ਗੁਰਬਾਣੀ ਵਿਚ ‘ਕੰਨੇ’ ਦੀ ਵਰਤੋਂ

  • Date: January 16, 2025
  • Writer :ਹਰਜਿੰਦਰ ਸਿੰਘ ਘੜਸਾਣਾ

‘ਕੰਨਾ’ ਦੀਰਘ ਮਾਤ੍ਰਾ ਹੈ। ਗੁਰਬਾਣੀ ਵਿਚ ਅਨੁਨਾਸਕੀ ਅੱਖਰਾਂ ‘ਙ, ਞ, ਣ, ਨ, ਮ’ ਨਾਲ ਲੱਗਾ ਹੋਇਆ ‘ਕੰਨੇ’ ਦੀ ਧੁਨੀ ਦਾ ਉਚਾਰਣ ਸਦੈਵ ਬਿੰਦੀ ਸਹਿਤ ਹੁੰਦਾ ਹੈ ਜਿਵੇਂ -:

ਙੰਙਾ, ਵੰਞਾ, ਗੁਣਾ, ਮਾਹ, ਮਨਾ’ ਆਦਿ।

1- ਜਿਹੜੇ ਸ਼ਬਦ ਨਾਂਵ, ਪੜਨਾਂਵ ਬਹੁਵਚਨ ਕੰਨੇ ਸਹਿਤ ਹੋਵਣ ਉਹਨਾਂ ਦਾ ਉਚਾਰਣ ਬਿੰਦੀ ਸਹਿਤ ਹੀ ਹੁੰਦਾ ਹੈ -:

“ਗੁਰਸਿਖਾ ਲਹਦਾ ਭਾਲਿ ਕੈ” (73)

“ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾਂ ਓਹ ਵੇਲਾ ਹਥਿ ਨ ਆਇਆ” (308)

“ਨਾਨਕ ਭਗਤਾ ਸਦਾ ਵਿਗਾਸ” (ਜਪੁ ਜੀ)

“ਚੰਗਿਆਇਆ ਬੁਰਿਆਈਆ ਵਾਚੈ ਧਰਮੁ ਹਦੂਰਿ” (ਜਪੁ ਜੀ)

ਉਪਰੋਕਤ ਪੰਗਤੀਆਂ ਵਿਚ ‘ਗੁਰਸਿਖਾ, ਭਗਤਾ, ਚੰਗਿਆਈਆ, ਬੁਰਿਆਈਆ’ ਆਦਿਕ ਸ਼ਬਦਾ ਦਾ ਉਚਾਰਣ ਅੰਤ ਕੰਨੇ ‘ਤੇ ਬਿੰਦੀ ਸਹਿਤ ਹੋਵੇਗਾ।

ਏਸੇ ਤਰ੍ਹਾਂ ‘ਨਾਂਵ’ ਸ਼ਬਦ -:

ਪੁਤ ਤੋਂ ਪੁਤਾਂ

ਮਿਤ ਤੋਂ ਮਿਤਾਂ

ਸਿਖ ਤੋਂ ਸਿਖਾਂ

ਭਾਈ ਤੋਂ ਭਾਈਆਂ । ਆਦਿ ਬਹੁਵਚਨ ਬਣ ਜਾਂਦੇ ਹਨ।

2- ਕਈ ਸ਼ਬਦ ਨੂੰ ਕਾਵਿਕ ਤੌਰ ‘ਤੇ ਛੰਦਾਬੰਦੀ ਦਾ ਤੋਲ ਪੂਰਾ ਕਰਨ ਲਈ ਕੰਨਾ ਲਾਇਆ ਜਾਂਦਾ ਹੈ ਉਸ ਸ਼ਬਦਾਂ ਤੇ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ -:

“ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ” (918)

“ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ ਤਿਨੑ ਕੀ ਊਤਮ ਬਾਤਾ” (984)

“ਨਾਨਕੁ ਜਾਚੈ ਸੰਤ ਰਵਾਲਾ” (744)

“ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ” (615)

