ਗੁਰਬਾਣੀ ਵਿਚ ਪੌਰਾਣਕ ਕਥਾਵਾਂ (ਕਿਸ਼ਤ ਨੰ: 24)

  • Date: June 19, 2024
  • Writer :ਪ੍ਰੋ: ਇੰਦਰ ਸਿੰਘ ‘ਘੱਗਾ’

ਦੁਰਗਾ - ਇਹ ਦੁਰਗਾ (ਕਿਲ੍ਹੇ) ਵਾਂਗ ਮਜ਼ਬੂਤ ਹੈ। ਕੋਈ ਇਸ ਤੱਕ ਪੁੱਜ ਨਹੀਂ ਸਕਦਾ। ਇੰਨੀ ਤਾਕਤਵਰ, ਕਮਾਲ ਹੈ? ਲਿਖਾਰੀ ਲੋਕ ਗੁਫਾਵਾਂ ਵਿਚ ਬੈਠੇ ਕਾਗਜਾਂ ਦੇ ਘੋੜੇ ਤੇ ਕਾਗਜਾਂ ਦੇ ਹਾਥੀ ਬਣਾ ਬਣਾ ਕੇ ਉਡਾਈ ਜਾ ਰਹੇ ਸਨ। ਜਿਵੇਂ ਸਾਰੇ ਬੰਨਿਓ ਟੁੱਟਿਆ ਹਾਰਿਆ ਮਨੁੱਖ, ਸ਼ਾਂਤੀ ਦੀ ਭਾਲ ਲਈ ਨਸ਼ੇ ਦਾ ਸਹਾਰਾ ਭਾਲਦਾ ਹੈ। ਵਕਤੀ ਤੌਰ ਤੇ ਆਰਾਮ ਮਹਿਸੂਸ ਕਰਦਾ ਹੈ। ਬਸ ਇਸੇ ਤਰਾਂ ਭੱਟਕੇ ਹੋਏ ਨਸ਼ਈ ਸਾਧਾਂ ਬ੍ਰਾਹਮਣਾਂ ਨੇ ਜੋ ਮਨ ਆਇਆ, ਲਿਖ ਮਾਰਿਆ। ਲੋਕ ਵਿਚਾਰੇ ਅਣਪੜ ਨਾ ਸਮਝ, ਬੇਬਸ ‘‘ਸਤਬਚਨ`` ਆਖਣ ਲਈ ਮਜਬੂਰ ਸਨ। ਇਹੋ ਜਿਹੇ ਪਾਗਲ ਕਿਸਮ ਦੇ ਸਾਧ, ਅੱਜ ਭੀ ਕਰਾਮਾਤੀ ਸ਼ਕਤੀਆਂ ਦਾ ਹੋਕਾ ਦਿੰਦੇ ਸੁਣੇ ਜਾ ਸਕਦੇ ਹਨ। ਗਰੀਬਾਂ ਨੂੰ ਲੁੱਟਕੇ ਖਾਣ ਲਈ ਅਜਿਹੇ ਹੱਥ ਕੰਡੇ ਨਿੱਤ ਵਰਤੇ ਜਾਂਦੇ ਹਨ। ਸਾਰਾ ਦੇਸ਼ ਲੁੱਟਿਆ ਗਿਆ, ਇਥੋਂ ਦੀਆਂ ਬੇਟੀਆਂ ਨੂੰ ਥਾਂ ਥਾਂ ਵੇਚਿਆ ਰੋਲਿਆ ਗਿਆ। ਕੀ ਉਹ ਦੁਰਗਾ ਦੀਆਂ ਬੇਟੀਆਂ ਨਹੀਂ ਸਨ? ਜੇ ਦੁਰਗਾ ਅਤਿਅੰਤ ਤਾਕਤਵਰ ਸੀ, ਉਸ ਤਕ ਕੋਈ ਤਾਕਤਵਰ ਦੁਸ਼ਮਣ ਪਹੁੰਚ ਕੇ ਨੁਕਸਾਨ ਨਹੀਂ ਕਰ ਸਕਦਾ ਸੀ। ਫਿਰ ਉਸ ਦੁਰਗਾ ਦੀਆਂ ਬੇਟੀਆਂ, ਅਬਲਾ ਤੇ ਵਿਕਾਊ ਮਾਲ ਕਿਵੇਂ ਜੰਮ ਪਈਆਂ, ਪਿਛਲੇ ਸਾਰੇ ਲੰਮੇ ਇਤਿਹਾਸ ਵਿਚ, ਇੱਕ ਭੀ ਬੀਬੀ ਦੁਰਗਾ ਦੇ ਰੂਪ ਅਤੇ ਸ਼ਕਤੀ ਵਾਲੀ, ਢੂੰਡਿਆਂ ਨਹੀਂ ਲੱਭਦੀ, ਕਿਉ? ਜਿਸ ਦੇਸ਼ ਦੀ ਮਾਂ ਦੁਰਗਾ ਹੋਵੇ, ਉਸ ਦੇਸ਼ ਦੀਆਂ ਧੀਆਂ ਉਸ ਵਰਗੀਆਂ ਜਰੂਰ ਹੋਣੀਆਂ ਚਾਹੀਦੀਆਂ ਸਨ। ਮਨੁੱਖ ਤਾਂ ਇਥੋ ਦੇ ਇੰਨੇ ਬਲਸ਼ਾਲੀ ਹੋਣੇ ਚਾਹੀਦੇ ਸਨ ਕਿ ਦੁਸ਼ਮਣ ਭਾਰਤ ਵੱਲ ਕਦੀ ਮੂੰਹ ਕਰਨ ਦੀ ਹਿੰਮਤ ਨਾ ਕਰ ਸਕਦੇ।

ਪੁਰਾਣਕ ਕਥਾਵਾਂ ਮੁਤਾਬਕ ਜਦੋਂ ਦੈਤਾਂ ਨਾਲ ਲੜਦੀ ਹੋਈ ਦੁਰਗਾ ਹੰਭ ਗਈ ਤਾਂ ਉਸਨੇ ਆਪਣਾ ਮੱਥਾ ਫੋੜ ਕੇ, ਕਾਲੀ ਜਾਂ ਚੰਡੀ ਪ੍ਰਗਟ ਕਰ ਲਈ। ਕਿਆ ਸੋਹਣਾ ਮਦਾਰੀ ਦਾ ਤਮਾਸ਼ਾ ਹੈ। ਦੁਰਗਾ ਜੋ ਅਤਿਅੰਤ ਤਾਕਤ ਵਾਲੀ ਸੀ, ਹਾਰ ਗਈ ਥੱਕ ਗਈ। ਜਿੰਨੇ ਦੈਤਾਂ ਨੂੰ ਮਾਰਦੀ ਸੀ ਉਹਨਾਂ ਦੇ ਹੀ ਖੂਨ ਵਿਚੋਂ ਹੋਰ ਦੈਂਤ ਪੈਦਾ ਹੋ ਜਾਂਦੇ ਸਨ। ਇੰਨਾ ਕੁਫਰ ਲੋਕ ਕਿਵੇਂ ਬਰਦਾਸ਼ਤ ਕਰਦੇ ਗਏ? ਧੰਨ ਹਨ ਬਿਪਰ ਜੀ ! ਕਿ ਹਰ ਝੂਠ ਉਹਨਾਂ ਨੇ ਮੰਨਵਾ ਕੇ ਸਾਹ ਲਿਆ। ਲੋਕਾਂ ਦੀ ਅਕਲ ਨੂੰ ਪੂਰੀ ਤਰ੍ਹਾਂ ਡੂੰਘੇ ਖੱਡੇ ਵਿਚ, ਸਦਾ ਵਾਸਤੇ ਦਫਨ ਕਰ ਦਿੱਤਾ ਗਿਆ। ਧੰਨ ਹਨ ਉਹ ਲੋਕ ਜੋ ਚੰਡੀ ਦੀ ਵਾਰ ਨੂੰ ਗੁਰੂ ਦਸਮ ਪਾਤਿਸ਼ਾਹ ਦੀ ਕ੍ਰਿਤ ਮੰਨਣ ਦਾ ਮੂੜ੍ਹਪੁਣਾ ਛੱਡਣ ਲਈ ਤਿਆਰ ਨਹੀਂ ਹਨ। ਅਜਿਹੀਆ ਬੇ ਸਿਰ ਪੈਰ ਦੀਆਂ ਕਹਾਣੀਆਂ ਗੁਰੂ ਗੋਬਿੰਦ ਸਿੰਘ ਜੀ ਲਿਖ ਸਕਦੇ ਸਨ? ਕਦੀ ਭੀ ਨਹੀ। ਭਿਅੰਕਰ ਤੇ ਭੈਰਵੀ ਤੇ ਵਿਕਰਾਲ ਰੂਪ ਵਾਲੀ ਭੀ ਲਿਖਿਆ ਹੋਇਆ ਹੈ। ਜਿਵੇਂ ਕਿਸੇ ਦਾ ਦਿਲ ਕਰਦਾ ਗਿਆ ਉਸੇ ਤਰ੍ਹਾਂ ਲਿਖਦਾ ਗਿਆ। ਕਿਹੜਾ ਕਿਸੇ ਤੋਂ ਪ੍ਰਵਾਨਗੀ ਲੈਣੀ ਸੀ। ਜਿਹਨਾਂ ਸਮਿਆਂ ਵਿਚ ਇਹ ਕੁਫਰ ਕਹਾਣੀਆਂ ਲਿਖੀਆਂ ਗਈਆਂ ਸਨ, ਉਸ ਵਕਤ ਕਿਥੇ ਸੀ ਵਿੱਦਿਆ? ਜੇ ਪੜ੍ਹਿਆਂ ਲਿਖਿਆ ਬੰਦਾ ਹੀ ਧੋਖੇਬਾਜ਼ ਤੇ ਪਾਖੰਡੀ ਬਣ ਜਾਵੇ ਤਾਂ ਆਮ ਵਿਅਕਤੀ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਪੁਜਾਰੀਆਂ ਨੇ ‘‘ਸਭ ਮਨੋਕਾਮਨਾਵਾਂ`` ਪੂਰੀਆਂ ਕਰਵਾ ਦੇਣ ਦੇ ਝਾਂਸੇ ਦੇ ਕੇ ਭੋਲੇ ਲੋਕਾਂ ਦੇ ਬੱਚਿਆਂ ਨੂੰ ਕਤਲ ਕਰਕੇ ਖੂਨ ਨਾਲ ਦੇਵੀ ਦਾ ਇਸ਼ਨਾਨ ਕਰਵਾਕੇ, ਦੇਵੀ ਮਾਤਾ ਦੀ ਮੂਰਤੀ ਨੂੰ ਖੂਨ ਮਾਸ ਦਾ ਭੋਗ ਲਗਵਾ ਕੇ ‘‘ਪ੍ਰਸੰਨ`` ਕੀਤਾ ਜਾਂਦਾ ਸੀ। ਸ਼ਰਾਬ ਦੇ ਘੜੇ ਮਟਕੇ ਭੀ ਦੇਵੀ ਨੂੰ ਪ੍ਰਸੰਨ ਕਰਨ ਲਈ ਪੁਜਾਰੀ ਮੰਗਵਾ ਲੈਂਦੇ ਸਨ। ਵਿਚਾਰੇ ਸ਼ਰਧਾਲੂ ! ਜਿਵੇਂ ਕੋਈ ਚਲਾਉਂਦਾ ਚੱਲੀ ਜਾਂਦੇ। ਕਿਉਂਕਿ ਹੋਰ ਬਦਲ ਹੀ ਕੋਈ ਨਹੀਂ ਸੀ ਜਿੰਦਗੀ ਦਾ। ਪਹਿਲਾਂ ਆਰੀਅਨਾਂ ਦੀ ਗੁਲਾਮੀ, ਫਿਰ ਬਦੇਸ਼ੀ ਹਮਲੇ ਤੇ ਮੁਸਲਮਾਨਾਂ ਦੀ ਗੁਲਾਮੀ ਵਿਚ, ਭਾਰਤੀ ਲੋਕ, ਨਿਮਾਣੇ ਨਿਤਾਣੇ ਕਾਇਰ ਨਸ਼ਈ ਤੇ ਪੂਰੀ ਤਰ੍ਹਾਂ ਪਾਖੰਡੀ ਬਣਕੇ ਜਿੰਦਗੀ ਨੂੰ ਧੱਕਾ ਦੇ ਰਹੇ ਸਨ। ਪਸ਼ੂਆਂ ਨਾਲੋਂ ਬਦਤਰ ਜਿੰਦਗੀ। ਪੱਥਰ ਦੀ ਮੂਰਤੀ ਅੱਗੇ ਮਨੁੱਖਾਂ ਦੀ ਬਲੀ, ਪਸ਼ੂਆਂ ਦੀ ਬਲੀ, ਖੂਨ ਤੇ ਸ਼ਰਾਬ ਦਾ ਭੋਗ....? ਆਪਣੇ ਆਪ ਨੂੰ ਧਾਰਮਕ ਮੁਖੀ ਅਖਵਾਣ ਵਾਲੇ, ਵੱਡੇ ਵੱਡੇ ਧਰਮ ਅਸਥਾਨਾਂ ਤੇ ਕਾਬਜ, ਦਿਲ ਖਿੱਚਵੇ ਧਾਰਮਕ ਭੇਖ, ਧਰਮ ਗ੍ਰੰਥਾਂ ਵਿਚੋ ਦਿੱਤੇ ਜਾ ਰਹੇ ਪਰਮਾਣ....। ਇਹ ਵਰਤਾਰਾ ਖਤਮ ਨਹੀਂ ਹੋਇਆ, ਬਾ ਦਸਤੂਰ ਜਾਰੀ ਹੈ। ਅੰਗ੍ਰੇਜੀ ਸਰਕਾਰ ਨੇ ਸੰਨ 1845 ਵਿਚ ਕਾਨੂੰਨ ਦੀ 21 ਨੰ: ਧਾਰਾ ਤਹਿਤ ਨਰ ਬਲੀ ਤੇ ਪਾਬੰਦੀ ਲਾਈ ਸੀ। ਅਜਿਹਾ ਪਾਪ ਕਰਮ ਕਰਨ ਵਾਲੇ ਨੂੰ ਉਮਰ ਕੈਦ ਦਾ ਪ੍ਰਬੰਧ ਕੀਤਾ ਸੀ। ਫਿਰ ਭੀ ਇਹ ਕੰਮ ਲੁਕ ਛਿਪ ਕੇ ਹੁੰਦਾ ਰਿਹਾ। ਸਰਕਾਰ ਤੱਕ ਖਬਰ ਪੁੱਜਦੀ ਹੀ ਨਹੀਂ ਸੀ। ਆਮ ਲੋਕਾਂ ਦੀ ਇਸ ਨੂੰ ਮਜਬੂਰੀ ਵਸ ਸਹਿਮਤੀ ਪ੍ਰਾਪਤ ਸੀ। ਪੁਜਾਰੀ ਲੋਕ ਧਰਮ ਦਾ ਪੁੰਨ ਕੰਮ ਸਮਝਦੇ ਸਨ। ਕਾਲੀ ਦੇਵੀ ਦੇ ਮੰਦਰਾਂ ਵਿੱਚ ਪਸ਼ੂਆਂ ਦੀ ਬਲੀ ਅੱਜ ਤੱਕ ਨਿਰੰਤਰ ਦਿੱਤੀ ਜਾ ਰਹੀ ਹੈ। ਚੋਰੀ ਛਿਪੇ ਕਿਸੇ ਮਨੁੱਖੀ ਮਾਸੂਮ ਬੱਚੇ ਦੀ ਬਲੀ ਭੀ ਕਦੀ ਕਦਾਈ ਦੇਣ ਦੇ ਸਮਾਚਾਰ ਅਖਬਾਰਾਂ ਵਿਚ ਛਪਦੇ ਰਹਿੰਦੇ ਹਨ।

ਤਾਂਤ੍ਰਿਕ ਸਾਧ ਇਸ ਦੇਵੀ ਨੂੰ ਖੁਸ਼ ਕਰਨ ਵਾਸਤੇ ਅਤੀ ਘਟੀਆ ਸ਼ਰਮਨਾਕ ਅਸ਼ਲੀਲ ਕਿਰਿਆਵਾਂ, ਦੇਵੀ ਦੇ ਸਾਹਮਣੇ ਕਰਦੇ ਹਨ। ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾ ਦੇਣ ਦੇ ਝਾਂਸੇ ਦੇ ਕੇ, ਗਰੀਬੀ ਦੂਰ ਕਰਨ ਦੇ ਸਬਜ ਬਾਗ ਵਿਖਾ ਕੇ, ਸਵਰਗ ਨੂੰ ਜਾਣ ਵਾਲੇ ਉਡਣ ਖਟੋਲੇ ਵਿਚ ਸੀਟ ਬੁੱਕ ਕਰਵਾ ਕੇ ਸ਼ਰਧਾਲੂਆਂ ਦੀਆਂ ਸੁੰਦਰ ਜਵਾਨ ਲੜਕੀਆਂ ਨੂੰ ‘‘ਧਰਮ ਕਰਮ`` ਲਈ ਮੰਦਰ ਵਿਚ ਲੈ ਆਉਂਦੇ ਸਨ। ਇਥੇ ਕਈ ਸਾਰੇ ਸਾਧ ਅਖਵਾਣ ਵਾਲੇ ਬਦਮਾਸ਼ ਵਿਅਕਤੀ, ਪਸ਼ੂ ਦੀ ਬਲੀ ਦੇਣ ਦੇ ਬਹਾਨੇ ਮਾਸ ਤਿਆਰ ਕਰਦੇ। ਪਹਿਲਾਂ ਤੋਂ ਕੱਢ ਕੇ ਰੱਖੀ ਸ਼ਰਾਬ ਲੈ ਆਉਂਦੇ। ਇਥੇ ਸਾਰੇ ਨੱਚਦੇ ਗਾਉਂਦੇ, ਫਿਰ ਉਸ ਮਾਸੂਮ ਲੜਕੀ ਨਾਲ ਸਾਰੇ ਰਾਤ ਭਰ ਬਲਾਤਕਾਰ ਕਰਦੇ। ਜੇ ਉਹ ਕੁੜੀ ਤੁਰਨ ਜੋਗੀ ਰਹਿ ਗਈ ਤਾਂ ਕੁੱਝ ਪੈਸੇ ਆਦਿ ਦੇ ਕੇ ਘਰ ਭੇਜ ਦਿੰਦੇ। ਅਗਰ ਉਸ ਅਭਾਗਣ ਦੀ ਹਾਲਤ ਬਹੁਤ ਬਿਗੜ ਜਾਂਦੀ ਤਾਂ ਉਸਨੂੰ ਮਾਰ ਦਿੰਦੇ। ਘਰ ਵਾਲਿਆਂ ਨੂੰ ਇਹ ਕਹਿ ਕੇ ਧਰਵਾਸ ਦਿਵਾ ਦਿੱਤਾ ਜਾਂਦਾ ਕਿ ‘‘ਦੇਵੀ ਮਾਤਾ ਨੇ ਬਲੀ ਲੈ ਲਈ ਹੈ, ਤੁਹਾਨੂੰ ਸਾਰਿਆਂ ਨੂੰ ਬਹੁਤ ਪੁੰਨ ਫਲ ਮਿਲੇਗਾ। ਸਵਰਗ ਵਿਚ ਵਿਸ਼ੇਸ਼ ਸਨਮਾਨ ਮਿਲੇਗਾ``। ਪਰਵਾਰ ਦੇ ਮੈਂਬਰ ਸੰਤੁਸ਼ਟ ਹੋ ਜਾਂਦੇ। ਅਜਿਹੇ ਵਿਗੜੇ ਸਾਧਾਂ ਦੇ ਟੋਲੇ ਇੱਕ ਹੋਰ ਤਰਾਂ ਦੀ ਮੰਦ ਕਰਤੂਤ ਭੀ ਆਮ ਕਰਿਆ ਕਰਦੇ ਸਨ। ਪਰਵਾਰਾਂ ਦੇ ਮੈਂਬਰਾਂ ਨੂੰ ਲਾਰਾ ਲਾ ਕੇ ਝਾਂਸਾ ਦੇ ਕੇ, ਕਈ ਸਾਰੀਆਂ ਲੜਕੀਆਂ ਜਨਾਨੀਆਂ ਨੂੰ ਆਪਣੇ ਅੱਡੇ ਤੇ ਲੈ ਆਉਂਦੇ ਸਨ। ਆਲੇ ਦੁਆਲੇ ‘‘ਮੰਤਰ`` ਪੜ੍ਹਕੇ ਲਕੀਰ ਖਿੱਚ ਦਿੰਦੇ ਸਨ, ਇਸ ਨੂੰ ‘‘ਭੈਰਵੀ ਚੱਕਰ`` ਕਹਿੰਦੇ ਸਨ। ਇਸ ਚੱਕਰ ਦੇ ਅੰਦਰ ਜਿੰਨੇ ਭੀ ਆਦਮੀ ਤੀਵੀਆਂ ਹੋਣ, ਉਹਨਾਂ ਦੇ ਸਾਰੇ ‘‘ਦੁਨਿਆਵੀ ਰਿਸ਼ਤੇ ਖਤਮ" ਦਾ ਐਲਾਨ ਕਰ ਦਿੱਤਾ ਜਾਂਦਾ ਸੀ। ਫਿਰ ਸਾਰੇ ਰੱਜ ਕੇ ਸ਼ਰਾਬ ਪੀਂਦੇ, ਮਾਸ ਖਾਂਦੇ, ਭੰਗ ਤੰਬਾਕੂ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕਰਦੇ। ਨੱਚਦੇ ਗਾਉਂਦੇ ਅਲਫ ਨੰਗੇ ਹੋ ਜਾਂਦੇ। ਸਾਰੀ ਰਾਤ ਕੁਕਰਮ ਕਰਦਿਆਂ ਗੁਜਾਰਦੇ ....। ਇਹ ਸੀ ਇਹਨਾਂ ਦਾ ਦੇਵੀ ਮਾਤਾ ਨੂੰ ਖੁਸ਼ ਕਰਨ ਦਾ ਧਰਮ ਦਾ ਸਿਖਰਲਾ ਮਾਅਰਕਾ। ਗੁਰਬਾਣੀ ਵਿਚ ਇਸ ਨੰਗੀ ਅਤੇ ਗੰਦੀ ਖੇਢ ਦਾ ਕਈ ਵਾਰੀ ਜਿਕਰ ਆਇਆ ਹੈ। ਪੜ੍ਹੋ -

