ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 11)

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਸੁਦਾਮਾ :- ਇੱਕ ਕੰਗਾਲ ਬ੍ਰਾਹਮਣ ਜੋ ਕ੍ਰਿਸ਼ਨ ਦਾ ਬਚਪਨ ਦਾ ਮਿੱਤਰ ਸੀ। ਇਹ ਪਤਨੀ ਦਾ ਪ੍ਰੇਰਿਆ ਹੋਇਆ ਕ੍ਰਿਸ਼ਨ ਕੋਲ ਦਵਾਰਕਾ ਪਹੁੰਚਿਆ। (ਮ: ਕੋ: ਪੰਨਾ-213)

ਵਿਚਾਰ :- ਸੁਦਾਮੇ ਕੰਗਾਲ ਬ੍ਰਾਹਮਣ ਬਾਰੇ ਸਿੱਖਾਂ ਦੀਆਂ ਧਾਰਮਕ ਸਟੇਜਾਂ ਤੇ ਬੜੀਆਂ ਸੰਘ ਪਾੜ ਪਾੜ ਕੇ ਤਕਰੀਰਾਂ ਕੀਤੀਆਂ ਜਾਂਦੀਆਂ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਹਿੰਦੂ ਮਿਥਿਹਾਸ ਕੋਸ਼ ਵਿਚ ਕੋਈ ਇੰਦਰਾਜ ਨਹੀਂ ਹੈ। ਜਿੰਨਾਂ ਹਿੱਸਾ ਸੁਦਾਮੇ ਵਾਲੇ ਖੰਡ ਵਿਚ ਦਿੱਤਾ ਗਿਆ ਹੈ, ਮਹਾਨ ਕੋਸ਼ ਵਿਚ ਸਿਰਫ ਇਤਨਾ ਹੀ ਹੈ ਜੋ ਕਿ ਅਧੂਰਾ ਜਿਹਾ ਪ੍ਰਤੀਤ ਹੁੰਦਾ ਹੈ। ਸੁਦਾਮੇ ਬਾਰੇ ਲੰਮੀਆਂ ਚੌੜੀਆਂ ਬਨਾਵਟੀ ਗੱਲਾਂ ਸਿੱਖਾਂ ਦੇ ਧੁਰ ਆਤਮਾ ਤੱਕ ਧਸਾ ਦਿੱਤੀਆਂ ਗਈਆਂ ਹਨ। ਭਾਈ ਗੁਰਦਾਸ ਦੀ ਇੱਕ ਪਉੜੀ ਨੂੰ ਗਲਤ ਤਰੀਕੇ ਪੜ੍ਹਿਆ ਗਾਇਆ ਜਾ ਰਿਹਾ ਹੁੰਦਾ ਹੈ। ਇਹ ਹਿੰਦੂ ਮਤ ਦੀ ਪੌਰਾਣਕ ਕਹਾਣੀ ਹੈ। ਸੱਚਾਈ ਦਾ ਕੋਈ ਅੰਸ਼ ਇਸ ਵਿਚ ਸ਼ਾਇਦ ਹੀ ਹੋਵੇ ਕਿਉਂਕਿ ਸੁਦਾਮਾ ਕ੍ਰਿਸ਼ਨ ਦਾ ਬਚਪਨ ਦਾ ਸਾਥੀ ਹੈ। ਇਸ ਲਈ ਜਦੋਂ ਕਦੀ ਸੁਦਾਮੇ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਤਾਂ ਉਸ ਦੀ ਪਤਨੀ ਇਹ ਨਹੀਂ ਕਹਿੰਦੀ ਕਿ ਜਾਹ ਦਿਹਾੜੀ ਜਾਂ ਮਜਦੂਰੀ ਕਰ, ਜਾਂ ਕੋਈ ਹੱਥੀਂ ਕੰਮ ਸਿੱਖ ਤੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ। ਇਉਂ ਪ੍ਰਤੀਤ ਹੁੰਦਾ ਹੈ ਕਿ ਸੁਦਾਮਾ ਤਾਂ ਕਿਸੇ ਮੰਦਰ ਦਾ ਪੁਜਾਰੀ ਭੀ ਨਹੀਂ ਲੱਗਣਾ ਚਾਹੁੰਦਾ। ਮੰਦਰ ਵਿਚ ਭੀ ਥੋੜ੍ਹੀ ਬਹੁਤ ਖੇਚਲ ਤਾਂ ਕਰਨੀ ਪਵੇਗੀ। ਬਸ ਉਸ ਨੂੰ ਇੱਕੋ ਗੱਲ ਦਾ ਮਾਣ ਹੈ ਕਿ ਮੈਂ ਬ੍ਰਾਹਮਣ ਹਾਂ। ਸਾਰੇ ਧਨ ਪਦਾਰਥਾਂ ਦਾ (ਮਨੂੰ ਸਿਮ੍ਰਿਤੀ ਮੁਤਾਬਕ) ਧਰਤੀ ਆਕਾਸ਼ ਦਾ, ਰਾਜ ਦਰਬਾਰ ਦਾ ਕੁਦਰਤੀ ਮਾਲਕ ਹਾਂ। ਜੇ ਮੈਂ ਗਰੀਬ ਹਾਂ ਤਾਂ ਆਪਣੀ ਮੂਰਖਤਾ ਕਰਕੇ ਨਹੀਂ ਸਗੋਂ ਰਾਜੇ ਦੀ ਨਾਲਾਇਕੀ ਕਾਰਨ ਗਰੀਬ ਹਾਂ। ਇਸ ਲਈ ਰਾਜੇ ਨੂੰ ਚਾਹੀਦਾ ਹੈ ਕਿ ਉਹ ਬ੍ਰਾਹਮਣ ਦੀ ਹਰ ਤਰੀਕੇ ਸੇਵਾ ਸਹਾਇਤਾ ਕਰੇ। ਪਤਨੀ ਦੇ ਆਖਿਆਂ ਅੰਤਰੀਵ ਜਗਿਆਸਾ ਲੈ ਕੇ ਕ੍ਰਿਸ਼ਨ ਦੇ ਰਾਜ ਵਿਚ ਦੁਵਾਰਕਾ ਪੁੱਜ ਜਾਂਦਾ ਹੈ। ਫਟੇ ਪੁਰਾਣੇ ਤੇ ਮੈਲੇ ਕੱਪੜੇ, ਕਮਜ਼ੋਰ ਸਰੀਰ ਵੇਖ ਕੇ ਪਹਿਰੇਦਾਰਾਂ ਨੇ ਮਹਿਲ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਪਛਾਣ ਦੱਸਣ ਲਈ ਕਿਹਾ। ਸੁਦਾਮੇ ਨੇ ਕਿਹਾ ‘‘ਜਾਓ, ਆਪਣੇ ਮਹਾਰਾਜ ਕ੍ਰਿਸ਼ਨ ਨੂੰ ਇੰਨਾ ਕਹਿ ਦੇਣਾ ਕਿ ਉਸ ਦਾ ਪੁਰਾਣਾ ਮਿੱਤਰ ਸੁਦਾਮਾ ਆਇਆ ਹੈ``। ਨੌਕਰਾਂ ਨੇ ਜਾ ਕੇ ਖਬਰ ਕਰ ਦਿੱਤੀ ਕ੍ਰਿਸ਼ਨ ਜੀ ਸਿੰਘਾਸਨ ਤੋਂ ਝੱਟ ਉੱਠ ਪਏ, ਨੰਗੇ ਪੈਰੀਂ ਬਾਹਰਲੇ ਗੇਟ ਤੱਕ ਆਦਰ ਨਾਲ ਸੁਦਾਮੇ ਨੂੰ ਲੈਣ ਵਾਸਤੇ ਪਹੁੰਚੇ। ਗਲਵਕੜੀ ਵਿਚ ਲਿਆ। ਫਿਰ ਚਰਨਾਂ ਤੇ ਮੱਥਾ ਟੇਕਿਆ। ਆਪਣੇ ਨਾਲ ਅੰਦਰ ਲੈ ਗਏ, ਸਾਰੇ ਕਰਮਚਾਰੀਆਂ ਨੇ ਭੀ ਨਮਸ਼ਕਾਰਾਂ ਕੀਤੀਆਂ। ਕ੍ਰਿਸ਼ਨ ਜੀ ਨੇ ਸੁਦਾਮੇ ਦੇ ਚਰਨ ਧੋ ਕੇ ਅੰਮ੍ਰਿਤ ਜਾਣ ਕੇ ਉਹ ਪਾਣੀ ਪੀਤਾ। ਨਵੇਂ ਬਸਤਰ ਪਹਿਨਾ ਕੇ ਆਪਣੇ ਸਿੰਘਾਸਨ ਤੇ ਬਿਰਾਜਮਾਨ ਕੀਤਾ। ਖੁਦ ਨੀਵੇਂ ਥਾਵੇਂ ਬੈਠ ਗਏ। ਜਦੋਂ ਕ੍ਰਿਸ਼ਨ ਨੇ ਅੱਤ ਨਿਮਰਤਾ ਅਤੇ ਪਿਆਰ ਵਿਚ ਪੁੱਛਿਆ ਕਿ ‘‘ਦਸ ਮੇਰੇ ਲਈ ਘਰੋਂ ਕੀ ਲੈ ਕੇ ਆਇਆ ਹੈਂ ? ਭਾਬੀ ਜੀ ਨੇ ਕੀ ਚੀਜ਼ ਤਿਆਰ ਕਰਕੇ ਭੇਜੀ ਹੈ, ਛੇਤੀ ਦੱਸ``? ਤਾਂ ਸ਼ਰਮਾਂਦੇ ਹੋਏ ਸੁਦਾਮੇ ਨੇ ਉਬਲੇ ਚੌਲ ਕ੍ਰਿਸ਼ਨ ਅੱਗੇ ਰੱਖ ਦਿੱਤੇ। ਕਿ ‘‘ਬਸ ਗਰੀਬੀ ਇੰਨੀ ਜ਼ਿਆਦਾ ਹੈ ਕਿ ਆਹ ਚੌਲ ਹੀ ਮਸਾਂ ਲਿਆ ਸਕਿਆ ਹਾਂ, ਹੋਰ ਕੁਝ ਭੀ ਘਰ ਵਿਚ ਨਹੀਂ ਸੀ``। ਕ੍ਰਿਸ਼ਨ ਜੀ ਨੇ ਚੌਲ ਲਏ ਤੇ ਫੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇੱਕ, ਦੋ, ਤਿੰਨ ਬਸ ਖਾਈ ਜਾ ਰਹੇ ਸਨ। ਇਤਨੇ ਨੂੰ ਰੁਕਮਣੀ ਨੇ ਹੱਥ ਫੜ ਕੇ ਰੋਕ ਦਿੱਤੇ। ‘‘ਸੁਆਮੀ ਜੀ ਕੁੱਝ ਆਪਣੇ ਲਈ ਭੀ ਬਚਾ ਕੇ ਰੱਖ ਲਓ। ਸਾਰਾ ਰਾਜ ਭਾਗ, ਪੈਸਾ, ਟਕਾ ਸੁਦਾਮੇ ਨੂੰ ਹੀ ਬਖ਼ਸ਼ ਦਿਓਗੇ``। ਤਾਂ ਕਿਤੇ ਕ੍ਰਿਸ਼ਨ ਜੀ ਰੁਕ ਸਕੇ। ਸੁਦਾਮੇ ਦੀ ਸਾਰੀ ਕੰਗਾਲੀ ਕੱਟ ਦਿੱਤੀ। ਸੋਨੇ ਚਾਂਦੀ ਨਾਲ ਲੱਦ ਦਿੱਤਾ ਗਿਆ। ਨਵੇਂ ਮਹਿਲ ਕੋਠੀਆਂ ਉਸਾਰ ਦਿੱਤੀਆਂ ਗਈਆਂ। ਸਾਰੇ ਪਾਸੇ ਸੁਦਾਮੇ ਦੀ ਧੰਨ ਧੰਨ ਹੋ ਗਈ। ਲੋਕੀਂ ਪੂਜਾ ਕਰਨ ਲੱਗ ਪਏ .....।

