“ਗੁਰਬਾਣੀ ਲਗੑ-ਮਾਤ੍ਰੀ ਨਿਯਮ”

  • Date: January 16, 2025
  • Writer :ਹਰਜਿੰਦਰ ਸਿੰਘ ਘੜਸਾਣਾ

ਗੁਰਬਾਣੀ ਦਾ ਸ਼ੁੱਧ ਉਚਾਰਣ ਆਪਣੇ ਆਪ ਵਿਚ ਇਕ ਗੰਭੀਰ ਵਿਸ਼ਾ ਹੈ। ਇਹ ਸਾਧਾਰਨ ਗੱਲ ਨਹੀਂ, ਜਿਹਾ ਕਿ ਆਮ ਸੋਚਿਆ ਜਾਂਦਾ ਹੈ। ਗੁਰਬਾਣੀ ਵਿਚ ਹਿੰਦਵੀ ਸਹਸਕ੍ਰਿਤੀ, ਗਾਥਾ, ਅਪਭ੍ਰੰਸ਼, ਰੇਖਤਾ, ਪੰਜਾਬੀ, ਅਤੇ ਲਹਿੰਦੀ ਆਦਿ ਭਾਸ਼ਾ ਦੀ ਵਰਤੋਂ ਕੀਤੀ ਹੈ । ਗੁਰਬਾਣੀ ਦੀ ਲਿਖਾਈ ਨੇਮ-ਬੱਧ ਰੂਪ ਵਿਚ ਕੀਤੀ ਹੋਈ ਹੈ। ਗੁਰਬਾਣੀ ਦੇ ਸ਼ੁਧ ਉਚਾਰਣ ਵਿਚ ਭਾਸ਼ਾਵਾਂ ਦਾ ਬੋਧ ਹੋਣਾ ਅਤੇ ਲਿਖਤ ਦੇ ਲਗ-ਮਾਤ੍ਰੀ ਨੇਮਾਂ ਦਾ ਬੋਧ ਹੋਣਾ ਇਕ ਲਾਜ਼ਮੀ ਲੋੜ ਹੈ। ਇਸ ਸੰਬੰਧੀ ਦਾਸ ਅਕਾਲ ਪੁਰਖ ਜੀ ਦੀ ਬਖ਼ਸ਼ੀ ਮਤ ਦੁਆਰਾ ਆਪ ਨਾਲ ਸਮੇਂ-ਸਮੇਂ ਨਿਮਾਣਾ ਜਿਹਾ ਯਤਨ ਕਰਦਾ ਰਹਿੰਦਾ ਹੈ। ਇਸੇ ਲੜੀ ਤਹਿਤ ਇਸ ਲੇਖ ਵਿਚ ਆਪ ਨਾਲ ਉਹਨਾਂ ਸ਼ਬਦਾਂ ਦੀ ਸਾਂਝ ਪਾਈ ਜਾਵੇਗੀ, ਜੋ ਥੋੜੇ ‘ਕੁ ਲਗ-ਮਾਤ੍ਰੀ ਦੇ ਫਰਕ ਨਾਲ ਆਉਂਦੇ ਹਨ; ਪਰ ਉਹਨਾਂ ਸ਼ਬਦਾਂ ਦਾ ਉਚਾਰਣ ਰਲ-ਗੱਡ ਕਰਕੇ ਕਰ ਦਿਤਾ ਜਾਂਦਾ ਹੈ। ਜਿਸ ਨਾਲ ਅਰਥਾਂ ਵਿਚ ਭਾਰੀ ਫਰਕ ਪੈ ਜਾਂਦਾ ਹੈ।

“ਜਿ”

