ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 08)
ਕਲਕੀ ਅਵਤਾਰ :- ਵਿਸ਼ਨੂੰ ਪੁਰਾਣ ਮੁਤਾਬਕ ਘੋਰ ਕਲਜੁਗ ਤੇ ਸੰਭਲ ਨਗਰ, ਜ਼ਿਲ੍ਹਾ ਮੁਰਾਦਾਬਾਦ ਵਿਚ ਵਿਸ਼ਨੁਯਭ ਬ੍ਰਾਹਮਣ ਦੇ ਘਰ, ਕਲਕੀ ਅਵਤਾਰ ਪ੍ਰਗਟ ਹੋਵੇਗਾ। ਇਹ ਸਫੇਦ ਘੋੜੇ ਤੇ ਚੜ੍ਹਕੇ, ਦਿਗਵਿਜੇ ਪ੍ਰਾਪਤ ਕਰਦਾ ਹੋਇਆ, ਸਾਰੇ ਪਾਪੀਆਂ ਦਾ ਖਾਤਮਾ ਕਰੇਗਾ। (ਮਹਾਨ ਕੋਸ਼, ਪੰਨਾ 308) ਕੁਝ ਨਾਸਮਝ ਕੀਰਤਨੀਏ ਦਸਮ ਗ੍ਰੰਥ ਵਿਚੋਂ ਕਲਕੀ ਅਵਤਾਰ ਵਾਲੇ ਭਾਗ ਵਿਚੋਂ ਕੁੱਝ ਪੰਕਤੀਆਂ ਲੈ ਕੇ ਗਾਉਂਦੇ ਭੀ ਸੁਣੀਂਦੇ ਹਨ। ਜੋ ਨਿਰੀ ਮੂਰਖਤਾ ਹੈ - ‘‘ਭਲ ਭਾਗ ਭਯਾ ਇਹ ਸੰਭਲ ਕੇ ਹਰਿ ਜੂ ਹਰਿ ਮੰਦਿਮ ਆਵਹਿੰਗੇ`` (ਕਲਕੀ ਅਵਤਾਰ ਮਹਾਨ ਕੋਸ਼, ਪੰਨਾ-247)
ਵਿਚਾਰ :- ਇੱਕ ਪਾਗਲਖਾਨੇ ਵਿਚ ਦਸ ਬਾਰਾਂ ਪਾਗਲ ਕੰਧ ਵਿਚੋਂ ਇੱਕ ਨਿੱਕੀ ਜਿਹੀ ਝੀਥ ਰਾਹੀਂ ਪਰਲੇ ਪਾਰ ਕੁੱਝ ਵੇਖਣ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਦੂਜੇ ਨਾਲ ਧੱਕਾ ਮੁੱਕੀ ਭੀ ਹੋ ਜਾਂਦੇ। ਅੱਗੇ ਵਾਲੇ ਨੂੰ ਪਾਸੇ ਧੱਕ ਕੇ ਪਿੱਛੇ ਵਾਲੇ ਅੱਗੇ ਹੋ ਜਾਂਦੇ। ਦੋ ਦਿਨਾਂ ਤੋਂ ਉਹਨਾਂ ਦੀ ਇਹ ਕੋਸ਼ਿਸ਼ ਜਾਰੀ ਸੀ। ਹਸਪਤਾਲ ਵਿਚ ਡਾਕਟਰ ਦੌਰਾ ਕਰਨ ਆਇਆ। ਉਹਨਾਂ ਨੂੰ ਕੰਧ ਦੇ ਨੇੜੇ ਧੱਕਾ ਮੁੱਕੀ ਹੁੰਦਿਆਂ ਵੇਖਿਆ ਸਾਰਿਆਂ ਨੂੰ ਪਰ੍ਹੇ ਕਰਕੇ ਖੁਦ ਕੰਧ ਦੀ ਵਿਰ੍ਹਲ ਨਾਲ ਮੱਥਾ ਜੋੜ ਕੇ ਪਰਲੇ ਪਾਸੇ ਵੇਖਣ ਦੀ ਕੋਸ਼ਿਸ਼ ਕਰਨ ਲੱਗਾ। ਦੋ ਕੁ ਮਿੰਟ ਮਗਜਖਪਾਈ ਕਰਨ ਤੋਂ ਬਾਦ ਡਾਕਟਰ ਰੁੱਖੇਪਣ ਵਿਚ ਬੋਲਿਆ- ‘‘ਓਏ ਪਰਲੇ ਪਾਰ ਤਾਂ ਕੁਝ ਨਹੀਂ ਦਿੱਸਿਆ``। ਇੱਕ ਪਾਗਲ ਬੋਲਿਆ ‘‘ਡਾਕਟਰਾ ਸਾਨੂੰ ਦੋ ਦਿਨ ਹੋ ਗਏ ਵੇਖਣ ਦੀ ਕੋਸ਼ਿਸ਼ ਕਰਦਿਆਂ, ਅਜੇ ਤੱਕ ਕੁੱਝ ਨਹੀਂ ਦਿੱਸਿਆ। ਭਲਾ ਤੈਨੂੰ ਦੋ ਮਿੰਟਾਂ ਵਿਚ ਕਿਵੇਂ ਦਿਸ ਜੂ``? ਭਾਵੇਂ ਇਹ ਕੇਵਲ ਇੱਕ ਚੁਟਕਲਾ (ਲਤੀਫਾ) ਮਾਤਰ ਹੈ। ਪਰ ਹੈਰਾਨ ਨਹੀਂ ਹੋਣਾ। ਹਿੰਦੂ ਧਰਮ ਦੇ ਸਾਰੇ ਗ੍ਰੰਥ (ਜਿਨ੍ਹਾਂ ਨੂੰ ਧਰਮ ਗ੍ਰੰਥ ਐਲਾਨਿਆ ਹੋਇਆ ਹੈ) ਅਜਿਹੇ ਬੇਸ਼ੁਮਾਰ ਚੁਟਕਲਿਆਂ ਨਾਲ ਭਰੇ ਪਏ ਹਨ। ਹਿੰਦੂਆਂ ਦੇ ਇੱਕ ਤੀਰਥ ਪਰਾਗਰਾਜ, ਇਲਾਹਾਬਾਦ ਵਿਖੇ, ਗੰਗਾ ਤੇ ਜਮੁਨਾ ਦੋ ਨਦੀਆਂ ਦਾ ਮੇਲ ਹੁੰਦਾ ਹੈ। ਪੰਜਾਬ ਵਿਚ ਦਰਿਆ ਸਤਲੁਜ ਅਤੇ ਬਿਆਸ ਦਾ ਸੁਮੇਲ ਹਰੀਕੇ ਪਿੰਡ ਦੇ ਸਥਾਨ ਤੇ ਹੁੰਦਾ ਹੈ। ਪੰਜਾਬ ਵਾਸੀਆਂ ਨੂੰ ਕੋਈ ਹੈਰਾਨੀ ਨਹੀਂ। ਇਹ ਇੱਕ ਕੁਦਰਤੀ ਸਹਿਜ ਕਿਰਿਆ ਹੈ। ਪਰ ਹਿੰਦੂ ਲੋਕਾਂ ਨੂੰ ਬੜੀ ਅਜੀਬ ਖੁਸ਼ੀ ਮਿਲਦੀ ਹੈ, ਇਸ ਅਸਥਾਨ ਤੇ ਇਸ਼ਨਾਨ ਕਰਕੇ। ਅਖੇ ਜੀ ਦੋ ਪਵਿੱਤਰ ਨਦੀਆਂ ਦਾ ਬਾਹਰੀ ‘‘ਸੰਗਮ`` (ਮਿਲਾਪ) ਤੇ ਇੱਕ ਤੀਜੀ ਸਰਸਵਤੀ ਦਾ ਗੁਪਤ ਮਿਲਾਪ ਹੋਣ ਕਰਕੇ ਇਹ ਅਤੀ ਪਵਿੱਤਰ ਤੀਰਥ ਹੈ। ਪਹਿਲੀ ਗੱਲ ਤਾਂ ਇਹ ਕਿ ਪੁਜਾਰੀ ਲੁਟੇਰਿਆਂ ਤੇ ਬਿਜਨਸ ਵਾਲਿਆਂ ਰਲਕੇ ਲੋਕਾਂ ਦਾ ਖੂਬ ਘਾਣ ਕੀਤਾ ਹੈ। ਜੇ ਲੋਕਾਂ ਨੂੰ ਅਜਿਹੇ ਥਾਵਾਂ ਦੀ ਮਹਾਨਤਾ ਦੱਸ ਕੇ ਆਉਣ ਲਈ ਉਤਸ਼ਾਹਿਤ ਨਾ ਕੀਤਾ ਗਿਆ ਤਾਂ ਪੂਜਾ ਦਾ ਰੁਪਿਆ ਕਿੱਥੋਂ ਆਵੇਗਾ ? ਪੁਜਾਰੀ ਟੋਲਿਆਂ ਦੀਆਂ ਤੋਦਾਂ (ਗੋਗੜਾਂ) ਫਿਰ ਸੁੱਕ ਜਾਣਗੀਆਂ? ਲੇਖਕ ਨੂੰ ਪੰਜ ਕੁ ਮਹੀਨੇ ਰਿਸ਼ੀਕੇਸ਼ ਹਿੰਦੂ ਤੀਰਥ ਤੇ ਬਣੇ ਇੱਕ ਸਿੱਖਾਂ ਦੇ ਸਕੁੂਲ ਵਿਚ ਬੱਚਿਆਂ ਨੂੰ ਗੁਰਮਤ ਪੜ੍ਹਾਉਣ ਦਾ ਮੌਕਾ ਮਿਲਿਆ। ਸੁਭਾਵਕ ਹੀ ਕੁੱਝ ਹਿੰਦੂ ਦੁਕਾਨਦਾਰਾਂ ਨਾਲ ਸਾਂਝ ਪੈ ਗਈ। ਇੱਕ ਦਿਨ ਗੱਲਾਂ ਕਰਦਿਆਂ ਮੈਂ ਦੁਕਾਨਦਾਰਾਂ ਨੂੰ ਪੁੱਛਿਆ, ਕਿ ਇਸ ਇਲਾਕੇ ਵਿਚ ਚਾਰੇ ਬੰਨੇ ਪਹਾੜ ਹੀ ਪਹਾੜ ਹਨ। ਫਸਲਾਂ ਕਿਤੇ ਕਿਤੇ ਥੋੜ੍ਹੀਆਂ ਹੀ ਨਜ਼ਰ ਆਉਂਦੀਆਂ ਹਨ। ਚੰਗੇ ਕਾਰਖਾਨੇ ਭੀ ਨਹੀਂ ਲੱਗੇ ਹੋਏ, ਜਿੱਥੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ। ਇਹ ਕੋਈ ਵਪਾਰਕ ਕੇਂਦਰ ਭੀ ਨਹੀਂ ਹੈ। ਕੋਈ ਬਹੁਤੀਆਂ ਵੇਖਣਯੋਗ ਥਾਵਾਂ ਭੀ ਇੱਥੇ ਨਹੀਂ ਹਨ। ਫਿਰ ਹਰਿਦੁਆਰ ਤੇ ਰਿਸ਼ੀਕੇਸ਼ ਆਦਿ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੇ ਪੇਟ ਪੂਰਤੀ ਦੇ ਸਾਧਨ ਕੀ ਹਨ ? ਉਹ ਦੁਕਾਨਦਾਰ ਬੜਾ ਖੁੱਲ੍ਹੇ ਸੁਭਾਅ ਦਾ ਸੀ। ਮੇਰੀ ਗੰਲ ਸੁਣਕੇ ਖੁੱਲ੍ਹ ਕੇ ਹੱਸਿਆ ਦੇ ਉੱਚੀ ਜੈਕਾਰਾ ਲਾ ਦਿੱਤਾ ‘‘ਬੋਲ ਗੰਗਾ ਮਈਆ ਕੀ ਜੈ``। ਮੈਂ ਪੁੱਛਿਆ ਕਿ ਵੀਰ ਜੀਓ ਇਹ ਮੇਰੇ ਸਵਾਲ ਦਾ ਜੁਆਬ ਨਹੀਂ ਹੈ। ਉਹ ਮੁਸਕਰਾ ਕੇ ਬੋਲਿਆ, ‘‘ਗਿਆਨੀ ਜੀ ! ਤੁਸੀਂ ਬਹੁਤ ਥਾਵਾਂ ਤੇ ਘੁੰਮੇ ਫਿਰੇ ਹੋ, ਵਿੱਦਿਆ ਭੀ ਕਾਫੀ ਪੜ੍ਹੀ ਹੈ। ਕੀ ਤੁਹਾਨੂੰ ਅਜੇ ਸਮਝ ਨਹੀਂ ਆਈ ਮੈ ਇਸ ਤਰ੍ਹਾਂ ਕਿਉਂ ਆਖਿਆ ਹੈ ? ਮੈਨੂੰ ਚੁੱਪ ਵੇਖਕੇ ਆਖਣ ਲੱਗਾ ਕਿ ਹਰਿਦੁਆਰ, ਰਿਸ਼ੀਕੇਸ਼, ਇਲਾਹਾਬਾਦ, ਕਾਸ਼ੀ ਆਦਿ ਤੀਰਥ ਕਿਉਂ ਪ੍ਰਸਿੱਧ ਹਨ ? ਕਿਉਂਕਿ ਇਹਨਾਂ ਰਾਹਾਂ ਵਿਚੋਂ ਦੀ ਸਾਡੀ ਗੰਗਾ ਮਈਆ ਲੰਘ ਕੇ ਜਾਂਦੀ ਹੈ। ਸਾਡੇ ਸਾਧੂਆਂ ਨੇ ਬੜੀ ਕਿਰਪਾ ਕੀਤੀ ਹੈ, ਉਹਨਾਂ ਦੇ ਜ਼ੋਰਦਾਰ ਰੋਜ਼ਾਨਾ ਦੇ ‘‘ਧਰਮ ਉਪਦੇਸ਼`` ਸਦਕਾ ਲੋਕਾਂ ਦੀਆਂ ਵਹੀਰਾਂ ਇਹਨਾਂ ਤੀਰਥਾਂ ਵੱਲ ਟੁਰੀਆਂ ਹੀ ਰਹਿੰਦੀਆਂ ਨੇ। ਜਦੋਂ ਯਾਤਰੀ ‘‘ਜਨਮ ਮਰਨ ਸਫਲਾ ਕਰਨ`` ਇੱਧਰ ਆਉਂਦੇ ਹਨ ਤਾਂ ਬੱਸਾਂ, ਟੈਕਸੀਆਂ, ਢਾਬੇ, ਹੋਟਲ, ਖਾਣ ਪੀਣ, ਭੇਟ ਪ੍ਰਸਾਦਿ ਸਾਰਾ ਕੁਝ ਕਰਦਿਆਂ ਕਿੰਨੇ ਸਾਰੇ ਲੋਕਾਂ ਦਾ ਤੋਰੀ ਫੁਲਕਾ ਚੱਲ ਪੈਂਦਾ ਹੈ। ਫਿਰ ਸ਼ਰਧਾਲੂਆਂ ਨੇ ਗੰਗਾ ਇਸ਼ਨਾਨ ਕਰਕੇ ਦਾਨ ਕਰਨਾ ‘‘ਪਿਤਰਾਂ ਨਮਿਤ ਉੱਪਰ ਭੇਜਣਾ`` ਤੇ ਹੋਰ ਕਈ ਤਰ੍ਹਾਂ ਦੀਆ ਰਸਮਾਂ ਪੂਰੀਆਂ ਕਰਦਿਆਂ, ਕਿੰਨੇ ਸਾਰੇ ਲੋਕਾਂ ਦਾ ਰੋਜ਼ਗਾਰ ਚੱਲ ਪੈਂਦਾ ਹੈ। ਸਾਧੂਆਂ ਦੀ ਕਿਰਪਾ ਨਾਲ ਗੰਗਾ ‘‘ਧੰਨਯ ਹੋ ਗਈ``। ਤੇ ਗੰਗਾ ਮਾਤਾ ਦੀ ਕਿਰਪਾ ਸਦਕਾ ਅਸੀਂ ਧੰਨਯ ਹੋ ਗਏ।
ਬ੍ਰਾਹਮਣ ਲਿਖਾਰੀਆਂ ਦਾ ਲਿਖਿਆ ਬੋਲਿਆ ਝੂਠ ਅੱਜ ਤੱਕ ਬੜੇ ਮਹਿੰਗੇ ਭਾਅ ਵਿਕਦਾ ਆ ਰਿਹਾ ਹੈ, ਕਈ ਸਦੀਆਂ ਤੋਂ। ਦੋ ਨਦੀਆਂ ਗੰਗਾ ਜਮੁਨਾ ਨਜ਼ਰ ਆ ਰਹੀਆਂ ਹਨ। ਪਰ ਤੀਜੀ ਸਰਸਵਤੀ ਅੱਜ ਤੱਕ ਕਿਸੇ ਨਹੀਂ ਵੇਖੀ ਤੇ ਨਾ ਅੱਗੋਂ ਵੇਖਣੀ ਹੈ। ਫਿਰ ਭੀ ਇਹ ਕੁਫਰ ਸਦੀਆਂ ਤੋਂ ਬੋਲਿਆ ਤੇ ਮਨਾਇਆ ਜਾ ਰਿਹਾ ਹੈ। ਮਤਲਬ ਇਹ ਕਿ ਜਿਹੜੀ ਚੀਜ਼ ਹੈ ਹੀ ਨਹੀਂ, ਬ੍ਰਾਹਮਣ ਪੁਜਾਰੀ ਨੇ ਉਸ ਥਾਂ ਭੀ ਵੱਡੀਆਂ ਭੀੜਾਂ ਇਕੱਠੀਆਂ ਕਰ ਲਈਆਂ ਤੇ ਪਾਪ ਕੱਟਕੇ, ਸੁਰਗ ਦੀਆਂ ਟਿਕਟਾਂ ਹੱਥ ਫੜਾ ਦਿੱਤੀਆਂ। ਜਿਵੇਂ ਤੀਜੀ ਨਦੀ ਸਰਸਵਤੀ ਨਾ ਕਦੇ ਸੀ, ਨਾ ਹੋਵੇਗੀ। ਇਸੇ ਤਰਜ ਤੇ ਫਿਰ ਇੱਕ ਅਵਤਾਰ ਪੈਦਾ ਹੋਵੇਗਾ, ਉੱਤਰ ਪਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਸੰਬਲ ਪਿੰਡ ਵਿਚ ਇਸ ਦਾ ਨਾਮ ਕਲਕੀ ਅਵਤਾਰ ਹੋਵੇਗਾ। ਪੈਦਾ ਭੀ ਕੇਵਲ ਬ੍ਰਾਹਮਣ ਦੇ ਘਰ ਹੋਵੇਗਾ। ਜੋ ਪਿਛਲੇ ਸਮੇਂ ਵਿਚ ਬ੍ਰਾਹਮਣ ਦੀ ਪੂਜ ਹੋ ਗਈ ਉਹ ਤਾਂ ਬੇਅੰਤ ਸੀ ਪਰ ਅੱਗੋਂ ਭੀ ਸਾਰਾ ਪ੍ਰਬੰਧ ਕਰ ਲਿਆ ਕਿ ਮਤਾਂ ਕੋਈ ਹੋਰ ਗਲਤੀ ਕਰ ਜਾਵੇ ਅਵਤਾਰ ਹੋਣ ਦੀ। ਇਸ ਦਾ ਹੱਕ ਕੇਵਲ ਬ੍ਰਾਹਮਣ ਕੋਲ ਰਾਖਵਾਂ ਹੈ। ਜੇ ਕੋਈ ਅਵਤਾਰ ਜੰਮੇਗਾ ਤਾਂ ਬ੍ਰਾਹਮਣ ਦੀ ਮਰਜ਼ੀ ਮੁਤਾਬਕ, ਵਰਨਾ ਨਹੀ ਜੰਮੇਗਾ।
ਕਲਕੀ ਅਵਤਾਰ ਘੋਰ ਕਲਜੁਗ ਵਿਚ ਸਫੇਦ ਘੋੜੇ ਤੇ ਸਵਾਰ ਹੋ ਕੇ, ਹੱਥ ਵਿਚ ਤਲਵਾਰ ਲੈ ਕੇ ਸਾਰੇ ਪਾਪੀਆਂ ਦਾ ਨਾਸ ਕਰੇਗਾ। ਸੱਤਵੀਂ ਸਦੀ ਤੋਂ ਹਿੰਦੁਸਤਾਨ ਹਮਲਾਵਰਾਂ ਦੇ ਪੈਰਾਂ ਹੇਠ ਰੁਲਦਾ ਰਿਹਾ। ਸਤਵੰਤੀਆਂ ਦੀ ਪੱਤ ਲੁੱਟੀਂਦੀ ਰਹੀ। ਮੰਦਰਾਂ ਨੂੰ ਤੋੜ ਕੇ ‘‘ਭਗਵਾਨਾਂ`` ਦੀਆਂ ਮੂਰਤੀਆਂ ਦੇ ਟੁਕੜੇ ਕਰਕੇ ਮਸਜਦਾਂ ਦੀਆਂ ਦਹਲੀਜ਼ਾਂ ਅੱਗੇ ਟਿਕਾਏ ਗਏ, ਤਾਂ ਕਿ ਅੰਦਰ ਦਾਖਲ ਹੋਣ ਵਾਲਾ ਹਰ ਵਿਅਕਤੀ ‘‘ਭਗਵਾਨ`` ਤੇ ਪੈਰ ਰੱਖ ਕੇ ਅੱਗੇ ਜਾਵੇ। ਸਮੂੰਹਕ ਕਤਲਾਮਾ ਹੋਈਆਂ, ਦੇਸ਼ ਵਾਸੀਆਂ ਦੇ ਜਿਗਰ ਦੇ ਟੁਕੜੇ ਲਾਡਾਂ ਨਾਲ ਪਲੀਆਂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿਚ ਵਿਕਦੀਆਂ ਰਹੀਆਂ। ਔਰੰਗਜੇਬ ਨੇ ਸਾਰੇ ਬ੍ਰਹਮਣਾਂ ਨੂੰ ਜਬਰੀ ਮੁਸਲਮਾਨਾਂ ਬਣਾਉਣਾ ਸ਼ੁਰੂ ਕਰ ਦਿੱਤਾ। ਪਰ ਕੋਈ ਕਲਕੀ ਅਵਤਾਰ ਪ੍ਰਗਟ ਨਹੀਂ ਹੋਇਆ। ਘੋਰ ਕਲਜੁਗ ਹੋਰ ਕਿਸ ਤਰ੍ਹਾਂ ਦਾ ਹੋਇਆ ਕਰਦਾ ਹੈ? ਇਸ ਤੋਂ ਮਗਰੋਂ ਫਿਰ ਕਲਕੀ ਨੂੰ ਰਗੜ ਕੇ ਫੋੜੇ ਤੇ ਲਾਉਣਾ ਹੈ ? ਅਜਿਹੀਆਂ ਝੂਠ ਕਹਾਣੀਆਂ ਨੇ ਭਾਰਤੀਆਂ ਨੂੰ ਆਲਸੀ ਦਲਿਦਰੀ ਕਮੀਣੇ ਤੇ ਵਿਹਲੜ ਬਣਾ ਕੇ ਰੱਖ ਦਿੱਤਾ। ਹਰ ਕੋਈ ਟਿਕ ਟਿਕੀ ਲਾ ਕੇ ਵੇਖਣ ਦਾ ਆਦੀ ਹੋ ਗਿਆ ਕਿ ਕੋਈ ਗੈਬੀ ਸ਼ਕਤੀ ਜਾਂ ਕੋਈ ਦੇਵੀ ਦੇਵਤਾ ਅਤੇ ਕਲਕੀ ਅਵਤਾਰ ਪ੍ਰਗਟ ਹੋਵੇਗਾ। ਉਸ ਵਕਤ ਸਾਰੇ ਦੁਸ਼ਮਣ ਮਰ ਜਾਣਗੇ, ਸਾਰੇ ਦੁੱਖ ਕਲੇਸ਼ ਖਤਮ ਹੋ ਜਾਣਗੇ।
ਹੋਰ ਕੋਈ ਕਲਕੀ ਅਵਤਾਰ ਕਿਥੋਂ ਪੈਦਾ ਹੋਣਾ ਸੀ, ਉਹ ਮਹਾਨ ਰਹਿਬਰ ਤਾਂ ਗੁਰੂ ਨਾਨਕ ਸਾਹਿਬ ਜੀ ਸਨ ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਪਛਾਣਿਆ ਹੀ ਨਹੀਂ। ਉਹਨਾਂ ਨੂੰ ਹਰ ਤਰ੍ਹਾਂ ਦੀਆਂ ਗੁਲਾਮੀਆ ਵਿਚੋਂ ਕੱਢਕੇ ਪੂਰਨ ਤਰ੍ਹਾਂ ਸੁਤੰਤਰ ਕਰ ਦੇਣਾ ਚਾਹੁੰਦੇ ਸਨ। ਪਰ ਇਹਨਾਂ ਲੋਕਾਂ ਸਤਿਗੁਰੂ ਦੀ ਗੱਲ ਮੰਨਣ ਦੀ ਥਾਵੇਂ ਸਗੋਂ ਵਿਰੋਧਤਾ ਕੀਤੀ। ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਇਹਨਾਂ ਲੋਕਾਂ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਿੱਤਾ। ਇਹਨਾਂ ਨੂੰ ਫੇਰ ਭੀ ਸਮਝ ਨਾ ਆਈ। ਦਸਵੇਂ ਨਾਨਕ ਸਾਰੀ ਉਮਰ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਵਾਸਤੇ ਮੁਸੀਬਤਾਂ ਝੱਲਦੇ ਰਹੇ, ਜੰਗ ਲੜਦੇ ਰਹੇ, ਆਪਣੇ ਪੁੱਤਰ ਤੇ ਮਾਤਾ ਪਿਤਾ ਸ਼ਹੀਦ ਕਰਵਾ ਲਏ। ਪਰ ਇਹਨਾਂ ਲੋਕਾਂ ਨੇ ਗੁਰੂ ਜੀ ਦੇ ਅਹਿਸਾਨ ਭੁਲਾ ਦਿੱਤੇ। ਉਹਨਾਂ ਦੀ ਸਿੱਖਿਆ ਮੰਨਣ ਦੀ ਥਾਵੇਂ ਉਸ ਵਿਚਾਰਧਾਰਾ ਦੇ ਹੀ ਕੱਟੜ ਦੁਸ਼ਮਣ ਬਣ ਬੈਠੇ। ਅੰਗ੍ਰੇਜ਼ਾਂ ਨੇ ਭੀ ਇਸ ਦੇਸ਼ ਨੂੰ ਖੂਬ ਬੂਟਾਂ ਹੇਠ ਲਿਤਾੜਿਆ, ਪਰ ਉਸ ਵਕਤ ਭੀ ਕਲਕੀ ਭਗਵਾਨ ਨੂੰ ਪ੍ਰਗਟ ਹੋਣਾ ਚੰਗਾ ਨਾ ਲੱਗਿਆ। ਹੋਰ ਕਿੰਨੇ ਕੁ ਬੁਰੇ ਦਿਨਾਂ ਦੀ ਉਡੀਕ ਕਰ ਰਹੇ ਹਨ ਬਿਪਰ ਜੀ ? ਘੋਰ ਕਲਜੁਗ ਨੂੰ ਮਾਪਣ ਲਈ ਕਿਹੜਾ ਫੀਤਾ ਕੰਮ ਆਵੇਗਾ ?
ਕਈ ਹਿੰਦੂ ਜਥੇਬੰਦੀਆਂ ਦੇ ਮੁਖੀਆਂ ਨੇ ਆਪਣੇ ਲੈਕਚਰਾਂ ਜਾਂ ਬਿਆਨਾਂ ਵਿਚ ਇਹ ਸ਼ਾਤਰ ਬਿਆਨ ਭੀ ਦਾਗੇ ਹਨ ਕਿ ਅਗਰ ਸਿੱਖ ਆਪਣੇ ਆਪ ਨੂੰ ‘‘ਵੱਖਰੀ ਕੌਮ`` ਮੰਨਣੋਂ ਹਟ ਜਾਣ ਤਾਂ ਅਸੀਂ ਸਿੱਖਾਂ ਨੂੰ ਸਨਮਾਨ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਮੰਨ ਲਵਾਂਗੇ। ਗੁਰੂ ਨਾਨਕ ਸਾਹਿਬ ਜੀ ਨੂੰ ਬ੍ਰਹਮਾ ਦਾ ਅਵਤਾਰ ਮੰਨ ਲਵਾਂਗੇ। ਅਜੇ ਤੱਕ ਖੈਰ ਹੈ ਕਿ ਉਹਨਾਂ ਦੀ ਇਹ ਪਾਪ ਭਰੀ ਇੱਛਾ ਪੂਰੀ ਨਹੀਂ ਹੋਈ। ਨਾਲੇ ਹੋਰ ਭੀ ਧਿਆਨ ਰਹੇ, ਕਲਕੀ ਅਵਤਾਰ ਤੋਂ ਪਹਿਲਾਂ ਤੱਕ (ਤੇਈ) ਅਵਤਾਰ ਪੈਦਾ ਹੋ ਚੁੱਕੇ ਦੱਸੇ ਜਾਂਦੇ ਹਨ। ਜੇ ਉਹਨਾਂ ਤੇਈ ਭਗਵਾਨਾਂ ਨੇ ਦੇਸ਼ ਦੀ ਦੁਰਦਸ਼ਾ ਨੂੰ ਨਹੀਂ ਸੁਧਾਰਿਆ । ਉਸੇ ਤਰਾਂ ਅਨੰਤ ਪਾਪ ਵਰਤਦੇ ਹਨ, ਤਾਂ ਇਕ ਹੋਰ ਚੌਵੀਵੇਂ ਅਵਤਾਰ ਜੇ ਪੈਦਾ ਹੋ ਹੀ ਜਾਂਦਾ, ਤਾਂ ਕਿਹੜੀ ਧਰਤੀ ਥੰਮ ਲੈਣੀ ਸੀ ? ਹਿੰਦੂ ਸਮਾਜ, ਭਾਰਤੀ ਲੋਕਾਂ ਨੂੰ ਸਦੀਆਂ ਤੋਂ ਉਡਣ ਖਟੋਲਿਆਂ (ਹਵਾਈ ਜਹਾਜ਼) ਵਿਚ ਬਿਠਾ ਕੇ ਆਕਾਸ਼ ਦੀਆਂ ਉਡਾਰੀਆਂ ਲਗਵਾਈਆਂ ਜਾ ਰਹੀਆਂ ਹਨ, ਦੁਨੀਆਂ ਦੀ ਸੈਰ ਕਰਵਾਈ ਜਾ ਰਹੀ ਹੈ । ਨਾ ਕਿਤੇ ਉਡਣ ਖਟੋਲੇ ਹਨ ਤੇ ਨਾ ਕਿਧਰੇ ਉਹਨਾਂ ਨੂੰ ਬਣਾਉਣ ਚਲਾਉਣ ਵਾਲੇ ਹਨ। ਗੁਰਬਾਣੀ ਦਾ ਪਾਵਨ ਬਚਨ ਹੈ -
ਕਲਰੁ ਖੇਤੁ ਲੈ ਕੂੜ ਜਮਾਇਆ ਸਭ ਕੂੜੈ ਕੇ ਖਲਵਾਰੇ ।।
ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ।। (981)
ਕਿਸੇ ਦੀ ਚੁੱਕ ਵਿਚ ਆ ਕੇ ਇਕ ਰਾਜੇ ਨੇ ਆਪਣੇ ਵਜ਼ੀਰ ਨੂੰ ਨਵੀਂ ਮੁਸੀਬਤ ਵਿਚ ਫਸਾਉਣ ਦੀ ਚਾਲ ਚੱਲੀ। ਅਖੇ ਮੈਨ੍ਵੰ ਹਵਾ ਮਹਿਲ ਚਾਹੀਦਾ ਹੈ, ਸਾਰੇ ਗੁਆਂਢੀ ਰਾਜਿਆਂ ਕੋਲ ਹਵਾ ਮਹਿਲ ਹਨ, ਉਹ ਮੇਰੇ ਨਾਲੋਂ ਜ਼ਿਆਦਾ ਸੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਵਜੀਰ ਚੰਦੂ ਲਾਲ, ਮੇਰੇ ਲਈ ਹਵਾ ਮਹਿਲ ਬਣਾਉਣ ਆ ਜਾਵੇ, ਖਰਚੇ ਦੀ ਪ੍ਰਵਾਹ ਨਹੀਂ । ਵਜ਼ੀਰ ਬੜਾ ਘਾਗ ਸੀ, ਵਿਰੋਧੀਆਂ ਵੱਲੋਂ ਰਾਜੇ ਨੂੰ ਦਿੱਤੀ ਗਈ ਚੁਕਣਾ ਨੂੰ ਸਮਝ ਗਿਆ । ਬੜੀ ਗੰਭੀਰਤਾ ਵਿਖਾਉਂਦਾ ਆਖਣ ਲੱਗਾ, ਮਹਾਰਾਜ ਇਸ ਪ੍ਰਾਜੈਕਟ ਤੇ ਖਰਚਾ ਬਹੁਤ ਆਵੇਗਾ । ਰਾਜੇ ਨੇ ਮੁੂੰਹ ਮੰਗੀ ਕਰੋੜਾਂ ਦੀ ਰਕਮ ਪ੍ਰਵਾਨ ਕਰ ਦਿੱਤੀ । ਵਜ਼ੀਰ ਰੁਪੈ ਲੈ ਕੇ ਛੇ ਮਹੀਨੇ ਵਾਸਤੇ ਰਾਜ ਦਰਬਾਰ ਵਿਚੋਂ ਛੁੱਟੀ ਲੈ ਕੇ ਚਲਾ ਗਿਆ । ਆਪਣੇ ਕਈ ਕੰਮ ਸਵਾਰੇ, ਸੈਰ ਕੀਤੀ ਤੇ ਵਾਪਿਸ ਆ ਕੇ ਫਿਰ ਫੰਡ ਦੀ ਮੰਗ ਕੀਤੀ । ਅਜੇ ਮਹਾਰਾਜ ਹੋਰ ਛੇ ਮਹੀਨੇ ਲਗਣਗੇ ਹਵਾ ਮਹਿਲ ਬਣਨ ਨੂੰ, ਨਾਲ ਹੀ ਕੁਝ ਹੋਰ ਕਰੋੜ ਰੁਪੈ ਭੀ ਹੋਰ ਪ੍ਰਵਾਨ ਕਰ ਦਿਉ। ਰਾਜੇ ਨੇ ਦਿਵਾ ਦਿੱਤਾ। ਛੇ ਮਹੀਨੇ ਮਗਰੋਂ ਵਜ਼ੀਰ ਰੁਪੈ ਆਪਣੇ ਕੰਮਾਂ ਤੇ ਖਰਚ ਕਰਕੇ, ਵਾਪਸ ਰਾਜ ਦਰਬਾਰ ਵਿਚ ਪਹੁੰਚ ਗਿਆ। ਜਦੋਂ ਰਾਜੇ ਨੇ ਸਭਾ ਵਿਚ ਪੁੱਛਿਆ ਕਿ ਦੱਸੋ ਹਵਾ ਮਹਿਲ ਕਦੋਂ ਤਿਆਰ ਹੋਵੇਗਾ ? ਜੀ ਹਜ਼੍ਵਰ ਤਿਆਰ ਹੋ ਚੁੱਕਿਆ ਹੈ, ਤੁਸੀਂ ਚੱਲਣ ਲਈ ਤਿਆਰੀ ਕਰੋ। ਵਜ਼ੀਰ ਨੇ ਪਹਿਲਾਂ ਤਿਆਰ ਕਰਕੇ ਲਿਆਂਦੇ ਤੋਤੇ ਪਿੰਜਰੇ ਵਿਚੋਂ ਕੱਢ ਕੇ ਉੱਪਰ ਨੂੰ ਉਡਾ ਦਿੱਤੇ। ਅਕਾਸ਼ ਵਿਚ ਉਡਾਰੀਆਂ ਲਾਉਂਦੇ ਤੋਤੇ ਗਾ ਰਹੇ ਸਨ -‘‘ਜਲਦੀ ਆਉ ਮਹਾਰਾਜ ! ਹਵਾ ਮਹਿਲ ਵਿਚ ਤੁਹਾਡਾ ਸੁਆਗਤ ਹੈ ਸੁਆਗਤ ਹੈ .....