ਉਪਰੋਕਤ ਪੰਗਤੀਆਂ ਵਿਚ ‘ਚਾਲਾ, ਬਾਤਾ, ਰਵਾਲਾ, ਘਾਲਾ’ ਆਦਿ ਸ਼ਬਦ ਇਕਵਚਨ ਇਸਤਰੀ ਲਿੰਗ ਨਾਂਵ ਹਨ ਇਹਨਾਂ ਉਪਰ ਬਿੰਦੀ ਦਾ ਪ੍ਰਯੋਗ ਕਰਨਾ ਅਸ਼ੁਧ ਹੈ। ਅੰਤ ਕੰਨਾ ਕਾਵਿਕ ਤੌਰ ‘ਤੇ ਆਇਆ ਹੈ।

3- ਗੁਰਬਾਣੀ ਵਿਚ ਕਈ ਸ਼ਬਦ ਅੰਤ ‘ਕੰਨਾ’ ਵਾਲੇ ਸੰਬੋਧਨੀ ਆਉਂਦੇ ਹਨ। ਅਜਿਹੇ ਸ਼ਬਦਾਂ ਨੂੰ ਭੀ ਬਿੰਦੀ ਰਹਿਤ ਹੀ ਉਚਾਰਿਆ ਜਾਂਦਾ ਹੈ -:

“ਗੁਰਾ ਇਕ ਦੇਹਿ ਬੁਝਾਈ” (ਜਪੁ ਜੀ)

“ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ” (39)

“ਮਨ ਏਕੁ ਨ ਚੇਤਸਿ ਮੂੜ ਮਨਾ” (12)

ਆਦਿਕ ਪੰਗਤੀਆਂ ਵਿਚ ‘ਗੁਰਾ, ਸਤਿਗੁਰਾ, ਮਨਾ’ ਸ਼ਬਦ ਸੰਬੋਧਨ ਵਾਚੀ ਹਨ ਇਹਨਾਂ ਉਪਰ ਭੀ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ।

4-ਗੁਰਬਾਣੀ ਵਿਚ ਕੁਝ ਸ਼ਬਦ ਐਸੇ ਭੀ ਹਨ ਜਿਹਨਾਂ ਦੇ ਅੰਤ ਕੰਨਾ ਭੂਤਕਾਲ ਅਤੇ ਭਵਿੱਖ ਕਾਲ ਦੀ ਕ੍ਰਿਆ ਦਰਸਾਉਂਦਾ ਹੈ ਜਿਵੇਂ -:

“ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰਿ” (911) ਜਾਇਗਾ-{ਕਿਰਿਆ ਭਵਿਖਤ ਕਾਲ ਪੁਲਿੰਗ ਇਕਵਚਨ ਅਨਪੁਰਖ} ਜਾਵੇਗਾ। “ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ’ (27)

ਪਛਾਣਿਆ-{ਕਿਰਿਆ ਭੂਤਕਾਲ ਅਨ ਪੁਰਖ} ਪਛਾਣ ਲਿਆ ।

5- ਜਿਹੜੇ ਇਸਤਰੀਲਿੰਗ ਸ਼ਬਦ ਸੰਸਕ੍ਰਿਤ ‘ਤੋਂ ਆਏ ਹਨ ਉਹਨਾਂ ਵਿਚੋਂ ਭੀ ਕੁਝ ਸ਼ਬਦਾਂ ਨਾਲ ਕੰਨੇ ਨਾਲ ਗੁਰਬਾਣੀ ਵਿਚ ਆਉਂਦੇ ਹਨ।ਅਜਿਹੇ ਸ਼ਬਦਾਂ ਦਾ ਉਚਾਰਣ ਭੀ ਬਿੰਦੀ ਰਹਿਤ ਹੁੰਦਾ ਹੈ। -:

“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ” (1377)

“ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ” (334)

“ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥ ਗਵਨੁ ਅਤਿ ਭ੍ਰਮਨੁ ਕਰੈ” (1127)

ਆਦਿਕ ਪੰਗਤੀਆਂ ਵਿਚ ‘ਸੁਰਾ, ਬੇਲਾ, ਸਿਖਾ’ ਸ਼ਬਦਾਂ ਉਪਰ ਬਿੰਦੀ ਦਾ ਪ੍ਰਯੋਗ ਨਹੀਂ ਕਰਨਾ।

6- ਗੁਰਬਾਣੀ ਵਿਚ ‘ਇਕੱਠਵਾਚਕ ਨਾਂਵ ‘ ਨਾਲ ਭੀ ਕਿਤੇ-ਕਿਤੇ ਕੰਨੇ ਦੀ ਵਰਤੋਂ ਹੋਈ ਹੈ -:

“ਸਿਧ ਸਭਾ ਕਰਿ ਆਸਣਿ ਬੈਠੇ ‘ਸੰਤ ਸਭਾ’ ਜੈਕਾਰੋ” (938)

“ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ”

‘ਸਿਧ ਸਭਾ, ਗਲਾ’ ਆਦਿ ਇਕੱਠਵਾਚਕ ਨਾਂਵ ਹਨ।

7- ‘ਨਾਂਵ ਅਤੇ ਪੜਨਾਂਵੀਂ ਸ਼ਬਦਾਂ ਵਿਚ ਅੰਤ ਆਏ ਕੰਨੇ ਵਿਚੋਂ ਕਾਰਕੀ ਅਰਥ ਨਿਕਲਦੇ ਹਨ -:

“ਹਉ ਵੇਖਿ ਵੇਖਿ ਗੁਰੂ ਵਿਗਸਿਆ ਸਤਿਗੁਰ ਦੇਹਾ” (726)

ਦੇਹਾ-{ਇਸਤਰੀ ਲਿੰਗ ਨਾਂਵ ਸੰਪਰਦਾਨ ਕਾਰਕ ਇਕਵਚਨ} ਦੇਹੀ ਨੂੰ। “ਹੰਸਾ ਸਰਵਰੁ ਕਾਲੁ ਸਰੀਰ” (325)

ਹੰਸਾ-(ਨਾਂਵ ਸੰਪਰਦਾਨ ਕਾਰਕ) ਹੰਸਾ ਨੂੰ।

“ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ” (23)

ਤਿਨਾ-{ਪੜਨਾਂਵ ਸੰਪਰਦਾਨ ਕਾਰਕ} ਉਹਨਾਂ ਨੂੰ।

“ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ” (920)

ਜਿਨਾ-(ਪੜਨਾਂਵ ਸੰਬੰਧ ਕਾਰਕ) ਜਿਹਨਾਂ ਦੇ।

8-ਪਿਆਰਤਿਮਕ ਸ਼ਬਦਾਂ ਵਿਚ ਭੀ ਅੰਤ ਕੰਨੇ ਦੀ ਵਰਤੋਂ ਹੁੰਦੀ ਹੈ -:

“ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ” (1313)

“ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ” (924)

“ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ” (763)

‘ਰਸੀਅੜਾ, ਜਾਨੀਅੜਾ, ਗੁਰਸਿਖੜਾ, ਅਲੋਇਅੜਾ’ ਆਦਿ।

8- ਮਰਾਠੀ ਬੋਲੀ ਦੇ ਸ਼ਬਦ ਜੋ ਕਿਰਿਆ ਵਾਚੀ ਹੋਣ ਉਹਨਾਂ ਨੂੰ ਭੂਤਕਾਲ ਅਤੇ ਭਵਿੱਖ ਕਾਲ ਦਰਸਾਉਣ ਹਿਤ ਕੰਨੇ ਦੇ ਵਰਤੋਂ ਹੁੰਦੀ ਹੈ -:

“ਨਾਮਾ ਸੁਲਤਾਨੇ ਬਾਧਿਲਾ” (1165)

ਬਾਧਿਲਾ-(ਭੂਤਕਾਲ ਕਿਰਿਆ) ਬੰਨ੍ਹ ਲਿਆ।

“ਜੈਸੇ ਗਾਇ ਕਾ ਬਾਛਾ ਛੂਟਲਾ” (874)

ਛੂਟਲਾ-(ਭੂਤਕਾਲ) ਛੁਟਿਆ।

“ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ” (1329)

ਹੋਇਬਾ-(ਭਵਿਖੱਤ ਕਾਲ ਕਿਰਿਆ)ਹੋਵੇਗਾ।

“ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ” (697)

ਜਾਇਬਾ-(ਕਿਰਿਆ ਭਵਿਖਤ ਕਾਲ) ਜਾਵੇਗਾ।

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

khalsasingh.hs@gmail.com

mob.75976-43748

ਵਿਆਕਰਣਿਕ ਸੁਝਾਉ ਦੀ ਉਡੀਕ ‘ਚ

 

Prayer Cap

Qty: 01

$15
Attar Perfume

Qty: 01

$25
Special T-shirt

Qty: 01

$30
  • Subtotal$70
  • Shipping Charge$05
  • Total$75