ਇਕਤੁ ਪਤਰਿ ਭਰਿ ਉਰਕਟ ਕੁਰਕਟ, ਇਕਤੁ ਪਤਰਿ ਭਰਿ ਪਾਨੀ।।

ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ।।

ਨਕਟੀ ਕੋ ਠਨਗਨੁ ਬਾਡਾ ਡੂੰ।। ਕਿਨਹਿ ਬਿਬੇਕੀ ਕਾਟੀ ਤੂੰ।। ਰਹਾਉ।। (476)

ਹੇ ਭਾਈ ! ਇਹ ਵਾਮ ਮਾਰਗੀਏ, ਖਾਸ ਨਿਸਚਿਤ ਦਿਨਾਂ ਤੇ ਜਸ਼ਨ ਮਨਾਉਂਦੇ ਹਨ। ‘‘ਦੇਵੀ ਨੂੰ ਖੁਸ਼`` ਕਰਨ ਦਾ ਛਲ ਨਾਟਕ ਕਰਦੇ ਹਨ। ਦੇਵੀ ਨੇ ਕੀ ਖੁਸ਼ ਹੋਣਾ ਹੋਇਆ, ਕਿਉਂਕਿ ਉਹ ਤਾਂ ਪੱਥਰ ਤੋਂ ਘੜ ਤਰਾਸ ਕੇ ਤਿਆਰ ਕੀਤੀ ਗਈ ਹੈ। ਜਿੰਦ ਜਾਨ ਹਰਕਤ ਆਤਮਾ ਤੋਂ ਰਹਿਤ। ਇਹ ਭਟਕੇ ਹੋਏ ਲੋਕ, ਇੱਕ ਬਰਤਣ ਵਿੱਚ ਰਿੰਨਿਆ ਹੋਇਆ ਕੁੱਕੜ ਰੱਖ ਲੈਂਦੇ ਹਨ। ਇੱਕ ਭਾਂਡੇ ਵਿਚ ਸ਼ਰਾਬ ਪਾ ਕੇ ਰੱਖ ਲੈਂਦੇ ਹਨ। ਆਪਣੇ ਆਪ ਨੂੰ ਸਿੱਧ ਜੋਗੀ ਅਖਵਾਣ ਵਾਲੇ ਘੇਰਾ ਘੱਤ ਕੇ ਬੈਠ ਜਾਂਦੇ ਹਨ। ਸ਼ਰਾਬ ਪੀਂਦੇ ਹਨ, ਮਾਸ ਖਾਂਦੇ ਹਨ। ਫਿਰ ਬੇਸ਼ਰਮੀ ਦੀਆਂ ਹੱਦਾਂ ਉਲੰਘ ਕੇ, ਵਿਚਕਾਰ ਇੱਕ ਜਵਾਨ ਔਰਤ ਨੂੰ ਲੈ ਆਉਂਦੇ ਹਨ। ਉਸ ਨਾਲ ਜਿਨਸੀ ਭੁੱਖ ਪੂਰੀ ਕਰਦੇ ਹਨ। ਨਾਲੋ ਨਾਲ ਮੰਦਰ ਵਿਚ ਜੋਰ ਸ਼ੋਰ ਨਾਲ ਘੰਟੇ ਵਜਾਉਂਦੇ ਹਨ, ਧੂਫਾਂ ਧੁਖਾਉਂਦੇ ਹਨ। ਸਾਰਾ ਫਰੇਬ ਕਰਨ ਦਾ ਮਕਸਦ ਹੁੰਦਾ ਹੈ ਕੇਵਲ ਕਾਮ ਭੁਖ ਨੂੰ ਸੰਤੁਸ਼ਟ ਕਰਨਾ। ਜਿਸ ਇਸਤਰੀ ਨੂੰ ਨਕਟੀ ਕਹਿੰਦੇ ਹਨ। ਪਾਪਣ ਕਹਿੰਦੇ ਹੋਏ ਘਰ ਛੱਡ ਕੇ ਸਾਧ ਬਣ ਜਾਂਦੇ ਹਨ। ਜਿਸ ਨੂੰ ਸੱਪਣੀ ਜਾਂ ਮਾਇਆ ਗਰਦਾਨ ਦੇ ਨਹੀਂ ਥੱਕਦੇ। ਉਹੀ ਮਾਇਆ, ਉਹੀ ਨੱਕ ਕਟੀ ਇਹਨਾਂ ਦੇ ਵਿਚਕਾਰ ਬੈਠੀ ਹੁੰਦੀ ਹੈ। ਕਉਣ ਹੈ ਅਜਿਹਾ ਵੱਡਾ ਬਿਬੇਕੀ (ਸਿਆਣਾ) ਜਿਹੜਾ ਮਨ ਦੇ ਮੁਗਣ ਨੂੰ ਬੁਰੇ ਪਾਸਿਉਂ ਮੋੜ ਕੇ, ਚੰਗੇ ਪਾਸੇ ਲਾ ਲਵੇ। ਕੀ ਜ਼ਰੂਰਤ ਸੀ ਪਤਨੀ, ਪਰਵਾਰ ਤਿਆਗਣ ਦੀ? ਜੇ ਤਿਆਗ ਹੀ ਦਿੱਤਾ ਤਾਂ ਇਹ ਪਾਪ ਕਰਮ ਕਿਉਂ ਕੀਤਾ?

ਕੋਲਕੱਤੇ ਵਿਖੇ ਕਾਲੀ ਦੇਵੀ ਦੇ ਮੰਦਰ ਦੇ ਅਹਾਤੇ (ਪ੍ਰੀਸਰ) ਵਿਚ, ਅੱਜ ਤਾਈਂ ਝੋਟੇ ਦੀ ਬਲੀ ਦਿੱਤੀ ਜਾਂਦੀ ਹੈ। ਮੱਥਾ ਟੇਕਣ ਗਏ ਸੇਵਕਾਂ ਨੂੰ ਮਾਸ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਮੱਥੇ ਵਿਚ ਖੂਨ ਦਾ ਟਿੱਕਾ ਲਾਇਆ ਜਾਂਦਾ ਹੈ। ਭਾਰਤ ਦੀ ਸੁਪ੍ਰੀਮ ਕੋਰਟ ਵੱਲੋਂ ਸਿਰਫ ਇਹ ਹੁਕਮ ਦਿੱਤਾ ਗਿਆ ਸੀ, ਕਿ ਇਥੇ ਸਾਫ ਸਫਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਗੰਦਗੀ ਕਾਰਨ ਬਿਮਾਰੀਆਂ ਨਾ ਫੈਲ ਜਾਣ, ਮੰਦਰਾਂ ਵਿੱਚ ਪਸ਼ੂ ਬਲੀ ਤੇ ਕੋਈ ਪਾਬੰਦੀ ਨਹੀਂ ਲਾਈ ਗਈ। ਪਟਿਆਲੇ ਦੇ ਕਾਲੀ ਮੰਦਰ ਵਿਚ ਸ਼ਰਾਬ ਅੱਜ ਤੱਕ ਚੜ੍ਹਾਈ ਜਾਂਦੀ ਹੈ। ‘‘ਭਗਤ ਲੋਕ ਪ੍ਰਸ਼ਾਦ`` (ਸ਼ਰਾਬ) ਲੈਣ ਲਈ ਕਤਾਰਾਂ ਵਿਚ ਧੱਕਾ ਮੁੱਕੀ ਹੁੰਦੇ ਵੇਖੇ ਜਾ ਸਕਦੇ ਹਨ। ਕਦੀ ਖਾਸ ਦਿਨਾਂ ਤੇ ‘‘ਭਗਤਾਂ ਨੂੰ ਕਾਬੂ ਕਰਨ ਵਾਸਤੇ`` ਪੁਲੀਸ ਨੂੰ ਦਖਲ ਦੇਣਾ ਪੈਂਦਾ ਹੈ। ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਸ੍ਰ: ਅਮਰਿੰਦਰ ਸਿੰਘ ਨੇ ਹਿੰਦੂ ਜਥੇਬੰਦੀਆਂ ਨੂੰ ਵਿਸ਼ਵਾਸ਼ ਵਿਚ ਲੈ ਕੇ ਸ਼ਰਾਬ ਦਾ ਪ੍ਰਸ਼ਾਦ ਬੰਦ ਕਰਾਉਣ ਲਈ ਮਨਾ ਲਿਆ ਸੀ। ‘‘ਭਗਤ`` ਹਨ ਕਿ ਮੰਨਣ ਲਈ ਤਿਆਰ ਹੀ ਨਹੀਂ ਹਨ।

ਆਸਾਮ ਦੇ ਕਾਮਾਖਿਆ (ਗੋਹਾਟੀ) ਮੰਦਰ ਵਿਚ ‘‘ਯੋਨਿ ਪੀਠ`` ਮੰਦਰ ਹੈ। ਉਥੇ ਦੇਵੀ ਦੇ ਜਨਣ ਅੰਗ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਾਬ ਮਾਸ ਤਾਂ ਗੱਲ ਹੀ ਮਾਮੂਲੀ ਜਿਹੀ ਹੈ ਉਹਨਾਂ ਵਾਸਤੇ। ਯਾਦ ਰਹੇ ਇਹ ਉਹੀ ਮੰਦਰ ਹੈ, ਜਿਥੇ ਗੁਰੂ ਨਾਨਕ ਸਾਹਿਬ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਗਏ ਸੀ। ਨੂਰ ਸ਼ਾਹ ਜਾਦੂਗਰਨੀ ਅਤੇ ਉਸਦੀਆਂ ਚੇਲੀਆਂ ਨੂੰ ਉਪਦੇਸ਼ ਦੇ ਕੇ ਨੇਕ ਰਾਹ ਚੱਲਣ ਦੀ ਪ੍ਰੇਰਨਾ ਕੀਤੀ ਸੀ। ਇਸ ਮੰਦਰ ਵਿਚ ਮਾਤਾ ਲਈ ਸਦਾ ਖੂਨ ਦੇ ਕੇ ਖੁਸ਼ੀ ਲੈਣ ਦਾ ਜਤਨ ਕੀਤਾ ਜਾਂਦਾ ਹੈ। ਇਥੇ ਸਥਾਪਤ ਕੀਤੀ ਮੂਰਤੀ ਨੂੰ ‘‘ਸਿਰਨਾਵਟੀ`` ਭੀ ਆਉਂਦੀ ਹੈ। ਕਈ ਥਾਂਈ ਕਾਲੀ ਦੇਵੀ ਸੱਪ ਗਲ ਵਿਚ ਪਾ ਕੇ ਰੱਖਦੀ ਹੈ। ਮਨੁੱਖੀ ਖੋਪੜੀਆਂ ਦੀ ਮਾਲਾ (ਨਰਮੂੰਡ) ਭੀ ਆਮ ਪਾਕੇ ਰੱਖਦੀ ਹੈ। ਮੂੰਹ ਵਿਚੋਂ ਖੂਨ ਨੁੱਚੜਦਾ ਰਹਿੰਦਾ ਹੈ। ਜੀਭ ਬਾਹਰ ਨਿਕਲੀ ਹੁੰਦੀ ਹੈ ਆਦਿ। ਮਹਾਂ ਦੇਵੀ ਜਾਂ ਮਹਾਂ ਮਾਇਆ ਦੇ ਰੂਪ ਵਿਚ ਇਹ ਵੱਡੀ ਛਲਾਵੀ ਜਾਂ ਧੋਖੇਬਾਜ਼ ਭੀ ਆਖੀ ਜਾਂਦੀ ਹੈ। ਵੱਡੇ ਵੱਡੇ ਰਿਸ਼ੀ ਮੁਨੀ ਇਸ ਛਲਾਵੀ ਨੇ ਕੁਰਾਹੇ ਪਾ ਦਿੱਤੇ। ਭਗਤੀ ਵਲੋਂ ਤੋੜ ਦਿੱਤੇ ਵਿਕਾਰਾਂ ਵਿਚ ਡੋਬ ਦਿੱਤੇ....।

ਇਹਨਾਂ ਪੌਰਾਣਕ ਕਥਾਵਾਂ ਲਿਖਣ ਵਾਲੇ ਬਿਪਰ ਪੁਜਾਰੀਆਂ ਦਾ ਇੱਕੋ ਇੱਕ ਮਨੋਰਥ ਸਪੱਸ਼ਟ ਦਿਸ ਆਉਂਦਾ ਹੈ, ਕਿ ਇਸ ਸਮਾਜ ਨੂੰ ਪੂਰੀ ਤਰ੍ਹਾਂ ਭ੍ਰਿਸ਼ਟ ਜਾਂ ਤਹਿਸ ਨਹਿਸ ਕਰਨਾ ਹੈ। ਸਿਰਫ ਬ੍ਰਾਹਮਣ ਵਰਗ ਦੀ ਪੂਜਾ ਹੁੰਦੀ ਰਹੇ। ਇਸੇ ਜਾਤੀ ਨੂੰ ਜਿੰਦਗੀ ਦੀਆਂ ਸਾਰੀਆਂ ਸੁਖ ਸਹੂਲਤਾਂ ਮਿਲਦੀਆਂ ਰਹਿਣ। ਇਹ ਟੋਲਾ ਧਰਮ ਮੁਖੀ ਬਣਿਆ ਰਹੇ। ਇਹੀ ਵਰਗ ਰਾਜਨੀਤੀ ਤੇ ਕਾਬਜ ਰਹੇ। ਸਾਰੀਆਂ ਵੱਡੀਆਂ (ਕੁੰਜੀਵਤ) ਨੌਕਰੀਆਂ ਤੇ ਭੀ ਬ੍ਰਾਹਮਣ ਹੀ ਕਾਬਜ ਰਹਿਣ। ਜਿਥੋਂ ਅਸਲ ਵਿਚ ਸਾਰੇ ਦੇਸ਼ ਨੂੰ ਚਲਾਇਆ ਜਾਂਦਾ ਹੈ। ਬ੍ਰਾਹਮਣਾਂ ਦੀ ਗਿਣਤੀ ਭਾਰਤ ਵਿੱਚ ਲਗਭਗ 4 ਪ੍ਰਤੀਸ਼ਤ ਹੈ। ਇਹ ਲੋਕ ਆਟੇ ਵਿੱਚ ਲੂਣ ਜਿੰਨੇ ਭੀ ਨਾ ਹੋ ਕੇ ਸਾਰੀ ਜੰਤਾ ਜਨਾਰਦਨ ਦੇ ‘‘ਭਾਗ ਵਿਧਾਤਾ`` ਹਨ। ਲੋਕਾਂ ਤੇ ਇਤਨਾ ਮਾਨਸਿਕ ਦਬਾਅ ਇਹਨਾਂ ਨੇ ਪਾਇਆ ਹੋਇਆ ਹੈ, ਮਜਾਲ ਕੋਈ ਰਤਾ ਮਾਸਾ ਚੂੰ ਚਰਾਂ ਭੀ ਕਰ ਜਾਵੇ। ਰੱਬ ਦੇ ਇਨਸਾਫ ਦਾ ਡਰ, ਅਵਤਾਰਾਂ ਵਲੋਂ ਧਰਤੀ ਤੇ ਜਨਮ ਲੈ ਕੇ ਕਠੋਰ ਦੰਡ ਦੇਣ ਦਾ ਦਹਿਲ। ਰਿਸ਼ੀਆਂ ਮੁਨੀਆਂ ਦੀ ਕਰੋਪੀ ਕਾਰਨ ਸਰਾਪ ਦਾ ਖੌਫ। ਨਰਕਾਂ ਦੇ ਭਿਆਨਕ ਤਸੀਹੇ, ਸਵਰਗਾਂ ਦੇ ਮਨਮੋਹਣੇ ਦ੍ਰਿਸ਼। ਧਰਮਰਾਜ ਜਾਂ ਜਮਰਾਜ ਦਾ ਸਖਤ ਡੰਡ। ਮੋਢਿਆਂ ਤੇ ਬੈਠੇ ਚਿੱਤਰ ਗੁਪਤ। ਜੇ ਦਾਨ ਨਾ ਕੀਤਾ ਤਾਂ ਪਾਪਾਂ ਦੇ ਭਾਗੀਦਾਰ। ਤੀਰਥਾਂ ਤੇ ਇਸ਼ਨਾਨ ਨਾ ਕੀਤੇ ਤਾਂ ਪਾਪ ਚਿੰਬੜਨ ਦਾ ਭੈ। ਤਪੱਸਿਆ ਕਰਨੀ, ਵਰਤ ਰੱਖਣੇ, ਘਰ ਪ੍ਰਵਾਰ ਪਤਨੀ ਤਿਆਗ ਦੇਣੇ। ਮਰ ਗਏ ਪਿਤਰਾਂ ਨਿਮੱਤ ਦਾਨ। ਜਮਦੂਤਾਂ ਦੇ ਕੰਬਾ ਦੇਣ ਵਾਲੇ ਤਸੀਹੇ। ਬ੍ਰਾਹਮਣ ਵੱਲੋਂ ਦਿੱਤਾ ਗਿਆ ਜਾਤੀ ਉਚਤਾ ਦਾ ਭੈ। ਸਰਕਾਰ ਵੱਲੋਂ ਦਿੱਤੇ ਗਏ ਡੰਡ ਤਸੀਹੇ ਤੇ ਜੇਹਲਾਂ। ਇਹ ਭੀ ਕੇਵਲ ਨੀਵੇਂ ਵਰਗ ਦੇ ਲੋਕਾਂ ਲਈ ਹਨ। ਜੇ ਕੋਈ ਉਪਰ ਵਰਣਿਤ ਤਰੀਕਿਆਂ ਨਾਲ ਕਾਬੂ ਨਾ ਆਵੇ ਤਾਂ ਭਾਰਤੀ ਫੌਜ, ਟੈਂਕ ਤੋਪਾਂ ਲੈ ਕੇ ਬ੍ਰਾਹਮਣ ਦੀ ਸੇਵਾ ਵਿਚ ਹਾਜਰ ਹੈ। ਇੱਕ ਬ੍ਰਾਹਮਣ ਨੂੰ ਬਚਾਉਣ ਲਈ ਸਾਰਾ ਦੇਸ਼ ਤਬਾਹ ਕਰਨਾ ਪਵੇ, ਉਜਾੜਨਾ ਪਏ, ਇਹ ਭੀ ਜਾਇਜ ਹੈ। ਪਹਿਲੀ ਗੱਲ ਤਾਂ ਇਥੇ ਲੋਕਾਂ ਨੂੰ ਪੜ੍ਹਾਈ ਲਿਖਾਈ ਦੇ ਨੇੜੇ ਨਹੀਂ ਫਟਕਣ ਦਿੱਤਾ ਜਾਂਦਾ। ਜਿੰਨਾ ਕੁ ਵਿਅਕਤੀ ਪੜ੍ਹਦੇ ਹਨ ਉਹ ‘‘ਬ੍ਰਾਹਮਣ ਵਿਦਵਾਨਾਂ`` ਵੱਲੋਂ ਤਿਆਰ ਕੀਤਾ ਗਿਆ ਸਲੇਬਸ ਹੀ ਪੜ੍ਹਦੇ ਹਨ। ਪਹਿਲੀ ਕਲਾਸ ਤੋਂ ਲੈ ਕੇ ਐਮ. ਏ. ਤੱਕ, ਪੀ. ਐਚ. ਡੀ. ਕਰਦਿਆਂ ਤੱਕ, ਉਹ ਲੋਕ ਪੂਰੀ ਤਰ੍ਹਾਂ ‘‘ਬਿਪਰੀ ਤੋਤੇ`` ਬਣ ਚੁੱਕੇ ਹੁੰਦੇ ਹਨ। ਫਿਰ ਇਹ ‘‘ਵਿਦਵਾਨ, ਅਤੇ ਰਾਜਨੀਤਕ ਲੋਕ`` ਭਾਰਤ ਦੀ ਏਕਤਾ ਔਰ ਅਖੰਡਤਾ, ਭਾਰਤੀ ਮੁਖਧਾਰਾ ‘‘ਦੀਆ ਟਾਹਰਾਂ ਬੜੀ ਗਰਮਜੋਸ਼ੀ ਨਾਲ, ਸਟੇਜਾਂ ਤੇ ਜਾਂ ਲਿਖਤਾਂ ਵਿਚ ਲਾਉਂਦੇ ਵੇਖੇ ਜਾ ਸਕਦੇ ਹਨ। ‘‘ਸਾਰੇ ਗੁਰੂ ਪੀਰ ਅਵਤਾਰ ਇੱਕੋ ਜਿਹੇ ਹੁੰਦੇ ਹਨ, ਇਹ ਧਰਤੀ ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਪਵਿੱਤਰ ਧਰਤੀ ਹੈ,`` ਦਾ ਰਾਗ ਜੋਰ ਸ਼ੋਰ ਨਾਲ ਅਲਾਪਿਆ ਜਾਂਦਾ ਹੈ। ਇਹੀ ‘‘ਸਹਿਨਸ਼ੀਲਤਾ`` ਵਾਲੀ ਪੜਾਈ, ਅੱਗੇ ਆਪਣੇ ਵਿਦਿਆਰਥੀਆਂ ਨੂੰ ਬੜੇ ਉਤਸ਼ਾਹ ਨਾਲ ਕਰਵਾਉਂਦੇ ਹਨ। ਇਸਲਾਮਕ ਦੇਸਾਂ ਅਤੇ ਭਾਰਤੀ ਲੋਕਾਂ ਵਿਚ ਇਹਨਾਂ ‘‘ਧਾਰਮਕ ਮੂਰਖਾਂ`` ਕਾਰਨ ਵਿਕਾਸ ਦੀ ਗਤੀ ਕੀੜੀ ਦੀ ਤੋਰ ਤੁਰ ਰਹੀ ਹੈ। ਯੋਰਪੀਨ ਲੋਕ ‘‘ਧਾਰਮਕ ਮੂਰਖਾਂ`` ਦੇ ਜਕੜ ਵਿਚੋਂ ਆਜ਼ਾਦ ਹੋ ਚੁੱਕੇ ਹਨ। ਜਿਸ ਕਾਰਨ ਉਹਨਾਂ ਦੀ ਮਾਨਸਿਕ ਵਿਕਾਸ ਕਰਨ ਦੀ ਦਰ ਬਹੁਤ ਤੇਜ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਜਪੁਜੀ ਵਿਚ ਪੌਰਾਣਕ ਕਹਾਣੀ ਵੱਲ ਸੰਕੇਤ ਕਰਦਿਆਂ ਪੰਕਤੀਆਂ ਲਿਖੀਆਂ ਹਨ। ਜੋ ਇਉਂ ਹਨ -

