ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 23)
ਦੇਵੀ :- ਦੇਵੀ ਜਾਂ ਮਹਾਂਦੇਵੀ (ਵੱਡੀ ਦੇਵੀ) ਇਹ ਸ਼ਿਵ ਦੀ ਪਤਨੀ, ਅਤੇ ਹਿਮਾਲਾ ਦੀ ਬੇਟੀ ਸੀ। ਇਸਦੇ ਦੋ ਰੂਪ ਮਿੱਥੇ ਗਏ, ਨਿਮਰ ਤੇ ਭਿਅੰਕਰ। ਨਿਮਰਤਾ ਵਾਲੇ ਨਾਮ ਇਹ ਹਨ ਓਮਾ - ਪ੍ਰਕਾਸ਼ ਕਰਨ ਵਾਲੀ, ਗੋਰੀ - ਸੁੰਦਰਤਾ ਦੀ ਮੂਰਤੀ, ਪਾਰਵਤੀ - ਪ੍ਰਤੀਭਾ ਵਾਲੀ, ਹੇਮ ਵਤੀ - ਪਹਾੜਨ, ਜਗਨਮਾਤ - ਸੰਸਾਰ ਦੀ ਮਾਂ, ਭਵਾਨੀ - ਭਾਵ ਸ਼ਿਵ ਦੀ ਪਤਨੀ।
ਭਿਅੰਕਰ ਰੂਪ ਵਿੱਚ ਇਹ ਨਾਮ ਹਨ - ਦੁਰਗਾ - ਆਪਹੁੰਚ, (ਕਿਲ੍ਹੇ ਵਰਗੀ ਮਜ਼ਬੂਤ) ਕਾਲੀ ਜਾਂ ਸ਼ਿਆਮਾਂ - ਕਾਲੇ ਰੰਗ ਵਾਲੀ, ਚੰਡੀ ਤੇ ਚੰਡੀਕਾ - ਭਿਅੰਕਰ, ਭੈਰਵੀ - ਵਿਕਰਾਲ।
ਇਸਦੇ ਸ਼ਰਧਾਲੂ ਲੋਕ ਦੇਵੀ ਦੀ ਖੁਸ਼ੀ ਲੈਣ ਵਾਸਤੇ, ਖੂਨੀ ਬਲਿਦਾਨ ਦਿੰਦੇ ਹਨ। ਤਾਂਤਰਿਕ ਸਾਧ ਦੇਵੀ ਨੂੰ ਖੁਸ਼ ਕਰਨ ਲਈ ਅਸ਼ਲੀਲ ਕਰਿਆਵਾਂ ਭੀ ਕਰਦੇ ਹਨ। ਇਸ ਦੇਵੀ ਦੀਆਂ ਦੱਸ ਬਾਹਵਾਂ ਹਨ। ਇਸਦੇ ਬਹੁਤੇ ਹੱਥਾਂ ਵਿੱਚ ਸ਼ਸਤਰ ਫੜੇ ਹੁੰਦੇ ਹਨ। ਦੁਰਗਾ ਦੇ ਰੂਪ ਵਿੱਚ ਇਹ ਸੁੰਦਰ ਅਤੇ ਪੀਲੇ ਰੰਗ ਵਾਲੀ ਹੈ। ਜੋ ਸ਼ੇਰ ਤੇ ਸਵਾਰ ਰਹਿੰਦੀ ਹੈ ਤੇ ਬੜੀ ਡਰਾਉਣੀ ਹੈ। ਕਾਲੀ ਦੇ ਰੂਪ ਵਿੱਚ ਬੜੀ ਭਿਆਨਕ ਹੈ। ਇਸਦੇ ਮੂੰਹ ਵਿੱਚੋਂ ਸਦਾ ਖੂਨ ਨੁੱਚੜਦਾ ਰਹਿੰਦਾ ਹੈ। ਗਲ ਵਿੱਚ ਸੱਪ ਅਤੇ ਮਨੁੱਖੀ ਖੋਪਰੀਆਂ ਹੁੰਦੀਆਂ ਹਨ। ਇਸਦੇ ਪੁਜਾਰੀ ਮੂਰਤੀ ਤੇ ਖੂਨ ਕਦੀ ਸੁੱਕਣ ਨਹੀਂ ਦਿੰਦੇ ਹੋਰ ਪਾਉਂਦੇ ਰਹਿੰਦੇ ਹਨ। ਉਤਪਤੀ ਦੇ ਆਧਾਰ ਤੇ ਇਸਦੇ ਨਾਮ ਹੋਰ ਰੱਖੇ ਗਏ ਹਨ ਜੋ ਇਉਂ ਹਨ - ਗਿਰਜਾ - ਪਹਾੜ ਵਿੱਚ ਜਨਮੀ। ਕੂਜਾ - ਪ੍ਰਿਥਵੀ ਵਿੱਚੋਂ ਜਨਮੀ। ਦਕਸ਼ਸ - ਦਕਸ਼ ਤੋਂ ਪੈਦਾ ਹੋਈ। ਕੰਨਿਆ ਕੁਆਰੀ ਤੇ ਅੰਬਿਕਾ - ਮਾਂ। ਅਵਰਾ - ਸਭ ਤੋਂ ਛੋਟੀ। ਅਨੰਤਾ ਤੇ ਨਿੱਤਿਆ - ਸਦੀਵੀ। ਆਰੀਆ - ਸਨਮਾਨ ਯੋਗ। ਵਿਜਿਆ - ਜੇਤੂ। ਰਿਧੀ - ਧਨਵਾਨ। ਸਤੀ - ਨੇਕ ਜੀਵਨ ਵਾਲੀ। ਦਖਸ਼ਿਣਾ - ਸੱਜੇ ਹੱਥ ਵਾਲੀ। ਪਿੰਗਾ - ਪਿੰਗਲੀ। ਕੁਰਬੁਰੀ - ਕਰੂਪ ਜਾਂ ਦਾਗਾਂ ਵਾਲੀ। ਭਰਮਰੀ ਜਾਂ ਭੋਰੀ - ਭਰਮਣ ਕਰਨ ਵਾਲੀ। ਕੋਟਰੀ - ਨੰਗੀ ਰਹਿਣ ਵਾਲੀ। ਕਰਣ ਮੋਤੀ - ਕੰਨਾਂ ਵਿੱਚ ਮੋਤੀ ਪਾਉਣ ਵਾਲੀ। ਪਦਮ ਲਾਂਛਨਾ - ਕੰਵਲ ਵਰਗੀ ਸੋਭਾ ਪਾਉਣ ਵਾਲੀ। ਸਰਵਮੰਗਲਾ - ਸਭ ਦਾ ਕਲਿਆਣ ਕਰਨ ਵਾਲੀ। ਸਾਕਮ ਭਰੀ - ਜੜੀ ਬੂਟੀਆਂ ਦੀ ਪਾਲਿਕਾ। ਸ਼ਿਵ ਦੂਤੀ - ਸ਼ਿਵ ਦੇ ਸੁਨੇਹੇ ਪੁਚਾਣ ਵਾਲੀ। ਸਿੰਹਰਥੀ - ਸ਼ੇਰ ਦੀ ਸਵਾਰੀ ਕਰਨ ਵਾਲੀ। ਭੂਤ ਨਾਇਕੀ - ਭੂਤਾਂ ਪ੍ਰੇਤਾਂ ਦੀ ਮੁਖੀ। ਕਾਮਾ ਕੁਸੀ - ਕਾਮ ਵਾਸਨਾਂ ਵਿਚ ਆਤੁਰ ਹੋਈ। ਕਾਮਾਖਿਆ - ਕਾਮਿਨੀ ਨਾਮ ਨਾਲ ਬੁਲਾਉਣ ਯੋਗ। ਰਕਤ ਦੰਤੀ - ਖੂਨੀ ਦੰਦਾਂ ਵਾਲੀ। (ਹਿੰਦੂ ਮਿਥਿਹਾਸ ਕੋਸ਼ - ਪੰਨਾ 297)