ਪਾਠਕ ਜਨੋਂ ! ਇੱਕ ਵਾਰੀ ਸਾਰੀ ਕਹਾਣੀ ਵੱਲ ਫਿਰ ਝਾਤੀ ਮਾਰੋ। ਹੈ ਨਾ ਕਮਾਲ ਦੀ ਚਤੁਰਾਈ ਛੁਪੀ ਹੋਈ ਇਸ ‘‘ਧਰਮ`` ਕਹਾਣੀ ਵਿਚ। ਬ੍ਰਾਹਮਣ ਅਵਾਰਾ ਹੋਵੇ, ਠੱਗ ਚੋਰ ਹੋਵੇ, ਵਿਭਚਾਰੀ ਹੋਵੇ, ਬੇਈਮਾਨ, ਰਿਸ਼ਵਤਖੋਰ ਹੋਵੇ, ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਸ ਵਿਹਲੜ ਬ੍ਰਾਹਮਣ ਨੂੰ ਕੋਈ ਸਿਆਣਾ ਪੁਰਖ ਇਹ ਸਲਾਹ ਭੀ ਨਹੀਂ ਦੇ ਸਕਦਾ ਕਿ ਭਾਈ ਹੱਥੀਂ ਕੰਮ ਧੰਦਾ ਕਰਿਆ ਕਰੋ, ਮੰਗ ਕੇ ਖਾਣਾ ਜਾਇਜ਼ ਨਹੀਂ ਹੈ। ਲੋਕਾਂ ਤੇ ਭਾਰ ਨਹੀਂ ਬਣੀਂਦਾ। ਪਰ ਨਹੀਂ ਕਹਿ ਸਕਾਂਗੇ ਸਗੋਂ ‘‘ਪਰਮ ਪਵਿੱਤਰ`` ਉਪਦੇਸ਼ ਇਹ ਹੈ ਕਿ ਘਰ ਆਏ ਦਰਿੱਦਰੀ ਬ੍ਰਾਹਮਣ ਦੇ ਚਰਨਾਂ ਤੇ ਸਿਰ ਰੱਖ ਦਿਓ। ਤੁਸੀਂ ਭਾਵੇਂ ਰਾਜੇ ਭੀ ਕਿਉਂ ਨਹੀਂ ਹੋ, ਫਿਰ ਭੀ ਬ੍ਰਾਹਮਣ ਤੋਂ ਨੀਵੇਂ ਹੋ। ਫਿਰ ਬ੍ਰਾਹਮਣ ਦੇ ਚਰਨ ਧੋ ਕੇ ਉਸ ਗੰਦੇ ਮੈਲੇ ਪਾਣੀ ਨੂੰ ਅੰਮ੍ਰਿਤ ਜਾਣ ਕੇ ਪੀਓ। ਉਸ ਤੋਂ ਬਾਦ ਆਪਣਾ ਬੈੱਡ, ਕੁਰਸੀ, ਮੰਜਾ ਜਾਂ ਰਾਜ ਤਖਤ, ਸਭ ਕੁਝ ਬਿਪਰ ਦੇ ਹਵਾਲੇ ਕਰ ਦਿਓ ਤੇ ਹੱਥ ਜੋੜ ਦੇ ਹੁਕਮ ਦੀ ਉਡੀਕ ਕਰੋ। ਬ੍ਰਾਹਮਣ ਤੁਹਾਡੇ ਘਰ ਆਇਆ ਹੈ ਇਸ ਲਈ ਉਸ ਦੀ ਹਰ ਤਰੀਕੇ ਸੇਵਾ ਕਰੋ। ਬ੍ਰਾਹਮਣ ਪਰਵਾਰ ਦੀਆਂ ਸਾਰੀਆਂ ਲੋੜਾਂ ਪੁੂਰੀਆਂ ਕਰੋ। ਕੋਠੀਆਂ, ਮਹਿਲ ਝੂਗੇ ਵਿਚ ਪਾ ਕੇ ਹੀ ਦਾਨ ਕਰ ਦਿਓ। ਉਹ ਤੁਹਾਨੁੂੰ ਕੁੱਝ ਭੀ ਨਾ ਦੇਵੇ ਤਾਂ ਕੋਈ ਗੱਲ ਨਹੀਂ ਹੈ। ਬ੍ਰਾਹਮਣ ਦੇ ਪੈਰਾਂ ਦਾ ਮੈਲਾ ਪਾਣੀ ਜਾਂ ਲਿਆਂਦੇ ਹੋਏ ਚੌਲ ਹੀ ਤੁਹਾਡੇ ਲਈ ਅੰਮ੍ਰਿਤ ਸਮਾਨ ਹਨ। ਹੋਰ ਕਿਸੇ ਚੀਜ਼ ਦੀ ਆਸ ਨਾ ਕਰੋ। ਜੇ ਤੁਸੀਂ ਕੁੱਝ ਔਖੇ ਹੋ ਕੇ ਭੀ ਬ੍ਰਾਹਮਣ ਦੀ ਖੁਸ਼ੀ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਏ ਤਾਂ ‘‘ਜਨਮ ਮਰਣ`` ਦੇ ਸਾਰੇ ਦੁੱਖ ਕੱਟੇ ਜਾਣਗੇ। ਇਸ ਕਹਾਣੀ ਵਿਚ ਇਹ ਮਨੋਵਿਗਿਆਨ ਕੰਮ ਕਰ ਰਿਹਾ ਸਪਸ਼ਟ ਨਜ਼ਰ ਆਉਂਦਾ ਹੈ। ਜਾਂ ਕੋਈ ਸਿਆਣਾ ਵੀਰ, ਸਮਝਦਾਰ ਭੈਣ ਦੱਸਣ ਦੀ ਖੇਚਲ ਕਰ ਦੇਵੇ ਕਿ ਹੋਰ ਕੀ ਸਿੱਖਿਆ ਮਿਲ ਰਹੀ ਹੈ ਇਸ ਕਹਾਣੀ ਵਿਚੋਂ ? ਕ੍ਰਿਸ਼ਨ ਨੂੰ ਇੱਕ ਬ੍ਰਾਹਮਣ ਦੀ ਕੰਗਾਲੀ ਹੀ ਕਿਉਂ ਨਜ਼ਰ ਆਈ, ਕਿਸੇ ਸ਼ੂਦਰ ਦੀ ਗਰੀਬੀ ਕਿਉਂ ਨਹੀਂ ਦਿਸੀ ? ਕਿਸੇ ਸ਼ੂਦਰ ਦੇ ਪੈਰ ਧੋ ਕੇ ਕ੍ਰਿਸ਼ਨ ਨੇ ਨਾ ਪੀਤੇ, ਨਾ ਉਸ ਨੂੰ ਆਪਣੇ ਸਿੰਘਾਸਨ ਤੇ ਬਿਠਾਇਆ। ਇਹਨਾਂ ਕਹਾਣੀਆਂ ਦੁਆਰਾ ਆਮ ਇਨਸਾਨ ਦੇ ਮਨ ਵਿਚ ਇਹੀ ਗੱਲ ਠੋਸੀ ਜਾਂਦੀ ਹੈ ਕਿ ਹੋਰ ਸਾਰੇ ਇਨਸਾਨ ਕੇਵਲ ਬ੍ਰਾਹਮਣ ਦੀ ਸੇਵਾ ਲਈ ਹੀ ਬਣਾਏ ਗਏ ਹਨ। ਜਾਨਵਰਾਂ ਵਾਂਗ ਸਿਰ ਸੁੱਟ ਕੇ ਜੂੱਲੇ ਵਿਚ ਆਪਣੀ ਗਰਦਨ ਫਸਾਈ ਰੱਖਣ, ਬਿਪਰਾਂ ਦੀ ਵਗਾਰ ਢੋਂਦੇ ਰਹਿਣ। ਬ੍ਰਾਹਮਣ ਕੋਲ ਇੱਕ ਬੜਾ ਜ਼ਬਰਦਸਤ ਸ਼ਸ਼ਤਰ ਹੈ ‘‘ਸਰਾਪ``। ਇਸ ਲਾਜੁਆਬ ਚੀਜ਼ ਨਾਲ ਕਿਸੇ ਨੂੰ ਭੀ ਭਸਮ ਕਰ ਸਕਦਾ ਹੈ। ਫਿਰ ਕਿਉਂ ਨਾ ਵਿਚਾਰੇ ਲੋਕੀਂ ਥਰ ਥਰ ਕੰਬਣ। ਇਹੀ ਚਾਲਾਂ ਸਿੱਖਾਂ ਦੇ ਪੁਜਾਰੀਆਂ ਤੇ ਸੰਤ ਅਖਵਾਉਣ ਵਾਲੇ ਲੁਟੇਰਿਆਂ ਨੇ ਫੜੀਆਂ ਹੋਈਆਂ ਹਨ। ਗੁਰਬਾਣੀ ਤਾਂ ਇਉਂ ਪੁਕਾਰ ਰਹੀ ਹੈ :-

ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾ ਮਨ ਕਾ ਮਾਠਾ।।

ਮੋਨੀ ਹੋਇ ਬੈਠਾ ਇਕਾਤੀ ਹਿਰਦੈ ਕਲਪਨ ਗਾਠਾ।।

ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ।। 1003)

ਹੇ ਬ੍ਰਾਹਮਣ, ਤੇਰੇ ਬੇਦਾਂ ਦੀ ਸਿੱਖਿਆ ਤੈਨੂੰ ਮਿਹਨਤ ਕਰਨ ਤੋਂ ਵਰਜ ਰਹੀ ਹੈ। ਇਸ ਲਈ ਤੂੰ ਸਾਰੇ ਕੰਮਕਾਰ ਤਿਆਗ ਦਿੱਤੇ। ਆਲਸੀ (ਮੱਠਾ) ਕੰਮਚੋਰ ਬਣ ਕੇ ਲੋਕਾਂ ਦੀ ਕਮਾਈ ਤੇ ਨਿਰਭਰ ਹੋ ਗਿਆ।

ਭਾਵੇਂ ਤੂੰ ਸਾਧੂ ਬਣਿਆ ਮੋਨੀ ਹੋ ਗਿਆ। ਪਰ ਅੰਦਰੋਂ ਤੇਰੇ ਕਲਪਣਾ ਨਾ ਮੁੱਕੀ, ਭਟਕਦਾ ਹੀ ਰਿਹਾ। ਹੇ ਬ੍ਰਾਹਮਣ ਜੇ ਤੁੂੰ ਉਦਾਸੀ ਬਾਣਾ ਧਾਰ ਲਿਆ, ਘਰ ਪਰਵਾਰ ਤਿਆਗ ਦਿੱਤਾ, ਤਾਂ ਕੀ ਹੋਇਆ। ਤੇਰੇ ਅੰਦਰ ਉਸੇ ਤਰ੍ਹਾਂ ਬੇਚੈਨੀ ਮੌਜੂਦ ਹੈ। ਤੁੂੰ ਕਦੀ ਸ਼ਾਂਤ ਨਹੀਂ ਹੋ ਸਕਿਆ।

ਧੋਤੀ ਖੋਲਿ ਵਿਛਾਏ ਹੇਠਿ।। ਗਰਧਪ ਵਾਂਗੂ ਲਾਹੇ ਪੇਟਿ।। ....

ਪੂਜਾ ਤਿਲਕ ਕਰਤ ਇਸਨਾਨਾ।। ਛੁਰੀ ਕਾਢਿ ਲੇਵੈ ਹਥਿ ਦਾਨਾ।।

ਬੇਦੁ ਪੜੇ ਮੁਖਿ ਮਾਠੀ ਬਾਣੀ।। ਜੀਆਂ ਕੁਹਤ ਨ ਸੰਗੇ ਪ੍ਰਾਣੀ।।

ਕਹੁ ਨਾਨਕ ਜਿਸੁ ਕਿਰਪਾ ਧਾਰੈ।। ਹਿਰਦਾ ਸੁਧੁ ਬ੍ਰਹਮੁ ਬੀਚਾਰੈ।। (201)

ਹੇ ਬ੍ਰਾਹਮਣ ਪਰਾਏ ਘਰਾਂ ਵਿਚ ਭੋਜਨ ਛਕਣ ਵਕਤ ਇਹ ਧੋਤੀ ਜ਼ਮੀਨ ਤੇ ਵਿਛਾ ਕੇ ਬੈਠ ਜਾਂਦਾ ਹੈਂ। ਫਿਰ ਖੋਤੇ ਵਾਂਗ ਪੇਟ ਭਰ ਲੈਂਦਾ ਹੈਂ। ਉਞ ਵਿਖਾਵੇ ਲਈ ਮੂਰਤੀ ਪੂਜਾ ਕਰਦਾ ਹੈ, ਤਿਲਕ ਲਾਉਂਦਾ ਹੈ, ਤੀਰਥਾਂ ਤੇ ਇਸ਼ਨਾਨ ਭੀ ਕਰਦਾ ਹੈ। ਪਰ ਤੇਰੀਆਂ ਕਰਤੂਤਾਂ ਬਹੁਤ ਮੰਦੀਆਂ ਹਨ। ਜਜਮਾਨ ਨੂੰ ਧਮਕਾ ਕੇ ਡਰਾ ਕੇ ਦਾਨ ਵੱਧ ਤੋਂ ਵੱਧ ਲੈਣ ਦੀ ਤਾਂਘ ਵਿਚ ਰਹਿੰਦਾ ਹੈ। ਬੜੀ ਮਿਠਾਸ ਭਰੀ ਨਾਟਕੀ ਜ਼ੁਬਾਨ ਦੁਆਰਾ ਵੇਦ ਬਾਣੀ ਪੜ੍ਹਦਾ ਹੈ। ਪਰ ਜੀਵਾਂ ਦਾ, ਇਨਸਾਨਾਂ ਦਾ ਘਾਣ ਕਰਨ ਲੱਗਿਆਂ ਕਦੀ ਸ਼ਰਮ ਨਹੀਂ ਕਰਦਾ। ਹੇ ਨਾਨਕ ਆਖ ! ਜਿਸ ਵਿਅਕਤੀ ਤੇ ਗੁਰੂ ਮਿਹਰਬਾਨ ਹੋਵੇ ਉਸ ਨੂੰ ਪ੍ਰਭੂ ਚਰਨਾਂ ਨਾਲ ਜੋੜ ਦਿੰਦਾ ਹੈ। ਹਿਰਦੇ ਵਿਚੋਂ ਵਿਕਾਰਾਂ ਨੂੰ ਕੱਢ ਕੇ ਨੇਕ ਜੀਵਨ ਵਾਲੇ ਬਣਾ ਦਿੰਦਾ ਹੈ। ਸੁਦਾਮੇ ਬਾਰੇ ਇੱਕ ਪਰਮਾਣ :-

ਗਨਿਕਾ ਉਧਰੀ ਹਰਿ ਕਹੈ ਤੋਤ।। ਗਜ ਇੰਦ੍ਰ ਧਿਆਇਓ ਹਰਿ ਕੀਓ ਮੋਖ।।

ਬਿਪ੍ਰ ਸੁਦਾਮੈ ਦਾਲਦੁ ਭੰਜ।। ਰੇ ਮਨ ਤੂ ਭੀ ਭਜੁ ਗੋਬਿੰਦ।। (1192)

ਸਤਿਗੁਰੂ ਜੀ ਪੌਰਾਣਕ ਕਹਾਣੀ ਦਾ ਹਵਾਲਾ ਦੇ ਕੇ ਸਮਝਾਉਂਦੇ ਹਨ ਕਿ, ਹੇ ਭਾਈ ! ਗਨਿਕਾ ਵਰਗੀ ਦੁਹਚਾਰਣੀ ਔਰਤ ਤੋਤੇ ਨੂੰ ਪੜ੍ਹਾਉਂਦੀ (ਰੱਬ ਨੂੰ ਯਾਦ ਕਰਦੀ) ਤਰ ਗਈ। ਇੰਦਰ ਦਾ ਹਾਥੀ ਤੇਂਦੂਏ ਦੀ ਜਕੜ ਵਿਚੋਂ ਨਿਕਲ ਮੁਕਤ ਹੋ ਗਿਆ ਕਿਉਂਕਿ ਉਸ ਨੇ ਹਰੀ ਨੂੰ ਯਾਦ ਕੀਤਾ ਸੀ। ਸੁਦਾਮੇ ਬ੍ਰਾਹਮਣ ਨੇ ਜਦੋਂ ਨਿਰੰਕਾਰ ਨੂੰ ਯਾਦ ਕੀਤਾ ਤਾਂ ਉਸ ਦਾ ਦਲਿਦਰ (ਗਰੀਬੀ ਆਰਥਿਕ ਤੇ ਮਾਨਸਿਕ) ਖਤਮ ਹੋ ਗਿਆ। ਹੇ ਮੇਰੇ ਮਨ ਤੂੰ ਭੀ ਪ੍ਰਮਾਤਮਾ ਨੂੰ ਯਾਦ ਕਰ। ਤੇਰੇ ਸਾਰੇ ਵਿਕਾਰ ਕੱਟੇ ਜਾਣਗੇ।

ਭਾਈ ਗੁਰਦਾਸ ਜੀ ਦੀ ਇੱਕ ਪਉੜੀ ਲੈ ਕੇ ਬਹੁਤੇ ਲੇਖਕ ਤੇ ਬੁਲਾਰੇ ਕ੍ਰਿਸ਼ਨ ਸੁਦਾਮੇ ਦੀ ਕਹਾਣੀ ਅਤਿਅੰਤ ਲੰਮੀ ਕਰਕੇ ਸੁਣਾਉਂਦੇ ਹਨ। ਜਦੋਂ ਕਿ ਇਹ ਪੌਰਾਣਕ ਗ੍ਰੰਥਾਂ ਵਿਚਲੀ ਕਾਲਪਨਿਕ ਕਥਾ ਹੈ। ਅਸਲੀਅਤ ਨਾਲ ਇਤਿਹਾਸ ਵਰਗੀ ਕਿਸੇ ਸ਼ੈਅ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਇਹ ਕਹਾਣੀ ਕਿਉਂਕਿ ਹਿੰਦੂ ਸਮਾਜ ਵਿਚ ਸਦੀਆਂ ਤੋਂ ਸੁਣੀ ਸੁਣਾਈ ਜਾ ਰਹੀ ਸੀ। ਹਿੰਦੂ ਸਮਾਜ ਨੂੰ ਚੰਗੀ ਲੱਗਦੀ ਸੀ। ਉਸ ਦਾ ਕੇਵਲ ਹਵਾਲਾ ਦਿੱਤਾ ਹੈ। ਭਾਈ ਗੁਰਦਾਸ ਜੀ ਦੀ ਲਿਖੀ ਦਸਵੀਂ ਵਾਰ ਦੀ ਨੌਵੀਂ ਪਉੜੀ ਇਹ ਹੈ:-

