ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 07)

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਵੈਵਸੁਤਮਨ ਅਵਤਾਰ :- ਇਹ ਸੱਤਵੇਂ ਮਨੂ ਦਾ ਨਾਂ ਸੀ। ਸੂਰਜਬੰਸ ਦੇ ਬਾਨੀ ਇਕਸਵਾਕੂ ਦਾ ਪਿਤਾ ਅਤੇ ਸੂਰਜ ਦਾ ਪੁੱਤਰ ਸੀ। (ਹਿੰਦੂ ਮਿਥਿਹਾਸ ਕੋਸ਼, ਪੰਨਾ- 549)

ਵਿਚਾਰ :- ਗੁਰਬਾਣੀ ਵਿਚ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ। ਹਿੰਦੂ ਸਮਾਜ ਵਿਚ ਭੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਵੇਖਿਆ ਜਾਂਦਾ। ਉਂਞ ਹੈ ਇਹ ਭੀ ਕੋਰੀ ਕਲਪਣਾ ਤੇ ਆਧਾਰਤ ਅਵਤਾਰ। ਸੂਰਜ ਜੋ ਅੱਗ ਦਾ ਵਿਰਾਟ ਗੋਲਾ ਹੈ। ਧਰਤੀ ਨਾਲੋਂ ਹਜਾਰਾਂ ਗੁਣਾ ਵੱਡਾ ਭੀ ਹੈ। ਧਰਤੀ ਉੱਤੇ ਸੂਰਜ ਦੀਆਂ ਕਿਰਨਾਂ ਜੂਨ ਮਹੀਨੇ ਵਿਚ ਨਿਰੀ ਅੱਗ ਹੀ ਸੁੱਟ ਰਹੀਆਂ ਪ੍ਰਤੀਤ ਹੁੰਦੀਆਂ ਹਨ। ਜੋ ਲੱਗਭਗ ਧਰਤੀ ਤੋਂ ਨੌਂ ਕਰੋੜ ਮੀਲ ਦੀ ਦੂਰੀ ਤੇ ਅਨੁਮਾਨਿਆ ਗਿਆ ਹੈ। ਸੋ ਇਨਸਾਨ ਤਾਂ ਕੀ ਜੀਵ ਜੰਤੂ ਭੀ ਸੂਰਜ ਤੋਂ ਪੈਦਾ ਹੋ ਸਕਦਾ ਹੈ ? ਇਹ ਵੈਵਸੁਤਮਨ ਉਸ ਦੇ ਮਹਾ ਗੋਲੇ ਵਿਚੋਂ ਜੰਮਿਆ ਲਿਖ ਮਾਰਿਆ। ਕੀ ਕੋਈ ਅਕਲ ਵਾਲਾ ਮਨੁੱਖ ਇਸ ਮਹਾਂ ਕੁਫਰ ਨੂੰ ਸਵੀਕਾਰ ਕਰ ਸਕਦਾ ਹੈ ? ਜੋ ਇਸ ਨੂੰ ਪ੍ਰਵਾਨ ਕਰੇ, ਕੀ ਉਸ ਨੂੰ ਸਿਆਣਾ ਇਨਸਾਨ ਮੰਨਿਆ ਜਾ ਸਕਦਾ ਹੈ? ਭਾਰਤ ਵਿਚ ਸਭ ਕੁਝ ਚਲਦਾ ਹੈ। ਹੋਰ ਭੀ ਬਹੁਤ ਸਾਰੇ ਸੂਰਜ ਦੇ ਪੁੱਤਰ ਹਨ। ਇੱਕ ਵਾਰੀ ਬੀਬੀ ਕੁੰਤੀ (ਪਾਂਡਵਾਂ ਦੀ ਮਾਂ) ਨੇ ‘‘ਮੰਤਰ`` ਪੜ੍ਹ ਲਿਆ। ਬਸ ਫਿਰ ਕੀ ਸੀ ਸੂਰਜ ਵਾਹੋਦਾਹੀ ਦੌੜਦਾ ਹੋਇਆ ਕੁੰਤੀ ਕੋਲ ਆ ਹਾਜਰ ਹੋਇਆ। ਕੁੰਤੀ ਨੇ ਘਬਰਾ ਕੇ ਪੁੱਛਆ, ਕਿ ਤੂੰ ਕੌਣ ਹੈਂ ? ਉਸ ਸੂਰਜ ਨਾਮੀਂ ਨੌਜਵਾਨ ਨੇ ਕਿਹਾ ਕਿ, ‘‘ਜਿਸਦਾ ਤੂੰ ਮੰਤਰ ਪੜ੍ਹਿਆ ਹੈ, ਸੂਰਜ``। ਕੁੰਤੀ ਆਖੇ ਤੂੰ ਵਾਪਸ ਚਲਾ ਜਾ, ਪਰ ਉਹ ਨਾ ਮੰਨਿਆ। ਆਖਣ ਲੱਗਾ ਮੈਂ ਤੇਰੇ ਗਰਭ ਤੋਂ ਪੁੱਤਰ ਪੈਦਾ ਕਰਨ ਤੋਂ ਬਿਨਾਂ ਵਾਪਸ ਨਹੀਂ ਜਾਵਾਂਗਾ। ਕੁੰਤੀ ਨੂੰ ਇਹ ਸਵੀਕਾਰ ਕਰਨਾ ਪਿਆ। ਇਸ ਸੰਯੋਗ ਤੋਂ ਕਰਣ ਪੈਦਾ ਹੋਇਆ। ਭਾਵੇਂ ਉਸ ਸਮੇਂ ਕੁੰਤੀ ਕੁੰਵਾਰੀ ਸੀ। ਇਸੇ ਲਈ ਕਰਣ ਨੂੰ ਤਿਆਗ ਗਈ ਸੀ। ਬਾਕੀ ਪੰਜੇ ਪਾਂਡੋ ਭੀ ਇਸੇ ਤਰ੍ਹਾਂ ਦੇਵਤਿਆਂ ਵੱਲੋਂ ਕੁੰਤੀ ਤੇ ਮਾਦਰੀ ਨੂੰ ਦਿੱਤੇ ਗਏ ਪੁੱਤਰ ਸਨ। ਪਾਂਡੂ ਰਾਜੇ ਦਾ ਬਿੰਦੀ ਪੁੱਤਰ ਕੋਈ ਨਹੀਂ ਸੀ। ਸੋ ਇਹਨਾਂ ਪੁਰਾਣਕ ਕਥਾਵਾਂ ਵਿਚ ਅਜਿਹੀਆਂ ਪਰਾਭੌਤਿਕ ਕਹਾਣੀਆਂ ਦਾ ਅੰਤ ਪਾਰਾਵਾਰ ਕੋਈ ਨਹੀਂ ਹੈ। ਇਹਨਾਂ ਕਥਾਵਾਂ ਮੁਤਾਬਕ ਵਿਸ਼ਵ ਕਰਮਾ ਨੇ ਆਪਣੀ ਬੇਟੀ ਸੰਜਨਾ ਸੂਰਜ ਨਾਲ ਵਿਆਹ ਦਿੱਤੀ। ਉਹ ਵਿਚਾਰੀ ਸੂਰਜ ਦਾ ਤੇਜ ਬਰਦਾਸ਼ਤ ਨਾ ਕਰ ਸਕੀ। ਆਪਣੇ ਇੰਜਨੀਅਰ ਪਿਤਾ, ਵਿਸ਼ਵਕਰਮਾ ਅੱਗੇ ਫਰਿਆਦੀ ਹੋਈ। ਵਿਸ਼ਵਕਰਮਾ ਨੇ ਸੂਰਜ ਨੂੰ ਚੁੱਕਿਆ, ਖਰਾਦ ਤੇ ਚਾਹੜਿਆ ਤੇ ਕੱਟ ਤਰਾਸ਼ ਕੇ ਅੱਠਵਾਂ ਹਿੱਸਾ ਘੱਟ ਕਰ ਦਿੱਤਾ। ਅੱਠਵਾਂ ਭਾਗ ਕੱਟਣ ਤੋਂ ਬਾਦ ਇਸ ਦੀ ਸ਼ਕਤੀ ਘਟ ਗਈ ਤੇ ਸੰਜਨਾ ਨੇ ਪਤਨੀ ਦੇ ਰੂਪ ਵਿਚ ਇਸ ਨਾਲ ਜ਼ਿੰਦਗੀ ਬਿਤਾਈ। ਸੂਰਜ ਨਾਲੋਂ ਜੋ ਟੁਕੜੇ ਕੱਟੇ ਗਏ ਸਨ, ਵਿਸ਼ਵਕਰਮਾ ਨੇ ਉਹਨਾਂ ਤੋਂ ਦੇਵਤਿਆਂ ਦੇ ਹਥਿਆਰ ਬਣਾ ਦਿੱਤੇ। ਆਹ ਜੋ ਸੂਰਜ ਆਸਮਾਨ ਵਿਚ ਦਹਿਕਦਾ ਨਜ਼ਰ ਆਉਂਦਾ ਹੈ ਇਹ ਤਰਾਸ਼ਿਆ ਹੋਇਆ ਹੈ। ਵਾਰੇ ਵਾਰੇ ਜਾਈਏ ਕਹਾਣੀਆਂ ਘੜਨ ਵਾਲਿਆਂ ਤੋਂ ! ਅਗਰ ਵਿਸ਼ਵਕਰਮਾ ਜੀ ਕਿਰਪਾ ਕਰਕੇ ਸੂਰਜ ਨੂੰ ਤਰਾਸ਼ ਕੇ ਤੇਜ ਘੱਟ ਨਾ ਕਰਦੇ ਤਾਂ ਹੁਣ ਤੱਕ ਸਭ ਜੀਵ ਜੰਤੂ, ਪਸ਼ੂ ਪੰਛੀ ਸੜਕੇ ਸੁਆਹ ਹੋ ਜਾਣੇ ਸਨ। ਪਰ ਸਤਿਗੁਰੂ ਜੀ ਤਾਂ ਪਾਵਨ ਬਾਣੀ ਵਿਚ ਸਮਝਾ ਰਹੇ ਹਨ ਕਿ ਹਰ ਕੋਈ ਰੱਬੀ ਨਿਅਮ ਵਿਚ, ਕੁਦਰਤੀ ਕਾਨੂੰਨ ਵਿਚ ਬੱਝ ਕੇ ਆਪਣੇ ਜ਼ਿੰਮੇ ਲਈ ਡਿਊਟੀ ਨਿਭਾ ਰਿਹਾ ਹੈ। ਇਸ ਵਿਚ ਕਿਸੇ ਵਿਸ਼ਵਕਰਮਾ ਆਦਿ ਦਾ ਕੋਈ ਦਖਲ ਨਹੀਂ ਹੈ। ਵਿਸ਼ਵਕਰਮਾ ਅਸਲ ਵਿਚ ਵਾਹਿਗੁਰੂ ਹੀ ਹੈ। ਗੁਰਬਾਣੀ ਪਰਮਾਣ ਪੜ੍ਹੋ :-

