ਗੁਰਬਾਣੀ ਵਿਚ ਵਿਗਿਆਨਕ ਸੱਚ

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਜਦੋਂ ਸੰਸਾਰ ਦੇ ਧਰਮ ਗ੍ਰੰਥਾਂ ਦਾ ਗਹਿਰਾਈ ਨਾਲ ਅਧਿਐਨ ਕਰੀਏ, ਤਾਂ ਕੇਵਲ ਮਨੁੱਖ ਨੂੰ ਸ਼ਰਧਾ ਸਹਿਤ ਆਪਣੇ ਰਹਿਬਰ ਦੇ ਪਿੱਛੇ ਤੁਰਨ ਦਾ ਉਪਦੇਸ਼ ਦਿੱਤਾ ਮਿਲੇਗਾ। ਆਪਣੀ ਅਕਲ ਦੀ ਵਰਤੋਂ ਕਰਨ ਤੇ ਪਾਬੰਦੀ ਆਇਦ ਕੀਤੀ ਮਿਲੇਗੀ। ਵਿਗਿਆਨਕ ਦਲੀਲ ਤੇ ਜੇ ਕੋਈ ਵਿਚਾਰ ਪੂਰਾ ਨਾ ਉਤਰਦਾ ਹੋਵੇ, ਤਰਕ ਸ਼ਾਸ਼ਤਰ ਤੇ ਭੀ ਖਰਾ ਨਾ ਉਤਰੇ, ਤਾਂ ਭੀ ਇੱਕ ਆਗਿਆਕਾਰੀ ਗੁਲਾਮ ਵਾਂਗ, ਉਸਨੂੰ ਪ੍ਰਵਾਨ ਕਰ ਲੈਣਾ ਹੀ ਸੇਵਕ ਦਾ ਕਰਮ ਹੈ। ਪਰਖ ਕਰਨੀ ਸੁਆਲ ਜੁਆਬ ਕਰਨੇ, ਸਾਇੰਸ ਨਾਲ ਮੇਲ ਕੇ ਵੇਖਣਾ, ਇਹਨਾਂ ਗੱਲਾਂ ਦੀ ਨਾ ਇਜਾਜਤ ਹੈ ਨਾ ਕੋਈ ਮਹੱਤਵ। ਸਗੋਂ ਪੂਰੀ ਤਾਕਤ ਇਸੇ ਉਪਦੇਸ਼ ਲਈ ਝੋਕ ਦਿੱਤੀ ਜਾਂਦੀ ਹੈ ਕਿ, ਧਰਮ ਅਤੇ ਵਿਗਿਆਨ ਦਾ ਆਪਸ ਵਿਚ ਕੋਈ ਮੇਲ ਨਹੀਂ ਹੈ। ਬਲਕਿ ਇਹ ਦੋਵੇਂ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ। ਦੁਨੀਆਂ ਵਿਚ ਵੱਡੀ ਬਹੁ ਗਿਣਤੀ ਧਰਮ ਨੂੰ ਇਸੇ ਨਜ਼ਰੀਏ ਤੋਂ ਵੇਖਦੀ ਸੁਣਦੀ ਆ ਰਹੀ ਹੈ। ਸ਼ਾਇਦ ਉਹ ਬੇਬਸ ਹਨ, ਕਿਉਂਕਿ ਉਹਨਾਂ ਨੂੰ ਵਿਰਾਸਤ ਵਿਚ ਜੋ ਧਰਮ ਸੰਦੇਸ਼ ਪ੍ਰਾਪਤ ਹੋਏ ਹਨ, ਉਹਨਾਂ ਵਿਚ ਵਿਗਿਆਨਕ ਨਜ਼ਰੀਆ ਨਾਂਹ ਦੇ ਬਰਾਬਰ ਹੈ। ਇਸੇ ਮਜ਼ਬੂਰੀ ਵੱਸ ਉਹਨਾਂ ਦੇ ਉਪਦੇਸ਼ਕਾਂ ਨੇ ਆਮ ਜਨ ਸਮੂੰਹ ਦੇ ਅੰਦਰ, ਇਹ ਵਿਚਾਰ ਪਰਪੱਕ ਕਰ ਦਿੱਤੇ ਹਨ, ਕਿ ਧਰਮ ਅਤੇ ਵਿਗਿਆਨ ਦਾ ਕੋਈ ਰਿਸ਼ਤਾ ਨਹੀਂ ਹੈ।

ਜਿਸ ਖਿੱਤੇ (ਭਾਰਤ) ਵਿਚ ਸਿੱਖ ਧਰਮ ਜਨਮਿਆ ਤੇ ਪ੍ਰਵਾਨ ਚੜ੍ਹਿਆ ਹੈ, ਉਥੋਂ ਦਾ ਧਾਰਮਕ ਅਤੇ ਸਮਾਜਕ ਤਾਣਾ ਬਾਣਾ, ਨਿਰੋਲ ਰੂੜੀਵਾਦੀ ਅਣ ਵਿਕਸਤ ਅਤੇ ਗੈਰ ਵਿਗਿਆਨਕ ਹੈ। ਲੰਮਾਂ ਸਮਾਂ ਗੁਲਾਮੀ ਵਿਚ ਕਸਟ ਭੋਗਦਿਆਂ, ਇਥੋਂ ਦੇ ਲੋਕਾਂ ਦੀ ਆਤਮਾ ਦਮ ਤੋੜ ਗਈ। ਸੋਚਣ ਸ਼ਕਤੀ ਤਾਕਤ ਦੁਆਰਾ ਦਬਾ ਦਿੱਤੀ ਗਈ, ਸਵੈਮਾਣ ਕੁਚਲ ਦਿੱਤਾ ਗਿਆ। ਕੌਮੀ ਤੌਰ ਤੇ ਸਮੁੱਚੇ ਭਾਰਤ ਵਾਸੀਆਂ ਨੂੰ ਪੱਤ-ਹੀਣ, ਮਤ ਹੀਣ ਤੇ ਜੁਅਰਤ ਹੀਣ ਕਰ ਦਿੱਤਾ ਗਿਆ। ਜਦੋਂ ਕੌਮੀ ਤੌਰ ਤੇ ‘‘ਚੰਗੇ ਦਿਨਾ ਦੀ ਆਸ`` ਸਦਾ ਵਾਸਤੇ ਮਰ ਮੁੱਕ ਜਾਵੇ ਤਾਂ ਗੁਲਾਮ ਲੋਕਾਂ, ਵਿਚੋਂ ਕੋਈ ‘‘ਸਿਆਣਾ ਪੁਰਖ`` ਭਰੇ ਮਨ, ਬਿਖਰੀਆਂ ਆਸਾਂ ਵਿਚੋਂ ਹਉਕਾ ਲੈ ਕੇ ‘‘ਭਵਿੱਖ ਬਾਣੀ`` ਕਰਦਾ ਹੈ-‘‘ਐ ਮੇਰੇ ਦੇਸ਼ ਵਾਸੀਓ ! ਹੁਣ ਤੁਹਾਡੀ ਗੁਲਾਮੀ ਦੀਆਂ ਜੰਜੀਰਾਂ ਕੋਈ ਗੈਬੀ ਸ਼ਕਤੀ ਹੀ ਤੋੜ ਸਕਦੀ ਹੈ। ਤੁਹਾਡੇ ਦੁੱਖਾਂ ਦਾ ਅੰਤ, ਕੋਈ ਮਹਾਨ ਆਤਮਾ ਹੀ ਕਰ ਸਕਦੀ ਹੈ। ਤੁਹਾਡੇ ਧਰਮ ਨੂੰ ਤੁਹਾਡਾ ਰੱਬ ਹੀ ਆ ਕੇ ਬਚਾ ਸਕਦਾ ਹੈ। ਤੁਹਾਡੀਆਂ ਮਨੋਕਾਮਨਾਵਾਂ ਕਿਸੇ ਕਰਾਮਾਤ ਦੁਆਰਾ ਭਾਵੇਂ ਪੂਰੀਆਂ ਹੋ ਜਾਣ, ਵਰਨਾ ਕੋਈ ਉਮੀਦ ਨਹੀਂ....।`` ਪੂਰੀ ਲਾਚਾਰਗੀ ਵਿਚੋਂ ਆਖੇ ਅਜਿਹੇ ਵਾਕ ਕੌਮਾਂ ਨੂੰ ਨਿੱਸਲ ਕਰਦਿਆਂ ਕਰਦੇ ਹਨ। ਕਿਸੇ ਪਾਸਿਉਂ ਆਸ ਦੀ ਕਿਰਨ ਜਦੋਂ ਨਜ਼ਰ ਨਾ ਆਵੇ, ਆਪਣੇ ਕੋਲ ਸੂਝ ਬੂਝ ਕੋਈ ਨਾ ਹੋਵੇ, ਵਿਅਕਤੀਗਤ ਅਤੇ ਕੌਮੀ ਤਾਕਤ ਖੀਣ ਹੋ ਚੁੱਕੀ ਹੋਵੇ, ਮਨੁੱਖ ਬੇਪੱਤ ਹੋ ਕੇ ਭੀ ਵਗਾਰਾਂ ਕਰਨ ਲਈ ਮਜਬੂਰ ਹੋਵੇ, ਤਦੋਂ ਬਾਰ ਬਾਰ ਇਹ ਖਿਆਲ ਅੰਦਰੋਂ ਉØੱਠਦਾ ਹੈ, ਕਿ ਹੁਣ ਤਾਂ ਕੋਈ ਕਰਾਮਾਤ, ਅਗੰਮੀ ਸ਼ਕਤੀ ਹੀ, ਮੇਰਾ ਬੰਦ ਖਲਾਸ ਕਰਵਾ ਸਕਦੀ ਹੈ। ਬਿਲਕੁਲ ਅਜਿਹੀ ਮਾਨਸਿਕ ਦਸ਼ਾ ਵਿਚੋਂ ਹੀ ਕਰਾਮਾਤਾਂ ਨੇ ਜਨਮ ਲਿਆ ਪਰਤੀਤ ਹੁੰਦਾ ਹੈ। ਤਾਕਤਵਰ ਲੋਕ ਅਣ ਹੋਣੀਆਂ, ਕਰਾਮਾਤਾਂ ਦੀ, ਕੂੜ੍ਹੀ ਆਸ ਕਦੀ ਨਹੀਂ ਕਰਦੇ। ਉਹਨਾਂ ਨੂੰ ਆਪਣੀ ਅਕਲ ਅਤੇ ਬਾਹੂਬਲ ਤੇ ਭਰੋਸਾ ਹੁੰਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਤੋਂ ਹਾਰ ਚੁੱਕੇ ਲੋਕ, ਗਿਆਨ ਤਰਕ ਦਲੀਲ ਤੇ ਵਿਗਿਆਨਕ ਨਜਰੀਏ ਵਾਲੀ ਕੋਈ ਵਿਚਾਰ ਤੱਕ ਸੁਨਣ ਲਈ ਤਿਆਰ ਨਹੀਂ ਹੁੰਦੇ। ਜਦੋਂ ਅਜਿਹੇ ਰੂੜੀਵਾਦੀ ਵਿਚਾਰ ਅੰਦਰ ਘਰ ਬਣਾ ਕੇ ਬੈਠ ਜਾਣ, ਤਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਲਗਭਗ ਅਸੰਭਵ ਹੋ ਜਾਂਦਾ ਹੈ। ਭਾਰਤੀ ਲੋਕਾਂ ਵਿਚ ਪ੍ਰਚਲਤ ਵਹਿਮਾ ਭਰਮਾਂ ਅਤੇ ਕਰਾਮਾਤੀ ਕਹਾਣੀਆਂ ਨੂੰ, ਇਸੇ ਨਜ਼ਰੀਏ ਤੋਂ ਵੇਖਿਆ ਗੱਲ ਸੌਖੀ ਸਮਝ ਆ ਸਕਦੀ ਹੈ। ਬਹੁ ਗਿਣਤੀ ਵਿਚਾਰਧਾਰਾ ਦਾ ਅਸਰ ਸਿੱਖ ਮਨਾ ਤੇ ਭੀ ਆਮ ਵੇਖਿਆ ਜਾ ਸਕਦਾ ਹੈ। ਗੁਰਵਾਕ ਹਨ -

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।। (1002)

ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ।।

ਅੰਧਕਾਰ ਮਹਿ ਰਤਨੁ ਪ੍ਰਰਗਾਸਿਓ ਮਲੀਨ ਬੁਧਿ ਹਛਨਈ।। (402)

ਸਤਿਗੁਰੂ ਨਾਨਕ ਸਾਹਿਬ ਜੀ ਨੇ, ਗੁਲਾਮੀ ਦੀਆਂ ਬਹੁ ਪਰਤੀ ਜੰਜੀਰਾਂ ਨੂੰ ਤੋੜਨ ਲਈ, ਵਿਗਿਆਨਕ ਰਾਹ ਚੁਣਿਆ ਭਾਵੇਂ ਇਹ ਰਸਤਾ ਅਤੀ ਬਿਖਮ ਸੀ, ਲੰਮਾ ਸੀ ਪਰ ਹੈ ਸੀ ਇਹੀ ਦਰੁਸਤ। ਗੁਰੂ ਸਾਹਿਬਾਨ ਦਾ ਮੁਖ ਪ੍ਰਜੋਜਨ ਵਿਗਿਆਨ ਦੀ ਅਲੋਚਨਾ ਕਰਨੀ ਜਾਂ ਵਿਗਿਆਨ ਦੀ ਸੋਝੀ ਦੇਣੀ ਨਹੀਂ ਸੀ। ਹਾਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ, ਸੇਵਕਾਂ ਨੂੰ ਸਿੱਖਮਤ ਦਿੰਦਿਆਂ, ਜੋ ਰਾਹ ਚੁਣਿਆ, ਖਿਆਲ ਦਿੱਤੇ ਉਹ ਸੰਪੂਰਣ ਤੌਰ, ਵਿਗਿਆਨ ਦੀ ਕਸਵਟੀ ਤੇ ਖਰੇ ਉਤਰਦੇ ਹਨ। ਇਸੇ ਨਜ਼ਰੀਏ ਨਾਲ ਉਹਨਾਂ ਨੇ ਪੁਰਾਤਨ ਕਰਾਮਾਤੀ ਕੂੜ ਕਹਾਣੀਆਂ ਨੂੰ ਭੀ ਸਹਿਜੇ ਹੀ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ। ਕਲਮ ਦੀ ਕਿਸੇ ਇੱਕੋ ਰੂਹਾਨੀ ਛੋਹ, ਇੱਕੋ ਪੰਕਤੀ ਵਿਚ ਸਦੀਆਂ ਦੇ ਬੜੇ, ਉਸਰੇ ਕੂੜੇ ਕਰਾਮਾਤੀ ਮਹਿਲ, ਗੁਰੂ ਜੀ ਨੇ ਫਨਾਹ ਕਰ ਦਿੱਤੇ। ਅਪਣਾ ਪੱਖ ਜਿਥੇ ਪੂਰੀ ਬੇਬਾਕੀ ਨਾਲ ਪ੍ਰਚਾਰਿਆ, ਉਥੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਅਖੋਂ ਪਰੋਖੇ ਨਹੀਂ ਕੀਤਾ। ਸ਼ਾਨਾਮੱਤਾ ਇਤਿਹਾਸ ਇਸ ਗਲ ਦਾ ਗਵਾਹ ਹੈ ਕਿ ਜੋ ਕਰਾਂਤੀਕਾਰੀ ਤਬਦੀਲੀ ਮਨੁੱਖੀ ਸੋਚ ਵਿਚ ਆਈ, ਉਸੇ ਦੀ ਬਦੌਲਤ ਮਾਨਸਿਕ ਸਮਾਜਿਕ ਤੇ ਰਾਜਨੀਤਕ ਗੁਲਾਮੀ ਗਲੋਂ ਲਾਹੀ ਗਈ। ਆਉ ਹੁਣ ਪਾਵਨ ਗੁਰਬਾਣੀ ਵਿਚੋਂ ਉਹ ਬਚਨ ਪੜ੍ਹੀਏ ਵਿਚਾਰੀਏ, ਜਿਨਾਂ ਰਾਹੀਂ ਸਤਿਗੁਰੂ ਜੀ ਨੇ ਰੂੜੀਵਾਦੀ ਭਰਮ ਜਾਲ ਨੂੰ ਤਾਰ ਤਾਰ ਕੀਤਾ, ਤੇ ਆਪਣਾ ਵਿਗਿਆਨਕ ਨਜ਼ਰੀਆ ਮਨੁੱਖਤਾ ਸਨਮੁੱਖ ਰੱਖਿਆ।

