ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 22)
ਗਣੇਸ :- ਸ਼ਿਵ ਨੂੰ ਮੰਨਣ ਵਾਲੇ ਦੇਵਤਿਆਂ ਦਾ ਰਾਜਾ। ਸ਼ਿਵ ਤੇ ਪਾਰਵਤੀ ਦਾ ਪੁੱਤਰ। ਬ੍ਰਾਹਮਣ ਵੈਵਰਤ ਪੁਰਾਣ ਵਿਚ ਕਥਾ ਹੈ ਕਿ ਵਿਸ਼ਣੂ ਦੇ ਵਰ ਦੇ ਨਾਲ ਪੁੱਤਰ ਪੈਦਾ ਹੋਇਆ। ਸਾਰੇ ਦੇਵਤੇ ਬਾਲਕ ਨੂੰ ਵੇਖਣ ਆਏ। ਜਦ ਸਾਰੇ ਵੇਖ ਕੇ ਪ੍ਰਸੰਨ ਹੋਏ ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਵੇਖਣ ਲਈ ਕਿਹਾ। ਸ਼ਨੀ ਦੀ ਨਜ਼ਰ ਪੈਂਦਿਆਂ ਹੀ ਬੱਚੇ ਦਾ ਸਿਰ ਉੱਡ ਗਿਆ। ਪਾਰਵਤੀ ਵਿਰਲਾਪ ਕਰਨ ਲੱਗੀ। ਵਿਸ਼ਨੂੰ ਨੇ ਇੱਕ ਹਾਥੀ ਦਾ ਸਿਰ ਵੱਢ ਕੇ, ਬਾਲਕ ਧੜ ਨਾਲ ਜੋੜ ਦਿੱਤਾ। ਨਾਉਂ ਗਨੇਸ਼ ਥਾਪ ਕੇ ਕਿਹਾ ਕਿ ਸਾਰੇ ਕਾਰਜਾਂ ਦੇ ਆਦਿ ਵਿਚ ਇਸਦੀ ਪੂਜਾ ਕਰੋ। ਇੱਕ ਪ੍ਰਸੰਗ ਇਹ ਭੀ ਹੈ ਕਿ ਪਾਰਵਤੀ ਨੇ ਆਪਣੇ ਸਰੀਰ ਦੀ ਮੈਲ ਤੋਂ ਇੱਕ ਬਾਲਕ ਬਣਾ ਕੇ ਦਰਵਾਜੇ ਤੇ ਪਹਿਰੇ ਪੁਰ ਬਿਠਾਇਆ, ਤਾਂ ਕਿ ਕੋਈ ਅੰਦਰ ਨਾ ਆਵੇ। ਜਦ ਸ਼ਿਵ ਆਏ ਤਾਂ ਗਣੇਸ਼ ਨੇ ਰੋਕਿਆ। ਇਸ ਤੇ ਗੁੱਸੇ ਹੋ ਕੇ ਮਹਾਂਦੇਵ ਨੇ ਬਾਲਕ ਦਾ ਸਿਰ ਵੱਢ ਦਿੱਤਾ। ਪਾਰਵਤੀ ਦੇ ਵਿਰਲਾਪ ਕਰਨ ਨੇ ਕੋਈ ਅਦਭੁਤ ਚਮਤਕਾਰ ਕਰਕੇ ਵਿਖਾਣਾ ਸੀ, ਸੋ ਵਿਖਾ ਦਿੱਤਾ। ਬੋਲ ਦੇਵਤਾਉਂ ਕੀ ਜੈ। ਇੱਕ ਦਿਲਚਸਪ ਗੱਲ ਯਾਦ ਆ ਗਈ, ਸਾਂਝੀ ਕਰਨ ਲੱਗਿਆ ਹਾਂ। ਇੱਕ ਵਾਰੀ ਬ੍ਰਾਹਮਣ ਨੇ ਇਹ ਗਣੇਸ਼ ਵਾਲੀ ਕਹਾਣੀ ਬੜੀ ਬਣਾ ਸੰਵਾਰ ਕੇ ਰੌਚਕ ਤਰੀਕੇ ਨਾਲ ਸੇਵਕਾਂ ਨੂੰ ਸੁਣਾਈ। ਸਰੋਤਿਆਂ ਵਿਚ ਮੈਂ ਭੀ ਮੌਜੂਦ ਸਾਂ। ਸੋ ਬੜੇ ਠਰੰਮੇ ਨਾਲ ਬ੍ਰਾਹਮਣ ਨੂੰ ਪੁੱਛਿਆ, ‘‘ਕਿਰਪਾ ਕਰਕੇ ਦੱਸੋ, ਇਹ ਹਾਥੀ ਦਾ ਸਿਰ ਗਣੇਸ਼ ਨਾਲ ਫਿੱਟ ਕਰ ਦੇਣਾ ਠੀਕ ਹੈ``? ਕਹਿਣ ਲੱਗਿਆ ‘‘ਜੀ ਹਾਂ ਦੇਵਤੇ ਕੁੱਝ ਭੀ ਕਰ ਸਕਦੇ ਹਨ``। ਮੈ ਸਾਰਿਆ ਨੂੰ ਸੰਬੋਧਨ ਕਰਕੇ ਕਿਹਾ ‘ਜੀ ਪੰਡਿਤ ਜੀ ਬਿਲਕੁਲ ਠੀਕ ਫੁਰਮਾ ਰਹੇ ਹਨ। ਇਸ ਤਰਾਂ ਸੰਭਵ ਹੈ, ਮੈ ਇਸ ਦਾ ਖੁਦ ਗਵਾਹ ਹਾਂ`। ਪੰਡਿਤ ਨੂੰ ਚਾਅ ਚੜ ਗਿਆ, ਆਖਣ ਲੱਗਾ ‘‘ਤੁਸੀਂ ਕੋਈ ਵੇਖੀ ਅਜਿਹੀ ਘਟਨਾ?`` ਮੈ ਗਲ ਅੱਗੇ ਤੋਰੀ - ‘‘ਵੀਰੋ ਸਾਡੀ ਰਿਸ਼ਤੇਦਾਰੀ ਵਿਚ ਗਿਆ ਸਾਂ ਉਥੇ ਨੇੜਿਓਂ ਖੇਤਾਂ ਵਿਚਦੀ ਰੇਲ ਲੰਘਦੀ ਸੀ। ਪਿੰਡ ਦਾ ਇੱਕ ਨੌਜਵਾਨ ਆਪਣੀਆਂ ਭੇਡਾਂ ਬੱਕਰੀਆਂ ਲੈ ਕੇ, ਖਾਲੀ ਪਏ ਖੇਤਾਂ ਵਿਚ ਚਰਾਉਣ ਆ ਜਾਂਦਾ ਸੀ। ਇੱਕ ਦਿਨ ਇਹ ਨੌਜਵਾਨ ਬੇ ਧਿਆਨਾ ਹੋ ਗਿਆ, ਭੇਡਾਂ ਬੱਕਰੀਆਂ ਰੇਲ ਦੀ ਲਾਈਨ ਦੇ ਨਾਲ ਨਾਲ ਘਾਹ ਚਰਨ ਲੱਗ ਪਈਆਂ। ਇਤਨੇ ਨੂੰ ਸ਼ੂਟਾਂ ਵਟਦੀ ਰੇਲ ਆ ਗਈ। ਇਹ ਬੱਕਰੀਆਂ ਵਾਲਾ ਨੌਜਵਾਨ ਬਹੁਤ ਘਬਰਾ ਗਿਆ। ਦੌੜਦਾ ਹੋਇਆ ਲਾਈਨ ਨੇੜਿਉਂ ਬੱਕਰੀਆਂ ਮੋੜਨ ਲੱਗ ਪਿਆ। ਇਤਨੇ ਵਿਚ ਗੱਡੀ ਆਜੜੀ ਉਪਰੋਂ ਚੀਕਾਂ ਮਾਰਦੀ ਅੱਗੇ ਲੰਘ ਗਈ। ਨੇੜੇ ਦੇ ਖੇਤਾਂ ਵਾਲੇ ਦੌੜਦੇ ਹੋਏ ਆਏ, ਵੇਖ ਕੇ ਸੁੰਨ ਹੋ ਗਏ। ਧਾਹਾਂ ਮਾਰਨ ਲੱਗੇ। ਛੇ ਬੱਕਰੀਆਂ ਵੱਢੀਆਂ ਜਾ ਚੁੱਕੀਆਂ ਸਨ, ਵਿਚਕਾਰੋਂ ਨੋਜਵਾਨ ਮੁੰਡਾ ਕੱਟਿਆ ਜਾ ਚੁੱਕਿਆ ਸੀ। ਛੇਤੀ ਖਿੱਚ ਕੇ ਸਾਰੇ ਇੱਕ ਬੰਨੇ ਕੀਤੇ। ਇੱਕ ਕਿਸਾਨ ਬੜੀ ਹਿੰਮਤ ਵਾਲਾ ਸੀ। ਸਕੂਟਰ ਲੈ ਕੇ ਤੇਜੀ ਨਾਲ ਘਰ ਗਿਆ ਘਰੋਂ ਸੂਈ ਧਾਗਾ ਲੈ ਆਇਆ। ਨਾਲੇ ਰੋਈ ਜਾਵੇ ਨਾਲੇ ਕੱਟੀਆਂ ਪਈਆ ਬੱਕਰੀਆਂ ਨੂੰ ਜੋੜ ਜੋੜ ਕੇ ਸਿਲਾਈ ਕਰੀ ਜਾਵੇ। ਘਾਬਰਿਆ ਹੋਇਆ ਇਹ ਭੀ ਨਾ ਦੇਖਿਆ ਕਿ ਗਲਤੀ ਨਾ ਹੋ ਜਾਵੇ। ਹੋਇਆ ਇਹ ਕਿ ਨੌਜਵਾਨ ਵਿਚਕਾਰੋਂ ਕੱਟਿਆ ਸਰੀਰ ਲੈ ਕੇ, ਉਸਦੇ ਉਪਰਲੇ ਧੜ ਨਾਲ ਇੱਕ ਬੱਕਰੀ ਦਾ ਪਿਛਲਾ ਅੱਧਾ ਸਰੀਰ ਸਿਉਂ ਦਿੱਤਾ। ਜਦੋਂ ਤੱਕ ਹੋਸ਼ ਆਈ ਉਦੋਂ ਤੱਕ ਦੋਵੇਂ ਸਰੀਰ ਜੁੜ ਚੁੱਕੇ ਸਨ। ਹੌਲੀ ਹੌਲੀ ਜ਼ਖਮ ਨਾਰਮਲ ਹੋ ਗਏ। ਉਹ ਨੌਜਵਾਨ ਘਰ ਦੇ ਸਾਰੇ ਕੰਮ ਭੀ ਕਰਨ ਲੱਗ ਪਿਆ। ਸਵੇਰੇ ਦੋ ਤਿੰਨ ਕਿੱਲੋ ਤੇ ਸ਼ਾਮ ਨੂੰ ਭੀ ਦੋ ਤਿੰਨ ਕਿੱਲੋ ਦੁੱਧ ਦੇਣ ਲੱਗ ਪਿਆ। ਘਰ ਵਾਲਿਆਂ ਨੂੰ ਮੌਜਾਂ ਲੱਗ ਗਈਆਂ ‘‘ਬ੍ਰਾਹਮਣ ਚੀਕਿਆ ਇਹ ਝੂਠ ਹੈ, ਇਸ ਤਰਾਂ ਕਿਵੇਂ ਹੋ ਸਕਦਾ ਹੈ``? ਮੈਂ ਕਿਹਾ, ‘‘ਭਾਈ ਜੇ ਗਣੇਸ਼ ਲੜਕੇ ਦੇ ਧੜ ਉਤੇ ਹਾਥੀ ਦਾ ਸਿਰ ਫਿੱਟ ਹੋ ਸਕਦਾ ਹੈ। ਧਰਮ ਅਸਥਾਨਾਂ ਵਿੱਚ ਇਸ ਕੂੜ ਨੂੰ ਪ੍ਰਚਾਰਿਆ ਤੇ ਉਭਾਰਿਆ ਗਿਆ ਹੈ। ਬੇਅੰਤ ਥਾਵਾਂ ਤੇ ਮੂਰਤੀਆਂ ਤੇ ਫੋਟੋਆਂ ਮੌਜੂਦ ਹਨ। ਲੋਕੀ ਪੂਜਾ ਕਰ ਰਹੇ ਹਨ ਉਹ ਕਿਵੇਂ ਸੱਚ ਹੈ?