ਸਿਮਰੈ (ਰੱਬੀ ਨਿਅਮ) ਧਰਤੀ ਅਰੁ ਆਕਾਸਾ।। ਸਿਮਰਹਿ ਚੰਦ ਸੂਰਜ ਗੁਣਤਾਸਾ।।

ਪਾਉਣ ਪਾਣੀ ਬੈਸੰਤਰ ਸਿਮਰਹਿ, ਸਿਮਰੈ ਸਗਲ ਉਪਾਰਜਨਾ।।

ਸਿਮਰਹਿ ਖੰਡ ਦੀਪ ਸਭਿ ਲੋਆ।। ਸਿਮਰਹਿ ਪਾਤਾਲ ਪੁਰੀਆਂ ਸਚੁ ਲੋਆ।।

ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ।।

ਸਿਮਰਹਿ ਬ੍ਰਹਮੇ ਬਿਸਨ ਮਹੇਸਾ।। ਸਿਮਰਹਿ ਦੇਵਤੇ ਕੋਟਿ ਤੇਤੀਸਾ।।

ਸਿਮਰਹਿ ਜਖਿ੍ਹ ਦੈਤ ਸਭਿ ਸਿਮਰਹਿ ਅਗਨਤ ਨ ਜਾਈ ਜਸੁ ਗਨਾ।।

ਸਿਮਰਹਿ ਪਸੁ ਪੰਖੀ ਸਭਿ ਭੂਤਾ।। ਸਿਮਰਹਿ ਬਲ ਪਰਬਤ ਅਉਧੂਤਾ।।

ਲਤਾ ਬਲੀ ਸਾਖ (ਵੇਲਾਂ) ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ।। (1047)

ਸਭ ਨੂੰ ਬਣਾਉਣ ਤੇ ਚਲਾਉਣ ਵਾਲਾ ਕੇਵਲ ਪਰਮਾਤਮਾ ਹੈ, ਹੋਰ ਕੋਈ ਨਹੀਂ। ਗੁਰਵਾਕ ਹਨ :-

ਖੰਡ ਪਾਤਾਲ ਅਸੰਖ ਮੈ ਗਣਤ ਨ ਹੋਈ।। .... ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ।। (1283)

ਧਨਵੰਤਰੀ ਅਵਤਾਰ :- ਇੱਕ ਵੈਦ ਦਾ ਨਾਂ ਜਿਸਨੂੰ ਦੱਖਣ ਪੂਰਬੀ ਭਾਰਤ ਵਿਚ ਤਕਾਲਾਂ ਸਮੇਂ
ਭੇਟਾਵਾਂ ਚੜ੍ਹਾਈਆਂ ਜਾਂਦੀਆਂ ਹਨ। ਦੇਵਤਿਆਂ ਦਾ ਇੱਕ ਵੈਦ ਜੋ ਸਮੁੰਦਰ ਰਿੜਕਣ ਸਮੇਂ ਨਿਕਾਲਿਆ ਸੀ। ਇਹ ਆਯੋਰਵੇਦ ਦਾ ਲੇਖਕ ਮੰਨਿਆ ਜਾਂਦਾ ਹੈ। ਕਿਸੇ ਹੋਰ ਜਨਮ ਵਿਚ ਇਹ ਦੀਰਘਤਮਸ ਦਾ ਪੁੱਤਰ ਸੀ। ਇਸ ਦਾ ਜੀਵਨ ਚਰਿੱਤਰ ਮਨੁੱਖੀ ਸੀਮਾਵਾਂ ਤੋਂ ਮੁਕਤ ਸੀ। ਇਸ ਲਈ ਇਹ ਹਰ ਸਮੇਂ ਹਰ ਯੁੱਗ ਵਿਚ ਇਹ ਬ੍ਰਹਿਮਾਂਤਕ ਗਿਆਨ ਦਾ ਸੁਆਮੀ ਸੀ। ਇਸ ਨੂੰ ਸੁਧਾਪਾਣ ‘‘ਹੱਥ ਵਿਚ ਅੰਮ੍ਰਿਤ ਰੱਖਣ ਵਾਲਾ``, ਅਤੇ ‘‘ਅਮਰ`` ਭੀ ਕਿਹਾ ਜਾਂਦਾ ਹੈ। ਦੂਸਰੇ ਵੈਦਾਂ, ਜਿਵੇਂ ਭੇਲ, ਦਿਵੇਦਾਸ ਅਤੇ ਪਾਲਕਾਪਯ ਨੇ ਭੀ ਆਪਣਾ ਇਹੀ ਨਾਮ ਰੱਖਿਆ ਹੋਇਆ ਸੀ। ਇਸੇ ਨਾਮ ਦਾ ਇੱਕ ਹੋਰ ਪ੍ਰਸਿੱਧ ਵੈਦ, ਜਿਹੜਾ ਵਿਕਰਮਾਦਿੱਤ ਦੇ ਦਰਬਾਰ ਵਿਚ ਨੌਂ ਰਤਨਾਂ ਵਿਚੋਂ ਇੱਕ ਸੀ। ਇਸ ਦਾ ਨਾਮ ਭੀ ਧਨਵੰਤਰੀ ਸੀ। (ਹਿੰਦੂ ਮਿਥਿਹਾਸ ਕੋਸ਼, ਪੰਨਾ-301)

ਵਿਚਾਰ :- ਹਿੰਦੂ ਮੱਤ ਦੇ ਬਾਕੀ ਅਵਤਾਰਾਂ ਵਾਂਗ ਧਨਵੰਤਰੀ ਨੇ ਭੀ ਮਾਤਾ ਪਿਤਾ ਦੇ ਸੰਯੋਗ ਤੋਂ ਜਨਮ ਨਹੀਂ ਲਿਆ। ਕਿਉਂਕਿ ਇਹਨਾਂ ਦੇ ਇਹ ‘‘ਫੈਸ਼ਨ`` ਪ੍ਰਵਾਨ ਨਹੀਂ ਕੀਤਾ ਗਿਆ। ਸਮੁੰਦਰ ਵਿਚੋਂ ਲੱਛਮੀ, ਚੰਦਰਮਾ, ਅੰਮ੍ਰਿਤ ਅਤੇ ਜ਼ਹਿਰ ਕੱਢੇ ਗਏ। ਧਨਵੰਤਰੀ ਵੈਦ ਭੀ ਆਪਣੇ ਰਵਾਇਤੀ ਧਾਰਮਕ ਸੁਭਾਅ ਮੁਤਾਬਕ ਪੂਰਾ ਸੂਰਾ ਅੰਮ੍ਰਿਤ ਦਾ ਕਟੋਰਾ ਹੱਥ ਵਿਚ ਲੈ ਕੇ ਆਣ ਪ੍ਰਗਟ ਹੋਇਆ। ਨਾ ਮਾਂ ਦੀ ਲੋੜ ਨਾ ਪਿਤਾ ਦੀ ਜ਼ਰੂਰਤ। ਨਾ ਬਚਪਨ ਆਇਆ ਨਾ ਬੁਢਾਪਾ ਸਤਾਵੇ। ਮੌਤ ਤਾਂ ਅੱਜ ਤੱਕ ਧਨਵੰਤਰੀ ਦਾ ਕੁੱਝ ਨਹੀਂ ਵਿਗਾੜ ਸਕੀ। ਮੌਤ ਤਾਂ ਉਹਨਾਂ ਨੂੰ ਆਉਂਦੀ ਹੈ ਜੋ ਜਨਮ ਲੈਂਦੇ ਹਨ। ਜਿਸ ਨੇ ਜਨਮ ਹੀ ਨਹੀਂ ਲਿਆ, ਉਹ ਮਰੇਗਾ ਕਿਵੇਂ ? ਅਸਲ ਵਿਚ ਕਿਸੇ ‘‘ਸਿਆਣੇ`` ਦਾ ਆਖਣਾ ਹੈ ਕਿ ‘‘ਜੇ ਫੋਕੀਆਂ ਸਕੀਮਾਂ ਦਾ ਹੀ ਕੜਾਹ ਬਣਾਉਣਾ ਹੈ ਤਾਂ ਘਿਉ ਦੀ ਕਮੀ ਕਿਉਂ ਰਹਿਣ ਦਿੱਤੀ ਜਾਵੇ``। ਸੰਸਾਰ ਦੇ ਦੋ ਵੱਡੇ ਧਰਮ ਯਹੂਦੀ ਇਸਾਈ ਤੇ ਇਸਲਾਮ ਇੱਕੋ ਖੁਦਾ ਨੂੰ ਮੰਨਦੇ ਹਨ। ਰੱਬ ਦਾ ਜਨਮ ਲੈਣਾ ਉਹਨਾਂ ਵਿਚ ਪ੍ਰਵਾਨ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਭੀ ‘‘ਅਕਾਲ, ਅਜੂਨੀ, ਸੈਭੰ, ਆਪਨੇ ਆਪ ....`` ਆਖਕੇ ਸਰਬੱਤ ਦੇ ਸਿਰਜਣ ਵਾਲੇ ਨੂੰ ਜਨਮ ਮਰਨ ਤੋਂ ਰਹਿਤ ਬਿਆਨ ਕੀਤਾ ਹੈ ਪਰ ਸਾਡੇ ਗੁਆਂਢੀਆਂ (ਹਿੰਦੂ ਸਮਾਜ) ਦੇ ਘਰ ਇੱਕ ਨਹੀਂ ਦਸ ਵੀਹ ਨਹੀਂ ਕਰੋੜਾਂ ਦੀ ਗਿਣਤੀ ਵਿਚ ‘‘ਰੱਬ`` ਪੈਦਾ ਹੁੰਦੇ ਅਤੇ ਮਰਦੇ ਰਹਿੰਦੇ ਹਨ।