ਏਕਾ ਮਾਈ, ਜੁਗਤਿ ਵਿਆਈ, ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ, ਇਕੁ ਭੰਡਾਰੀ, ਇਕੁ ਲਾਏ ਦੀਬਾਣੁ।। ਜਿਵ ਤਿਸੁ ਭਾਵੈ, ਤਿਵੈ ਚਲਾਵੈ, ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ, ਬਹੁਤਾ ਏਹੁ ਵਿਡਾਣੁ।। ਆਦੇਸ ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ।। (ਪੰਨਾ - 7 ਜਪੁ)

ਇੱਕ ਖਾਸ ਜੁਗਤ ਨਾਲ ਮਹਾਂਮਾਈ ਸੂ ਪਈ, ਬੱਚਿਆਂ ਨੂੰ ਜਨਮ ਦਿੱਤਾ, ਉਹ ਬੱਚੇ ਸਨ, ਸ੍ਰਿਸਟੀ ਪੈਦਾ ਕਰਨ ਵਾਲਾ ਬ੍ਰਹਮਾ। ਪਾਲਣਾ ਕਰਨ ਲਾ ਦਿੱਤਾ ਵਿਸ਼ਨੂੰ, ਤੇ ਮੌਤ ਦਾ ਕੰਮ ਸੰਭਾਲ ਦਿੱਤਾ ਸ਼ਿਵ ਨੂੰ। ਇਹ ਸਨ ਤਿੰਨ ਬੱਚੇ ਜੋ ਮਾਈ ਨੇ ਪੈਦਾ ਕੀਤੇ। ਪਰਮਾਤਮਾ ਇਹਨਾਂ ਨੂੰ ਵੇਖ ਰਿਹਾ ਹੈ, ਭਾਵ ਉਸਦੀ ਸ਼ਕਤੀ ਇਹਨਾਂ ਤੋਂ ਉਪਰ ਹੈ। ਉਸੇ ਵੱਡੇ ਸ਼ਕਤੀਵਾਨ ਨੂੰ ਮੇਰੀ ਨਮਸਕਾਰ ਹੈ। ਜਿਹੜਾ ਆਦਿ ਤੋਂ ਹੈ, ਵਿਕਾਰਾਂ ਤੋਂ ਰਹਿਤ ਹੈ, ਜੁਗਾਂ ਜੁਗਾਤਰਾਂ ਤੋਂ ਇੱਕ ਰਸ ਮੌਜੂਦ ਹੈ। ਇੱਕ ਮਾਈ ਦੇ ਬੱਚੇ ਪੈਦਾ ਹੋਣ ਦੀ ਬੜੀ ਅਜੀਬ ਕਹਾਣੀ ਹੈ, ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਵਿਚਾਰ ਲਈਏ। ਇੱਕ ਮਾਈ ਜਾਂ ਮਹਾਂ ਮਾਈ ਦੇ ਮਨ ਅੰਦਰ ਬੱਚਾ ਪੈਦਾ ਕਰਨ ਦੀ ਇੱਛਾ ਜਾਗ ਪਈ। ਇਸੇ ਇੱਛਾ ਕਾਰਨ ਉਸਦੀ ਹਥੇਲੀ ਵਿਚ ਖਾਜ ਹੋਈ। ਇੱਕ ਛਾਲਾ ਬਣ ਗਿਆ, ਛਾਲਾ ਭੰਨ ਦਿੱਤਾ। ਇਸ ਛਾਲੇ ਵਿਚੋਂ ਬ੍ਰਹਮਾ ਪੈਦਾ ਹੋ ਗਿਆ। ਮਾਈ ਨੇ ਆਪਣੀ ਅਲੌਕਿਕ ਸ਼ਕਤੀ ਵਰਤ ਕੇ, ਉਸ ਬਾਲਕ ਨੂੰ ਜਵਾਨ ਕਰ ਲਿਆ। ਇਸੇ ਜਵਾਨ ਬ੍ਰਹਮਾ ਨਾਲ ਵਿਆਹ ਦਾ ਪਰਸਤਾਵ ਰੱਖਿਆ। ਬ੍ਰਹਮਾ ਆਖਣ ਲੱਗਾ, ‘‘ਤੂੰ ਮੇਰੀ ਮਾਂ ਹੈ, ਪੁੱਤਰ ਮਾਂ ਨਾਲ ਵਿਆਹ ਕਿਵੇਂ ਕਰ ਸਕਦਾ ਹੈ?`` ਮਾਈ ਨੇ ਤੁਰੰਤ ਗੁੱਸੇ ਵਿੱਚ ਆ ਕੇ ਸਰਾਪ ਦੇ ਦਿੱਤਾ ‘‘ਤੂੰ ਇਸੇ ਵਕਤ ਪੱਥਰ ਹੋ ਜਾ``। ਉਹ ਪੱਥਰ ਬਣ ਗਿਆ। ਦੂਜੀ ਵਾਰੀ ਹਥੇਲੀ ਵਿਚ ਖੁਰਕ ਹੋਈ, ਛਾਲਾ ਬਣਿਆ, ਭੰਨਿਆ ਤੇ ਵਿਸ਼ਨੂੰ ਜਨਮ ਪਿਆ। ਆਪਣੀ ਕਰਾਮਾਤੀ ਤਾਕਤ ਨਾਲ ਇਸਨੂੰ ਜੁਆਨ ਕੀਤਾ ਤੇ ਵਿਆਹ ਦੀ ਇੱਛਾ ਦੱਸੀ। ਵਿਸ਼ਨੂੰ ਨੇ ਨਾਂਹ ਕਰ ਦਿੱਤੀ, ਆਖੇ ‘‘ਤੂੰ ਮੇਰੀ ਮਾਂ ਹੈਂ``। ਇਸ ਨੂੰ ਭੀ ਸਰਾਪ ਦੇ ਕੇ ਪੱਥਰ ਬਣਾ ਦਿੱਤਾ। ਇਸੇ ਵਿਧੀ ਨਾਲ ਹਥੇਲੀ ਵਿਚੋਂ ਸ਼ਿਵ ਪੈਦਾ ਕੀਤਾ। ਜੁਆਨ ਕਰਕੇ ਆਖਣ ਲਗੀ, ‘‘ਮੇਰੇ ਨਾਲ ਵਿਆਹ ਕਰਵਾ ਤਾਂ ਕਿ ਸ੍ਰਿਸ਼ਟੀ ਪੈਦਾ ਕੀਤੀ ਜਾ ਸਕੇ। ਯਾਦ ਰੱਖੀਂ, ਮੇਰੀ ਗੱਲ ਤੋਂ ਇਨਕਾਰ ਨਾ ਕਰੀਂ। ਵਰਨਾ ਪੱਥਰ ਬਣਾ ਦਿਆਂਗੀ। ਤੈਥੋਂ ਪਹਿਲਾਂ ਤੇਰੇ ਦੋ ਭਰਾ ਨਾਂਹ ਕਰਨ ਤੇ ਪੱਥਰ ਬਣਾ ਦਿੱਤੇ ਸਨ। ਸ਼ਿਵ ਸੋਚ ਕੇ ਆਖਣ ਲਗਿਆ ‘‘ਪਹਿਲਾਂ ਇਹਨਾਂ ਦੋਵਾਂ ਨੂੰ ਮੁੜ ਮਨੁੱਖੀ ਸਰੀਰ ਵਿਚ ਵਾਪਸ ਲਿਆ। ‘‘ਤਥਾ ਅਸਤੂ`` ਆਖਣ ਦੀ ਦੇਰ ਸੀ ਕਿ ਦੋਵੇਂ ਵਾਪਸ ਪਹਿਲੀ ਹਾਲਤ ਵਿਚ ਆ ਗਏ। ਸ਼ਿਵ ਨੇ ਅਗਲੀ ਮੰਗ ਰੱਖੀ ਕਿ ਇਹਨਾਂ ਲਈ ਇੱਕ ਇੱਕ ਪਤਨੀ ਪੈਦਾ ਕਰਕੇ ਦਿਓ। ਮਾਈ ਨੇ ਆਪਣੀ ਹਥੇਲੀ ਵਿਚੋਂ ਦੋ ਲੜਕੀਆਂ ਪੈਦਾ ਕੀਤੀਆਂ। ਜਵਾਨ ਕਰਕੇ ਬ੍ਰਹਮਾ ਤੇ ਸ਼ਿਵ ਦੇ ਹਵਾਲੇ ਕਰ ਦਿੱਤੀਆਂ। ਅਗਲੀ ਮੰਗ ਸ਼ਿਵ ਨੇ ਰੱਖ ਦਿਤੀ, ਕਿ ਇਸ ਸਰੀਰਕ ਜਾਮੇ ਵਿਚ, ਤੂੰ ਮੇਰੀ ਮਾਂ ਹੈ। ਮਾਂ ਨਾਲ ਵਿਆਹ ਕਰਾਉਣਾ ਵਾਜਬ ਨਹੀਂ। ਤੂੰ ਆਪਣਾ ਰੂਪ ਵਟਾ, ਨਵਾਂ ਜਨਮ ਧਾਰਨ ਕਰ``। ਦੇਵੀ ਨੇ ਇਵੇਂ ਹੀ ਕੀਤਾ, ਪਹਿਲਾ ਸਰੀਰ ਤਿਆਗ ਕੇ ਨਵਾਂ ਸਰੀਰ ਧਾਰਨ ਕਰ ਲਿਆ। ਇਸ ਦਾ ਨਾਮ ਹੋਇਆ ਪਾਰਵਤੀ। ਸ਼ਿਵ ਤੇ ਪਾਰਵਤੀ ਨੇ ਸ੍ਰਿਸ਼ਟੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ........। ਇਸ ਤੋਂ ਅੱਗੇ ਦੀ ਕਹਾਣੀ ਅਤਿਅੰਤ ਸ਼ਰਮਨਾਕ ਹੈ, ਜਿਸਨੂੰ ਨਾ ਲਿਖਿਆ ਤੇ ਨਾ ਬੋਲਿਆ ਜਾ ਸਕਦਾ ਹੈ। ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ ਉਹ ‘‘ਦੇਵ ਪੁਰਸ਼`` ਜੋ ਇਹਨਾਂ ਸੈਕਸੀ ਕਹਾਣੀਆਂ ਨੂੰ ਧਰਮ ਉਪਦੇਸ਼ ਗਰਦਾਨਦੇ ਰਹੇ?

ਇੱਕ ਹੋਰ ਕਥਾ ਮੁਤਾਬਕ ‘‘ਧਰਤੀ ਤੇ ਦੇਵਤਿਆਂ`` (ਬ੍ਰਾਹਮਣਾਂ) ਨੇ ਆਪਣੀ ਸਭਾ ਵਿਚ ਗੰਭੀਰ ਵਿਚਾਰ ਚਰਚਾ ਕੀਤੀ। ਸਾਰੇ ਭਗਵਾਨਾਂ ਵਿਚੋਂ ਵੱਡਾ ਭਗਵਾਨ ਕੌਣ ਹੈ, ਆਪੋ ਆਪਣੀ ਰਾਏ ਪ੍ਰਗਟ ਕੀਤੀ ਗਈ। ਜਦੋਂ ਗੱਲ ਕਿਸੇ ਨਤੀਜੇ ਤੇ ਪੁੱਜਦੀ ਨਾ ਦਿੱਸੀ ਤਾਂ ਭ੍ਰਿਗੂ ਰਿਸ਼ੀ (ਬ੍ਰਾਹਮਣ) ਨੇ ਇਹ ਜਿੰਮੇਵਾਰੀ ਚੁੱਕਦਿਆਂ ਐਲਾਨ ਕੀਤਾ ਕਿ ਨਿਰਸੰਦੇਹ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਬਹੁਤ ਵੱਡੇ ਹਨ। ਇਹਨਾਂ ਤਿੰਨਾਂ ਵਿਚੋਂ ਕੌਣ ਸਰਬੋਤਮ ਹੈ ਇਹ ਮੈਂ ਖੋਜ ਕਰਕੇ ਦੱਸਾਂਗਾ। ਪਹਿਲਾਂ ਭ੍ਰਿਗੂ ਗਿਆ ਸ਼ਿਵ ਦੇ ਮਹਿਲ ਵਿਚ। ਉਹ ਪਾਰਬਤੀ ਨਾਲ ਕਾਮ ਕ੍ਰੀੜਾ ਕਰਦਾ ਮਿਲਿਆ। ਭ੍ਰਿਗੂ ਨੇ ਕ੍ਰੋਧਿਤ ਹੋ ਕੇ ਸਰਾਪ ਦੇ ਦਿਤਾ ਕਿ ‘‘ਤੂੰ ਲਿੰਗ ਰੂਪ ਹੋ ਜਾ, ਪਾਰਵਤੀ ਯੋਨੀ ਰੂਪ ਹੋ ਜਾਵੇ। ਤੁਹਾਡੀ ਪੂਜਾ ਲਿੰਗ ਤੇ ਯੋਨੀ ਰੂਪ ਵਿਚ ਹੋਵੇਗੀ।`` ਉਸ ਦਿਨ ਤੋਂ ਬਾਦ ਸ਼ਿਵ ਪਾਰਬਤੀ ਦੀ ਪੂਜਾ ਹੋਰ ਢੰਗਾਂ ਵਿਚਲੀ ਬੰਦ ਕਰ ਦਿੱਤੀ ਗਈ। ਲਿੰਗ ਅਤੇ ਯੋਨੀ ਰੂਪ ਵਿਚ ਇਹਨਾਂ ਦੀ ਪੂਜਾ ਚਲ ਪਈ।

ਅੱਗੇ ਭ੍ਰਿਗੂ ਜੀ ਗਏ ਬ੍ਰਹਮਾ ਕੋਲ। ਉਹ ਗੁਣੀ ਗਿਆਨੀਆਂ ਵਿਦਵਾਨਾਂ ਸੰਗੀਤ ਕਾਰਾਂ ਨਾਲ ਵਿਚਾਰ ਚਰਚਾ ਵਿਚ ਰੁੱਝਿਆ ਹੋਇਆ ਸੀ। ਘਰ ਆਏ ਮਹਾਨ ਰਿਸ਼ੀ ਭ੍ਰਿਗੂ ਦੀ ਆਉ ਭਗਤ ਨਾ ਕਰ ਸਕਿਆ। ਭ੍ਰਿਗੁ ਨੇ ਉਸੇ ਵਕਤ ਸਰਾਪ ਬਖਸ਼ ਦਿੱਤਾ - ‘‘ਜਾ ਪਾਪੀਆ, ਤੇਰੀ ਸੰਸਾਰ ਵਿਚ ਕਿਤੇ ਪੂਜਾ ਮਾਨਤਾ ਨਹੀ ਹੋਵੇਗੀ। ਤੈਨੂੰ ਆਪਣੀ ਵਿਦਿਆ ਦਾ ਹੰਕਾਰ ਹੋ ਗਿਆ, ਸਭਾ ਵਿਚ ਆਏ ਰਿਸ਼ੀ ਦਾ ਸਤਕਾਰ ਨਾ ਕੀਤਾ। ਉਸ ਦਿਨ ਤੋਂ ਬ੍ਰਹਮਾ ਦੀ ਪੂਜਾ ਬੰਦ ਹੋ ਗਈ। ਹੁਣ ਸਾਰੇ ਭਾਰਤ ਵਿੱਚ ਕੇਵਲ ‘‘ਪੁਸ਼ਕਰ`` (ਰਾਜਸਥਾਨ) ਦੇ ਮੰਦਰ ਵਿਚ ਬ੍ਰਹਮਾ ਦੀ ਮੂਰਤੀ ਹੈ ਹੋਰ ਕਿਤੇ ਨਹੀਂ ਹੈ। ਉਸਤੋਂ ਮਗਰੋਂ ਭ੍ਰਿਗੂ ਜੀ ਜਾ ਪਹੁੰਚੇ ਵਿਸ਼ਨੂੰ ਦੇ ਅਖਾੜੇ ਵਿਚ। ਕੀ ਵੇਖਦੇ ਹਨ ਕਿ ਨਾਚ ਗਾਣੇ ਚੱਲ ਰਹੇ ਹਨ। ‘‘ਪਰੀਆਂ ਨੇ ਵਿਸ਼ਨੂੰ ਦੁਆਲੇ ਝੁਰਮਟ ਪਾਇਆ ਹੋਇਆ ਹੈ, ਉਹ ਢਾਸਣਾ ਲਾਈਂ ਬੈਠਾ ਹੈ। ਦੇਵਤੇ ਭੀ ਆਪਣੀ ਪਦਵੀ ਮੁਤਾਬਕ ਸਜੇ ਹੋਏ ਹਨ। ਸੋਮ ਰਸ ਦੇ ਦੌਰ ਚੱਲ ਰਹੇ ਹਨ। ਜਦੋਂ ਭ੍ਰਿਗੂ ਵੱਲ ਵਿਸ਼ਨੂੰ ਦਾ ਧਿਆਨ ਨਾ ਰਿਹਾ ਤਾਂ ਇਥੇ ਤਾਂ ਹੱਦ ਹੋ ਗਈ। ਭ੍ਰਿਗੂ ਨੇ ਵਿਸ਼ਨੂੰ ਦੇ ਛਾਤੀ ਵਿਚ ਜੋਰ ਨਾਲ ਲੱਤ ਕੱਢ ਲਈ। ਵਿਚਾਰਾ ਪਲੰਗ ਤੋਂ ਹੇਠਾਂ ਡਿੱਗ ਪਿਆ। ਨਿਮਰਤਾ ਵੇਖੋ ਵਿਸ਼ਨੂੰ ਭਗਵਾਨ ਦੀ, ਕਿ ਭ੍ਰਿਗੂ ਦੇ ਪੈਰ ਘੁੱਟਣ ਲੱਗ ਪਿਆ, ਮੁਆਫੀਆਂ ਮੰਗਣ ਲੱਗ ਪਿਆ। ਪਹਿਲਾਂ ਤਾਂ ਰੰਗ ਰਲੀਆਂ ਮਨਾਉਂਦਾ ਵੇਖਕੇ ਭ੍ਰਿਗੂ ਨੇ ਵਿਸ਼ਨੂੰ ਨੂੰ ਸਰਾਪ ਦੇ ਦਿੱਤਾ - ‘‘ਜਾਉ ਧਰਤੀ ਤੇ ਦਸ਼ਰਥ ਦਾ ਪੁੱਤਰ ਬਣਕੇ ਜਨਮ ਲਓ। ਜਿਨ੍ਹਾਂ ਇਸਤਰੀਆਂ ਦੇ ਸੁੱਖ ਭੋਗਦਿਆਂ ਘਰ ਆਏ ਮਹਾਨ ਰਿਸ਼ੀ (ਅਸਲ ਵਿਚ ਬ੍ਰਾਹਮਣ) ਦਾ ਉਚਿਤ ਸਤਿਕਾਰ ਨਹੀਂ ਕੀਤਾ ਇਸ ਦੀ ਸਜ਼ਾ ਇਹ ਮਿਲੇਗੀ ਕਿ ਰਾਮ ਅਵਤਾਰ ਹੋ ਕੇ ਪਤਨੀ ਵਿਯੋਗ ਵਿਚ ਵਿਲਕਦੇ ਫਿਰੋਗੇ। ਮੇਰੇ ਵੱਲੋਂ ਛਾਤੀ ਵਿਚ ਮਾਰੀ ਗਈ ਲੱਤ ਦਾ (ਪੈਰ ਛਾਪਾ) ਨਿਸ਼ਾਨ ਅਗਲੇ ਜਨਮ ਵਿਚ ਭੀ ਨਾਲ ਹੀ ਪੈਂਦਾ ਹੋਵੇਗਾ। ਵਿਸ਼ਨੂੰ ਜੀ ਥਰ ਥਰ ਕੰਬਣ ਲੱਗੇ ਭ੍ਰਿਗੂ ਦੇ ਚਰਨਾਂ ਵਿੱਚ ਢਹਿ ਕੇ ਗਿੜ ਗਿੜਾਉਂਦਿਆਂ ਮਾਫੀ ਮੰਗੀ। ਬਿਪਰ ਭ੍ਰਿਗੂ ਜੀ ਨਰਮ ਪੈ ਗਏ, ਵਿਸ਼ਨੂੰ ਦਾ ਸ਼ਰਾਪ ਕੁੱਝ ਨਰਮ ਕਰ ਦਿੱਤਾ। ਆਖਣ ਲੱਗੇ, ਤੇਰੀ ਨਿਮਰਤਾ ਨੂੰ ਦੇਖ ਕੇ ਮੈਨੂੰ ਤਰਸ ਆ ਗਿਆ ਹੈ। ਹੋਰ ਗੱਲਾਂ ਤਾਂ ਸਾਰੀਆਂ ਹੋਣੋ ਨਹੀਂ ਟਲ ਸਕਦੀਆਂ। ਜਾ ਤੇਰੀ ਪੂਜਾ ਮਾਣ ਤਾਂ ਬਹੁਤ ਹੋਵੇਗਾ, ਤੇਰੀਆਂ ਮੂਰਤੀਆਂ ਸਭ ਤੋਂ ਵੱਧ ਬਣਾ ਕੇ ਮੰਦਰਾਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ, ਤੇਰੇ ਅਵਤਾਰ ਵੀ ਬੜੇ ਮਹੱਤਵਪੂਰਨ ਹੋਣਗੇ``....।