ਬਿਪੁ ਸੁਦਾਮਾ ਦਾਲਿਦੀ ਬਾਲ ਸਖਾਈ ਮਿਤ੍ਰ ਸਦਾਏ।।

ਲਾਗੂ ਹੋਈ ਬਾਮ੍ਹਣੀ ਮਿਲਿ ਜਗਦੀਸ ਦਲਿਦ੍ਰ ਗਵਾਏ।।

ਚਲਿਆ ਗਣਦਾ ਗਟੀਆ ਕਿਉ ਕਰਿ ਜਾਈਐ ਕਉਣੁ ਮਿਲਾਏ।।

ਪਹੁਤਾ ਨਗਰਿ ਦੁਆਰਕਾ ਸਿੰਘ ਦੁਆਰਿਖਲੋਤਾ ਜਾਇ।।

ਦੂਰਹੁ ਦੇਖਿ ਡੰਡਉਤਿ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।।

ਪਹਿਲੇ ਦੇ ਪਰਦਖਣਾ ਪੈਰੀ ਪੈ ਕੇ ਲੈ ਗਲਿ ਲਾਏ।।

ਪੁਛੇ ਕੁਸਲੁ ਪਿਆਰੁ ਕਰਿ ਗੁਰ ਸੇਵਾ ਦੀ ਕਥਾ ਸੁਣਾਏ।।

ਲੈ ਕੇ ਤੰਦੁਲ ਚਬਿਉਨ ਵਿਦਾ ਕਰੇ ਅਗੈ ਪਹੁਚਾਏ।।

ਚਾਰਿ ਪਦਾਰਥ ਸਕੁਚ ਪਠਾਏ।। (ਭਾਗ: 10-9)

ਇਹ ਬ੍ਰਾਹਮਣਾਂ ਵੱਲੋਂ ਲਿਖੀ ਬ੍ਰਾਹਮਣਾਂ ਵੱਲੋਂ ਪ੍ਰਚਾਰੀ ਤੇ ਬ੍ਰਾਹਮਣ ਦੇ ਹੱਕ ਵਿਚ ਜਾਣ ਵਾਲੀ ਕਹਾਣੀ ਹੈ। ਕੋਈ ਨਵੀਨ ਖੋਜ ਵਾਲਾ ਵਿਦਵਾਨ ਇਸ ਵਿਚੋਂ ਮਨੁੱਖਤਾ ਲਈ ਸਰਬ ਸਾਂਝੀ ਕਥਾ ਕਿਵੇਂ ਲੱਭ ਸਕੇਗਾ ? ਇਸ ਦਾ ਮਤਲਬ ਹੈ ਕਿ ਜੰਤਾ ਤੋਂ ਟੈਕਸ ਵਿਚ ਵਸੂਲਿਆ ਗਿਆ ਪੈਸਾ ਲੋਕ ਭਲਾਈ ਦੇ ਕੰਮਾਂ ਤੇ ਖਰਚ ਕਰਨ ਦੀ ਥਾਵੇਂ ਕ੍ਰਿਸ਼ਨ ਆਪਦੀਆਂ ਦੋਸਤੀਆਂ ਪਾਲ ਰਿਹਾ ਸੀ। ਇੱਕ ਅਣ ਅਧਿਕਾਰੀ ਵਿਅਕਤੀ ਨੂੰ ਬਹੁਤ ਵੱਡੀ ਰਕਮ ਦੇ ਦਿੱਤੀ ਕਿਉਂ ? ਕੀ ਧਰਮੀ ਪੁਰਖ ਗੁਣਾਂ ਤੋਂ ਸੱਖਣੇ ਲੋਕਾਂ ਨੂੰ ਇਸ ਤਰ੍ਹਾਂ ਨਿਵਾਜ ਸਕਦੇ ਹਨ ? ਅਜਿਹੇ ਨਾਜਾਇਜ਼ ਕੰਮ ਕਰਨ ਕਰਾਉਣ ਵਾਲੇ ਧਰਮੀ ਇਨਸਾਨ ਅਖਵਾਣ ਦੇ ਹੱਕਦਾਰ ਹੋ ਸਕਦੇ ਹਨ ? ਇਹ ਕਹਾਣੀਆਂ ਵਿਹਲੜ ਪੁਜਾਰੀਆਂ ਅਤੇ ਸਾਧਲਾਣੇ ਨੂੰ ਖੂਬ ਰਾਸ ਆਉਂਦੀਆਂ ਹਨ। ਅਚੇਤ ਰੂਪ ਵਿਚ ਆਮ ਜਨ ਸਮੂੰਹ ਨੂੰ ਮੰਗਤੇ ਬਣਾਉਣ ਲਈ ਅਸਿੱਧੀ ਪ੍ਰੇਰਨਾ ਦਿੱਤੀ ਗਈ ਹੈ, ਇਸ ਸਾਖੀ ਵਿਚ। ਇਹ ਕਹਾਣੀਆਂ ਦੀ ਬਦੌਲਤ ਅਣਖੀ ਤੇ ਮਿਹਨਤੀ ਸਿੱਖ ਅੱਜ ਵੱਡੀ ਪੱਧਰ ਤੇ ਭਿਖਾਰੀ ਬਣੇ ਵੇਖੇ ਜਾ ਸਕਦੇ ਹਨ। ਮੇਰੀ ਗੱਲ ਭਾਵੇਂ ਹੈਰਾਨੀ ਜਨਕ ਪ੍ਰਤੀਤ ਹੋਵੇ ਪਰ ਗੁਰਦੁਵਾਰਿਆਂ ਦੀਆਂ ਬਿਲਡਿੰਗਾਂ ਲਈ ਉਗਰਾਹੀ ਅਸਲ ਵਿਚ ਆਪਣੀਆਂ ਕਈ ਪੁਸਤਾਂ ਲਈ ਰੋਟੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਧਰਮ ਪ੍ਰਚਾਰ ਤਾਂ ਕਰਨ ਦੇ ਹੋਰ ਬਥੇਰੇ ਢੰਗ ਹਨ। ਗੁਰਦਵਾਰੇ ਦੇ ਬਹਾਨੇ ਆਪਣੀ ਆਲੀਸ਼ਾਨ ਕੋਠੀ ਬਣਦੀ ਹੈ, ਕਾਰ ਘੂਕਦੀ ਹੈ। ਜੇ ਸੰਭਵ ਹੋਵੇ ਤਾਂ ਆਲੇ ਦੁਆਲੇ ਕੁੱਝ ਦੁਕਾਨਾਂ ਬਣਾ ਕੇ ਚੰਗਾ ਚੋਖਾ ਕਿਰਾਇਆ ਵਸੂਲਿਆ ਜਾ ਸਕਦਾ ਹੈ। ਇਉਂ ਸਮਝ ਲਓ, ਉਸ ਸੁਦਾਮੇ ਵਾਲੀ ਕਹਾਣੀ ਵਿਚ ਤਾਂ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ। ਪਰ ਅੱਜ ਸੱਚਾਈ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤ ਕੇ ਬਹੁਤ ਸਾਰੇ ਲੋਕਾਂ ਦੀ ਕੰਗਾਲੀ ਗਰੀਬੀ ਦੂਰ ਹੋ ਗਈ ਹੈ। ਗੁਰਬਾਣੀ ਨੂੰ ਤਿਆਗ ਕੇ ਤੁਲਸੀ ਰਾਮਾਇਣ ਵਿਚੋਂ ਇੱਕ ਦੋਹਾ ਬੜਾ ਲਮਕਾ ਕੇ ਅਰਥਾਂ ਸਮੇਤ ਬਾਰ ਬਾਰ ਸੁਣਾਇਆ ਜਾਂਦਾ ਹੈ। ਜਦੋਂ ਕਿ ਗੁਰਬਾਣੀ ਦਾਨ ਨਹੀਂ ਸਿਖਾਉਂਦੀ ਦਸਵੰਧ ਸਿਖਾਉਂਦੀ ਹੈ। ਦੋਹਾ ਪੜ੍ਹੋ :-

ਜਨਨੀ ਜਣੈ ਤਾ ਭਗਤ ਜਨ ਕੈ ਦਾਤਾ ਕੈ ਸੂਰ।

ਨਹੀ ਤਾ ਜਨਨੀ ਬਾਂਝ ਰਹੇ ਕਾਹੇ ਗਵਾਏ ਨੂਰ। (ਤੁਲਸੀ)

ਉੱਦਮ ਬਾਰੇ ਤੇ ਵੰਡ ਛੱਕਣ ਬਾਰੇ ਗੁਰਬਾਣੀ ਤਾਂ ਇਹ ਸਾਰਥਕ ਸੇਧ ਬਖ਼ਸ਼ ਰਹੀ ਹੈ -

ਗਿਆਨ ਵਿਹੁੂਣਾ ਗਾਵੈ ਗੀਤ।। ਭੂਖੇ ਮੁਲਾਂ ਘਰੇ ਮਸੀਤਿ।।

ਮਖਟੂ ਹੋਇ ਕੈ ਕੰਨ ਪੜਾਏ।। ਫਕਰ ਕਰੇ ਹੋਰੁ ਜਾਤਿ ਗਵਾਏ।।

ਗੁਰ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੁੂਲਿ ਨ ਲਗੀਐ ਪਾਇ।।

ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। (ਮਹਲਾ-1-1245)

ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ।।

ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ।। (1199)