``। ਰਾਜਾ ਡੌਰ ਭੌਰ ਹੋਇਆ ਵੇਖੀ ਜਾਵੇ ਤੇ ਅਬੜਵਾਹੇ ਬੋਲਿਆ - ਚੰਦੂ ਲਾਲ ਇਹ ਹਵਾ ਮਹਿਲ ਕਿੰਨਾ ਕੁ ਉੱਪਰ ਹੈ ? ਮਹਾਰਾਜ ਇਸ ਵਾਸਤੇ ਉਡਣ ਖਟੋਲਾ ਬਣਾਉਣਾ ਪਵੇਗਾ, ਛੇ ਮਹੀਨੇ ਦਾ ਸਮਾਂ ਹੋਰ ਅਤੇ ਦੋ ਕਰੋੜ ਰੁਪੈ ਹੋਰ ਮੰਜੂਰ ਕਰ ਦਿਉ। ਤੁਹਾਡੇ ਪਹੁੰਚਣ ਲਈ ਸੁੰਦਰ ਵਿਮਾਨ ਦਾ ਪ੍ਰਬੰਧ ਹੋ ਜਾਵੇਗਾ। ਨਾ ਕਿਤੇ ਹਵਾ ਮਹਿਲ ਬਣਿਆ ਨਾ ਕਾਰੀਗਰ ਜਾਂ ਮਜ਼ਦੂਰ ਲੱਗੇ। ਸਿਖਾਏ ਹੋਏ ਤੋਤਿਆਂ ਨੇ ਦੋ ਮਿੰਟ ਆਸਮਾਨ ਵਿਚ ‘‘ਹਵਾ ਮਹਿਲ ਹਵਾ ਮਹਿਲ`` ਦਾ ਸ਼ੋਰ ਮਚਾ ਦਿੱਤਾ ਤੇ ਅਲੋਪ ਹੋ ਗਏ। ਰਾਜੇ ਵੱਲੋਂ ਦਿੱਤਾ ਫੰਡ ਵਜ਼ੀਰ ਹੜੱਪ ਕਰ ਗਿਆ। ਇੰਨ ਬਿੰਨ ਇਸੇ ਤਰ੍ਹਾਂ ਦੇ ਹਵਾ ਮਹਿਲ ਸਰਸਵਤੀ ਦਰਿਆ ਬਾਰੇ, ਇਸੇ ਤਰ੍ਹਾਂ ਦੇ ਹਵਾ ਮਹਿਲ ਕਲਕੀ ਅਵਤਾਰ ਬਾਰੇ ਆਸਮਾਨ ਵਿਚ ਲਟਕ ਰਹੇ ਹਨ ਤੇ ਬ੍ਰਾਹਮਣ ਪੁਜਾਰੀ ਉਡਣ ਖਟੋਲਾ ਬਣਾਉਣ ਲਈ ਹੋਰ ਮਾਇਆ ਇਕੱਤਰ ਕਰ ਰਹੇ ਹਨ। ਜੇ ਕਾਗਜ਼ੀ ਉਡਣ ਖਟੋਲਾ ਬਣ ਗਿਆ ਫਿਰ ਉਸ ਵਿਚ ਤੇਲ ਪਟਰੋਲ ਪੁਆਣ ਲਈ ਉਗਰਾਹੀ ਸ਼ੁਰੂ ਹੋ ਜਾਂਦੀ ਹੈ। ਲੱਖਾਂ ਮੁਸੀਬਤਾਂ ਝੱਲਣ ਵਾਲੇ ਹਿੰਦੁਸਤਾਨ ਵਿਚ ਪਤਾ ਨਹੀਂ ਕਲਕੀ ਅਵਤਾਰ ਜੀ ਕਿਉਂ ਪ੍ਰਗਟ ਨਹੀਂ ਹੋਣਾ ਚਾਹੁੰਦੇ ? ਸ਼ਾਇਦ ਹੋਰ ਜ਼ਿਆਦਾ ਤਬਾਹੀ ਬਰਬਾਦੀ ਹੋਣੀ ਲੋਚਦੇ ਹਨ। ਭਵਿੱਖ ਦੀ ਰੂਪ ਰੇਖਾ ਉਲੀਕ ਕੇ ਮੁਸੀਬਤਾਂ ਨਾਲ ਟੱਕਰ ਲੈਣੀ ਪਵੇਗੀ। ਗਿਆਨ ਅਤੇ ਹਿੰਮਤ ਤੋਂ ਬਿਨਾਂ ਮੁਸੀਬਤਾਂ ਨੇ ਕਿਤੇ ਨੱਸ ਨਹੀਂ ਜਾਣਾ। ਹਾਲਾਤ ਨਾਲ ਟੱਕਰ ਲੈਣ ਵਾਸਤੇ ਸਤਿਗੁਰੂ ਸਹਿਬਾਨ ਧਰਤੀ ਤੇ ਜੀਵਨ ਭਰ ਕਾਰਜਸ਼ੀਲ ਰਹੇ। ਖੁਦ ਉੱਦਮ ਕੀਤਾ ਤੇ ਸੇਵਕਾਂ ਨੂੰ ਉੱਦਮ ਕਰਨ ਲਈ ਪ੍ਰੇਰਨਾ ਕੀਤੀ। ਔਕੜਾਂ, ਮੁਸੀਬਤਾਂ, ਭੁੱਖਾਂ, ਤ੍ਰੇਹਾਂ, ਜੰਗ ਜੁੱਧ, ਉਜਾੜੇ, ਘੱਲੂਘਾਰੇ ਵਾਪਰੇ। ਫਿਰ ਕਿਤੇ ਮਜ਼ਲੂਮਾਂ ਨੂੰ ਸੌਖਾ ਸਾਹ ਆਇਆ ਸੀ। ਇਸ ਪਰਥਾਇ ਸਤਿਗੁਰੂ ਜੀ ਨੇ ਬਹੁਤ ਬਾਣੀ ਲਿਖੀ ਹੈ। ਪੜ੍ਹੋ ਕੁਝ ਪਰਮਾਣ :-
ਰੇ ਮੂੜੇ ਅਨਕਾਹੇ ਕਤ ਜਾਈ।। ਸੰਗਿ ਮਨੋਹਰੁ ਅੰਮ੍ਰਿਤ ਹੈ ਰੇ ਭੁੂਲਿ ਭੂਲਿ ਬਿਖੁ ਖਾਈ।। (1212)
ਅਗੋ ਦੇ ਜੇ ਚੇਤੀਐ ਤਾ ਕਾਇਤੁ ਮਿਲੈ ਸਜਾਇ।। ਸਾਹਾ ਸੁਰਤਿ ਗਾਵਾਈਆ ਰੰਗ ਤਮਾਸੈ ਚਾਇ।।
ਬਾਬਰ ਵਾਣੀ ਫਿਰਿ ਗਈ ਕੋਇਰ ਨ ਰੋਟੀ ਖਾਇ।। (417)
ਫਿਰਿ ਫਿਰਿ ਫਾਹੀ ਫਾਸੈ ਕਊਆ।।ਫਿਰਿ ਪਛੁਤਾਨਾ ਅਬ ਕਿਆ ਹੂਆ।।
ਫਾਥਾ ਚੋਗ ਚੁਗੈ ਨਹੀ ਬੂਝੇ।। ਸਤਿਗੁਰ ਮਿਲੈ ਤ ਆਖੀ ਸੂਝੈ।। (935)
ਲੱਗਦਾ ਇਉਂ ਹੈ ਕਿ ਸਿੱਖਾਂ ਦੇ ਖੁਦਗਰਜ਼ ਰਾਜਸੀ ਲੀਡਰ ਅਤੇ ਪਾਖੰਡੀ ਧਰਮ ਪਰਚਾਰਕ (ਜਥੇਦਾਰ) ਭੀ ਸਿੱਖਾਂ ਨੂੰ ਕਿਸੇ ਗੈਬੀ ਸ਼ਕਤੀ ਜਾਂ ਕਲਕੀ ਅਵਤਾਰ ਦੀ ਉਡੀਕ ਕਰਨ ਲਈ ਆਖੀ ਜਾ ਰਹੇ ਹਨ। ਕਿਉਂਕਿ ਭਵਿੱਖ ਵਾਸਤੇ ਕਲਕੀ ਅਵਤਾਰ ਨਹੀਂ, ਹਿੰਮਤ ਸਿਆਣਪ ਤੇ ਗੁਰਬਾਣੀ ਦਾ ਚਾਨਣ ਚਾਹੀਦਾ ਹੈ ਵਕਤੀ ਨਾਹਰੇ ਨਹੀਂ।
ਅਜਾਮਿਲ - ਕਨੋਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ ਜਿਸ ਨੇ ਇੱਕ ਵੇਸ਼ਵਾ ਨਾਲ ਵਿਆਹ ਕਰਕੇ ਆਪਣੇ ਘਰ ਲੈ ਆਇਆ ਸੀ। ਇਸ ਵੇਸ਼ਵਾ ਦੇ ਗਰਭ ਤੋਂ ਦਸ ਪੁੱਤਰ ਪੈਦਾ ਹੋਏ। ਕਿਸੇ ਤੋਂ ਸੁੱਖ ਨਾ ਮਿਲਿਆ। ਸਭ ਤੋਂ ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਇਹ ਦੁਸ਼ਟਕਰਮੀ ਮੁਕਤੀ ਦਾ ਅਧਿਕਾਰੀ ਬਣਿਆ। (ਮਹਾਨ ਕੋਸ਼ --39)