ਆਚਾਰੀਆ ਰਜਨੀਸ਼ (ਓਸ਼ੋ) ਆਪਣੇ ਸਮੇਂ ਦਾ ਬਹੁਤ ਵੱਡਾ ਫਿਲਾਸਫਰ ਸੀ। ਭਾਵੇਂ ਹਿੰਦੂ ਲੇਖਕਾਂ, ਪੱਤਰਕਾਰਾਂ ਤੇ ਧਾਰਮਕ ਪੁਜਾਰੀਆਂ ਨੇ ਉਸ ਦੇ ਵਿਰੁੱਧ ਬੜਾ ਜ਼ਹਿਰ ਉਗਲਿਆ ਹੈ। ਕਿਉਂਕਿ ਉਸਨੇ ਪਾਖੰਡ ਕਰਮ ਦੇ ਬੜੀ ਬੇਬਾਕੀ ਨਾਲ ਪਰਖਚੇ ਉਡਾਏ ਸਨ। ਇੱਕ ਥਾਂ ਓਸ਼ੋ ਲਿਖਦਾ ਹੈ -‘‘ਭਗਵਾਨ ਮਰ ਗਿਆ ਹੈ, ਇਸ ਨੂੰ ਬਹੁਤ ਡੂੰਘਾ ਖੂਹ ਪੁੱਟ ਕੇ ਦਬਾ ਦਿਓ, ਉੱਪਰ ਅਮਿਣਵੀਂ ਇੰਨੀ ਮਿੱਟੀ ਪਾ ਦਿਓ ਕਿ ਮੁੜ ਕੇ ਬਾਹਰ ਨਾ ਆ ਸਕੇ। ਕਿਉਂਕਿ ਅਸਲੀ ਰੱਬ ਜਨਮ ਹੀ ਨਹੀਂ ਲੈਂਦਾ, ਜੋ ਜਨਮ ਲੈਂਦਾ ਹੈ ਉਹ ਰੱਬ ਨਹੀਂ ਹੈ। ਰੱਬ ਦੇ ਨਾਂ ਤੇ ਫਰੇਬ ਹੈ ਧੋਖਾ ਹੈ। ਇਸ ਭਾਰਤ ਦੀ ਰਿਸ਼ੀਆਂ ਮੁਨੀਆਂ ਵਾਲੀ ਧਰਤੀ ਤੇ ਉਤਨੇ ਇਨਸਾਨ ਨਹੀਂ ਹਨ ਜਿਤਨੇ ਬਣਾਵਟੀ ਭਗਵਾਨ ਹਨ। ਹਰ ਪੱਥਰ ਦਾ ਟੁਕੜਾ ਇੰਨਾ ਤਾਕਤਵਰ ਹੋ ਗਿਆ ਹੈ ਕਿ ਹਜਾਰਾਂ ਪੁਜਾਰੀ ਉਸੇ ਦੀ ਕਿਰਪਾ ਨਾਲ ਇਸ ਧਰਤੀ ਉੱਤੇ ਹੀ ਇੰਦਰ ਪੁਰੀ ਵਰਗਾ ਮਨਮੋਹਕ ਅਨੰਦ ਉਠਾ ਰਹੇ ਹਨ। ਸ਼ਰਧਾਵਾਨਾਂ ਦੀਆਂ ਅੱਖਾਂ ਤਾਂ ਹੁੰਦੀਆਂ ਹੀ ਨਹੀਂ। ਜੇ ਅੱਖਾਂ ਹੁੰਦੀਆਂ ਤਾਂ ਕਰੋੜਾਂ ਬਣਾਵਟੀ ਭਗਵਾਨਾਂ ਦੀ ਪੂਜਾ ਕਿਉਂ ਕਰਦੇ। ਆਪਣਾ ਸਭ ਕੁੱਝ ਮੂਰਤੀਆਂ ਅੱਗੇ ਨਿਛਾਵਰ ਕਰ ਦਿੰਦੇ ਹਨ, ਸਮੇਤ ਜਿਗਰ ਦੇ ਟੋਟੇ, ਮਾਸੂਮ ਕਲੀਆਂ, ਕੰਜ ਕੁਆਰੀਆਂ ਬੇਟੀਆਂ ਦੇ। ਘਾਹ, ਰੁੱਖ, ਪਸ਼ੂ ਪੰਛੀ ਕਰੋੜਾਂ ਦੀ ਗਿਣਤੀ ਵਿਚ ਜੋ ਭਗਵਾਨ ਹਨ, ਇਹਨਾਂ ਦੀ ਮਾਨਤਾ ਨੂੰ ਪਾਤਾਲ ਵਿਚ ਦਫਨ ਕਰ ਦਿਓ। ਬਸ ਇੱਕੋ ਭਗਵਾਨ ਕਾਫੀ ਹੈ ਜੋ ਜਨਮਦਾ, ਮਰਦਾ ਨਹੀਂ। ਜੋ ਕੁੱਲ ਸ੍ਰਿਸ਼ਟੀ ਦਾ ਸਿਰਜਣਹਾਰ ਹੈ``।