ਇਹ ਲਫ਼ਜ਼ ਗੁਰਬਾਣੀ ਵਿਚ 324 ਵਾਰ ਆਇਆ ਹੈ।ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ਸੰਬੰਧਵਾਚੀ ਪੜਨਾਂਵ ਇਕਵਚਨ, ਬਹੁਵਚਨ ਹੈ। ਇਸਦਾ ਅਰਥ ਹੈ ‘ਜਿਹੜਾ, ਜਿਹੜੇ। -: “ਤੇਹਾ ਕੋਇ ਨ ਸੁਝਈ ‘ਜਿ’ ਤਿਸੁ ਗੁਣੁ ਕੋਇ ਕਰੇ” (ਜਪੁ ) ਜਿ-{ਸੰਬੰਧਵਾਚੀ ਪੜਨਾਂਵ ਇਕਵਚਨ} ਜਿਹੜਾ। ‘ਜਿ’ ਦਾ ਉਚਾਰਣ ਕਰਦੇ ਸਮੇਂ ਇਸ ਦੀ ਧੁਨੀ ‘ਜੇ’ ਨਾਂ ਬਣੇ। “ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ’ਜਿ’ ਨਾਮਿ ਰਹੇ ਲਿਵ ਲਾਇ” (ਸਿਰੀਰਾਗ 37) ਜਿ-{ਸੰਬੰਧਵਾਚੀ ਪੜਨਾਂਵ ਬਹੁਵਚਨ} ਜਿਹੜੇ।

॥ਜੇ॥

ਇਹ ਲਫ਼ਜ਼ ਗੁਰਬਾਣੀ ਵਿਚ 597 ਵਾਰ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਯੋਜਕ ਹੈ-: “ਸੋਚੈ ਸੋਚਿ ਨ ਹੋਵਈ; ‘ਜੇ’ ਸੋਚੀ ਲਖ ਵਾਰ” (ਜਪੁ ਜੀ) ਜੇ-{ਯੋਜਕ} ਜੇਕਰ, ਜੇ। “ਪੰਖੀ ਹੋਇ ਕੈ ‘ਜੇ’ ਭਵਾ ਸੈ ਅਸਮਾਨੀ ਜਾਉ॥ (ਸਿਰੀਰਾਗ 14) ਜੇ-{ਯੋਜਕ} ਜੇਕਰ, ਜੇ। ਉਚਾਰਣ ਕਰਦੇ ਸਮੇਂ ‘ਜਿ’ ਅਤੇ ‘ਜੇ’ ਦੀ ਧੁਨੀ ਦਾ ਖਿਆਲ ਰਖਣਾ ਚਾਹੀਦਾ ਹੈ।