ਸੁਕਦੇਵ :- ‘‘ਵਿਆਸ ਮੁਨੀ ਦਾ ਪੁੱਤਰ ਇੱਕ ਰਿਸ਼ੀ ਜਿਸਦਾ ਪ੍ਰਸਿੱਧ ਨਾਮ ਸੁਕਦੇਵ ਹੈ। ਮਹਾਂਭਾਰਤ ਵਿਚ ਕਥਾ ਹੈ ਕਿ ਵਿਆਸ ਹਵਨ ਕਰਨ ਲਈ ਅਰਣੀ (ਅੱਗ ਪੈਦਾ ਕਰਨ ਵਾਲੀ ਲੱਕੜੀ) ਲੱਕੜੀ ਘਸਾ ਕੇ ਅਗਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਸਮੇਂ ਦੁਹਰਾਨ ਘ੍ਰਿਤਾਚੀ ਅਪਸਰਾ (ਸੁੰਦਰ ਜਵਾਨ ਔਰਤ) ਆ ਗਈ। ਇਸ ਨੂੰ ਦੇਖਦਿਆਂ ਹੀ ਵਿਆਸ ਦਾ ਮਨ ਬੇਕਾਬੂ ਹੋ ਗਿਆ। ਰਿਸ਼ੀ ਦਾ ਵੀਰਜ ਨਿਕਲ ਕੇ ਅਰਣੀ ਵਿਚ ਡਿੱਗ ਪਿਆ। ਘ੍ਰਿਤਾਚੀ ਅਪਸਰਾ ਰਿਸ਼ੀ ਦੇ ਸਰਾਪ ਤੋਂ ਡਰਦੀ ਤੋਤੀ ਦਾ ਰੂਪ ਧਾਰਨ ਕਰਦੀ ਉਥੋਂ ਉੱਡ ਗਈ। ਰਿਸ਼ੀ ਵਿਆਸ ਦੇ ਵੀਰਜ ਤੋਂ ਸੁਕਦੇਵ ਅਰਣੀ (ਲੱਕੜੀ) ਵਿਚੋਂ ਹੀ ਪੈਦਾ ਹੋਇਆ। ਪਿਤਾ ਵਿਆਸ ਨੇ ਸੁਕ (ਸੁਕਦੇਵ) ਨਾਉਂ ਇਸ ਲਈ ਰੱਖਿਆ ਕਿ ਰਿਸ਼ੀ ਦੀ ਕਾਮ ਵਾਸਨਾ ਨੂੰ ਮਹਿਸੂਸ ਕਰਕੇ ਘ੍ਰਿਤਾਚੀ ਤੋਤੀ ਬਣ ਗਈ ਸੀ। ਇਸ ਲਈ ਤੋਤੀ ਨੂੰ ਸੁਕਦੇਵ ਦੀ ਮਾਂ ਮੰਨਿਆ ਗਿਆ। ਸੁਕਦੇਵ ਨੂੰ ਵਿਆਸ ਨੇ ਬ੍ਰਹਮ ਵਿੱਦਿਆ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭਜਿਆ। ਉਥੋਂ ਪੜ੍ਹਕੇ ਇਹ ਪ੍ਰਸਿੱਧ ਗਿਆਨੀ ਮੰਨਿਆ ਜਾਣ ਲੱਗਾ। (ਮ: ਕੋ: 207)

ਇੱਕ ਹੋਰ ਕਥਾ ਸੁਕਦੇਵ ਬਾਰੇ ਥੋੜ੍ਹੇ ਵੱਖਰੇ ਢੰਗ ਦੀ ਭੀ ਮਿਲਦੀ ਹੈ। ਮਹਾਨ ਕੋਸ਼ ਵਿਚ ਅਤੇ ਹਿੰਦੂ ਮਿਥਿਹਾਸ ਕੋਸ਼ ਵਿਚ ਉਹ ਕਹਾਣੀ ਨਹੀਂ ਮਿਲ ਸਕੀ। ਉਸ ਦਾ ਇਸ਼ਾਰਾ ਮਾਤਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਭੀ ਕੀਤਾ ਹੈ। ਕਹਾਣੀ ਜੋ ਹਿੰਦੂ ਸਿੱਖ ਸਾਧਾਂ ਤੋਂ ਸੁਣੀ ਗਈ ਸੀ ਇਉਂ ਹੈ :- ਇੱਕ ਦਿਨ ਪਾਰਬਤੀ ਨੇ ਪਤੀ ਸ਼ਿਵ ਨੂੰ ਬੇਨਤੀ ਕੀਤੀ ਅਮਰ ਕਥਾ ਸੁਣਾਉ। ਚਲੋ ਕਿਤੇ ਇਕਾਂਤ ਵਿਚ ਚਲਦੇ ਹਾਂ। ਹਿਮਾਲਾ ਪਰਬਤ ਚਲੇ ਗਏ। ਰਾਤ ਸਮੇਂ ਸ਼ਿਵ ਕਹਾਣੀ ਸੁਣਾਉਣ ਲੱਗ ਪਏ। ਪਾਰਬਤੀ ਸੁਣਦੀ ਹੋਈ ਸਤਬਚਨ ਸਤਬਚਨ ਬੋਲੀ ਜਾ ਰਹੀ ਸੀ। ਅਮਰ ਕਥਾ ਜੇ ਕੋਈ ਸੰਪੂਰਨ ਸੁਣ ਲਵੇ ਤਾਂ ‘‘ਅਮਰ`` ਹੋ ਜਾਂਦਾ ਹੈ। ਰਾਤ ਦੇ ਪਿਛਲੇ ਪਹਿਰ ਪਾਰਬਤੀ ਸੌਂ ਗਈ। ਰੁੱਖ ਤੇ ਬੈਠਾ ਤੋਤਾ ਅਮਰ ਹੋਣ ਦੀ ਇੱਛਾ ਕਾਰਨ ਕਥਾ ਧਿਆਨ ਨਾਲ ਸੁਣ ਰਿਹਾ ਸੀ। ਜਦੋਂ ਪਾਰਬਤੀ ਸੌਂ ਗਈ ਤਾਂ ਉਸ ਦੀ ਆਵਾਜ਼ ਵਾਂਗ ਤੋਤੇ ਨੇ ਸਤਬਚਨ ਕਹਿਣਾ ਜਾਰੀ ਰੱਖਿਆ। ਕਹਾਣੀ ਮੁੱਕੀ ਸਵੇਰ ਹੋਈ, ਪਾਰਬਤੀ ਸੁੱਤੀ ਵੇਖ ਕੇ ਸ਼ਿਵ ਨੂੰ ਗੁੱਸਾ ਆਇਆ। ਸੋਚਿਆ ਫਿਰ ਕਉਣ ਸਤਬਚਨ ਕਹਿ ਰਿਹਾ ਸੀ। ਉੱਪਰ ਧਿਆਨ ਗਿਆ ਕੀ ਵੇਖਿਆ ਇੱਕ ਤੋਤਾ ਰੁੱਖ ਤੋਂ ਉਡਾਰੀ ਮਾਰ ਗਿਆ। ਸ਼ਿਵ ਭੀ ਪਿੱਛੇ ਦੌੜ ਪਿਆ। ਬਹੁਤ ਲੰਮੇ ਸਫਰ ਤੋਂ ਬਾਦ ਤੋਤਾ ਹੰਭ ਗਿਆ। ਸ਼ਿਵ ਤੋਂ ਡਰਦਾ ਲੁਕਣ ਲਈ ਥਾਂ ਲੱਭਦਾ ਅੱਗੇ ਗਿਆ ਤਾਂ ਵੇਦ ਵਿਆਸ ਦੀ ਪਤਨੀ ਨੇ ਸੁੱਤੀ ਉੱਠ ਕੇ ਉਬਾਸੀ ਲਈ ਮੂੰਹ ਖੋਲਿ੍ਹਆ। ਵਿਚਾਰਾ ਤੋਤਾ ਉਸ ਦੇ ਮੂੰਹ ਵਿਚ ਵੜ ਬੈਠਾ। ਸ਼ਿਵ ਮਾਰਨ ਲਈ ਝਈਆਂ ਲੈ ਲੈ ਪਵੇ। ਵੇਦ ਵਿਆਸ ਉਸਦੀ ਪਤਨੀ ਤੇ ਹੋਰ ਲੋਕਾਂ ਨੇ ਸ਼ਿਵ ਦੇ ਤਰਲੇ ਕਰਕੇ ਮੰਨਾਇਆ। ਗੁੱਸਾ ਠੰਢਾ ਕੀਤਾ ਤਾਂ ਕਿਤੇ ਵਾਪਸ ਮੁੜਿਆ। ਇੱਧਰ ਵਿਚਾਰਾ ਤੋਤਾ ਇੰਨਾ ਘਾਬਰਿਆ ਕਿ ਬਾਰਾਂ ਸਾਲ ਤੱਕ ਉਸ ਜਨਾਨੀ ਦੇ ਪੇਟ ਵਿਚ ਹੀ ਬੈਠਾ ਰਿਹਾ। ਭਾਣਾ ਅਜਿਹਾ ਵਰਤਿਆ ਕਿ ਪੇਟ ਵਿਚ ਹੀ ਤੋਤੇ ਤੋਂ ਮੁੰਡਾ ਬਣ ਗਿਆ। ਬਾਰਾਂ ਸਾਲ ਮਗਰੋਂ ਕਾਕਾ ਜੀ ਬਣਕੇ ਜਨਮੇ ਦਾ ਨਾਮ ਸੁਕਦੇਵ (ਤੋਤਾ) ਹੀ ਰੱਖ ਦਿੱਤਾ ਗਿਆ। ਫਿਰ ਇਹ ਜਨਕ ਦੇ ਸਕੂਲ ਵਿਚ ਪੜ੍ਹਾਈ ਕਰਕੇ ਵੱਡਾ ਧਰਮਾਤਮਾ ਬਣਿਆ।