ਵਿਚਾਰ :- ਇਸ ਬ੍ਰਾਹਮਣ ਦਾ ਨਾਮ ਤਾਂ ਗੁਰਬਾਣੀ ਵਿਚ ਥੋੜ੍ਹੀ ਵਾਰ ਆਇਆ ਹੈ, ਪਰ ਸਿੱਖਾਂ ਦੇ ਪ੍ਰਚਾਰਕਾਂ ਤੇ ਸਾਧਾਂ ਨੇ ਇਸ ਨੂੰ ਸਟੇਜਾਂ ਤੇ ਬਾਰ ਬਾਰ ਦੁਹਰਾਇਆ ਹੈ। ਇਸ ਦਾ ਮਨੋਵਿਗਿਆਨ ਇਉਂ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਦੁਸ਼ਟ ਕਰਮਾਂ ਤੋਂ ਵਾਪਸ ਮੁੜਨਾ ਨਹੀਂ ਚਾਹੀਦਾ। ਬਾਰ ਬਾਰ ਸਰੀਰੀ ਸੁਆਦਾਂ ਵਿਚ ਲੁਭਿਤ ਰਹਿ ਕੇ ਵਿਲਾਸੀ ਜ਼ਿੰਦਗੀ ਬਿਤਾ ਦਿੰਦਾ ਹੈ। ਇਹ ਭੀ ਸੱਚ ਹੈ ਕਿ ਵਾਸ਼ਨਾਵਾਂ ਵਿਚ ਡੁੱਬਿਆ ਮਨੁੱਖ ਕੇਵਲ ਆਪਦੇ ਆਪ ਤੱਕ ਸੁੰਗੜ ਕੇ ਅਨਮੋਲ ਜੀਵਨ ਵਿਅਰਥ ਗੰਵਾ ਦਿੰਦਾ ਹੈ। ਮਨੁੱਖਤਾ ਦੇ ਹਿੱਤ ਵਿਚ ਉਸਾਰੂ ਕੰਮ ਕਰਨ ਦਾ ਉਸ ਕੋਲ ਨਾ ਸਮਾਂ ਹੁੰਦਾ ਹੈ ਨਾ ਸਮਝ ਹੁੰਦੀ ਹੈ। ਉਸ ਦਾ ਪ੍ਰਵਾਰ ਬਰਬਾਦ ਹੋ ਜਾਵੇ, ਘਰ ਉੱਜੜ ਜਾਵੇ, ਸਰੀਰ ਰੋਗੀ ਤੇ ਨਕਾਰਾ ਹੋ ਜਾਵੇ, ਉਹ ਬੇਖਬਰ ਹੈ। ਦੇਸ਼ ਗੁਲਾਮੀ ਵਿਚ ਜਕੜਿਆ ਰਹੇ, ਮੰਦਰ ਢਹਿੰਦੇ ਰਹਿਣ, ਸਮਾਜਕ ਤਾਣਾ ਬਾਣਾ ਗੜਬੜਾ ਜਾਵੇ, ਉਹ ਆਪਣੇ ਆਪ ਵਿਚ ਗੁਆਚਿਆ ਸਮਾਂ ਗੁਜ਼ਾਰ ਦਿੰਦਾ ਹੈ। ਇਸੇ ਤਰ੍ਹਾਂ ਦਾ ਮਨੋਰੋਗ ਇਸ ਬ੍ਰਾਹਮਣ ਅਜਾਮਿਲ ਨੂੰ ਸੀ। ਇੱਕ ਰਾਜੇ ਕੋਲੋਂ ਅੱਛੀ ਖਾਸੀ ਤਨਖਾਹ ਲੈ ਕੇ ਇਹ ‘‘ਕੁਲ ਪ੍ਰੋਹਿਤ`` ਦੀ ਨੌਕਰੀ ਕਰਦਾ ਸੀ। ਅੰਨ੍ਹਾਂ ਪੈਸਾ, ਰਾਜ ਦਰਬਾਰ ਦੀਆਂ ਅਨੇਕ ਸਹੂਲਤਾਂ ਨੇ ਬੁੱਧੀ ਭਰਿਸ਼ਟ ਕਰ ਦਿੱਤੀ, ਕੁਰਾਹੇ ਪੈ ਗਿਆ। ਨਸ਼ੇ ਸਰੀਰ ਨੂੰ ਖਾਣ ਲੱਗੇ, ਵੇਸ਼ਵਾ ਦੇ ਕੋਠਿਆਂ ਤੇ ਵਕਤ ਬਰਬਾਦ ਹੋਣ ਲੱਗਿਆ। ਰਾਜ ਦਰਬਾਰ ਵੱਲੋਂ ਨੌਕਰੀ ਤੋਂ ਜਵਾਬ ਮਿਲ ਗਿਆ। ਸ਼ਹਿਰ ਵਾਲਿਆਂ ਨੇ ਸ਼ਹਿਰ ਚੋਂ ਕੱਢ ਦਿੱਤਾ। ਜੰਗਲ ਵਿਚ ਛੱਪਰ ਬਣਾ ਕੇ ਰਹਿਣ ਲੱਗਾ। ਵੇਸ਼ਵਾ ਪਤਨੀ ਨੇ ਦਸ ਪੁੱਤਰਾਂ ਨੂੰ ਜਨਮ ਦਿੱਤਾ। ‘‘ਰਾਮ ਨਾਮ`` ਉੱਕਾ ਹੀ ਮਨੋਂ ਵਿਸਾਰ ਦਿੱਤਾ। ਇੱਕ ਦਿਨ ਕਿਸੇ ਸਾਧੂ ਨੇ ਉਪਦੇਸ਼ ਕੀਤਾ ਕਿ ਅਜਾਮਿਲ ‘‘ਨਾਮ`` ਜਪਿਆ ਕਰ। ਆਖਣ ਲੱਗਾ ਜੀ ਦਿਲ ਨਹੀਂ ਮੰਨਦਾ। ਸਾਧੂ ਨੇ ਸਲਾਹ ਦਿੱਤੀ, ਪੁੱਤਰ ਦਾ ਨਾਮ ਹੀ ਨਾਰਾਇਣ ਰੱਖ ਦੇਹ, ਜਦੋਂ ਇਸ ਨੂੰ ਆਵਾਜ਼ ਮਾਰੇਂਗਾ ਤਦੋਂ ਰੱਬ ਚੇਤੇ ਆ ਜਾਇਆ ਕਰੇਗਾ। ਅਜਾਮਿਲ ਨੇ ਇਵੇਂ ਹੀ ਕੀਤਾ ਤੇ ਨਾਰਾਇਣ ਆਖਦਿਆਂ ਜਦੋਂ ਪ੍ਰਾਣ ਨਿਕਲਣ ਲੱਗੇ ਤਦੋਂ ਵਿਸ਼ਨੂੰ ਭਗਵਾਨ ਆਪ ਚੱਲ ਕੇ ਆਇਆ। ਆਪਦੇ ਵਿਮਾਨ ਵਿਚ ਬਿਠਾ ਕੇ ਸਦਾ ਲਈ ਸਵਰਗ ਵਿਚ ਲੈ ਗਿਆ। ਪਾਠਕ ਜਨੋਂ ਇਹ ਹਿੰਦੂ ਪੌਰਾਣਕ ਕਹਾਣੀ ਦਾ ਖੁੱਲ੍ਹਾ ਜਿਹਾ ਖੁਲਾਸਾ ਹੈ। ਇਹ ਕਹਾਣੀ ਜਿਵੇਂ ਸੁਣਾਈ ਜਾ ਰਹੀ ਹੈ, ਇਸ ਦੀ ਤਹਿ ਤੱਕ ਪੁੱਜ ਕੇ ਵੇਖੀਏ ਕੀ ਮਾਜਰਾ ਹੈ। ਪਹਿਲੀ ਗੱਲ ਤਾਂ ਇਹ ਕਿ ਬ੍ਰਾਹਮਣ ਮਹਾ ਕੁਕਰਮੀ ਭੀ ਬਣ ਜਾਵੇ। ਜ਼ਿੰਦਗੀ ਭਰ ਨੀਚ ਕਰਮ ਕਰਦਾ ਚਲਾ ਜਾਵੇ। ਗੁਣਾਂ ਦੇ, ਚੰਗਿਆਈਆਂ ਦੇ ਨੇੜੇ ਨਾ ਢੁੱਕੇ। ਸਾਰੀ ਉਮਰ ਰੱਬ ਨੂੰ ਟਿੱਚ ਕਰਕੇ ਜਾਣੇ। ਰਾਜੇ ਵੱਲੋਂ ਅਤੇ ਪੂਰੇ ਸਮਾਜ ਵੱਲੋਂ ਦੁਰਕਾਰ ਦਿੱਤਾ ਜਾਵੇ। ਫਿਰ ਭੀ ਉਸ ਬ੍ਰਾਹਮਣ ਨੂੰ ਨਰਕਾਂ ਦਾ ਕੋਈ ਖੌਫ ਨਹੀਂ ਹੈ। ਆਖਰੀ ਵਕਤ ਅਜਾਮਿਲ ਪਰਮੇਸ਼ਰ ਨੂੰ ਧੋਖਾ ਦੇਣ ਵਿਚ ਸਫਲ ਹੋ ਗਿਆ। ਨਾਮ ਲਿਆ ਪੁੱਤਰ ਦਾ, ਆਵਾਜ਼ ਮਾਰੀ ‘‘ਬੇਟਾ ਨਾਰਾਇਣ`` ਆਖਕੇ। ਭਗਵਾਨ ਨੂੰ ਗਲਤ ਫਹਿਮੀ ਹੋ ਗਈ ਕਿ ਸ਼ਾਇਦ ਮੈਨੂੰ ਯਾਦ ਕਰਦਾ ਹੈ। ਵਿਚਾਰਾ ਭਗਵਾਨ ਜੀ ! ਕਿੰਨਾ ਭੋਲਾ ਹੈ, ਉਸ ਨੂੰ ਇਹ ਭੀ ਨਹੀਂ ਪਤਾ ਕਿ ਲੋਕ ਮੈਨੂੰ ਕਿਵੇਂ ਬੇਵਕੂਫ ਬਣਾ ਰਹੇ ਹਨ। ਮੈਨੂੰ ਭਗਵਾਨ ਨੂੰ ਪਿਤਾ ਮੰਨਣ ਦੀ ਥਾਂ ਪੁੱਤਰ ਬਣਾਈ ਜਾਂਦੇ ਹਨ। ਚਲੋ ਕੋਈ ਗੱਲ ਨਹੀਂ, ਚਾਹੇ ਪੁੱਤ ਬਣਾਕੇ ਭਾਵੇਂ ਬਾਪ ਬਣਾ ਕੇ ਯਾਦ ਕਰਨ ਸਹੀ, ਜਿਵੇਂ ਦਿਲ ਕਰੇ ਉਵੇਂ ਹੀ ਸਹੀ। ਦੂਜੀ ਗੱਲ ! ਵੱਡਾ ਕੁਕਰਮੀ, ਜ਼ਿੰਦਗੀ ਭਰ ਨੀਚ ਕੰਮ ਕਰਨ ਵਾਲਾ ਅਜਾਮਿਲ ਬ੍ਰਾਹਮਣ ਜਾਤ ਨਾਲ ਸਬੰਧਤ ਹੈ ਨਾ। ਇਸੇ ਲਈ ਹਰ ਹੀਲਾ ਵਰਤਕੇ ਉਸ ਨੂੰ ‘‘ਅਖੌਤੀ ਨਰਕਾਂ`` ਤੋਂ ਜ਼ਰੂਰ ਬਚਾਉਣਾ ਸੀ। ਸਗੋਂ ‘‘ਪੁੱਤਰ ਨਾਰਾਇਣ`` ਰਾਹੀਂ ਸਵਰਗਾਂ ਵਿਚ ਭੇਜਣ ਦਾ ਪੱਕਾ ਪ੍ਰਬੰਧ ਕਰਨਾ ਸੀ, ਕਰ ਦਿੱਤਾ। ਜਿਨ੍ਹਾਂ ਗੰਦੇ ਕੰਮਾਂ ਕਾਰਨ (ਵੇਸ਼ਵਾਗਮਨੀ ਤੇ ਸ਼ਰਾਬ ਆਦਿ) ਨਰਕਾਂ ਵਿਚ ਜਾਣ ਜੋਗਾ ਹੋਇਆ ਸੀ, ਸੁਰਗਾਂ ਵਿਚ ਭੀ ਸਾਰਾ ਵਰਤਾਰਾ ਉਹੀ ਹੈ। ਪਰੀਆਂ (ਸੁੰਦਰ ਜਵਾਨ ਔਰਤਾਂ) ਸੇਵਾ ਵਿਚ ਹਾਜ਼ਰ ਸੋਮ ਰਸ (ਸ਼ਰਾਬ) ਦੇ ਪਿਆਲੇ ਨਕਾਨਕ ਭਰੇ ਹੋਏ। ਜੂਏ ਦੀਆਂ ਬਾਜ਼ੀਆਂ ਨਸ਼ਾ ਕਰਕੇ ਲਾਉਣੋਂ ਕਿਵੇਂ ਰਿਹਾ ਜਾ ਸਕਦਾ ਹੈ ? ਵਿਸ਼ਨੂੰ ਭਗਵਾਨ ਜੀ ਦੇ ਉਡਣ ਖਟੋਲੇ ਚੌਵੀ ਘੰਟੇ ਉੱਪਰ ਉਡਾਰੀਆਂ ਲਾਉਂਦੇ ਰਹਿੰਦੇ ਹਨ। ਜਦੋਂ ਕਿਸੇ ਭਗਤ ਨੇ ਯਾਦ ਕੀਤਾ, ਬਿਨਾਂ ਦੇਰੀ ਤੋਂ ਆ ਪਹੁੰਚੇ। ਨਾ ਪਟਰੋਲ ਮੱਚਣਾ, ਨਾ ਹਵਾਈ ਪੱਟੀ ਬਣਾਉਣੀ, ਨਾ ਕਿਸੇ ਤੋਂ ਇਜ਼ਾਜਤ ਲੈਣੀ, ਨਾ ਕੋਈ ਟੇੈਕਸ ਭਰਨਾ। ਬਸ ਚੁੱਪ ਚਾਪ ਬਿਨਾਂ ਦੇਰੀ, ਬਿਨਾਂ ਆਵਾਜ਼ ਕੀਤੇ, ‘‘ਭਗਤ`` ਨੂੰ ਚੁੱਕ ਕੇ ਸਵਰਗ ਵਿਚ ਪੁਚਾ ਆਉਂਦੇ ਹਨ।
ਅੱਜ ਦੇ ਪ੍ਰਚਾਰਕ ਤੇ ਸਾਧ ਲਾਣਾ ਇੰਨੇ ਪਾਪ ਕਮਾ ਰਿਹਾ ਹੈ ਅਗਰ ਅਜਮਿਲ ਦੀ ਰੂਹ ਕੁਝ ਸਮੇਂ ਲਈ ਵਾਪਸ ਆ ਜਾਵੇ ਤਾਂ ਸ਼ਰਮ ਨਾਲ ਡੁੱਬ ਮਰੇ। ਅਜਾਮਿਲ ਜਿਸ ਸਮਾਜ ਦੀ ਦੇਣ ਹੈ, ਉਸ ਦੇ ‘‘ਭਗਵਾਨ`` ਭੀ ਉਸੇ ਤਰ੍ਹਾਂ ਦੇ ਹਨ। ਪਰ ਸਿੱਖਾਂ ਦੇ ਗੁਰੂ ਨਵੇਕਲੀ ਤੇ ਨਰੋਈ, ਵੱਖਰੀ ਵਿਚਾਰਧਾਰਾ ਲੈ ਕੇ ਸੰਸਾਰ ਤੇ ਆਏ ਸਨ। ਕੀ ਹੋਇਆ ਜੇ ਉਹਨਾਂ ਕਿਸੇ ਪੌਰਾਣਕ ਪਾਤਰ ਦਾ ਨਾਮ ਲੈ ਕੇ ਕੋਈ ਹਵਾਲਾ ਦੇ ਦਿੱਤਾ ਹੈ। ਇਸ ਦਾ ਇਹ ਮਤਲਬ ਤਾਂ ਨਹੀਂ ਕਿ ਅਸੀਂ ਸਿੱਖ ਪਾਪੀ ਅਜਾਮਿਲ ਵਾਂਗ ਪਹਿਲਾਂ ਸਾਰੀ ਉਮਰ ਪਾਪ ਕਰਦੇ ਰਹੀਏ। ਮਰਨ ਲੱਗੇ ਆਖਰੀ ਸਮੇਂ ਰੱਬ ਜੀ ਨੂੰ ਪੁੱਤਰ ਦੇ ਨਾਮ ਵਿਚੋਂ ਦੀ ਹੀ ਸਹੀ, ਇੱਕ ਵਾਰੀ ਆਵਾਜ਼ ਮਾਰ ਲਈਏ, ਸਿੱਧੇ ਸੁਰਗਾਂ ਵਿਚ ਪਹੁੰਚ ਜਾਵਾਂਗੇ। ਉਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਰੱਬ ਜੀ ਨੂੰ ਯਾਦ ਕਰਨ ਦੀ ਫਿਰ ਕੋਈ ਲੋੜ ਨਹੀਂ ? ਅੱਜ ਦੇ ਜ਼ਮਾਨੇ ਵਿਚ ਬੇਅੰਤ ਲੋਕ ਆਪਣੇ ਪੁੱਤਰਾਂ ਦੇ ਨਾਮ ਕ੍ਰਿਸ਼ਨ, ਰਾਮ, ਵਿਸ਼ਨੂੰ, ਨਾਨਕ, ਗੋਬਿੰਦ ਰੱਖ ਦਿੰਦੇ ਹਨ। ਫਿਰ ਤਾਂ ਇਹਨਾਂ ਸਾਰਿਆਂ ਲਾਇਕ ਤੇ ਨਾਲਾਇਕਾਂ ਨੂੰ ਮਹਾਂਪੁਰਖਾਂ ਦੇ ਹੀ ਬਰਾਬਰ ਮੰਨਣਾ ਪਵੇਗਾ। ਕੀ ਇਹ ਵਾਜਬ ਹੈ ? ਇਹ ਸਾਰੀ ਕਹਾਣੀ ਕਾਲਪਨਿਕ ਹੈ। ਇਸ ਤੋਂ ਜ਼ਿਆਦਾ ਸਿੱਖਿਆ ਦੇਣ ਵਾਸਤੇ ਗੁਰਬਾਣੀ ਵਿਚ ਕੁੱਝ ਢੰਗ ਵਰਤੇ ਗਏ ਹਨ। ਮੌਜੂਦਾ ਸਮੇਂ ਵਿਚ ਸਾਡੇ ਕੋਲ ਗੁਰਬਾਣੀ ਅਤੇ ਜੀਵਨ ਵਾਲੇ ਗੁਰਸਿੱਖਾਂ ਦਾ ਇਤਿਹਾਸ ਮੌਜੂਦ ਹੈ। ਪੌਰਾਣਕ ਕਹਾਣੀਆਂ ਤੇ ਸਾਰਾ ਜ਼ੋਰ ਲਾਉਣ ਦੀ ਥਾਵੇਂ ਕਿਉਂ ਨਾ ਪਵਿੱਤਰ ਜੀਵਨ ਜਿਉਣ ਵਾਲੇ ਗ੍ਰਿਸਤੀ ਸਿੱਖਾਂ ਦਾ ਜ਼ਿਕਰ ਕੀਤਾ ਜਾਵੇ ? ਅਜਾਮਿਲ (ਗੁਰਬਾਣੀ ਵਿਚ ਅਜਾਮਲ ਅਤੇ ਪੁਰਾਤਨ ਗ੍ਰੰਥਾਂ ਵਿਚ ਅਜਾਮਿਲ ਸ਼ਬਦ ਵਰਤਿਆ ਗਿਆ ਹੈ) ਬਾਰੇ ਗੁਰਬਾਣੀ ਵਿਚੋਂ ਕੁੱਝ ਪਰਮਾਣ :-
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧਿ ਆਈ।।
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ।।
ਨਾਹਿਨ ਗੁਨੁ ਨਾਹਿਨ ਕਛ ਬਿਦਿਆ ਧਰਮੁ ਕਉਨ ਗਜਿ ਕੀਨਾ।।
ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ।। (902)
