪਰਤ ਗਿਆ। ਮਾਂ ਨੂੰ ਦਿੱਤੇ ਬਚਨ ਮੁਤਾਬਕ ਸਮਾਂ ਆਉਣ ਤੇ ਖੰਡੇ ਕੀ ਪਾਹੁਲ ਲੈ ਸ਼ਕਲੋ-ਸੂਰਤ ਪੱਖੋਂ ਸਿੱਖੀ ਬਾਣੇ ਵਿਚ ਪ੍ਰਵੇਸ਼ ਕਰ ਗਿਆ ਨਾਲ ਹੀ ਗੁਰਬਾਣੀ ਦਾ ਅਧਿਐਨ ਪਾਠ ਸ਼ੁਰੂ ਕਰ ਦਿੱਤਾ।

ਉਪਰਲੀ ਸਾਰੀ ਵਾਰਤਾ ਲਿਖਣ ਦਾ ਮਦਸਦ ਇਹੀ ਹੈ ਕਿ ਮਾਂ ਦਾ ਪਿਆਰ ਆਤਮਾ ਵਿਚੋਂ ਨਿਕਲੀ ਪ੍ਰੇਮ ਵਿਧੀ ਹੂਕ, ਪੱਥਰ ਦਿਲਾਂ ਨੂੰ ਪਿਘਲਾ ਦਿਆ ਕਰਦੀ ਹੈ ਕੇਸ ਕਟਵਾ ਚੁੱਕੇ ਸਿੱਖੀ ਨੂੰ ਵਿਸਾਰ ਚੁੱਕੇ, ਇਸਾਈ ਮਤ ਧਾਰਨ ਕਰ ਚੁੱਕੇ, ਪੰਜਾਬੋਂ ਦੂਰ ਸਿੱਖ ਭਰਾਵਾਂ ਤੋਂ ਦੂਰ ਜਾ ਚੁੱਕੇ ਦਲੀਪ ਸਿੰਘ ਨੂੰ ਮਾਂ ਦੇ ਅੰਦਰੋਂ ਨਿਕਲੇ ਸੱਚੇ ਪਿਆਰ ਨੇ ਮੁੜ ਸਿੰਘ ਸਜਾ ਦਿੱਤਾ। ਕੀ ਅੱਜ ਦੀਆਂ ਮਾਵਾਂ ਆਪਣੇ ਬੱਚਿਆਂ ਲਈ ਕੋਈ ਅਜੇਹੀ ਪ੍ਰੇਰਨਾ ਸਰੋਤ ਮਾਂ ਤੋਂ ਸਿੱਖਿਆ ਲੈ ਸਕਣਗੀਆਂ? ਜੇ ਸੱਚਮੁੱਚ ਹੀ ਸਿੱਖੀ ਨਾਲ ਪਿਆਰ ਹੈ, ਜੇ ਆਪਣੇ ਬੱਚਿਆਂ ਦਾ ਭਵਿੱਖ ਰੌਸ਼ਨ ਚਾਹੁੰਦੇ ਹੋ ਤਾਂ ਮਾਤਾਵਾਂ ਨੂੰ ਖਾਸ ਧਿਆਨ ਦੇਣਾ ਪਵੇਗਾ, ਤਾਂ ਹੀ ਬੱਚੇ ਗੁਰੂ ਘਰ ਵੱਲ, ਸਿੱਖੀ ਵੱਲ ਵਾਪਸ ਪਰਤ ਸਕਣਗੇ।

ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿਚੋਂ ਮਾਤਾ ਪਿਤਾ ਦੇ ਫਰਜਾਂ ਬਾਰੇ ਕੁੱਝ ਪਰਮਾਣ:-

ਪੂਤਾ ਮਾਤਾ ਕੀ ਆਸੀਸ।।

ਨਿਮਖ ਨਾ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ।। (ਪੰਨਾ-496)

ਜੀਵਤ ਜੀਵਤ ਜੀਵਤ ਰਹਹੁ।। ਰਾਮ ਰਸਾਇਣੁ ਨਿਤ ਉਠਿ ਪੀਵਹੁ।। (ਪੰਨਾ-1133)

ਭਜਹੁ ਗੋਬਿੰਦ ਭੂਲਿ ਮਤ ਜਾਹੁ।। ਮਾਨਸ ਕਾ ਏਹੀ ਲਾਹੁ।। (ਪੰਨਾ-1159)

ਕਾਹੇ ਪੂਤ ਝਗਰਤ ਹਉ ਸੰਗਿ ਬਾਪ।।

ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।। (ਪੰਨਾ - 1200)

ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ।।

ਧੰਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ।। (ਪੰਨਾ-1316)

ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭੁ ਕੇ ਹੈ ਇਆਣੇ।।

ਧੰਨੁ ਧੰਨੁ ਗੁਰੂ ਗੁਰੂ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ।। (ਪੰਨਾ-168)

ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ।।

ਸਤਿਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ।। (ਪੰਨਾ 32)

ਬਾਲ ਬਿਵਸਥਾ ਬਾਰਿਕੁ ਅੰਧ।। ਭਰਿ ਜੋਬਨਿ ਲਾਗਾ ਦੁਰਗੰਧ।।

ਤ੍ਰਿਤੀਅ ਬਿਵਸਥਾ ਸਿੰਚੇ ਮਾਇ।। ਬਿਰਧਿ ਭਇਆ ਛੋਡਿ ਚਲਿਓ ਪਛੁਤਾਇ।।

ਚਿਰੰਕਾਲ ਪਾਈ ਦੁਲਭ ਦੇਹ।। ਨਾਮ ਬਿਹੂਣੀ ਹੋਈ ਖੇਹ।।

ਪਸੂ ਪਰੇਤ ਮੁਗਧ ਤੇ ਬੁਰੀ।। ਤਿਸਹਿ ਨਾ ਬੁਝੈ ਜਿਨਿ ਏਹ ਸਿਰੀ।। (ਪੰਨਾ 890)

ਬਾਵਰੇ ਤੇ ਗਿਆਨ ਬੀਚਾਰੁ ਨ ਪਾਇਆ।। ਬਿਰਥਾ ਜਨਮੁ ਗਵਾਇਆ।। (ਪੰਨਾ 793)

ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ।। ਸਾ ਮਤਿ ਦੀਜੈ ਜਿਤੁ ਤੁਧੁ ਧਿਆਈ।। (ਪੰਨਾ 100)

ਗੁਰ ਸਾਖੀ ਅੰਤਰਿ ਜਾਗੀ।। ਤਾ ਚੰਚਲ ਮਤਿ ਤਿਆਗੀ।।

ਗੁਰ ਸਾਖੀ ਕਾ ਉਜੀਆਰਾ।। ਤਾ ਮਿਟਿਆ ਸਗਲ ਅੰਧਾਰਾ।। (ਪੰਨਾ 599)

ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ।।

ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵਹਿ ਮਾਨੁ।। (ਪੰਨਾ 789)

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।

ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ।।

ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।। (ਪੰਨਾ-1245)

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75