1. ਸ੍ਰਿਸ਼ਟੀ ਰਚਨਾ ਬਾਰੇ ਧਾਰਮਕ ਮਹਾਂਪੁਰਖਾਂ ਦੇ ਵਿਚਾਰ, ਆਪਸ ਵਿਚ ਮੇਲ ਨਹੀਂ ਖਾਂਦੇ। ਕਿਸੇ ਆਖਿਆ ਰੱਬ ਨੇ ਕਾਇਨਾਤ ਸੱਤਾਂ ਦਿਨਾਂ ਵਿਚ ਬਣਾਈ, ਤੇ ਕਿਸੇ ਕਿਹਾ ਕੇਵਲ ‘‘ਕੁਨ`` (ਹੋਜਾ) ਆਖਣ ਨਾਲ ਹੀ ਸਭ ਕੁਝ ਬਣ ਗਿਆ। ਕਿਸੇ ਦੱਸਿਆ ਪਈ ਸਮੁੰਦਰ ਵਿਚ ਇੱਕ ਕਮਲ ਫੁੱਲ ਪੈਦਾ ਹੋਇਆ,ਉਸ ਵਿਚੋਂ ਬ੍ਰਹਮਾ ਨਿਕਲੇ, ਉਹਨਾਂ ਨੇ ਅੱਗੋਂ ਸ੍ਰਿਸ਼ਟੀ ਰਚਨਾ ਕੀਤੀ। ਬੋਧੀਆਂ ਨੇ ਆਖਿਆ ਪਈ ਇਹ ਪਦਾਰਥਾਂ ਤੋਂ ਸ੍ਰਿਸ਼ਟੀ ਬਣੀ ਹੈ, ਇਥੇ ਕੁਝ ਨਵਾਂ ਨਹੀ ਬਣਦਾ, ਸਿਰਫ ਪਰਿਵਰਤਨ ਹੋ ਜਾਂਦਾ ਹੈ। ਕਿਸੇ ਹੋਰ ਨੇ ਕਿਹਾ ਕਿ ਇਹ ਦਿਸਦਾ ਪਸਾਰਾ ਹੈ ਹੀ ਨਹੀਂ, ਐਵੇਂ ਅੱਖਾਂ ਦਾ ਭਰਮ ਅਤੇ ਛਲਾਵਾ ਹੈ, ਸੁਪਨੇ ਦੀ ਨਿਆਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਵਿਚਾਰ ਪੜ੍ਹੇ ਤੇ ਘੋਖੇ। ਓਦੋਂ ਤੋਂ ਲੈ ਕੇ ਅੱਜ ਤਕ, ਵਿਗਿਆਨੀ ਭੀ ਸ੍ਰਿਸ਼ਟੀ ਦੀ ਪੈਦਾਇਸ਼ ਬਾਰੇ, ਆਪਣੇ ਖੋਜ ਪੱਤਰ ਪੇਸ਼ ਕਰਦੇ ਰਹਿੰਦੇ ਹਨ। ਇਹਨਾਂ ਦੀ ਆਪਣੀ ਮਹੱਤਤਾ ਹੈ। ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਪਿਆਰਿਓ ! ਲੱਖ ਜਤਨ ਕਰਨ ਦੇ ਬਾਵਜੂਦ ਭੀ ਇਸ ਭੇਦ ਨੂੰ ਨਹੀਂ ਪਾਇਆ ਜਾ ਸਕੇਗਾ, ਕਿ ਇਹ ਕਾਇਨਾਤ ਕਿਵੇਂ ਬਣੀ। ਇਸਨੂੰ ਜੇ ਕੋਈ ਜਾਣਦਾ ਹੈ, ਤਾਂ ਉਹ ਸਿਰਫ ਬਣਾਉਣ ਵਾਲਾ ਹੀ ਜਾਣਦਾ ਹੈ। ਉਸ ਨੇ ਕਿਸੇ ਨੂੰ ਦੱਸਿਆ ਨਹੀਂ, ਪਈ ਕਿਵੇਂ ਬਣਾਈ ਗਈ ਹੈ, ਇਹ ਸਾਰੀ ਦਿਸਦੀ ਖੇਡ। ਸਤਿਗੁਰੂ ਜੀ ਦਾ ਫੁਰਮਾਨ ਹੈ -

ਕਵਣੁ ਸੁ ਵੇਲਾ ਵਖਤੁ ਕਵਣੁ ਕਵਣੁ ਥਿਤਿ ਕਵਣੁ ਵਾਰੁ।।

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ।।

ਵੇਲ ਨ ਪਾਈਆ ਪੰਡਿਤੀ ਜਿ ਹੋਵੈ ਲੇਖੁ ਪੁਰਾਣੁ।।

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ।।

ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ।।

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ।। (ਜਪੁ)

ਜਿਵੇਂ ਵਿਗਿਆਨੀਆਂ ਨੇ ਇੱਕ ਵਿਕਾਸਵਾਦੀ ਸਿਧਾਂਤ ਦੁਨੀਆ ਅੱਗੇ ਰੱਖਿਆ ਹੈ ਕਿ ਪਹਿਲਾਂ ਇਸ ਬ੍ਰਹਮੰਡ ਵਿਚ ਗੈਸਾਂ ਹੀ ਗੈਸਾਂ ਸਨ, (ਅੰਦਾਜ਼ਾ ਹੀ ਹੈ) ਸੂਰਜ ਨਾਲੋਂ ਕੁਝ ਟੁਕੜੇ ਟੁੱਟ ਕੇ ਵੱਖ ਹੋ ਗਏ। ਹੌਲੀ ਹੌਲੀ ਇਹ ਟੁਕੜੇ ਠੰਢੇ ਹੋ ਗਏ। ਮੀਂਹ ਪਿਆ, ਕਾਈ ਅਦਿਕ ਵਨਾਸਪਤੀ ਪੈਦਾ ਹੋਈ। ਨਿੱਕਾ ਜੀਵ ‘‘ਅਮੀਬਾ`` ਪੈਦਾ ਹੋਇਆ, ਅਮੀਬਾ ਵਿਚਕਾਰੋਂ ਟੁੱਟ ਕੇ ਇੱਕ ਤੋਂ ਦੋ, ਦੋ ਤੋਂ ਚਾਰ ਤੇ ਚਾਰ ਤੋਂ ਅੱਠ ਵਧਦਾ ਗਿਆ। ਦਹੀਂ ਆਦਿ ਵਿਚ ਅੱਜ ਭੀ ਇਹੀ ਪ੍ਰਕਿਰਿਆ ਚਲਦੀ ਹੈ। ਇਸ ਤੋਂ ਬਾਦ ਪਾਣੀ ਵਾਲੇ ਜੀਵ ਬਣੇ ਮੰਨੀਦੇ ਹਨ। ਇਸੇ ਕਰਮ ਅਧੀਨ ਧਰਤੀ ਤੇ ਰੀਂਗਣ ਵਾਲੇ ਜੀਵ, ਚੱਲਣ ਵਾਲੇ ਜੀਵ ਤੇ ਪੰਛੀ ਪੈਦਾ ਹੋ ਗਏ। ਸਭ ਤੋਂ ਆਖਰੀ, ਸਿਖਰਲੀ ਨਸਲ ਮਨੁੱਖ ਦੀ ਮੰਨੀ ਗਈ। ਇਹ ਵਿਕਾਸ ਕਿਰਿਆ ਅਸੰਖ ਸਾਲਾਂ ਤੋਂ ਨਿਰੰਤਰ ਚਲਦੀ ਆ ਰਹੀ ਹੈ, ਇਹੀ ਵਿਗਿਆਨ ਦਾ ਪ੍ਰਵਾਨਤ ਸੱਚ ਹੈ। ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਸੇ ਸੁਰਤੀ ਬਿਰਤੀ ਘੁਮਾਈ, ਤਾਂ ਇਸੇ ਤਰ੍ਹਾਂ ਦੇ ਵਿਗਿਆਨਕ ਵਿਚਾਰ ਪੰਜ ਸੌ ਸਾਲ ਪਹਿਲਾਂ ਪ੍ਰਗਟ ਕੀਤੇ।

ਸਾਚੇ ਤੇ ਪਵਨਾ ਪਇਆ ਪਵਨੈ ਤੇ ਜਲੁ ਹੋਇ।।

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।। (19)

2. ਜਿਸ ਭੂਮੀ ਉØੱਪਰ ਅਸੀਂ ਜੀਵਨ ਬਿਤਾ ਰਹੇ ਹਾਂ ਇਸ ਬਾਰੇ ਜਾਨਣ ਦੀ ਮਨੁੱਖ ਅੰਦਰ ਸਦਾ ਤੋਂ ਲੋਚਾ ਰਹੀ ਹੈ। ਜਿਥੇ ਸਾਇੰਸ ਨੇ ਆਪਣਾ ਪੱਖ ਪੇLਸ ਕੀਤਾ ਹੈ ਧਾਰਮਕ ਮੁਖੀ ਭੀ, ਆਪੋ ਆਪਣੀ ਪਹੁੰਚ ਮੁਤਾਬਕ, ਵਿਚਾਰ ਪ੍ਰਗਟ ਕਰਦੇ ਰਹੇ ਹਨ। ਸ਼ਾਮੀ ਰਹਿਬਰਾਂ (ਕੁਰਾਨ ਤੌਰ ਤੇ ਜੰਬੂਰ ਅੰਜੀਲ ਦੇ ਰਚੈਤਾ) ਧਰਤੀ ਨੂੰ ਚਪਟੀ ਆਖਿਆ ਊਬੜ ਖਾਬੜ ਆਖਿਆ। ਸੂਰਜ ਘੁੰਮ ਰਿਹਾ ਹੈ ਧਰਤੀ ਇੱਕ ਥਾਂ ਸਥਿਰ ਟਿਕੀ ਹੋਈ ਹੈ ਆਖਿਆ। ਜਦੋਂ ਗਲੀਲੀਓ ਵਰਗੇ ਮਹਾਨ ਵਿਗਿਆਨੀਆਂ, ਸੰਸਾਰ ਸਾਹਮਣੇ ਧਰਤੀ ਬਾਰੇ ਪ੍ਰਚਲਤ ਵਿਚਾਰਾਂ ਨੂੰ ਰੱਦ ਕਰਕੇ ਸਿੱਧ ਕੀਤਾ, ਪਈ ਧਰਤੀ ਗੋਲ ਅੰਡਾਕਾਰ ਹੈ, ਸੂਰਜ ਇੱਕ ਥਾਂ ਸਥਿਰ ਹੈ, ਧਰਤੀ ਸੂਰਜ ਦੁਆਲੇ ਪਰਕਰਮਾ ਕਰ ਰਹੀ ਹੈ। ਬਸ ਫਿਰ ਕੀ ਸੀ! ਇਸਾਈ ਧਰਮ ਮੁਖੀਆ ਨੇ, ਅਸਮਾਨ ਸਿਰ ਤੇ ਚੁੱਕ ਲਿਆ। ਬਾਈਬਲ ਤੋਂ ਬਾਗੀ ਯਿਸੂ ਮਸੀਹ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਾ, ਗਰਦਾਨਿਆ ਗਿਆ। ਰਾਜ ਸ਼ਕਤੀ ਨੂੰ ਪ੍ਰੇਰਿਤ ਕਰਕੇ, ਗਲੀਲੀਓ ਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ ਗਿਆ। ਲੰਮੀ ਕੈਦ ਤੋਂ ਬਾਦ ਤਰਸ ਦੀ ਬਿਨੈ ਤੇ ਉਸਨੂੰ ਜੇਹਲ ਵਿਚੋਂ ਬਾਹਰ ਲਿਆਂਦਾ ਗਿਆ। ਉਸਨੂੰ ਆਪਣੀ ‘‘ਗਲਤੀ`` ਲਈ ਮੁਆਫੀ ਮੰਗਣ ਲਈ ਕਿਹਾ ਗਿਆ। ਗਲੀਲੀਓ ਨੇ ਬੜੇ ਠਰੰਮੇ ਨਾਲ ਪਾਦਰੀ ਅਤੇ ਰਾਜੇ ਅੱਗੇ ਮੁੜ ਦੁਹਰਾਇਆ - ‘‘ਮੇਰੇ ਕੋਲੋਂ ਜੋ ਦਿਲ ਚਾਹੇ ਅਖਵਾ ਲਉ, ਬੇਨਤੀ ਇਸ ਤਰਾਂ ਹੈ ਕਿ ਧਰਤੀ ਨੇ ਤੁਹਾਡੀ ਬਾਈਬਲ ਨਹੀ ਪੜ੍ਹੀ। ਸੂਰਜ ਤੀਕਰ ਭੀ ਤੁਹਾਡੀ ਬਾਈਬਲ ਦਾ ਉਪਦੇਸ਼ ਨਹੀਂ ਪੁੱਜਿਆ। ਯਿਸੂ ਮਸੀਹ ਨੇ ਜੋ ਲਿਖਿਆ ਹੈ ਉਹ ਧਰਤੀ ਅਤੇ ਸੂਰਜ ਨੂੰ ਪੁੱਛਕੇ ਨਹੀਂ ਲਿਖਿਆ। ਧਰਤੀ ਪਹਿਲਾਂ ਭੀ ਸੂਰਜ ਦੁਆਲੇ ਚੱਕਰ ਕੱਟਦੀ ਸੀ, ਅੱਗੋਂ ਭੀ ਇਸੇ ਤਰ੍ਹਾਂ ਚਲਦੀ ਰਹੇਗੀ। ਮੈਂ ਜੋ ਮਰਜੀ ਲਿਖ ਦਿਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਕਿਉਂਕਿ ਇਹ ਬਾਈਬਲ ਦੇ ਗੁਲਾਮ ਨਹੀਂ ਹਨ, ਨਾ ਹੀ ਮੇਰੇ। ਸੱਚ ਇਹੋ ਹੀ ਹੈ ਕਿ ਧਰਤੀ ਪਰਕਰਮਾ ਕਰ ਰਹੀ ਹੈ, ਇਸੇ ਕਾਰਨ ਰੁੱਤਾਂ ਮੌਸਮ ਦਿਨ ਰਾਤ ਬਣਦੇ ਹਨ.....।`` ਤੇ ਵਿਚਾਰੇ ਗਲੀਲੀਓ ਨੂੰ ਮੁੜ ਕੈਦ ਖਾਨੇ ਵਿਚ ਬੰਦ ਕਰ ਦਿੱਤਾ, ਜਦੋਂ ਤਕ ਉਸਦੀ ਰੂਹ ਉਡਾਰੀ ਮਾਰਕੇ ਬਾਹਰ ਨਹੀਂ ਨਿਕਲ ਗਈ।

ਹਿੰਦੂ ਗ੍ਰੰਥਾਂ ਦੇ ਤਾਂ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ ਕਿ ਇਤਨਾ ਲਾਜੁਆਬ ਮਨੋਰੰਜਨ ਇਹਨਾਂ ਦੇ ਲਿਖਾਰੀਆਂ ਨੇ ਕਿਵੇ ਲਿਖ ਲਿਆ ? ਅਖੇ ਧਰਤੀ ਸਮੁੰਦਰ ਦੀ ਝੱਗ ਤੋਂ ਬਣੀ। ਫਿਰ ਰਾਖਸ਼ ਧਰਤੀ ਨੂੰ ਚੁੱਕ ਕੇ ਦੌੜ ਗਏ, ਦੇਵਤਿਆਂ ਜੰਗ ਲੜਕੇ ਧਰਤੀ ਵਾਪਸ ਖੋਹ ਲਿਆਦੀ। ਜਾਂ ਫਿਰ ਧਰਤੀ ਸ਼ੇਸ਼ਨਾਗ ਦੇ ਸਿਰ ਤੇ ਟਿਕੀ ਹੋਈ ਹੈ। ਨਹੀਂ ਨਹੀਂ! ਸ਼ੇਸ਼ ਨਾਗ ਨਾਲ ਸਹਿਮਤੀ ਨਹੀਂ, ਇਹ ਧੌਲੇ ਬਲਦ ਨੇ ਆਪਣੇ ਸਿੰਗ ਉਪਰ ਟਿਕਾਈ ਹੋਈ ਹੈ। ਜਦੋਂ ਬਲਦ ਇੱਕ ਸਿੰਗ ਤੋਂ ਦੂਜੇ ਸਿੰਗ ਤੇ ਧਰਤੀ ਨੂੰ ਬਦਲਦਾ ਹੈ, ਤਦੋਂ ਭੂਚਾਲ ਆ ਜਾਂਦੇ ਹਨ.....। ਇਸ ਤਰ੍ਹਾਂ ਦੇ ਖੰਡਿਤ ਵਿਚਾਰ, ਬਚਕਾਨੀਆਂ ਗੱਲਾਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਭੀ ਸੁਣੀਆਂ ਪੜੀਆਂ। ਉਹਨਾਂ ਪੂਰੀ ਦਲੇਰੀ ਨਾਲ ਸਚ ਦਾ ਪੱਲਾ ਫੜਿਆ, ਲੋਕੀ ਕੀ ਕਹਿੰਦੇ ਹਨ ਪ੍ਰਵਾਹ ਨਹੀਂ ਕੀਤੀ। ਗੁਰ ਵਾਕ ਇਉ ਹੈ -