ਇਸ ਕਾਲਪਨਿਕ ਭਗਵਾਨ ਦੇ ਹੱਥ ਵਿਚ ਅੰਮ੍ਰਿਤ ਦਾ ਕਟੋਰਾ ਹੈ। ਪਰ ਇਹ ‘‘ਅੰਮ੍ਰਿਤ`` ਕੇਵਲ ਦੇਵੀਆਂ ਦੇਵਤਿਆਂ ਜਾਂ ਬ੍ਰਾਹਮਣਾਂ ਲਈ ਰਾਖਵਾਂ ਹੈ। ਹੋਰ ਕਿਸੇ ਨੂੰ ਇਸ ਦੇ ਨੇੜੇ ਨਹੀਂ ਫਟਕਣ ਦਿੰਦੇ। ਜਦੋਂ ਸਮੁੰਦਰ ਰਿੜਕਿਆ ਗਿਆ ਸੀ, ਉਸ ਵਕਤ ਦੈਂਤਾਂ ਨੇ (ਅਸਲ ਵਿਚ ਕਿਰਤੀ ਦ੍ਰਾਵੜ, ਹਾਰ ਚੁੱਕੇ ਲੋਕ) ਬਰਾਬਰ ਮਿਹਨਤ ਕੀਤੀ। ਜੋਦਂ ਅੰਮ੍ਰਿਤ ਵੰਡਣ ਦੀ ਘੜੀ ਆਈ ਤਾਂ ਦੇਵਤਿਆਂ ਨੇ ਸਾਰੇ ਹੀ ‘‘ਅੰਮ੍ਰਿਤ`` ਤੇ ਅਜਗਰੀ ਕੁੰਡਲ ਮਾਰ ਲਿਆ। ਦੈਂਤਾਂ ਨੇ ਬਹੁਤ ਲੰਮੀ ਜੰਗ ਲੜ ਕੇ ਦੇਵਤਿਆਂ ਨੂੰ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ। ਉਸ ਵਕਤ ਆਪਣੀਆਂ ਮੋਮੋਠੱਗਣੀਆਂ ਨਾਲ, ਸਾਲਸੀ (ਬਰਾਬਰ ਦੀ ਵੰਡ ਕਰਨ ਵਾਲਾ ਬਣ ਗਿਆ) ਵਿਸ਼ਨੂੰ। ਦੈਂਤਾਂ ਨੇ ਇਤਬਾਰ ਕਰ ਲਿਆ ਤੇ ਵਿਸ਼ਨੂੰ ਮੋਹਣੀ (ਸੁੰਦਰ ਜਵਾਨ ਔਰਤ) ਰੂਪ ਵਿਚ ਸਾਰਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਅੰਮ੍ਰਿਤ ਛਕਾਉਣ ਲੱਗ ਪਿਆ। ਇੱਕ ਕਤਾਰ ਵਿਚ ਦੇਵਤੇ, ਇੱਕ ਕਤਾਰ ਵਿਚ ਦੈਂਤ ਬੈਠ ਗਏ। ਸਾਲਸੀ ‘‘ਮੋਹਣੀ ਭਗਵਾਨ`` ਧੋਖੇਬਾਜ ਨਿਕਲਿਆ। ਇੱਕ ਬਰਤਣ ਵਿਚ ਦੋ ਖਾਨੇ ਬਣਾ ਕੇ ਅੰਮ੍ਰਿਤ ਅਤੇ ਸ਼ਰਾਬ ਭਰ ਲਈ। ਦੈਂਤਾਂ ਨੂੰ ਸ਼ਰਾਬ ਤੇ ਦੇਵਤਿਆਂ ਨੂੰ ਅੰਮ੍ਰਿਤ ਪਿਲਾ ਦਿੱਤਾ। ਦੈਂਤਾਂ ਵਿਚੋਂ ਉਹਨਾਂ ਦਾ ਇੱਕੋ ਇੱਕ ਤੇਜਬੁੱਧੀ ਅਤੇ ਬਹਾਦਰ ਜਰਨੈਲ ‘‘ਰਾਹੂ`` ਆਪਣੀ ਕਤਾਰ ਵਿਚੋਂ ਅੱਖ ਬਚਾ ਕੇ ਉੱਠਿਆ, ਦੇਵਤਿਆਂ ਵਾਲੀ ਕਤਾਰ ਵਿਚ ਜਾ ਬੈਠਿਆ। ਭਾਵੇਂ ਵਿਸ਼ਨੂੰ ਬੜਾ ਚਤੁਰ ਸੀ, ਪਰ ਰਾਹੂ ਉਸਨੂੰ ਧੋਖਾ ਦੇਣ ਵਿਚ ਕਾਮਯਾਬ ਹੋ ਗਿਆ। ਮੋਹਣੀ ਨੇ ਰਾਹੂ ਨੂੰ ਭੀ ਅੰਮ੍ਰਿਤ ਪਿਆ ਦਿੱਤਾ। ਭਾਵੇਂ ਉਸੇ ਵਕਤ ਪਤਾ ਲੱਗ ਗਿਆ ਸੀ ਕਿ ਇਹ ਕਠੋਰ ਮਿਹਨਤੀ ਹੱਥ ਦੇਵਤੇ ਦੇ ਨਹੀਂ ਹੋ ਸਕਦੇ, ਜਿਨ੍ਹਾਂ ਵਿਚ ਅੰਮ੍ਰਿਤ ਪਾਇਆ ਗਿਆ ਹੈ। ਸ਼ਨਾਖਤ ਕੀਤੀ ਗਈ, ਸ਼ੱਕ ਠੀਕ ਨਿਕਲਿਆ। ਦੇਵਤਿਆਂ ਨੇ ‘‘ਦਇਆ ਦੇ ਘਰ ਆ ਕੇ`` ਰਾਹੂ ਦਾ ਸਿਰ ਕਲਮ ਕਰ ਦਿੱਤਾ ਕਿਉਂਕਿ ਉਹ ਅੰਮ੍ਰਿਤ ਪੀ ਕੇ ਅਮਰ ਹੋ ਚੁੱਕਿਆ ਸੀ। ਇਸ ਲਈ ਧੜ ਇੱਕ ਪਾਸੇ ਤੇ ਸਿਰ ਇੱਕ ਪਾਸੇ ਜੀਵਤ ਰਿਹਾ। ਉਸੇ ਸਿਰ ਕਟੀ ਹਾਲਤ ਨਾਲ ਜੰਗ ਛੇੜ ਦਿੱਤਾ, ਜੋ ਅੱਜ ਤੱਕ ਜਾਰੀ ਹੈ। ਅਫਸੋਸ ਕਿ ਦੂਜੇ ਸਾਰੇ ਸਾਥੀ ਦੈਂਤ, ਸ਼ਰਾਬ ਵਿਚ ਗੁੱਟ ਹੋ ਚੁੱਕੇ ਸਨ। ਸ਼ਰਾਬੀ ਹਾਲਤ ਵਿਚ ਮੋਹਣੀ ਦੀ ਮੂਰਤ ਨੂੰ ਯਾਦ ਕਰ ਕਰ ਉਸਲਵੱਟੇ ਲੈ ਰਹੇ ਸਨ। ਭੁੱਲ ਚੁੱਕੇ ਸਨ ਕਿ ਦੇਵਤਿਆਂ ਨੇ ਤੁਹਾਨੂੰ ਬੇਸੁਰਤ ਕਰਕੇ ਲੁੱਟ ਲਿਆ ਹੈ। ਤੁਹਾਨੂੰ ਅੰਮ੍ਰਿਤ ਨਹੀਂ ਅਕਲ ਤੋਂ ਖਾਲੀ ਕਰਨ ਵਾਲੀ, ਖਾਨਦਾਨਾਂ ਨੂੰ ਬਾਦਸ਼ਾਹਤਾਂ ਨੂੰ ਬਰਬਾਦ ਕਰਨ ਵਾਲੀ ਸ਼ਰਾਬ ਪਿਆਈ ਗਈ ਹੈ। ਇਸ ਸਫਲਤਾ ਵਾਸਤੇ ਉਹਨਾਂ ਨੂੰ ਭਾਵੇਂ ਆਪਣੇ ਭਗਵਾਨ ਨੂੰ ਤੀਵੀਂ ਬਣਾ ਕੇ ਕਿਉਂ ਨਾ ਭੇਜਣਾ ਪਿਆ। ਉਹ ਕਾਮਯਾਬ ਹੋ ਗਏ ਕਿ ਦੈਂਤਾਂ ਨੂੰ ਅੰਮ੍ਰਿਤ ਮਈ ਗਿਆਨ ਤੋਂ ਵਾਂਝੇ ਕਰ ਦਿੱਤਾ ਹੈ। ਅੰਮ੍ਰਿਤ ਮਈ ਰਾਜ ਸੁੱਖ ਤੋਂ ਵੰਚਿਤ ਕਰ ਦਿੱਤਾ ਗਿਆ। ਆਰਥਕ ਪੱਖੋਂ ਕੰਗਾਲ ਕਰ ਦਿੱਤਾ ਗਿਆ। ਇਹ ਦੈਂਤ ਲੋਕ ਆਜਿਹੇ ਕੁਰਾਹੇ ਪਏ ਕਿ ਮੁੜ ਅੱਕ ਤੱਕ ਨਹੀਂ ਸੰਭਲ ਸਕੇ। ਇੱਕ ਮੋਹਿਣੀ ਦੇ ਰੂਪ ਤੇ ਅਜਿਹੇ ਮੋਹਿਤ ਹੋਏ ਕਿ ਅੱਜ ਤੱਕ ਸੁਰਤ ਨਹੀਂ ਆ ਸਕੀ। ਉਸ ਤੋਂ ਬਾਦ ਭਾਵੇਂ ਆਪਣੀਆਂ ਅੱਖਾਂ ਦੇ ਸਾਹਮਣੇ ਬਹੂ ਬੇਟੀਆਂ ਦੀ ਇੱਜ਼ਤ ਮਿੱਟੀ ਵਿਚ ਮਿਲ ਜਾਵੇ। ਇਥੋਂ ਦੇ ਅਸਲ ਵਸਨੀਕਾਂ ਨੂੰ ਦਰਾਵੜ, ਦਸਿਊ, ਦਾਸ, ਅਛੂਤ ਜਾਂ ਸ਼ੂਦਰ ਕਿਹਾ ਜਾਣ ਲੱਗ ਪਿਆ। ਇਉਂ ਕਹਿ ਲਈਏ ਪਿਆਰ, ਤਲਵਾਰ ਤੇ ਸਾਜਿਸ਼ਾਂ ਦੁਆਰਾ ਕੱਖੋਂ ਹੌਲੇ ਕਰ ਦਿੱਤੇ ਗਏ ਇਥੋਂ ਦੇ ਅਸਲ ਵਸਨੀਕ। ਕੀਤਾ ਗਿਆ ਸਭ ਕੁਝ ‘‘ਦੇਵਤਿਆਂ`` ਵੱਲੋਂ। ਇਹਨਾਂ ਕੂੜ੍ਹ ਕਹਾਣੀਆਂ ਦੀ ਅਗਰ ਦੂਰ ਤੱਕ ਪੈੜ ਨੱਪੀ ਜਾਵੇ ਤਾਂ ਸੱਚਾਈ ਦੇ ਨੇੜੇ ਤੇੜੇ ਪਹੁੰਚਣ ਵਿਚ ਸਹਾਇਤਾ ਮਿਲਦੀ ਹੈ। ਭਾਵੇਂ ਧਨਵੰਤਰੀ ਵੈਦ ਦਾ ਸਿੱਧਾ ਕੋਈ ਜ਼ਿਕਰ ਗੁਰਬਾਣੀ ਵਿਚ ਨਹੀਂ ਹੈ ਪਰ ਵੱਡੇ ਵੈਦਾਂ ਬਾਰੇ ਸਤਿਗੁਰੂ ਜੀ ਨੇ ਅਗਵਾਈ ਬਖ਼ਸ਼ਿਸ਼ ਕੀਤੀ ਹੈ।

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।। ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ।।

ਵੈਦਾ ਵੈਦੁ ਸੁਵੈਦੁ ਤੂ ਪਹਿਲਾ ਰੋਗੁ ਪਛਾਣੁ।। ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ।।

ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ।।
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ।। (1279)

ਕਬੀਰ ਬੈਦੁ ਕਹੇੈ ਹਉ ਹੀ ਭਲਾ, ਦਾਰੂ ਮੇਰੈ ਵਸਿ।।
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ।। (1368)

ਕਬੀਰ ਬੈਦੁ ਮੂਆ ਰੋਗੀ ਮੂਆ, ਮੂਆ ਸਭ ਸੰਸਾਰੁ।।
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ।। (1368)

ਵੈਦਾ ਸੰਦਾ ਸੰਗੁ ਇਕਠਾ ਹੋਇਆ।। ਅਉਖਧ ਆਏ ਰਾਸਿ ਵਿਚਿ ਆਪਿ ਖਲੋਇਆ।। (1363)

ਜਿਸ ਦੇਸ਼ ਦੇ ਇੱਕ ਮਹਾਨ ਰਤਨ (ਚੌਦਾਂ ਰਤਨਾਂ ਵਿਚੋਂ ਇੱਕ) ਅਤੇ ਚੌਵੀ ਅਵਤਾਰਾਂ ਵਿਚੋਂ ਇੱਕ ਅਵਤਾਰ ਧਨਵੰਤਰੀ ਵਰਗਾ ਲਾ ਜੁਆਬ ਵਿਅਕਤੀ ਹੋਵੇ, ਉਥੇ ਸਰੀਰਕ ਤੇ ਮਾਨਸਿਕ ਰੋਗਾਂ ਦਾ ਹੋਣਾ ਬਹੁਤ ਅਸਚਰਜਤਾ ਵਾਲੀ ਗੱਲ ਹੈ। ਉਹ ਅੰਮ੍ਰਿਤ ਦੇ ਕਟੋਰੇ ਵਾਲਾ ਖੁਦ ਭੀ ਨਾ ਰਿਹਾ, ਉਸ ਦੇ ਸਾਥੀ ਅਵਤਾਰ ਭੀ ਨਾ ਰਹੇ। ਫਿਰ ਵਿਚਾਰੀ ਗਰੀਬ ਜੰਤਾ ਦਾ ਰੋਗ ਕਿਵੇਂ ਕੱਟਿਆ ਜਾ ਸਕਦਾ ਹੈ ? ਕੈਂਸਰ ਵਰਗੇ ਭਿਆਨਕ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਵੈਦ (ਡਾਕਟਰ) ਬਦੇਸ਼ਾਂ ਵਿਚ ਤਾਂ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ‘‘ਮੇਰੇ ਭਾਰਤ ਮਹਾਨ`` ਵਿਚ ਤਾਂ ਰੋਗੀਆਂ ਅਪਾਹਜਾਂ, ਨੇਤਰਹੀਣਾਂ, ਪਾਗਲਾਂ ਦੀ ਗਿਣਤੀ ਕਰਨੀ ਭੀ ਸੰਭਵ ਨਹੀਂ ਹੈ। ਵਾਹ, ਵੈਦ ਧਨਵੰਤਰੀ ਜੀ ਵਾਹ।

ਮੋਹਨੀ ਅਵਤਾਰ :- ਹਿੰਦੂ ਪੌਰਾਣਕ ਗ੍ਰੰਥਾਂ ਅਨੁਸਾਰ ਵਿਸ਼ਨੂੰ ਦਾ ਅਵਤਾਰ ਜੋ ਰਾਖਸ਼ਾਂ ਅਤੇ ਦੇਵਤਿਆਂ ਦਾ ਝਗੜਾ ਮੁਕਾਉਣ ਲਈ ਪ੍ਰਗਟਿਆ ਸੀ। ਇਸ ਨੇ ਸੁੰਦਰ ਔਰਤ (ਮੋਹਨੀ -ਮਨ ਮੋਹ ਲੈਣ ਵਾਲੀ) ਦਾ ਰੂਪ ਧਾਰਕੇ ਸਾਰਿਆਂ ਵਿਚ ਇੱਕਸਾਰ ਅੰਮ੍ਰਿਤ ਵੰਡਣ ਦਾ ਇਕਰਾਰ ਕੀਤਾ ਸੀ। ਪਰ ਇੱਕੋ ਭਾਂਡੇ ਵਿਚੋਂ ਦੋ ਖਾਨੇ ਬਣਾ ਕੇ ਦੇਵਤਿਆਂ ਨੂੰ ਅੰਮ੍ਰਿਤ ਅਤੇ ਰਾਖਸ਼ਾਂ ਨੂੰ ਸ਼ਰਾਬ ਪਿਆ ਦਿੱਤੀ। (ਮ: ਕੋ: ਪੰਨਾ -996)

