ਸੱਚ ਕੀ ਹੈ ਅਤੇ ਝੂਠ ਕੀ ਹੈ ਇਹ ਤੁਸੀਂ ਆਪੇ ਹੀ ਸੋਚ ਲਓ
ਇਹ ਮੇਰਾ ਕੋਈ ਗੁਰਮਤਿ ਬਾਰੇ ਲੇਖ ਨਹੀਂ ਹੈ ਸਿਰਫ ਪਾਠਕਾਂ ਦੀ ਜਾਣਕਾਰੀ ਲਈ ਇਸ ਨੂੰ ਪਾ ਰਿਹਾ ਹਾਂ ਤਾਂ ਕਿ ਕੋਈ ਅੰਧਵਿਸ਼ਵਾਸ਼ੀ ਅੱਖਾਂ ਮੀਟ ਕੇ ਕਿਸੇ ਦੇ ਮਗਰ ਲੱਗਣ ਤੋਂ ਪਹਿਲਾਂ ਕੋਈ ਸੋਚ ਵਿਚਾਰ ਜਰੂਰ ਕਰ ਲਵੇ ਤਾਂ ਸ਼ਾਇਦ ਕਿਸੇ ਦਾ ਕੋਈ ਭਲਾ ਹੋ ਸਕੇ। ਅੱਜ ਸਵੇਰੇ ਮੈਂ ਕਾਫੀ ਦੇਰ ਬਾਅਦ ਪੰਜਾਬੀ ਦਾ ਇੱਕ ਔਨਲਾਈਨ ਅਖਬਾਰ ਪੜ੍ਹ ਰਿਹਾ ਸੀ ਜਿਸ ਵਿੱਚ ਕਿ ਬਹੁਤ ਸਾਰੇ ਖਾਲਿਸਤਾਨੀ ਵਿਦਵਾਨ ਵਿਚਾਰ ਚਰਚਾ ਕਰਦੇ ਰਹਿੰਦੇ ਹਨ ਅਤੇ ਇੱਕ ਦੂਸਰੇ ਤੇ ਦੂਸ਼ਣ ਵੀ ਲਉਂਦੇ ਰਹਿੰਦੇ ਹਨ। ਉਂਜ ਹੋਰ ਵੀ ਬਹੁਤ ਸਾਰੇ ਕਥਿਤ ਬੁੱਧੀਜੀਵੀ ਉਥੇ ਲਿਖਦੇ ਹਨ। ਇਹ ਸਾਰੇ ਖਾਲਿਸਤਾਨੀ ਭਿੰਡਰਾਂਵਾਲੇ ਸਾਧ ਦੇ ਖਾਸ ਚੇਲੇ ਹੁੰਦੇ ਹਨ। ਇਸੇ ਅਖਬਾਰ ਵਿੱਚ ਯੂਨੀਵਰਸਿਟੀ ਪੜ੍ਹਦੇ ਇੱਕ ਵਿਦਵਾਨ ਦਾ ਲੇਖ ਪੜ੍ਹਿਆ ਸੀ ਜਿਹੜਾ ਕਿ ਮਾਨ ਦਲ ਦੇ ਕਥਿਤ ਜਥੇਦਾਰਾਂ ਦੀ, ਇਹਨਾ ਵਲੋਂ ਸੱਦੇ ਗਏ ਕਥਿਤ ਸਰਬੱਤ ਖਾਲਸਾ ਦੀ ਅਤੇ ਬਗਰਾੜੀ ਮੋਰਚੇ/ਧਰਨੇ ਦੀ ਹਮਾਇਤ ਵਿੱਚ ਸੀ। ਇਹ ਮੋਰਚਾ/ਧਰਨਾ ਅੱਜ 9 ਦਸੰਬਰ 2018 ਨੂੰ ਬੰਦ ਕਰ ਦਿੱਤਾ ਗਿਆ ਹੈ। ਅੱਜ ਦੇ ਸਪੋਕਸਮੈਨ ਵਿੱਚ ਛਪੀ ਖਬਰ ਅਨੁਸਾਰ 6 ਮਹੀਨਿਆਂ ਵਿੱਚ ਇੱਕ ਕਰੋੜ 48 ਲੱਖ ਰੁਪਇਆਂ ਦਾ ਫੰਡ ਆਇਆ ਦੱਸਿਆ ਗਿਆ ਹੈ ਅਤੇ ਖਰਚੇ ਕੱਢ ਕੇ 22 ਲੱਖ ਦੀ ਰਕਮ ਬਚੀ ਦੱਸੀ ਗਈ ਹੈ। ਅੱਜ ਹੀ ਸਵੇਰੇ ਸ: ਕੁਲਦੀਪ ਸਿੰਘ ਦੇ ਟਾਕ ਸ਼ੋਅ ਵਿੱਚ ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਬਲਜੀਤ ਸਿੰਘ ਦਾਦੂਵਾਲ ਦੇ ਅਕਾਉਂਟ ਵਿੱਚ 21 ਕਰੋੜ ਦੇ ਫੰਡ ਜਮਾ ਹੋਣ ਦੀ ਗੱਲ ਕਹੀ ਹੈ। ਅਤੇ ਧਿਆਨ ਸਿੰਘ ਮੰਡ ਦੇ ਆਪਣੇ ਪਿੰਡ ਵਿੱਚ ਜਮੀਨ ਖਰੀਦਣ ਦੀ ਗੱਲ ਕੀਤੀ ਹੈ। ਇਹ ਮੈਂ ਰਿਕਾਰਡ ਨਹੀਂ ਕਰ ਸਕਿਆ ਪਰ ਜੇ ਕਰ ਕਿਤਿਉਂ ਰਿਕਾਰਡਿੰਗ ਮਿਲ ਗਈ ਤਾਂ ਉਹ ਇੱਥੇ ਪਾ ਦਿੱਤੀ ਜਾਵੇਗੀ। ਡਾ: ਢਿੱਲੋਂ ਬਹੁਤੇ ਕਥਿਤ ਵਿਦਵਾਨਾ ਨਾਲੋਂ ਸਿਆਣੇ ਹਨ ਪਰ ਕਈ ਵਾਰੀ ਉਹ ਵੀ ਭਿੰਡਰਾਂਵਾਲੇ ਸਾਧ ਦੀ ਝੂਠੀ ਸਿਫਤ ਕਰ ਜਾਂਦੇ ਹਨ। ਜਦੋਂ ਮੈਂ ਇੰਟਰਨੈੱਟ ਤੇ ਸਰਚ ਕੀਤੀ ਤਾਂ ਹੇਠ ਲਿਖੀ ਜਾਣਕਾਰੀ ਮਿਲੀ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਬਾਕੀ ਅੰਦਾਜਾ ਤੁਸੀਂ ਆਪ ਹੀ ਲਾ ਲਿਓ ਕਿ ਸਚਾਈ ਕੀ ਹੈ। ਇਹ ਕਾਹਲੀ ਵਿੱਚ ਲਿਖਿਆ ਹੈ ਅਤੇ ਕਾਪੀ ਪੇਸਟ ਵੀ ਠੀਕ ਨਹੀਂ ਹੋਇਆ ਪਰ ਇਸ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ। ਤੁਸੀਂ ਉਥੇ ਜਾ ਕੇ ਵੀ ਪੜ੍ਹ ਸਕਦੇ ਹੋ।
ਮੱਖਣ ਸਿੰਘ ਪੁਰੇਵਾਲ,
ਦਸੰਬਰ 09, 2018.