ਧੌਲੁ ਧਰਮੁ ਦਇਆ ਕਾ ਪੂਤੁ।। ਸੰਤੋਖੁ ਥਾਪ ਰਖਿਆ ਜਿਨਿ ਸੂਤਿ।।

ਜੇ ਕੋ ਬੂਝੇ ਹੋਵੈ ਸਚਿਆਰੁ।। ਧਵਲੈ ਊਪਰਿ ਕੇਤਾ ਭਾਰੁ।।

ਧਰਤੀ ਹੋਰੁ ਪਰੈ ਹੋਰੁ ਹੋਰੁ।। ਤਿਸਤੇ ਭਾਰੁ ਤਲੈ ਕਵਣੁ ਜੋਰੁ।। (ਜਪੁ)

ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਹੇ ਸੰਸਾਰ ਦੇ ਲੋਕੋ ਧੌਲਾ ਬਲਦ ਧਰਤੀ ਹੇਠਾਂ ਨਹੀਂ ਹੈ, ਸਗੋਂ ਦਇਆ ਰੂਪੀ ਮਾਂ ਦਾ ਧਰਮ (ਰੱਬੀ ਨਿਅਮ) ਰੂਪੀ ਧੌਲਾ ਬਲਦ ਹੈ। ਜੋ ਕਿ ਸੰਤੋਖ ਰੂਪੀ ਅਜ਼ਾਲੀ ਸੂਤਰ ਵਿਚ ਪਰੋਇਆ ਹੋਇਆ ਹੈ। ਜੇ ਕੋਈ ਮਨੁੱਖ ਵਾਹਿਗੁਰੂ ਦੀ ਇਸ ਅਦਭੁਤ, ਅਤੇ ਵਿਰਾਟਤਾ ਨੂੰ ਸਮਝ ਲਵੇ, ਉਹੀ ਅਸਲ ਸੱਚ ਦੇ ਨੇੜੇ ਪੁੱਜਿਆ ਮੰਨਿਆ ਜਾਵੇਗਾ। ਕੀ ਕੋਈ ਦੱਸ ਸਕਦਾ ਹੈ ਕਿ ਧਰਤੀ ਦਾ ਵਜਨ ਕਿੰਨਾ ਹੈ ? ਇਸ ਅਸੀਮ ਵਜਨ ਵਾਲੀ ਧਰਤੀ ਨੂੰ ਕੋਈ ਚੌਪਾਇਆ ਬਲਦ ਨਹੀਂ ਚੁੱਕ ਸਕਦਾ। ਫਿਰ ਹੋਰ ਬੇਅੰਤ ਹੀ ਧਰਤੀਆਂ ਹਨ, ਉਹਨਾਂ ਨੂੰ ਕੌਣ ਚੁੱਕੀ ਖਲੋਤਾ ਹੈ ? ਤਾਂ ਲਗਦੇ ਹੱਥ ਇਹ ਭੀ ਦੱਸ ਦਿਓ ਕਿ ਬਲਦ ਧਰਤੀ ਨੂੰ ਚੁਕ ਕੇ, ਖਲੋਤਾ ਕਾਹਦੇ ਉਪਰ ਹੈ? ਉਸਨੂੰ ਪੈਰ ਟਿਕਾਉਣ ਲਈ ਇੱਕ ਧਰਤੀ ਜ਼ਰੂਰ ਚਾਹੀਦੀ ਹੈ। ਉਸ ਹੇਠਲੀ ਧਰਤੀ ਨੂੰ ਚੁੱਕਣ ਵਾਸਤੇ, ਇੱਕ ਹੋਰ ਬਲਦ ਇੱਕ ਹੋਰ ਧਰਤੀ.....? ਕਿੱਥੇ ਜਾ ਕੇ ਇਸ ਦਾ ਅੰਤ ਕਰੋਗੇ? ਨਹੀਂ ਭਾਈ ਇਹ ਕੁਦਰਤ ਤੇ ਬੱਝਵੇਂ ਕਾਨੂੰਨ ਮੁਤਾਬਕ, ਹਵਾ ਵਿਚ ਟਿਕੀ ਹੋਈ ਹੈ। ਕਿਸੇ ਬਲਦ ਦੇ ਸਿੰਗ ਉਪਰ ਨਹੀਂ। ਪਰਮਾਤਮਾ ਬਹੁਤ ਮਹਾਨ ਹੈ, ਉਸਨੇ ਬਿਨਾਂ ਪਰਤੱਖ ਦਿਸਦੇ ਸਹਾਰੇ ਤੋਂ, ਹਵਾ ਵਿਚ ਟਿਕਾ ਦਿੱਤੀ ਹੈ। ਗੁਰਵਾਕ ਹਨ :-

‘‘ਪਉਣੁ ਉਪਾਇ, ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ।।`` (350)

ਸਤਿਗੁਰੂ ਜੀ ਨੇ ਤਾਂ ਆਪਣੇ ਅਨੁਭਵ ਨਾਲ ਇਹ ਭੀ ਸਪਸ਼ਟ ਲਿਖ ਦਿੱਤਾ; ਭਾਈ ਕਿਉਂ ਇਸ ਝਗੜੇ ਵਿਚ ਪੈਂਦੇ ਹੋ ? ਧਰਤੀ ਭੀ ਚਲਦੀ ਹੈ, ਸੂਰਜ ਭੀ ਚਲਦਾ ਹੈ, ਤਾਰਾ ਮੰਡਲ ਸਮੇਤ ਸਮੁੱਚਾ ਬ੍ਰਹਮੰਡ ਗਤੀਸ਼ੀਲ ਹੈ। ਜੇ ਇਹ ਰੁਕ ਜਾਣ ਤਾਂ ਜ਼ਿੰਦਗੀ ਭੀ ਰੁਕ (ਵਿਨਾਸ਼) ਜਾਵੇਗੀ। ਗੁਰ ਵਾਕ ਇਉਂ ਹਨ -

‘‘ਮੁਕਾਮੁ ਤਿਸ ਨੋ ਆਖੀਏ ਜਿਸ ਸਿਸਿ ਨ ਹੋਵੀ ਲੇਖੁ।।

‘‘ਅਸਮਾਨ ਧਰਤੀ ਚਲਸੀ`` ਮੁਕਾਮ ਉਹੀ ਏਕੁ।।``

‘‘ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ।``

ਮੁਕਾਮੁ ਉਹੀ ਏਕੁ ਹੈ ਨਾਨਕਾ ਸਚੁ ਬੁਗੋਇ।।`` (64)

ਸਤਿਗੁਰੂ ਜੀ ਤਾਂ ਬੇਅੰਤ ਉØੱਚੇ ਵਿਗਿਆਨਕ ਵਿਚਾਰ ਪ੍ਰਗਟ ਕਰਦੇ ਹੋਇ ਹੋਰ ਦੱਸ ਰਹੇ ਹਨ -

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ।। ਕੋਹ ਕਰੋੜੀ ਚਲਤ ਨ ਅੰਤੁ।। (464)

3. ਸਮੁੰਦਰ ਸਦਾ ਹੀ ਮਨੁੱਖ ਦੀ ਦਿਲਚਸਪੀ ਦਾ ਕੇਂਦਰ ਰਿਹਾ ਹੈ। ਕਿੰਨਾ ਡੂੰਘਾ ਹੈ, ਕਿਤਨਾ ਵੱਡਾ ਹੈ, ਵਿਚ ਕੀ ਕੀ ਛੁਪਿਆ ਹੋਇਆ ਹੈ, ਖਾਸ ਕਰ ਇਹ ਪਾਣੀ ਟਿਕਿਆ ਹੋਇਆ ਕਿਵੇਂ ਹੈ ? ਕੋਈ ਵੱਟਾਂ ਕੰਧਾਂ ਰੋਕਾਂ ਕਿਧਰੇ ਨਜਰੀਂ ਨਹੀਂ ਪੈਦੀਆਂ। ਪੌਰਾਣਕ ਕਥਾ ਕਹਾਣੀਆਂ ਵਿਚ ਸਮੁੰਦਰ ਦਾ ਰਿੜਕਣਾ ਭੀ ਕਲਪਿਆ ਗਿਆ। ਜਿਨ੍ਹਾ ਵਸਤਾਂ ਦੀ ਮਨੁੱਖ ਨੂੰ ਲੋਚਾ ਸੀ, ਉਹਨਾਂ ਦੀ ਸਮੁੰਦਰ ਵਿਚੋਂ ਪ੍ਰਾਪਤੀ ਭੀ ਕਲਪੀ ਗਈ। ਧਰਤੀ ਦਾ ਮੁੱਢ ਸਮੁੰਦਰ ਵਿਚੋਂ ਬੱਝਿਆ। ਅਗਸਤ ਮੁਨੀ (ਕਾਲਪਨਿਕ) ਗੁੱਸੇ ਵਿਚ ਆ ਕੇ ਸਾਰੇ ਸਮੁੰਦਰਾਂ ਦਾ ਪਾਣੀ ਇੱਕੋ ਵਾਰੀ ਡੀਕ ਲਾ ਕੇ ਪੀ ਗਿਆ। ਜੀਵਾਂ ਦੇ ਬੇਨਤੀ ਕਰਨ ਤੇ ਸਾਰਾ ਪੀਤਾ ਪਾਣੀ ਪਿਸ਼ਾਬ ਰਾਹੀਂ ਬਾਹਰ ਕੱਢ ਦਿੱਤਾ....ਆਦਿ। ਇਸ ਵਿਚ ਤੇ ਕੋਈ ਸ਼ੱਕ ਨਹੀਂ ਕਿ ਪਾਣੀ ਜੀਵਨ ਦਾ ਮੁੱਢ ਹੈ, ਪਰ ਸਮੁੰਦਰ ਵਾਲੀ ਬੁਝਾਰਤ ਲੋਕਾਂ ਲਈ ਜਿਉਂ ਦੀ ਤਿਉਂ ਬਰਕਰਾਰ ਹੈ। ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਵੇਖੀਏ ਪਾਤਸ਼ਾਹ ਜੀਓ ! ਤੁਸੀਂ ਕਿਰਪਾ ਕਰਕੇ ਦੱਸੋ, ਇੰਨਾ ਸਾਰਾ ਪਾਣੀ ਕਿਵੇਂ ਟਿਕਿਆ ਹੋਇਆ ਹੈ ?

ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰ ਪੰਡੈ ਪਾਇਆ।।

ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨ ਨ ਪਾਇਆ।। (1171)

ਘਾਹ ਜਾਂ ਤੂੜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਸਤੇ ਪਿਛਲੇ ਸਮਿਆਂ ਵਿਚ ਇੱਕ ਮੋਟੇ ਕੱਪੜੇ ਵਿਚ ਤੂੜੀ ਆਦਿ ਪਾ ਕੇ, ਚੰਗੀ ਤਰ੍ਹਾਂ ਬੰਨ੍ਹ ਲਿਆ ਜਾਂਦਾ ਸੀ। ਇਸ ਕਿਰਿਆ ਨੂੰ ‘‘ਪੰਡ ਬੰਨ ਲੈਣੀ`` ਆਖਿਆ ਜਾਂਦਾ ਸੀ। ਇਸ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਸਾਹਿਬ ਗੁਰੂ ਨਾਨਕ ਜੀ ਸਮਝਾ ਰਹੇ ਹਨ। ਐ ਸੰਸਾਰ ਦੇ ਲੋਕੋ, ਇਸ ਸਮੁੰਦਰ ਦੇ ਅਨੰਤ ਅਥਾਹ ਪਾਣੀ ਦੁਆਲੇ ਕੋਟ ਕੰਧਾਂ ਨਹੀਂ ਹਨ। ਇੰਨੀਆਂ ਕੰਧਾਂ ਕੌਣ ਕੱਢ ਸਕਦਾ ਹੈ ? ਇਹ ਤਾਂ ਉਸ ਅਗੰਮ ਅਗੋਚਰ ਪ੍ਰਮੇਸ਼ਰ ਦੀ ਨਿਅਮ ਰੂਪੀ ਦੀਵਾਰ ਹੈ, ਜੋ ਚਾਰੇ ਪਾਸਿਆਂ ਤੋਂ ਪਾਣੀ ਨੂੰ ਰੋਕ ਰਹੀ ਹੈ। ਉਸ ਖੁਦਾਈ ਕਾਨੂੰਨ (ਨਾਨਕ ਹੁਕਮੈ ਜੇ ਬੁਝੈ-ਜਪੁ) ਦੇ ਸਹਾਰੇ ਹੀ ਪਾਣੀ ਰੁਕਿਆ ਹੋਇਆ ਹੈ। ਵਰਨਾ ਇਹ ਕਦੇ ਦਾ ਉਡ/ਰੁੜ੍ਹ ਗਿਆ ਹੁੰਦਾ, ਆਪਣੀ ਗੁਰੂਤਾ ਕਾਰਨ ਇਕੱਠਾ ਹੈ।

4. ਸੰਸਾਰ ਦੇ ‘‘ਸਿਆਣਿਆਂ`` ਨੇ ਇੱਕ ਧਰਤੀ, ਇੱਕ ਚੰਦਰਮਾ ਤੇ ਇੱਕ ਸੂਰਜ ਨੂੰ ਹੀ ਕੁਝ ਹੱਦ ਤਕ ਜਾਣਿਆ ਸੀ। ਟਿਮਟਮਾਉਂਦੇ ਤਾਰੇ ਬੱਸ ਗੁੱਝਾ ਭੇਦ ਹੀ ਸਨ। ਦਿਸਦੇ ਤਾਰਿਆਂ ਤੋਂ ਪਰੇ, ਦੀ ਦੁਨੀਆ ਬਾਰੇ ਸੋਚਣਾ ਤੇ ਲੋਕਾਈ ਨੂੰ ਦੱਸਣਾ ਕੇਵਲ ਕਲਪਣਾ ਦੇ ਘੋੜੇ ਹੀ ਸਨ। ਸਨਾਤਨੀ ਗ੍ਰੰਥਾਂ ਨੇ ਪਾਤਾਲ ਲੋਕ, ਮਾਤ ਲੋਕ (ਜਿਥੇ ਅਸੀਂ ਰਹਿ ਰਹੇ ਹਾਂ) ਅਤੇ ਆਕਾਸ਼ ਲੋਕ ਲਿਖਿਆ। ਜਾਂ ਕੁਝ ਸਵਰਗ ਨਰਕ ਦੀ ਕਲਪਣਾ ਕੀਤੀ। ਇਸ ਤੋਂ ਅੱਗੇ ਬਾਰੇ ਸੋਚਣ, ਵਿਚਾਰਨ ਤੋਂ, ਉਹ ਅਸਮਰਥ ਸਨ। ਇਸ ਤੋਂ ਅੱਗੇ ਇਸਲਾਮ ਤੇ ਇਸਾਈਅਤ ਨੇ ਕੁਝ ਪੁਲਾਂਘਾਂ ਪੁੱਟੀਆਂ। ਚੌਦਾਂ ਤਬਕ ਜਾਂ ਅਠਾਰਾਂ ਹਜ਼ਾਰ ਆਲਮ ਤਕ, ਛਲਾਂਗ ਲਗਾ ਦਿੱਤੀ। ਅਖੇ ਬਸ ! ਇਸ ਤੋਂ ਅੱਗੇ ਹੋਰ ਕੁਝ ਨਹੀਂ ਹੈ। ਸਾਹਿਬ ਗੁਰੂ ਨਾਨਕ ਜੀ ਤੋਂ ਪੁੱਛੀਏ! ਜੀਓ ਤੁਹਾਡਾ ਇਸ ਬਾਰੇ ਕੀ ਹੁਕਮ ਹੈ ?

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।।

ਓੜਕ ਓੜਕ ਭਾਲ ਥਕੇ ਵੇਦ ਕਹਨਿ ਇਕ ਵਾਤ।।

ਸਹਸ ਅਠਾਰਹ ਕਹਿਨ ਕਤੇਬਾ ਅਸੁਲੂ ਇਕ ਧਾਤੁ।।

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।। (ਜਪੁ)

ਸਤਿਗੁਰੂ ਜੀ ਦੱਸਦੇ ਹਨ ਕਿ ਭਾਈ ਗਿਣਤੀ ਵਾਲੇ ਹਿੰਦਸੇ ਮੁੱਕ ਜਾਂਦੇ ਹਨ, ਪਰ ਬ੍ਰਹਮੰਡਾਂ ਖੰਡਾਂ ਦਾ ਕੋਈ ਓੜਕ ਅੰਤ ਨਹੀਂ ਹੈ। ਇਉਂ ਕਹਿ ਲਈਏ ਕਿ ਅਸੰਖ ਹਨ, ਗਿਣਤੀ ਨਾ ਮੁਮਕਿਨ ਹੈ। ਸਗੋਂ ਜਪੁ ਬਾਣੀ ਵਿਚ ਹੀ ਅਗੇ ਜਾ ਕੇ ਸਤਿਗੁਰੂ ਹੋਰ ਦੱਸ ਪਾਉਂਦੇ ਹਨ-

ਖੰਡ ਪਤਾਲ ਅਸੰਖ ਮੈ ਗਣਤ ਨ ਹੋਈ।। (1283)

‘‘ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ।।

ਕੇਤੇ ਸਿਧ ਬੁਧ ਨਾਥ ਕੇਤੇ, ਕੇਤੇ ਦੇਵੀ ਵੇਸ।।....