ਵਿਚਾਰ :- ਜਿਵੇਂ ਕਿ ਬਿਪਰ ਦਾ ਸਾਰਾ ‘‘ਕਾਰੋਬਾਰ`` ਝੂਠ ਤੇ ਉਸਾਰਿਆ ਗਿਆ ਹੈ। ਉਸ ਝੂਠੇ ਰੇਤ ਮਹਿਲ ਨੂੰ ਖੂਬ ਸ਼ਿੰਗਾਰਿਆ ਗਿਆ ਹੈ। ਤਿਵੇਂ ਹੀ ਵਿਸ਼ਨੂੰ ਨੂੰ ਮਨਮਰਜ਼ੀ ਨਾਲ ਔਰਤ ਬਣਾ ਕੇ ਲੈ ਆਂਦਾ। ਔਰਤ ਹੋਣਾ ਕੋਈ ਪਾਪ ਨਹੀਂ ਹੈ। ਇਸਤਰੀ ਮਨੁੱਖ ਬ੍ਰਾਬਰ ਸਨਮਾਨ ਦੇ ਹੱਕਦਾਰ ਹਨ। ਪਰ ਇੱਕ ਅਵਤਾਰ ਇੱਕ ਭਗਵਾਨ ਨੂੰ ਮਿਹਨਤ ਨਾਲ ਪ੍ਰਾਪਤ ਕੀਤੇ ਪਦਾਰਥ ਵੰਡਣ ਵਾਸਤੇ ਤੀਵੀਂ ਕਿਉਂ ਬਣਨਾ ਪਿਆ? ਕੀ ਕੋਈ ਮਨੁੱਖ ਜਦੋਂ ਦਿਲ ਕਰੇ ਨਾਰੀ ਬਣ ਸਕਦਾ ਹੈ? ਜੁਆਬ ਹਮੇਸ਼ਾ ਨਾਂਹ ਵਿਚ ਮਿਲੇਗਾ। ਇਉਂ ਪ੍ਰਤੀਤ ਹੁੰਦਾ ਹੈ ਕਿ ਦੇਵਤਿਆਂ ਨੇ ਹਰ ਚੰਗਾ ਅਹੁਦਾ ਜ਼ਿੰਦਗੀ ਦਾ ਹਰ ਸੁੱਖ ਧਨ ਪਦਾਰਥ ਪ੍ਰਾਪਤ ਕਰਨ ਲਈ ਵਾਹ ਲਾ ਦਿੱਤੀ। ਇਥੇ ਇਹ ਧਿਆਨ ਰਹੇ ਦੇਵਤੇ ਹੋਰ ਕੋਈ ਨਹੀਂ, ਸਾਰੇ ਹਿੰਦੂ ਗਰੰਥ ਵਲ ਫੇਰ ਪਾ ਕੇ ਬ੍ਰਾਹਮਣ ਨੂੰ ਹੀ ਦੇਵਤਾ ਗਰਦਾਨ ਰਹੇ ਹਨ। ਕਿੰਨਾ ਭੀ ਕੋਈ ਝੂਠ ਬੋਲਣਾ ਪਵੇ, ਕੋਈ ਭੀ ਫਰੇਬ ਕਰਨਾ ਪਵੇ, ਕਿੰਨੀਆਂ ਹੀ ਸਾਜਿਸ਼ਾਂ ਰਚਣੀਆਂ ਪੈਣ, ਇੱਕੋ ਬਰਤਣ ਵਿਚ ਦੋ ਖਾਨੇ ਬਣਾਉਣੇ ਪੈਣ, ਭਗਵਾਨ ਨੂੰ ਤੀਵੀਂ ਬਣਾਉਣਾ ਪੈ ਜਾਵੇ, ਸਭ ਜਾਇਜ਼ ਹੈ। ਬਸ ਮਨ ਵਾਂਛਤ ਫਲ, ਧਨ ਦੌਲਤ ਕਿਸੇ ਹੋਰ ਦੇ ਹਿੱਸੇ ਨਹੀਂ ਆਉਣਾ ਚਾਹੀਦਾ। ਮੰਨੂੰ ਸਿਮ੍ਰਤੀ ਮੁਤਾਬਕ ਸਾਰੇ ਸੰਸਾਰ ਦੇ ਪਦਾਰਥ ਧਨ, ਸੰਪਦਾ, ਦਬੇ ਹੋਏ ਗੁਪਤ ਖਜਾਨੇ, ਸਭ ਦਾ ਕੁਦਰਤੀ ਮਾਲਕ ਬ੍ਰਾਹਮਣ ਹੈ। ਰਾਜੇ ਦਾ ਰਾਜ ਪਰਜਾ ਦਾ ਸੁੱਖ, ਸਭ ਬ੍ਰਾਹਮਣ ਦੀ ਕਿਰਪਾ ਸਦਕਾ ਹੈ। ਬ੍ਰਾਹਮਣ ਜੇ ਕਰੋਪ ਹੋ ਜਾਵੇ ਤਾਂ ਸਭ ਕੁਝ ਨਸ਼ਟ ਕਰ ਸਕਦਾ ਹੈ। ਅਜਿਹੇ ‘‘ਵਿਸ਼ੇਸ਼ ਆਧਿਕਾਰ`` ਰੱਬ ਵੱਲੋਂ ਮਿਲੇ ਹੋਣ ਦਾ ਢੋਲ ਲੰਮੇ ਸਮੇਂ ਤੋਂ ਬਹੁਤ ਉੱਚਾ ਵਜਾਇਆ ਜਾ ਰਿਹਾ ਹੈ। ਇਸ ਤਾਕਤਵਰ ਨਗਾਰਖਾਨੇ ਵਿਚ ਤੂਤੀ ਦੀ ਆਵਾਜ਼ ਕਿਧਰੇ ਗੁਆਚ ਹੀ ਗਈ ਹੈ। ਹਾਂ ਤਾਂ ਵਿਸ਼ਨੂੰ ਭਗਵਾਨ ਜੀ, ਸੁੰਦਰ ਔਰਤ ਬਣ ਕੇ ਆ ਪਧਾਰੇ।

ਗਰਬਾਣੀ ਵਿਚ ਪਰਉਪਕਾਰੀ ਸਤਿਗੁਰੂ ਜੀ ਨੇ ਬਾਰੰ ਬਾਰ ਗੁਣਵਾਨ ਬਣਨ ਦੀ ਹਦਾਇਤ ਕੀਤੀ ਹੈ। ਕੇਵਲ ਸਰੀਰਕ ਸੁੰਦਰਤਾ ਨੂੰ ਕੋਈ ਮਾਣ ਨਹੀਂ ਦਿੱਤਾ। ਜੇ ਇਨਸਾਨ (ਔਰਤ ਮਰਦ ਦੋਵੇਂ ਹੀ) ਸਰੀਰ ਪੱਖੋਂ ਬਹੁਤ ਖੂਬਸੂਰਤ ਹੈ, ਪਰ ਹੈ ਔਗੁਣਾਂ ਨਾਲ ਭਰਿਆ। ਠੱਗ, ਫਰੇਬੀ, ਧੋਖੇਬਾਜ਼, ਵਿਭਚਾਰੀ ਉਸਦੀ ਸਰੀਰੀ ਸੁੰਦਰਤਾ ਸਗੋਂ ਆਮ ਵਿਅਕਤੀ ਵਾਸਤੇ ਫਾਂਸੀ ਦਾ ਫੰਧਾ ਬਣ ਜਾਂਦੀ ਹੈ। ਗੁਰਵਾਕ -

ਦੁਰਲਭ ਦੇਹ ਪਾਈ ਵਡਭਾਗੀ।। ਨਾਮ ਨ ਜਪਹਿ ਤੇ ਆਤਮਘਾਤੀ।।

ਮਰਿ ਨ ਜਾਹੀ ਜਿਨਾ ਬਿਸਰਤ ਰਾਮ।। ਨਾਮ ਬਿਹੂਨ ਜੀਵਨ ਕਉਨ ਕਾਮ।। (ਰਹਾਉ)

ਖਾਤ ਪੀਤ ਖੇਲਤ ਹਸਤ ਬਿਸਥਾਰ।। ਕਵਨ ਅਰਥ ਮਿਰਤਕ ਸੀਗਾਰ।।

ਜੋ ਨ ਸੁਨਹਿ ਜਸੁ ਪਰਮਾ ਨੰਦਾ।। ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ।। (188)

ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ।। ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ।। (546)

ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ।।

ਜਿਉ ਬੇਸੂਆ ਕੇ ਘਰਿ ਪੂਤੁ ਜਮਤੁ ਹੈ ਤਿਸ ਨਾਮੁ ਧਰਿਓ ਹੈ ਧ੍ਰਕਟੀ।। (528)

ਵਿਸ਼ਨੂੰ ਜਨਾਨੀ ਬਣਿਆ ਚੰਗਾ ਕੰਮ ਪਰਉਪਕਾਰ ਕਰਨ ਲਈ ਨਹੀਂ ਧੋਖਾ ਦੇਣ ਲਈ, ਰੂਪ ਦੀ ਕੁਵਰਤੋਂ ਕਰਨ ਲਈ। ਇੱਕ ਬਰਤਣ ਵਿਚ ਦੋ ਤਰ੍ਹਾਂ ਦਾ ਪਦਾਰਥ ਪਾਕੇ ਵਰਤਾਉਣ ਲੱਗਿਆਂ ਆਪਣਿਆਂ ਨੂੰ ‘‘ਅਮ੍ਰਿਤ`` ਤੇ ਬੇਗਾਨਿਆਂ ਨੂੰ ਸ਼ਰਾਬ। ਇੱਥੋਂ ਹੀ ਘੋਰ ਵਿਤਕਰੇ ਨੂੰ ਦਰਸਾਉਂਦਾ ਇਹ ਲੋਕ ਮਹਾਵਰਾ ਪ੍ਰਚਲਤ ਹੋਇਆ ਹੈ, ‘‘ਇੱਕ ਹਾਂਡੀ ਵਿਚ ਦੋ ਪੇਟ`` ਕਿਉਂ? ਇਹੋ ਜਿਹਾ ਵਿਸ਼ਵਾਸਘਾਤ ਸ਼ਾਇਦ ਕੋਈ ਨੀਚ ਤੋਂ ਨੀਚ ਸੁਭਾਅ ਵਾਲਾ ਵਿਅਕਤੀ ਭੀ ਕਰਨ ਤੋਂ ਸ਼ਰਮ ਕਰੇਗਾ। ਇਨ੍ਹਾਂ ਭਗਵਾਨਾਂ ਅਤੇ ਦੇਵਤਿਆਂ ਨੇ ਮੰਦ ਕਾਰੇ ਕਰਦਿਆਂ ਕਦੀ ਸ਼ਰਮ ਨਾ ਕੀਤੀ। ਇਸ ਪਰਥਾਏ ਭਾਈ ਗੁਰਦਾਸ ਜੀ ਦੀ ਇੱਕ ਪਉੜੀ ਬੜੀ ਢੁਕਵੀਂ ਹੈ। ਪੜ੍ਹੋ :-