॥ਅਹੰਕਾਰੀਆ॥

ਗੁਰਬਾਣੀ ਵਿਚ ‘ਅਹੰਕਾਰੀਆ’ ਲਫਜ਼ 6 ਵਾਰ ਆਇਆ ਹੈ। ਆਮ ਤੋਰ ‘ਤੇ ਵੇਖਣ ਵਿਚ ਆਉਂਦਾ ਹੈ ਕਿ ਇਸ ਸ਼ਬਦ ਦਾ ਉਚਾਰਣ ਦਰੁਸੱਤ ਨਹੀਂ ਕੀਤਾ ਜਾਂਦਾ ਹੈ। ਮੇਰੇ ਕਹਿਣ ਦਾ ਭਾਵ ਕਿ ਜਾਂ ਤਾਂ ਇਸ ਸ਼ਬਦ ਨੂੰ ‘ਅਹੰਕਾਰੀਆਂ’ ਜਾਂ ‘ਅਹੰਕਾਰੀਆ’ ਉਚਾਰਣ ਕੀਤਾ ਜਾਂਦਾ ਹੈ। ਪਰ ਇਸ ਸ਼ਬਦ ਦਾ ਉਚਾਰਣ ਬੜਾ ਧਿਆਨ ਮੰਗਦਾ ਹੈ। ਗੁਰਬਾਣੀ ਵਿਆਕਰਣ ਵਿਚ ਇਕ ਨਿਯਮ ਕੰਮ ਕਰਦਾ ਹੈ ਕਿ ਜਿਹੜੇ ਸ਼ਬਦ ‘ਨਾਂਵ ਅਤੇ ‘ਪੜਨਾਂਵ’ ਦੀ ਸ਼੍ਰੇਣੀ ਵਿਚੋਂ ਆਉਂਦੇ ਹਨ। ਜੇਕਰ ਉਹ ਸ਼ਬਦ ਵਿਚੋਂ ਕੋਈ ਲੁਪਤ ਸੰਬੰਧਕ ਨਿਕਲਦਾ ਹੈ ਤਾਂ ਉਹ ਸ਼ਬਦ ਜੇ ਬਹੁਵਚਨ ਹੈ; ਉਸ ਉਪਰ ਬਿੰਦੀ ਦਾ ਪ੍ਰਯੋਗ ਹੋਵੇਗਾ। ਜੇਕਰ ਉਸ ਸ਼ਬਦ ਵਿਚੋਂ ਕੋਈ ਭੀ ਸੰਬੰਧਕ ਨਹੀਂ ਨਿਕਲਦਾ ਤਾਂ ਉਸ ਉਪਰ ਬਿੰਦੀ ਦਾ ਪ੍ਰਯੋਗ ਨਹੀਂ ਹੋਵੇਗਾ; ਭਾਵੇਂ ਉਹ ਸ਼ਬਦ ਬਹੁਵਚਨ ਕਿਉਂ ਨਾਂ ਹੋਵੇ। ਆਉ ਪ੍ਰਮਾਣਾ ਸਹਿਤ ਸਮਝਣ ਦਾ ਯਤਨ ਕਰੀਏ- : “ਅਹੰਕਾਰੁ ਕਰਹਿ ਅਹੰਕਾਰੀਆ’ ਵਿਆਪਿਆ ਮਨ ਕੀ ਮਤਿ” (ਸਿਰੀਰਾਗ 42) ਅਹੰਕਾਰੀਆ-[ਭਾਵ ਵਾਚਕ ਨਾਂਵ ਵਿਸ਼ੇਸ਼ਣ ਇਕਵਚਨ] ਅਹੰਕਾਰੀ। ਕਾਵਿਕ ਤੌਰ ‘ਤੇ ਅਹੰਕਾਰੀ ਤੋਂ ਅਹੰਕਾਰੀਆ ਹੋਇਆ ਹੈ। ਉਚਾਰਣ- ਬਿੰਦੀ ਰਹਿਤ ‘ਅਹੰਕਾਰੀਆ’ “ਹਰਿ ‘ਅਹੰਕਾਰੀਆ’ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ” (90) ਅਹੰਕਾਰੀਆ-{ਭਾਵਵਾਚਕ ਨਾਂਵ ਵਿਸ਼ੇਸ਼ਣ ਸੰਪਰਦਾਨ ਕਾਰਕ ਬਹੁਵਚਨ} ਅਹੰਕਾਰੀ ਮਨੁੱਖਾਂ ਨੂੰ। ਇਸ ਸ਼ਬਦ ਵਿਚੋਂ ‘ਨੂੰ’ ਲੁਪਤ ਸੰਬੰਧਕ ਨਿਕਲਦਾ ਹੈ ਇਸ ਕਰਕੇ ਉਚਾਰਣ ‘ਅਹੰਕਾਰੀਆਂ’ ਹੋਵੇਗਾ। “ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ” (ਸੁਖਮਨੀ 278) ਅਹੰਕਾਰੀਆ-(ਭਾਵ ਵਾਚਕ ਨਾਂਵ ਵਿਸ਼ੇਸ਼ਣ ਬਹੁਵਚਨ) ਅਹੰਕਾਰੀ ਮਨੁੱਖ। ਇਸ ਸ਼ਬਦ ਵਿਚੋਂ ਕੋਈ ਭੀ ਸੰਬੰਧਕੀ ਪਦ ਨਹੀਂ ਨਿਕਲ ਰਿਹਾ ਹੈ ਇਸ ਕਰਕੇ ਇਸ ਸ਼ਬਦ ਦਾ ਉਚਾਰਣ ਬਿੰਦੀ ਰਹਿਤ ਕਰਨਾ ਹੈ। ਇਸ ਸ਼ਬਦ ਉਪਰ ਬਿੰਦੀ ਦਾ ਪ੍ਰਯੋਗ ਕਰਨਾ ਅਸ਼ੁਧ ਹੈ। “ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ‘ਅਹੰਕਾਰੀਆ’ (964) ਅਹੰਕਾਰੀਆ-{ਭਾਵ ਵਾਚਕ ਨਾਂਵ ਵਿਸ਼ੇਸ਼ਣ ਇਕਵਚਨ} ਅਹੰਕਾਰੀ। ਉਚਾਰਣ- ਬਿੰਦੀ ਰਹਿਤ। ਇਸ ਤਰ੍ਹਾਂ ਹੀ ਹੋਰ ਪ੍ਰਮਾਣਾਂ ਵਿਚ ਇਸ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਉਚਾਰਣਾ ਹੈ।

“ਕੇਤਿਆ”

ਗੁਰਬਾਣੀ ਵਿਚ ‘ਕੇਤਿਆ’ ਲਫਜ਼ ਪੰਜ ਵਾਰ ਆਇਆ ਹੈ। ਇਸ ਲਫਜ਼ ਦਾ ਉਚਾਰਣ ਭੀ ਬੜਾ ਧਿਆਨ ਮੰਗਦਾ ਹੈ।ਜਿਵੇਂ ਪਿੱਛੇ ‘ਅਹੰਕਾਰੀਆ’ ਲਫਜ਼ ਦੇ ਨਿਯਮ ਦੀ ਸਾਂਝ ਪਾਈ ਸੀ ਉਸੇ ਤਰ੍ਹਾਂ ਇਥੇ ਭੀ ਉਹੀ ਨਿਯਮ ਕੰਮ ਕਰਦਾ ਹੈ। ਇਕ ਗੱਲ ਦਸਣੀ ਮੁਨਾਸਿਫ ਹੋਵੇਗੀ ਕਿ ਇਹ ਨਿਯਮ ਕਿਸੇ ਭੀ ਭਾਸ਼ਾਈ ਵਿਆਕਰਣ ਤੇ ਲਾਗੂ ਨਹੀਂ ਹੈ। ਕੇਵਲ ਗੁਰਬਾਣੀ ਵਿਆਕਰਣ ਦਾ ਆਪਣਾ ਨਿਯਮ ਹੈ, ਕਿਸੇ ਭੀ ਭਾਸ਼ਾਈ ਵਿਆਕਰਣ ਵਿਚ ਲਿੰਗ ਭੇਦ ਦਾ ਸੰਬੰਧਕ ਨਹੀਂ ਹੁੰਦਾ।ਸੋ ਆਉ ਇਸ ਲਫਜ਼ ਦੇ ਉਚਾਰਣ ਬਾਰੇ ਸਮਝੀਏ- :

“ਕੇਤਿਆ ਗਣਤ ਨਹੀਂ ਵੀਚਾਰੁ” (ਜਪੁ 5)

ਕੇਤਿਆ-{ ਨਾਂਵ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਬਹੁਵਚਨ} ਕਿੰਨੇ ਹੀ ਜੀਵ। ਇਸ ਲਫਜ਼ ਵਿਚੋਂ ਕੋਈ ਭੀ ਸੰਬੰਧਕੀ ਪਦ ਲੁਪਤ ਜਾਂ ਪਰੱਤਖ ਤੌਰ ‘ਤੇ ਨਹੀਂ ਨਿਕਲ ਰਿਹਾ ਹੈ।ਇਸ ਕਰਕੇ ਇਸ ਲਫਜ਼ ਉੱਤੇ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ। ਉਚਾਰਣ- ਕੇਤਿਆ’ ਬਿੰਦੀ ਰਹਿਤ।