ਕੇਤੀਆ ਖਾਣੀ ਕੇਤੀਆਂ ਬਾਣੀ ਕੇਤੇ ਪਾਤਿ ਨਰਿੰਦ।।

ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤੁ ਨ ਅੰਤ।। (ਜਪੁ)

5. ਸਤਿਗੁਰੂ ਜੀ ਬੜੀਆਂ ਪਤੇ ਦੀਆਂ ਵਿਗਿਆਨਕ ਵਿਚਾਰਾਂ ਸਾਡੇ ਸਨਮੁਖ ਰਖਦੇ ਚਲੇ ਜਾ ਰਹੇ ਹਨ। ਕੁਝ ਲੋਕਾਂ ਨੂੰ ਪਤਾ ਸੀ ਕਿ ਦੁੱਧ ਵਿਚੋਂ (ਇੱਕ ਪ੍ਰਕਿਰਿਆ ਪੂਰੀ ਕਰਕੇ) ਮੱਖਣ ਘਿਉ ਪ੍ਰਾਪਤ ਹੋ ਜਾਂਦਾ ਹੈ। ਗੰਨੇ ਵਿਚੋਂ ਰਸ ਕੱਢ ਕੇ, ਕਾਹੜਕੇ, ਗੁੜ ਸ਼ੱਕਰ ਤਿਆਰ ਕੀਤੀ ਜਾ ਸਕਦੀ ਹੈ। ਫੁੱਲਾਂ ਵਿਚ ਖੁਸ਼ਬੂ ਹੁੰਦੀ ਹੈ, ਸ਼ੀਸ਼ੇ ਵਿਚ ਵੇਖਣ ਵਾਲੇ ਦਾ ਹੀ ਅਕਸ ਹੋਇਆ ਕਰਦਾ ਹੈ। ਲੱਕੜੀ ਅੰਦਰ ਅੱਗ ਹੈ, ਇਹ ਕਿਸੇ ਵਿਰਲੇ ਨੂੰ ਪਤਾ ਹੋਵੇਗਾ। ਗੁਰਬਾਣੀ ਵਿਚ ਇਹਨਾਂ ਗੱਲਾਂ ਬਾਰੇ ਆਮ ਹਵਾਲੇ ਮਿਲ ਜਾਂਦੇ ਹਨ -

ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ।।

ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ।। (1235)

ਸਤਿਗੁਰੂ ਜੀ ਦੱਸਦੇ ਹਨ ਕਿ ਹਵਾ ਦੇ ਸਵਾਸ ਰੂਪੀ ਡੋਰ ਵਿਚ ਸਾਰੇ ਸਰੀਰ (ਜੀਵ ਵਨਸਪਤੀ ਆਦਿ) ਬੱਝੇ ਕਾਰ ਕਮਾ ਰਹੇ ਹਨ। ਲੱਕੜੀ ਦੇ ਅੰਦਰ ਅੱਗ ਮੌਜੂਦ ਹੈ, ਪਰ ਸੰਜਮ ਵਿਚ ਹੈ। ਸਮੁੰਦਰ ਦਾ ਪਾਣੀ ਬਹੁਤ ਜ਼ਿਆਦਾ ਹੈ ਧਰਤੀ ਕੇਵਲ ਚੌਥਾ ਕੁ ਹਿੱਸਾ ਹੀ ਹੈ। ਪਰ ਵੇਖੋ ਅਸਚਰਜ ਕੌਤਕ, ਧਰਤੀ ਦੀ ਮਿੱਟੀ ਖੁਰਕੇ ਸਮੁੰਦਰ ਵਿਚ ਅਲੋਪ ਨਹੀਂ ਹੋ ਜਾਂਦੀ। ਰਹਿੰਦੇ ਇੱਕੱਠੇ ਹਨ, ਲੇਕਿਨ ਸਹਿਯੋਗ ਬਣਿਆ ਹੋਇਆ ਹੈ। ਹੋਰ ਸੁਣੋ -

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ। (684)

ਫਲ ਕਾਰਨ ਫੂਲੀ ਬਨਰਾਇ।। ਫਲੁ ਲਾਗਾ ਤਬ ਫੂਲੁ ਬਿਲਾਇ।।

ਗਿਆਨੈ ਕਾਰਨ ਕਰਮ ਅਭਿਆਸ।। ਗਿਆਨੁ ਭਇਆ ਤਹ ਕਰਮਹਿ ਨਾਸੁ।।

ਘ੍ਰਿਤ ਕਾਰਨ ਦਧਿ ਮਥੈ ਸਿਆਨ।। ਜੀਵਨ ਮੁਕਤਿ ਸਦਾ ਨਿਰਬਾਨ।। (1167)

6. ਸੂਰਜ ਦੀ ਤੇਜ ਅਗਨੀ ਤੋਂ ਪਰਭਾਵਤ ਹੋ ਕੇ, ਦੁਨੀਆ ਦੇ ਸਿਆਣਿਆਂ ਨੇ ਕਿਆਸ ਅਰਾਈਆਂ ਕੀਤੀਆਂ ਕਿ ਸੂਰਜ ਬਹੁਤ ਵੱਡਾ ਹੈ ਮਹਾਨ ਹੈ, ਜੀਵਨ ਦਾ ਸੋਮਾ ਹੈ, ਚਾਨਣ ਕਰਨ ਲਈ ਰੱਬ ਨੇ ਪੈਦਾ ਕੀਤਾ ਹੈ....। ਚੰਦਰਮਾ ਬਾਰੇ ਗੱਲ ਸਪਸ਼ਟ ਨਹੀਂ ਹੋ ਰਹੀ ਸੀ, ਪਈ ਇਹ ਚਮਕਦਾ ਹੈ, ਲੇਕਿਨ ਤਪਸ਼ ਪੈਦਾ ਨਹੀਂ ਕਰਦਾ। ਇਹ ਕਿਹੋ ਜਿਹੀ ‘‘ਅਗਨੀ`` ਹੈ, ਜੋ ਠੰਢਕ ਜਿਹੀ ਛਡਦੀ ਪ੍ਰਤੀਤ ਹੁੰਦੀ ਹੈ ? ਹਿੰਦੂ ਪੌਰਾਣਕ ਕਥਾਵਾਂ ਵਿਚ ਚੰਦ ਨੂੰ ਚੌਦਾਂ ਰਤਨਾਂ ਦੇ ਨਾਲ ਹੀ ਸਮੁੰਦਰ ਵਿਚੋਂ ਨਿਕਲਿਆ ਪ੍ਰਵਾਨ ਕਰ ਲਿਆ ਗਿਆ। ‘‘ਅਗਨੀ ਜਾਂ ਰੋਸ਼ਨੀ ਠੰਡਕ ਤਾਂ ਹੀ ਦੇ ਸਕਦੀ ਹੈ ਜੇ ਪਾਣੀ ਵਿਚੋਂ ਪੈਦਾ ਹੋਈ ਹੋਵੇ``, ਉਹਨਾਂ ਇਹੀ ਸੋਚਿਆ। ਨਾਲ ਹੀ ਚੰਦਰਮਾ ਨੂੰ ਮੌਤ ਦੇ ਦੇਵਤੇ, ਸ਼ਿਵ ਦੇ ਕੇਸਾਂ ਵਿਚ ਗੁਲਾਬ ਦੇ ਫੁੱਲ ਵਾਂਗ ਟਿਕਾ ਦਿੱਤਾ ਗਿਆ। ਬਹੁਤ ਸਾਰਾ ਭਾਰਤੀ ਸਮਾਜ ਇਸਦੀ ਪੂਜਾ ਭੀ ਕਰਨ ਲਗ ਪਿਆ। ਇਸ ਤੋਂ ਭੀ ਅੱਗੇ ਵਧਕੇ ਕਈ ਸਾਰਿਆਂ ਨੇ ਤਾਂ ਚੰਦ ਨਾਲ ਨੇੜੇ ਦੀ ਰਿਸ਼ਤੇਦਾਰੀ ਭੀ ਗੰਢ ਲਈ ‘‘ਮਾਮਾ ਜੀ``। ਕਮਾਲ ਇਹ ਪਈ ਇਹ ਅਜਿਹਾ ‘‘ਮਾਮਾ ਜੀ`` ਹੈ ਜੋ ਵੀਹ ਪੁਸਤਾਂ ਪਹਿਲਾਂ ਜਨਮੇ ਬੱਚਿਆਂ ਦਾ ਭੀ ਮਾਮਾ ਸੀ, ਤੇ ਅੱਜ ਪੈਦਾ ਹੋਣ ਵਾਲੇ ਭੀ ਇਸ ਨੂੰ ਮਾਮਾ ਹੀ ਮੰਨਣਗੇ। ਇਹ ਹੈ ਸਦਾ ਬਹਾਰ ‘‘ਮਾਮਾ``। ਕਰਵੇ ਚੌਥ ਦਾ ਵਰਤ ਖਤਮ ਕਰਨ ਤੋਂ ਪਹਿਲਾਂ ਹਿੰਦੂ ਸਮਾਜ ਦੀਆਂ ਬੀਬੀਆਂ ਨੇ ਚੰਦ ਦੀ ਉਸਤਤ ਵਿਚ ਗੀਤ ਗਾਉਣੇ ਭੀ ਸ਼ੁਰੂ ਕਰ ਦਿੱਤੇ। ਇਸਲਾਮ ਵਾਲਿਆਂ ਨੇ ਰੋਜ਼ਿਆਂ ਦੀ ਸਮਾਪਤੀ ਤੇ ਚੰਦ ਵੇਖਕੇ ਰੋਜ਼ਾ ਖੋਲ੍ਹਣਾ ਹੁੰਦਾ ਹੈ। ਆਮ ਤੌਰ ਤੇ ‘‘ਦੂਜ ਕਾ ਚਾਂਦ`` ਬੜੇ ਨਸੀਬਾਂ ਨਾਲ ਦਿਸਦਾ ਹੈ। ਜੇ ਨਾਂ ਦਿਸੇ ਤਾਂ ਅਗਲੇ ਦਿਨ ਤੇ ਗੱਲ ਚਲੀ ਜਾਂਦੀ ਹੈ। ਚੌਧਵੀਂ ਦਾ ਚੰਦ, ਪੁੰਨਿਆ ਦਾ ਚੰਦ, ਭੀ ਲੋਕ ਬੋਲੀਆਂ, ਅਖਾਣਾ ਵਿਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ‘‘ਚੰਨ ਵਰਗਾ ਮੁੱਖੜਾ`` ਤਾਂ ਛੁਪਾਇਆ ਭੀ ਨਹੀ ਛੁਪਦਾ। ਤੇ ਕਈ ਤਾਂ ਸਿੱਧੇ ਹੀ ਚੰਦ ਬਣ ਬਹਿੰਦੇ ਹਨ। ਕਈ ਵਾਰੀ ਚੰਦ ਬੱਦਲਾਂ ਵਿਚ ਲੁੱਕ ਜਾਂਦਾ ਹੈ, ਕਦੀ ਵਿਚਾਰਾ ‘‘ਕਰਜੇ`` ਦੇ ਭਾਰ ਥੱਲੇ ਦੱਬਿਆ ਸ਼ਰਮ ਦਾ ਮਾਰਾ, ਮੂੰਹ ਲੁਕਾ ਕੇ ਬਹਿ ਜਾਂਦਾ ਹੈ। ਚੰਦਰਮਾ ਦੀ ਬੰਦ ਖਲਾਸੀ ਲਈ, ਲੋਕੀਂ ਪੰਡਿਤ (ਪਾਖੰਡਤ ਜੀ) ਜੀ ਨੂੰ ਦਾਨ ਕਰਦੇ ਹਨ, ਤੇ ਮੁਕਤੀ ਕਰਾਉਂਦੇ ਹਨ। ਕਿਸੇ ਵਕਤ ਇੰਦਰ ਦਾ ਹੱਥ ਠੋਕਾ ਬਣਕੇ, ਗੌਤਮ ਦੀ ਪਤਨੀ, ਅਹੱਲਿਆ ਦੀ ਬੇਪਤੀ ਕਰਵਾਉਣ ਲਈ ਕੁਕਰਮ ਦਾ ਭਾਗੀਦਾਰ ਬਣਕੇ ਕੁੱਕੜ ਦਾ ਰੂਪ ਧਾਰਨ ਕਰਕੇ, ਕੋਠੇ ਚੜ੍ਹ ਵਕਤ ਤੋਂ ਪਹਿਲਾਂ ਕੁੱਕੜੂੰ ਕੁੜੂੰ ਦੀ ਬਾਂਗ ਦੇ ਦਿੰਦਾ ਹੈ। ਵਿਚਾਰੇ ਯੋਰਪੀਨ ਲੋਕ ਇਸ ਗਲੋਂ ਅਭਾਗੇ ਹੀ ਰਹੇ, ਮੌਸਮ ਦੀ ਖਰਾਬੀ ਕਾਰਨ, ਉਹਨਾਂ ਦੇਸਾਂ ਵਿਚ ਨਾ ਚੰਦਰਮਾਂ ਦਾ ਚਾਅ, ਨਾ ਅਫਸੋਸ, ਨਾ ਉਸਦਾ ਜ਼ਿੰਦਗੀ ਵਿਚ ਕੋਈ ਹਿੱਸਾ। ਹੁਣ ਤਾਂ ਚੰਦ ਤੇ ਸੈਰ ਭੀ ਸੰਭਵ ਹੋਣ ਲੱਗੀ ਹੈ।

ਸਤਿਗੁਰੂ ਜੀ ਨੇ ਇਸ ‘‘ਚੰਦ ਮਾਮੇ`` ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ। ਚਲੰਤ ਮੁਹਾਵਰੇ ਮੁਤਾਬਕ ਸਹਿਜ ਭਾ ਕਿਤੇ ਜ਼ਿਕਰ ਬੇਸ਼ੱਕ ਕਰਨਾ ਪੈ ਗਿਆ, ਭਾਰੂ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ‘‘ਚੰਦਰ ਸਾਲ`` ਵਾਲਾ ਕਲੰਡਰ ਭੀ ਲੋਕੀਂ ਤਿਆਰ ਕਰਦੇ ਹਨ। ਇਸਲਾਮ ਦਾ ਸਾਰਾ ਹਿਜ਼ਰੀ ਸਾਲ ਚੰਦ ਨਾਲ ਹੀ ਜੋੜਿਆ ਗਿਆ ਹੈ। ਸਤਿਗੁਰੂ ਜੀ ਨੇ ਇਸਨੂੰ ਰੱਬੀ ਦੀਪਕ ਆਖ ਕੇ ਸਲਾਹਿਆ ਹੈ, (ਰਵਿ ਚੰਦੁ ਦੀਪਕ ਬਨੇ-663) ਸਤਿਗੁਰੂ ਜੀ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ, ਕਿ ਚੰਦ ਦੀ ਰੌਸ਼ਨੀ ਆਪਣੀ ਨਹੀਂ ਹੈ। ਇਹ ਸੂਰਜ ਤੋਂ ‘‘ਹੁਧਾਰੀ`` ਲਈ ਗਈ ਹੈ। ਸਤਿਗੁਰੂ ਜੀ ਦੇ ਪਾਵਨ ਵਿਗਿਆਨਕ ਬਚਨ ਪੜ੍ਹੋ -

ਭਾਰ ਅਠਾਰਹ ਮਾਲਣ ਤੇਰੀ।। ਚਉਰੁ ਢੁਲੈ ਪਵਣੇ ਲੈ ਫੇਰੀ।।

ਚੰਦੁ ਸੂਰਜੁ ਦੁਇ ਦੀਪਕ ਰਾਖੇ ‘‘ਸਸਿ ਘਰਿ ਸੂਰੁ ਸਮਾਇਦਾ``।। (1033)

ਸਤਿਗੁਰ ਮਿਲਹੁ ਆਪੇ ਪ੍ਰਭ ਤਾਰੇ।।‘‘ਸਸਿ ਘਰਿ ਸੂਰੁ ਦੀਪਕੁ ਗੈਣਾਰੇ``।

ਦੇਖਿ ਅਦ੍ਰਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ।। (1041)