ਜੇ ਮਾਉ ਪੁਤੈ ਵਿਸੁ ਦੇ, ਤਿਸ ਤੇ ਕਿਸੁ ਪਿਆਰਾ।। ਜੇ ਘਰੁ ਭੰਨੇ ਪਾਹਰੂ, ਕਉਣੁ ਰਖਣਹਾਰਾ।।

ਬੇੜੀ ਡੋਬੈ ਪਾਤਣੀ, ਕਿਉ ਪਾਰਿ ਉਤਾਰਾ।। ਆਗੂ ਲੈ ਉਝੜਿ ਪਵੈ, ਕਿਸ ਕਰੈ ਪੁਕਾਰਾ।।

ਜੇ ਕਰਿ ਖੇਤੈ ਖਾਇ ਵਾੜਿ, ਕੋ ਲਹੈ ਨ ਸਾਰਾ।।
ਜੇ ਗੁਰ ਭਰਮਾਏ ਸਾਂਗ ਕਰਿ ਕਿਆ ਸਿਖ ਵਿਚਾਰਾ।।(35/ 22)

ਭਾਈ ਗੁਰਦਾਸ ਜੀ ਸਮਝਾ ਰਹੇ ਹਨ ਅਗਰ ਮਾਂ ਪੁੱਤਰ ਨੂੰ ਜ਼ਹਿਰ ਖੁਆ ਦੇਵੇ ਤਾਂ ਕਿਵੇਂ ਬਚੇਗਾ। ਮਾਂ ਤੋਂ ਵੱਧ ਪਿਆਰ ਕਰਨ ਵਾਲਾ ਤਾਂ ਹੋਰ ਕੋਈ ਨਹੀਂ ਹੈ। ਜੇ ਪਹਿਰੇਦਾਰ ਘਰ ਦਾ ਜਿੰਦਰਾ ਜਾਂ ਦਰਵਾਜ਼ਾ ਭੰਨ ਕੇ ਘਰ ਨੂੰ ਲੁੱਟ ਲਵੇ, ਫਿਰ ਹੋਰ ਕਿਸਨੇ ਸੰਭਾਲ ਕਰਨੀ ਹੈ ? ਜਿਸ ਮਲਾਹ ਨੇ ਬੇੜੀ ਨੂੰ ਕਿਨਾਰੇ ਲਾਉਣਾ ਸੀ ਜੇ ਉਹ ਖੁਦ ਬੇੜੀ ਨੂੰ ਡੋਬ ਦੇਵੇ, ਪਾਰ ਕੌਣ ਲਗਾਵੇਗਾ ? ਜੇ ਮੁਖੀ ਸੱਜਣ ਆਪਦੇ ਲੋਕਾਂ ਨੂੰ ਕੁਰਾਹੇ ਪਾ ਦੇਵੇ ਫਿਰ ਰਾਹੀ ਕਿਸ ਤੋਂ ਪੁੱਛੀਏ ? ਜੇ ਖੇਤੀ ਨੂੰ ਸੰਭਾਲਣ ਲਈ ਕੀਤੀ ਵਾੜ ਹੀ ਖੇਤ ਨੂੰ ਉਜਾੜ ਦੇਵੇ ਫਿਰ ਰਾਖੀ ਕੌਣ ਕਰੇਗਾ ? ਜੇ ਗੁਰੂ ਪੀਰ ਧਰਮਮੁਖੀ ਹੀ ਆਪਣੇ ਲੋਕਾਂ ਨੂੰ ਬਰਬਾਦ ਕਰਨ ਤੇ ਆ ਜਾਵੇ, ਫਿਰ ਵਿਚਾਰੇ ਸੇਵਕ ਕੀ ਕਰਨ ? ਕੀਹਦੇ ਤੋਂ ਧਰਮ ਦਾ ਸੱਚਾ ਰਾਹ ਪੁੱਛਣ ?

ਗੁਰਬਾਣੀ ਨੇ ਅਜਿਹੀਆਂ ਮਾਇਆ ਦੀਆਂ ਪੂਤਲੀਆਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਇਸ ਸੁੰਦਰ ਠੱਗ ਔਰਤਾਂ ਮਾਇਆ ਦਾ ਇੱਕ ਰੂਪ ਹਨ। ਜਿਸ ਸੋਹਣੀ ਸੂਰਤ ਦੀ ਬਦੌਲਤ ਇਹ ਆਮ ਲੋਕਾਂ ਨੂੰ ਠੱਗਦੀਆਂ ਹਨ ਅਸੀਂ ਇਹਨਾਂ ਦੀ ਸੁੰਦਰਤਾ ਦਾ ਹੀ ਖਾਤਮਾ ਕਰ ਦਿੱਤਾ ਤਾਂ ਕਿ ਅੱਗੋਂ ਕਿਸੇ ਨੂੰ ਖੁਆਰ ਨਾ ਕਰਨ।

ਨਾਕਹੁ ਕਟੀ ਕਾਨਹੁ ਕਾਟੀ ਕਾਟਿ ਕੂਟਿ ਕੇੈ ਡਾਰੀ।।
ਕਹੁ ਕਬੀਰ ਸੰਤਨ ਕੀ ਬੈਰਨ ਤੀਨਿ ਲੋਕ ਕੀ ਪਿਆਰੀ।। (476)

ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ।। ਚਰਨੀ ਲਾਗੈ ਤਾ ਮਹਲੁ ਪਾਵੈ।। (231)

ਗਹੁ ਕਰਿ ਪਕਰੀ ਨ ਆਈ ਹਾਥਿ।। ਪ੍ਰੀਤਿ ਕਰੀ ਚਾਲੀ ਨਹੀ ਸਾਥਿ।।

ਕਹੁ ਨਾਨਕ ਕਉ ਤਿਆਗਿ ਦਈ।। ਤਬ ਓਹ ਚਰਣੀ ਆਇ ਪਈ।। (891)

ਪਾਠਕ ਜਨੋਂ ਬਾਕੀ ਸਾਰੇ ‘‘ਦੈਂਤਾਂ`` ਨੇ ਮੋਹਣੀ ਦੇ ਰੂਪ ਜਾਲ ਵਿਚ ਬੇਸੁਰਤ ਹੋ ਕੇ ਅੰਮ੍ਰਿਤ ਵਾਲੇ ਘੜੇ ਵਿਚੋਂ ਸ਼ਰਾਬ ਪੀ ਲਈ। ਤੇ ਸਾਰੇ ਦੇ ਸਾਰੇ ਸਦਾ ਲਈ ਆਤਮਕ ਤੌਰ ਤੇ, ਗੁਣਾਂ ਕਰਕੇ ਖਤਮ ਹੋ ਗਏ, ਮਾਰੇ ਗਏ। ਪਰ ਰਾਹੂ ਇਹਨਾਂ ਦਾ ਸਰਦਾਰ ਫਿਰ ਭੀ ਬਚਦਾ ਹੋਇਆ ਦੇਵਤਿਆਂ ਵਾਲੀ ਕਤਾਰ ਵਿਚ ਬੈਠ ਗਿਆ। ਭਗਵਾਨ ਮੋਹਿਨੀ ਧੋਖਾ ਖਾ ਗਈ ਤੇ ਰਾਹੂ ਨੂੰ ਭੀ ਅੰਮ੍ਰਿਤ ਪਿਆ ਦਿੱਤਾ। ਦੋ ਪਹਿਰੇਦਾਰਾਂ, ਸੂਰਜ ਤੇ ਚੰਦ ਨੇ ਰਾਹੂ ਨੂੰ ਵੇਖ ਕੇ ਪਛਾਣ ਲਿਆ। ਚੀਖ ਪੁਕਾਰ ਕੀਤੀ, ਵਿਸ਼ਨੂੰ ਨੇ ਰਾਹੂ ਦਾ ਸਿਰ ਅਤੇ ਬਾਹਵਾਂ ਕੱਟ ਦਿੱਤੀਆਂ। ਕਿਉਂਕਿ ਰਾਹੂ ਅਮਰ ਹੋ ਗਿਆ ਸੀ, ਇਸ ਲਈ ਮਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਚੰਦ ਅਤੇ ਸੂਰਜ ਤੋਂ ਬਦਲਾ ਲੈਣ ਲਈ ਰਾਹੂ ਉਹਨਾਂ ਦੇ ਰਾਹ ਵਿਚ ਖਲੋ ਕੇ ਵੰਗਾਰਦਾ ਹੈ। ਚੰਦ ਸੂਰਜ ਡਰਦੇ ਮਾਰੇ ਹਨੇਰੇ ਵਿਚ ਲੁਕ ਜਾਂਦੇ ਹਨ। ਇਹਨਾਂ ਕਹਾਣੀਆਂ ਦੇ ਮਨੋਵਿਗਿਆਨ ਵਿਚੋਂ ਝਾਉਲਾ ਪੈਂਦਾ ਹੈ ਕਿ ਰਾਹੂ ਬਹੁਤ ਹੀ ਬਲਸ਼ਾਲੀ ਅਤੇ ਦੂਰਅੰਦੇਸ਼ ਫੌਜੀ ਕਮਾਂਡਰ ਸੀ। ਦਰਾਵੜਾਂ ਨੂੰ ਖਤਮ ਕਰਨ ਲਈ ਆਰੀਅਨ ਜਰਵਾਣਿਆਂ ਨੇ ਬੜੇ ਹੱਥਕੰਡੇ ਵਰਤੇ। ਪਰ ਰਾਹੂ ਦੀ ਖੂੰਰੇਜੀ ਦਾ ਆਰੀਅਨਾਂ ਤੇ ਇੰਨਾ ਦਬਦਬਾ ਪਿਆ ਕਿ ਜਿਸ ਨੂੰ ਯਾਦ ਕਰਕੇ ਉਹ ਅੱਜ ਭੀ ਕੰਬਣ ਲੱਗ ਜਾਂਦੇ ਹਨ। ਉਹ ਇੰਨਾਂ ਤਾਕਤਵਰ ਸੀ ਕਿ ਸੂਰਜ ਅਤੇ ਚੰਦਰਮਾ ਨੂੰ ਭੀ ਲਲਕਾਰਨ ਦੀ ਸਮਰੱਥਾ ਰੱਖਦਾ ਸੀ। ਜਿਸ ਕਹਾਣੀ ਵਿਚ ਸੂਰਜ ਚੰਦ ਰਾਹੂ ਤੋਂ ਡਰਦੇ ਮੂੰਹ ਲੁਕਾ ਲੈਂਦੇ ਹਨ। ਹੋੋਰ ਕੋਈ ਕਿਵੇਂ ਸਾਹਮਣੇ ਅੜ ਸਕਦਾ ਹੈ ? ਅੱਜ ਤੱਕ ਬ੍ਰਾਹਮਣੀ ਸਮਾਜ ਰਾਹੂ ਦੀ ਦਹਿਸ਼ਤ ਦੇ ਸਾਏ ਹੇਠ ਜੀਵਨ ਬਿਤਾ ਰਿਹਾ ਹੈ। ਆਧੁਨਿਕ ਜ਼ਮਾਨੇ ਦਾ ਰਾਹੂ ਡਾਕਟਰ ਅੰਬੇਦਕਰ ਸੀ, ਜਿਸ ਨੇ ਇਕੱਲਿਆਂ ਹੀ ਸਾਰੇ ਆਰੀਅਨ ਪਾਪੀ ਟੋਲੇ ਨਾਲ ਦਸਤ ਪੰਜਾ ਲਿਆ। ਭਾਵੇਂ ਰਾਹੂ ਵਾਂਗ ਉਹ ਭੀ ਆਪਣੇ ਮਿਸ਼ਨ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ। ਪਰ ਉਸ ਦੀਆਂ ਨੀਤੀਆਂ ਨਾਲ ਸ਼ੂਦਰਾਂ ਵਿਚ ਜਾਗਰੂਕਤਾ ਆਈ ਸਵੈਮਾਣ ਵਧਿਆ। ਰੁਜ਼ਗਾਰ ਦੇ ਮੌਕੇ ਹੱਥ ਆਏ, ਕਾਨੂੰਨ ਵਿਚ ਰਿਜ਼ਰਵੇਸ਼ਨ ਲਾਗੂ ਹੋਈ। ਨਵੇਂ ਜਮਾਨੇ ਦਾ ਰਾਹੂ ਸੀ ਬਾਬਾ ਅੰਬੇਦਕਰ ਜੀ, ਇਹਨਾਂ ਆਰੀਆਨ ਲੋਕਾਂ ਲਈ।