ਵਿਚਾਰ - ਇਸ ਲਾਮਿਸਲ ਅਣਵਿਗਿਆਨਕ ਅਤੇ ਗੈਰ ਕੁਦਰਤੀ ਕਹਾਣੀ ਵਿਚ ਚੰਗਾ ਚੰਦ ਚਾਹੜਿਆ ਗਿਆ ਹੈ। ਵੇਦ ਵਿਆਸ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਮਹਾਂਭਾਰਤ ਵਰਗਾ ਬੇਜੋੜ ਗ੍ਰੰਥ ਲਿਖ ਕੇ ਆਪਣਾ ਨਾਮ ਅਮਰ ਕਰਵਾ ਲਿਆ। ਕੁੱਝ ਲੋਕਾਂ ਦਾ ਇਹ ਭੀ ਮੰਨਣਾ ਹੈ ਕਿ ਗੀਤਾ ਭੀ ਵਿਆਸ ਨੇ ਹੀ ਲਿਖੀ ਸੀ। ਭਾਵੇਂ ਆਮ ਮਨੌਤ ਮੁਤਾਬਕ ਇਹ ਕ੍ਰਿਸ਼ਨ ਦੀ ਲਿਖੀ ਮੰਨੀ ਜਾਂਦੀ ਹੈ। ਇਸ ਨੂੰ ਮਹਾਨ ਵਿਦਵਾਨ ਹੀ ਨਹੀਂ ਸਗੋਂ ਮਹਾਨ ਰਿਸ਼ੀ ਮੁਨੀ, ਤਪੱਸਵੀ, ਯੱਗ ਕਰਨ ਕਰਾਉਣ ਵਾਲਾ ਸਵੀਕਾਰਿਆ ਜਾਂਦਾ ਹੈ। ਇਸ ਕਹਾਣੀ ਮੁਤਾਬਕ ਭੀ ਵਿਆਸ ਯੱਗ ਕਰਨ ਲਈ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਾ ਨਹੀਂ ਕਿੱਥੋਂ ਅਚਨਚੇਤੀ ਇੱਕ ਜਵਾਨ ਇਸਤਰੀ ਵਿਆਸ ਜੀ ਨੂੰ ਵਿਖਾਈ ਦੇ ਗਈ। ਇਹ ਜਾਣ ਬੁੱਝ ਕੇ ਪੁੱਤਰ ਪ੍ਰਾਪਤੀ ਲਈ ਸਾਧ ਦੇ ਡੇਰੇ ਤੇ ਝਾੜੂ ਲਾਉਣ ਆਈ ਸੀ ਜਾਂ ਕੇਵਲ ਸਾਧ ਨੂੰ ਦਰਸ਼ਨ ਦੇਣ, ਇਹ ਤਾਂ ਉਹੀ ਦੱਸ ਸਕਦੀ ਹੈ। ਪਰ ਇੱਕ ਗੱਲ ਜੋ ਪਰਤੱਖ ਹੈ ਉਹ ਇਹ ਕਿ ਰਿਸ਼ੀ ਵਿਆਸ ਜੀ ਜਵਾਨ ਜਿਸਮ ਨੂੰ ਵੇਖਦਿਆਂ ਹੀ ਬੇਕਾਬੂ ਹੋ ਗਏ। ਆਪਣੀ ਬੇਪੱਤੀ ਤੋਂ ਡਰਦੀ ਘ੍ਰਿਤਾਚੀ ਦੌੜੀ, ਹਾਲ ਪਾਹਰਿਆ ਕੀਤੀ। ਪਰ ਸਭ ਵਿਅਰਥ। ਉਸ ਨਾਲ ਵਿਗੜੇ ਸਾਧ ਨੇ ਕੁਕਰਮ ਕਰ ਲਿਆ ਸੀ। ਸ਼ਾਇਦ ਲੁਕਾ ਛੁਪਾ ਕੇ ਇਸ ਸਾਧ ਨੇ ਕਾਫੀ ਸਮਾਂ ਉਹ ਆਪਣੇ ਡੇਰੇ ਰੱਖੀ ਹੋਵੇ। ਸਮਾਂ ਆਉਣ ਤੇ ਲੜਕਾ ਜਨਮੇ ਤੋਂ ਬਾਦ ਉਹ ਨੱਸ ਗਈ, ਨਸਾ ਦਿੱਤੀ ਗਈ ਜਾਂ ਮਾਰ ਦਿੱਤੀ ਗਈ। ਕਹਾਣੀ ਵਿਚ ਨਹੀਂ ਦੱਸਿਆ ਗਿਅ। ਮਾਤਾ ਪਿਤਾ (ਨਰ-ਮਾਦਾ) ਦੇ ਸਬੰਧਾਂ ਤੋਂ ਬਗੈਰ ਬੱਚਾ ਪੈਦਾ ਹੋਣਾ ਸੰਭਵ ਨਹੀਂ ਹੈ। ਇਹ ਜੋ ਸਾਧ ਲੇਬਲ ਲਾ ਕੇ ਭਗਵੇਂ ਜਾਂ ਚਿੱਟੇ ਚੋਲੇ ਪਾਈ ਸਾਹਨ ਨਜ਼ਰ ਆਉਂਦੇ ਹਨ ਆਮ ਕਰਕੇ ਵਿਆਹ ਨਹੀਂ ਕਰਾਉਂਦੇ। ਸਰੀਰ ਵਿਚ ਸਾਰੀਆਂ ਕਿਰਿਆਵਾਂ ਨਾਲੋ ਨਾਲ ਚੱਲਦੀਆਂ ਹਨ। ਸਰੀਰ ਵੱਧਦਾ ਹੈ ਜਿਥੇ ਹੱਡ ਚੰਮ ਖੂਨ ਸਹਿਜ ਤਰੀਕੇ ਬਣਦਾ ਹੈ, ਇਸੇ ਤਰ੍ਹਾਂ ਔਰਤਾਂ ਪੁਰਸ਼ਾਂ ਵਿਚ ਜਨਣ ਅੰਗ ਸਕਿਰਿਆ ਹੋ ਜਾਂਦੇ ਹਨ। ਪੁਰਸ਼ ਦੇ ਅੰਦਰ ਜਵਾਨੀ ਵਿਚ ਵੀਰਜ ਵਧੇਰੇ ਮਾਤਰਾ ਵਿਚ ਬਣਦਾ ਹੈ। ਮਾਦਾ ਸਾਕ ਲਈ ਮਨ ਮਚਲਦਾ ਹੈ। ਇੱਧਰ ਵਾਸਨਾ ਗ੍ਰਸਤ ਜਾਂ ਅਉਲਾਦ ਪ੍ਰਾਪਤੀ ਦੀਆਂ ਚਾਹਵਾਨ ਔਰਤਾਂ ਡੇਰਿਆਂ ਵਿਚ ਆਮ ਹੀ ਜਾਂਦੀਆਂ ਹਨ। ਅਕਸਰ ਹੀ ਸ਼ਰਮਨਾਕ ਘਟਨਾਵਾਂ ਕਦੀ ਕਦਾਈ ਬਾਹਰ ਨਿਕਲ ਆਉਂਦੀਆਂ ਹਨ। ਜੋ ਕੁੱਝ ਡੇਰਿਆਂ ਵਿਚ ਪਾਪ ਕਰਮ ਹੁੰਦੇ ਹਨ, ਉਹਨਾਂ ਦਾ ਸ਼ਾਇਦ ਇੱਕ ਡੇਢ ਪ੍ਰਤੀਸ਼ਤ ਭੇਤ ਖੁਲ੍ਹਦਾ ਹੈ। ਬਾਕੀ ਸਭ ਕੁੱਝ ਸਮਾਜਕ ਭੈਅ, ਇੱਜ਼ਤ ਦਾ ਸਵਾਲ, ਤੇ ਪਰਵਾਰਕ ਝਗੜਿਆਂ ਤੋਂ ਬਚਣ ਲਈ ‘‘ਧਰਮ ਦੀ ਸਫੈਦ ਪਰ ਅੰਦਰੋਂ ਬਦਬੂਦਾਰ ਚਾਦਰ`` ਨਾਲ ਢੱਕ ਲਿਆ ਜਾਂਦਾ ਹੈ।

ਵੇਦ ਵਿਆਸ ਦੀ ਕਹਾਣੀ ਨੂੰ ਭੀ ਕੁੱਝ ਅੰਨ੍ਹੇ ਸ਼ਰਧਾਲੂਆਂ ਨੇ ‘‘ਧਰਮ ਪੜਦੇ`` ਵਿਚ ਰੱਖਣ ਦਾ ਜਤਨ ਕੀਤਾ ਹੈ। ਇਹਨਾਂ ਅੱਖਰਾਂ ਦੇ ਲੇਖਕ ਨੂੰ ਅਕਾਲ ਤਖਤ ਦੇ ਇੱਕ ਸੇਵਾਦਾਰ ਭਾਈ ਮਨਜੀਤ ਸਿੰਘ ਨਾਲ ਨਿੱਜੀ ਸਹਾਇਕ ਬਣ ਕੇ ਕਰੀਬ ਤਿੰਨ ਸਾਲ ਤੱਕ ਸਭ ਕੁੱਝ ਵੇਖਣ ਪਰਖਣ ਦਾ ਮੌਕਾ ਮਿਲਿਆ। ਭਰੇ ਮਨ ਨਾਲ ਲਿਖਣ ਲਈ ਮਜਬੂਰ ਹੋਇਆ ਹਾਂ। ਜਥੇਦਾਰ ਵੱਲ ਜੋ ਖਤ ਸਿੱਖ ਮਾਈ ਭਾਈ ਵੱਲੋਂ ਆਉਂਦੇ ਸਨ ਉਨ੍ਹਾਂ ਨੂੰ ਪੜ੍ਹਨਾ ਤੇ ਜਵਾਬ ਦੇਣਾ ਮੇਰੀ ਹੀ ਜਿੰਮੇਵਾਰੀ ਸੀ। ‘‘ਪ੍ਰਸਿੱਧ ਤੇ ਪੂਜਨੀਕ`` ਡੇਰਿਆਂ ਵਿਚ ਪੜ੍ਹ ਰਹੇ ਮਾਸੁੂਮ ਬੱਚੇ ਕਿਵੇਂ ਡੇਰੇਦਾਰ ‘‘ਸਾਹਨਾਂ`` ਦੀ ਹਵਸ ਦਾ ਸ਼ਿਕਾਰ ਹੁੰਦੇ ਹਨ, ਪੜ੍ਹ ਸੁਣ ਕੇ ਰੂਹ ਕੁਰਲਾਉਂਦੀ ਹੈ। ਕਲੇਜਾ ਪਟਦਾ ਹੈ। ਇਹਨਾਂ ਮਾਸੂਮ, ਮਸਲ ਦਿੱਤੇ ਗਏ ਫੁੱਲਾਂ ਦੀ ਚੀਕ ਭੀ ਬਾਹਰ ਸੁਣਾਈ ਨਹੀਂ ਦਿੰਦੀ। ਕਦੀ ਕਦਾਈਂ ਇਹਨਾਂ ਦੇ ਅਭਾਗੇ ਮਾਂ ਬਾਪ ਆਪਣੀ ਗਰੀਬੀ , ਲਾਚਾਰੀ ਜਾਂ ਬੇਬਸੀ ਤੋਂ ਵਕਤ ਕੱਢ ਕੇ ‘‘ਅਕਾਲ ਤਖਤ`` ਵੱਲ ਫਰਿਆਦੀ ਹੁੰਦੇ। ‘‘ਜਥੇਦਾਰ ਜੀ ! ਫਲਾਂ ਡੇਰੇਦਾਰ ਨੇ ਸਾਡੇ ਬੱਚੇ ਨਾਲ ‘‘ਮੂੰਹ ਕਾਲਾ`` ਕੀਤਾ ਹੈ। ਉਸ ਦਿਨ ਤੋਂ ਉਹ ਮਾਸੂਮ ਸਦਮੇ ਤੋਂ ਉੱਭਰ ਨਹੀਂ ਸਕਿਆ। ਇਹਨਾਂ ਪਾਪੀਆਂ ਨੇ ਸਾਡੇ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਅਸੀਂ ਗਰੀਬੀ ਕਾਰਨ ਡੇਰੇ ਤੇ ਗੁਰਬਾਣੀ ਪੜ੍ਹਣ, ਕੀਰਤਨ ਸਿੱਖਣ ਭੇਜਿਆ ਸੀ। ਪਰ ਉਥੇ ਤਾਂ ਹੋਰ ਹੀ ਵਰਤਾਰਾ ਵਰਤ ਗਿਆ..... ਕੁਝ ਕਰੋ``। ਜਦੋਂ ਮੈਂ ਜਥੇਦਾਰ ਨੂੰ ਪੁੱਛਣਾ ਕਿ ਹਲਫੀਆ ਬਿਆਨ ਲੈ ਕੇ ਕੇਸ ਪੁਲਸ ਦੇ ਹਵਾਲੇ ਕਰ ਦਈਏ ? ਤਾਂ ਜਥੇਦਾਰ ਮਨਜੀਤ ਸਿੰਘ ਨੇ ‘‘ਧਰਮ`` ਦਾ ਵਾਸਤਾ ਪਾਉਂਦਿਆਂ ਮੂੰਹ ਬੰਦ ਰੱਖਣ ਲਈ ‘‘ਹੁਕਮ`` ਕਰ ਦੇਣਾ .....। ਉਸ ਤੋਂ ਮਗਰੋਂ ਤਾਂ ਕਈ ਸਾਰੇ ਡੇਰੇਦਾਰ ‘‘ਬ੍ਰਹਮਗਿਆਨੀ`` ਰਾਤ ਦਿਨ ‘‘ਬ੍ਰਹਮ ਗਿਆਨ`` ਵੰਡਦੇ ਜੇਹਲ ਦੀਆਂ ਸਲਾਖਾਂ ਵਿਚ ਬੰਦ ਹੋ ਚੁੱਕੇ ਹਨ। ਅਜੇ ਬਹੁਤ ਕੁੱਝ ਅਜਿਹਾ ਹੈ ਜੋ ਡੂੰਘੀ ਪੜਤਾਲ ਦੀ ਮੰਗ ਕਰਦਾ ਹੈ। ਮਾਫੀਆ ਦੇ ਖਤਰਨਾਕ ਗੈਂਗ ਜਿਵੇਂ ਅਪਣੀਆਂ ਸਰਗਰਮੀਆਂ ਨੂੰ ਸਿਰੇ ਲਾਉਂਦੇ ਹਨ, ਇਹਨਾਂ ਡੇਰਿਆਂ ਦਾ ਅੰਦਰਲਾ ਰੂਪ ਲੱਗਭਗ ਉਸੇ ਤਰ੍ਹਾਂ ਦਾ ਹੈ।

ਖੈਰ ! ਉਸ ਵਿਸ਼ੇ ਬਾਰੇ ਸੋਚਣ ਸਮਝਣ ਦੀ ਲੋੜ ਹੈ ਕਿ ਵੇਦ ਵਿਆਸ ਵਰਗੇ ਰਿਸ਼ੀ ਮੁਨੀ ਦਾ ਆਪਣੇ ਆਪ ਤੇ ਕਾਬੂ ਨਾ ਰਿਹਾ। ਵਿਚਾਰੀ ਘ੍ਰਿਤਾਚੀ ਨੂੰ ਹੀ ਹੋਰ ਖਤਰਾ ਪੈਦਾ ਹੋ ਗਿਆ। ਕਿਤੇ ਰਿਸ਼ੀ ਨਾਰਾਜ਼ ਹੋ ਕੇ ਕੋਈ ਸਰਾਪ ਨਾ ਦੇ ਦੇਵੇ। ਗਲਤੀ ਵਿਆਸ ਦੀ ਕਾਂਬਾ ਛਿੜ ਗਿਆ ਘ੍ਰਿਤਾਚੀ ਨੂੰ। ਹੈ ਨਾ ਤਕੜੇ ਦਾ ਸਤੀਂ ਵੀਹੀਂ ਸੌ। ਉਹ ਭਾਵੇਂ ਵੇਦ ਵਿਆਸ ਦੀ ਪਤਨੀ ਨਾ ਬਣ ਸਕੀ, ਹਾਂ ਪੁੱਤਰ ਵਿਆਸ ਦੀ ਝੋਲੀ ਸੁੱਟ ਕੇ ਵਾਪਸ ਚਲੀ ਗਈ। ਵਿਆਸ ਨੇ ਹੋਰ ਕਿਹੜੀ ਔਰਤ ਦੀ ਸਹਾਇਤਾ ਨਾਲ ਬੱਚੇ ਸੁਕਦੇਵ ਦੀ ਪਾਲਣਾ ਕੀਤੀ ? ਕੋਈ ਪੁੱਛਣ ਦੀ ਗੁਸਤਾਖੀ ਨਾ ਕਰੇ।

ਉੱਪਰ ਦਿੱਤੀ ਗਈ ਦੂਸਰੀ ਕਹਾਣੀ ਮੁਤਾਬਕ ਸਿੱਧਾ ਹੀ ਤੋਤਾ ਵਿਆਸ ਦੀ ਪਤਨੀ ਦੇ ਮੂੰਹ ਵਿਚ ਦਾਖਲ ਹੋ ਗਿਆ। ਸ਼ਿਵ ਵੱਲੋਂ ਭੈਅ ਭੀਤ ਹੋਇਆ ਬਾਰਾਂ ਸਾਲ ਤੱਕ ਗਰਭ ਵਿਚ ਹੀ ਲੁਕਿਆ ਰਿਹਾ। ਸਾਰੇ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਭਾਗਸ਼ਾਲੀ ਤੋਤਾ ਅੰਦਰ ਬੈਠਾ ਲੜਕਾ ਬਣ ਗਿਆ। ਬਾਰਾਂ ਸਾਲ ਮਗਰੋਂ ਜਨਮ ਲੈ ਕੇ ਜਨਕ ਰਾਜੇ ਕੋਲ ਪੜ੍ਹਨੇ ਪਾ ਦਿੱਤਾ ਗਿਆ। ਉਥੇ ਇਸ ਨੇ ਖੂਬ ਦੱਬ ਕੇ ਪੜ੍ਹਾਈ ਕੀਤੀ। ਆਮ ਡੇਰੇਦਾਰ ਸਾਧਾਂ ਦੇ ਪ੍ਰਬੰਧ ਵਾਂਗ ਉਥੇ ਰਹਿ ਕੇ ਭਾਂਡੇ ਮਾਂਜੇ, ਲੰਗਰ ਬਣਾਇਆ। ਇਮਤਿਹਾਨ ਲੈਣ ਵਾਸਤੇ ਸਾਰਿਆਂ ਨੇ ਆਪਣੀ ਜੂਠ ਭੀ ਇਸ ਦੇ ਸਿਰ ਵਿਚ ਪਾਈ, ਪਰ ਇਹ ਅਡੋਲ ਸੇਵਾ ਕਰਦਾ ਰਿਹਾ। ਪਾਠਕ ਜਨੋਂ ਸਿੱਖੀ ਭੇਸ ਵਾਲੇ ਪ੍ਰਚਾਰਕ ਸਿੱਖ ਸੇਵਾਦਾਰਾਂ ਨੂੰ ਭੁੱਲ ਗਏ। ਜਿਹਨਾਂ ਨੇ ਆਪਣਾ ਆਪਾ ਉਮਰ ਭਰ ਸੇਵਾ ਵਿਚ ਲੇਖੇ ਲਾ ਦਿੱਤਾ, ਉਹ ਚੇਤੇ ਨਾ ਰਹੇ। ਅਣਹੋਏ, ਅਣਜੰਮੇ ਵਿਅਕਤੀ ਸਾਰੀਆਂ ਸਿੱਖ ਸਟੇਜਾਂ ਦਾ ਸ਼ਿੰਗਾਰ ਬਣਾਏ ਜਾ ਰਹੇ ਹਨ। ‘‘ਸਵਾ ਸਵਾ ਮਣ ਪੀਸਣੇ ਪੀਸੇ, ਇੱਕ ਪਿਆਲਾ ਪਾਣੀ, ਅੱਧੀ ਅੱਧੀ ਰੋਟੀ ਤੇ ਗੁਜਾਰਾ ਕੀਤਾ। ਬੱਚੇ ਵਿਲ੍ਹਕਦੇ ਰਹੇ, ਪਿਆਸੇ, ਭੁੱਖੇ ਤੜਫਦੇ ਰਹੇ। ਮਾਵਾਂ ਦੇ ਸਾਹਮਣੇ ਪ੍ਰਾਣ ਤਿਆਗਦੇ ਰਹੇ। ਨੇਜ਼ਿਆਂ ਵਿਚ ਪਰੋਏ ਜਾਂਦੇ ਰਹੇ, ਟੁਕੜੇ ਕਰ ਕੇ ਮਾਵਾਂ ਦੀਆਂ ਝੋਲੀਆਂ ਵਿਚ ਸੁੱਟ ਦਿੱਤੇ ਜਾਂਦੇ। ਮਾਵਾਂ ਸਿਦਕ ਵਿਚ ਅਡੋਲ ਰਹੀਆਂ। ਉਹਨਾਂ ਸਭ ਦੀ ਬਹਾਦਰੀ ਤੇ ਸੇਵਾ ਭੁੱਲ ਗਈ। ਜੋ ਕਦੀ ਭੀ ਨਹੀਂ ਜਨਮੇ ਉਹ ਸਿੱਖਾਂ ਦੀਆਂ ਖੋਪਰੀਆਂ ਵਿਚ ਤੁੰਨ ਦਿੱਤੇ ਗਏ। ਗੁਰਬਾਣੀ ਵਿਚ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਹਨਾਂ ਦਾ ਜ਼ਿਕਰ ਕੇਵਲ ਉਦਾਹਰਣ ਲਈ ਆਇਆ ਹੈ। ਜਿਵੇਂ ਅਣਗਿਣਤ ਹੋਰ ਜੀਵਾਂ, ਜੰਤਾਂ, ਪਸ਼ੂਆਂ, ਪੰਖੀਆਂ ਦਾ ਹਵਾਲਾ ਆਇਆ ਹੈ। ਇਸ ਦਾ ਇਹ ਮਤਲਬ ਨਹੀਂ ਕਿ ਸਤਿਗੁਰੂ ਕਾਂ, ਕੁੱਤੇ ਜਾਂ ਮੋਰ, ਹੰਸ ਦੇ ਉਪਾਸਕ ਬਣ ਗਏ ਹਨ। ਉਦਾਹਰਣ ਕਦੀ ਭੀ ਅਸੂਲ ਨਾਲੋਂ ਉੱਤੇ ਜਾਂ ਬਰਾਬਰ ਨਹੀਂ ਹੋਇਆ ਕਰਦੀ। ਆਉ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਹਵਾਲੇ ਪੜ੍ਹੀਏ :-