ਬ੍ਰਾਹਮਣ ਦੀਆਂ ਕਲਾਵਾਦੀਆਂ ਅੱਗੇ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵ ਨਹੀਂ ਟਿਕ ਸਕੇ, ਹੋਰ ਕਿਸੇ ਦੀ ਕੀ ਮਜ਼ਾਲ ਹੈ ਅੜ ਜਾਵੇ। ਦੇਵੀਆਂ ਤਾਂ ਵਿਪਰੀ ਤਾਕਤ ਅੱਗੇ ਬਹੁਤ ਮਾਮੂਲੀ ਚੀਜ਼ ਹਨ, ਜਿਵੇਂ ਦਿਲ ਕਰੇ ਸੁੰਦਰਤਾ ਬਖਸ਼ ਦੇਵੇ, ਜਦੋਂ ਦਿਲ ਚਾਹੇ ਮਿੱਟੀ ਵਿਚ ਮਿਲਾ ਦੇਵੇ, ਬੋਲ ਵਿਪਰੀ ਕਲਾ ਬਾਜੀਆਂ ਕੀ ਜੈ।

ਇਸ ਦੇਵੀ ਦੀਆਂ ਦੱਸ ਬਾਹਵਾਂ ਹਨ, ਬਹੁਤ ਹੱਥਾਂ ਵਿੱਚ ਸ਼ਸਤਰ ਫੜੇ ਹੁੰਦੇ ਹਨ। ਦੁਰਗਾ ਦੇ ਰੂਪ ਵਿੱਚ ਇਹ ਅਤਿ ਸੁੰਦਰ ਤੇ ਪੀਲੇ ਰੰਗ ਵਾਲੀ ਹੈ। ਜਦੋਂ ਸ਼ੇਰ ਤੇ ਸਵਾਰ ਹੋ ਜਾਂਦੀ ਹੈ ਤਾਂ ਬੜੀ ਡਰਾਉਣੀ ਬਣ ਜਾਂਦੀ ਹੈ। ਕਾਲੀ ਦੇ ਰੂਪ ਵਿੱਚ ਭਿਆਨਕਤਾ ਦੀ ਸਿਖਰ ਤੇ ਨਜ਼ਰ ਆਉਂਦੀ ਹੈ। ਪਾਠਕ ਜਨੋ ਸੋਚੋ ! ਇੱਕ ਔਰਤ ਦੱਸ ਬਾਹਵਾਂ ਸ਼ੇਰ ਤੇ ਸਵਾਰ? ਵਾਹ ਕਿਆ ਬਾਤ ਹੈ। ਘਰ ਵਿੱਚ ਚੂਹੇ ਪਰੇਸ਼ਾਨ ਕਰਨ ਜਨਾਨੀਆਂ ਤਾਂ ਭੀ ਮਾਰਨ ਦੀ ਹਿੰਮਤ ਨਹੀਂ ਕਰਦੀਆਂ। ਕੁੱਤਾ ਬਿੱਲਾ ਨੁਕਸਾਨ ਕਰੇ ਤਾਂ ਵੀ ਬੰਦਿਆਂ ਨੂੰ ਦੱਸਦੀਆਂ ਹਨ। ਇੱਧਰ ਤਾਂ ਬੀਬੀ ਦੁਰਗਾ ਸਿੱਧੀ ਸ਼ੇਰ ਤੇ ਸਵਾਰ ਹੋ ਬੈਠੀ। ਖੋਤਾ, ਘੋੜਾ, ਊਂਠ, ਹਾਥੀ ਤਾਂ ਸਵਾਰੀ ਲਈ ਵਰਤੀਦਾ ਆ ਰਿਹਾ ਹੈ। ਸ਼ੇਰ ਦੀ ਸਵਾਰੀ ਦਾ ਤਾਂ ਦੁਨੀਆ ਵਿੱਚ ਇਹੀ ਇੱਕ ਨਿਰਾਲਾ ਕੇਸ ਹੈ। ਆਮ ਬੰਦੇ ਦੇ ਸ਼ੇਰ ਨੂੰ ਦੇਖਦਿਆਂ ਹੀ ਪ੍ਰਾਣ ਖੁਸ਼ਕ ਹੋ ਜਾਂਦੇ ਹਨ, ਸ਼ੇਰ ਦੀ ਸਵਾਰੀ? ਤੋਬਾ ਤੋਬਾ ! ਸ਼ੇਰ ਤੇ ਭੀ ਸਾੜੀ ਲਾ ਕੇ ਸ਼ਿੰਗਾਰ ਕਰਕੇ, ਸੁਰਖੀ ਬਿੰਦੀ, ਚੂੜਾ ਆਦਿ ਪਹਿਨਕੇ, ਸਕੂਟਰ ਮੋਟਰ ਸਾਈਕਲ ਤੇ ਬੈਠਣ ਦੇ ਸਟਾਇਲ ਦੇ ਮੁਤਾਬਕ ਦੋਵੇਂ ਲੱਤਾਂ ਇੱਕ ਕਰਕੇ ਬੈਠਦੀ ਹੈ। ਹੈ ਕੋਈ ਵਿਅਕਤੀ ਇਸ ਤਰ੍ਹਾਂ ਬੈਠ ਸਕਣ ਵਾਲਾ, ਉਹ ਭੀ ਸ਼ੇਰ ਦੀ ਪਿੱਠ ਤੇ? ਕਾਲੀ ਦੇ ਰੂਪ ਵਿੱਚ ਤਾਂ ਹੋਰ ਭੀ ਭਿਆਨਕ ਤੇ ਡਰਾਉਣੀ ਹੈ। ਜਿਹੋ ਜਿਹੀ ਦਿਲ ਚਾਹੇ ਬਣਾ ਕੇ ਪੇਸ਼ ਕਰਦਾ ਚਲਾ ਜਾਵੇ ਬਿਪਰ ਜੀ ਦੀ ਮਰਜੀ ਹੈ। ਕਾਲੀ ਦੇ ਗਲ ਵਿੱਚ ਤਾਂ ਮਨੁੱਖੀ ਖੋਪਰੀਆਂ ਦੇ ਹਾਰ ਪਾਏ ਦਿਖਾਏ ਗਏ ਹਨ। ਖੱਪਰ ਹੱਥ ਵਿੱਚ ਫੜਿਆ ਹੈ। ਦੁਸ਼ਮਣਾਂ ਦਾ ਖੂਨ ਡੀਕਾਂ ਲਾ ਕੇ ਨਾਲੋ ਨਾਲ ਪੀ ਜਾਂਦੀ ਹੈ। ਗੁਰੂ ਪਿਆਰ ਵਾਲਿਓ ! ਮਿਸਲਾਂ ਦੇ ਭਿਆਨਕ ਦੌਰ ਵਿੱਚ ਸਿੰਘਾਂ ਸਿੰਘਣੀਆਂ ਨੂੰ, ਅਨੰਤ ਤਸੀਹੇ ਦਿੱਤੇ ਗਏ। ਬੀਬੀਆਂ ਦੇ ਗਲਾਂ ਵਿੱਚ ਬੱਚਿਆਂ ਦੇ ਟੁਕੜੇ ਕਰਕੇ, ਹਾਰ ਬਣਾ ਕੇ ਪਾਏ ਗਏ। ਉਹ ਧਰਮ ਤੋਂ ਨਾ ਡੋਲੀਆਂ। ਆਹ ਕਾਲੀ ਬੀਬੀ ਨੇ ਸਿਰਾਂ ਦੇ ਹਾਰ ਪਰੋ ਕੇ ਕਾਹਦੇ ਲਈ ਗਲ ਵਿੱਚ ਪਾਏ ਹਨ? ਸ਼ੌਕ ਪੂਰਾ ਕਰਨ ਲਈ? ਕਿਉਂਕਿ ਕਾਲੀ ਦੀਆਂ ਬੇਟੀਆਂ ਭਾਰਤੀ ਜਵਾਨ ਔਰਤਾਂ, ਅਰਬ ਦੀਆਂ ਮੰਡੀਆਂ ਵਿੱਚ ਨਿਲਾਮ ਹੁੰਦੀਆਂ ਰਹੀਆਂ, ਉਹਨੇ ਤਾਂ ਹੋ ਰਹੇ ਜੁਲਮ ਨੂੰ ਰੋਕਣ ਲਈ, ਕਿਤੋਂ ਆਵਾਜ ਉਚੀ ਨਾ ਹੋਈ। ਹਾਂ ਗੁਰੂ ਕੇ ਲਾਡਲੇ ਗੁਰਸਿੱਖਾਂ ਨੇ ਜਾਨਾਂ ਹੂਲ ਕੇ ਬਹੁਤ ਸਾਰੀਆਂ ਲੜਕੀਆਂ ਛੁਡਾ ਕੇ ਲਿਆਂਦੀਆਂ, ਘਰੋਂ ਘਰੀਂ ਵਾਪਸ ਭੇਜੀਆਂ।

ਮਹਾਂਦੇਵੀ ਜਾਂ ਮਹਾਮਾਇਆ ਦੇ ਰੂਪ ਵਿੱਚ ਇਹ ਸਿਖਰ ਦੀ ਛਲ ਕਰਨ ਵਾਲੀ ਹੈ। ਜਾਨੀ ਕਿ ਧੋਖੇਬਾਜ। ਬਹੁਤ ਕਿਰਪਾ ਕੀਤੀ ਹੈ ਵਿਪਰ ਲਿਖਾਰੀ ਨੇ, ਆਪਣੀ ਮਾਤਾ ਨੂੰ ਧੋਖੇਬਾਜ ਭੀ ਲਿਖਦਾ ਪ੍ਰਚਾਰਦਾ ਆ ਰਿਹਾ ਹੈ ਨਾਲ ਹੀ ਇਸਦੀ ਪੂਜਾ ਦਾ ਖੇਖਨ ਭੀ ਕਰ ਰਿਹਾ ਹੈ। ਇਹਨਾਂ ਲਿਖਾਰੀਆਂ ਨੇ ਤਾਂ ਸੱਭਿਅਤਾ ਦੀਆਂ ਸਾਰੀਆਂ ਹੱਦਾਂ ਤੋੜ ਕੇ ਇਸ ਬੀਬੀ ਦਾ ਨਾਮ ਰੱਖ ਦਿੱਤਾ ‘‘ਕੋਟਰੀ``। ਭਾਵ ਵਸਤਰਹੀਨ ਅਲਫ ਨੰਗੀ ਰਹਿਣ ਵਾਲੀ। ਜੋ ਲਿਖਾਰੀ ਜਾਂ ‘‘ਧਰਮ ਮੁਖੀ`` (?) ਆਪਣੀ ਹੀ ਮਾਂ ਨੂੰ ਨੰਗੀ ਕਰਕੇ ਰਤਾ ਮਾਸਾ ਸ਼ਰਮ ਨਹੀਂ ਕਰਦਾ। ਉਸਤੋਂ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਕਿਸੇ ਚੰਗੇ ਸਲੂਕ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ? ਇਸ ਦੇਵੀ ਦੇ ਕੇਵਲ ਕੱਪੜੇ ਨਹੀਂ ਉਤਾਰੇ ਗਏ। ਬੇਸ਼ਰਮੀ ਦੀਆਂ ਸਾਰੀਆਂ ਰੋਕਾਂ ਨੂੰ ਪਾਰ ਕਰਦਿਆਂ ਬਿਪਰ ਲਿਖਾਰੀ ਨੇ ਇਸ ਦੇਵੀ ਨੂੰ ਕਾਮ ਵਾਸਨਾ ਵਿੱਚ ਡੁੱਬੀ ਹੋਈ ‘‘ਕਾਮਾ ਕੱਸੀ`` ਭੀ ਬਣਾ ਧਰਿਆ ਹੈ। ਇਹ ਲੋਕ ਕਿਸ ਤਰਾਂ ਦੀ ਸੱਭਿਅਤਾ ਸਿਖਾਉਣਗੇ ਆਪਣੇ ਧਰਮ ਭਾਈਆਂ ਨੂੰ? ਭੂਤ ਨਾਇਕੀ ਜਾਨੀਕੇ ਭੂਤਾਂ ਪ੍ਰੇਤਾਂ ਦੀ ਆਗੂ ਭੀ ਇਹ ਦੇਵੀ ਮਾਈ ਹੈ। ਚੰਗਿਆਈਆਂ ਦਾ ਸੰਬੰਧ ਜੋੜਨਾਂ ਲੋਕਾਂ ਦੇ ਹਿੱਤ ਵਿੱਚ ਹੋ ਸਕਦਾ ਹੈ। ਪਰ ਬੁਰਾਈਆਂ ਦਾ ਮਾਈ ਦੇ ਜੀਵਨ ਨਾਲ ਸੰਬੰਧ ਜੋੜਨਾਂ ਕਿਸ ਹਨ੍ਹ੍ਹੇਰੀ ਖੱਡ ਵਿੱਚ ਸੁੱਟੇਗਾ? ਮਹਾਨ ਕੋਸ਼ ਵਿੱਚ ਇੱਕ ਹੋਰ ਇੰਦਰਾਜ 537 ਪੰਨੇ ਤੇ ਇਉਂ ਭੀ ਦਰਜ ਹੈ - ‘‘ਜੋਨਿ ਇਸਤਰੀ ਦਾ ਜਨਨ ਅੰਗ, (ਭਗ) ਯੋਨ ਸਿਲਾ - ਕਾਮਾਖਿਆ ਦੇਵੀ ਦਾ ਯੋਨ ਪਿੱਠ ਮੰਦਰ ਜੋ ਆਸਾਮ ਵਿੱਚ ਹੈ। ਇਥੇ ਯੋਨੀ ਦੀ ਸ਼ਕਲ ਦਾ ਇੱਕ ਸੁਰਾਖ ਹੈ, ਜਿਸ ਵਿੱਚ ਲੰਘ ਜਾਣ ਤੇ ਲੋਕੀ ਪੁਨਰ ਜਨਮ ਦਾ ਖਾਤਮਾ ਸਮਝਦੇ ਹਨ। ਮੰਦਰ ਦੇ ਪੁਜਾਰੀ ਕਈ ਵਾਰੀ ਅਜੀਬ ਜਿਹੀ ਲੁਕਵੀਂ ਜੁਗਤੀ ਵਰਤਦੇ ਹਨ। ਜਿਸ ਵਿਅਕਤੀ ਨੂੰ ਚਾਹੁਣ ਸੁਰਾਖ ਵਿੱਚ ਫਸਾ ਦਿੰਦੇ ਹਨ। ਮਨ ਮਰਜੀ ਦਾ ਧਨ ਲੈ ਕੇ ਲੰਘਾਉਂਦੇ ਹਨ। ਅਜਿਹੀਆਂ ਨੀਚ ਕਰਤੂਤਾਂ ਕਾਰਨ ਹੀ ਸਤਿਗੁਰੂ ਜੀ ਨੇ ਆਖਿਆ ਸੀ - ‘‘ਸੋ ਮਖੁ ਜਲਉ ਜਿਤ ਕਹਹਿ ਠਾਕੁਰੁ ਜੋਨੀ।।`` (1136)

ਇਨ੍ਹਾਂ ਦੇਵੀ ਦੇਵਤਿਆਂ ਨੂੰ ਗੁਰਬਾਣੀ ਦੇ ਮੁਕੰਮਲ ਤੌਰ ਤੇ ਰੱਦ ਕੀਤਾ ਹੈ। ਸਾਡੇ ਗੁਰਬਾਣੀ ਤੋਂ ਕੋਰੇ ਪ੍ਰਚਾਰਕ, ਅਤੇ ਬ੍ਰਾਹਮਣੀ ਰੰਗ ਵਿੱਚ ਰੰਗੇ ਸਾਧ ਇਨ੍ਹਾਂ ਦੇਵੀਆਂ ਦੇ ਹੇਜ ਵਿੱਚ ਗਰਕ ਹੋਏ ਆਮ ਸੰਗਤਾਂ ਵਿੱਚ, ਸਿੱਖ ਸਟੇਜਾਂ ਤੇ ਗੁਰੂ ਕੀ ਹਜੂਰੀ ਵਿੱਚ ਇਹੀ ਕਹਾਣੀਆਂ ਸੁਣਾਈ ਜਾ ਰਹੇ ਹਨ। ਦੇਵੀ ਮਾਈ ਨੇ ਆਹ ਕੀਤਾ ਦੇਵਤੇ ਨੇ ਓਹ ਕੀਤਾ। ਜਦੋਂ ਕੇ ਅਸ਼ਲੀਲਤਾ ਤੋਂ ਸਿਵਾਏ ਇਹਨਾਂ ਕੁੱਝ ਭੀ ਨਹੀਂ ਕੀਤਾ। ਸਾਰੇ ਪੁਰਾਣੇ ਸਾਖੀਕਾਰਾਂ ਨੇ ਦੇਵੀਆਂ ਨੂੰ ਝਾੜੂ ਲਾਉਂਦੀਆਂ, ਸੇਵਾ ਕਰਦੀਆਂ ਕਿਤੇ ਕਿਤੇ ਲਿਖਿਆ ਹੈ। ਪੂਰਨ ਤੌਰ ਤੇ ਰੱਦ ਕਰਨ ਦੀ ਹਿੰਮਤ ਨਹੀਂ ਕਰ ਸਕੇ, ਜਦੋਂ ਕਿ ਗੁਰਬਾਣੀ ਨੇ ਇਨ੍ਹਾਂ ਨੂੰ ਮੁਕੰਮਲ ਤੌਰ ਤੇ ਨਿਕਾਰ ਦਿੱਤਾ ਹੈ। ਸਾਖੀ ਮੁਤਾਬਕ ਭਾਈ ਭਗੀਰਥ ਮਲਸੀਹਾ ਪਿੰਡ ਦਾ ਰਹਿਣ ਵਾਲਾ ਜੋ ਸੁਲਤਾਨਪੁਰ ਲਾਗੇ ਹੈ, ਕਾਲੀ ਦੇਵੀ ਦਾ ਭਗਤ ਸੀ। ਇੱਕ ਰਾਤ ਸੁੱਤੇ ਪਿਆਂ ਉਸਨੂੰ ਕਾਲੀ ਮਾਈ ਨੇ ਆ ਕੇ ਸੁਪਨੇ ਰਾਹੀਂ ਕਿਹਾ ਕਿ, ‘‘ਭਗਤਾ ਮੇਰੇ ਕੋਲੋਂ ਮੁਰਾਦਾਂ ਨਾ ਮੰਗਿਆ ਕਰ। ਜਿੰਨਾਂ ਕੁੱਝ ਤੂੰ ਸੋਚਦਾ ਹੈ, ਇੰਨਾਂ ਭੰਡਾਰ ਮੇਰੇ ਕੋਲ ਨਹੀਂ ਹੈ। ਮੈਂ ਤਾਂ ਗੁਰੂ ਨਾਨਕ ਦੇ ਦਰਬਾਰ ਵਿੱਚ ਝਾੜੂ ਲਾਉਣ ਵਾਲੀ ਸੇਵਕਾ ਹਾਂ। ਜਿੰਨਾ ਕੁੱਝ ਸੇਵਾ ਬਦਲੇ ਉਥੋਂ ਮਿਲ ਜਾਂਦਾ ਹੈ ਮੈਂ ਲਿਆ ਕੇ ਆਪਣੇ ਸੇਵਕਾਂ ਨੂੰ ਵੰਡ ਦਿੰਦੀ ਹਾਂ। ਤੂੰ ਜੇ ਬਹੁਤੇ ਪਦਾਰਥਾਂ ਦੀ ਇੱਛਾ ਪ੍ਰਗਟ ਕੀਤੀ ਹੈ, ਤਾਂ ਸਿੱਧਾ ਗੁਰੂ ਨਾਨਕ ਦੇ ਚਰਨਾਂ ਵਿੱਚ ਹਾਜਰ ਹੋ ਜਾ। ਉਹਨਾਂ ਕੋਲ ਪ੍ਰਮੇਸ਼ਵਰ ਦੇ ਅਨੰਤ ਭੰਡਾਰ ਸੌਂਪੇ ਹੋਏ ਹਨ। ਉਸ ਦਿਨ ਤੋਂ ਬਾਅਦ ਭਾਈ ਭਗੀਰਥ ਦੇਵੀ ਨੂੰ ਤਿਆਗ ਕੇ ਗੁਰੂ ਨਾਨਕ ਦਾ ਸਿੱਖ ਬਣਿਆ।