ਹਿੰਦੂਆਂ ਦੇ ਕਈ ਤੀਰਥ ਇਸ ਮਿਥ ਨਾਲ ਬਣੇ ਹਨ ਕਿ ਇਹਨਾਂ ਥਾਵਾਂ ਤੇ ਅੰਮ੍ਰਿਤ ਡੁਲਿ੍ਹਆ ਸੀ। ਹਜਾਰਾਂ ਸਾਲ ਤੋਂ ਨਾਸਮਝ ਜਗਿਆਸੂਆਂ ਨੂੰ ਉਹਨਾਂ ਤੀਰਥਾਂ ਤੇ ਲੁੱਟਿਆ ਜਾ ਰਿਹਾ ਹੈ। ਗਿਆਨ ਕੋਈ ਨਹੀਂ ਦਿੱਤਾ ਜਾ ਰਿਹਾ। ਕਲਪਿਤ ਦੇਵੀਆਂ, ਕਲਪਿਤ ਦੇਵਤੇ, ਕਲਪਣਾ ਤੇ ਅਧਾਰਤ ਅੰਮ੍ਰਿਤ। ਜੋ ਕੋਈ ਭੀ ਨਾ ਪੀ ਸਕਿਆ, ਸਗੋਂ ਲੜਦੇ ਹੋਏ ਡੁੱਲ੍ਹ ਗਿਆ। ਦੂਜੇ ਪਾਸੇ ਧਿਆਨ ਨਾਲ ਵੇਖੋ, ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਰੂਪੀ ਅੰਮ੍ਰਿਤ ਤਿਆਰ ਕਰਕੇ ਸਾਡੇ ਸਨਮੁੱਖ ਰੱਖ ਦਿੱਤਾ। ਆਪਣੇ ਔਗੁਣਾਂ ਨਾਲ ਭਰੇ ਮਨ ਨੂੰ ਗੁਣਾਂ ਭਰਪੂਰ ਅੰਮ੍ਰਿਤ ਵਰਗਾ ਬਣਾਉਣਾ ਹੈ। ਇਸ ਅੰਮ੍ਰਿਤ ਵਿਚ ਅੰਮ੍ਰਿਤ ਵਰਗੀ ਜੀਵਨ ਸੇਧ ਹੈ। ਦੂਜੇ ਬੰਨੇ ਗੰਗਾ ਵਿਚ ਕਲਪਿਤ ਅੰਮ੍ਰਿਤ ਦੀਆਂ ਬੂੰਦਾਂ ਡੁੱਲ੍ਹੀਆਂ ਸਨ। ਇੱਧਰ ਸਤਲੁਜ ਦੇ ਕਿਨਾਰੇ ਅਨੰਦਪੁਰ ਸਾਹਿਬ ਵਿਖੇ ਦਸ਼ਮੇਸ਼ ਪਿਤਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਵੰਡਣ ਲੱਗੇ ਜਂਾ ਵਰਤਾਉਣ ਲੱਗੇ ਵੱਡਾ ਛੋਟਾ, ਊਚ ਨੀਚ ਦਾ ਵਿਤਕਰਾ ਨਹੀਂ ਕੀਤਾ। ਸਗੋਂ ਸਾਰਿਆਂ ਨੂੰ ਇੱਕੋ ਜਿਹਾ ਅੰਮ੍ਰਿਤ, ਇੱਕੋ ਬਰਤਨ ਵਿਚ ਛਕਾਇਆ ਗਿਆ। ਇੱਕ ਭਾਂਡੇ ਵਿਚ ‘‘ਦੋ ਪੇਟ`` ਨਹੀਂ ਕੀਤੇ ਗਏ। ਇਸ ਅਲੋਕਿਕ ਅੰਮ੍ਰਿਤ ਨੂੰ ਪੀ ਕੇ ਸਿੱਖ ਆਪਸ ਵਿਚ ਲੜੇ ਮਰੇ ਨਹੀਂ ਸਗੋਂ ਦੇਸ਼ ਧਰਮ ਲਈ ਲੜੇ, ਇੱਜ਼ਤ ਆਬਰੂ ਲਈ ਕੁਰਬਾਨ ਹੋਏ। ਭਾਰਤ ਵਾਸੀਆਂ ਦੀਆਂ ਬੇਟੀਆਂ ਨੀਲਾਮ ਹੋ ਰਹੀਆਂ ਸਨ। ਉਹਨਾਂ ਦੇ ਵਿਰਲਾਪ ਸੁਣਨ ਵਾਲਾ ਕੋਈ ਨਹੀਂ ਸੀ। ਇੱਥੇ ਮੰਦਰ ਢਹਿ ਰਹੇ ਸਨ, ਰੋਕਣ ਵਾਲਾ ਕੋਈ ਨਹੀਂ ਸੀ। ਸਦੀਆਂ ਤੋਂ ਗੁਲਾਮੀ ਵਿਚ ਜਕੜੇ ਲੋਕ ਕੀੜਿਆਂ ਵਰਗਾ ਨਰਕੀ ਜੀਵਨ ਜਿਉਣ ਲਈ ਮਜਬੂਰ ਕੀਤੇ ਗਏ, ਕਿਸੇ ਨੇ ਬਾਂਹ ਨਾ ਫੜੀ। ਸਾਰੇ ਭਾਰਤੀ ਮਰਦਾਂ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਕਿਸੇ ਨਾ ਬੰਨਾਈ। ਸਾਰੀਆਂ ਬੀਬੀਆਂ ਭੈਣਾਂ ‘‘ਸਿਰੋਂ ਨੰਗੀਆਂ`` ਕਰ ਦਿੱਤੀਆਂ ਗਈਆਂ ਸਨ ਕਿਸੇ ਨੇ ਸਿਰ ਤੇ ਹੱਥ ਨਾ ਰੱਖਿਆ। ਆਹ ਦਸਵੇਂ ਨਾਨਕ ਨੂੰ ਸਾਰੇ ਦੁੱਖਾਂ ਦਾ ਅਹਿਸਾਸ ਹੋਇਆ। ਉਹਨਾਂ ਦੇ ਹੰਝੂ ਦਿਸੇ, ਚੀਕਾਂ ਸੁਣੀਆਂ। ਜਿੱਥੇ ਪਹਿਲਾਂ ਪਾਵਨ ਗੁਰਬਣੀ ਆਤਮਕ ਬਲ ਬਖਸ਼ਦੀ ਆ ਰਹੀ ਸੀ। ਸਤਿਗੁਰੂ ਜੀ ਨੇ ਨਵਾਂ ਕੌਤਕ ਵਰਤਾ ਕੇ ਹੌਸਲੇ ਨੂੰ ਬੁਲੰਦੀ ਤੇ ਪੁਚਾ ਦਿੱਤਾ। ਸਮੁੰਦਰ ਰਿੜਕਣ ਦਾ ਫਰੇਬ ਨਹੀਂ ਕੀਤਾ ਗਿਆ। ਸਗੋਂ ਰੱਬੀ ਕਲਾਮ ਪੜ੍ਹਕੇ ਖੰਡੇ ਬਾਟੇ ਨਾਲ ਤਿਆਰ ਕਰਕੇ ਦੋ ਦੋ ਘੁੱਟ ਅੰਮ੍ਰਿ੍ਰਤ ਸਾਰਿਆਂ ਨੂੰ ਛਕਾ ਦਿੱਤਾ। ਕੋਈ ਝਗੜਾ ਨਹੀਂ ਕੋਈ ਵਲਛਲ ਨਹੀਂ। ਔਰਤ ਮਰਦ, ਉੂਚ ਨੀਚ ਨਹੀਂ ਪਰਖਿਆ। ਸਭ ਨੂੰ ਸਨਮਾਨ ਨਾਲ ਇੱਕੋ ਵਿਧੀ ਨਾਲ ਅੰਮ੍ਰਿਤ ਪਿਲਾ ਦਿੱਤਾ। ਬਸ ਫਿਰ ਕੀ ਸੀ, ਧਰਮ ਦੋਖੀਆਂ ਨੂੰ ਭਾਜੜਾਂ ਪੈ ਗਈਆਂ। ਸੋਹਣੀ ਮਹੀਂਵਾਲ ਨੇ ਨਿੱਜੀ ਸਰੀਰੀ ਭੋਗਾਂ ਵਾਸਤੇ ਦਰਿਆ ਤਰੇ, ਖੁਨਾਮੀ ਖੱਟੀ। ਸੱਸੀ ਪੁੰਨੂੰ ਨੇ ਮਾਰੂਥਲਾਂ ਵਿਚ ਰੋਂਦਿਆਂ ਜਾਨ ਦੇ ਦਿੱਤੀ, ਨਿੱਜੀ ਸੁਆਦਾਂ ਕਾਰਨ। ਮਜਨੂੰ ਬਾਰਾਂ ਸਾਲ ਖੂਹ ਗੇੜਦਾ ਰਿਹਾ, ਅਖੇ ਮੇਰੀ ਮਾਸ਼ੂਕਾ ਪਾਣੀ ਪੀਵੇਗੀ। ਰਾਂਝਾ ਬਾਰਾਂ ਸਾਲ ਮੱਝਾਂ ਨੂੰ ਪੱਠੇ ਪਾਉਂਦਾ ਰਿਹਾ। ਗੋਹਾ ਹੂੰਝਦਾ ਰਿਹਾ, ਬਸ ਹੀਰ ਸਲੇਟੀ ਦੇ ਦਰਸ਼ਨ ਹੁੰਦੇ ਰਹਿਣ। ਮਿਰਜ਼ਾ ਜੰਡ ਹੇਠਾਂ ਵੱਢਿਆ ਗਿਆ, ਨਿੱਜ ਸੁਆਰਥ ਕਾਰਨ, ਕਿਸੇ ਦੀ ਧੀ ਉਧਾਲਣ ਕਰਕੇ।