ਨੋਟ:- ਅੱਜ 11 ਦਸੰਬਰ 2018 ਨੂੰ, ਦੋ ਦਿਨਾ ਬਾਅਦ ਇਹ ਪੈਰਾ ਹੋਰ ਐਡ ਕਰ ਰਿਹਾ ਹਾਂ। ਡਾ: ਗੁਰਦਰਸ਼ਨ ਸਿੰਘ ਢਿੱਲੋਂ ਦੀ ਉਹ ਰਿਕਾਰਡਿੰਗ ਯੂ-ਟਿਊਬ ਤੋਂ ਮਿਲ ਗਈ ਸੀ। ਉਸ 21 ਕਰੋੜ ਵਾਲੇ ਕੀਤੇ ਖੁਲਾਸੇ ਦੇ ਹਿੱਸੇ ਨੂੰ ਰਿਕਾਰਡ ਕਰਕੇ ‘ਸਿੱਖ ਮਾਰਗ’ ਤੇ ਪਾ ਰਿਹਾ ਹਾਂ ਤਾਂ ਕਿ ਇਹ ਰਿਕਾਰਡ ਵਿੱਚ ਰਹੇ। ਕਿਉਂਕਿ ਉਹ ਯੂ-ਟਿਊਬ ਵਾਲੀ ਰਿਕਾਰਡਿੰਗ ਕਦੇ ਵੀ ਕਿਸੇ ਦੇ ਦਬਾਅ ਥੱਲੇ ਆ ਕੇ ਹਟਾ ਸਕਦਾ ਹੈ। ਡਾ: ਢਿੱਲੋਂ ਨੇ ਉਸ ਅਖਬਾਰ ਦੇ ਹਵਾਲੇ ਨਾਲ ਹੀ ਕਹੀ ਸੀ ਜਿਹੜੀ ਕਿ ਮੈਂ ਪਹਿਲਾਂ ਹੀ ਕਾਪੀ ਪੇਸਟ ਕਰਕੇ ਪਾਈ ਸੀ। ਉਸ ਵਿੱਚ 20 ਕਰੋੜ ਦੀ ਗੱਲ ਸੀ। ਉਹ ਜਿਹੜਾ ਮੈਂ ਲਿੰਕ ਪਾਇਆ ਸੀ ਕਿਸੇ ਕਾਰਨ ਸ਼ਾਇਦ ਜਾਵਾ ਸਪਰਿਕਟ ਦੇ ਕਾਰਨ ਸਿੱਧਾ ਨਹੀਂ ਖੁਲਦਾ। ਸਰਚ ਕਰੇ ਤੋਂ ਮਿਲ ਜਾਂਦਾ ਹੈ। ਇਹ ਖਬਰ ਹਿੰਦੋਸਤਾਨ ਟਾਈਮਜ਼ ਅਖਬਾਰ ਵਿਚ, ਪੰਜਾਬ ਦੇ ਅਡੀਸ਼ਨ ਵਿੱਚ ਨਵੰਬਰ 14, 2018 ਨੂੰ ਛਪੀ ਸੀ। ਉਸ ਦਾ ਪੰਨਾ ਵੀ ਪਾ ਰਿਹਾ ਹਾਂ ਪਰ ਪੂਰੀ ਤਰ੍ਹਾਂ ਪੜ੍ਹ ਨਹੀਂ ਹੁੰਦਾ ਕਿਉਂਕਿ ਉਸ ਨੂੰ ਠੀਕ ਤਰ੍ਹਾਂ ਪੜ੍ਹਨ ਲਈ ਉਥੇ ਅਕਾਂਉਂਟ ਖੋਲਣਾ ਪੈਂਦਾ ਹੈ। ਭਾਂਵੇਂ ਬਾਦਲ ਅਤੇ ਉਸ ਦੇ ਜਥੇਦਾਰ ਹੋਣ ਅਤੇ ਭਾਂਵੇਂ ਮਾਨ ਅਤੇ ਉਸ ਦੇ ਕਥਿਤ ਜਥੇਦਾਰ ਇਹਨਾ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਇੱਕ ਸਿੱਧੇ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹਨ ਅਤੇ ਦੂਸਰੇ ਅਸਿੱਧੇ ਤੌਰ ਤੇ। ਵਿਦੇਸ਼ਾਂ ਵਿਚਲੇ ਬਹੁਤੇ ਖਾਲਿਸਤਾਨੀ ਮਾਨ ਨਾਲ ਸੰਬੰਧਿਤ ਹਨ ਉਹਨਾ ਬਾਰੇ ਵੀ ਕਿਸੇ ਨੂੰ ਕੋਈ ਬਹੁਤਾ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਉਹਨਾ ਦੀਆਂ ਤਾਰਾਂ ਕਿਥੇ ਜੁੜਦੀਆਂ ਹਨ। ਉਦਾਂ ਉਪਰੋਂ ਉਪਰੋਂ ਉਹ ਹਿੰਦੂ ਸਰਕਾਰ ਕਹਿ ਕੇ ਗਾਲ੍ਹਾਂ ਵੀ ਕੱਢਦੇ ਹਨ। ਇਸ ਲਈ ਇਹਨਾ ਸਾਰਿਆਂ ਤੋਂ ਸਾਵਧਾਨ ਰਹੋ। ਕਿਰਪਾ ਕਰਕੇ ਇਹ ਰਿਕਾਰਡਿੰਗ ਜਰੂਰ ਸੁਣੋਂ।
https://www.pressreader.com/india/hindustantimespatiala/20181114/281500752281049
https://www.youtube.com/watch?v=lRfv04JmUdY