ਇੱਕ ਹੋਰ ਕਹਾਣੀ ਮੁਤਾਬਕ ਭਾਈ ਲਹਿਣਾਂ ਜੀ ਲੰਮੇ ਸਮੇਂ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਇਆ ਕਰਦਾ ਸੀ। ਸੰਨ 1532 ਵਿੱਚ ਜਦੋਂ ਫਿਰ ਸਾਥੀਆਂ ਸਮੇਤ ਵੈਸ਼ਨੋ ਦੇਵੀ ਦੇ ਚਾਲੇ ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਕਰਤਾਰਪੁਰ ਠਹਿਰਿਆ ਰਾਤੀ ਸੁੱਤਿਆਂ ਸੁਪਨੇ ਵਿੱਚ ਵੈਸ਼ਨੋ ਦੇਵੀ ਗੁਰੂ ਦਰਬਾਰ ਵਿੱਚ ਝਾੜੂ ਲਾਉਂਦੀ ਦਿਸੀ। ਪੁੱਛਿਆ - ‘‘ਮਾਂ ਤੂੰ ਏਥੇ``? ਆਖਣ ਲੱਗੀ ਬੇਟਾ ਮੈਂ ਤਾਂ ਇੱਥੋਂ ਹੀ ਲੈ ਕੇ ਸਭ ਕੁਝ ਤੁਹਾਨੂੰ ਹੀ ਦਿੰਦੀ ਹਾਂ। ਉਸ ਦਿਨ ਤੋਂ ਮਗਰੋਂ ਲਹਿਣਾਂ ਵੈਸ਼ਨੋ ਦੇਵੀ ਤੇ ਨਹੀਂ ਗਿਆ। ਗੁਰੂ ਨਾਨਕ ਦੇ ਚਰਨਾਂ ਦਾ ਭੌਰਾ ਬਣ ਗਿਆ।

ਇਸ ਤਰ੍ਹਾਂ ਪਿਛਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਹੇਮਕੁੰਟ ਵਿਖੇ ਤਪ ਕਰਦਿਆਂ ਦੇਵੀ ਨੇ ਵਰ ਦਿੱਤਾ। ਤਾਂ ਅਗਲੇ ਜਨਮ ਵਿੱਚ ਆ ਕੇ ਜੁਲਮ ਵਿਰੁੱਧ ਜੰਗ ਕੀਤੀ। ਉਂਝ ਤਾਂ ਸ਼ਾਇਦ ਉਨ੍ਹਾਂ ਜ਼ੁਲਮ ਵਿਰੁੱਧ ਜੰਗ ਨਹੀਂ ਲੜਨੀ ਸੀ। ਇਹ ਤਾਂ ਦੇਵੀ ਮਾਤਾ ਕੀ ਕਿਰਪਾ ਹੋ ਗਈ? ਵੈਸੇ ਜੇ ਉਸ ਹੇਮਕੁੰਟ ਵਾਲੀ ਬੇਥੁਈ, ਗੁਰਮਤਿ ਵਿਰੋਧੀ ਕੂੜ੍ਹ ਕਥਾ ਨੂੰ ਇੱਥੇ ਲਿਖਣ ਲੱਗੀਏ ਤਾਂ ਬਹੁਤ ਵੱਡਾ ਗ੍ਰੰਥ ਬਣ ਜਾਣ ਦੀ ਸੰਭਾਵਨਾ ਹੈ। ਇਸ ਲਈ ਉਸਨੂੰ ਸੰਕੇਤ ਮਾਤਰ ਵਿਚ ਵਿਚਾਰਿਆ ਜਾ ਰਿਹਾ ਹੈ। ਇੱਕ ਹੋਰ ਕੁਫਰ ਕਥਾ ਮੁਤਾਬਕ ਕੇਸੋ ਰਾਮ ਬ੍ਰਾਹਮਣ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੀ ‘‘ਕੀਮਤੀ ਸਲਾਹ`` ਦਿੱਤੀ, ਕਿ ਮਹਾਰਾਜ ! ਅਸੀਮ ਤਾਕਤਾਂ ਬਰਕਤਾਂ ਕਰਾਮਾਤਾਂ ਪ੍ਰਾਪਤ ਕਰਨ ਵਾਸਤੇ ਨੈਣਾਂ ਦੇਵੀ ਨੂੰ ਪ੍ਰਸੰਨ ਕਰੋ। ਮਾਤਾ ਦੇ ਮੰਦਰ ਵਿੱਚ ਅਖੰਡ ਹਵਨ ਕਰੋ। ਫਿਰ ਤੁਸੀਂ ਵੱਡੀ ਤੋਂ ਵੱਡੀ ਰੁਕਾਵਟ ਨੂੰ ਪਾਰ ਕਰ ਜਾਵੋਗੇ। ਸਮੇਂ ਦੀ ਹਕੂਮਤ ਤੁਹਾਡੇ ਅੱਗੇ ਅੜ ਨਾ ਸਕੇਗੀ। ਦੁਨੀਆ ਦੀਆਂ ਸਾਰੀਆਂ ਰਿਧੀਆਂ ਸਿੱਧੀਆਂ ਤੁਹਾਡੇ ਚਰਨਾਂ ਵਿੱਚ ਹੋਣਗੀਆਂ। ਮੇਰੀ ਦੱਸੀ ਤਰਕੀਬ ਮੁਤਾਬਕ ਸਾਰਾ ਧਰਮ ਕਾਰਜ ਕਰੋ। ਸੂਰਜ ਪ੍ਰਕਾਸ਼ ਦੇ ਲਿਖਾਰੀ ਦੇ ਲਿਖਣ ਮੁਤਾਬਕ ਸਤਿਗੁਰੂ ਜੀ ਨੇ ਸਾਰਾ ਸਮਾਨ ਇਕੱਤਰ ਕਰਵਾ ਲਿਆ। ਕੇਸੋ ਰਾਮ ਹਵਨ ਕਰਵਾਉਣ ਲਈ ਮੰਤਰ ਪੜ੍ਹਨ ਲੱਗ ਪਿਆ, ਸਤਿਗੁਰੂ ਜੀ ਅਗਨੀ ਵਿਚ ਸਮੱਗਰੀ ਪਾਉਂਦੇ ਰਹੇ। ਕਈ ਦਿਨ ਬੀਤ ਗਏ। ਦੇਵੀ ਸੀ ਕਿ ਪਰਗਟ ਹੋਣ ਵਿਚ ਹੀ ਨਹੀਂ ਆ ਰਹੀ ਸੀ। ਕੇਸੋ ਰਾਮ ਨੇ ਬੜੀ ਅਜਬ ਚਾਲ ਚੱਲੀ ! ‘‘ਮਹਾਰਾਜ ਜੀਓ ! ਮੈਨੂੰ ਮਾਤਾ ਨੇ ਸੁਪਨੇ ਵਿਚ ਵਿਖਾਲੀ ਦਿੱਤੀ ਹੈ। ਮਾਤਾ ਨੇ ਕਿਹਾ ਹੈ ਕਿ ਮੇਰੀ ਖੁਸ਼ੀ ਲਈ ਕੋਈ ਸਭ ਤੋਂ ਕੀਮਤੀ ਚੀਜ ਭੇਟ ਕਰੋ, ਫਿਰ ਸਭ ਖੁਸ਼ੀਆਂ ਪਾਓ``। ਲਉ ਪੰਡਿਤ ਜੀ ! ਮੇਰੇ ਵਾਸਤੇ ਤੁਸੀਂ ਬਹੁਤ ਸਿਆਣੇ, ਕੀਮਤੀ ਅਤੇ ਪਵਿੱਤਰ ਹੋ। ਤੁਹਾਡੀ ਭੇਟ ਹੀ ਕਿਉਂ ਨਾ ਦੇ ਦੇਈਏ? ਠੀਕ ਰਹੇਗਾ ਨਾ ‘‘?`` ਹਾਂ ਹਾਂ ਸਤਿਗੁਰੂ ਜੀ ਠੀਕ ਹੈ, ਮੈਂ ਇਸ਼ਨਾਨ ਕਰਕੇ ਤਿਆਰ ਹੋ ਕੇ ਆ ਰਿਹਾ ਹਾਂ, ਤੁਸੀ ਥੋੜ੍ਹੀ ਉਡੀਕ ਕਰੋ।`` ਕੇਸੋ ਰਾਮ ਜੀ ਕਦੀ ਵਾਪਸ ਨਾ ਆਏ। ਅਸਲ ਵਿਚ ਇਹ ਕਹਾਣੀ ਸਿੱਖਾਂ ਨੂੰ ਦੇਵੀ ਪੂਜਕ ਬਣਾਉਣ ਲਈ ਘੜੀ ਗਈ ਹੈ। ਸਤਿਗੁਰੂ ਜੀ ਪਾਗਲ ਨਹੀਂ ਹਨ ਕਿ ਆਪਣੀ ਅਕਲ ਦਾ ਤਿਆਗ ਕਰਕੇ, ਕਿਸੇ ਟੁੱਕੜ ਬੋਚ, ਧਰਮ ਦੋਖੀ, ਮੁਫਤ ਖੋਰੇ, ਭੋਲੇ ਲੋਕਾਂ ਦਾ ਖੂਨ ਚੂਸਣ ਵਾਲੇ, ਠੱਗ ਬ੍ਰਾਹਮਣ ਦੇ ਪਿੱਛੇ ਲੱਗਣ। ਉਹ ਖੁਦ ਨਾਨਕ ਰੂਪ ਹਨ। ਉਹਨਾਂ ਕੋਲ ਪਾਵਨ ਗੁਰਬਾਣੀ ਦਾ ਖਜ਼ਾਨਾ ਹੈ। ਬ੍ਰਾਹਮਣਾਂ ਨੂੰ ਗੁਰਬਾਣੀ ਵਿਚ ਪਾਈਆਂ ਲਾਹਣਤਾਂ ਹਨ। ਦੇਵੀਆਂ ਅਵਤਾਰਾਂ ਦੀ ਅਸਲੀਅਤ ਚੰਗੀ ਤਰ੍ਹਾਂ ਨੰਗੀ ਕੀਤੀ ਹੈ ਗੁਰਬਾਣੀ ਨੇ। ਫਿਰ ਦਸਮ ਪਾਤਿਸ਼ਾਹ ਜੀ ਕਿਉਂ ਹਵਨ ਕਰਨਗੇ? ਕਿਉਂ ਸਮਾਂ ਤੇ ਪੈਸਾ ਇਸ ਤਰ੍ਹਾਂ ਅੱਗ ਵਿਚ ਪਾਉਣਗੇ? ਇਹ ਦੇਵੀਆਂ ਜੇ ਕੁਝ ਸੰਵਾਰਨ ਜੋਗੀਆਂ ਹੁੰਦੀਆਂ ਤਾਂ ਜਦੋਂ ਦੇਸ਼ ਗੁਲਾਮ ਹੋਇਆ ਸੀ, ਮੰਦਰ ਢਹਿੰਦੇ ਸੀ। ਜੰਜੂ ਉਤਰਦੇ ਸੀ, ਬੁੱਤ ਤੋੜੇ ਜਾਂਦੇ ਸੀ, ਬਹੂ ਬੇਟੀਆਂ ਦੀ ਪੱਤ ਰੋਲੀ ਜਾਂਦੀ ਸੀ, ਉਦੋਂ ਪ੍ਰਗਟ ਹੋ ਕੇ ਕਿਉਂ ਨਾ ਆਪਣੇ ਲੋਕਾਂ ਦੀ ਬਾਂਹ ਫੜੀ? ਕੀ ਇਹ ਸਾਰਾ ਵਰਤਾਰਾ ਗੁਰੂ ਜੀ ਤੋਂ ਲੁਕਿਆ ਛੁਪਿਆ ਸੀ? ਇਸ ਕਹਾਣੀ ਵਿਚ ਇੱਕ ਗੱਲ, ਜੋ ਸਭ ਤੋਂ ਉੱਤਮ ਦਰਜੇ ਦੀ ਹੈ ਉਹ ਹੈ ਕਿ ਸਤਿਗੁਰੂ ਜੀ ਨੇ ਕਿਹਾ, ‘‘ਕੇਸੋ ਰਾਮ ਜੀ ਤੁਹਾਡੀ ਹੀ ਬਲੀ ਕਿਉਂ ਨਾ ਦੇ ਦੇਈਏ``? ਜਦੋਂ ਕਿਤੇ ਬ੍ਰਾਹਮਣ ਅਜਿਹਾ ਪਾਖੰਡ ਕਰਮ ਦਾ ਜਾਲ ਪਾਉਣਾ ਚਾਹੇ, ਉਸਦੇ ਜਾਲ ਵਿਚ ਉਸੇ ਨੂੰ ਫਸਾ ਦਿਓ।

ਗੁਰਬਾਣੀ ਤੋਂ ਅਣਜਾਣ ਅਤੇ ਸਿੱਖਾਂ ਦੇ ਬੇਈਮਾਨ ਧਰਮ ਮੁਖੀ, ਲਗਾਤਾਰ ਦੇਵੀ ਪੂਜਨ ਵੱਲ ਪੰਥ ਨੂੰ ਖਿੱਚਦੇ ਨੇ ਇਸ ਕਵਿਤਾ ਨੂੰ ਅਪਣਾ ਟਾਈਟਲ ਗੀਤ ਬਣਾ ਲਿਆ ਹੈ। ਸਾਰੇ ਪਰਸੰਗ ਵਿਚ ਜਦੋਂ ਇਸ ਨੂੰ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਸ਼ਿਵਾ ਰੱਬ ਨਹੀ ਹੈ, ਸਗੋਂ ਸ਼ਿਵ ਦੀ ਪਤਨੀ ਪਾਰਬਤੀ ਵਗੈਰਾ ਹੈ। ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਬੇਅੰਤ ਗੁਰਦਵਾਰਿਆਂ ਵਿਚ ਸੰਘ ਪਾੜ ਪਾੜ ਕੇ, ਇਸ ਪਿੱਲੀ ਰਚਨਾ ਦਾ ‘‘ਕੀਰਤਨ`` ਕੀਤਾ ਜਾ ਰਿਹਾ ਹੈ। ਵੱਡ ਅਕਾਰੀ ਮਹਾਨ ਕਲਿਆਣਕਾਰੀ ਗੁਰਬਾਣੀ ਨੂੰ ਤਿਆਗ ਕੇ, ਦੇਵੀ ਪੂਜਨ ਗੁਰਦਵਾਰਿਆਂ ਵਿਚ? ਲਓ ਇਸ ਪਰਥਾਏ ਪਹਿਲਾਂ ਇੱਕ ਗੁਰਬਾਣੀ ਪਰਮਾਣ ਵਿਚਾਰ ਲਈਏ -

ਭੈਰਉ ਭੂਤ ਸੀਤਲਾ ਧਾਵੈ।। ਖਰ ਬਾਹਨੁ ਉਹੁ ਛਾਰੁ ਉਡਾਵੈ।।

ਹਉ ਤਉ ਏਕੁ ਰਮਈਆ ਲੈਹਉ।। ਆਨ ਦੇਵ ਬਦਲਾਵਨਿ ਦੇਹਉ।। ਰਹਾਉ।।

ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ।। ਬਰਦ ਚੜੈ ਡਉਰੂ ਢਮਕਾਵੈ।।

ਮਾਹਾ ਮਾਈ ਕੀ ਪੂਜਾ ਕਰੈ।। ਨਰ ਸੈ ਨਾਰਿ ਹੋਇ ਅਉਤਰੈ।।

ਤੂ ਕਹੀਅਤ ਹੀ ਆਦਿ ਭਵਾਨੀ।। ਮੁਕਤਿ ਕੀ ਬਰੀਆ ਕਹਾ ਛਪਾਨੀ।।

ਗੁਰਮਤਿ ਰਾਮ ਨਾਮ ਗਹੁ ਮੀਤਾ।। ਪ੍ਰਣਵੈ ਨਾਮਾ ਇਉ ਕਹੈ ਗੀਤਾ।। (874)

ਨਾਮ ਦੇਵ ਜੀ ਸਿੱਧਾ ਸਪੱਸ਼ਟ ਉਪਦੇਸ਼ ਕਰਦੇ ਹੋਏ ਸਮਝਾਉਂਦੇ ਹਨ। ਹੇ ਭਾਈ ! ਭੈਰਉ ਭੂਤਨੇ ਦੀ ਨਿਆਈ, ਸੀਤਲਾ ਨੂੰ ਕਾਬੂ ਕਰਨ ਲਈ ਲਪਕਿਆ। ਸੀਤਲਾ ਨੇ ਉਸਦੀ ਮੰਦੀ ਨੀਅਤ ਵੇਖਕੇ ਨੱਸਣ ਵਿਚ ਦੇਰ ਨਾ ਲਾਈ। ਸੀਤਲਾ ਦੀ ਸਵਾਰੀ ਖੋਤਾ ਹੈ ਨਾ, ਖੋਤੇ ਤੇ ਬੈਠ ਕੇ ਸੀਤਲਾ ਨੇ ਅੱਡੀ ਲਾ ਦਿੱਤੀ। ਖੋਤਾ ਅਜਿਹਾ ਦੌੜਿਆ ਕਿ ਧੂੜਾਂ ਪੁੱਟਦਾ ਕਿਤੇ ਦੀ ਕਿਤੇ ਲੰਘ ਗਿਆ। ਭੈਰਉ ਕਿਵੇਂ ਪਿੱਛੇ ਰਹਿਣ ਵਾਲਾ ਸੀ, ਉਹ ਭੀ ਵਾਹੋਦਾਹੀ ਸੀਤਲਾ ਦਾ ਪਿੱਛਾ ਕਰਦਾ ਗਿਆ। ਉਹ ਦੇਵੀ ਸੀਤਲਾ ਭੈਰਉ ਤੋਂ ਆਪਣੀ ‘‘ਇੱਜਤ`` ਨਾ ਬਚਾ ਸਕੀ। ਇਸੇ ਲਈ ਹੇ ਭਾਈ, ਮੈ ਤਾਂ ਕੇਵਲ ਇੱਕ ਪ੍ਰਭੂ ਦੀ ਯਾਦ ਹੀ ਹਿਰਦੇ ਵਿਚ ਵਸਾ ਕੇ ਰੱਖਦਾ ਹਾਂ। ਰੱਬ ਜੀ ਦੇ ਨਾਮ ਬਦਲੇ ਸਾਰੇ ਦੇਵਤੇ ਦੇਵੀਆਂ ਤਿਆਗ ਦੇਣਾ ਹੀ ਬਿਹਤਰ ਸਮਝਦਾ ਹਾਂ। ਜੋ ਲੋਕ ਸ਼ਿਵ ਦੀ ਪੂਜਾ ਕਰਦੇ ਹਨ, ਸ਼ਿਵ ਸ਼ਿਵ ਜਪਦੇ ਹਨ, ਉਹ ਕੀ ਹਾਸਲ ਕਰ ਸਕਣਗੇ? ਸ਼ਿਵ ਨੇ ਕੀ ਸੰਵਾਰਿਆ ਹੈ ਸੰਸਾਰ ਦਾ? ਸ਼ਿਵ ਤਾਂ ਕਾਮ ਵਾਸਨਾ ਵਿਚ ਅੰਨ੍ਹਾ ਹੋਇਆ ਬਲਦ ਤੇ ਚੜ੍ਹਿਆ। ਸੁਆਹ ਮਲਕੇ, ਸੱਪ ਗਲ ਵਿਚ ਲਟਕਾ ਕੇ, ਭੰਗ ਪੀ ਕੇ, ਡਉਰੂ ਵਜਾਉਂਦਾ ਘੁੰਮ ਰਿਹਾ ਹੈ। ਸਮਾਜ ਵਾਸਤੇ ਉਸਨੇ ਕੁੱਝ ਕੀਤਾ? ਤੁਸੀਂ ਅਜਿਹੇ ਕੰਮ ਹੀ ਕਰਨਾ ਚਾਹੁੰਦੇ ਹੋ? ਜੇ ਸ਼ਿਵ ਦੀ ਪੂਜਾ ਕਰੋਗੇ ਤਾਂ ਅਜਿਹੇ ਹੀ ਬਣੋਗੇ, ਇਸ ਤੋਂ ਚੰਗੇ ਨਹੀਂ। ਮਹਾਮਾਈ ਦੀ ਪੂਜਾ ਕਰਦੇ ਹੋ, ਕਾਹਦੇ ਲਈ? ਉਸ ਮਾਈ ਨੇ ਲੋਕਾਂ ਦਾ ਕੀ ਸੰਵਾਰਿਆ ਹੈ, ਦਸ ਸਕੋਗੇ? ਔਰਤ ਮਨੁੱਖ ਦੀ ਪੂਜਾ ਕਰੇ ਤੇ ਮਨੁੱਖ ਔਰਤ ਦੀ ਪੂਜਾ ਕਰੇ, ਇਹ ਕਿਹੜਾ ਧਰਮ ਹੋਇਆ? ਤੁਹਾਡੇ ਵਿਚ ਔਰਤਾਂ ਵਾਲੀ ਸਰੀਰਕ ਕਮਜੋਰੀ ਆਵੇਗੀ। ਜੰਗ ਜੁੱਧ ਵਿਚ ਦੁਸ਼ਮਣ ਨਾਲ ਮੁਕਾਬਲਾ ਨਹੀਂ ਕਰ ਸਕੋਗੇ। ਤੁਸੀਂ ਇਸਤਰੀਆਂ ਦੇ ਰਾਖੇ ਬਣਨਾ ਸੀ। ਵੇਖੋ ਅਜਬ ਖੇਢ, ਇਥੇ ਪੁਰਖ ਹੀ ਔਰਤਾਂ ਬਣਦੇ ਨਜਰ ਆ ਰਹੇ ਹਨ।