ਇੱਧਰ ਗੁਰੂ ਕੇ ਯੋਧਿਆਂ ਨੇ ਆਸ਼ਕਾਂ ਵਾਲੇ ਦਰਿਆ ਨਹੀਂ ਤਰੇ, ਸਗੋਂ ਖੂਨ ਦੇ ਦਰਿਆ ਤਰੇ। ਕਿਸੇ ਹੀਰ ਦੇ ਘਰ ਖੁਰਲੀਆਂ ਵਿਚ ਨਹੀਂ ਸੁੱਤੇ, ਸਗੋਂ ਜੰਗਲਾਂ ਬੇਲਿਆਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਇੱਜ਼ਤ ਦੀ ਰਾਖੀ ਕਰਦੇ ਰਹੇ। ਕਿਸੇ ਦੀ ਧੀ ਭੈਣ ਨੂੰ ਉਧਾਲ ਕੇ ਨਹੀਂ ਲੈ ਗਏ, ਸਗੋਂ ਉਧਾਲੀਆਂ ਗਈਆਂ ਨੂੰ ਜਾਲਮਾਂ ਦੇ ਖੂਨੀ ਪੰਜਿਆਂ ਵਿਚੋਂ ਮੁਕਤ ਕਰਵਾ ਕੇ ਆਪਣੀਆਂ ਧੀਆਂ ਬਣਾ ਕੇ ਸਿਰ ਤੇ ਪਿਆਰ ਭਰਿਆ ਹੱਥ ਰੱਖ ਕੇ ਵਾਪਸ ਘਰੋ ਘਰੀਂ ਪੁਚਾ ਦਿਆ ਕਰਦੇ ਸਨ। ਸੱਸੀ ਪੁੰਨੂੰ ਵਾਂਗ ਮਾਰੂਥਲਾਂ ਵਿਚ ਨਿੱਜੀ ਵਾਸਨਾ ਕਾਰਨ ਨਹੀਂ ਮਰੇ, ਸਗੋਂ ਦੇਸ਼ ਦੀ ਕਿਸਮਤ ਬਦਲਣ ਲਈ ਗੁਲਾਮੀ ਦੇ ਫੰਦੇ ਗਲੋਂ ਲਾਹੁਣ ਲਈ ਰਾਜਸਥਾਨ ਦੇ ਮਾਰੂਥਲਾਂ ਵਿਚ ਸਰੀਰਾਂ ਨੂੰ ਭਾਉਂਦੇ ਰਹੇ। ਫਰੁਖਸੀਆਰ ਨਾਦਰ, ਅਬਦਾਲੀ, ਜ਼ਕਰੀਆ, ਮੀਰ ਮੰਨੂੰ ਆਦਿ ਸਨਮੁੱਖ ਅਜਿਹੇ ਤਾਕਤ ਦੇ ਜੌਹਰ ਵਿਖਾਏ ਕਿ ਉਹ ਕਬਰਾਂ ਵਿਚੋਂ ਭੀ ਵਿਲਕਦੇ ਸੁਣੇ ਜਾ ਸਕਦੇ ਹਨ। ਮ: ਰਣਜੀਤ ਸਿੰਘ ਤੇ ਸ੍ਰ. ਹਰੀ ਸਿੰਘ ਨਲੂਏ ਦੀ ਧਾਂਕ ਅਫਗਾਨੀ ਲੋਕਾਂ ਦੇ ਮਨਾਂ ਵਿਚ ਅਜਿਹੀ ਬੈਠੀ ਕਿ ਉਹ ਸੁਪਨੇ ਵਿਚ ਭੀ ਡਰ ਡਰ ਤਰਬਕਣ ਲੱਗ ਪਏ। ਇਹ ਸੀ ਦਸਵੇਂ ਨਾਨਕ ਵੱਲੋਂ ਤਿਆਰ ਕੀਤੇ ਅਮੁਕ ਅਡੋਲਤਾ ਬਖ਼ਸ਼ਣ ਵਾਲੇ (ਗੁਰਬਾਣੀ ਅਤੇ ਖੰਡੇ ਕੀ ਪਾਹੁਲ) ਅੰਮ੍ਰਿਤ ਦੀ ਜਾਹਰੀ ਕਲਾ। ਗੁਰਵਾਕ :-

ਸੁਰਿ ਨਰ ਮੁਨਿ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ।।

ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ।। (918)

ਇਸ ਮੋਹਿਨੀ ਅਵਤਾਰ ਬੀਬੀ ਨੇ ਮਨੁੱਖਤਾ ਦਾ ਕੋਈ ਪਾਸਾ ਨਹੀਂ ਥੰਮਿਆ। ਹਾਂ ਝਗੜੇ ਬਖੇੜੇ ਬਹੁਤ ਪਵਾਏ ਹਨ। ਛਲ ਫਰੇਬ ਬੜੇ ਕੀਤੇ ਹਨ ਤੇ ਹਿੰਦ ਵਾਸੀਆਂ ਨੂੰ ਪੀਣ ਲਈ ਦੋ ਘੁੱਟ ਸਾਫ ਪਾਣੀ ਨਹੀਂ ਮਿਲਦਾ ਭਲਾ ਅੰਮ੍ਰਿਤ ਦੇ ਘੜੇ ਕਿੱਥੋਂ ਮਿਲਣੇ ਹੋਏ ? ਅੰਨ੍ਹੇ ਸ਼ਰਧਾਲੂ ਵੱਡੇ ਇਕੱਠਾਂ ਵਿਚ ਹਿੰਦੂ ਤੀਰਥ ਤੇ ਬਹੁਤ ਉੱਚੀ ਥਾਂ ਲਟਕਾਏ ਬਣਾਵਟੀ ਅੰਮ੍ਰਿਤ ਤੇ ਮੱਖਣ ਦੇ ਘੜੇ ਭੰਨ ਕੇ ਅੰਮ੍ਰਿਤ ਪ੍ਰਾਪਤ ਕਰਨ ਦੀ ਲਾਲਸਾ ਕਰਦੇ ਹਰ ਸਾਲ ਵੇਖੇ ਜਾ ਸਕਦੇ ਹਨ। ਇਸ ਮੁਕਾਬਲੇ ਭਰੀ ਕਿਰਿਆ ਵਿਚ ਬਹੁਤ ਸਾਰਿਆਂ ਨੂੰ ਸੱਟਾਂ ਵੱਜਦੀਆਂ ਹਨ। ਹਾਂ ! ਸਭ ਤੋਂ ਪਹਿਲਾਂ ਘੜੇ ਤੱਕ ਪਹੁੰਚਣ ਵਾਲਿਆਂ ਨੂੰ ਸਰਕਾਰਾਂ, ਮਿਉਂਸਪਲ ਕਮੇਟੀਆਂ ਅਤੇ ਹੋਰ ਹਿੰਦੂ ਜਥੇਬੰਦੀਆਂ ਇਨਾਮ ਦੇ ਕੇ ਉਤਸ਼ਾਹਿਤ ਜ਼ਰੂਰ ਕਰ ਦਿੰਦੀਆਂ ਹਨ। ਭਲੇ ਪੁਰਖੋ ! ਅੰਮ੍ਰਿਤ ਪੀਣ ਵਾਲੇ ਦੇਵਤੇ ਸਾਰੇ ਸੰਸਾਰ ਤੋਂ ਕੂਚ ਕਰ ਗਏ ਹਨ, ਭਲਾ ਤੁਸੀਂ ਅਮਰ ਕਿਵੇਂ ਹੋ ਜਾਓਗੇ ? ਬਣਾਵਟੀ ਦੇਵਤੇ, ਕਲਪਿਤ ਅੰਮ੍ਰਿਤ। ਇਸ ਮਨੁੱਖਾ ਜੀਵਨ ਨੂੰ ਗੁਣਵਾਨ ਪਰਉਪਕਾਰੀ, ਵਿਕਾਰਾਂ ਤੋਂ ਰਹਿਤ ਅੰਮ੍ਰਿਤ ਵਰਗਾ ਬਣਾਉਣਾ ਸੀ, ਉਹ ਵਿਸਰ ਗਿਆ।

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75