ਵਿਚਾਰ :- ਸੂਝਵਾਨ ਪਾਠਕਾਂ ਨੇ ਉਪਰ ਵਰਨਣ ਕੀਤਾ ਹੋਇਆ ਦੇਵੀ ਦਾ ਸਰੂਪ ਪੜ੍ਹ ਲਿਆ ਹੈ। ਕੋਈ ਸਮਝਦਾਰ ਮਨੁੱਖ ਇਸ ਸਰੂਪ ਨੂੰ ਪ੍ਰਵਾਨ ਕਰ ਸਕੇਗਾ? ਇਸ ਬਾਰੇ ਇਤਨਾ ਕੁੱਝ ਲਿਖਿਆ ਜਾ ਸਕਦਾ ਹੈ ਕਿ ਚੰਗੀ ਚੋਖੀ ਕਿਤਾਬ ਬਣ ਜਾਵੇ। ਅਸੀਂ ਸੰਖੇਪ ਵਿਚਾਰ ਕਰਨੀ ਹੈ ਤਾਂ ਕਿ ਦੇਵੀਆਂ ਦੇ ਹੱਕ ਵਿਚ ਭੁਗਤਣ ਵਾਲੇ ਨੇ ਆਪਣੀ ਮਾਂ ਦੀ ਇਹ ਦੁਰਗਤ ਕਰ ਵਿਖਾਈ ਹੈ, ਉਹਨਾਂ ਤੋਂ ਤਾਂ ਕਿਸੇ ਚੰਗੀ ਗੱਲ ਦੀ ਆਸ ਕਰਨੀ ਹੀ ਫਜ਼ੂਲ ਹੈ। ਸਿੱਖਾਂ ਨੂੰ ਤਾਂ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਲੜ ਲਾਇਆ ਹੈ। ਪਰਮਾਤਮਾ ਜੋ ਕਲੰਕ ਰਹਿਤ ਹੈ। ਉਸ ਸਰਬ ਕਲਾ ਸਮਰੱਥ ਨੂੰ ਤਿਆਗ ਕੇ ਭੁਲਾ ਕੇ ਇਹਨਾਂ ਕਲਪਿਤ ਦੇਵੀਆਂ ਤੋਂ ਕੀ ਸੇਧ ਜਾਂ ਸਿੱਖਿਆ ਲਈ ਜਾ ਸਕਦੀ ਹੈ? ਅੱਗੇ ਇੱਕ ਇੱਕ ਨਾਮ ਬਾਰੇ ਸੰਖੇਪ ਵਿਚਾਰ ਕਰੀਏ -
ਪਹਿਲੀ ਗੱਲ ਤਾਂ ਇਹ ਕਿ ਇਸਦੇ ਤਰ੍ਹਾਂ ਤਰ੍ਹਾਂ ਦੇ ਪੈਂਤੀ ਤੋਂ ਵੱਧ ਨਾਮ ਰੱਖ ਲਏ ਗਏ। ਇਕੱਲੇ ਨਾਮ ਹੀ ਨਹੀਂ ਰੱਖੇ ਸਗੋਂ ਉਹਨਾਂ ਦੀ ਵਿਆਖਿਆ ਭੀ ਚੰਗੀ ਤਰ੍ਹਾਂ ਕਰ ਦਿੱਤੀ। ਹਾਂ ਜੀ ! ਸ਼ਿਵ ਦੀ ਪਤਨੀ ਤਾਂ ਠੀਕ ਹੈ, ਪਿਉ ਕੌਣ ਇਸਦਾ? ਅਖੇ ਹਿਮਾਲਾ ਪਰਬਤ। ਇਸ ਤੋਂ ਘੱਟ ਕੀ ਕਹਿਣਾ ਹੋਇਆ, ਹਿਮਾਲਾ ਪਹਾੜ ਭੀ ਬੱਚੇ ਬੱਚੀਆਂ ਨੂੰ ਜਨਮ ਦੇ ਸਕਦਾ ਹੈ? ਇਥੇ ਧਰਮ ਦੇ ਨਾਂ ਤੇ ਸਭ ਕੁੱਝ ਚਲਦਾ ਹੈ। ਇਸਦੇ ਦੋ ਰੂਪ ਕਲਪੇ ਗਏ ਹਨ, ਨਿਮਰਤਾ ਵਾਲਾ ਤੇ ਭਿਅੰਕਰ। ਇਹ ਰੂਪ ਤਾਂ ਹਰ ਇੱਕ ਇਸਤਰੀ ਪੁਰਖ ਦੇ ਹੋਇਆ ਕਰਦੇ ਹਨ। ਗੁੱਸਾ ਭੀ ਵਕਤ ਸਿਰ ਆਪਣਾ ਤੇਜ ਵਿਖਾ ਜਾਂਦਾ ਹੈ। ਪਿਆਰ ਦਾ ਵੇਗ ਭੀ ਵਗ ਪੈਂਦਾ ਹੈ।
ਓਮਾ - ਅਖੇ ਇਹ ਪ੍ਰਕਾਸ਼ ਕਰਨ ਵਾਲੀ ਹੈ। ਸੂਰਜ ਦੀ ਤਾਂ ਕੋਈ ਲੋੜ ਨਹੀਂ ਜਦੋਂ ਇੱਕ ਜਨਾਨੀ ਪ੍ਰਕਾਸ਼ ਕਰ ਸਕਦੀ ਹੈ। ਦੂਜਾ ਹਿੰਦੁਸਤਾਨ ਵਿਚ ਗਿਆਨ ਦਾ ਪ੍ਰਕਾਸ਼ ਕਿੰਨਾ ਕੁ ਹੈ ਇਹ ਸਭ ਨੂੰ ਭਲੀ ਭਾਂਤ ਪਤਾ ਹੈ। ਖੋਤਿਆਂ ਕੁੱਤਿਆਂ ਸੂਰਾਂ ਚੂਹਿਆਂ ਦੀ ਜਿੱਥੇ ਪੂਜਾ ਥੋਕ ਵਿਚ ਹੋ ਰਹੀ ਹੋਵੇ। ਉਥੇ ਕੋਈ ਮੰਨ ਸਕਦਾ ਹੈ ਕਿ ਇਸ ਦੇਸ਼ ਵਿਚ ਚਾਨਣ ਕਰਨ ਵਾਲੀ ਦੇਵੀ ਭੀ ਹੋਵੇਗੀ? ਗੋਰੀ - ਪਹਿਲਾਂ ਚਾਨਣ ਕਰਨ ਵਾਲੀ ਸੀ, ਇਸਨਾਮ ਵਿਚ ਸੁੰਦਰਤਾ ਦੀ ਸਿਖਰ ਮੰਨ ਲਈ ਗਈ। ਅੰਤਰ ਆਤਮੇ ਜੇ ਗੁਣ ਹੋਵਣ ਤਾਂ ਸਰੀਰਕ ਸੁੰਦਰਤਾ ਦੀ ਕੋਈ ਵੁੱਕਤ ਨਹੀਂ। ਇਥੇ ਸਰੀਰੀ ਸੁੰਦਰਤਾ ਨੂੰ, ਅੱਗੇ ਜਾ ਕੇ ਕਾਮ ਵਾਸਨਾ ਵਲ ਮੋੜਿਆ ਜਾਵੇਗਾ। ਜਗਨ ਮਾਤ - ਇਕ ਔਰਤ ਸਾਰੇ ਸੰਸਾਰ ਦੀ ਮਾਤਾ? ਉਸ ਨੇ ਸਾਰੇ ਸੰਸਾਰ ਨੂੰ ਜਨਮ ਦਿੱਤਾ ਸੀ? ਜਾਂ ਕੋਈ ਵਿਅਕਤੀ ਦੱਸ ਸਕੇਗਾ ਕਿ ਉਸ ਭਲੀ ਔਰਤ ਨੇ ਸੰਸਾਰ ਦੇ ਕਲਿਆਣ ਵਾਸਤੇ ਕੀ ਕੀਤਾ ਸੀ? ਕੀ ਹਿੰਦੂਆਂ ਦਾ ‘‘ਸੰਸਾਰ`` ਇੰਨਾ ਛੋਟਾ ਹੈ ਕਿ ਕੇਵਲ ਇੱਕ ਬੀਬੀ ਨੇ ਉਸਨੂੰ ਜਨਮ ਦੇ ਦਿੱਤਾ? ਆਪਣੀ ਮਾਤਾ ਬਾਰੇ ਲਿਖਣ ਵਾਲੇ ਕਿੰਨੇ ਕੁ ਅਕਲਵੰਦ ਤੇ ਨੇਕ ਪੁੱਤਰ ਸਨ, ਉਹਨਾਂ ਦੀਆ ਲਿਖਤਾਂ ਵਿਚੋਂ ਸਹਿਜੇ ਹੀ ਵੇਖਿਆ ਪਰਖਿਆ ਜਾ ਸਕਦਾ ਹੈ। ਇਸ ਦੇ ਭਿਅੰਕਰਤਾ ਵਾਲੇ ਨਾਮ ਭੀ ਰੱਖੇ ਗਏ ਹਨ -