ਤੁਸੀਂ ਕਹਿੰਦੇ ਹੋ ਦੁਰਗਾ ਮਾਤਾ (ਭਵਾਨੀ) ਬਹੁਤ ਸ਼ਕਤੀਆਂ ਵਾਲੀ ਹੈ। ਜ਼ਰਾ ਸੋਚੋ ! ਤੁਹਾਨੂੰ ਬੰਧਨਾਂ ਤੋਂ ਮੁਕਤ ਕਰ ਸਕੇਗੀ ਇਹ ਮਾਤਾ? ਇਹ ਤਾਂ ਖੁਦ ਭੈਰਉ ਤੋਂ ਡਰਦੀ ਪਹਾੜਾਂ ਵਿਚ ਜਾ ਲੁਕੀ। ਉਥੇ ਜਾਕੇ ਭੀ ਭੈਰਉ ਨੇ ਇਸ ਨਾਲ ਬਲਾਤਕਾਰ ਕੀਤਾ। ਕਹਿੰਦੇ ਹਨ ਕਿ ਮਾਈ ਨੇ ਭੈਰਉ ਨੂੰ ਕੁਕਰਮ ਕਰਨ ਬਦਲੇ ਪੱਥਰ ਹੋ ਜਾਣ ਦਾ ਸਰਾਪ ਦੇ ਦਿੱਤਾ। ਕਿੱਡੀ ਹਾਸੋ ਹੀਣੀ ਕਥਾ ਹੈ, ਅਗਰ ਸਰਾਪ ਹੀ ਦੇਣਾ ਸੀ ਤਾਂ ਦੇਰੀ ਕਿਉਂ ਲਾਈ? ਬਲਾਤਕਾਰ ਹੋਣ ਤੋਂ ਬਾਦ ਹੀ ਸਰਾਪ ਕਿਉਂ ਦਿੱਤਾ? ਅਗੋਂ ਭੈਰਉ ਨੇ ਭੀ ਬਚਨ ਲੈ ਲਿਆ, ਅਖੇ ਕੀ ਹੋਇਆ ਜੇ ਮੈਂ ਪੱਥਰ ਬਣਨ ਲੱਗਿਆ ਹਾਂ। ਆਖਰ ਤੇਰਾ ਖਸਮ ਤਾਂ ਬਣਿਆ ਹਾਂ, ਭਾਂਵੇਂ ਜੋਰਾ ਜਬਰੀ ਹੀ ਸਹੀ। ਹੁਣ ਇਹ ਵਰਦਾਨ ਭੀ ਦੇਹ, ਕਿ ਤੇਰਾ ਖਸਮ ਜਾਣਕੇ ਲੋਕੀ ਮੇਰੀ ਭੀ ਪੂਜਾ ਕਰਨ। ਮਹਾਂਮਾਈ ਨੇ ‘‘ਤਥਾ ਅਸਤੂ`` ਆਖ ਕੇ ਮੰਜੂਰੀ ਦੇ ਦਿੱਤੀ। ਉਸਤੋਂ ਮਗਰੋਂ ਜੋ ‘‘ਭਗਤ`` ਲੋਕ ਦੇਵੀ ਦੇ ਚਾਲੇ ਨੂੰ ਕਸ਼ਮੀਰ (ਵੈਸ਼ਨੋ ਦੇਵੀ) ਜਾਂਦੇ ਹਨ। ਪਹਿਲਾਂ ਮਾਈ ਨੂੰ ਨਮਸ਼ਕਾਰ ਕਰਦੇ ਹਨ। ਫਿਰ ਮੁੜਦੇ ਹੋਏ ਭੈਰਉ ਨੂੰ ਭੀ ਸੀਸ ਝੁਕਾਉਂਦੇ ਹਨ। ਭੈਰਉ ਨੂੰ ਮੱਥਾ ਟੇਕਣ ਤੋਂ ਬਿਨਾਂ ਯਾਤਰਾ ਸਫਲ ਨਹੀਂ ਮੰਨੀ ਜਾਂਦੀ। ‘‘ਜੈ ਮਾਤਾ ਦੀ, ਜੋਰ ਸੇ ਬੋਲੋ ਜੈ ਮਾਤਾ ਦੀ``।

ਗੁਰੂ ਦੀ ਅਸਲ ਮਤ ਤਾਂ ਇਹ ਹੈ ਕਿ ਪਰਮੇਸ਼ਰ ਜੀ ਦਾ ਸਹਾਰਾ ਲਉ। ਉਸੇ ਨੂੰ ਹਿਰਦੇ ਵਿਚ ਵਸਾਉ। ਨਾਮਦੇਵ ਬੇਨਤੀ ਕਰਦਾ ਹੈ ਕਿ ਇਹੀ ਅਸਲੀ ਗੀਤ ਹੈ, ਇਹ ਉੱਤਮ ਵਿਚਾਰ ਹੈ। ਬਾਕੀ ਗੀਤਾ, ਰਾਮਾਇਣ ਬੇਦ ਪੁਰਾਣ ਵਿਚੋਂ ਅਜਿਹੀਆਂ ਕਹਾਣੀਆਂ ਤੋਂ ਬਿਨਾਂ ਕੁਝ ਪ੍ਰਾਪਤ ਨਹੀਂ ਹੋਣਾ।

ਜਦੋਂ ਆਲੇ ਦੁਆਲੇ ਡੇਰਿਆਂ ਦੀ ਹਾਲਤ ਵੇਖੀਦੀ ਹੈ ਤਾਂ ਹਉਕੇ ਭਰਨ ਤੋਂ ਸਿਵਾਏ ਹੋਰ ਕੀ ਕਰ ਸਕਦਾ ਹਾਂ। ਜਦੋਂ ਗੁਰਦਵਾਰਿਆਂ ਦੀ ਮਰਿਆਦਾ ਵੱਲ ਝਾਤੀ ਮਾਰੀਦੀ ਹੈ ਤਾਂ ਭੀ ਗੁਰਮਤ ਦੇ ਦਰਸ਼ਨ ਨਹੀਂ ਹੁੰਦੇ। ਹਰ ਡੇਰੇ ਵਿੱਚ ਡੇਰੇਦਾਰ ਸਾਧ ਦੀਆਂ ਫੋਟੋਆਂ ਲੱਗੀਆਂ ਹੋਈਆਂ। ਡੇਰੇਦਾਰ ਸਾਧ ਦੀਆਂ ਫੋਟੋਆਂ ਹੀ ਘਰਾਂ ਦਾ ਸ਼ਿੰਗਾਰ ਹਨ। ਕਰੋੜਾਂ ਪਤੀ ਬਣ ਚੁੱਕੇ ਹਨ ਇਹ ਡੇਰੇਦਾਰ ਲੋਕ। ਸਿੱਖ ਹੋਰ ਨੀਵੇਂ ਧਸਦੇ ਚਲੇ ਜਾ ਰਹੇ ਹਨ, ਆਰਥਕ ਪੱਖੋਂ ਭੀ ਤੇ ਮਾਨਸਿਕ ਪੱਖੋਂ ਭੀ। ਫਿਰ ਭੀ ਡੇਰੇਦਾਰਾਂ ਅੱਗੇ ਡੰਡਉਤ ਬੰਦਨਾ ਕਰਦੇ ਵੇਖੇ ਜਾ ਸਕਦੇ ਹਨ। ਜਿੰਨੀ ਕੁ ਦੇਣ ਸਮਾਜ ਨੂੰ ਦੇਵੀਆਂ ਦੇਵਤਿਆਂ ਦੀ ਹੈ। ਇਤਨੀ ਕੁ ਹੀ ਇਹ ਡੇਰੇਦਾਰ ਸਾਧਾਂ ਦੀ ਦੇਣ ਹੈ। ਇਸ ਲਈ ਇਹਨਾਂ ਥਾਵਾਂ ਤੇ ਗੁਰੂ ਦੀ ਸਿੱਖਿਆ, ਇਤਿਹਾਸ ਦਾ ਗਿਆਨ ਸੁਣਨ ਨੂੰ ਨਹੀ ਮਿਲਦਾ। ਮਿਲਦਾ ਹੈ ਪੁਰਾਣਕ ਕਹਾਣੀਆਂ ਦਾ ਕੂੜਾ ਕਚਰਾ। ਦੁਰਗਾ ਦੇਵੀ ਅਤੇ ਦੇਵਤਿਆਂ ਬਾਰੇ ਸ਼ਬਦ ਪੜ੍ਹੋ -

ਜਉ ਜਾਚਉ ਤਉ ਕੇਵਲ ਰਾਮ।। ਆਨ ਦੇਵ ਸਿਉ ਨਾਹੀ ਕਾਮ।। ਰਹਾਉ।।

ਕੋਟਿ ਸੂਰ ਜਾ ਕੈ ਪਰਗਾਸ।। ਕੋਟਿ ਮਹਾਦੇਵ ਅਰੁ ਕਬਿਲਾਸ।।

ਦੁਰਗਾ ਕੋਟਿ ਜਾਕੈ ਮਰਦਨੁ ਕਰੈ।। ਬ੍ਰਹਮਾ ਕੋਟਿ ਬੇਦ ਉਚਰੈ।। (1162)

ਹੇ ਭਾਈ ! ਮੈਂ ਕੇਵਲ ਇੱਕ ਵਾਹਿਗੁਰੂ ਜੀ ਨੂੰ ਹਿਰਦੇ ਵਿਚ ਬਸਾਉਂਦਾ ਹਾਂ। ਵਾਹਿਗੁਰੂ ਦਾ ਪਿਆਰ ਮਿਲਦਾ ਰਹੇ ਬਾਕੀ ਦੇਵੀਆਂ ਦੇਵਤਿਆਂ ਨਾਲ ਮੈਨੂੰ ਕੋਈ ਲਗਾਉ ਨਹੀਂ। ਕਿਉਂਕਿ ਪ੍ਰਮਾਤਮਾ ਸਭ ਤੋਂ ਮਹਾਨ ਹੈ। ਇਤਨਾ ਮਹਾਨ ਕਿ ਉਸ ਦੇ ਘਰ ਵਿਚ (ਸ੍ਰਿਸ਼ਟੀ) ਕਰੋੜਾਂ ਸੂਰਜ ਚਿਰਾਗ ਬਣ ਕੇ ਰੋਸ਼ਨੀ ਕਰ ਰਹੇ ਹਨ। ਕਰੋਗਾਂ ਸ਼ਿਵ ਵਰਗੇ ਉਥੇ ਸੇਵਾਦਾਰ ਹਨ। ਦੁਰਗਾ ਵਰਗੀਆਂ ਕਰੋੜਾਂ ਦੇਵੀਆਂ ਰੱਬ ਜੀ ਦੇ ਚਰਨ ਘੁੱਟਦੀਆਂ ਹਨ। ਕਰੋੜਾਂ ਬ੍ਰਹਮੇ, ਕਰੋੜਾਂ ਬੇਦ ਉਚਾਰ ਰਹੇ ਹਨ। ਅਸੀਂ ਇਹਨਾਂ ਕਰੋੜਾਂ ਦੇ ਪੁਜਾਰੀ ਨਹੀ ਹਾਂ। ਕੇਵਲ ਨਿਰੰਕਾਰ ਦੇ ਮੰਨਣ ਵਾਲੇ ਹਾਂ। ਹੋਰ ਪੜ੍ਹੋ -

ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ।।ਗੁਪਤ ਜਾ ਕਉ ਆਰਾਧਰਿ ਪਉਣ ਪਾਣੀ ਦਿਨਸੁ ਰਾਤਿ।। (456)

ਹੇ ਭਾਈ ! ਕਰੋੜਾਂ ਦੇਵੀਆਂ (ਜੇ ਮੰਨ ਲਈਏ) ਉਸ ਵਾਹਿਗੁਰੂ ਦੇ ਗੁਣ ਗਾ ਰਹੀਆਂ ਹਨ। ਲੱਖਾਂ ਹੀ ਲੱਛਮੀਆਂ (ਮਾਇਆ ਦੇਵੀ, ਵਿਸ਼ਨੂੰ ਦੀ ਪਤਨੀ) ਰੱਬ ਜੀ ਦੇ ਅਨੇਕ ਭਾਂਤ ਗੁਣ ਗਾਇਨ ਕਰ ਰਹੀਆਂ ਹਨ। ਹੋਰ ਕਿੰਨੇ ਸਾਰੇ ਸ੍ਰਿਸਟੀ ਦੇ ਜੀਵ ਦਿੱਸਦੇ ਅਣ ਅਣਦਿਸਦੇ, ਪਾਉਣ ਪਾਣੀ ਆਦਿ ਦਿਨ ਰਾਤ ਉਸ ਵਾਹਿਗੁਰੂ ਜੀ ਦੇ ਨਿਅਮ ਵਿਚ ਕਾਰ ਕਮਾ ਰਹੇ ਹਨ। ਇਹਨਾਂ ਦੀ ਆਪਣੀ ਕੋਈ ਸਮਰੱਥਾ ਨਹੀਂ ਹੈ।

ਨਾਰਦ ਸਾਰਦ ਕਰਹਿ ਖਵਾਸੀ।। ਪਾਸਿ ਬੈਠੀ ਬੀਬੀ ਕਵਲਾ ਦਾਸੀ।।

ਕੰਠੇ ਮਾਲਾ ਜਿਹਵਾ ਰਾਮ।। ਸਹੰਸ ਨਾਮੁ ਲੈ ਲੈ ਕਰਉ ਸਲਾਮੁ।।

ਕਹਤ ਕਬੀਰ ਰਾਮ ਗੁਨ ਗਾਵਉ।। ਹਿੰਦੂ ਤੁਰਕ ਦੋਊ ਸਮਝਾਵਉ।। (478)

ਕਬੀਰ ਜੀ ਫੁਰਮਾਨ ਕਰਦੇ ਹਨ :- ਹੇ ਭਾਈ ! ਨਾਰਦ ਮੁਨੀ ਵਰਗੇ ਸਾਰਦਾ (ਸਰਸਵਤੀ-ਵਿੱਦਿਆ ਦੀ ਦੇਵੀ) ਦੇਵੀ ਵਰਗੀਆਂ ਉਸ ਵਾਹਿਗੁਰੂ ਦੀ ਹਜੂਰੀ ਵਿਚ ਖਿਦਮਤ ਕਰ ਰਹੀਆਂ ਹਨ। ਲੱਛਮੀ ਵਾਹਿਗੁਰੂ ਦੇ ਚਰਨਾਂ ਦੀ ਦਾਸੀ ਹੈ। ਮੇਰੀ ਜਬਾਨ ਤੇ ਨਿਰੰਕਾਰ ਦਾ ਨਾਮ ਹੈ, ਇਹੀ ਮੇਰੀ ਅਸਲੀ ਮਾਲਾ ਹੈ। ਹਜ਼ਾਰਾ ਨਾਮ ਲੈ ਲੈ ਕੇ, ਮੈਂ ਵਾਹਿਗੁਰੂ ਜੀ ਨੂੰ ਨਮਸ਼ਕਾਰ ਕਰਦਾ ਹਾਂ। ਹੇ ਭਾਈ ! ਮੈਂ ਪਰਮੇਸਰ ਦੇ ਗੁਣ ਗਾਉਂਦਾ ਗੁਣਵਾਨ ਹੋ ਗਿਆ। ਹਾਂ। ਇਸੇ ਲਈ ਹਿੰਦੂ ਅਤੇ ਮੁਸਲਮਾਨਾਂ ਨੂੰ ਨੇਕ ਮਤ ਦੇ ਰਿਹਾ ਹਾਂ। ਮਿਲਕੇ ਪਿਆਰ ਨਾਲ ਜੀਣਾ ਰਹਿਣਾ ਸਿੱਖੋ। ਪਰਉਪਕਾਰੀ ਬਣੋਂ। ਦੇਵੀਆ ਕਬਰਾਂ ਦਾ ਖਹਿੜਾ ਛੱਡੋ।

ਦੇਵੀ ਮੂਲੁ ਹੈ ਮਾਇਆ।। ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ।।

ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ।। (129)

ਹੇ ਭਾਈ ਇਹ ਦੇਵੀਆਂ ਦੇਵਤੇ ਕੇਵਲ ਛਲਾਵਾ ਹਨ ਮਾਇਆ ਦਾ ਹੀ ਦੂਜਾ ਨਾਮ ਹਨ। ਇਹਨਾਂ ਦੀ ਆਪਣੀ ਕੋਈ ਮੰਨਣਯੋਗ ਸਖਸ਼ੀਅਤ ਨਹੀਂ ਹੈ। ਇਹਨਾਂ ਦੇਵੀਆਂ ਦੇਵਤਿਆਂ ਦੇ ਨਾਮ ਤੇ ਬਹੁਤ ਸਾਰੇ ਧਰਮ ਗ੍ਰੰਥਾ ਦੀ ਰਚਨਾ ਕਰ ਦਿੱਤੀ। ਇਹਨਾਂ ਕਲਪਿਤ ਦੇਵੀਆਂ ਅਤੇ ਸ਼ਾਸਤਰਾਂ ਨੇ, ਕਾਮ ਵਾਸ਼ਨਾ ਦਾ ਵਾਧਾ ਕੀਤਾ, ਬਸ ਇਹ ਤਾਂ ਆਵਾ ਗਵਣ ਵਿਚ ਪਏ ਮਾਮੂਲੀ ਜੀਵ ਹਨ। ਖੁਦ ਇਹ ਸਾਰੇ ਦੁੱਖਾਂ ਵਿਚ ਫਸੇ ਹੋਏ ਹਨ, ਤੁਹਾਡੇ ਦੁੱਖ ਕੀ ਦੂਰ ਕਰਨਗੇ?

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ।। ਪਾਹਣੂ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ।। (637)

ਹੇ ਭਾਈ, ਇਹਨਾਂ ਦੇਵੀਆਂ ਦੇਵਤਿਆ ਦੀ ਕੀ ਪੂਜਾ ਕਰੀਏ? ਇਹਨਾਂ ਤੋਂ ਕੀ ਮੰਗੀਏ? ਇਹ ਕੀ ਦੇਣ ਜੋਗੇ ਹਨ? ਇਹਨਾਂ ਕੋਲ ਕੁੱਛ ਨਹੀਂ ਹੈ। ਇਹਨਾਂ ਦੀ ਪੂਜਾ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਈ ਪਾਣੀ ਵਿਚ ਮਧਾਣੀ ਪਾ ਕੇ ਰਿੜਕਦਾ ਰਹੇ। ਭਲਾ ਸੋਚੋ, ਕਦੀ ਪਾਣੀ ਵਿਚੋਂ ਮੱਖਣ ਪ੍ਰਾਪਤ ਹੋਇਆ ਹੈ? ਪੱਥਰ ਨੂੰ ਪਾਣੀ ਵਿਚ ਛੱਡ ਦੇਈਏ ਤਾਂ ਵੇਖਣਾ, ਉਸਨੇ ਖੁਦ ਹੀ ਡੁੱਬ ਜਾਣਾ ਹੈ, ਸਾਨੂੰ ਕੀ ਪਾਰ ਲਾਏਗਾ? ਇਹਨਾਂ ਦੇ ਹੱਥ ਵੱਸ ਕੁਛ ਨਹੀਂ ਹੈ।

ਦੇਵੀ ਦੇਵਾ ਪੂਜਹਿ ਡੋਲਹਿ ਪਾਰ ਬ੍ਰਹਮੁ ਨਹੀ ਜਾਨਾ।। ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ।। (332)

ਹੇ ਭਾਈ, ਦੇਵੀ ਦੇਵਤਿਆਂ ਦੀ ਪੂਜਾ ਭੀ ਕਰਦੇ ਹੋ, ਮਨ ਵਿਚ ਇਹ ਭੈ ਬਣਿਆ ਰਹਿੰਦਾ ਹੈ, ਕਿ ਪਤਾ ਨਹੀ ਸਾਡੀ ਸੇਵਾ ਥਾਂਇ ਪਈ ਹੈ ਕਿ ਨਹੀਂ। ਮਾਲਕ ਵਾਹਿਗੁਰੂ ਦੇ ਨਾਮ ਨੂੰ ਸਮਝਿਆ ਹੀ ਨਹੀਂ। ਕਬੀਰ ਜੀ ਫਰਮਾਨ ਕਰਦੇ ਹਨ ਕਿ ਭਾਈ ਉਹ ਕੁਲਾਂ ਤੋਂ ਰਹਿਤ ਸਭ ਦਾ ਸਾਂਝਾ ਰੱਬ ਤਾਂ ਯਾਦ ਹੀ ਨਹੀਂ ਕੀਤਾ। ਜ਼ਹਿਰ ਰੂਪੀ ਪਦਾਰਥਾਂ ਵਿਚ ਡੁੱਬੇ ਰਹੇ। ਜੀਵਨ ਸਫਲਾ ਕਿਵੇਂ ਹੋਵੇਗਾ?