ਸਤਿਗੁਰੂ ਜੀ ਸਮਝਾ ਰਹੇ ਹਨ : ਅਜਾਮਲ ਨੇ (ਪੌਰਾਣਕ ਕਥਾ ਮੁਤਾਬਕ) ਅੰਤਲੀ ਮੰਦੀ ਅਵਸਥਾ ਵਿਚ ਪੁੱਜੇ ਨੇ ਪਰਮਾਤਮਾ ਨੂੰ ਯਾਦ ਕੀਤਾ, ਉਸਦਾ ਨਿਸਤਾਰਾ ਹੋ ਗਿਆ। ਜਿਸ ਨਿਰਵਾਣ ਪਦ ਦੀ ਅਭਿਲਾਸ਼ਾ ਜੋਗੀ ਆਦਿ ਲੋਕ ਕਰਦੇ ਹਨ, ਉਹੀ ਅਵਸਥਾ ਪ੍ਰਾਪਤ ਹੋ ਗਈ। ਜੀਵਨ ਮੁਕਤ, ਵਿਕਾਰਾਂ ਤੋਂ ਮੁਕਤੀ। ਵਿਚਾਰੇ ਹਾਥੀ (ਗਜ) ਨੇ ਕਿਹੜੀ ਵਿੱਦਿਆ ਪੜ੍ਹੀ ਸੀ, ਕਿਨ੍ਹਾਂ ਗੁਣਾਂ ਵਾਲਾ ਸੀ ? ਦੁਨੀਆਵੀ ਲੋਕਾਂ ਵਾਂਗ ਧਾਰਮਕ ਕਰਮ ਧਰਮ ਕੋਈ ਨਹੀਂ ਕੀਤਾ। ਉਸ ਡਰੇ ਹੋਏ ਹਾਥੀ ਨੂੰ ਭੈ ਮੁਕਤ ਕਰ ਦਿੱਤਾ। (ਨੋਟ - ਗਜ ਵਾਲਾ ਸਾਰਾ ਪ੍ਰਸੰਗ ‘‘ਗ`` ਖੰਡ ਵਿਚ ਵਿਸਥਾਰ ਨਾਲ ਦਿੱਤਾ ਹੋਇਆ ਹੈ) ਇਹ ਯਾਦ ਰਹੇ ਕਿ ਹਾਥੀ ਤੇਂਦੂਏ (ਸ਼ੇਰ) ਨਾਲੋਂ ਕਈ ਗੁਣਾਂ ਤਾਕਤਵਰ ਹੁੰਦਾ ਹੈ। ਪਰ ਡਰ ਕਾਰਨ ਹੌਸਲਾ ਹਾਰ ਜਾਂਦਾ ਹੈ। ਅੱਗੇ ਰਵਿਦਾਸ ਜੀ ਇੱਕ ਸ਼ਬਦ ਵਿਚ ਦੱਸਦੇ ਹਨ -
ਅਜਾਮਲੁ, ਪਿੰਗਲਾ, ਲੁਭਤੁ ਕੁੰਚਰੁ, ਗਏ ਹਰਿ ਕੈ ਪਾਸਿ।।
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ।। (1124)
ਹਿੰਦੂ ਪੌਰਾਣਕ ਪੁਸਤਕਾਂ ਨੇ ਸਦੀਆਂ ਤੋਂ ਲੋਕ ਮਨਾਂ ਅੰਦਰ ਪਰਪੱਕ ਕਰ ਦਿੱਤਾ ਕਿ ਜੇ ਇੱਕ ਵਾਰੀ ਗਲਤੀ ਹੋ ਗਈ ਤਾਂ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਕੀਤੇ ਕਰਮ ਮੁਤਾਬਕ ਅਵੱਸ਼ ਸਜ਼ਾ ਮਿਲੇਗੀ। ਇਸ ਕਾਰਨ ਜੋ ਵਿਅਕਤੀ ਇੱਕ ਵਾਰੀ ਕੁਰਾਹੇ ਪੈ ਜਾਂਦਾ ਸੀ, ਉਸ ਲਈ ਗਲਤੀ ਮੰਨ ਕੇ ਵਾਪਸ ਆਉਣ ਦੇ ਸਾਰੇ ਰਾਹ ਬੰਦ ਹੋ ਜਾਂਦੇ ਸਨ। ਮਨੁੱਖ ਪਛਤਾਵਾ ਕਰੇ ਅੱਗੇ ਨੂੰ ਨੇਕ ਰਾਹ ਚੱਲਣ ਦਾ ਪ੍ਰਣ ਕਰੇ, ਕਿਸੇ ਕੰਮ ਨਹੀਂ ਆਉਂਦਾ ਸੀ। ਕੀਤੇ ‘‘ਪਾਪ`` ਦੀ ਸਜ਼ਾ ਹਰ ਹਾਲਤ ਵਿਚ ਭੋਗਣੀ ਪਵੇਗੀ। ਕੁੱਝ ਇੱਕ ਆਸ਼ਾਵਾਦੀ ਕਹਾਣੀਆਂ ਭੀ ਮੌਜੂਦ ਸਨ ਜਿਨ੍ਹਾਂ ਦੀ ਬਾਰ ਬਾਰ ਵਰਤੋਂ ਕਰਕੇ ਜ਼ੋਰਦਾਰ ਪ੍ਰੇਰਨਾ ਕੀਤੀ ਗਈ ਕਿ ਹੇ ਇਨਸਾਨ ਦੇਖ ਕਿੰਨੇ ਵੱਡੇ ਕੁਕਰਮੀ ਪਾਪੀ ਤਰ ਗਏ। ਤੂੰ ਉਹਨਾਂ ਨਾਲੋਂ ਵੱਡਾ ਪਾਪ ਨਹੀਂ ਕੀਤਾ । ਜੇ ਅੱਗੋਂ ਚੰਗੇ ਕੰਮ ਕਰੇਂ ਤਾਂ ਇਹਨਾਂ ਪੌਰਾਣਕ ‘‘ਪਾਤਰਾਂ`` ਵਾਂਗ ਤੇਰਾ ਭੀ ਪਾਰ ਨਿਸਤਾਰਾ ਹੋ ਜਾਵੇਗਾ। ਅਜਾਮਲ ਦੁਰਾਚਾਰੀ ਸੀ, (ਪਿੰਗੁਲਾ) ਇੱਕ ਵੇਸ਼ਵਾ ਜੋ ਪਾਪਾਂ ਵਿਚ ਡੁੱਬੀ ਹੋਈ ਸੀ। ਤੇਂਦੂਏ ਦੀ ਗ੍ਰਿਫਤ ਵਿਚ ਆਇਆ ਡਰਿਆ ਹੋਇਆ ਹਾਥੀ ਸੀ। ਇਹ ਸਾਰੇ ਪ੍ਰਭੂ ਚਰਨਾਂ ਵਿਚ ਜੁੜੇ। ਇਹਨਾਂ ਸਾਰਿਆਂ ਦਾ ਨਿਸਤਾਰਾ ਹੋ ਗਿਆ ਸੁਣੀਂਦਾ ਹੈ। ਹੇ ਰਵਿਦਾਸ ਫਿਰ ਤੇਰਾ ਨਿਸਤਾਰਾ ਕਿਉਂ ਨਹੀਂ ਹੋਵੇਗਾ ? ਤੂੰ ਤਾਂ ਕੋਈ ਉਹਨਾਂ ਵਰਗਾ ਪਾਪ ਕਰਮ ਭੀ ਨਹੀਂ ਕੀਤਾ। ਇੱਕ ਹੋਰ ਸ਼ਬਦ ਵਿਚ ਕਬੀਰ ਜੀ ਸਪਸ਼ਟ ਦੱਸ ਪਾ ਰਹੇ ਹਨ ਕਿ ਪਸ਼ੂਆਂ ਵਰਗੇ ਕੰਮ ਨਾ ਕਰ। ਪੜ੍ਹੋ -
ਅਜਾਮਲ, ਗਜ, ਗਨਿਕਾ, ਪਤਿਤ ਕਰਮ ਕੀਨੇ।। ਤੇਊ ਉਤਰਿ ਪਾਰਿ ਪਰੇ, ਰਾਮ ਨਾਮ ਲੀਨੇ।।
ਸੂਕਰ, ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ।। ਰਾਮ ਨਾਮ, ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ।। (692)
ਹੇ ਭਾਈ (ਪੌਰਾਣਕ ਕਥਾ ਮੁਤਾਬਕ) ਅਜਾਮਲ ਨੇ ਗਲਤੀਆਂ ਕੀਤੀਆਂ। ਹਾਥੀ (ਗਜ) ਤੋਂ ਭੀ ਗਲਤੀ ਹੋ ਗਈ ਸੀ। ਗਨਿਕਾ ਭੀ ਕੁਰਾਹੇ ਪੈ ਕੇ ਜੀਵਨ ਬਰਬਾਦ ਕਰ ਰਹੀ ਸੀ। ਕਿਹਾ ਜਾਂਦਾ ਹੈ, ਇਹਨਾਂ ਸਾਰਿਆਂ ਦਾ ਪਾਰ ਨਿਸਤਾਰਾ ਹੋ ਗਿਆ। ਐ ਇਨਸਾਨ ਤੇਰਾ ਜੀਵਨ ਸੂਰ ਵਰਗਾ ਹੈ, ਕੁੱਤੇ ਵਾਂਗ ਹੈ। ਤੈਨੂੰ ਇਸ ਤਰ੍ਹਾਂ ਦਾ ਨੀਵਾਂ ਜੀਵਨ ਜਿਉਂਦਿਆਂ ਸ਼ਰਮ ਨਹੀਂ ਆਉਂਦੀ ? ਪਰਮੇਸ਼ਰ ਦੀ ਅੰਮ੍ਰਿਤ ਵਰਗੀ ਯਾਦ ਛੱਡ ਕੇ, ਕਿਉਂ ਜ਼ਹਿਰ ਰੂਪੀ ਸੁਆਦਾਂ ਵਿਚ ਗਰਕ ਹੁੰਦਾ ਜਾ ਰਿਹਾ ਹੈ? ਇਹ ਕੇਵਲ ਉਦਾਹਰਣਾਂ ਦੇ ਕੇ ਸਮਝਾਉਣ ਦੇ ਢੰਗ ਤਰੀਕੇ ਹਨ, ਇਹਨਾਂ ਦੀ ਇਤਿਹਾਸਿਕ ਕੀਮਤ ਕੋਈ ਨਹੀਂ ਹੈ। ਖੁਦ ਹਿੰਦੂ ਵਿਦਵਾਨ ਭੀ ਸਾਰੇ ਇਹਨਾਂ ਪਾਤਰਾਂ ਨੂੰ ਨਹੀਂ ਮੰਨਦੇ। ਕੇਵਲ ਸਮਝਾਉਣ ਦੇ ਤਰੀਕੇ ਮਾਤਰ ਹਨ।