ਜਾਤ ਨਾ ਜਾਤਿ ਦੇਖਿ ਮਤ ਭਰਮਹੁ ‘‘ਸੁਕ`` ਜਨਕ ਪਗੀ ਲਗਿ ਧਿਆਵੈਗੋ।।

ਜੂਠਨ ਜੂਠਿ ਪਈ ਸਿਰ ਉਪਰਿ ਖਿਨੁ ਮਨੂਆ ਤਿਲ ਨ ਡੁਲਾਵੈਗੋ।। (ਮਹਲਾ - 4-1309)

ਉੱਚੀ ਨੀਵੀਂ ਜਾਤ ਦਾ ਭਰਮ ਨਾ ਕਰਨਾ, ਸੁਕਦੇਵ ਬ੍ਰਾਹਮਣ ਸੀ ਉਸ ਨੇ ਹਰ ਤਰ੍ਹਾਂ ਦੀ ਹੱਥੀਂ ਸੇਵਾ ਕੀਤੀ। ਜਨਕ ਭਾਵੇਂ ਖੱਤਰੀ ਰਾਜਾ ਸੀ, ਪਰ ਸਕਦੇਵ ਨੇ ਉਸ ਤੋਂ ਗਿਆਨ ਲੈਣ ਤੋਂ ਸੰਕੋਚ ਨਾ ਕੀਤਾ। ਉਸ ਦੀ ਨਿਮਰਤਾ ਪਰਖਣ ਵਾਸਤੇ ਸਿਰ ਉੱਤੇ ਜੂਠੀਆਂ ਪੱਤਲਾਂ ਸੁੱਟੀਆਂ ਗਈਆਂ। ਸੁਕਦੇਵ ਅਡੋਲ ਰਹਿ ਕੇ ਗਿਆਨ ਲੈਂਦਾ ਰਿਹਾ ਤੇ ਸੇਵਾ ਕਰਦਾ ਰਿਹਾ। ਉਸ ਦੇ ਜਨਮ ਬਾਰੇ ਜਾਂ ਹੋਰ ਗੈਰ ਕੁਦਰਤੀ ਵਰਤਾਰਿਆਂ ਬਾਰੇ ਸਤਿਗੁਰੂ ਜੀ ਨੇ ਇੱਥੇ ਕੋਈ ਜ਼ਿਕਰ ਨਹੀਂ ਕੀਤਾ। ਅਜਿਹੀਆਂ ਉਦਾਹਰਣਾਂ ਹੋਰ ਭੀ ਅਨੇਕ ਮਿਲ ਜਾਂਦੀਆਂ ਹਨ। ਭਾਈ ਗੁਰਦਾਸ ਜੀ ਨੇ ਪ੍ਰਚਲਤ ਪੌਰਾਣਕ ਸਾਖੀ ਦਾ ਹਵਾਲਾ ਦਿੱਤਾ ਹੈ। ਇਹ ਨਹੀਂ ਕਿਹਾ ਕਿ ਇਹ ਕਹਾਣੀ ਇੰਨ ਬਿੰਨ ਸੱਚੀ ਹੈ।

ਬਾਰਹ ਵਰ੍ਹੇ ਗਰਭਾਸਿ ਵਸਿ ਜਮਦੇ ਹੀ ਸਕਿ ਲਈ ਉਦਾਸੀ।।

ਮਾਇਆ ਵਿਚਿ ਅਤੀਤ ਹੋਇ ਮਨ ਹਠ ਬੁਧਿ ਨ ਬੰਦਿ ਖਲਾਸੀ।।

ਪਿਆ ਬਿਆਸ ਪਰਬੋਧਿਆ ਗੁਰ ਕਰਿ ਜਨਕ ਸਹਜ ਅਭਿਆਸੀ।।

ਤਜਿ ਦੁਰਮਤਿ ਗੁਰਮਤਿ ਲਈ ਸਿਰ ਧਰਿ ਜੂਠਿ ਮਿਲੀ ਸਾਬਾਸੀ।।

ਗੁਰ ਉਪਦੇਸੁ ਅਵਸੁ ਕਤਿ ਗਰਬਿ ਨਿਵਾਰਿ ਜਗਤਿ ਗੁਰ ਦਾਸੀ।।

ਪੈਰੀ ਪੈ ਪਾ ਖਾਕ ਹੋਇ ਗੁਰਮਤਿ ਭਾਉ ਭਗਤਿ ਪਰਗਾਸੀ।।

ਗੁਰਮੁਖਿ ਸੁਖ ਫਲੁ ਸਹਜ ਨਿਵਾਸੀ।। (ਵਾਰ -25 -10)

ਇਸ ਪਉੜੀ ਵਿਚ ਪਹਿਲਾਂ ਕੁਝ ਉਦਾਹਰਣ ਹਨ ਆਖਰੀ ਪੰਕਤੀ ਵਿਚ ਗੁਰਮਤ ਸਿਧਾਂਤ ਪੇਸ਼ ਕੀਤਾ ਗਿਆ ਹੈ। ਸੁਕਦੇਵ ਤੋਤੇ ਤੋਂ ਆਦਮੀ ਬਣਿਆ ਹੋਵੇ ਗੁਰਬਾਣੀ ਜਾਂ ਭਾਈ ਗੁਰਦਾਸ ਨੇ ਕਿਤੇ ਨਹੀਂ ਲਿਖਿਆ। ਉਂਞ ਬਹੁਤ ਸਾਰੇ ਇਨਸਾਨਾਂ ਦੇ ਨਾਮ ਅੱਜ ਭੀ ਮੋਰ, ਤੋਤਾ, ਸੂਰਜ, ਚੰਦ ਜਾਂ ਰਾਮ ਹਨ। ਇਹ ਕੇਵਲ ਨਾਮ ਹਨ। ਉਹਨਾਂ ਸ਼ਖਸੀਅਤਾਂ ਨਾਲ ਨਾਵਾਂ ਦਾ ਕੋਈ ਤਾਲਮੇਲ ਨਹੀਂ ਹੈ। ਪਹਾੜਾ ਸਿੰਘ ਪਹਾੜ ਨਹੀਂ ਹੈ। ਬੋਤਾ ਸਿੰਘ (ਊਠ) ਜਾਨਵਰ ਬੋਤਾ ਨਹੀਂ ਹੈ, ਗੁਰਸਿੱਖ ਹੈ। ਭਾਵ ਇਹ ਬਣਦੇ ਹਨ- ਸੁਕਦੇਵ ਨੂੰ ਬਾਰਾਂ ਸਾਲ ਤੱਕ ਪੂਰੀ ਸਖਤੀ ਦੇ ਨਾਲ ਪੜ੍ਹਾਈ ਕਰਵਾਈ। ਅਪਣੇ ਉਸਤਾਦ ਜਨਕ ਦੀ ਨਿਗਰਾਨੀ ਵਿਚ ਮਨ ਵਾਸ਼ਨਾਵਾਂ ਤੇ ਕਾਬੂ ਪਾਉਣਾ ਸਿੱਖਿਆ। ਪਿਤਾ ਬਿਆਸ ਨੇ ਪਹਿਲਾਂ ਮਤ ਦਿੱਤੀ ਫਿਰ ਜਨਕ ਨੂੰ ਗੁਰੂ ਧਾਰਨ ਕੀਤਾ। ਮਨ ਦਾ ਹੰਕਾਰ (ਉੱਚੀ ਜਾਤ) ਤਿਆਗ ਕੇ ਨਿਮਰਤਾ ਨਾਲ ਸੇਵਾ ਕੀਤੀ। ਗੁਰੂ ਉਪਦੇਸ਼ ਸਵੀਕਾਰ ਕੀਤਾ, ਹੰਕਾਰ ਤਿਆਗ ਕੇ ਜਗਤ ਦਾ ਸੇਵਕ ਬਣਨਾ ਪਰਵਾਨ ਕੀਤਾ। ਹਰ ਇੱਕ ਦੇ ਪੈਰਾਂ ਦੀ ਖਾਕ ਵਾਂਗ ਨਿਮਾਣਾ ਹੋਣਾ ਪਰਵਾਨ ਕੀਤਾ। ਗੁਰਮਤਿ ਲੈ ਕੇ ਨਿਰਮਲ ਭਉ ਵਿਚ ਰਹਿੰਦਿਆਂ ਭਗਤੀ ਕੀਤੀ। ਇਸ ਤਰ੍ਹਾਂ ਗੁਰਮੁਖਿ ਪਦਵੀ ਨੂੰ ਪ੍ਰਾਪਤ ਹੋਇਆ, ਸੁੱਖਾਂ ਦੀ ਪ੍ਰਾਪਤੀ ਹੋਈ, ਸਹਿਜ ਵਿਚ ਟਿਕ ਗਿਆ। ਜੇ ਇਸ ਤਰ੍ਹਾਂ ਅਰਥ ਵਿਚਾਰ ਕਰਾਂਗੇ ਤਦ ਤਾਂ ਗੁਰਮਤ ਦੇ ਨੇੜੇ ਰਹਿ ਸਕਾਂਗੇ, ਵਰਨਾ ਹਿੰਦੂ ਮਤ ਵਾਲੇ ਖਾਰੇ ਸਾਗਰ ਵਿਚ ਤਾਂ ਡੁੱਬੇ ਹੀ ਪਏ ਹਾਂ।

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75