`` ਕੀ ਇਸਦਾ ਕੋਈ ਵਿਗਿਆਨਕ ਆਧਾਰ ਹੈ? ਜੀ ਨਹੀਂ, ਪਰ ਸਦੀਆਂ ਤੋਂ ਇਹ ਧਰਮ ਕਥਾ ਮੰਨ ਕੇ ਸੁਣੀ ਤੇ ਸਵਿਕਾਰੀ ਜਾ ਰਹੀ ਹੈ। ਬੱਕਰੀ ਤੇ ਨੌਜਵਾਨ ਵਾਲੀ ਘਟਨਾ ਭੀ ਠੀਕ ਮੰਨਣੀ ਪਵੇਗੀ। ਦੂਜੀ ਕਹਾਣੀ ਮੁਤਾਬਕ ਪਾਰਵਤੀ ਨੇ ਆਪਣੇ ਸ਼ਰੀਰ ਦੀ ਮੈਲ ਉਤਾਰੀ, ਮੈਲ ਤੋਂ ਕਾਕਾ ਗਣੇਸ਼ ਬਣਾ ਧਰਿਆ। ਕਰਾਮਾਤੀ ਸ਼ਕਤੀ ਨਾਲ ਉਸ ਕਾਕੇ ਵਿੱਚ ਜਾਨ ਪਾ ਦਿੱਤੀ, ਤੁਰੰਤ ਜਵਾਨ ਕੀਤਾ। ਤਿਆਰ ਬਰ ਤਿਆਰ ਕਰਕੇ, ਮਹਿਲ ਦੇ ਦਰਵਾਜੇ ਅੱਗੇ ਪਹਿਰੇਦਾਰੀ ਕਰਨ ਲਈ ਖੜਾ ਕਰ ਦਿੱਤਾ। ਪਾਰਵਤੀ ਆਖਣ ਲੱਗੀ, ‘‘ਮੈਂ ਇਸ਼ਨਾਨ ਕਰਨ ਲੱਗੀ ਹਾਂ ਕਿਸੇ ਨੂੰ ਅੰਦਰ ਨਾ ਆਉਣ ਦੇਵੀਂ। ਵਚਨ ਮੰਨ ਕੇ ਗਣੇਸ਼ ਡਾਂਗ ਲੈ ਕੇ, ਦਰਵਾਜੇ ਅੱਗੇ ਖਲੋ ਗਿਆ। ਇਤਨੇ ਵਿੱਚ ਸ਼ਿਵਜੀ ਆ ਗਏ। ਆਪਣੇ ਹੀ ਘਰ ਵਿੱਚ ਦਾਖਲ ਹੁੰਦੇ ਨੂੰ, ਇਸ ਅਣਜਾਣੇ ਨੌਜਵਾਨ ਨੇ ਰੋਕ ਦਿੱਤਾ। ਤੂੰ ਤੂੰ ਮੈਂ ਮੈਂ ਹੋਈ, ਸ਼ਿਵ ਕਹੇ ਘਰ ਮੇਰਾ ਹੈ, ਤੂੰ ਕੋਣ ਹੈਂ ਰੋਕਣ ਵਾਲਾ? ਇਸ ਕਾਕੇ ਨੇ ਜਿੱਦ ਨਾ ਛੱਡੀ ਗਲ ਹੱਥੋ ਪਾਈ ਤੋਂ ਲੰਘ ਕੇ ਹਥਿਆਰ ਚੁੱਕਣ ਤੱਕ ਚਲੀ ਗਈ। ਸ਼ਿਵ ਭਗਵਾਨ ਜੀ ਨੇ ਆਪਣਾ ਤ੍ਰਿਸ਼ੂਲ ਚਲਾਇਆ, ਕਿ ਮਾਂ ਦੇ ਵਫਾਦਾਰ ਭੋਲੇ ਨੋਜਵਾਨ ਦਾ ਸਿਰ ਕੱਟ ਕੇ ਅਜਿਹਾ ਸੁੱਟਿਆ ਕਿ ਲੱਭਿਆ ਹੀ ਨਾ। ਸ਼ਿਵ ਵਾਹੋ ਦਾਹੀ ਅੰਦਰ ਚਲਾ ਗਿਆ। ਜਦੋਂ ਕਿ ਗਣੇਸ਼ ਨੇ ਸ਼ਿਵ ਨੂੰ ਦੱਸਿਆ ਸੀ ਕਿ ਮਾਂ ਇਸ਼ਨਾਨ ਕਰ ਰਹੀ ਹੈ। ਜਦੋਂ ਪਾਰਵਤੀ ਨੇ ਨਰਾਜ ਹੋ ਕੇ ਪੁੱਛਿਆ ‘‘ਤੁਸੀਂ ਅੰਦਰ ਕਿਵੇਂ ਆਏ?`` ਪਹਿਰੇ ਤੇ ਖੜੇ ਕਾਕੇ ਨੇ ਰੋਕਿਆ ਨਹੀਂ? ਸ਼ਿਵ ਕਹਿਣ ਲੱਗਿਆ ਰੋਕਿਆ ਸੀ, ਮੈਂ ਉਸਦਾ ਕੰਮ ਤਮਾਮ ਕਰ ਦਿੱਤਾ, ਸਿਰ ਕੱਟ ਦਿੱਤਾ। ਪਾਰਵਤੀ ਰੋਣ ਲੱਗੀ। ਸੁਵਾਮੀ ਜੀ ਉਹ ਮੇਰਾ ਪੁੱਤਰ ਸੀ। ਉਸਨੂੰ ਦੁਬਾਰਾ ਜੀਵਤ ਕਰੋ। ਸ਼ਿਵ ਨੇ ਕੋਲੋਂ ਲੰਘ ਰਹੇ ਹਾਥੀ ਦਾ ਸਿਰ ਕੱਟ ਕੇ, ਕਾਕੇ ਦੇ ਮੋਢਿਆਂ ਨਾਲ ਫਿੱਟ ਕਰ ਦਿੱਤਾ। ਕਾਕਾ ਨੌ ਵਰ ਨੌ ਹੋ ਗਿਆ। ‘‘ਹਿੰਗ ਲੱਗੇ ਨਾ ਫਟਕੜੀ``, ਤੇ ਨੌਜਵਾਨ ਜੀਵਤ ਹੋ ਗਿਆ। ਸੰਨ 1977 ਵਿਚ ਭਾਰਤ ਸਰਕਾਰ ਵਿਚ ਇਕ ਵਿਅਕਤੀ ਸਿਹਤ ਮੰਤਰੀ ਬਣਿਆ ਸੀ, ਇਹਦਾ ਨਾਂ ਸੀ ਰਾਜ ਨਰਾਇਣ। ਇਸ ਨੇ ਲੋਕ ਸਭਾ ਚੋਣਾਂ ਵਿਚ ਇੰਦਰਾ ਗਾਂਧੀ ਨੂੰ ਹਰਾ ਦਿੱਤਾ ਸੀ। ਇਸੇ ਦੇ ਇਨਾਮ ਵਜੋਂ ਇਹ ਸਿਹਤ ਮੰਤਰੀ ਦੀ ਵੱਡੀ ਕੁਰਸੀ ਤੇ ਬਿਰਾਜਮਾਨ ਹੋ ਗਿਆ। ਉਸ ਸਮੇ ਦੁਹਰਾਨ ਇਕ ਵਾਰੀ ਦਿੱਲੀ ਦੇ ਵਿਗਿਆਨ ਭਵਨ ਵਿਚ ਡਾਕਟਰਾਂ ਅਤੇ ਮੈਡੀਕਲ ਕਿੱਤੇ ਨਾਲ ਸਬੰਧਤ, ਵਿਗਿਆਨੀਆਂ ਦੀ ਵਿਚਾਰ ਗੋਸ਼ਟੀ ਹੋਣੀ ਸੀ। ਮੰਤਰੀ ਜੀ ਨੇ ਪ੍ਰਧਾਨਗੀ ਭਾਸ਼ਣ ਦੇਣਾ ਸੀ। ਬੜੇ ਜੋਸ਼ ਵਿਚ ਰਾਜ ਨਰਾਇਣ ਜੀ ਨੇ ਮੈਡੀਕਲ ਕਿੱਤੇ ਨਾਲ ਸਬੰਧਤ ਖੋਜੀਆਂ ਸਨਮੁੱਖ, ਲੈਕਚਰ ਸ਼ੁਰੂ ਕੀਤਾ, ਜੋ ਕੁਝ ਇਸ ਤਰ੍ਹਾਂ ਸੀ - ‘‘ਤੁਸੀਂ ਸਾਰੇ ਡਾਕਟਰ ਤੇ ਵਿਗਿਆਨੀ ਇਥੇ ਇਕੱਠੇ ਹੋਏ ਹੋ। ਤੁਸੀਂ ਬਹੁਤ ਕੰਮ ਕਰਨੇ ਹਨ ਲੋਕ ਭਲਾਈ ਦੇ, ਯਾਦ ਰਖਿਓ ਆਪਣੀ ਸੰਸਕ੍ਰਿਤੀ ਨਾ ਭੁੱਲ ਜਾਇਓ। ਸਾਡੀ ਦੇਵੀ ਦੇਵਤਿਆਂ ਦੀ ਪਵਿੱਤਰ ਧਰਤੀ ਹੈ। ਬ੍ਰਹਮਾ ਵਿਸ਼ਨੂੰ ਤੇ ਸ਼ਿਵ ਬੜੇ ਮਹਾਨ ਹੋਏ ਹਨ। ਸ਼ਿਵ ਨੇ ਗਣੇਸ਼ ਦਾ ਸਿਰ ਕੱਟ ਦਿੱਤਾ ਸੀ। ਪਾਰਵਤੀ ਵਿਰਲਾਪ ਕਰਨ ਲੱਗੀ, ਸ਼ਿਵ ਨੇ ਹਾਥੀ ਦਾ ਸਿਰ ਕੱਟਕੇ ਗਣੇਸ਼ ਦੇ ਫਿੱਟ ਕਰ ਦਿੱਤਾ। ਪਾਰਵਤੀ ਨੂੰ ਸ਼ੱਕ ਪਿਆ, ਹਾਥੀ ਮੂੰਹਾਂ ਬੱਚਾ ਬੋਲੇਗਾ ਕਿਵੇਂ? ਸ਼ਿਵ ਨੇ ਦੱਸਿਆ ਕਿ ਬਹੁਤ ਵੱਡਾ ਵਿਦਵਾਨ ਹੋਵੇਗਾ, ਬਹੁਤ ਅੱਛੇ ਲੈਕਚਰ ਕਰਿਆ ਕਰੇਗਾ। ਸਾਰੇ ਲੋਕੀ ਇਸ ਦੀ ਪੂਜਾ ਕਰਿਆ ਕਰਨਗੇ ਇਸੇ ਤਰਾਂ ਹੋਇਆ। ਤੁਹਾਡੇ ਕੀਤੇ ਉਪ੍ਰੇਸ਼ਨ ਬਹੁਤ ਵਾਰੀ ਫੇਹਲ ਹੋ ਜਾਂਦੇ ਹਨ। ਸ਼ਿਵ ਕਿੰਨੇ ਮਹਾਨ ਵਿਗਿਆਨੀ ਸਨ, ਕਿਤਨੇ ਵੱਡੇ ਮਾਹਰ ਸਰਜਨ ਸਨ, ਕਦੀ ਸੋਚਿਆ ਹੈ? ਤੁਸੀ ਕਦੀ ਬੰਦਾ ਕੱਟਿਆ ਸਿਰ ਨਹੀਂ ਜੋੜ ਸਕਦੇ। ਸ਼ਿਵ ਨੇ ਜੋੜ ਦਿੱਤਾ, ਸਗੋਂ ਬੰਦੇ ਦੇ ਸਰੀਰ ਨਾਲ ਹਾਥੀ ਦਾ ਸਿਰ ਜੋੜ ਦਿੱਤਾ। ਇਹ ਐਵੇਂ ਨਹੀ ਹੋ ਗਿਆ ਸ਼ਿਵ ਬਹੁਤ ਵੱਡੇ ਸਰਜਨ ਸਨ। ਹਾਂ ਤੁਸੀਂ ਉਪ੍ਰੇਸ਼ਨ ਕਰਨ ਤੋਂ ਪਹਿਲਾ ਹਨੂੰਮਾਨ ਚਾਲੀਸਾ ਜ਼ਰੂਰ ਪੜ੍ਹਿਆ ਕਰੋ। ਸਫਲਤਾ ਪ੍ਰਾਪਤ ਕਰਨ ਵਾਸਤੇ ਚਾਲੀਸਾ ਪੜ੍ਹਨਾ ਬਹੁਤ ਫਾਇਦੇਮੰਦ ਹੈ। ਇਹ ਦੇਵਤਿਆਂ ਦੀ ਧਰਤੀ ਬੜੀ ਮਹਾਨ ਹੈ``....... ਤਾੜੀਆਂ। ਮੇਰਾ ਇੱਕ ਪਿਆਰ ਵਾਲਾ, ਬੜਾ ਸੁਲਝਿਆ ਹੋਇਆ ਕਾਮਯਾਬ ਡਾਕਟਰ ਹੈ। ਗੱਲਾਂ ਕਰਦਿਆਂ ਸਹਿਜੇ ਹੀ ਪੁੱਛਿਆ ਕਿ ‘‘ਵੀਰ ਜੀ ! ਤੁਸੀਂ ਹਿੰਦੂ ਧਰਮ ਨੂੰ ਮੰਨਣ ਵਾਲੇ ਪੜੇ ਲਿਖੇ ਹਿੰਦੂ ਹੋ। ਜੋ ਕਥਾਵਾਂ ਤੁਹਾਡੇ ਗ੍ਰੰਥਾਂ ਵਿਚ ਲਿਖੀਆਂ ਹੋਈਆਂ ਹਨ, ਤੁਸੀਂ ਉਹਨਾਂ ਬਾਰੇ ਕਦੀ ਵਿਗਿਆਨਕ ਨਜਰੀਏ ਨਾਲ ਵਿਚਾਰ ਨਹੀਂ ਕੀਤਾ? ਉਹ ਕਥਾਵਾਂ ਤੁਹਾਨੂੰ ਠੀਕ ਲਗਦੀਆਂ ਹਨ? ਆਖਣ ਲੱਗਾ`` ਮੈਂ ਹਿੰਦੂ ਹੋਣ ਦੇ ਨਾਤੇ ਇਹਨਾਂ ਵਿਰੁੱਧ ਲੋਕਾਂ ਵਿਚ ਨਹੀ ਬੋਲ ਸਕਦਾ। ਮਨੋਂ ਮੈਂ ਬਹੁਤੀਆਂ ਕਹਾਣੀਆਂ ਨੂੰ ਗਲਤ ਮੰਨਦਾ ਹਾਂ। ਹੋਰ ਭੀ ਬਹੁਤ ਸਾਰੇ ਪੜ੍ਹੇ ਲਿਖੇ ਲੋਕ, ਇਸ ਕੂੜ ਕਬਾੜ ਨੂੰ ਨਹੀ ਮੰਨਦੇ।`` ਆਖਣ ਲੱਗਿਆ ਮੈਂ ਕਈ ਪੁਜਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ। ਪੁਜਾਰੀ ਭੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਸਲੀਅਤ ਕੀ ਹੈ। ਇੱਕ ਤਾਂ ਉਹਨਾਂ ਦੀ ਰੋਜੀ ਦਾ ਮਸਲਾ ਹੈ। ਦੂਜਾ ਲੋਕਾਂ ਦੀਆਂ ਭਾਵਨਾਵਾਂ ਇਨ੍ਹਾਂ ਕਹਾਣੀਆਂ ਨਾਲ ਬੱਝ ਗਈਆਂ। ਹੁਣ ਖਤਰਾ ਮੁੱਲ ਕੋਈ ਨਹੀਂ ਲੈਣਾ ਚਾਹੁੰਦਾ``। ਗੁਰੂ ਨਾਨਕ ਸਾਹਿਬ ਪਤਾ ਨਹੀਂ ਕਿਹੋ ਜਿਹੀਆਂ ਅਸੀਮ ਤਾਕਤਾਂ ਲੈ ਕੇ ਆਏ ਸਨ। ਉਹਨਾਂ ਹਰ ਪਾਖੰਡ ਨੂੰ ਬੇ ਸਿਰ ਪੈਰ ਦੀਆਂ ਰਸਮਾਂ ਰੀਤਾਂ ਨੂੰ, ਲੰਮੇ ਹੱਥੀਂ ਲਿਆ। ਬੜੀ ਬੇਬਾਕੀ ਨਾਲ ਸਭ ਦਾ ਵਢਾਂਗਾ ਕੀਤਾ। ਫਿਰ ਭੀ ਜੀਵਤ ਰਹਿ ਗਏ, ਸੱਤਰ ਸਾਲ ਤੱਕ। ਹਾਂ ਜੀ ਪਾਰਵਤੀ ਤਿੰਨ ਕੁ ਕਿੱਲੋ ਮੈਲ ਆਪਣੇ ਸ਼ਰੀਰ ਤੋਂ ਉਤਾਰ ਕੇ ਲੜਕਾ ਬਣਾ ਦਿੰਦੀ ਹੈ। ਕਦੀ ਕੋਸ਼ਿਸ਼ ਕਰਕੇ ਵੇਖ ਲੈਣਾ, ਕੋਈ ਮੱਝ ਛੱਪੜ ਵਿਚ ਲਿੱਬੜ ਕੇ ਬਾਹਰ ਨਿਕਲੇ, ਤਾਂ ਉਸਦਾ ਗਾਰਾ ਉਤਾਰ ਕੇ ਤੋਲ ਲੈਣਾ, ਤਿੰਨ ਕਿੱਲੋ ਉਹ ਭੀ ਨਹੀਂ ਹੋ ਸਕੇਗਾ। ਇਥੇ ਇੱਕ ਜਨਾਨੀ, ਨਹੀਂ ਨਹੀਂ, ਇੱਕ ਪੂਜਨੀਕ ਦੇਵੀ। ਉਸਦੇ ਸਰੀਰ ਤੇ ਤਿੰਨ ਕਿੱਲੋ ਮੈਲ? ਸ਼ਾਇਦ ਕਈ ਪਾਠਕਾਂ ਨੂੰ ‘‘ਮੈਲ`` ਦੇ ਅਰਥਾਂ ਦਾ ਪਤਾ ਨਾ ਹੋਵੇ। ਇਸਦਾ ਇੱਕ ਅਰਥ ਹੈ ‘‘ਮੈਲ ਭਰੇ ਗੰਦੇ ਕੰਮ, ਆਚਰਣਹੀਣਤਾ``। ਪਾਰਵਤੀ ਨੇ ਆਚਰਣਹੀਣਤਾ ਵਾਲੀ ਮੈਲ ਤੋਂ ਬੱਚੇ ਨੂੰ ਜਨਮ ਦਿੱਤਾ ਹੋਵੇਗਾ। ਜਦੋਂ ਸ਼ਿਵ ਕਈ ਸਾਲ ਮਗਰੋਂ ਵਾਪਸ ਆਏ ਤਾਂ ਘਰ ਅੱਗੇ ਅਣਪਛਾਤਾ ਨੌਜਵਾਨ ਖਲੋਤਾ ਵੇਖਿਆ। ਪੁੱਛਿਆ ਗਿਆ ਤੂੰ ਕੋਣ ਹੈ? ਉਤੱਰ ਮਿਲਿਆ ਮੈਂ ਪਾਰਵਤੀ ਦਾ ਪੁੱਤਰ ਹਾਂ ਐਡਾ ਹਨ੍ਹੇਰ? ਮੇਰੀ ਗੈਰ ਹਾਜ਼ਰੀ ਵਿਚ, ਮੇਰੀ ਪਤਨੀ ਕਿਸੇ ਹੋਰ ਨਾਲ .......? ਉਸਨੇ ਗਣੇਸ਼ ਦਾ ਸਿਰ ਕੱਟ ਦਿੱਤਾ। ਇਸ ਤਰ੍ਹਾਂ ਸੰਭਵ ਹੋ ਸਕਦਾ ਹੈ, ਇਹ ਮਸਲਾ ਵਾਪਰਿਆ ਹੋਵੇ। ਇਹ ਗੱਲ ਕਹੇ ਕੋਣ, ਸਿਰ ਪੜਵਾਉਣ ਲਈ ਕੋਣ ਤਿਆਰ ਹੋਵੇਗਾ? ਅੱਜ ਵਾਲਾ ਜ਼ਮਾਨਾ ਹੁੰਦਾ ਤਾਂ ਬੱਚੇ ਦਾ ਮਾਤਾ ਦਾ ਤੇ ਪਿਤਾ ਦਾ ਡੀ ਐਨ ਏ ਲੈ ਕੇ ਲੈਬਾਰਟਰੀ ਵਿਚ ਟੈਸਟ ਕਰਵਾ ਕੇ ਪਤਾ ਲੱਗ ਜਾਂਦਾ ਕਿ ਇਸ ਬੱਚੇ ਦਾ ਇਹ ਵਿਅਕਤੀ ਅਸਲੀ ਪਿਤਾ ਹੈ ਕਿ ਨਹੀ? ਅਗਲੀ ਕਥਾ ਵਿੱਚ ਸ਼ਿਵ ਨੂੰ ਮਿਲਣ ਲਈ ਪਰਸਰਾਮ ਜਾਂਦਾ ਹੈ। ਉਸਨੂੰ ਇੱਕ ਨੌਜਵਾਨ ਅੰਦਰ ਜਾਣ ਤੋਂ ਰੋਕਦਾ ਹੈ। ਉਸਨੂੰ ਪਰਸਰਾਮ ਨਹੀਂ ਜਾਣਦਾ ਕਿ ਕਾਕਾ ਸ਼ਿਵ ਦਾ ਪੁੱਤਰ ਹੈ। ਹਰ ਥਾਂ ਇਸ ਨਵੇਂ ਕਾਕੇ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਗਣੇਸ਼ ਹਾਂ ਪਾਰਵਤੀ ਦਾ ਮੁੰਡਾ। ਪਰਸਰਾਮ ਨੇ ਸੱਚ ਨਾ ਮੰਨਿਆ ਤੇ ਗਣੇਸ਼ ਤੇ ਕੁਹਾੜੇ ਨਾਲ ਵਾਰ ਕਰ ਦਿੱਤਾ। ਲੜਦਿਆਂ ਗਣੇਸ਼ ਦਾ ਇੱਕ ਦੰਦ ਟੁੱਟ ਗਿਆ, ਜਾਨ ਬਚ ਗਈ। ਇੱਕ ਹੋਰ ਕਥਾ ਮੁਤਾਬਕ ਗਣੇਸ਼ ਵਰਨਕ ਰਾਜੇ ਦੇ ਘਰ ਰਾਣੀ ਪੁਸ਼ਪਕਾ ਤੋਂ ਜਨਮਿਆਂ ਸੀ। ਭੈੜੀ ਸ਼ਕਲ ਵੇਖ ਕੇ ਰਾਜਾ ਡਰ ਗਿਆ ਤੇ ਬਾਹਰ ਸੁਟਵਾ ਦਿੱਤਾ ਗਿਆ। ਪਾਰਸ ਰਿਸ਼ੀ ਦੀ ਪਤਨੀ ਦੀਪ ਵਤਸਲਾ ਨੇ ਗਣੇਸ਼ ਨੂੰ ਚੁੱਕ ਲਿਆਂਦਾ ਤੇ ਪਾਲਿਆ। ਸਾਰੀਆਂ ਕਹਾਣੀਆਂ ਮੁਤਾਬਕ ਗਣੇਸ਼ ਨੂੰ ਨਫਰਤ ਕੀਤੀ ਗਈ, ਲੜਾਈਆਂ ਹੋਈਆਂ, ਗਣੇਸ਼ ਦਾ ਸਿਰ ਬਾਰ ਬਾਰ ਕੱਟਿਆ ਗਿਆ, ਇਸਦੇ ਪਿੱਛੇ ਕੀ ਸੋਚ ਕੰਮ ਕਰਦੀ ਹੈ? ਕੀ ਇਹ ਅਣਚਾਹਿਆ (ਸ਼ਾਇਦ ਨਜ਼ਾਇਜ਼) ਬਾਲਕ ਸੀ। ਸਾਰੇ ਇਸਨੂੰ ਵੇਖਦਿਆਂ ਹੀ ਅੱਗ ਭੰਬੂਕਾ ਹੋ ਜਾਂਦੇ ਹਨ। ਕੇਵਲ ਪਾਰਵਤੀ ਬਚਾ ਰਹੀ ਸੀ। ਸ਼ਿਵ ਨੇ ਮਾਰਿਆ, ਦੇਵਤਿਆਂ ਨੇ ਮਾਰਿਆ, ਪਰਸਰਾਮ ਨੇ ਮਾਰਿਆ। ਉਂਝ ਅਖੋਤੀ ਦੇਵਤਿਆਂ ਨੇ ਆਪਣੇ ਵਿਰੋਧੀਆਂ ਨਾਲ ਬਹੁਤ ਸਾਰੇ ਢੰਗਾਂ ਨਾਲ ਦੁਸ਼ਮਣੀ ਪਾਲੀ ਹੈ। ਇੱਕ ਅੰਦਾਜੇ ਮੁਤਾਬਕ ਗਣੇਸ਼ ਜ਼ਰੂਰ ਸ਼ੂਦਰਾਂ (ਦਰਾਵੜਾਂ) ਦਾ ਕੋਈ ਮਹੱਤਵ ਪੂਰਨ ਵਿਅਕਤੀ ਜਾਂ ਜੰਗੀ ਜਰਨੈਲ ਸੀ। ਪਾਰਵਤੀ ਆਰੀਅਨ ਔਰਤ ਸੀ। ਉਸਦੇ ਕਿਸੇ ਦਰਾਵਿੜ ਯੋਧੇ ਨਾਲ ਸੰਬੰਧ ਹੋਣ ਤੇ, ਗਣੇਸ਼ ਜਨਮਿਆ। ਆਰੀਅਨ ਦੇਵਤਿਆਂ ਗਣੇਸ਼ ਨੂੰ ਦਿਲੋਂ ਮਨੋ ਕਦੀ ਸਵੀਕਾਰ ਨਾ ਕੀਤਾ, ਸਦਾ ਮਾਰਨ ਦੀ ਕੋਸ਼ਿਸ਼ ਕੀਤੀ। ਪਾਰਵਤੀ ਦੀ ਜਿਸ ਕੰਮ ਲਈ ਜਿੰਮੇਵਾਰੀ ਪਾਈ ਸੀ, ਉਸਨੂੰ ਪੂਰਾ ਹੋਣ ਵਿੱਚ ਵਕਤ ਬਾਕੀ ਸੀ। ਇਸ ਲਈ ਪਾਰਵਤੀ ਹਰ ਵਾਰੀ ਕਹਿ ਦਿੰਦੀ ਸੀ ਕਿ ਜੇ ਤੁਸੀਂ ਮੇਰੇ ਮਨ ਪਸੰਦ ਯੋਧੇ ਪੁੱਤਰ ਨੂੰ ਮਾਰੋਗੇ, ਮੈਂ ਤੁਹਾਡੇ ਵੱਲੋਂ ਦਿੱਤਾ ਗਿਆ ਕੰਮ ਨਹੀਂ ਕਰਾਗੀ। ਉਹ ਕੰਮ ਸੀ ਸ਼ਿਵ ਨੂੰ ਪਿਆਰ ਪਾ ਕੇ ਹੌਲੀ ਹੌਲੀ ਜ਼ਹਿਰ ਦਿੰਦੇ ਜਾਣਾ। ਮਾਰ ਭੀ ਦੇਣਾ ਤੇ ਪਤਾ ਵੀ ਨਾ ਲੱਗਣਾ। ਸ਼ਿਵ ਭੀ ਅਸਲ ਵਿੱਚ ਦਰਾਵਿੜ ਯੋਧਾ ਸੀ। ਇਸ ਬਾਰੇ ਵਿਚਾਰ (ਰੂਦਰ) ਸਿਰਲੇਖ ਦੇ ‘‘ਰ`` ਖੰਡ ਵਿੱਚ ਕੀਤੀ ਗਈ ਹੈ। ਇਸ ਵਿਚਾਰ ਦੀ ਪ੍ਰੋੜਤਾ ਵਾਸਤੇ ਸਬੂਤ ਇਹ ਹੈ ਕਿ ਉਤੱਰੀ ਭਾਰਤ ਵਿਚ ਰਹਿ ਰਹੇ ਆਰੀਅਨ ਲੋਕਾਂ ਵਿਚ ਗਣੇਸ਼ ਜ਼ਿਆਦਾ ਪਰਵਾਨਿਤ ਦੇਵਤਾ ਨਹੀਂ ਹੈ। ਦੱਖਣੀ ਭਾਰਤ ਵਿਚ ਇਹ ਬਹੁਤ ਮਕਬੂਲ ਹੈ। ਦੱਖਣੀ ਭਾਰਤ ਦੇ ਲੋਕ ਗਣੇਸ਼ ਚਤੁਰਥੀ (ਚੌਥ) ਬਹੁਤ ਵੱਡੇ ਆਧਾਰ ਤੇ ਮਨਾਉਂਦੇ ਹਨ। ਦੱਖਣੀ ਲੋਕ ਖੁਦ ਦਾ੍ਰਵਿੜ ਹਨ, ਆਰੀਅਨ ਦੇਵਤਿਆਂ ਨੂੰ ਸਖਤ ਨਫਰਤ ਕਰਦੇ ਹਨ। ਉਨ੍ਹਾਂ ਲੋਕਾਂ ਵਿੱਚ ਸਦੀਆਂ ਤੋਂ ਪਿਆਰ ਪਾ ਰਿਹਾ ਗਣੇਸ਼ ਆਰੀਅਨ ਨਹੀਂ ਹੋ ਸਕਦਾ, ਜ਼ਰੂਰ ਦ੍ਰਾਵਿੜ ਹੋਵੇਗਾ। ਬ੍ਰਾਹਮਣ ਲਿਖਾਰੀਆਂ ਲਈ ਇਹ ਅਨਚਾਹਿਆ ਵਿਅਕਤੀ ਸੀ। ਇਸੇ ਲਈ ਇਸਦਾ ਬਾਰ ਬਾਰ ਸਿਰ ਵਢਾਇਆ ਗਿਆ, ਬੇਇੱਜ਼ਤੀ ਕੀਤੀ ਗਈ। ਬਦਸੂਰਤ, ਹਾਥੀ ਦੇ ਸਿਰ ਵਾਲਾ, ਪੇਟੂ, ਟੁੱਟੇ ਦੰਦਾਂ ਵਾਲਾ, ਬਣਾ ਕੇ ਪੇਸ਼ ਕੀਤਾ ਗਿਆ। ਜਿਵੇਂ ਹਨੂੰਮਾਨ ਬਾਂਦਰ, ਰਾਵਣ ਦਸ ਸਿਰਾਂ ਵਾਲਾ ਤੇ ਰਾਕਸ਼ ਬਣਾ ਕੇ ਵਿਖਾਏ ਗਏ। ਇਸਨੂੰ ਸਵਾਰੀ ਭੀ ਤੋਹੀਨ ਕਰਨ ਵਾਲੀ ਦਿੱਤੀ ਗਈ ਹੈ, ‘‘ਚੂਹਾ``। ਕਿਹਾ ਗਿਆ ਹੈ ਕਿ ਗਣੇਸ਼ ਦਾ ਇੱਕ ਵਾਰੀ ਗਜਮੁਖ ਰਾਖਸ਼ ਨਾਲ ਘੋਰ ਸੰਗ੍ਰਾਮ ਹੋਇਆ, ਬੜੇ ਤੀਰ ਤਲਵਾਰਾਂ ਵਰਤੇ ਗਏ। ਇਸ ਜੰਗ ਵਿਚ ਗਜਮੁਖ ਰਾਖਸ ਨੂੰ ਕਾਬੂ ਕਰਕੇ ਗਣੇਸ਼ ਨੇ, ਚੂਹਾ ਬਣਾ ਲਿਆ। ਸਦਾ ਵਾਸਤੇ ਉਸਨੂੰ ਸਵਾਰੀ ਕਰਨ ਲਈ ਆਪਣੇ ਕੋਲ ਰੱਖ ਲਿਆ। ਆਰੀਆ ਸਮਾਜ ਫਿਰਕੇ ਦੇ ਮੁਖੀ, ਦਇਆ ਨੰਦ ਨੇ ਸਤਿਆਰਥ ਪ੍ਰਕਾਸ਼ ਨਾਮੀ ਗ੍ਰੰਥ ਵਿਚ, ਬੜੀ ਹਾਸੋ ਹੀਣੀ ਜਿਹੀ ਕਹਾਣੀ ਬਿਆਨ ਕੀਤੀ ਹੈ। ਜੋ ਕੁੱਝ ਇਸ ਤਰਾਂ ਹੈ - ‘‘ਸਾਡੇ ਘਰ ਵਿਚ ਗਣੇਸ਼ ਦੀ ਮੂਰਤੀ ਸੀ, ਮਾਤਾ ਪਿਤਾ ਇਸ ਨੂੰ ਪੂਜਦੇ ਸਨ। ਮੈਂ ਛੋਟਾ ਸਾਂ, ਸਭ ਕੁਝ ਵੇਖਦਾ ਆ ਰਿਹਾ ਸਾਂ। ਥਾਲੀ ਵਿਚ ਲੱਡੂ ਪਾ ਕੇ ਜਾਂ ਹੋਰ ਖਾਣ ਵਾਲਾ ਪਦਾਰਥ ਮੂਰਤੀ ਕੋਲ ਰੱਖ ਦਿਆ ਕਰਦੇ। ਗਣੇਸ਼ ਪੱਥਰ ਮੂਰਤੀ ਨੇ ਤਾਂ ਕੀ ਖਾਣਾ ਸੀ। ਉਥੇ ਇੱਕ ਚੂਹਾ ਆਉਂਦਾ ਤੇ ਲੱਡੂ ਖਾਂਦਾ ਰਹਿੰਦਾ। ਮੈਂ ਨਿੱਕਾ ਹੁੰਦਾ ਵੇਖਕੇ ਸੋਚਦਾ ਕਿ ਗਣੇਸ਼ ਨਾਲੋਂ ਤਾਂ ਚੂਹਾ ਹੀ ਤਕੜਾ ਹੈ, ਜਿਹੜਾ ਇਹਦਾ ਪਰਸ਼ਾਦ ਖਾ ਜਾਂਦਾ ਹੈ। ਇੱਕ ਦਿਨ ਕਿਤੋਂ ਬਿੱਲੀ ਆ ਟਪਕੀ, ਤੇ ਚੂਹੇ ਦੀ ਸੰਘੀ ਨਪ ਲਈ, ਔਹ ਗਈ, ਔਹ ਗਈ। ਮੈਂ ਸੋਚਿਆ ਬਿੱਲੀ ਵੱਧ ਤਾਕਤ ਵਾਲੀ ਹੈ, ਅਸਲ ਵਿਚ ਇਸੇ ਦੀ ਪੂਜਾ ਕਰਨੀ ਚਾਹੀਦੀ ਹੈ। ਬਿੱਲੀ ਘਰ ਆਉਣ ਗਿੱਝ ਗਈ। ਕਦੀ ਕਦਾਈ ਮਾਂ ਦੁੱਧ ਭੀ ਪਾ ਦਿਆ ਕਰਦੀ ਸੀ। ਇੱਕ ਦਿਨ ਘਰ ਪਾਲੇ ਕੁੱਤੇ ਨੇ ਬਿੱਲੀ ਦੀ ਸੰਘੀ ਮਰੋੜ ਸੁੱਟੀ। ਮੇਰਾ ਬਾਲ ਮਨ ਕੁੱਤੇ ਦਾ ਸ਼ਰਧਾਲੂ ਬਣ ਗਿਆ। ਦਿਨ ਬੀਤਦੇ ਗਏ, ਮੇਰੇ ਲਾਡ ਪਿਆਰ ਨੇ ਕੁੱਤੇ ਨੂੰ ਭੂਏ ਚੜ੍ਹਾ ਦਿੱਤਾ। ਵਕਤ ਵੇਖ ਕੇ ਕੁੱਤੇ ਨੇ ਰੋਟੀਆਂ ਵਾਲੀ ਟੋਕਰੀ ਵਿਚੋਂ ਰੋਟੀਆਂ ਚੁੱਕ ਲਈਆਂ। ਮਾਂ ਨੇ ਵੇਖਿਆ, ਗੁੱਸੇ ਵਿਚ ਭਰ ਕੇ ਸੋਟਾ ਚੁੱਕਿਆ ਕੁੱਤੇ ਦੇ ਸਿਰ ਵਿਚ ਦੇ ਮਾਰਿਆ। ਵਿਚਾਰਾ ਥਾਏਂ ਢੇਰੀ ਹੋ ਗਿਆ। ਮੇਰੇ ਮਨ ਨੇ ਕਰਵਟ ਲਈ, ਕਿ ਮਾਂ ਸਭ ਤੋਂ ਤਾਕਤਵਾਰ ਹੈ। ਗਣੇਸ਼ ਸਭ ਤੋਂ ਕਮਜੋਰ ਹੈ, ਜੋ ਚੂਹੇ ਨੂੰ ਲੱਡੂ ਖਾਣਂੋ ਭੀ ਵਰਜ ਨਹੀਂ ਸਕਦਾ। ਚੂਹੇ ਤੋਂ ਬਿੱਲੀ, ਬਿੱਲੀ ਤੋਂ ਕੁੱਤਾ ਤੇ ਕੁੱਤੇ ਤੋਂ ਅੱਗੇ ਮਾਂ। ਬਸ ਮਾਂ ਦੀ ਪੂਜਾ ਕਰੋ ਹੋਰ ਕਿਸੇ ਦੀ ਕਿਉਂ ਕਰਨੀ ਹੋਈ? ਇਹ ਵਿਚਾਰ ਸਨ ਸਵਾਮੀ ਦਇਆ ਨੰਦ ਜੀ ਦੇ, ਸਤਿਅਰਥ ਪ੍ਰਕਾਸ਼ ਪੋਥੀ ਵਿਚ ਲਿਖੇ ਹੋਏ। ਚਾਲੀ ਕੁ ਸਾਲ ਪਹਿਲਾਂ ਜਲੰਧਰ ਰੇਡੀਓ ਤੋਂ ਇੱਕ ਕਾਰਟੂਨਿਸਟ ਨਾਲ ਵਾਰਤਾਲਾਪ ਸੁਣਿਆ। ‘‘ਤੁਸੀਂ ਕਾਰਟੂਨ ਕੀਹਦੇ ਬਣਾਉਂਦੇ ਹੋ, ਕੀ ਵਿਖਾਉਣਾ ਚਾਹੁੰਦੇ ਹੋ, ਰੰਗ ਕਿਹੜੇ ਵਰਤਦੇ ਹੋ। ਇਹ ਸਿੱਖਿਆ ਕਿੱਥੋਂ ਲਈ?`` ਆਦਿ। ਕਾਰਟੂਨਿਸਟ ਸੁਲਝੇ ਹੋਏ ਢੰਗ ਨਾਲ ਬੜੇ ਜਾਣਕਾਰੀ ਭਰਪੂਰ ਜੁਆਬ ਦਿੰਦਾ ਰਿਹਾ। ਪ੍ਰੋਗਰਾਮ ਸੰਚਾਲਕ ਨੇ ਅਖੀਰ ਵਿਚ ਇੱਕ ਸਵਾਲ ਪੁੱਛਿਆ ਕਿ ‘‘ਤੁਹਾਡਾ ਮਨ ਪਸੰਦ ਕਰਾਟੂਨਿਸਟ ਕੌਣ ਹੈ``? ਕਲਾਕਾਰ ਬੋਲਿਆ ਕਿ ‘‘ਕਾਰਟੂਨਿਸਟ ਬਾਰੇ ਪਤਾ ਨਹੀਂ ਕੌਣ ਹੈ। ਹਾਂ ਕਾਰਟੂਨ ਜੋ ਮੇਰਾ ਮਨਭਾਉਂਦਾ ਹੈ, ਉਹ ਮੈ ਦੱਸ ਸਕਦਾ ਹਾਂ ਤੇ ਇਜਾਜਤ ਦਿਓ``। ‘‘ਹਾ, ਹਾਂ, ਜ਼ਰੂਰ ! ਮੇਰਾ ਪਸੰਦੀਦਾ ਕਾਰਟੂਨ ਹੈ ਗਣੇਸ਼। ਦੇਖੋ ਨਾ ! ਧੜ ਮਨੁੱਖ ਦਾ, ਵਿਛਿਆ ਪੇਟ, ਚੌਕੀ ਤੇ ਬੈਠਾ ਹੋਇਆ। ਚੌਕੀ ਦੇ ਹੇਠਾਂ ਚੂਹਾ ਸਾਫ ਨਜ਼ਰ ਆ ਰਿਹਾ ਉਸ ਦੀ ਸਵਾਰੀ। ਇਸ ਦੇ ਆਮ ਵਾਂਗ ਦੋ ਬਾਹਵਾਂ ਨਹੀ, ਸਗੋਂ ਚਾਰ ਬਾਹਵਾਂ। ਚਾਰੇ ਬਾਹਵਾਂ ਵਿਚ ਹਥਿਆਰ ਫੜੇ ਹੋਏ। ਇੱਕ ਦੰਦ ਟੁੱਟਿਆ ਹੋਇਆ, ਵੱਡੇ ਵੱਡੇ ਕੰਨ। ਸੁੰਡ ਬੜੇ ਸਟਾਈਲ ਨਾਲ ਢਿੱਡ ਤੇ ਟਿਕੀ ਹੋਈ। ਸਿਰ ਉਤੇ ਵੱਖਰੀ ਕਿਸਮ ਦੀ ਟੋਪੀ। ਗਲ ਵਿਚ ਮਾਲਾ ਆਦਿ। ਅੱਗੇ ਲੱਡੂਆਂ ਦੇ ਥਾਲ। .... ਇਸ ਤੋਂ ਵਧੀਆ ਕਾਰਟੂਨ ਮੈਨੂੰ ਹੋਰ ਨਹੀਂ ਦਿਸਿਆ। ਬਣਾਇਆ ਕਿਸਨੇ ਹੈ ਇਹਦੇ ਬਾਰੇ ਕੋਈ ਪਤਾ ਨਹੀ। ਸਦੀਆਂ ਪਹਿਲਾਂ ਇਸ ਤਰਾਂ ਦਾ ਕਾਰਟੂਨ ਬਣਾਉਣ ਵਾਲੇ ਵਿਅਕਤੀ ਨੂੰ ਨਮਸ਼ਕਾਰ ਹੈ, ਬਾਰ ਬਾਰ ਨਮਸ਼ਕਾਰ ਹੈ। ਵੈਸੇ ਭਾਰਤੀ ਲੋਕਾਂ ਦੀ ਅਕਲ ਨੂੰ ਪਰਖਣ ਵਾਸਤੇ, ਸਮੇਂ ਸਮੇਂ ਤੇ ਇਹ ਸਾਧ ਸਨਿਆਸੀ, ਜੋਗੀ ਤਾਂਤਰਿਕ ਪਹੇਲੀਆਂ ਪਾਉਂਦੇ ਰਹਿੰਦੇ ਨੇ। ਸ਼ਾਇਦ 1993 ਵਿਚ, ਹਿੰਦੂਜਾ ਭਰਾਵਾਂ ਤੋਂ ਰਿਸ਼ਵਤ ਲੈਣ ਦੇ ਕੇਸ ਵਿਚ, ਇੱਕ ਪ੍ਰਸਿੱਧ ਸਾਧ ਚੰਦਰਾਸੁਆਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀਆਂ ਸਾਖਾਵਾਂ ਭਾਰਤ ਭਰ ਵਿਚ ਫੈਲੀਆਂ ਹੋਈਆਂ ਸਨ। ਉਸਨੇ ਗ੍ਰਿਫਤਾਰੀ ਦਾ ਵਿਰੋਧ ਅਤੇ ਆਪਣੀ ਤਾਕਤ ਦੀ ਪ੍ਰਦਰਸ਼ਨੀ, ਬੜੇ ਕੌਤਕੀ ਅੰਦਾਜ਼ ਵਿਚ ਕੀਤੀ। ਅਚਨਚੇਤੀ ਸਾਰੇ ਹਿੰਦੁਸਤਾਨ ਵਿਚ ਫੋਨ ਖੜਕ ਗਏ, ਇੱਕ ਦੂਜੇ ਨੂੰ ਖਾਸ ਖਬਰ ਦੱਸੀ ਜਾਣ ਲੱਗੀ। ‘‘ਗਜਬ ਹੋ ਗਿਆ ਕਮਾਲ ਹੋ ਗਿਆ, ਕਰਾਮਾਤ ਵਾਪਰ ਗਈ, ਜਾ ਕੇ ਖੁਦ ਤਜ਼ਰਬਾ ਕਰੋ, ‘‘ਗਣੇਸ਼ ਭਗਵਾਨ ਜੀ ਦੁੱਧ ਪੀ ਰਹੇ ਹਨ।