ਇੱਕ ਹੋਰ ਹੈਰਾਨੀ ਜਨਕ ਕੁਫਰ ਕਹਾਣੀ ਮੁਤਾਬਕ - ‘‘ਚਾਮੁੰਡਾ (ਚੁੰਡ ਮੁੰਡ) ਦੈਂਤਾਂ ਨੂੰ ਮਾਰਨ ਵਾਲੀ। ਦੁਰਗਾ ਦੇ ਮੱਥੇ ਵਿਚੋਂ ਪੈਦਾ ਹੋਈ ਦੇਵੀ। ਮਾਰਕੰਡੇਯ ਪੁਰਾਣ ਵਿਚ ਇਸਦਾ ਵਰਨਣ ਇਸ ਤਰ੍ਹਾਂ ਮਿਲਦਾ ਹੈ - ਅੰਬਿਕਾ (ਦੁਰਗਾ ਦਾ ਇੱਕ ਨਾਮ) ਦੇ ਕ੍ਰੋਧ ਦੀਆਂ ਤਿਉੜੀਆਂ ਨਾਲ ਸੁਕੜੇ ਹੋਏ ਮਸਤਕ (ਮੱਥੇ ਵਿਚੋਂ) ਵਿਚੋਂ ਕਾਲੇ ਅਤੇ ਖਰਵੇ ਅੰਗਾਂ ਵਾਲੀ ਇੱਕ ਦੇਵੀ ਪ੍ਰਗਟ ਹੋਈ, ਜੋ ਸ਼ਸਤਰਾਂ ਨਾਲ ਸਜੀ ਹੋਈ ਸੀ। ਇਸਦੇ ਇੱਕ ਹੱਥ ਵਿਚ ਭਾਰੀ ਗੁਰਜ ਫੜਿਆ ਹੋਇਆ ਸੀ। ਗਲ ਵਿਚ ਮਨੁੱਖੀ ਲੋਥਾਂ ਅਤੇ ਖੋਪਰੀਆਂ ਦੀ ਮਾਲਾ ਪਾਈ ਹੋਈ ਸੀ। ਇਹ ਹਾਥੀ ਦੀ ਖੁਸ਼ਕ, ਭਿਅੰਕਰ ਖੱਲ ਵਿਚ ਸਜੀ ਹੋਈ ਸੀ। ਇਸਦਾ ਮੂੰਹ ਡਰਾਉਣਾ ਤੇ ਜੀਭ ਬਾਹਰ ਲਟਕਦੀ ਦਿੱਸ ਰਹੀ ਸੀ। ਇਸ ਦੇਵੀ ਦੀਆਂ ਅੱਖਾਂ ਡਰਾਉਣੀਆਂ ਸਨ। ਇਹ ਆਪਣੀਆਂ ਭਿਆਨਕ ਆਵਾਜਾਂ ਨਾਲ, ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਭੈ ਭੀਤ ਕਰ ਰਹੀ ਸੀ। ਇਸ ਨੇ ਦੋਵੇਂ ਦੈਤ ਚੁੰਡ ਮੁੰਡ ਅਤੇ ਉਹਨਾਂ ਦੀ ਸਾਰੀ ਫੌਜ ਮਾਰ ਦਿੱਤੀ। ਦੈਤਾਂ ਦੇ ਕੱਟੇ ਹੋਏ ਸਿਰ ਲੈ ਕੇ, ਦੁਰਗਾ ਕੋਲ ਗਈ। ਦੁਰਗਾ ਨੇ ਕਿਹਾ ਕਿ ਹੁਣ ਤੈਨੂੰ ਲੋਕੀ ਦੋਵਾਂ ਨਾਵਾਂ ਨਾਲ ਯਾਦ ਕਰਿਆ ਕਰਨਗੇ``। (ਹਿੰਦੂ ਮਿਥਿਹਾਸਕੋਸ਼ 239) ਉੱਪਰ ਵਰਣਿਤ ਕਹਾਣੀ ਤੇ ਬਹੁਤੀ ਮਗਜ ਖਪਾਈ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਇਕੱਲੀ ‘‘ਤੀਵੀਂ ਮਾਨੀ`` ਚੁੰਡ ਮੁੰਡ ਰਾਖਸਾਂ ਨਾਲ ਘੋਰ ਸੰਗ੍ਰਾਮ ਕਰਦੀ ਰਹੀ। ਜਦੋਂ ਜ਼ਰਾ ਥੱਕ ਗਈ ਤਾਂ ਆਪਣੇ ਹੀ ਮੱਥੇ ਵਿਚੋਂ ਇੱਕ ਹੋਰ ਦੇਵੀ ਕੱਢ ਲਈ। ਜੋ ਸਮੇਤ ਸ਼ਸਤਰਾਂ ਦੇ, ਹਾਥੀ ਦੀ ਸੁੱਕੀ ਹੋਈ ਖੱਲ ਦੀ ਸਾੜੀ ਲਾ ਕੇ, ਮੱਥੇ ਵਿਚੋਂ ਬਾਹਰ ਆਈ ਸੀ। ਕੁਦਰਤੀ ਤਰੀਕੇ ਮਾਤਾ ਪਿਤਾ ਦੇ ਸੰਜੋਗ ਰਾਹੀ ਇਹਨਾਂ ਦੇਵਤਿਆਂ ਨੂੰ ਜੰਮਣ ਲੱਗੇ ਬਹੁਤੀ ਸ਼ਰਮ ਆਉਂਦੀ ਹੈ। ਲਗਭਗ ਸਾਰੇ ਪੌਰਾਣਕ ਦੇਵਤੇ ਹਾਸੋਹੀਣੇ ਢੰਗ ਨਾਲ ਪੈਦਾ ਹੋਏ ਲਿਖੇ ਹਨ। ਕੀ ਕੋਈ ਸਮਝਦਾਰ ਇਨਸਾਨ ਇਹਨਾਂ ਵਜਨੀ ਗੱਪਾਂ ਨੂੰ ਸਵੀਕਾਰ ਕਰੇਗਾ? ਜਿਨ੍ਹਾਂ ਨੇ ਇਹ ਕੁੂੜ੍ਹ ਕਹਾਣੀਆਂ ਲਿਖੀਆਂ ਹਨ ਜਾਂ ਤਾਂ ਉਹ ਸਿਰੇ ਦੇ ਮੂਰਖ ਸਨ। ਜਾਂ ਮਨੁੱਖਤਾ ਦੇ ਵੱਡੇ ਦੁਸ਼ਮਣ। ਕਿਉਂਕਿ ਇਹਨਾਂ ਕਹਾਣੀਆਂ ਵਿਚੋਂ ਨਾਂ ਪਹਿਲਾਂ ਕੋਈ ਸਿੱਖਿਆ ਮਿਲੀ ਹੈ ਨਾ ਅੱਗੇ ਨੂੰ ਮਿਲਣੀ ਹੈ। ਫਿਰ ਭੀ ਬਿਪਰ ਜੀ ਨੇ ਆਪਣੀਆਂ ਸਾਜਿਸ਼ਾਂ ਦੁਆਰਾ ਇਹਨਾਂ ਅਣਜੰਮੇ ਤੇ ਅਣ ਹੋਏ ਪਾਤਰਾਂ ਨੂੰ, ਧਰਮ ਦਾ ਅੰਗ ਲਿਖਿਆ ਤੇ ਪ੍ਰਚਾਰਿਆ ਹੈ।

ਉਹਨਾਂ ਲੋਕਾਂ ਨੂੰ ਇਸ ਲੂਣੀ ਦਲਦਲ ਵਿਚੋਂ ਨਿਕਲਣ ਦਾ ਕੋਈ ਰਾਹ ਨਹੀਂ ਰਿਹਾ। ਸਿੱਖਾਂ ਕੋਲ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਦਰਸਾਇਆ, ਗੁਰਬਾਣੀ ਰੂਪ ਸੱਚ ਮਾਰਗ ਮੌਜੂਦ ਹੈ। ਗੁਰੂ ਸਾਹਿਬਾਨ ਜੀ ਦਾ ਜੀਵਨ ਫਲਸਫਾ ਸਨਮੁੱਖ ਹੈ। ਜੋ ਇਤਿਹਾਸ ਸਿਰਜਿਆ ਹੈ ਪਰਉਪਕਾਰੀ ਜੋਧਿਆਂ ਨੇ, ਉਹ ਰੋਸ਼ਨ ਚਿਰਾਗ ਹੈ। ਸਿੱਖਾਂ ਦੀ ਕਿਹੜੀ ਮਜਬੂਰੀ ਹੈ ਕਿ ਬ੍ਰਾਮਹਣੀ ਖਾਰੇ ਸਾਗਰ ਵਿਚ ਧੱਸਦੇ ਹੀ ਚਲੇ ਜਾਣ? ਡੇਰੇਦਾਰ ਟਕਸਾਲੀਏ ਤੇ ਹੋਰ ਕੱਚ ਘਰੜ ਪ੍ਰਚਾਰਕ, ਆਪਣੀ ਮੂਰਖਤਾ ਕਾਰਨ ਸਿੱਖਾਂ ਨੂੰ ਇਹ ਗਏ ਗੁਜਰੇ ਅਸ਼ਲੀਲ ਕਿਰਿਆਵਾਂ ਕਰਦੇ, ਅਣਜੰਮੇ ਦੇਵਤਿਆਂ ਦੇ ਮਗਰ ਲਾ ਰਹੇ ਹਨ। ਉਂਞ ਸਟੇਜਾਂ ਤੇ ਖੂਬ ਟਾਹਰਾ ਮਾਰਦੇ ਹਨ ‘‘ਜਬ ਲਗ ਖਾਲਸਾ ਰਹੇ ਨਿਆਰਾ। ਤਬਲਗ ਤੇਜ ਦੀਓ ਮੈ ਸਾਰਾ। ਜਬ ਇਹ ਗਹੈ ਬਿਪ੍ਰਨ ਕੀ ਰੀਤ। ਮੈਂ ਨਾ ਕਰੂੰ ਇਨ ਕੀ ਪ੍ਰਤੀਤ``। ਕਹਿਣਾ ਪਂੈਦਾ ਹੈ ‘‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ``? ਨਿਰਮਲ ਨਿਆਰੇ ਪੰਥ ਨੂੰ, ਗੰਗਾ ਦੀਆਂ ਜੰਜੀਰ ਵਿਚ ਜਕੜਿਆ ਜਾ ਚੁੱਕਿਆ ਹੈ। ਲੱਗਦੇ ਹੱਥ ‘‘ਭਗਉਤੀ`` ਬਾਰੇ ਸੰਖੇਪ ਜਿਹੀ ਵਿਚਾਰ ਕਰ ਹੀ ਲਈਏ। ਸਿੱਖ ਸਮਾਜ ਹਰ ਰੋਜ ਲੱਖਾਂ ਵਾਰੀ ਗੁਰਦਵਾਰਿਆਂ, ਘਰਾਂ ਵਿਚ, ਅਰਦਾਸ ਕਰਦਾ ਹੈ। ਹਰ ਰੋਜ ਭਗਵਤੀ ਦੇਵੀ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਧਿਆਉਂਦਾ ਹੈ। ਜਿਸ ਦੇਵੀ ਦੀ ਹੋਂਦ ਸ਼ੱਕੀ ਹੈ। ਜਿਸ ਨੇ ਸੰਵਾਰਿਆ ਕੁੱਝ ਨਹੀਂ। ਜਿਸਨੂੰ ਗੁਰਬਾਣੀ ਡੰਕੇ ਦੀ ਚੋਟ ਨਾਲ, ਰੱਦ ਕਰਦੀ ਹੈ। ਉਹੀ ਦੇਵੀ ਅਰਦਾਸ ਵਿਚ ਸਭ ਤੋਂ ਪਹਿਲਾਂ ਧਿਆਈ ਜਾ ਰਹੀ ਹੈ। ਹੈ ਨਾ ਹਨ੍ਹੇਰ ਗਰਦੀ? ‘‘ਪ੍ਰਿਥਮ ਭਗਉਤੀ ਸਿਮਰ ਕੈ .....`` ਸਭ ਤੋਂ ਪਹਿਲਾਂ ਦੇਵੀ? ਮਹਾਨ ਉਪਕਾਰ ਕਰਨ ਵਾਲੇ ਗੁਰੂ ਨਾਨਕ ਉਸ ਤੋਂ ਮਗਰੋਂ? ਗਜਬ, ਹਨ੍ਹੇਰ....। ਕਈ ਲੋਕ ਹਾਸੋ ਹੀਣੀ ਦਲੀਲ ਪੇਸ਼ ਕਰਦੇ ਹਨ, ‘‘ਜੀ ਇਹ ਸ਼ਕਤੀ ਦੀ ਪ੍ਰਤੀਕ ਹੈ।`` ਵਾਹਿਗੁਰੂ ਨੂੰ ਛੱਡਕੇ ਸਿੱਖ ਕਿਸੇ ਤਾਕਤ ਜਾਂ ਸ਼ਕਤੀ ਦਾ ਪੂਜਣ ਵਾਲਾ ਕਿਉਂ ਬਣੇ? ਨਾਲੇ ਇਹ ਇੱਕ ਪੂਰੇ ਸੂਰੇ ਪ੍ਰਸੰਗ ‘‘ਚੰਡੀ ਦੀ ਵਾਰ`` ਦਾ ਅਟੁੱਟ ਹਿੱਸਾ ਹੈ। ਉਸ ਬਣਤਰ ਵਿਚੋਂ ਵੱਖ ਕਰਕੇ ਮਨ ਮਰਜੀ ਦੇ ਅਰਥ ਕਰਨੇ, ਕਿਵੇਂ ਭੀ ਵਾਜਬ ਨਹੀਂ ਹਨ। ਉਥੇ ਇਹ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਹੈ। ਚਤਰ ਲੇਖਕ ਨੇ ਦੇਵੀ ਭਗਉਤੀ ਲਿਖ ਕੇ ਗੁਰੂ ਨਾਨਕ ਨੂੰ ਧਿਆਉਣਾ ਭੀ ਵਿਚ ਲਿਖ ਦਿੱਤਾ ਤਾਂ ਕਿ ਇਹ ਸਿੱਧ ਕੀਤਾ ਜਾ ਸਕੇ ਕਿ ਅਸੀਂ ਤਾਂ ਗੁਰੂ ਦੀ ਸ਼ੋਭਾ ਹੀ ਕੀਤੀ ਹੈ। ਅੱਗੇ ਜਦੋਂ ‘‘ਸ਼ੁੱਧ ਉਚਾਰਣ`` ਕਰਾਂਗੇ ਇਸ ਪਉੜੀ ਦਾ, ਤਾਂ ਅਰਥ ਆਪਣੇ ਆਪ ਸਪੱਸ਼ਟ ਹੁੰਦੇ ਚਲੇ ਜਾਣਗੇ। ਪਾਠ ਇਉਂ ਹੈ - ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ‘‘ਲਈ`` ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ‘‘ਹੋਈ`` ਸਹਾਇ। ..... ਇਸ ਦੇ ‘‘ਅਸਲੀ ਉਚਾਰਣ`` ਨਾਲ ਅਰਥ ਇਉਂ ਬਣਦੇ ਹਨ - ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਇਹ ਦੇਵੀ ਧਿਆਈ। ਫਿਰ ਗੁਰੂ ਅੰਗਦ, ਅਮਰਦਾਸ ਤੇ ਗੁਰੂ ਰਾਮਦਾਸ ਨੂੰ ‘‘ਹੋਈ`` ਸਹਾਇ। ਸ੍ਰੀ ਹਰਿ ਕ੍ਰਿਸ਼ਨ ‘‘ਧਿਆਈ`` ਐ, ਭਾਵ ਗੁਰੂ ਅੱਠਵੇਂ ਨੇ ਭੀ ਦੇਵੀ ਧਿਆਈ ਹੈ।

ਕਈ ‘‘ਗੁਰਬਾਣੀ ਦੇ ਖੋਜੀ ਵਿਦਵਾਨ`` ਹਵਾਲਾ ਦੇ ਮਾਰਨਗੇ, ਵੇਖੋ ਜੀ ਸਤਿਗੁਰੂ ਜੀ ਨੇ ਇਹ ਸ਼ਬਦ ਜੁ ਲਿਖਿਆ ਹੋਇਆ ਹੈ -

ਭਗਉਤੀ ਭਗਵੰਤ ਭਗਤਿ ਕਾ ਰੰਗੁ।। ਸਗਲ ਤਿਆਗੈ ਦੁਸ਼ਟ ਕਾ ਸੰਗੁ ।।

ਸਾਧ ਸੰਗਿ ਪਾਪਾਂ ਮਲੁ ਖੋਵੈ।। ਤਿਸੁ ਭਗਉਤੀ ਕੀ ਮਤਿ ਉਤਮ ਹੋਵੈ ।।

ਹਰਿ ਕੇ ਚਰਨ ਹਿਰਦੈ ਬਸਾਵੈ।। ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ।। (274)

ਇਸ ਸ਼ਬਦ ਵਿਚ ਸਾਧਾਂ ਦੇ ਇੱਕ ‘‘ਭਗਉਤੀ`` ਫਿਰਕੇ ਦਾ ਜ਼ਿਕਰ ਹੈ, ਸਤਿਗੁਰੂ ਜੀ ਅਸਲੀ ਭਗਉਤੀ ਬਣਨ ਦੇ ਢੰਗ ਸਮਝਾ ਰਹੇ ਹਨ। ਹੇ ਭਾਈ ! ਭਗਉਤੀ ਉਹ ਹੈ, ਜਿਸ ਤੇ ਪਰਮਾਤਮਾ ਦੇ ਗੁਣਾਂ ਦਾ ਰੰਗ ਚੜ੍ਹ ਜਾਵੇ। ਸਾਰੇ ਵਿਕਾਰ ਰੂਪੀ ਦੁਸ਼ਟਾਂ ਦਾ ਸਾਥ ਛੁੱਟ ਜਾਵੇ। ਨੇਕ ਇਨਸਾਨਾਂ ਦੀ ਸੰਗਤ ਕਰੇ, ਸਾਰੇ ਪਾਪ ਕਰਨੇ ਤਿਆਗ ਦੇਵੇ। ਫਿਰ ਉਸ ਇਨਸਾਨ (ਭਗਉਤੀ) ਦੀ ਮੱਤ ਉੱਤਮ ਹੋ ਜਾਂਦੀ ਹੈ। ਉਹ ਮਨੁੱਖ ਰੱਬ ਦੇ ਗੁਣਾਂ ਰੂਪੀ ਚਰਨ ਹਿਰਦੇ ਵਿਚ ਵਸਾ ਕੇ ਰੱਖੇ। ਹੇ ਨਾਨਕ ਉੱਪਰ ਵਰਣਿਤ ਭਗਉਤੀ ਭਗਵੰਤ (ਰੱਬ) ਨੂੰ ਪਾ ਲੈਂਦਾ ਹੈ। ਇਸ ਫਿਰਕੇ ਵਾਲੇ ਭਗਉਤੀ ਸਾਧ ਨੂੰ ਧਿਆਉਣ ਦਾ ਕੋਈ ਮਤਲਬ ਨਹੀਂ ਹੈ। ਅਸਲ ਵਿਚ ਇਹ ਦੁਰਗਾ ਸਤਪਤੀ ਪਾਠ ਹੈ। ਮਹਾਨ ਕੋਸ਼ ਦੇ ਪੰਨਾ 481 ਅਤੇ ਹਿੰਦੂ ਮਿਥਿਹਾਸ ਕੋਸ਼ ਦੇ ਪੰਨਾ 229 ਤੇ ਇਸ ਬਾਰੇ ਮਿਲਦੀ ਜੁਲਦੀ ਜਾਣਕਾਰੀ ਇਉਂ ਲਿਖੀ ਹੈ - ਸਭ ਸੌ ਸਲੋਕਾਂ ਦਾ ਖੰਡ ਕਾਵਿ, ਜਿਸ ਵਿਚ ਮਾਰ ਕੰਡੇਯ ਪੁਰਾਣ ਦੀ ਇੱਕ ਉਪ ਕਥਾ ਦਾ ਵਰਨਣ ਹੈ। ਇਸ ਵਿਚ ਦੁਰਗਾ ਦੀਆਂ ਰਾਖਸ਼ਾਂ ਉੱਤੇ ਹੋਈਆਂ ਜਿੱਤਾਂ ਦਰਸਾਈਆਂ ਗਈਆਂ ਹਨ। ਦੁਰਗਾ ਦੇ ਮੰਦਰਾਂ ਵਿਚ ਇਸ ਦਾ ਹਰ ਰੋਜ਼ ਪਾਠ ਭੀ ਕੀਤਾ ਜਾਂਦਾ ਹੈ। ਇਸ ਨੂੰ ‘‘ਦੇਵੀ ਮਹਾਤਮ`` ਕਹਿੰਦੇ ਹਨ। ਇਸੇ ਦੇ ਸਿਰਲੇਖ ਵਿਚ ਜੋ ਅਰਦਾਸ ਵਿਚ ਨਾਸਮਝੀ ਕਾਰਣ ਪੜ੍ਹੀ ਜਾ ਰਹੀ ਹੈ, ਕੀ ਇਹ ਸਾਫ ਲਿਖਿਆ ਹੋਇਆ ਨਹੀਂ ਹੈ - ‘‘ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ? ਸਾਜਿਸ਼ੀ ਮਨੁੱਖ ਨੇ ਪਿੱਛੇ ਲਿਖ ਦਿੱਤਾ ਪਾਤਿਸ਼ਾਹੀ 10 ਜਦੋਂ ਕਿ ਇਹ ਦਸਮੇ ਪਾਤਿਸ਼ਾਹ ਦੇ ਆਗਮਨ ਤੋਂ ਸੈਂਕੜੇ ਸਾਲ ਪਹਿਲਾਂ ਦੀ ਲਿਖੀ ਲਿਖਤ, ਮੌਜੂਦ ਹੈ। ਵਿੰਗੇ ਟੇਢੇ ਢੰਗ ਵਰਤਕੇ ਗੁਰੂ ਸਾਹਿਬਾਨ ਨੂੰ ਦੇਵੀ ਪੂਜਕ ਸਿੱਧ ਕਰਨ ਦੀ ‘‘ਕਾਮਯਾਬ`` ਕੋਸ਼ਿਸ਼ ਕੀਤੀ ਗਈ ਹੈ। ਜਦੋਂ ਕਿ ਇਸੇ ਰਚਨਾ ਵਿਚ ਸਾਫ ਲਿਖਿਆ ਹੋਇਆ ਹੈ - ‘‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਫੇਰ ਜੋਨ ਨ ਆਇਆ ਜਿਨ ਏਹ ਗਾਇਆ``। ਇੱਕ ਥਾਂ ਇਹ ਭੀ ਲਿਖਿਆ ਹੋਇਆ ਹੈ ‘‘ਲਈ ਭਗਉਤੀ ਦੁਰਗਸਾਹ ਵਰਜਾਗਣ ਭਾਰੀ``। ਭਾਵ ਦੁਰਗਾ ਦੇਵੀ ਨੇ ਮਜਬੂਤ ਤਲਵਾਰ ਹੱਥ ਵਿੱਚ ਫੜ ਲਈ। ਜੇ ਕੋਈ ਭਗਉਤੀ ਦੇ ਅਰਥ ਕਿਰਪਾਨ ਕਰੇ ਤਾਂ ਸਿੱਖ ਕਿਰਪਾਨ ਦੇ ਪੁਜਾਰੀ ਭੀ ਨਹੀਂ ਹਨ। ਕਿਰਪਾਨ ਆਨ ਸ਼ਾਨ ਦੀ ਰਾਖੀ ਲਈ ਦੁਸ਼ਮਣ ਨੂੰ ਭਾਂਜ ਦੇਣ ਵਾਸਤੇ ਹੈ। ਪੂਜਣ ਵਾਸਤੇ ਨਹੀਂ ਹੈ। ਉਹ ਭੀ ਅਰਦਾਸ ਵਿਚ ਵਾਹਿਗੁਰੂ ਤੋਂ ਪਹਿਲਾਂ? ਕਦਾਚਿਤ ਨਹੀਂ। ਹਥਿਆਰਾਂ ਦੀ ਪੂਜਾ ਕਰਨ ਵਾਲੇ ਗੁਲਾਮ ਬਣ ਜਾਂਦੇ ਹਨ। ਹਥਿਆਰ ਵਰਤਣ ਵਾਲੇ ਆਪਣੇ ਹੱਕ ਪ੍ਰਾਪਤ ਕਰ ਲੈਂਦੇ ਹਨ।