7. ਸਤਿਗੁਰੂ ਜੀ ਵਿਗਿਆਨ ਨੂੰ ਕਿਤਨੀਆਂ ਡੂੰਘੀਆਂ ਪਰਤਾਂ ਤੱਕ ਜਾਣਦੇ ਸਨ, ਪੜ੍ਹਕੇ ਉਹਨਾਂ ਦੇ ਚਰਨਾਂ ਤੇ ਬਦੋਬਦੀ ਸੀਸ ਝੁਕ ਜਾਂਦਾ ਹੈ। ਮੌਜੂਦਾ ਦੌਰ ਵਿਚ ਬਹੁਤ ਸਾਰੇ ਵਿਗਿਆਨੀਆਂ ਦੇ ਸਾਂਝੇ ਜਤਨਾਂ ਸਦਕਾ ਕਈ ਨਵੇਂ ਭੇਦ ਖੁਲ੍ਹਦੇ ਜਾ ਰਹੇ ਹਨ। ਖੋਜ ਕਰਨ ਲਈ ਅਦਭੁਤ ਲਬਾਟਰੀਆਂ, ਮਹਿੰਗੇ ਔਜਾਰ, ਸਰਕਾਰਾਂ ਵੱਲੋਂ ਦਿੱਤਾ ਜਾਣ ਵਾਲਾ ਅਥਾਹ ਪੈਸਾ। ਤਾਂ ਕਿਧਰੇ ਕੋਈ ਨਵੀਂ ਲੱਭਤ ਪ੍ਰਾਪਤ ਹੁੰਦੀ ਹੈ। ਅੱਜ ਤੋਂ ਲਗਪਗ ਪੰਜ ਸੌ ਸਾਲ ਪਹਿਲਾਂ ਬਾਰੇ ਸੋਚੋ ! ਤਦੋਂ ਵਿਗਿਆਨ ਕਿੰਨਾ ਕੁ ਵਿਕਸਤ ਸੀ। ਖੋਜ ਕਾਰਜਾਂ ਲਈ ਕਿੱਥੇ ਸਨ ਸੁੱਖ ਸਹੂਲਤਾਂ ? ਫਿਰ ਵਿੱਦਿਆ ਪੱਖੋਂ, ਮਾਨਸਿਕ ਬਣਤਰ ਪੱਖੋਂ, ਸਮਾਜ ਕਿੰਨਾ ਪਛੜਿਆ ਹੋਇਆ ਸੀ। ਅਜਿਹੇ ਦੌਰ ਵਿਚ, ਗੁਰੂ ਨਾਨਕ ਸਾਹਿਬ ਗਗਨ ਮੰਡਲਾਂ `ਤੇ ਸੂਰਜ ਵਤ ਚਮਕੇ। ਜ਼ਿੰਦਗੀ ਦੇ ਹਰ ਪਹਿਲੂ ਤੇ ਉਹਨਾਂ ਭਰਪੂਰ ਰੋਸ਼ਨੀ ਪਾਈ। ਲਉ ਇੱਕ ਹੋਰ ਨੁਕਤੇ ਤੇ ਸਤਿਗੁਰੂ ਜੀ ਦੇ ਵਿਚਾਰ ਸਮਝਣ ਦੀ ਕੋਸ਼ਿਸ਼ ਕਰੀਏ। ਅੱਗ ਦੀ ਤਾਸੀਰ ਹੈ ਗਰਮ, ਵਿਦਵਾਨਾਂ ਨੇ ਅੱਗ ਨੂੰ ਸੂਰਜ ਦਾ ਅੰਸ਼ ਭੀ ਪ੍ਰਵਾਨਿਆ ਹੈ। ਜਿੱਥੇ ਹਾਲਾਤ ਢੁਕਵੇਂ ਬਣ ਜਾਣ, ਇਹ ਅਗਨੀ ਪਲਾਂ ਵਿਚ ਹੀ ਸਭ ਕੁੱਝ ਸਾੜ ਕੇ ਸੁਆਹ ਕਰ ਦਿੰਦੀ ਹੈ। ਜਿਥੇ ਅੱਗ ਸੰਜਮ ਵਿਚ ਰਹਿਕੇ ਸਮਝਦਾਰ ਨੋਕਰ ਵਾਂਗ, ਸਾਡੇ ਅਣਗਿਣਤ ਕੰਮ ਸੰਵਾਰਦੀ ਹੈ। ਉਥੇ ਬੇਕਾਬੂ ਹੋਈ, ਬਿਨਾ ਵਿਤਕਰੇ ਤੋਂ, ਬਗੈਰ ਲਿਹਾਜ ਕੀਤੇ, ਜੋ ਮਾਰ ਵਿਚ ਆਇਆ ਭਸਮਾਂ ਭੂਤ ਕਰ ਦਿੰਦੀ ਹੈ। ਮਨੁੱਖਤਾ ਦੀ ਤਬਾਹੀ ਵਾਸਤੇ ਮਨੁੱਖ ਵੱਲੋਂ (ਵਿਗਿਆਨੀਆਂ) ਜੋ ਮਾਰੂ ਹਥਿਆਰ ਬਣਾਕੇ ਗਏ ਹਨ, ਲੱਗਭਗ ਸਾਰਿਆਂ ਵਿਚ ਹੀ ਅਗਨੀ ਆਪਣੀ ਕਿਆਮਤੀ ਖੇਡ ਖੇਡਦੀ ਹੈ। ਆਮ ਕਰਕੇ ਦੁਨੀਆ ਭਰ ਵਿਚ, ਵਰਤੀ ਮਸ਼ੀਨਰੀ ਨੂੰ ਚਲਾਉਣ ਵਾਸਤੇ, ਅੱਗ ਇੱਕ ਅਹਿਮ ਰੋਲ ਅਦਾ ਕਰਦੀ ਹੈ। ਦੂਜੇ ਘਰ ਲੱਗੇ ਬਸੰਤਰ ਦਿਸਦੀ ਹੈ, ਆਪਣੇ ਘਰ ਅੱਗ ਦਾ ਸੇਕ ਲੱਗਦਾ ਹੈ। ਗੁਰਬਾਣੀ ਵਿਚ ਅੱਗ ਨੂੰ ਬਹੁਤ ਸਾਰੇ ਅਰਥਾਂ ਵਿਚ ਵਰਤਿਆ ਹੈ। ਅਸੀਂ ਸਿਰਫ ਇਸਦਾ ‘‘ਪਾਣੀ ਨਾਲ ਮੇਲ`` ਸਮਝਣ ਦਾ ਜਤਨ ਕਰਾਂਗੇ। ਅੱਗ ਲਕੜੀ ਦੇ ਅੰਦਰ ਹੈ, ਗੁਰਵਾਕ ਹਨ -

ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ।।

ਰਾਮਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ।। (1323)

ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ ਕਿ ਮਨੁੱਖੀ ਸਰੀਰ ਵਿਚ ਅੱਗ ਅਤੇ ਪਾਣੀ ਮੌਜੂਦ ਹਨ। ਸਰੀਰ ਦਾ ਤਾਪਮਾਨ (ਗਰਮਾਇਸ਼+ਅੱਗ) ਘੱਟ ਵੱਧ ਹੋ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਪੈਂਦੀ ਹੈ। ਖਾਣਾ ਹਜਮ ਕਰਨ ਲਈ, ਸਰੀਰ ਦਾ ਲੋੜ ਮੁਤਾਬਕ ਗਰਮ ਰਹਿਣਾ ਲਾਜ਼ਮੀ ਹੈ। ਕੁਦਰਤ ਦੇ ਕਰਿਸ਼ਮੇ ਵੇਖੋ ! ਅਨੇਕ ਜੀਵ ਜੋ ਮਾਸਾਹਾਰੀ ਹਨ, ਕੱਚਾ ਮਾਸ ਖਾਂਦੇ ਹਨ। ਉਹਨਾਂ ਦੇ ਪੇਟ ਵਿਚ ਪਿਆ (ਖਾਧਾ ਗਿਆ) ਮਾਸ ਹਜਮ ਹੋ ਜਾਂਦਾ ਹੈ, ਪਰ ਆਪਣੇ ਅੰਦਰਲੀਆਂ ਮਾਸ ਤੋਂ ਬਣੀਆਂ ਨਾੜੀਆਂ, ਮਿਹਦਾ ਸਹੀ ਸਲਾਮਤ ਰਹਿੰਦੇ ਹਨ। ਮਾਤਾ ਦੇ ਪੇਟ ਵਿਚਲਾ ਬੱਚਾ, ਅੱਗ ਪਾਣੀ ਵਿਚ ਰਹਿ ਕੇ ਭੀ, ਪੂਰੀ ਤਰ੍ਹਾ ਸੁਰੱਖਿਅਤ ਰਹਿੰਦਾ ਹੈ। ਇਸ ਸਰੀਰ ਦੀ ਅੱਗ ਨੂੰ ਸਾਹਿਤਕ ਬੋਲੀ ਵਿਚ ‘‘ਜਠਰ ਅਗਨੀ`` ਕਿਹਾ ਜਾਂਦਾ ਹੈ। ਦੂਜੀ ਹੈ ‘‘ਦਾਵਾ ਅਗਨੀ``, ਭਾਵ ਜੰਗਲ ਵਿਚ ਦੋ ਸੁਕੇ ਬਾਂਸਾਂ ਦੀ ਲਗਾਤਾਰੀ ਰਗੜ ਤੋਂ, ਜੋ ਅੱਗ ਪੈਦਾ ਹੋ ਜਾਵੇ। ਜੰਗਲਾਂ ਦੀ ਵੱਡੇ ਪੱਧਰ ਤੇ ਤਬਾਹੀ ਇਸੇ ਦਾਵਾ ਅਗਨੀ ਨਾਲ ਹੋਈ ਮੰਨੀ ਜਾਂਦੀ ਹੈ। ਬੱਸ ਗੁਰਬਾਣੀ ਮੁਤਾਬਕ-ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।। (384) ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਪੰਛੀ ਉਡ ਜਾਂਦੇ ਹਨ, ਪਰ ਉਹਨਾਂ ਦੇ ਬੱਚੇ ਤੇ ਅੰਡੇ ਭਸਮ ਹੋ ਜਾਦੇ ਹਨ। ਵੱਡੇ ਜਾਨਵਰ ਦੌੜ ਜਾਂਦੇ ਹਨ, ਬੱਚੇ ਤੇ ਕਮਜ਼ੋਰ ਸੜ ਮਰਦੇ ਹਨ। ਕਈ ਸਾਰੇ ਹਾਥੀ ਗਾਵਾਂ ਮੱਝਾਂ ਹਿਰਨ ਆਦਿ ਛੇਤੀ ਨਾਲ ਨੇੜੇ ਦੇ ਪਾਣੀ ਵਿਚ ਛਲਾਂਗਾਂ ਲਗਾ ਦਿੰਦੇ ਹਨ। ਅੱਗ ਬੁਝੀ ਤੋਂ ਹੀ ਵਾਪਸ ਆਉਂਦੇ ਹਨ। ਤੀਸਰੀ ਕਿਸਮ ਹੈ ਬੜਵਾ ਅਗਨੀ! ਇਸ ਦਾ ਜ਼ਿਕਰ ਘੱਟ ਹੋਇਆ ਹੈ। ਕਿਉਂØਕ ਜਿਥੇ ਇਹ ਅੱਗ ਪੈਦਾ ਹੁੰਦੀ ਹੈ, ਉਥੇ ਤੱਕ ਮਨੁੱਖ ਦੀ ਪਹੁੰਚ ਨਾਂਹ ਦੇ ਬਰਾਬਰ ਹੁੰਦੀ ਹੈ। ਜਦੋਂ ਸਮੁੰਦਰ ਵਿਚ ਤੁਫਾਨ ਉØੱਠਦਾ ਹੈ ਤਦੋਂ ਇਸ ਸਮੁੰਦਰੀ (ਬੜਵਾ ਅਗਨੀ) ਅਗਨੀ ਦੀਆਂ ਲਾਟਾਂ ਦੂਰ ਦੂਰ ਤਕ ਦਿਖਾਈ ਦਿੰਦੀਆਂ ਹਨ। ਅਜਿਹੇ ਹਾਲਾਤ ਵਿਚ ਘਿਰੇ ਤੇ ਬਚਕੇ ਆਏ ਮਛੇਰੇ ਜਾਂ ਜਹਾਜ਼ੀ, ਇਸ ਦਿਲ ਕੰਬਾਊ ਤਾਂਡਵ ਨਾਚ ਦਾ, ਕਦੀ ਕਦਾਈ ਜ਼ਿਕਰ ਕਰਦੇ ਹਨ। ਹੈ ਨਾ ਕੁਦਰਤ ਦਾ ਅਨੋਖਾ ਖੇਲ! ਲਕੜੀ ਵਿਚੋਂ ਆਪਣੇ ਆਪ ਅੱਗ ਪੈਦਾ ਹੋ ਗਈ। ਸਮੁੰਦਰ ਦੀਆਂ ਲਹਿਰਾਂ (ਪਾਣੀ) ਵਿਚੋਂ ਅੱਗ ਦੇ ਭਾਬੜ ਬਲਦੇ ਦਿਸਦੇ ਹਨ। ਧਰਤੀ ਦੇ ਅੰਦਰ ਪਾਣੀ ਭੀ ਹੈ ਤੇ ਅੱਗ ਭੀ ਮੌਜੂਦ ਹੈ। ਗੈਸਾਂ ਲਾਵਾ ਫੁੱਟਣਾ, ਭੁਚਾਲ ਆਉਣੇ, ਇਸਦਾ ਪ੍ਰਤੱਖ ਪ੍ਰਮਾਣ ਹਨ।

ਸਾਡੀ ਹੈਰਾਨੀ ਤਦੋਂ ਸਿਖਰਾਂ ਤਕ ਪੁੱਜਦੀ ਹੈ ਜਦੋਂ ਖੁਦ ‘‘ਪਾਣੀ ਨੂੰ ਅੱਗ ਲੱਗੀ`` ਵੇਖਦੇ ਹਾਂ। ਬੱਦਲ ਇੱਕੱਠੇ ਹੋਏ, ਹਵਾ ਦੁਆਰਾ ਟਕਰਾਏ ਤੇ ਲੱਗੀਆਂ ਅਸਮਾਨ ਵਿਚੋਂ ਭਿਆਨਕ ਆਵਾਜਾਂ ਆਉਣ। ਇਹ ਗੜਗੜਾਹਟ ਕਾਹਦੀ ਹੈ ? ਲਉ ਇਹ ਸਿਰਫ ਗਰਜਣਾ ਨਹੀਂ ਸੀ, ਅੱਖਾਂ ਚੁੰਧਿਆ ਦੇਣ ਵਾਲੀ ਰੋਸ਼ਨੀ ਭੀ ਪੈਦਾ ਹੋਈ ਸੀ। ਹੋਰ ਆਵਾਜਾਂ ਹੋਰ ਚਮਕ....ਇਹ ਉਪਰਲੀ ਗਰਜ ਤੇ ਚਮਕ ਧਰਤੀ ਤੇ ਆ ਡਿੱਗੀ। ਜਿੱਥੇ ਪਈ, ਪਲਾਂ ਵਿਚ ਸਭ ਤਬਾਹੀ ਮੱਚ ਗਈ। ਇਹ ਕੀ ਬਲਾ ਸੀ ਭਲਾ ? ਪਾਣੀ ਵਿਚੋਂ ਪੈਦਾ ਹੋਈ ਅਗਨੀ। ਕੋਈ ਸੱਚ ਮੰਨ ਸਕਦਾ ਹੈ ਕਿ ਪਾਣੀ ਨੂੰ ਅੱਗ ਭੀ ਲੱਗ ਸਕਦੀ ਹੈ। ਸਮੁੰਦਰ ਦੀ ਅੱਗ ਵਿਰਲੇ ਮਨੁੱਖ ਨੇ ਵੇਖੀ ਹੈ। ਆਹ ਆਸਮਾਨ ਵਿਚ ਤੈਰਦੇ ਬਦਲਾ ਨੂੰ ਲੱਗੀ ਅੱਗ ਤਾਂ ਸਾਰਿਆਂ ਨੇ ਵੇਖੀ ਹੈ। ਧਰਤੀ ਤੇ ਮਾਰ ਕਰਦੀ, ਪਰਲੋ ਬਰਸਾਉਂਦੀ ਤਾਂ ਇਹ ‘‘ਪਾਣੀ ਦੀ ਅੱਗ`` ਸਭਨਾ ਵੇਖੀ ਹੈ। ਪਾਠਕ ਜਨੋਂ ਸਤਿਗੁਰੂ ਜੀ ਤਾਂ ਹੋਰ ਬਹੁਤ ਅੱਗੇ ਦੀਆਂ ਗੱਲਾਂ ਦਸਦੇ ਹਨ। ਉਹ ਤਾਂ ਆਖ ਰਹੇ ਹਨ ਭਾਈ ਪਾਣੀ ਵਿਚ ਅੱਗ ਮੌਜੂਦ ਹੈ, ਤੇ ਅੱਗ ਵਿਚ ਪਾਣੀ ਭਰਪੂਰ ਮਾਤਰਾ ਵਿਚ ਸਮਾਇਆ ਹੋਇਆ ਹੈ। ਆਮ ਇਨਸਾਨ ਨੂੰ ਨਹੀਂ ਦਿਸਦਾ, ਪਰ ਸਤਿਗੁਰੂ ਜੀ ਨੂੰ ਪੰਜ ਸੌ ਸਾਲ ਪਹਿਲਾਂ ਦਿਸ ਪਿਆ ਸੀ। ਵਿਗਿਆਨੀਆਂ ਨੂੰ ਭੀ ਬਸ ‘‘ਅੱਜ ਕੱਲ੍ਹ`` ਹੀ ਦਿੱਸਿਆ ਹੈ। ਗੁਰੂ ਵਾਕ ਪੜ੍ਹੋ -