“ਕੇਤਿਆ ਦੂਖ ਭੂਖ ਸਦ ਮਾਰ” (ਜਪੁ )

ਕੇਤਿਆ-{ਨਾਂਵ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਬਹੁਵਚਨ ਸੰਪ੍ਰਦਾਨ ਕਾਰਕ} ਕਿੰਨਿਆਂ ਜੀਵਾਂ ਨੂੰ। ਇਥੇ ਇਸ ਲਫਜ਼ ਵਿਚੋਂ ‘ਨੂੰ’ ਲੁਪਤ ਸੰਬੰਧਕ ਨਿਕਲ ਰਿਹਾ ਹੈ ਇਸ ਕਰਕੇ ਇਥੇ ਇਸ ਲਫਜ਼ ਦਾ ਉਚਾਰਣ ‘ਕੇਤਿਆਂ’ ਵਾਂਗ ਕਰਨਾ ਹੈ। ਭਾਵ ਜਪੁ ਬਾਣੀ ਵਿਚ ਇਹ ਲਫਜ਼ ਦੋ ਵਾਰ ਆਇਆ ਇਕ ਵਾਰ ਨਾਸਕਤਾ ਰਹਿਤ ਉਚਾਰਣ ਦੂਜੀ ਵਾਰ ਨਾਸਕੀ ਉਚਾਰਣ ਕਰਨਾ ਹੈ। ਹਰ ਥਾਂ ਨਾਸਕੀ ਉਚਾਰਣਾ ਅਗਿਆਨਤਾ ਹੈ।

“ ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ‘ਕੇਤਿਆ’ ਪਛੁਤਾਨੇ” (ਬਿਹਾਗੜਾ 548)

ਕੇਤਿਆ-{ਨਾਂਵ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਬਹੁਵਚਨ ਅਵਿਐ) ਕਿਨਿਆਂ ਹੀ। ਇਸ ਸ਼ਬਦ ਵਿਚੋਂ ‘ਹੀ’ ਅਵਿਐ ਸੰਬੰਧਕੀ ਪਦ ਨਿਕਲ ਰਿਹਾ ਹੈ ਉਚਾਰਣ-ਬਿੰਦੀ ਸਹਿਤ ‘ਕੇਤਿਆਂ’।

“ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ” (1238)

ਕੇਤਿਆ-{ਨਾਂਵ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਬਹੁਵਚਨ ਸੰਬੰਧ ਕਾਰਕ} ਕਿੰਨੇ ਜੀਵਾਂ ਦੇ। ਇਸ ਪੰਕਤੀ ਵਿਚ ਦੋ ਵਾਰ ਆਇਆ ਲਫਜ਼ ਦਾ ਉਚਾਰਣ ਨਾਸਕੀ ਹੈ। ਕਿਉਂਕਿ ਦੋਨਾਂ ਲਫਜ਼ਾਂ ਦੇ ਅਗੇ ‘ਕੇ’ (ਦੇ) ਸੰਬੰਧਕੀ ਪਦ ਪਰਤੱਖ ਤੌਰ ਤੇ ਮੋਜੂਦ ਹੈ। ਉਚਾਰਣ- ਕੇਤਿਆਂ।

ਆਸ ਹੈ ਗੁਰਬਾਣੀ ਸ਼ੁਧ ਉਚਾਰਣ ਦੇ ਅਭਿਲਾਸ਼ੀ ਉਪਰੋਕਤ ਦਿਤੀ ਵੀਚਾਰ ਨੂੰ ਸਮਝ ਕੇ ਉਚਾਰਣ ਸਮੇਂ ਲਾਗੂ ਕਰਨਗੇ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com

 

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75