`` ਸਾਰੇ ਮੰਦਰਾਂ ਵਿਚ ਗਣੇਸ਼ ਨੂੰ ਦੁੱਧ ਪਿਆਉਣ ਲਈ, ਗਣੇਸ਼ ਦੀ ਪੱਥਰ ਮੂਰਤੀ ਅੱਗੇ ਹਜ਼ਾਰਾਂ ‘‘ਭੇਡਾਂ`` ਦੀਆਂ ਕਤਾਰਾਂ ਜਾ ਖੜ੍ਹੀਆਂ ਹੋਈਆਂ। ਸੌ ਸੌ ਰੁਪੈ ਕਿੱਲੋ ਨੂੰ ਦੁੱਧ ਵਿਕ ਗਿਆ। ਇਹਨਾਂ ਗਣੇਸ਼ ਮੂਰਤੀਆਂ ਨੂੰ ਦੁੱਧ ਪਿਲਾਣ ਦਾ ਮੂਰਖਤਾ ਭਰਿਆ ਕੰਮ ਕਰਨ ਵਾਲੀਆਂ, ਸਿੱਖ ਸ਼ਕਲ ਵਾਲੀਆਂ‘‘ਭੇਡਾਂ`` ਭੀ ਬੇਅੰਤ ਸਨ। ਚੰਦਰਾਸੁਆਮੀ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਦਿੱਤਾ। ਭਾਰਤੀ ਲੋਕਾਂ ਦੀ ਅਕਲ ਪਰਖ ਲਈ। ਉਸ ਵਰਗੇ ਸਾਰੇ ਸਾਧ ਅਤੇ ਬੇਈਮਾਨ ਸਰਕਾਰਾਂ ਸਾਰੇ ਸਮਝ ਗਏ, ਪਈ ਪੰਜਾਹ ਸਾਲ ਤੱਕ ਹੋਰ ਇਹਨਾਂ ‘‘ਭੇਡਾਂ`` ਤੋਂ ਰਾਜ ਅਤੇ ‘‘ਧਰਮ`` ਨੂੰ ਕੋਈ ਖਤਰਾ ਨਹੀ, ਜਿਵੇਂ ਮਰਜੀ ਉੱਨ ਲਾਹੀ ਜਾਓ। ਜਿਵੇਂ ਮਰਜੀ ਥੋਕ ਵਿਚ ਕਤਲ ਕਰਕੇ ਮਾਸ ਵੇਚੀ ਜਾਓ। ‘‘ਬੋਲ ਗਣਪਤੀ ਜੀ ਕੀ ਜੈ``। ਲਉ ਹੁਣ ਪਾਵਨ ਗੁਰਬਾਣੀ ਵਿਚੋਂ ਗਣੇਸ਼ ਬਾਰੇ ਕੁਝ ਪ੍ਰਮਾਣ ਵਿਚਾਰ ਲਈਏ :- ਅਬ ਕਹ ਰਾਮ, ਕਵਨ ਗਤਿ ਮੋਰੀ।। ਤਜੀਲੇ ਬਨਾਰਸਿ, ਮਤਿ ਭਈ ਥੋਰੀ। ਰਹਾਉ।। ਸਗਲ ਜਨਮੁ ਸ਼ਿਵ ਪੁਰੀ ਗਵਾਇਆ। ਮਰਤੀ ਬਾਰ, ਮਗਹਰਿ ਉਠਿ ਆਇਆ।। ਬਹੁਤੁ ਬਰਸ, ਤਪੁ ਕੀਆ ਕਾਸੀ।। ਮਰਨੁ ਭਇਆ ਮਗਹਰ ਕੀ ਬਾਸੀ।। ਕਾਸੀ ਮਗਹਰ ਸਮ ਬੀਚਾਰੀ।। ਓਛੀ ਭਗਤਿ ਕੈਸੇ ਉਤਰਸਿ ਪਾਰੀ।। ਕਹੁ ਗੁਰ, ਗਜ ਸ਼ਿਵ ਸਭੁ ਕੋ ਜਾਨੈ।। ਮੁਆ ਕਬੀਰੁ ਰਮਤ ਸ੍ਰੀ ਰਾਮੈ।। (326) ਹੇ ਵਾਹਿਗੁਰੂ ਜੀ ! ਮੇਰਾ ਪਾਰ ਨਿਸਤਾਰਾ ਕਿਵੇਂ ਹੋਵੇਗਾ? ਲੋਕਾਂ ਦੀਆਂ ਨਜਰਾਂ ਵਿਚ ਮੈਂ ਕਮਅਕਲ ਹਾਂ। ਇਸੇ ਲਈ ਬਨਾਰਸ ਛੱਡ ਦਿੱਤਾ? ਪਰ ਮੈਂ ਜਾਣਦਾ ਹਾਂ ਬਨਾਰਸ ਵਿਚ ਰਹਿ ਕੇ ਲੋਕੀ ਜਨਮ ਗਵਾ ਰਹੇ ਹਨ। ਮੰਦ ਕਰਮੀ ਮਨੁੱਖ ਭਾਵੇ ਆਖੌਤੀ ਪਵਿੱਤਰ ਤੀਰਥ ਤੇ ਰਹਿ ਕੇ ਉਮਰ ਬਿਤਾ ਦੇਵੇ ਕੀ ਫਾਇਦਾ? ਉਮਰ ਦੇ ਅੰਤਲੇ ਹਿੱਸੇ ਵਿਚ ਮੈਂ ਸ਼ਿਵ ਪੁਰੀ (ਕਾਸ਼ੀ) ਛੱਡਕੇ ਗਣੇਸ਼ ਪੁਰੀ (ਮਗਹਰ) ਵਿਚ ਆ ਵਸਿਆ ਹਾਂ। ਕਾਂਸ਼ੀ ਵਿਚ ਸਰੀਰ ਨੂੰ ਬੜੀ ਖੇਚਲ ਦਿੱਤੀ। ਭਾਵ ਲੋਕੀਂ ਉਥੇ ਤਪ ਸਾਧਨਾ ਕਰਨ ਵਾਸਤੇ ਆਉਂਦੇ ਹਨ। ਇਸ ਭਰਮ ਨੂੰ ਤਿਆਗ ਕੇ, ਕਿ ਕਾਂਸ਼ੀ ਵਿਚ ਮਰਨ ਵਾਲਾ ਸੁਰਗ ਨੂੰ ਜਾਂਦਾ ਹੈ, ਤੇ ਮਗਹਰ ਵਿਖੇ ਮਰਨ ਵਾਲਾ ਨਰਕ ਵਿਚ ਜਾਂਦਾ ਹੈ, ਮੈਂ ਮਗਹਰ ਪਹੁੰਚ ਗਿਆ ਹਾਂ। ਮੈਂ ਚੰਗੀ ਤਰ੍ਹਾਂ ਜਾਣ ਲਿਆ ਹੈ ਕਿ ਕਾਂਸ਼ੀ ਅਤੇ ਮਗਹਰ ਇੱਕੋ ਜਿਹੇ ਹਨ। ਲੋਕੀ ਅਣਜਾਣ ਨੇ, ਆਖਦੇ ਹਨ ਕਿ ਕਬੀਰ ਨੇ ਬਨਾਰਸ ਵਿਚ ਭਗਤੀ ਤਪੱਸਿਆ ਨਹੀਂ ਕੀਤੀ। ਉਸਦਾ ਪਾਰ ਨਿਸਤਾਰਾ ਕਿਵੇਂ ਹੋਵੇਗਾ? ਹੇ ਗੁਰੂ ਅਕਾਲ ਪੁਰਖ ਜੀ ! ਮੈਂ ਗਣੇਸ਼ ਅਤੇ ਸ਼ਿਵ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ, ਪੜ੍ਹ ਵਿਚਾਰ ਲਿਆ ਹੈ। ਇਹਨਾਂ ਦੇ ਪੱਲੇ ਸੁਰਗ ਜਾਂ ਨਰਕ ਕੁਛ ਨਹੀਂ ਹੈ। ਮਂੈ ਸੁਰਗ ਅਤੇ ਨਰਕ ਨੂੰ ਹੀ ਰੱਦ ਕਰ ਦਿੱਤਾ ਹੈ। ਫਿਰ ਨਰਕ ਸੁਰਗ ਭੇਜਣ ਦੇ ਠੇਕੇਦਾਰ ਦੇਵਤਿਆਂ ਦੀ ਕਿਉਂ ਪਰਵਾਹ ਕਰਾਂ? ਕਬੀਰ ਨੇ ਜਨਮ ਤੋਂ ਲੈ ਕੇ ਮਰਨ ਤਕ ਕੋਈ ਬੁਰਾ ਕੰਮ ਨਹੀ ਕੀਤਾ। ਕਿਸੇ ਨਾਲ ਧੋਖਾ ਫਰੇਬ ਨਹੀਂ ਕੀਤਾ। ਕਿਸੇ ਨੂੰ ਦੁਖ ਨਹੀਂ ਦਿੱਤਾ, ਪਰਮੇਸ਼ਰ ਦੇ ਭੈ ਅਤੇ ਬੰਦਗੀ ਵਿਚ ਜੀਵਨ ਬਤੀਤ ਕੀਤਾ ਹੈ। ਫਿਰ ਮੈਂ ਕਿਉਂ ਡਰ ਜਾਂ ਲਾਲਚ ਕਰਾਂ। ਰੱਬ ਦੇ ਇਨਸਾਫ ਤੇ ਮੈਨੂੰ ਪੂਰਨ ਭਰੋਸਾ ਹੈ। ਜਿਥੇ ਉਹ ਰੱਖੇ, ਮੈ ਉਸਦੀ ਰਜ਼ਾ ਵਿਚ ਰਹਿਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਕਬੀਰ ਜੀ ਹੋਰ ਸਮਝਾਉਂਦੇ ਹਨ - ਮਰਨ ਜੀਵਨ ਕੀ ਸੰਕਾ ਨਾਸੀ।। ਆਪਨ ਰੰਗਿ ਸਹਜ ਪਰਗਾਸੀ।। ਪ੍ਰਗਟੀ ਜੋਤਿ ਮਿਟਿਆ ਅੰਧਿਆਰਾ।। ਰਾਮ ਰਤਨੁ ਪਾਇਆ ਕਰਤ ਬੀਚਾਰਾ।। ਰਹਾਉ।। ਜਹ ਅਨੰਦੁ ਦੁਖੁ ਦੂਰਿ ਪਇਆਨਾ।। ਮਨੁ ਮਾਨਕੁ ਲਿਵ ਤਤੁ ਲੁਕਾਨਾ।। ਜੋ ਕਿਛੁ ਹੋਆ ਸੁ ਤੇਰਾ ਭਾਣਾ।। ਜੋ ਇਵ ਬੂਝੈ ਸੁ ਸਹਜਿ ਸਮਾਣਾ।। ਕਹਤੁ ਕਬੀਰੁ ਕਿਲਬਿਖ ਗਏ ਖੀਣਾ।। ਮਨੁ ਭਇਆ ਜਗਜੀਵਨ ਲੀਣਾ।। (1349) ਹੇ ਭਾਈ ! ਅਕਾਲ ਪੁਰਖ ਦੀ ਗਿਆਨ ਜੋਤ ਅੰਦਰ ਪ੍ਰਗਟ ਹੋ ਗਈ ਹੈ। ਅਗਿਆਨਤਾ ਦਾ ਹਨ੍ਹੇਰਾ ਪੂਰੀ ਤਰਾਂ ਮਿਟ ਗਿਆ ਹੈ। ਗੁਣਾਂ ਦਾ ਖਜਾਨਾ ਪ੍ਰਭੂ, ਹਿਰਦੇ ਵਿਚ ਹੀ ਪ੍ਰਕਾਸ਼ਮਾਨ ਹੋ ਗਿਆ ਹੈ। ਬਾਹਰ ਭਟਕਣ ਦੀ ਜਰੂਰਤ ਹੀ ਮੁੱਕ ਗਈ ਹੈ। ਮੌਤ ਦਾ ਭੈ ਖਤਮ ਹੋ ਗਿਆ ਹੈ, ਜ਼ਿੰਦਗੀ ਵਿਚ ਆਉਣ ਵਾਲੇ ਉਤਰਾਅ ਚੜ੍ਹਾਅ, ਭੀ ਹੁਣ ਪ੍ਰੇਸ਼ਾਨ ਨਹੀ ਕਰਦੇ। ਰੱਬੀ ਨਿਅਮ ਨੂੰ ਸਮਝਕੇ, ਸਹਿਜ ਵਿਚ ਟਿਕ ਗਿਆ ਹਾਂ। ਹੁਣ ਅਨੰਦ ਹੀ ਅਨੰਦ ਹੈ, ਸਾਰੇ ਦੁਖ ਨੱਸ ਗਏ ਪ੍ਰੇਸ਼ਾਨ ਨਹੀ ਕਰਦੇ। ਮਨ ਦੇ ਅੰਦਰ ਹੀਰਾ ਮਾਣਕ ਰੂਪੀ ਵਾਹਿਗੁਰੂ ਲੱਭ ਪਿਆ ਹੈ। ਇਹ ਸਮਝ ਆ ਗਈ ਕਿ ਤੇਰਾ ਨਿਅਮ ਸਾਰੀ ਸ੍ਰਿਸ਼ਟੀ ਵਿਚ ਵਿਦਮਾਨ ਹੈ। ਜਿਸਨੂੰ ਤੇਰੇ ਨਿਅਮ ਦੀ ਸਮਝ ਆ ਗਈ, ਉਹ ਟਿਕਾਊ ਵਿਚ ਆ ਜਾਂਦਾ ਹੈ। ਕਬੀਰ ਆਖਦਾ ਹੈ, ਸਾਰੇ ਦੁੱਖ ਕਲੇਸ਼ ਨੱਸ ਗਏ, ਮੈਂ ਉਹਨਾਂ ਵੱਲੋਂ ਬੇ ਪਰਵਾਹ ਹੋ ਗਿਆ ਹਾਂ। ਮਨ ਜਗ ਜੀਵਨ ਵਿਚ ਲੀਨ ਹੋ ਗਿਆ ਹੈ। ਜਦੋਂ ਨਿਰੰਕਾਰ ਹਿਰਦੇ ਵਿਚ ਵਸ ਜਾਵੇ, ਰੱਬੀ ਕਾਨੂੰਨ ਦੀ ਸਮਝ ਆ ਜਾਵੇ, ਫਿਰ ਡਰ ਕਾਹਦਾ? ਗਣੇਸ਼ ਬਾਰੇ ਗੁਰਬਾਣੀ ਵਿਚ ਪੰਕਤੀਆਂ ਬਹੁਤੀਆਂ ਨਹੀ ਹਨ। ਆਉ ਇੱਕ ਪਰਮਾਣ ਪੜ੍ਹਕੇ ਸਮਾਪਤ ਕਰੀਏ ਸਿਲ ਪੂਜਸਿ ਚਕ੍ਰ ਗਣੇਸ਼ੰ।। ਨਿਸਿ ਜਾਗਸਿ ਭਗਤਿ ਪ੍ਰਵੇਸੰ।। ਰਿਦੈ ਕੂੜੁ ਕੰਠਿ ਰੁਦ੍ਰਾਖੰ।। ਰੇ ਲੰਪਟ ਕ੍ਰਿਸ਼ਨੁ ਅਭਾਖੰ।। ਜਿਨਿ ਆਤਮ ਤਤੁ ਨ ਚੀਨਿ੍ਹਆ।। ਸਭ ਫੋਕਟ ਧਰਮ ਅਬੀਨਿਆ।। ਕਹੁ ਬੇਣੀ ਗੁਰਮੁਖਿ ਧਿਆਵੈ।। ਬਿਨੁ ਸਤਿਗੁਰ ਬਾਟ ਨ ਪਾਵੈ।। (1351) ਇਸ ਪਾਵਨ ਸ਼ਬਦ ਵਿਚ ਬੇਣੀ ਜੀ ਸਝਾਉਂਦੇ ਹਨ। ਹੇ ਭਾਈ ! ਪਾਖੰਡ ਛੱਡ ਦੇਹ, ਨਿਰੰਕਾਰ ਨਾਲ ਜੁੜ। ਤੂੰ ਲੋਕਾਂ ਦੇ ਪਰਭਾਵ ਪਾਉਣ ਲਈ, ਪੱਥਰ ਦੀਆਂ ਮੂਰਤੀਆਂ ਨੂੰ ਭਗਵਾਨ ਬਣਾ ਕੇ ਪੂਜ ਰਿਹਾ ਹੈਂ, ਜੋ ਕਿ ਮੂਰਖਤਾ ਹੈ। ਤੁਸੀਂ ਲੋਕ ਗਣੇਸ਼ ਦੀ ਵਿਸ਼ੇਸ਼ ਢੰਗਾਂ ਦੁਆਰਾ (ਦੇਵੀ ਦੇਵਤਿਆਂ ਨੂੰ ਧਿਆਉਣ ਲਈ, ਪੂਜਣ ਲਈ ਅੱਡੋ ਅੱਡ ਵਿਧੀਆਂ ਬ੍ਰਾਹਮਣੀ ਗ੍ਰੰਥਾਂ ਵਿਚ ਲਿਖੀਆਂ ਮਿਲਦੀਆਂ ਹਨ) ਚਕਰ ਕੰਵਲ ਆਦਿ ਬਣਾ ਕੇ ਪੂਜਾ ਕਰਦੇ ਹੋ। ਰਾਤ ਭਰ ਜਾਗਕੇ ਇਹ ਵਿਖਾਉਣ ਦਾ ਢੌਂਗ ਕਰਦੇ ਹੋ ਕਿ ਅਸੀਂ ਭਗਤੀ ਵਿਚ ਲੀਨ ਹੋ ਗਏ ਹਾਂ। ਅੰਦਰ ਹਿਰਦੇ ਵਿਚ ਕੂੜ ਕੁਸੱਤ ਠੱਗੀ ਫਰੇਬ ਧੋਖਾ ਭਰਿਆ ਹੋਇਆ ਹੈ। ਬਾਹਰੀ ਵਿਖਾਵੇ ਲਈ ਰੁਦਰਾਖ ਦੀ ਵਧੀਆ ਮਾਲਾ ਪਹਿਨ ਲੈਂਦੇ ਹੋ। ਹੇ ਲੰਪਟ ਲੋਭੀ ਮਨੁੱਖ ਬਾਜ ਆ ਜਾ ਇਸ ਪਾਖੰਡ ਤੋਂ। ਤੂੰ ਕ੍ਰਿਸ਼ਨ ਨੂੰ ਭੀ ਵਿਚਕਾਰ ਖਿੱਚ ਲਿਆਉਂਦਾ ਹੈ। ਕ੍ਰਿਸ਼ਨ ਦੀ ਲੀਲ੍ਹਾ, ਕ੍ਰਿਸ਼ਨ ਦੀਆਂ ਮੂਰਤੀਆਂ ਪਰ ਕੰਮ ਸਾਰੇ ਧਰਮ ਤੋਂ ਉਲਟ? ਹੇ ਪਾਖੰਡੀ ਪੁਜਾਰੀ, ਇਹ ਸਭ ਤਿਆਗ ਦੇਹ। ਜਿਸ ਮਨੁੱਖ ਦੇ ਹਿਰਦੇ ਵਿਚ ਰੱਬ ਨੂੰ ਨਾ ਪਛਾਣਿਆ, ਜੀਵਨ ਜਿਉਣ ਦੀ ਸਮਝ ਨਾ ਆਈ ਉਸ ਦੇ ਸਾਰੇ ਧਾਰਮਕ ਕੰਮ, ਫੋਕਟ ਹਨ ਪਾਖੰਡ ਹਨ। ਧਰਮ ਦਾ ਮਤਲਬ ਸੀ ਜੀਵਨ ਦਾ ਸੁਧਾਰ। ਹੇ ਪਾਪੀ ਤੂੰ ਤਾਂ ਧਰਮ ਨੂੰ ਭੀ ਆਪਣੇ ਨਿੱਜੀ ਫਾਇਦੇ ਲਈ ਵਰਤਣ ਲੱਗ ਪਿਆ। ਬੇਣੀ ਮੱਤ ਦੇ ਰਿਹਾ ਹੈ, ਗੁਰੂ ਦੀ ਸੋਹਣੀ ਸਿੱਖਿਆ ਲੈ ਕੇ ਗੁਰਮੁਖ ਬਣ ਜਾਹ। ਸਤਿਗੁਰੂ ਤਂੋ ਬਿਨਾਂ ਜਿੰਦਗੀ ਦਾ ਸੁਚੱਜਾ ਰਾਹ ਪ੍ਰਾਪਤ ਨਹੀਂ ਹੋਵੇਗਾ। ਬੇਅੰਤ ਪ੍ਰਚਾਰਕ ਤੇ ਸਾਧ ਲਾਣਾ, ਗਣੇਸ਼ ਵਰਗੇ ਅਣਹੋਏ ਅਣਜੰਮੇ ਜੀਵ ਦੀ ਪੂਜਾ ਕਰ ਜਾਂ ਕਰਵਾ ਰਿਹਾ ਹੈ। ਇਹਨਾਂ ਅਜੀਬ ਜਿਹੇ ਜੀਵਾਂ ਦੀਆਂ ਕਹਾਣੀਆਂ ਗੁਰਮਤ ਦੀਆਂ ਸਟੇਜਾਂ ਤੇ ਬੜੀ ਬੇਹਿਯਾਈ ਨਾਲ ਸੁਣਾਕੇ ਭੋਲੇ ਸਿੱਖਾਂ ਨੂੰ ਗਣੇਸ਼ ਦੇ ਪੁਜਾਰੀ ਬਣਾ ਰਿਹਾ ਹੈ। ਸਿੱਖ ਪੰਥ ਕੇਵਲ ਨਿਰੰਕਾਰ ਦਾ ਉਪਾਸਕ ਹੈ। ਸਿੱਖ ਗਣੇਸ਼ ਆਦਿ ਦੇ ਪੁਜਾਰੀ ਨਹੀਂ ਹਨ। ਇਹਨਾਂ ਦੀਆਂ ਬੇਸਿਰ ਪੈਰ ਦੀਆਂ ਕਥਾਵਾਂ, ਸਿੱਖ ਸਟੇਜਾਂ ਤੋਂ ਫੌਰਨ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਇੱਕ ਹੋਰ ਕਥਾ ਮੁਤਾਬਕ ਬੇਦ ਬਿਆਸ ਆਪਣੇ ਸੇਵਕਾਂ ਸਮੇਤ ਬਨਾਰਸ ਆ ਵਸਿਆ। ਤਿੰਨ ਦਿਨ ਤਾਂ ਚੰਗੀ ਸੇਵਾ ਹੋਈ। ਉਸ ਤੋਂ ਬਾਅਦ ਕਿਸੇ ਬਾਤ ਨਾ ਪੁੱਛੀ। ਇਥੋਂ ਉੱਠ ਕੇ ਮਗਹਰ ਦੀ ਧਰਤੀ ਤੇ ਜਾ ਠਹਿਰਿਆ। ਕਾਸ਼ੀ ਨੂੰ ਸਰਾਪ ਦੇ ਗਿਆ ਕਿ ਇਥੇ ਰਹਿਣ ਵਾਲੇ ਨਰਕਾਂ ਨੂੰ ਜਾਣਗੇ, ਮਗਹਰ ਬਸਣ ਵਾਲੇ ਸੁਰਗ ਨੂੰ ਜਾਣਗੇ। ਲੋਕੀ ਧੜਾ ਧੜ ਮਗਹਰ ਵੱਲ ਜਾਣ ਲੱਗੇ। ਸ਼ਿਵ ਜੀ ਅਤੇ ਹੋਰ ਦੇਵਤੇ ਬਹੁਤ ਉਦਾਸ ਹੋਏ। ਬਨਾਰਸ ਖਾਲੀ ਹੋਣ ਲੱਗੀ। ਪਿਤਾ ਦੀ ਉਦਾਸੀ ਦੇਖ ਕੇ ਗਣੇਸ਼ ਨੇ ਪੁੱਛਿਆ ਕਿ ਉਦਾਸ ਕਿਉਂ ਹੋ? ਸ਼ਿਵ ਨੇ ਬਿਆਸ ਦੇ ਸਰਾਪ ਵਾਲੀ ਗੱਲ ਦੱਸੀ। ਲੋ ਪਿਤਾ ਜੀ, ਫਿਕਰ ਨਾ ਕਰੋ, ਮੈਂ ਸਾਰਾ ਮਸਲਾ ਹੱਲ ਕਰ ਦਿਆਂਗਾ। ਇਹ ਕਹਿ ਕੇ ਗਣੇਸ਼ ਮਗਹਰ ਵੇਦ ਬਿਆਸ ਕੋਲ ਪਹੁੰਚਿਆ ਤੇ ਪੁੱਛਣ ਲੱਗਿਆ ਕਿ ਗੁਰੂ ਜੀ ਮਗਹਰ ਮਰਨ ਵਾਲਾ ਕਿੱਥੇ ਜਾਵੇਗਾ? ‘‘ਬਿਆਸ ਬੋਲਿਆ ‘‘ਸੁਰਗ ਵਿਚ``। ਠਹਿਰ ਕੇ ਗਣੇਸ਼ ਨੇ ਦੂਜੀ ਵਾਰੀ ਫੇਰ ਪੁੱਛਿਆ, ‘‘ਗੁਰੂ ਜੀ ! ਇਥੇ ਮਰਨ ਵਾਲਾ ਕਿੱਥੇ ਜਾਵੇਗਾ``? ‘‘ਬੇਟਾ ਸੁਰਗ ਵਿੱਚ``। ਤੀਜੀ ਵਾਰੀ ਫਿਰ ਇਹੀ ਪ੍ਰਸ਼ਨ ਕੀਤਾ - ‘‘ਗੁਰੂ ਜੀ ! ਇਥੇ ਮਰਨ ਵਾਲਾ ਕਿੱਥੇ ਜਾਵੇਗਾ``? ਵੇਦ ਵਿਆਸ ਗੁੱਸੇ ਵਿੱਚ ਆ ਕੇ ਬੋਲਿਆ - ‘‘ਇਥੇ ਮਰਨ ਵਾਲਾ ਨਰਕਾਂ ਵਿੱਚ ਜਾਵੇਗਾ ਤੇ ਖੋਤਾ ਬਣੇਗਾ``। ‘‘ਤਥਾ ਅਸਤੁ ਗੁਰੂ ਜੀ, ‘‘ਕਹਿ ਕੇ ਗਣੇਸ਼ ਦੋੌੜ ਗਿਆ ਕਾਂਸੀ ਵੱਲ। ਸਾਰੇ ਕਿਤੇ ਗੱਲ ਘੁਮਾ ਦਿੱਤੀ ਕਿ ਮਗਹਰ ਵਸਣ ਜਾਂ ਮਰਨ ਵਾਲਾ, ਨਰਕਾਂ ਨੂੰ ਜਾਵੇਗਾ ਖੋਤਾ ਬਣੇਗਾ। ਵੇਦ ਵਿਆਸ ਨੇ ਖੁਦ ਕਹਿ ਦਿੱਤਾ ਹੈ।`` ਲੋਕ ਫਿਰ ਕਾਂਸੀ ਵਾਪਸ ਆਉਣਾ ਸ਼ੁਰੂ ਹੋ ਗਏ, ਬੇਚਾਰਾ ਵੇਦ ਵਿਆਸ ਗਣੇਸ਼ ਨੇ ਬੇਵਸ ਕਰਕੇ ਰੱਖ ਦਿੱਤਾ। ਵਾਹ ਕਿਆ ਚਤੁਰਾਈ ਹੈ, ਵਰਾਂ ਸ਼ਰਾਪਾਂ ਤੇ ਸਾਰੀ ਖੇਡ (ਧਰਮ) ਟਿਕੀ ਹੋਈ ਸਾਫ ਨਜ਼ਰ ਆਉਂਦੀ ਹੈ। ਦਰਅਸਲ ਵਰ ਸਰਾਪ ਨਾਲ ਕੁੱਝ ਨਹੀਂ ਹੁੰਦਾ। ਇਹ ਬ੍ਰਾਹਮਣਾਂ ਦੀਆਂ ਲੁੱਟ ਕੇ ਖਾਣ ਲਈ ਘੜੀਆਂ ਕੂੜ੍ਹ ਕਥਾਵਾਂ ਹਨ। ਇਸ ਦੇ ਪਿਛੋਕੜ ਵਿੱਚ ਅਸਲ ਕਾਰਨ ਸੀ, ਮਹਾਤਮਾ ਬੁੱਧ ਪ੍ਰਤੀ ਨਫਰਤ। ਬੁੱਧ ਜੀ ਨੇ ਦੇਵਤਿਆਂ ਅਤੇ ਬ੍ਰਾਹਮਣਾਂ ਨੂੰ ‘‘ਠੱਗ, ਬਦਮਾਸ਼, ਲੁਟੇਰੇ, ਕਾਤਲ ਤੇ ਬਲਾਤਕਾਰੀ ਤੱਕ ਕਹਿ ਕੇ ਫਿਟਕਾਰ ਪਾਈ ਸੀ। ਬ੍ਰਾਹਮਣ ਅੰਦਰੋਂ ਗੁੱਸੇ ਨਾਲ ਉਬੱਲ ਰਹੇ ਸਨ। ਸਦੀਆਂ ਬਾਅਦ ਇਹ ਗੱਲ ਘੜ ਕੇ ਪਰਚਾਰੀ ਗਈ, ਕਿ ਮਗਹਰ ਮਰਨ ਵਾਲਾ, ਨਰਕਾਂ ਨੂੰ ਜਾਵੇਗਾ। ਅਸਲ ਕਾਰਨ ਇਹ ਸੀ ਕਿ ਇਸੇ ਮਗਹਰ ਦੇ ਸਥਾਨ ਤੇ ਮਹਾਤਮਾ ਬੁੱਧ ਦਾ ਦੇਹਾਂਤ ਹੋਇਆ ਸੀ। ਉਸਦੇ ਪੈਰੋਕਾਰ ਉਥੇ ਨਾ ਜਾਣ, ਦਹਿਲ ਪਾ ਦਿਓ, ਉਸ ਧਰਤੀ ਨੂੰ ਬਦਨਾਮ ਕਰ ਦਿਓ। ਮਨ ਘੜ੍ਹਤ ਕਹਾਣੀਆਂ ਘੜ੍ਹ ਕੇ ਬੁੱਧ ਨੂੰ ਭੀ ਨਰਕਾਂ ਵਿਚ ਗਿਆ ਕਹਿ ਦਿਓ। ਇਹ ਸੀ ਨੀਚ ਹਰਕਤ ਬ੍ਰਾਹਮਣ ਦੀ। ਸਾਵਧਾਨ ਹੋਣ ਦੀ ਲੋੜ ਹੈ। ਕਿਤੇ ਅੰਮ੍ਰਿਤਸਰ ਆਨੰਦਪੁਰ ਜਾਂ ਸਾਰੇ ਪੰਜਾਬ ਨੂੰ ਇਹ ਰੂਪ ਤਾਂ ਨਹੀਂ ਦੇਣਾ ਚਾਹੁੰਦੇ ਇਹ ਲੋਕ? ਨਸ਼ਿਆਂ ਨਾਲ ਬੇਰੁਜ਼ਗਾਰੀ ਨਾਲ, ਸਾਧਨਾ ਦੀ ਲੁੱਟ ਕਾਰਨ, ਪੰਜਾਬ ਮਗਹਰ ਹੀ ਤਾਂ ਬਣਾਇਆ ਜਾ ਰਿਹਾ ਹੈ। ਜੇ ਕੋਈ ਇਨ੍ਹਾਂ ਸਾਜਿਸ਼ਾਂ ਵਿਰੁੱਧ ਬੋਲਦਾ ਲਿਖਦਾ ਹੈ ਤਾਂ ਉਸਨੂੰ ਨਰਕਾਂ ਵਿੱਚ (ਮਾਰ ਦੇਣਾ) ਪੁਚਾ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਵਿੱਚ ਅਨੇਕ ਬਹਾਨੇ ਘੜ੍ਹ ਕੇ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਇਸੇ ਲਈ ਤਾਂ ਕਤਲ ਕੀਤਾ ਗਿਆ ਹੈ। ਕੀ ਸਿੱਖ ਪ੍ਰਚਾਰਕ ਇਸ ਬਾਰੇ ਸੱਚ ਬੋਲਣ ਦੀ ਹਿੰਮਤ ਕਰ ਸਕਣਗੇ?