‘‘ਪਾਉਣੈ ਪਾਣੀ ਅਗਨੀ ਕਾ ਮੇਲੁ``।। ਚੰਚਲ ਚਪਲ ਬੁਧਿ ਕਾ ਖੇਲੁ।।(152)

ਜਿਨਿ ਕੀਤਾ ਮਾਟੀ ਤੇ ਰਤਨ।। ‘‘ਗਰਭ ਮਹਿ`` ਰਾਖਿਆ ਜਿਨਿ ਕਰਿ ਜਤਨ।। (177)

ਪਉਣ ਉਪਾਇ ਧਰੀ ਸਭ ਧਰਤੀ ‘‘ਜਲ ਅਗਨੀ ਕਾ ਬੰਧੁ ਕੀਆ``।।(350)

ਵਿਗਿਆਨੀ ਬੋਲੀ ਵਿਚ ਇੱਕ ਸਿਧਾਂਤ ਹੈ ਜਿਸਨੂੰ "੍ਹ2ੌ" (ਐਚ ਦੋ ਓ) ਆਖਦੇ ਹਨ। ਐਚ ਦਾ ਮਤਲਬ ਹੈ ਹਾਈਡ੍ਰੋਜਨ ਤੇ ‘ਓ` ਦਾ ਮਾਹਿਨਾ ਹੈ ਔਕਸੀਜਨ। ਜਦੋਂ ਦੋਵੇਂ ਅਲੱਗ ਅਲੱਗ ਗੈਸ ਰੂਪ ਵਿਚ ਹੋਣ ਤਾ ਔਕਸੀਜਨ, ਜੋ ਅੱਗ ਬਲਣ ਵਿਚ ਸਹਾਇਤਾ ਕਰਦੀ ਹੈ। ਹਾਈਡ੍ਰੋਜਨ ਤਾਂ ਮਾਨੋ ਹੈ ਹੀ ਨਿਰੀ ਅੱਗ। ਇਸ ਗੈਸ ਤੋਂ ਬਣੇ ਬੰਬ ਵੱਡੀ ਤਬਾਹੀ ਕਰਨ ਵਾਲੇ ਹਨ। ਅਚੰਭੇ ਦੀ ਗਲ ਹੈ ਕਿ ਦੋਵੇਂ ਗੈਸਾਂ ਤਰਲ ਬਣਾ ਕੇ ਮਿਲਾ ਦਿਤੀਆਂ ਜਾਣ ਤਾਂ ? ਕੀ ਬਣੇਗਾ ਭਲਾ ? ਜੀ ਹਾਂ ਇਹੀ ਬਣੇਗਾ ਜ਼ਿੰਦਗੀ ਪਰਦਾਨ ਕਰਨ ਵਾਲਾ ਸੋਮਾ, ‘‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ``।(472) ਬੂੰਦ ਤੋਂ ਲੈ ਕੇ ਸਾਗਰ ਤੱਕ ਪਾਣੀ ਇਹਨਾਂ ਦੋ ਗੈਸਾਂ ਤੋਂ ਬਣਿਆ ਹੋਇਆ ਹੈ। ਅੱਗ ਵਿਚ ਪਾਣੀ ਤੇ ਪਾਣੀ ਵਿਚ ਅਗਨੀ ਸਮਾਈ ਹੋਈ ਹੈ। ਜ਼ਿੰਦਗੀ ਅਤੇ ਮੌਤ ਨੇ ਮਾਨੋ ਗਲਵਕੜੀ ਪਾਈ ਹੋਈ ਹੈ। ਜਹਿਰ ਵਿਚ ਅੰਮ੍ਰਿਤ ਤੇ ਅੰਮ੍ਰਿਤ ਵਿਚ ਜ਼ਹਿਰ ਮੌਜੂਦ ਹੈ। ਜਿਸ ਤਰ੍ਹਾਂ ਕੋਈ ਵਰਤੋਂ ਕਰਨੀ ਚਾਹੇ ਕਰ ਸਕਦਾ ਹੈ।

ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ।।

ਬਿਖਿਆ ਅੰਮ੍ਰਿਤ ਏਕੁ ਹੈ ਬੂਝੇ ਪੁਰਖ ਸੁਜਾਣੁ।। (937)

ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰੁ ਕਵਣ ਬੁਝੈ ਬਿਧਿ ਜਾਣੈ।।

ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ।। (878)

8. ਵਿਗਿਆਨ ਦੀਆਂ ਲੱਭਤਾਂ ਵਿਚੋਂ ਇੱਕ ਅਦਭੁਤ ਖੋਜ ਹੈ ਪ੍ਰਮਾਣੂ (ਐਟਮ) ਦੀ। ਜਦੋਂ ਇਸ ਦੀ ਵਰਤੋਂ ਕਰਨ ਦਾ ‘‘ਚੱਜ`` ਵਿਗਿਆਨੀਆਂ ਨੇ ਸਿੱਖ ਲਿਆ, ਤਦੋਂ ਇਹ ਇੱਕ ਨਿੱਕਾ ਜਿਹਾ ਕਿਣਕਾ, ਅਤੀ ਸੂਖਮ ਜ਼ੱਰਾ, ਸਮੁੰਦਰ ਵਿਚ ਤੂਫਾਨ ਪੈਦਾ ਕਰ ਸਕਦਾ ਹੈ। ਹਿਮਾਲਾ ਪਰਬਤ ਨੂੰ ਉਲਟਾ ਸਕਦਾ ਹੈ, ਘੁੱਗ ਵੱਸਦੀ ਧਰਤੀ ਨੂੰ ਬੰਜਰ ਬਣਾ ਸਕਦਾ ਹੈ। ਇਸ ਤੋਂ ਵੱਖਰੀ ਦਿਸ਼ਾ ਵਿਚ ਜਦੋਂ ਉਸਾਰੂ ਕਾਰਜਾਂ ਲਈ ਇਸ ਦੀ ਸਾਰਥਕ ਵਰਤੋਂ ਕਰਨੀ ਸਿੱਖ ਲਈਏ, ਤਾਂ ਇਹੀ ਨਿੱਕਾ ਜਿੰਨ, ਜੋ ਅਲਾਦੀਨ ਦੇ ਚਿਰਾਗ ਵਿਚੋਂ ਪੈਦਾ ਹੋਇਆ ਕਲਪਿਆ ਗਿਆ ਸੀ, ਆਪਣੀ ਅਸੀਮ ਸ਼ਕਤੀ ਸਮੇਤ ਆ ਸਲਾਮ ਕਰਦਾ ਹੈ। ਜਿਨ੍ਹਾਂ ਫੈਕਟਰੀਆਂ ਵਿਚ ਬੇਅੰਤ ਬਿਜਲੀ ਵਰਤੀ ਜਾਂਦੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਟਨ ਕੋਲਾ ਬਾਲਣ ਵਾਸਤੇ ਖਰਚ ਹੋ ਜਾਂਦਾ ਸੀ। ਉਹਨਾਂ ਮਸ਼ੀਨਾਂ ਫੈਕਟਰੀਆਂ ਨੂੰ ਦਿਨ ਰਾਤ ਚਲਾਉਣ ਲਈ ਇੱਕ ‘‘ਨਿੱਕਾ ਸਿੰਘ`` (ਐਟਮ) ਦਾ ਕੁਝ ਗ੍ਰਾਮ ਹੋਣਾ ਹੀ ਕਾਫੀ ਹੈ। ਚੰਦ ਤਾਰਿਆਂ ਵੱਲ ਲੰਮਾ ਪੈਂਡਾ ਤੈਹ ਕਰਨ ਵਾਲੇ ਰਾਕਟ, ਤੇਲ ਪਟਰੋਲ ਦਾ ਭਾਰ ਚੁੱਕ ਕੇ ਨਹੀਂ ਉØੱਡ ਸਕਦੇ। ਇਹ ਭੀ ਐਟਮ ਦੀ ਹੀ ਕਰਾਮਾਤ ਹੈ ਕਿ ਕੁਝ ਕਿੱਲੋ ਯੂਰੇਨੀਅਮ (ਐਟਮ ਦੀ ਇੱਕ ਤਿਆਰ ਸੁਦਾਵਿਧੀ) ਇਹਨਾਂ ਤੇਜ ਗਤੀ ਰਾਕਟਾਂ ਨੂੰ ਲੱਖਾਂ ਮੀਲਾਂ ਤਕ ਚੱਕਰ ਲਗਵਾ ਦਿੰਦਾ ਹੈ। ਐਟਮ ਇੰਨਾ ਛੋਟਾ ਹੈ ਕਿ ਨੰਗੀ ਅੱਖ ਨਾਲ ਇਸ ਨੂੰ ਵੇਖਿਆ ਨਹੀਂ ਜਾ ਸਕਦਾ। ਸੂਈ ਦੇ ਨੱਕੇ ਜਿੰਨੀ ਥਾਂ ਵਿਚ ਇਹ ਹਜ਼ਾਰਾ ਲੱਖਾਂ ਸਮਾ ਸਕਦੇ ਹਨ। ਇਸ ਦੇ ਕੰਮ ਕਰਨ ਦੀ ਸਾਧਾਰਣ ਜਿਹੀ, ਸਮਝ ਆ ਸਕਣ ਵਾਲੀ, ਵਿਧੀ ਇਹ ਹੈ ਕਿ ਵਿਗਿਆਨੀ, ਆਪਣੇ ਉਪਕਰਣਾਂ ਨਾਲ ਇੱਕ ਐਟਮ ਵਿਚ ਵਿਸਫੋਟ ਕਰਕੇ, ਉਸਨੂੰ ਤੋੜ ਦਿੰਦੇ ਹਨ। ਬਸ ਫਿਰ ਇਹ ‘‘ਗੁੱਸੇ`` ਵਿਚ ਆ ਜਾਦਾ ਹੈ ਤੇ ‘‘ਘਰ ਫੂਕ ਤਮਾਸ਼ਾ`` ਕਰ ਵਿਖਾਉਂਦਾ ਹੈ। ਭਾਵ ਕਿ ਇੱਕ ਟੁੱਟਿਆ ਪ੍ਰਮਾਣੂ ਅੱਗੋਂ ਹੋਰ ਕਈਆਂ ਨੂੰ ਤੋੜਦਾ ਹੈ। ਉਹ ਕਈ ਟੁੱਟਕੇ ਅਗੋਂ ਅਣਗਿਣਤ ਨੂੰ ਤੋੜਦੇ ਚਲੇ ਜਾਂਦੇ ਹਨ। ਤੇ ਮਨੁੱਖ ਜਿਸ ਤਰ੍ਹਾਂ ਦਾ ਕੰਮ ਇਸ ਤੋਂ ਲੈਣਾ ਚਾਹੇ ਲੈ ਸਕਦਾ ਹੈ, ਸਮੇਤ ਐਟਮ ਬੰਬਾਂ ਦੇ।

ਇਹ ਨਿੱਕਾ ਐਟਮ ਕਦੀ ਆਰਾਮ ਨਹੀਂ ਕਰਦਾ। ਸਦਾ ਆਪਣੇ ਧੁਰੇ ਦੁਆਲੇ ਪ੍ਰਕਰਮਾਂ ਕਰਦਾ ਰਹਿੰਦਾ ਹੈ। ਇਹਨਾਂ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਦੱਸੀ ਜਾਂਦੀ ਹੈ, ਕਿ ਨਿਊਟਰਾਨ, ਇਲੈਕਟਰਾਨ ਆਪਣੀ ਨਾਭੀ (ਕੇਂਦਰੀ ਧੁਰਾ) ਦੁਆਲੇ ਸਦਾ ਚੱਕਰ ਕੱਟਦੇ ਰਹਿੰਦੇ ਹਨ। ਜੋ ਦੀਵਾਰਾਂ ਇੱਟਾਂ ਸੀਮਿੰਟ ਦੀਆਂ ਬਣੀਆਂ ਨਜ਼ਰ ਆ ਰਹੀਆਂ ਹਨ, ਇਹਨਾਂ ਵਿਚ ਭੀ ਇਹੀ ਧੜਕਣ ਮੌਜੂਦ ਹੈ। ਰੁੱਖਾਂ ਬਿਰਖਾਂ ਜੀਵਾਂ ਜੰਤੂਆਂ ਦੇ ਸਰੀਰ ਭੀ, ਇਸੇ ਕਿਰਿਆ ਅਧੀਨ ਹਨ। ਜੋ ਨਿਰਜਿੰਦ ਦਿਸਦਾ ਪੱਥਰ (ਪਹਾੜ) ਸਦੀਆਂ ਤੋਂ ਅਹਿਲ ਦਸਾ ਵਿਚ ਇੱਕੋ ਥਾਂ ਟਿਕਿਆ ਹੋਇਆ ਹੈ, ਕੀ ਤੁਸੀਂ ਸਮਝਦੇ ਹੋ ਉਹ ਮੁਰਦਾ ਹੈ ? ਜੀ ਨਹੀਂ! ਉਸ ਦੇ ਅੰਦਰ ਭੀ ਧੜਕਣ ਹੈ, ਲੇਕਿਨ ਉਹ ਸਾਨੂੰ ਸੁਣਦੀ ਦਿਸਦੀ ਨਹੀਂ ਹੈ। ਪੱਥਰ ਦੇ ਅੰਦਰ ਭੀ ਐਟਮ ਆਪਣੀ ਪਰਕਰਮਾ ਕਰ ਰਹੇ ਹਨ। ਇਹ ‘‘ਅਣਥੱਕ ਯੋਧੇ`` ਬਿਨਾ ਰੁਕੇ ਬਿਨਾ ਆਰਾਮ ਕੀਤੇ, ਬਿਨਾ ਕੁਝ (ਸਾਡੇ ਵਾਂਗ) ਖਾਧੇ ਪੀਤੇ, ਬਿਨਾ ਮੰਜਿਲ ਦੀ ਯਾਤਰਾ ਤੇ, ਸਦਾ ਤੋਂ ਚਲ ਰਹੇ ਹਨ। ਜਦੋਂ ਤੋਂ ਸ੍ਰਿਸਟੀ ਸਾਜੀ ਗਈ ਹੈ ਤਦੋਂ ਤੋਂ ਹੀ, ਤੇ ਰਹਿੰਦੀ ਦੁਨੀਆ ਤਕ ਇਹਨਾਂ ਦਾ ਸਫਰ ਜਾਰੀ ਰਹੇਗਾ। ਐਟਮ ਦੀ ਹੋਂਦ ਕਿੰਨੀ ਛੋਟੀ ਹੈ, ਤਾਕਤ ਉਸ ਵਿਚ ਕਿੰਨੀ ਛੁਪੀ ਹੋਈ ਹੈ, ਸਮਝਕੇ ਵਿਸਮਾਦ ਦੀ ਅਵਸਥਾ ਤਾਰੀ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਜੀ ਨੇ ਬਾਰ ਬਾਰ ਪ੍ਰੇਰਣਾ ਕੀਤੀ ਹੈ -

ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ।। (ਜਪੁ)

ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ।। (695)

ਪ੍ਰਗਟੀ ਜੋਤਿ ਮਿਟਿਆ ਅੰਧਿਆਰਾ।। ਰਾਮ ਰਤਨ ਪਾਇਆ ਕਰਤ ਬੀਚਾਰਾ।। (1349)