ਇਹ ਦੇਵੀ ਪੁੂਜਕ ਲੋਕ ਅਸਲ ਵਿਚ ਔਰਤ ਦੇ ਸਾਥ ਤੋਂ ਵਾਂਝੇ ਹੋਣ ਕਰਕੇ, ਔਰਤ ਦੀ ਮੂਰਤੀ ਪੂਜਾ ਦੇ ਅੰਦਰ ਦੀ ਛਿਪੀ ਹੋਈ ਕਾਮ ਭੁੱਖ ਨੂੰ ਤ੍ਰਿਪਤ ਕਰਨ ਵਾਲੇ ਗਲਤ ਰਾਹ ਪੈ ਗਏ ਹਨ। ਇਸਤਰੀਆਂ ਸਿਆਣੀਆਂ ਭੀ ਮੂਰਖ ਭੀ, ਮੌਜੂਦ ਹਨ। ਬਹਾਦਰ ਔਰਤਾਂ ਅਤੇ ਕਾਇਰ ਔਰਤਾਂ ਸੰਸਾਰ ਵਿਚ ਹਨ। ਇਸੇ ਤਰਾਂ ਮਨੁੱਖਾਂ ਬਾਰੇ ਸਮਝਣਾ ਚਾਹੀਦਾ ਹੈ। ਜੋ ਕਿਰਦਾਰ ਇਸ ਪ੍ਰਸੰਗ ਵਿਚ, ਦੇਵੀ ਦਾ ਬਿਪਰ ਨੇ ਦਰਸਾਇਆ ਹੈ ਉਹ ਅਤੀ ਨਿੰਦਣ ਯੋਗ ਹੈ। ਇਸ ਤਰ੍ਹਾਂ ਦੇ ਕਿਰਦਾਰ ਵਾਲੀ ਕੋਈ ਇਸਤਰੀ ਨਹੀ ਹੋ ਸਕਦੀ। ਇਹ ਬਿਪਰ ਦੀ ਕਪੋਲ ਕਲਪਣਾ ਹੈ। ਗੁਰਸਿੱਖਾਂ ਨੇ ਇਸ ਤੋਂ ਬਚਣਾ ਹੈ -

ਲਖ ਕਾਮਣਿ, ਲਖ ਕਾਮ ਰੂਪ, ਲਖ ਕਾਮਣਿਆਰੀ।। ਸੰਗਲਾਦੀਪਹੁ ਪਦਮਣੀ, ਬਹੁ ਰੂਪਿ ਸੀਗਾਰੀ।।

ਮੋਹਣੀਆਂ ਇੰਦ੍ਰਾਪੁਰੀ, ਅਪਛਰਾ ਸੁਚਾਰੀ।। ਹੂਰਾਂ ਪਰੀਆਂ ਲਖ, ਲਖ ਬਾਹਿਸਤ ਸਵਾਰੀ।।

ਲਖ ਕਉਨਾ ਨਵ ਜੋਬਨੀ, ਲਖ ਕਾਮ ਕਰਾਰੀ।। ਗੁਰਮੁਖਿ ਪੋਹਿ ਨ ਸਕਨੀ, ਸਾਧ ਸੰਗਤ ਭਾਰੀ।।

(ਭਾਈ ਗੁਰਦਾਸ ਵਾਰ 38-2)

ਹੇ ਗੁਰਸਿੱਖੋ ! ਤੁਸੀਂ ਗੁਰੂ ਦੀ ਸਿੱਖਿਆ ਲੈ ਕੇ ਪੂਰੀ ਤਰ੍ਹਾਂ ਸੁਚੇਤ ਹੋ ਜਾਣਾ। ਲੱਖਾਂ ਹੀ ਮਨ ਮੋਹ

ਲੈਣ ਵਾਲੀਆਂ, ਰੂਪ ਦਾ ਜਾਦੂ ਬਖੇਰਨ ਵਾਲੀਆਂ ਤੁਹਾਡੇ ਦੁਆਲੇ ਝੁਰਮਟ ਪਾਉਣ, ਤੁਸੀਂ ਇਮਾਨ ਤੋਂ ਨਹੀਂ ਡੋਲਣਾ। ਆਸਾਮ ਦੇ ਕਾਮ ਰੂਪ ਵਰਗੇ ਲੱਖਾਂ ਅਸਥਾਨ ਹੋ ਸਕਦੇ ਹਨ ਧਰਤੀ ਤੇ, ਤੁਸੀਂ ਅਪਣਾ ਵਿਸ਼ਵਾਸ਼ ਨਹੀਂ ਗੁਆਉਣਾ।
ਕੇਵਲ ਆਪਣੀ ਪਤਨੀ ਪ੍ਰਤੀ ਵਫਾਦਾਰ ਬਣੇ ਰਹਿਣਾ। ਕਿਹਾ ਜਾਂਦਾ ਹੈ ਸ੍ਰੀ ਲੰਕਾ ਦੀਆਂ ਇਸਤਰੀਆਂ ਖਾਸ ਹੀ ਸੁੰਦਰ ਹਨ। ਉਹਨਾਂ ਵਿਚੋਂ ਭੀ ਉੱਤਮ ਦਰਜੇ ਨਾਲ ਸੁੰਦਰਤਾ ਦਾ ਪ੍ਰਗਟਾਵਾ ਕਰ ਸਕਣ ਵਾਲੀਆਂ ਪਦਮਣੀਆਂ ਹੋਣ, ਕਿੰਨੀਆਂ ਭੀ ਰੂਪ ਜਾਂ ਜੋਥਨ ਵਤੀਆਂ ਹੋਣ, ਤੁਸੀਂ ਪਰਾਏ ਰੂਪ ਤੇ ਮਨ ਲੁਭਾਏਮਾਨ ਨਹੀਂ ਹੋਣ ਦੇਣਾ। ਇੰਦਰ ਦੇ ਅਖਾੜੇ ਦੀਆਂ ਮਨ ਮੋਹ ਲੈਣ ਵਾਲੀਆਂ ਅਤੀ ਸੁੰਦਰ ਔਰਤਾਂ ਵੱਲ ਭੀ ਤੁਸੀਂ ਮੰਦੀ ਨਜਰ ਨਾਲ ਨਹੀਂ ਵੇਖਣਾ। ਜਿਵੇਂ ਮੁਸਲਮਾਨ ਹੁੂਰਾਂ (ਅਤੀ ਹੁਸੀਨ) ਕਹਿੰਦੇ ਹਨ। ਜੋ ਬਹਿਸ਼ਤ (ਸਵਰਗ) ਵਿਚ ਇੰਤਜ਼ਾਰ ਕਰ ਰਹੀਆਂ ਹਨ। ਭਾਵੇਂ ਉਹਨਾਂ ਵਰਗੀਆਂ ਰੂਪਵਤੀਆਂ ਮਿਲ ਪੈਣ, ਇਮਾਨ ਤੇ ਸਾਬਤ ਰਹਿਣਾ। ਹਿੰਦੂਆਂ ਦੇ ਸਵਰਗ ਵਿਚਲੀਆਂ ਪਰੀਆਂ ਭੀ ਆ ਕੇ ਮਨ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨ, ਡੋਲਣਾ ਨਹੀ। ਲੱਖਾਂ ਹੀ ਛੱਲ ਕਪਟ ਕਰਕੇ, ਕਾਬੂ ਕਰ ਲੈਣ ਵਾਲੀਆਂ ਮਾਇਆ ਦੀਆਂ ਪੁਤਲੀਆਂ, ਲੱਛਮੀ ਦੇਵੀ ਵਰਗੀਆਂ ਹੋਣ, ਤਾਂ ਭੀ ਸਿਦਕ ਤੇ ਰਹਿਣਾ। ਲੱਖਾਂ ਕਾਮ ਵਸਾਨਾਂਵਾਂ ਵਿਚ ਡੁੱਬੀਆਂ ਭਰ ਜੁਆਨ ਇਸਤਰੀਆਂ ਹੋਣ। ਗੁਰਸਿੱਖ ਨੇ ਆਪਣੇ ਆਪ ਤੇ ਸਦਾ ਕਾਬੂ ਰੱਖਣਾ ਹੈ।

ਹਿੰਦੂ ਮਤ ਦੇ ਪੋਰਾਣਕ ਸਾਹਿਤ ਵਿਚ ਕੋਈ ਇੱਕ ਬੱਝਵਾਂ ਅਸੂਲ ਨਹੀਂ ਲੱਭਦਾ। ਜੇ ਕੋਈ ਲਿਖਾਰੀ ਵਿਸ਼ਨੂੰ ਭਗਤ ਹੈ ਤਾਂ ਉਹ ਵਿਸ਼ਨੂੰ ਦੀ ਸ਼ੋਭਾ ਦੇ ਮਹਿਲ ਉਸਾਰ ਦੇਵੇਗਾ। ਬਾਕੀ ਸਾਰੇ ਦੇਵਤੇ ਦੇਵੀਆਂ ਉਸਦੇ ਪੈਰਾਂ ਵਿਚ ਲਿਆ ਬਿਠਾਵੇਗਾ। ਜੇ ਦੂਜਾ ਕੋਈ ਹਨੂੰਮਾਨ ਬਾਰੇ ਲਿਖਣ ਬੈਠੇਗਾ ਤਾਂ ਸਾਰੇ ਦੇਵਤੇ, ਉਸ ਅੱਗੇ ਨੱਕ ਰਗੜਦੇ, ਸਿੱਧ ਕਰ ਦੇਵੇਗਾ। ਜਦੋਂ ਦਿਲ ਕਰੇ ਦੇਵੀਆਂ ਨੂੰ ਬੇਪੱਤ ਕਰ ਦੇਵੇਗਾ। ਜਦੋਂ ਜੀ ਚਾਹੇ ਉਸੇ ਦੇਵੀ ਨੂੰ ਹਿਮਾਲਾ ਜਿੰਨੀ ਉੱਚੀ ਵਿਖਾਵੇਗਾ। ਬਾਕੀ ਸਾਰੇ ਦੇਵਤੇ ਉਸ ਦੇਵੀ ਦੇ ਚਰਨਾਂ ਵਿਚ ਬੈਠੇ ਦਿੱਸਣਗੇ। ਬ੍ਰਾਹਮਣ ਨੂੰ ਸੰਬੋਧਨ ਇੱਕ ਸ਼ਬਦ ਪੜ੍ਹੋ -

ਮਨਮੁਖ ਵਾਪਾਰੈ ਸਾਰ ਨ ਜਾਣਨੀ, ਬਿਖੁ ਵਿਹਾਝਹਿ ਬਿਖੁ ਸੰਗ੍ਰਹਰਿ ਬਿਖ ਸਿਉ ਧਰਹਿ ਪਿਆਰੁ।।

ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ।।

ਹਰਿ ਸਿਉ ਚਿਤੁ ਨ ਲਾਇਨੀ, ਵਾਦੀ ਧਰਨਿ ਪਿਆਰੁ।।

ਵਾਦਾ ਕੀਆਂ ਕਰਨਿ ਕਹਾਣੀਆਂ ਕੂੜੁ ਬੋਲਿ ਕਰਹਿ ਆਹਾਰੁ।।

ਜਗ ਮਹਿ ਰਾਮ ਨਾਮ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ।।

ਨਾਨਕ ਨਾਮ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ।। (1091)

ਹੇ ਭਾਈ ! ਮਨ ਦੀ ਮੱਤ ਪਿੱਛੇ ਟੁਰਨ ਵਾਲਾ ਇਨਸਾਨ, ਜ਼ਿੰਦਗੀ ਵਿਚ ਨੇਕੀ ਦਾ ਵਾਪਾਰ ਨਹੀਂ ਕਰਦਾ। ਸਾਰੀ ਉਮਰ ਜ਼ਹਿਰ ਵਰਗੇ ਕੰਮ ਕਰਦਾ ਹੈ, ਦੂਜਿਆਂ ਦਾ ਬੁਰਾ ਕਰਦਾ ਹੈ। ਖੁਦ ਜ਼ਹਿਰ ਨਾਲ ਭਰਿਆ ਹੁੰਦਾ ਹੈ, ਚਾਰੇ ਬੰਨੇ ਜ਼ਹਿਰ ਹੀ ਖਿਲਾਰਦਾ ਹੈ। ਇਹ ਜ਼ਹਿਰ ਵਰਗੇ ਔਗੁਣ ਮਨਮੁੱਖ ਨੂੰ ਬਹੁਤ ਪਿਆਰੇ ਲੱਗਦੇ ਹਨ। ਇਹ ਲੋਕ ਪਹਿਰਾਵੇ ਵਲੋਂ ਬੜੇ ਪੜ੍ਹੇ ਲਿਖੇ ਪੰਡਿਤ ਬਣਕੇ ਵਿਖਾਉਂਦੇ ਹਨ। ਕੰਮ ਅਜਿਹੇ ਹਨ ਕਿ ਜਿਵੇਂ ਨਿਰੇ ਮੂਰਖ ਹੋਣ। ਵਾਹਿਗੁਰੂ ਜੀ ਨਾਲ ਇਹਨਾਂ ਨੂੰ ਕੋਈ ਲਾਗਾ ਦੇਗਾ ਨਹੀਂ, ਚੰਗਾ ਅਮਲੀ ਜੀਵਨ ਨਹੀਂ, ਬਸ ਵਾਦ ਵਿਵਾਦ ਕਰਨਾ ਦੂਜੇ ਨੂੰ ਬਹਿਸ ਵਿਚ ਹਰਾ ਦੇਣਾ ਹੀ ਸ਼ਾਨ ਸਮਝਦੇ ਹਨ। ਵਾਦ ਵਿਵਾਦ ਵਾਲੀਆਂ ਨਾ ਮੰਨਣਯੋਗ ਕਹਾਣੀਆਂ ਸੁਣਾਉਂਦੇ ਹਨ। ਫਿਰ ਉਹਨਾਂ ਕੂੜ੍ਹ ਕਹਾਣੀਆਂ ਨੂੰ ਫੋਕੀਆਂ ਦਲੀਲਾਂ ਨਾਲ ਸਿੱਧ ਕਰਨ ਤੇ ਪੂਰਾ ਤਾਣ ਲਾ ਦਿੰਦੇ ਹਨ। ਝੂਠ ਲਿਖਣਾ ਝੂਠ ਬੋਲਣਾ, ਜਿਵੇਂ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਸ ਝੂਠ ਫਰੇਬ ਰਾਹੀਂ ਲੋਕਾਂ ਨੂੰ ਗੁਮਰਾਹ ਕਰਦੇ ਹਨ, ਕੁਰਾਹੇ ਪਾਉਂਦੇ ਹਨ। ਡਰਾ ਧਮਕਾ ਕੇ ਉਹਨਾਂ ਤੋਂ ਧਨ ਪਦਾਰਥ ਪ੍ਰਾਪਤ ਕਰਕੇ, ਪੇਟ ਪੂਰਤੀ ਕਰਦੇ ਹਨ। ਹੇ ਭਾਈ ! ਸੰਸਾਰ ਵਿਚ ਰੱਬ ਦੀ ਯਾਦ ਉਸਦੇ ਗੁਣ ਹੀ ਪਵਿੱਤਰ ਹਨ, ਆਹ ਦੇਵੀਆਂ ਦੇਵਤੇ, ਸਾਰੇ ਮੈਲੇ ਹਨ। ਇਹਨਾਂ ਵਿਚ ਤੂੰ ਖੁਦ ਹੀ ਬੇਅੰਤ ਔਗੁਣ ਦੱਸਦਾ ਰਹਿੰਦਾ ਹੈ। ਫਿਰ ਔਗੁਣਾਂ ਵਾਲਿਆਂ ਦੀ ਪੂਜਾ ਕਿਉਂ ਕਰਨੀ ਹੋਈ? ਤੁਸੀਂ ਬ੍ਰਾਹਮਣ ਲੋਕ, ਸਮਾਜ ਦੇ ਬੜੀ ਦੇਰ ਤੋਂ ਮੁਖੀ ਬਣੇ ਆ ਰਹੇ ਹੋ, ਕੋਈ ਚੰਗੀ ਮੱਤ ਦਿੱਤੀ ਆਪਣੇ ਲੋਕਾਂ ਨੂੰ? ਤੁਸੀਂ ਗੰਦਾ ਜੀਵਨ ਜਿਉਕੇ ਮੰਦੇ ਕੰਮ ਕਰਕੇ ਲੋਕਾਂ ਦੀ ਕਿਰਤ ਡਕਾਰ ਕੇ, ਪੂਰੀ ਤਰਾਂ ਮੈਲ ਨਾਲ ਭਰਕੇ, ਸੰਸਾਰ ਤੋਂ ਵਿਦਾ ਹੁੰਦੇ ਹੋ। ਕਦੀ ਸੋਚਿਆ ਹੈ ਤੁਹਾਡਾ ਜਨਮ ਲੈਣ ਦਾ ਮਕਸਦ ਕੀ ਹੈ? ਆਖਰੀ ਸ਼ਬਦ -

ਇਕਨਾ ਨਾਦ ਨ ਬੇਦ ਨ ਗੀਅ ਰਸੁ, ਰਸੁਕਸ ਨਾ ਜਾਣੰਤ।।

ਇਕਨਾ ਸੁਧਿ ਨ ਬੁਧਿ ਨ ਅਕਲਿਸਰ, ਅਖਰ ਕਾ ਭੇਊ ਨ ਲਹੰਤ।।

ਨਾਨਕ ਸੇ ਨਰ ਅਸਲਿ ਖਰੁ, ਜਿ ਬਿਨੁ ਗੁਣ ਗਰਬੁ ਕਰੰਤਿ।। (1245)

ਬਹੁਤ ਸਾਰੇ ਹੰਕਾਰ ਬਿਰਤੀ ਵਾਲੇ ਲੋਕਾਂ ਦੇ ਪੱਲੇ ਕੋਈ ਗੁਣ ਨਹੀਂ ਹੁੰਦਾ। ਨਾ ਰਾਗ ਦੀ ਸਮਝ ਨਾ ਵਿੱਦਿਆ ਦਾ ਗਿਆਨ, ਨਾ ਨੌ ਰਸਾਂ ਬਾਰੇ, 36 ਪਦਾਰਥਾਂ ਬਾਰੇ ਕੋਈ ਸਮਝ ਨਹੀਂ। ਹੋਰ ਬਹੁਤ ਸਾਰਿਆਂ ਨੂੰ ਸੁੱਧ ਬੁੱਧ ਹੀ ਨਹੀ ਹੈ। ਅਕਲ ਨੇੜੇ ਨਹੀਂ ਫਟਕਣ ਦਿੰਦੇ। ਪੜ੍ਹਾਈ ਦਾ ਮੁਢਲਾ ਗਿਆਨ ਭੀ ਨਹੀਂ ਹੁੰਦਾ। ਬਸ ਪਤੇ ਦੀ ਗੱਲ ਇਹ ਹੈ ਕਿ ਅਜਿਹੇ ਲੋਕ ਹੰਕਾਰੇ ਹੋਏ ਬੜੇ ਹੁੰਦੇ ਹਨ। ਜੋ ਮਨੁੱਖ ਬਿਨਾ ਗੁਣਾਂ ਤੋਂ ਫੁੱਲਿਆ ਆਕੜਿਆ ਫਿਰੇ ਸਮਝ ਲਉ ਉਹ ਅਸਲ ਖੋਤਾ ਹੈ।

ਗੁਰੂ ਪਿਆਰ ਵਾਲੇ ਪਾਠਕ ਜਨੋ ! ਸਤਿਗੁਰੂ ਜੀ ਦੇ ਉਪਦੇਸ਼ ਬਾਣੀ ਨੂੰ ਸਮਝਕੇ ਅਸੀਂ ਨਿਰੰਕਾਰ ਨਾਲ ਸਾਂਝ ਪਾਉਣੀ ਹੈ। ਦੇਵੀਆਂ ਦੇਵਤਿਆਂ ਨਾਲ ਸਿੱਖ ਦਾ ਕੋਈ ਸਰੋਕਾਰ ਨਹੀਂ ਹੈ।

ਇਹ ਦੇਵੀ ਦੇਵਤੇ ਭਰਮਾਂ ਵਿਚ ਪਏ ਸਾਜਿਸ਼ੀ ਲੋਕਾਂ ਦੀ ਕਿਰਤ ਹਨ। ਅਸਲ ਜਿੰਦਗੀ ਵਿਚ ਇਸ ਤਰਾਂ ਨਾਂ ਕਦੀ ਵਾਪਰਿਆ ਹੈ ਨਾ ਵਾਪਰ ਸਕੇਗਾ। ਗੁਰੂ ਫੁਰਮਾਣ ਹੈ -

ਭਰਮੇ ਸੁਰਿ ਨਰ ਦੇਵੀ ਦੇਵਾ।। ਭਰਮੇ ਸਿਧ ਸਾਧਿਕ ਬ੍ਰਹਮੇਵਾ।। (258)

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75