ਪ੍ਰਮਾਣੂੰ ਬਾਰੇ ਸਤਿਗੁਰੂ ਜੀ ਨੂੰ ਪਤਾ ਹੈ, ਉਸਦੀ ਅਸੀਮ ਤੇ ਅਦਭੁਤ ਕਰਾਮਾਤੀ ਸ਼ਕਤੀ ਬਾਰੇ ਭੀ ਮਹਾਨ ਸਤਿਗੁਰੂ ਜੀ ਨੂੰ ਡੂੰਘਾ ਗਿਆਨ ਹੈ। ਉਦੋਂ ਭਾਵੇਂ ਐਟਮ ਦੀ ਸ਼ਕਤੀ ਪ੍ਰਾਪਤ ਕਰਨ ਵਾਸਤੇ ਸਾਧਨ ਮੌਜੂਦ ਨਹੀਂ ਸਨ। ਸਤਿਗੁਰੂ ਜੀ ਨੂੰ ਮੁਕੰਮਲ ਅਨੁਭਵ ਹੈ ਇਸ ਦੀ ਵਿਰਾਟ ਤਾਕਤ ਦਾ। ਇਸ ਅਗਲੇ ਗੁਰਬਾਣੀ ਪ੍ਰਮਾਣ ਵਿਚ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ - ਹੇ ਭਾਈ! ਪ੍ਰਮਾਣੂ ਦੀ ਅਸੀਮ ਤਾਕਤ ਹਾਸਲ ਕਰਕੇ (ਵਰਤੋਂ ਕਰਨੀ ਸਿੱਖਕੇ) ਮਨੁੱਖ, ਅੱਖ ਝਪਕਣ ਜਿੰਨੇ ਸਮੇਂ ਵਿਚ (ਭਾਵ ਛੇਤੀ) ਖੰਡਾਂ ਬ੍ਰਹਮੰਡਾਂ ਦੀ ਯਾਤਰਾ ਕਰਕੇ, ਵਾਪਸ ਪਰਤ ਸਕਦਾ ਹੈ। ਇਸ ਪ੍ਰਮਾਣੂ ਦੀ ਵਰਤੋਂ ਨਾਲ ਅਨੇਕ ਸੁੱਖ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਪਰ ਇਨਸਾਨ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਨਹੀਂ ਹੋ ਸਕੇਗੀ। ਸਦੀਵੀਂ ਸੁੱਖ ਤਾਂ ਸਤਿਗੁਰੂ ਦੇ ਚਰਣਾਂ ਵਿਚੋਂ ਮਿਲੇਗਾ, ਗੁਰੂ ਹੁਕਮ ਵਿਚ ਜੀਵਨ ਬਤੀਤ ਕਰਨ ਵਿਚ ਨਾਲ ਪ੍ਰਾਪਤ ਹੋਵੇਗਾ।

‘‘ਪਰਮਾਣੋ`` ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ।।

ਗਛੇਣ, ਨੈਣ ਭਾਰੇਣ, ਨਾਨਕ, ਬਿਨਾ ਸਾਧੂ ਨ ਸਿਧਤੇ।। (1360)

9. ਤੇ ਹੁਣ ਲਗਦੇ ਹੱਥ ਵਿਚ ਮਨੁੱਖੀ ਸਰੀਰ ਦੀ ਬਣਤਰ, ਕੰਮ ਤਾਕਤ ਅਤੇ ਮੌਤ ਬਾਰੇ ਭੀ ਵਿਚਾਰ ਕਰ ਹੀ ਲਈਏ। ਇਸ ਗਲ ਨਾਂਲ ਤਾਂ ਦੁਨੀਆਂ ਭਰ ਦੇ ਸਿਆਣੇ ਸਹਿਮਤ ਹਨ, ਕਿ ਮਨੁੱਖੀ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਇਹ ਪੰਜ ਹਨ - ਮਿੱਟੀ, ਪਾਣੀ, ਹਵਾ, ਅਗਨੀ ਤੇ ਆਕਾਸ, ਭਾਵ ਜਿਸ ਅਦਿੱਖ ‘‘ਰੱਬੀ ਕਲਾ`` ਦੀ ਬਦੌਲਤ ਇਹ ਸਰੀਰ ਹਰਕਤ ਵਿਚ ਆਉਂਦਾ ਹੈ। ਕਦੀ ਅੰਤਰ ਆਤਮੇ ਉਤਰ ਕੇ ਰੱਬੀ ਕਾਰਾਗਰੀ ਨੂੰ ਜਾਨਣ ਦਾ ਜਤਨ ਕਰੋ। ਮਨੁੱਖ ਦੇ ਅੰਦਰ (ਹਰ ਇੱਕ ਨਰ ਮਾਦਾ ਵਿਚ ਇਹੀ ਪ੍ਰਕ੍ਰਿਆ ਹੈ) ਜੀਨਜ਼ ਕੌਣ ਪੈਦਾ ਕਰਦਾ ਹੈ ? ਉਹ ਭੀ ਅਣਗਿਣਤ ਕਰੋੜਾਂ ਅਰਬਾਂ ਦੀ ਮਾਤਰਾ ਵਿਚ। ਨਰ ਮਾਦਾ ਦੇ ਸੰਜੋਗ ਸਮੇਂ ਇਹ ਨਿੱਕੇ ਜੀਨਜ਼ ਇੱਕ ਦੂਜੇ ਤੋਂ ਕਾਹਲੇ, ਧਾਈ ਕਰਦੇ ਹੋਏ ਪੱਕ ਚੁੱਕੇ ਮਾਦਾ ਆਂਡੇ ਅੰਦਰ ਦਾਖਲ ਹੋਣਾ ਲੋਚਦੇ ਹਨ। ਕਰੋੜਾਂ ਜੀਨਜ਼ ਵਿਚੋਂ, ਸਭ ਤੋਂ ‘‘ਤਾਕਤਵਰ, ਤੇਜ਼ ਦੌੜਾਕ`` ਕੇਵਲ ਇੱਕ ਹੀ ਆਂਡੇ ਵਿਚ ਪ੍ਰਵੇਸ਼ ਕਰ ਸਕਦਾ ਹੈ, ਤੇ ਨਾਲ ਹੀ ਆਂਡੇ ਦਾ ਦਰਵਾਜਾ (ਮੂੰਹ) ਬੰਦ ਹੋ ਜਾਂਦਾ ਹੈ। ਕਰੋੜਾਂ ਵਿਚੋਂ ਕਦੀ ਇੱਕ ਅਧ ਚਾਨਸ ਹੁੰਦਾ ਹੈ ਕਿ ਇੱਕ ਤੋਂ ਵਧੇਰੇ ਜੀਨਜ਼ ਆਂਡੇ ਵਿਚ ਦਾਖਲ ਹੋ ਸਕਣ। ਉਪ੍ਰੰਤ ਇਹ ਮਾਮੂਲੀ ਜਿਹਾ ਜੀਵ ਜੋ ਨੰਗੀ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ, ਪ੍ਰਫੁਲਤ ਹੋਣਾ ਸ਼ੁਰੂ ਕਰ ਦਿੰਦਾ ਹੈ -

ਮਾਂ ਕੀ ਰਕਤ ਪਿਤਾ ਬਿੰਦੁ ਧਾਰਾ।। ਮੂਰਤਿ ਸੂਰਤਿ ਕਰਿ ਅਪਾਰਾ।।

ਜੋਤਿ ਦਾਤਿ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੇ।। (1022)

ਇਸ ਤੋਂ ਬਾਅਦ ਵਧਦਾ ਹੋਇਆ ਸਰੀਰ ਦਾ ਆਕਾਰ ਧਾਰਨ ਕਰਨ ਲਗ ਪੈਂਦਾ ਹੈ। ਰੱਬੀ ਨਿਅਮ ਦੇ ਅਨੁਸਾਰ ਗਰਭ ਵਿਚ ਬੱਚੇ ਦੀ ਰੱਖਿਆ ਸੰਭਾਲ ਹੁੰਦੀ ਹੈ। ਗੁਰਵਾਕ ਹਨ -

ਜਿਨਿ ਕੀਤਾ ਮਾਟੀ ਤੇ ਰਤਨ।। ਗਰਭ ਮਹਿ ਰਾਖਿਆ ਜਿਨਿ ਕਰਿ ਜਤਨ।। (177)

ਇਸ ਤੋਂ ਬਾਦ ਜੋ ਅੱਗੇ ਪ੍ਰਕਿਰਿਆ ਚਲਦੀ ਹੈ, ਸਤਿਗੁਰੂ ਜੀ ਇੱਕ ਇੱਕ ਨੁਕਤੇ ਨੂੰ ਸਾਫ ਕਰਦੇ ਜਾ ਰਹੇ ਹਨ। ਸੁਣੋ -

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ।।

ਗਰਭ ਅਗਨਿ ਮਹਿ ਜਿਨਹਿ ਉਭਾਰਿਆ।।

ਬਾਰ ਬਿਵਸਥਾ ਤੁਝਹਿ ਪਿਆਰੈ ਦੂਧ।। ਭਰਿ ਜੋਬਨ ਭੋਜਨ ਸੁਖ ਸੂਧ।।

ਬਿਰਧਿ ਭਇਆ ਊਪਰਿ ਸਾਕ ਸੈਨ।। ਮੁਖਿ ਅਪਿਆਉ ਬੈਠ ਕਉ ਦੈਨ।।

ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ।। ਬਖਸਿ ਲੇਹੁ ਤਉ ਨਾਨਕ ਸੀਝੈ।। (266)

ਸਤਿਗੁਰੂ ਜੀ ਸਮਝਾ ਰਹੇ ਹਨ ਕਿ ਭਾਈ ਤੂੰ ਹੈ ਤਾਂ ਕੇਵਲ ਮਿੱਟੀ ਦਾ ਪੁਤਲਾ ਹੀ ਨਾ। ਗਰਬ ਕਿਸ ਗੱਲ ਦਾ ਕਰ ਰਿਹਾ ਹੈਂ ? ਮਾਟੀ ਕੋ ਪੁਤਰਾ ਕੈਸੇ ਨਚਤ ਹੈ।। ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ।। (487)

ਇਸ ਸਰੀਰ ਨੂੰ ਲੱਕੜ ਦੀ ਬਣੀ ਪੂਤਲੀ ਭੀ ਆਖਿਆ ਹੈ, ਜਿਸ ਦੀ ਡੋਰ ਮਾਲਕ ਦੇ ਹੱਥ ਹੁੰਦੀ ਹੈ, ਜਿਵੇਂ ਚਾਹੇ ਨਚਾਵੇ।

ਕਾਠ ਕੀ ਪੂਤਰੀ ਕਹਾ ਕਰੈ ਬਪੁਰੀ ਖਿਲਾਵਨ ਹਾਰੋ ਜਾਨੈ।।

ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ।। (206)

ਜੇ ਆਮ ਸਮਾਜਕ ਪ੍ਰਾਣੀ ਦੀ ਜੀਵਨੀ ਨੂੰ ਦਸ ਹਿੱਸਿਆਂ ਵਿਚ ਵੰਡ, ਨਕਸ਼ਾ ਖਿੱਚਣਾ ਹੋਵੇ ਤਾਂ ਸਤਿਗੁਰੂ ਜੀ ਤੋਂ ਪੁੱਛੀਏ -

ਪਹਿਲੈ ਪਿਆਰਿ ਲਗਾ ਥਣ ਦੁਧਿ।। ਦੂਜੇ ਮਾਇ ਬਾਪ ਕੀ ਸੁਧਿ।।

ਤੀਜੇ ਭਯਾ ਭਾਬੀ ਬੇਬ।। ਚਉਥੈ ਪਿਆਰਿ ਉਪੰਨੀ ਖੇਢ।।

ਪੰਜਵੈ ਖਾਣ ਪੀਅਣ ਕੀ ਧਾਤੁ।। ਛੀਵੈ ਕਾਮੁ ਨ ਪੁਛੈ ਜਾਤਿ।।

ਸਤਵੈ ਸੰਜਿ ਕੀਆ ਘਰ ਵਾਸ।। ਅਠਵੈ ਕ੍ਰੋਧੁ ਹੋਆ ਤਨ ਨਾਸੁ।।

ਨਾਵੈ ਧਉਲੇ ਉਭੇ ਸਾਹ।। ਦਸਵੈ ਦਧਾ ਹੋਆ ਸੁਆਹ।। (137)

ਇਸੇ ਤਰ੍ਹਾਂ ਸਤਿਗੁਰੁ ਜੀ ਨੇ ਇੱਕ ਹੋਰ ਥਾਵੇਂ ਜੀਵਨ ਕਿਰਿਆ ਇਉ ਭੀ ਸਮਝਾਈ ਹੈ -

ਦਸ ਬਾਲਤਣਿ, ਬੀਸ ਰਵਣਿ, ਤੀਸਾਂ ਕਾ ਸੁੰਦਰੁ ਕਹਾਵੈ।।

ਚਾਲੀਸੀ ਪੁਰੁ ਹੋਇ ਪਚਾਸੀ ਪਗੁਖਿਸੈ ਸਠੀ ਕੇ ਬੋਢੇਪਾ ਆਵੈ।।

ਸਤਰਿ ਕਾ ਮਤਿ ਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ।।

ਨਵੇ ਕਾ ਸਹਿਜਾ ਸਣੀ ਮੂਲੁ ਨ ਜਾਣੇ ਅਪ ਬਲੁ।।

ਢੰਢੋਲਿਮੁ ਢੂਢਿਮੁ ਡਿਠੁਮੈ ਨਾਨਕ ਜਗੁ ਧੂਏ ਕਾ ਧਵਲਹਰੁ।। (138)

ਇਹ ਸੀ ਸੰਖੇਪ ਤਰੀਕੇ ਗੁਰਬਾਣੀ ਰਾਹੀ ਬਿਆਨ ਕੀਤੀ ਜੀਵਨ ਕਿਰਿਆ। ਪਈ ਕਿਵੇਂ ਕਿਵੇਂ ਮਨੁੱਖ, ਸਰੀਰਕ ਅਤੇ ਮਾਨਸਿਕ ਤੌਰ ਤੇ ਸਮਾਜ ਵਿਚ ਵਿਚਰਦਾ, ਵਿਕਾਸ ਕਰਦਾ ਹੈ। ਉØੱਪਰ ਬਿਆਨ ਕੀਤਾ ਬਿਰਤਾਂਤ ਲੱਗਭਗ ਵਿਗਿਆਨ ਮੁਤਾਬਕ ਸਹੀ ਸਾਬਤ ਹੁੰਦਾ ਹੈ। ਇਸ ਤੋਂ ਬਾਅਦ ਆਉਂਦੀ ਹੈ ਵਿਚਾਰ ਸਰੀਰ ਦੇ ਅੰਤ ਬਾਰੇ ਯਾਨੀ ਕਿ ਮੌਤ। ਵਿਗਿਆਨੀ ਮਨ ਜਾਂ ਆਤਮਾ ਨੂੰ ਸਿਧੇ ਢੰਗ ਨਾਲ ਸਵੀਕਾਰ ਨਹੀਂ ਕਰਦੇ। ਜੋ ਪਥਾਰਥ ਲਬਾਰਟਰੀ ਵਿਚ ਪਰਖਿਆ ਜਾ ਸਕੇ, ਸਬੂਤ ਪੇਸ਼ ਕੀਤੇ ਜਾ ਸਕਣ ਸਾਇੰਸਦਾਨ ਉਸੇ ਬਾਰੇ ਚਰਚਾ ਕਰਦੇ ਹਨ। ਜਿਨ੍ਹਾਂ ਬਾਕੀ ਤੱਤਾਂ ਤੋਂ ਸਰੀਰ ਆਕਾਰ ਧਾਰਨ ਕਰਦੇ ਹਨ, ਮੌਤ ਹੋ ਜਾਣ ਤੇ ਵਾਪਸ ਉਹ ਆਪਣੇ ਮੂਲ ਵਿਚ ਸਮਾ ਜਾਂਦੇ ਹਨ। ਇਸ ਤੇ ਵਿਗਿਆਨ ਦੀ ਪੂਰਨ ਸਹਿਮਤੀ ਹੈ। ਮਹਾਨ ਸਤਿਗੁਰੂ ਜੀ ਨੇ ਇਸ ਪੱਖ ਨੂੰ ਭੀ ਪੂਰੀ ਬੇਬਾਕੀ ਨਾਲ ਬਿਆਨ ਕੀਤਾ ਹੈ। ਹੋਰ ਮਤ ਮਤਾਂਤਰਾਂ ਬਾਰੇ ਸੰਖੇਪ ਟਿੱਪਣੀਆਂ ਭੀ ਗੁਰਬਾਣੀ ਵਿਚੋਂ ਪ੍ਰਾਪਤ ਹੋ ਜਾਦੀਆਂ ਹਨ। ਗੁਰਬਾਣੀ ਦੁਨੀਆ ਦੇ ਬਾਕੀ ਧਰਮਾਂ ਦੇ ਮੁਕਾਬਲੇ ਵਿਗਿਆਨ ਦੇ ਬਹੁਤ ਨੇੜੇ ਹੈ। ਮੌਤ ਕੀ ਹੈ ? ਮਿਲਕੇ ਕੰਮ ਕਰ ਰਹੇ ਸਰੀਰ ਦੇ ਤੱਤਾਂ ਦਾ ਕੰਮ ਛੱਡ ਦੇਣਾ। ਕਾਰਨ ਅਨੇਕ ਹੋ ਸਕਦੇ ਹਨ, ਬੁਢਾਪਾ, ਬਿਮਾਰੀ, ਦੁਰਘਟਨਾ ਆਦਿ। ਜੋ ਤੱਤ ਸਰੀਰ ਨੂੰ ਚਲਦੀ ਹਾਲਤ ਵਿਚ ਰੱਖਦਾ ਹੈ, ਉਹੀ ਤੱਤ ਇਸ ਸਰੀਰ ਨੂੰ ਬਿਖਰਨ ਤੋਂ ਗਲਨ ਸੜਨ ਤੋਂ ਬਚਾਉਂਦਾ ਹੈ। ਦੇਹ ਅੰਦਰ ਆਪਣੇ ਆਪ ਮੁਰੰਮਤ ਅਤੇ ਸਫਾਈ ਦੀ ਕਿਰਿਆ ਹਰ ਵਕਤ ਚੱਲਦੀ ਰਹਿੰਦੀ ਹੈ। ਇਹ ਜੋ ਦੇਹ ਨੂੰ ਹੁਕਮ ਦਿੰਦਾ ਹੈ ਕੌਣ ਹੈ ? ਮਨ ? ਆਤਮਾ ? ਰੱਬੀ ਜੋਤ ? ਇਹ ਕੀ ਹੈ ? ਜਦੋਂ ਦੇਹ ਬਿਖਰ ਜਾਂਦੀ ਹੈ, ਦੇਹ ਦਾ ‘‘ਸਵਾਰ ਮਾਲਕ`` ਕਿਥੇ ਚਲਾ ਜਾਂਦਾ ਹੈ ?

ਸਰੀਰ ਦੇ ਬਿਖਰ ਜਾਣ ਤੇ ਸਤਿਗੁਰੂ ਕਮਾਲ ਵਿਗਿਆਕ ਵਿਚਾਰ ਸੰਸਾਰ ਸਨਮੁੱਖ ਰੱਖਦੇ ਹਨ। ਹੇ ਭਾਈ ਮਰਦਾ ਕੌਣ ਹੈ ? ਅਸਲ ਵਿਚ ਕੋਈ ਨਹੀਂ ਮਰਦਾ, ਕੇਵਲ ਤੱਤ ਆਪਣਾ ਸਰੂਪ ਬਦਲ ਲੈਂਦੇ ਹਨ। ਇਹ ਜੀਵ ਰੂਪ ਪੰਛੀ ਉਡਾਰੀ ਮਾਰ ਜਾਂਦਾ ਹੈ-

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੂੰਦ ਕਾ ਗਾਰਾ।।

ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ।। (659)

ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਭਾਈ ਹਵਾ ਪਾਣੀ ਤੇ ਅੱਗ ਆਦਿਕ ਤੱਤਾਂ ਦਾ ਸੁਮੇਲ ਹੋ ਗਿਆ। ਇਨ੍ਹਾਂ ਤੱਤਾਂ ਦੇ ਬਣੇ ਸਰੀਰ ਵਿੱਚ ਚੰਚਲ ਜਿਹੀ ਬੁੱਧੀ ਪਾ ਦਿੱਤੀ। ਇਸ ਨੂੰ ਚਲਾਉਣ ਲਈ ਨੌਂ ਦਰਵਾਜੇ ਲਾ ਦਿਤੇ ਗਏ, ਦਸਵਾਂ ਗਿਆਨ ਦਾ ਬੂਹਾ ਅੰਦਰ ਹੀ ਹੈ। ਹੇ ਗਿਆਨਵਾਨ ਪੁਰਖ ਇਸ ਪੱਖ ਤੇ ਦੀਰਘ ਵਿਚਾਰ ਕਰਕੇ ਨਿਰਣਾ ਕਰ ਕਿ ਮਰਿਆ ਕੌਣ ਹੈ ?

ਪਾਉਣੈ ਪਾਣੀ ਅਗਨੀ ਕਾ ਮੇਲੁ।। ਚੰਚਲ ਚਪਲ ਬੁਧਿ ਕਾ ਖੇਲੁ।।

ਨਉ ਦਰਵਾਜੇ ਦਸਵਾ ਦੁਆਰੁ।। ਬੂਝਿ ਰੇ ਗਿਆਨੀ ਏਹੁ ਬੀਚਾਰੁ।। (152)

ਦੇਹੀ ਮਾਟੀ ਬੋਲੈ ਪਉਣੁ।। ਬੂਝਿ ਰੇ ਗਿਆਨੀ ਮੂਆ ਹੈ ਕਉਣ।।

ਪਵਨੇ ਮਹਿ ਪਵਨੁ ਸਮਾਇਆ।। ਜੋਤਿ ਮਹਿ ਜੋਤਿ ਰਲਿ ਜਾਇਆ।।

ਮਾਟੀ ਮਾਟੀ ਹੋਈ ਏਕ।। ਰੋਵਨ ਹਾਰੇ ਕੀ ਕਵਨ ਟੇਕ।।....

ਕਹੁ ਨਾਨਕ ਗੁਰਿ ਭਰਮੁ ਚੁਕਾਇਆ।। ਨਾ ਕੋਈ ਮਰੈ ਨਾ ਆਵੈ ਜਾਇਆ।। (885)

ਇਹ ਤਾਂ ਸਪਸ਼ਟ ਹੋਇਆ ਦੇਹੀ ਦੀ ਮਿੱਟੀ, ਮਿੱਟੀ ਵਿਚ ਮਿਲ ਗਈ। ਪਾਣੀ ਵਾਪਸ ਆਪਣੇ ਅਸਲੇ ਵਿਚ ਜਾ ਸਮਾਇਆ। ਅਗਨੀ ਮੁੜ ਅਗਨੀ ਵਿਚ ਚਲੀ ਗਈ। ਹਵਾ ਭੀ ਵਾਪਸ ਜਾ ਪੁੱਜੀ ਆਪਣੇ ਘਰ। ਕੁਝ ਮਰਿਆ ਨਹੀਂ ਕੇਵਲ ਤੱਤਾਂ ਨੇ ਬਿਖਰਕੇ ਆਪਣਾ ਸੁਭਾ ਬਦਲ ਲਿਆ। ਰੂਪ ਬਦਲ ਗਿਆ ਮਰਿਆ ਤਾਂ ਕੁਝ ਭੀ ਨਹੀਂ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਜੋ ਮਿੱਟੀ ਦੇ ਪੂਤਲੇ ਅੰਦਰ ਹਸਦਾ ਰੋਂਦਾ ਬੋਲਦਾ ਦੌੜਦਾ ਸੀ ਉਹ ਕਿਥੇ ਚਲਾ ਗਿਆ ? ਜਿਵੇਂ ਪਵਨ ਪਾਣੀ ਮਿੱਟੀ ਅਗਨੀ ਮੁੜ ਆਪਣੇ ਅਸਲੇ ਵਿਚ ਜਾ ਸਮਾਈ, ਕੀ ਇਹ ਸੰਭਵ ਨਹੀਂ ਕਿ ਜੋਤੀ ਜੋਤੀ ਵਿਚ ਰਲ ਜਾਵੇ ? ਜੀ ਹਾਂ ਸੰਭਵ ਹੈ, ਗੁਰਬਾਣੀ ਇਹੀ ਸੇਧ ਬਖਸ਼ ਰਹੀ ਹੈ। ਵਰਨਾ ਦੂਜੇ ਤਾਂ ਚਾਰ ਹੀ ਤੱਤ ਹਨ -

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।।

ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ।। (846)

ਪਾਣੀ ਦਾ ਲੋਟਾ ਉਲਟਾ ਦੇਈਏ ਤਾਂ ਨਜ਼ਰ ਆਉਂਦਾ ਹੈ ਕਿ ਧਰਤੀ ਰਾਹੀਂ ਹਵਾ ਰਾਹੀਂ (ਜਲ ਵਾਸ਼ਪ) ਸਮੁੰਦਰ ਵਿਚ ਮਿਲ ਗਿਆ ਹੈ। ਮਿੱਟੀ ਸਪਸ਼ਟ ਦਿਸਦੀ ਹੈ ਕਿ ਗਲ ਕੇ (ਮੁਰਦਾ ਦੱਬਣਾ) ਜਾਂ ਸੜਕੇ (ਅੱਗ ਵਿਚ ਸਾੜਨਾ) ਮਿੱਟੀ ਵਿਚ ਮਿੱਟੀ ਸਮਾ ਗਈ। ਪਰ ਅਗਨੀ ਨਜ਼ਰ ਨਹੀਂ ਆਉਂਦੀ ਕਿਥੇ ਚਲੀ ਗਈ ? ਇਹ ਤਾਂ ਪੱਕਾ ਹੈ ਕਿ ਸਰੀਰ ਵਿਚ ਤਾਪ (ਅਗਨੀ) ਮੌਜੂਦ ਸੀ, ਜਦੋਂ ਮਰ ਗਿਆ ਤਾ ‘‘ਠੰਢਾ`` ਹੋ ਗਿਆ ਅਗਨੀ ਨਿਕਲ ਗਈ, ਦਿਸਦੀ ਕਿਉਂ ਨਹੀਂ ? ਬਿਜਲੀ ਦੇ ਬਲੱਬ, ਤੇਲ/ਘਿਉ ਤੋਂ ਬਲਦਾ ਦੀਵਾ, ਲਕੜੀਆਂ ਵਿਚ ਲੱਗੀ ਅੱਗ, ਜਦੋਂ ਬੁਝਾ ਦਿੱਤੀ ਜਾਂਦੀ ਹੈ, ਤਦੋਂ ਕਿੱਥੇ ਚਲੀ ਜਾਂਦੀ ਹੈ ? ਵਿਸ਼ਵਾਸ਼ ਨਾਲ ਆਖਿਆ ਜਾਂਦਾ ਹੈ ਕਿ ਆਪਣੇ ਅਸਲੇ ਸੂਰਜ ਵਿਚ। ਫਿਰ ਸਰੀਰ ਵਿਚੋਂ ਨਿਕਲਿਆ ਪੰਜਵਾਂ ਤੱਤ ‘‘ਆਕਾਸ਼`` (ਈਥਰ) ਵਿਚ ਵਾਪਸ ਗਿਆ ਮੰਨਿਆ ਜਾਂਦਾ ਹੈ। ਨਾ ਕੋਈ ਮਰੈ ਨਾ ਆਵੈ ਜਾਇ।। (885) ਦਾ ਜੁਆਬ ਕੀ ਹੋ ਸਕਦਾ ਹੈ ? ਗੁਰਬਾਣੀ ਤਾਂ ਸਪਸ਼ਟ ਹੈ -

ਪੰਚ ਤਤ ਮਿਲਿ ਦੇਹੀ ਕਾ ਆਕਾਰਾ।। ਘਟਿ ਵਧਿ ਕੋ ਕਰੈ ਬੀਚਾਰਾ।। (1128)

ਅੰਦਰਲੇ ਜੀਵ ਬਾਰੇ ਗੁਰਬਾਣੀ ਬਾਰ ਬਾਰ ਸਵਾਲ ਕਰਦੀ ਹੈ, ਰਾਹ ਵਿਖਾਉਂਦੀ ਹੈ-

ਸੁਨਹੁ ਰੇ ! ਤੂ ਕਉਨ ਕਹਾ ਤੇ ਆਇਓ ?

ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰ ਨ ਪਾਇਉ।। (999)

ਸਤਿਗੁਰੂ ਜੀ ਨਾਲ ਇਹ ਭੀ ਸਮਝਾਉਂਦੇ ਹਨ, ਕਿ ਇਹ ਸੰਸਾਰ ਮਾਨੋ ਬੜਾ ਹੀ ਕਮਜ਼ੋਰ ਕਾਗਜ਼ ਦਾ ਕਿਲ੍ਹਾ ਹੈ। ਬਸ ਐਵੇਂ ਲੀਪਾ ਪੋਚੀ ਆਦਿ ਕਰਕੇ ਖਲਾਰ ਦਿੱਤਾ ਹੈ। ਜਿਵੇਂ ਕਾਗਜ ਤੇ ਜ਼ਰਾ ਕੁ ਪਾਣੀ ਪੈ ਜਾਵੇ ਤਾਂ ਕਾਗਜ ਗਲ ਜਾਂਦਾ ਹੈ। ਸਾਰਾ ਆਕਾਰ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਜੀਵਨ ਤੇ ਮੌਤ ਨੂੰ ਸਮਝੋ-

ਕਾਗਦ ਕੋਟੁ ਇਹੁ ਜਗੁ ਹੈ ਬਪੁਰੋ, ਰੰਗਨਿ ਚਿਹਨ ਚਤੁਰਾਈ।।

ਨਾਨੀ ਸੀ ਬੁੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ।। (1274)

ਸਤਿਗੁਰੂ ਇੱਕ ਹੋਰ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਭਾਈ ਪਾਣੀ ਅਤੇ ਹਵਾ ਦੇ ਵਿਚਕਾਰ ਤੇਰੇ ਪ੍ਰਾਣ ਟਿਕੇ ਹੋਏ ਹਨ। ਭਾਵ ਕਿ ਇਹਨਾਂ ਦੀ ਕੋਈ ਪਾਇਦਾਰੀ ਨਹੀਂ ਹੈ, ਬਸ ਇੱਕ ਨਿਅਮ (ਬੰਧਨ) ਹੈ। ਵੇਖਣ ਲਈ ਅੱਖਾਂ (ਚੰਦ ਸੂਰਜ) ਅਤੇ ਬਾਕੀ ਅੰਗ ਬਖ਼ਸ਼ ਦਿੱਤੇ ਹਨ। ਜਨਮ ਤੋਂ ਲੈ ਕੇ ਸਾਰਾ ਜੀਵਨ, ਮਰਨ ਤਕ ਸਾਰੀਆਂ ਲੋੜਾਂ, ਖੁਸ਼ੀਆਂ, ਇਸ ਧਰਤੀ ਉØੱਪਰ (ਧਰਤੀ ਦੇ ਪਦਾਰਥ ਖਾ ਹੰਢਾ ਕੇ) ਪੂਰੀਆਂ ਕਰਦਾ ਹੈ। ਉਸ ਸਿਰਜਣਹਾਰ ਨੇ ਜੋ ਕੁਝ ਤੈਨੂੰ ਦੇਣਾ ਸੀ ਇੱਕੋ ਵਾਰੀ ਧਰਤੀ ਵਿਚ ਪਾ ਦਿੱਤਾ, ਤੂੰ ਇਥੋਂ ਵਿਧੀ ਪੂਰਵਕ ਕੱਢ ਅਤੇ ਵਰਤ।

ਕੋਟਿ ਤੇ ਤੀਸ ਜਾ ਚਹਿ ਪ੍ਰਭ ਨਾਇਕ ਦੇ ਦੇ ਤੋਟਿ ਨਾਹੀ ਭੰਡਾਰ।।

ਊਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ।। (503)

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ।।

ਨਾ ਸਾਬੂਰ ਹੋਵੈ ਫਿਰਿ ਮੰਗੈ ਨਾਰਦ ਕਰੇ ਖੁਆਰੀ।। (1190)

ਹੇ ਮਨੁੱਖ ਉਸ ਸ੍ਰਿਸ਼ਟੀ ਸਾਜਣ ਵਾਲੇ ਕਰਤੇ ਨੂੰ ਯਾਦ ਰੱਖ-ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ (141) ਜਿੰਨਾਂ ਸਮਾਂ ਧਰਤੀ ਤੇ ਵਿਚਰਨ ਦਾ ਮਿਲਿਆ ਹੈ, ਨੇਕ ਨੀਤੀ ਨਾਲ ਬਿਤਾ ਕੇ, ਸੁਰਖੁਰੂ ਹੋ ਕੇ ਵਾਪਸ ਮੁੜ, ਰੱਥ ਜੀ ਦੇ ਉਪਕਾਰ ਨਾ ਭੁੱਲੀ।

ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ।।

ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ।। (877)

ਪ੍ਰਮਾਤਮਾ ਦੀਆਂ ਅਨੰਤ ਵਡਿਆਈਆਂ ਹਨ। ਸਤਿਗੁਰੂ ਜੀ ਨੇ ਵਿਗਿਆਨਕ ਤਰੀਕੇ ਕੁਰਦਤ ਦੇ ਭੇਦ ਸਮਝਾਉਣ ਦਾ ਉਪਕਾਰ ਕੀਤਾ ਹੈ। ਫਿਰ ਭੀ ਸਤਿਗੁਰੂ ਜੀ ਨਿਮਰਤਾ ਵਿਚ ਆਪਣੇ ਆਪ ਨੂੰ ਨਿਮਾਣਾ ਜਾਂ ਕਮ ਅਕਲ ਹੀ ਆਖਦੇ ਰਹੇ ਹਨ। ਜੋ ਉਹਨਾਂ ਕੀਤਾ ਹੈ, ਲਾਸਾਨੀ ਹੈ, ਜੋ ਵਿਚਾਰ ਦਿੱਤੇ ਹਨ ਉਹ ਮਹਾਨ ਹਨ। ਆਉ ਸਤਿਗੁਰੂ ਅੱਗੇ ਸੀਸ ਝੁਕਾਈਏ। ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਉਹਨਾਂ ਦਾ ਅਸਲੀ ਸਤਿਕਾਰ ਹੈ।

ਹੋਰ ਸਰੀਕੁ ਹੋਵੈ ਕੋਈ ਤੇਰਾ ਤਿਸੁ ਆਗੈ ਤੁਧੁ ਆਖਾ।।

ਤੁਧੁ ਆਗੈ ਤੁਧੈ ਸਲਾਹੀ ਮੈ ਅੰਧੇ ਨਾਉਂ ਸੁਜਾਖਾ।। (1242)

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75